11 ਜਨਵਰੀ 1987 ਦਾ ਦਿਨ ਸੀ। ਮਨਦੀਪ ਦੀ ਭੂਆ ਦਾ ਮੁੰਡਾ
ਜਰਨੈਲ ਕਨੇਡਾ ਤੋਂ ਆਪਣੇ ਪਿੰਡ ਈਸੇਵਾਲ ਨਵ ਜਨਮੇਂ ਮੁੰਡੇ ਦੀ ਲੋਹੜੀ ਮਨਾਉਣ
ਪਹੁੰਚਿਆ ਹੋਇਆ ਸੀ। ਮਨਦੀਪ ਵੀ ਆਪਣੇ ਪਰਿਵਾਰ ਸਮੇਤ ਲੋਹੜੀ ਦੇ ਇਸ ਸਮਾਗਮ ਵਿੱਚ
ਪਹੁੰਚਿਆ। ਇਹ ਪਰਿਵਾਰ ਵੀ ਕਦੇ ਦਲੇਰ ਸਿੰਘ ਦੇ ਪਰਿਵਾਰ ਵਾਂਗ ਹੀ ਦੋ ਏਕੜ ਜ਼ਮੀਨ ਦਾ
ਮਾਲਿਕ ਸੀ। ਪਰ ਉਸ ਦੇ ਸਕੀਮੀ ਭਣੋਈਏ ਮਾਸਟਰ ਹਰਮੀਤ ਸਿੰਘ ਨੇ ਵਲ਼ੈਤੀ ਗਾਵਾਂ ਵਾਸਤੇ
ਲੋਨ ਲੈ ਕੇ ਦੋ ਏਕੜ ਜ਼ਮੀਨ ਨੂੰ ਗਾਵਾਂ ਦੇ ਫਾਰਮ ਵਿੱਚ ਬਦਲ ਲਿਆ।ਵਚਾਰ ਪਰਵਾਸੀ
ਮਜ਼ਦੂਰ ਧਾਰਾਂ ਕੱਢਣ ਅਤੇ ਪੱਠੇ ਪਾਉਣ ਲਈ ਰੱਖ ਲਏ। ਪੱਠੇ ਬੀਜਣ ਲਈ ਠੇਕੇ ਤੇ ਹੋਰ
ਜ਼ਮੀਨ ਲੈ ਲਈ। ਸ਼ਹਿਰ ਜਾ ਕੇ ਦੁੱਧ ਪਾਉਣ ਵਾਸਤੇ ਇੱਕ ਟੈਂਪੂ ਲੈ ਲਿਆ। ਉਹ ਦੁੱਧ
ਸਿੱਧਾ ਮਿਲਕ ਪਲਾਂਟ ਨੂੰ ਹੀ ਵੇਚਦੇ। ਉਸਦਾ ਇਹ ਕੰਮ ਅਜਿਹਾ ਚੱਲ ਨਿੱਕਲਿਆ ਕਿ ਉਹ
ਦਿਨਾਂ ਵਿੱਚ ਹੀ ਅਮੀਰ ਹੋਣ ਲੱਗੇ। ਕੋਠੀ ਉਸਾਰ ਲਈ ਤੇ ਫੇਰ ਕਾਰ ਵੀ ਲੈ ਲਈ।
ਉਦੋਂ ਮਾਸਟਰ ਹਰਮੀਤ ਸਿੰਘ ਦੇ ਦੋਨੋ ਮੁੰਡੇ ਜਰਨੈਲ ਤੇ
ਹਰਿੰਦਰ ਕਾਲਜ ਪੜ੍ਹਦੇ ਸਨ। ਏਸ ਹਿੰਮਤ ਦਾਦ ਸਾਰਾ ਉਨ੍ਹਾਂ ਨੂੰ ਇਲਾਕਾ ਦਿੰਦਾ ਸੀ।
ਬੰਨੇ ਚੰਨੇ ਤੋਂ ਗੱਲਾਂ ਸੁਣ ਸੁਣਕੇ, ਸਖਤ ਮਿਹਨਤ ਦਾ ਕਦਰਦਾਨ ਕੈਨੇਡਾ ਤੋਂ ਗਿਆ ਸ:
ਹੁਸ਼ਿਆਰ ਸਿੰਘ ਆਪਣੀ ਬੇਟੀ ਵਰਿੰਦਰ ਦਾ ਰਿਸ਼ਤਾ ਜਰਨੈਲ ਸਿੰਘ ਨਾਲ ਕਰਨ ਲਈ ਤਿਆਰ ਹੋ
ਗਿਆ। ਫੇਰ ਵਿਆਹ ਹੋਇਆ ਅਤੇ ਜਰਨੈਲ ਸਿੰਘ ਕੈਨੇਡਾ ਪਹੁੰਚ ਗਿਆ।
ਹੁਣ ਉਹ ਤਿੰਨ ਸਾਲਾਂ ਬਾਅਦ ਪਹਿਲੀ ਵਾਰ ਆਪਣੇ ਪਲੇਠੇ ਪੁੱਤਰ
ਦੀ ਲੋਹੜੀ ਮਨਾਉਣ ਲਈ ਭਾਰਤ, ਆਪਣੇ ਪਿੰਡ ਆਇਆ ਸੀ। ਅੱਜ ਹਰ ਪਾਸੇ ਗਹਿਮਾ ਗਹਿਮੀ
ਸੀ। ਸਾਰਾ ਕੁੱਝ ਹੀ ਬਾਹਰਲੇ ਮਹੌਲ ਵਿੱਚ ਰੰਗਿਆ ਪਿਆ ਸੀ। ਜਰਨੈਲ ਤਾਂ ਸੂਟਿਡ
ਬੂਟਿਡ ਹੋਇਆ ਕੋਈ ਰਾਜਕੁਮਾਰ ਲੱਗ ਰਿਹਾ ਸੀ। ਤੇ ਉਸਦੀ ਘਰ ਵਾਲੀ ਕੋਈ ਅਸਮਾਨੀ ਪਰੀ।
ਜਿਸ ਦੇ ਉੱਨ ਵਾਲੇ ਕੋਟ ਨੂੰ ਪੇਂਡੂ ਔਰਤਾਂ ਹੱਥ ਲਾ ਲਾ ਵੇਖਦੀਆਂ। ਅਖੰਡ ਪਾਠ ਦਾ
ਭੋਗ ਪੈਣ ਉਪਰੰਤ ਹੁਣ ਉਨਾਂ ਦੇ ਫਾਰਮ ਵਿੱਚ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ
ਅਖਾੜਾ ਲੱਗਣ ਜਾ ਰਿਹਾ ਸੀ। ਕਿੰਨੇ ਹੀ ਪਿੰਡਾਂ ਦੇ ਉਥੇ ਲੋਕ ਗਾਉਣ ਸੁਣਨ ਲਈ ਪੁੱਜੇ
ਹੋਏ ਸਨ।
ਬਚਨ ਕੌਰ ਜੋ ਦਸ ਸਾਲ ਪਹਿਲਾਂ ਇਸ ਘਰ ਤੋਂ ਜਾਣੂ ਸੀ, ਹੁਣ
ਇਹ ਬਿਲਕੁੱਲ ਬਦਲ ਗਿਆ ਸੀ। ਉਸ ਨੇ ਆਪਣੀ ਨਣਦ ਦੇ ਔਖ ਵਾਲੇ ਦਿਨਾਂ ਵਿੱਚ, ਹਰ
ਪੱਖੋਂ ਮੱਦਦ ਕੀਤੀ ਸੀ। ਪਰ ਹੁਣ ਤਾਂ ਉਹ ਪੂਰੇ ਸੈੱਟ ਸਨ। ਕਿਧਰੇ ਕਾਰ, ਬਾਹਰਲੇ
ਢੰਗ ਦੇ ਗੁਸਲਖਾਨੇ, ਗਰਮ ਪਾਣੀ ਲਈ ਗੀਜ਼ਰ, ਟੈਲੀਵੀਯਨ ਅਤੇ ਵੱਡੇ ਲੋਕਾਂ ਨਾਲ
ਵਾਕਫੀਅਤ ਵੀ ਸੀ। ਬਚਨ ਕੌਰ ਨੂੰ ਲੱਗਿਆ ਜਿਵੇਂ ਹੁਣ ਉਹ ਬਹੁਤ ਨੀਵੇਂ ਰਹਿ ਗਏ ਹੋਣ।
ਤੇ ਅੱਜ ਉਨ੍ਹਾਂ ਦੀ ਬਾਂਹ ਫੜਨ ਵਾਲਾ ਵੀ ਕੋਈ ਨਹੀਂ ਸੀ।
ਜ਼ਮੀਨ ਨੇ ਅੱਗੋ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਣਾ ਸੀ। ਜੇ
ਕਿਸੇ ਦਾ ਵਿਅਹ ਹੋ ਵੀ ਜਾਂਦਾ ਤਾਂ ਅਗਲੀ ਪੀੜੀ ਬੇ-ਜ਼ਮੀਨੀ ਹੋਣੀ ਸੀ। ਇਸ ਤਰਾਂ ਤਾਂ
ਦਲੇਰ ਸਿੰਘ ਦੀ ਕੁੱਲ ਦਾ ਅੰਤ ਵੀ ਹੋ ਸਕਦਾ ਹੈ? ਜਾਂ ਫੇਰ ਅਗਲੀ ਪੀੜੀ ਨੂੰ ਦਿਹਾੜੀ
ਦੱਪਾ ਕਰਨਾ ਪਵੇਗਾ। “ਅਖੇ ਕਰ ਲੋ ਦੇਸ਼ ਦੀ ਸੇਵਾ” ਬਚਨ ਕੌਰ ਬੇਚੈਨ ਹੋਈ ਪਤਾ ਨਹੀਂ
ਕੀ ਕੀ ਸੋਚੀ ਜਾ ਰਹੀ ਸੀ।
ਦਲੇਰ ਸਿੰਘ ਦੀ ਪੈਨਸ਼ਨ ਅਤੇ ਤਨਖਾਹ ਨਾਲ ਘਰ ਦਾ ਗੁਜ਼ਾਰਾ ਹੀ
ਮਸਾਂ ਤੁਰਦਾ ਸੀ। ਉਹ ਸੋਚਦੀ ਰਹੀ ਕੀ “ਮੈਂ ਜਰਨੈਲ ਸਿੰਘ ਨੂੰ ਨਾ ਪੁੱਛ ਕੇ ਦੇਖਾਂ
ਜੇ ਮਨਦੀਪ ਨੂੰ ਕਿਸੇ ਤਰੀਕੇ ਕਨੇਡੇ ਲੈ ਜਾਵੇ” ਦਲੇਰ ਸਿੰਘ ਨੇ ਤਾਂ ਅਜਿਹੀ ਗੱਲ
ਆਪਣੇ ਭਾਣਜੇ ਜਾਂ ਭੈਣ ਪਾਸੋਂ ਬਿਲਕੁੱਲ ਨਹੀਂ ਸੀ ਪੁੱਛਣੀ। ਬਚਨ ਕੌਰ ਇਹ ਹਿੰਮਤ ਕਰ
ਸਕਦੀ ਸੀ।
ਮੁਹੰਮਦ ਸਦੀਕ ਅਤੇ ਰਣਜੀਤ ਕੌਰ ਪੰਡਾਲ ਵਿੱਚ ਪਹੁੰਚ ਗਏ।
ਫੇਰ ਅਖਾੜਾ ਵੀ ਲੱਗ ਗਿਆ। ਪ੍ਰਬੰਧ ਦੀ ਹਿਫਾਜਤ ਵਾਸਤੇ ਪੁਲੀਸ ਵੀ ਪੈਸੇ ਦੇ ਕੇ
ਲਿਆਂਦੀ ਗਈ ਸੀ। ਅੱਤਵਾਦ ਦਾ ਜ਼ੋਰ ਹੋਣ ਕਾਰਨ ਹਰ ਪਾਸੇ ਹੀ ਡਰ ਦਾ ਮਹੌਲ ਸੀ।
ਵਰਦੀਆਂ ਵਾਲੇ ਬਹਿਰੇ ਸ਼ਰਾਬ ਤੇ ਮੀਟ ਰਿਸ਼ਤੇਦਾਰਾਂ ਨੂੰ ਵਰਤਾ ਰਹੇ ਸਨ। ਜਰਨੈਲ ਅਤੇ
ਹਰਿੰਦਰ ਸੌ ਸੌ ਦੇ ਨੋਟ, ਗਾਉਣ ਵਾਲਿਆਂ ਦੇ ਸਿਰਾਂ ਤੋਂ ਵਾਰ ਰਹੇ ਸਨ। ਬੱਲੇ ਬੱਲੇ
ਹੋਈ ਪਈ ਸੀ। ਤੇ ਹਰ ਪਾਸੇ ਕਨੇਡਾ ਵਾਲੇ ਕਨੇਡਾ ਵਾਲੇ ਹੁੰਦੀ ਸੀ। ਫੇਰ ਖੂਬ ਭੰਗੜਾ
ਪਿਆ।
ਅੱਜ ਭੰਨਾ ਘੜਤਾਂ ਵਿੱਚ ਡੁੱਬੀ ਬਚਨ ਕੌਰ ਉਦਾਸ ਸੀ। ਉਹ
ਕਮਰੇ ਅੰਦਰ ਜਾ ਪਈ। ਜਰਨੈਲ ਜਦੋਂ ਕੁੱਝ ਚੁੱਕਣ ਕਮਰੇ ਅੰਦਰ ਆਇਆ ਤਾਂ ਬੋਲਿਆ “ਮਾਮੀ
ਤੈਨੂੰ ਨੀ ਖੁਸ਼ੀ ਬਾਹਰ ਸਾਰੇ ਨੱਚਦੇ ਨੇ, ਤੇ ਤੂੰ ਅੰਦਰ ਪਈ ਆਂ?”
ਬੱਸ ਇਹ ਹੀ ਮੌਕਾ ਸੀ ਜਦੋਂ ਬਚਨ ਕੌਰ ਨੇ ਅੱਖਾਂ ਭਰ
ਲਈਆਂ।“ਪੁੱਤ ਸਾਡੀ ਵੀ ਬਾਂਹ ਫੜ ਤੇਰਾ ਮਾਮਾ ਸਾਰੀ ਉਮਰ ਦਾ ਕਮਾਂਉਦਾ ਹੁਣ ਹਾਰ ਗਿਆ
ਹੈ। ਉੱਤੋਂ ਵੇਲ਼ਾ ਕਿੰਨਾ ਖਰਾਬ ਹੈ। ਮਨਦੀਪ ਨੂੰ ਔਖੇ ਹੋ ਕੇ ਅਸੀਂ ਐੱਮ ਤੱਕ ਤਾਂ
ਲੈ ਆਏ। ਹੁਣ ਅੱਗੋਂ ਕਿਹੜਾ ਨੌਕਰੀ ਮਿਲਣੀ ਆ। ਮੇਰਾ ਪੁੱਤ ਜੇ ਤੂੰ ਕਿਸੇ ਤਰੀਕੇ
ਨਾਲ ਉਸ ਨੂੰ ਵੀ ਕਨੇਡਾ ਕੱਢ ਦਵੇਂ…ਮੈਂ ਤੇਰਾ ਅਹਿਸਾਨ ਕਦੇ ਨਾ ਭੁੱਲਾਵਾਂ।ਆਹ
ਚੁੰਨੀ ਪੈਰਾਂ ਤੇ ਧਰਦੀ ਹਾਂ” ਉਹ ਰੋਅ ਪਈ।
ਜਰਨੈਲ ਵੀ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਭਾਵੁਕ ਹੋ ਗਿਆ
“ਮਾਮੀ ਤੂੰ ਤਾਂ ਸਾਡੀ ਮਾਂ ਨਾਲੋਂ ਵੀ ਵੱਧ ਏਂ। ਤੁਸੀਂ ਸਾਡਾ ਕਿੰਨਾ ਕਰਦੇ ਰਹੇ
ਓਂ। ਲੈ ਜਾ ਤੇਰੇ ਨਾਲ ਵਾਹਦਾ ਕੀਤਾ ਤੇਰਾ ਇੱਕ ਮੁੰਡਾ ਕਨੇਡਾ ਲੈ ਕੇ ਜਾਊਂਗਾ।
ਆਪਣੇ ਬੋਲ ਹੋ ਗਏ…। ਆ ਜਾ ਹੁਣ ਬਾਹਰ ਆ ਕੇ ਨੱਚ ਬੀਬੀ ਉਨਾਂ ਨਾਲ”
“ਚੰਗਾ ਪੁੱਤ ਯਾਦ ਰੱਖੀ ਦੇਖੀਂ। ਕਿਤੇ ਮਾਮੀ ਨਾਲ ਕੀਤਾ ਬਚਨ
ਭੁੱਲ ਨਾ ਜਾਵੀਂ” ਫੇਰ ਉਹ ਬਾਹਰ ਆ ਕੇ ਨੱਚਣ ਲੱਗੀ। ਸੋਚਦੀ ਰਹੀ ਜੇ ਕਿਤੇ ਇਹ ਗੱਲ
ਸੱਚ ਹੋ ਜਾਵੇ ਤਾਂ ਮਨਦੀਪ ਦੇ ਮੁੰਡੇ ਦੀ ਲੋਹੜੀ ਵੀ ਉਹ ਏਸੇ ਤਰ੍ਹਾਂ ਹੀ ਮਨਾਵੇਗੀ।
ਫੇਰ ਉਸ ਰਾਤ ਜਰਨੈਲ ਨੇ ਮਨਦੀਪ ਨਾਲ ਕਾਫੀ ਗੱਲਾਂ ਕੀਤੀਆਂ। ਉਸਨੇ ਕਿਹਾ ਕੇ
“ਪੜ੍ਹਦਾ ਰਹਿ ਜਾਂ ਕੋਈ ਚੰਗਾ ਕੋਰਸ ਕਰ ਲੈ। ਮੈਂ ਜਰੂਰ ਕੋਈ ਹੀਲਾ ਵਸੀਲਾ ਕਰੂੰ”
ਜਰਨੈਲ ਨੇ ਇਹ ਵੀ ਕਿਹਾ ਤੁਸੀਂ ਰਘਵੀਰ ਨੂੰ ਏਥੇ ਹੀ ਛੱਡ
ਦਿਉ ਉਹ ਵਰਿੰਦਰ ਦੀ ਮੱਦਦ ਕਰੂ। ਸੌ ਦੇ ਕਰੀਬ ਆਪਾਂ ਗਾਵਾਂ ਹੋਰ ਪਾਉਣੀਆਂ ਨੇ ਤੇ
ਦੁੱਧ ਦਾ ਕੰਮ ਵਧ ਜਾਣਾ ਹੈ। ਉਸ ਇਕੱਲੇ ਲਈ ਸਾਂਭਣਾ ਔਖਾ ਹੈ। ਇਹ ਭਈਆਂ ਤੋਂ ਕਹਿ
ਕੇ ਕੰਮ ਕਰਵਾ ਲਿਆ ਕਰੇਗਾ।
ਦੂਸਰੇ ਦਿਨ ਉਹ ਰਘਵੀਰ ਨੂੰ ਈਸੇਵਾਲ ਛੱਡ ਕੇ ਮੁੜ ਆਏ। ਤੇ
ਮਨਦੀਪ ਇੱਕ ਹੋਰ ਦੋਸਤ ਦੇ ਮੁੰਡੇ ਦੀ ਲੋਹੜੀ ਤੇ ਚਲਾ ਗਿਆ। ਰਾਤ ਨੂੰ ਜਦੋਂ ਉਹ
ਪਾਰਟੀ ਕਰ ਰਹੇ ਸਨ ਤਾਂ ਅੱਤਵਾਦੀਆਂ ਨੇ ਉਸੇ ਪਿੰਡ ਦੇ ਇੱਕ ਕਾਮਰੇਡ ਅਖਵਾਂਉਦੇ
ਬੰਦੇ ਨੂੰ, ਉਸੇ ਦੀ ਮੋਟਰ ਤੇ ਜਾਕੇ ਗੋਲੀਆਂ ਨਾਲ ਭੁੰਨ ਸੁੱਟਿਆ। ਗੋਲੀ ਹੁਣ ਕਦੇ
ਵੀ, ਕਿਸੇ ਨੂੰ ਵੀ ਵੱਜ ਸਕਦੀ ਸੀ। ਘਰੋਂ ਨਿੱਕਲੇ ਬੰਦੇ ਦਾ ਕੋਈ ਇਤਵਾਰ ਹੀ ਨਹੀਂ
ਸੀ ਕਿ ਵਾਪਸ ਆਏਗਾ ਜਾਂ ਨਹੀਂ।
ਮਨਦੀਪ ਜਦੋਂ ਪਿੰਡ ਅਇਆ ਤਾਂ ਖ਼ਬਰ ਆ ਰਹੀ ਸੀ ਕਿ ਅੱਤਵਾਦੀਆਂ
ਨੇ ਲਧਿਆਣੇ ਦੇ ਕਾਂਗਰਸੀ ਨੇਤਾ ਜੋਗਿੰਦਰ ਪਾਲ ਪਾਂਡੇ ਨੂੰ ਗੋਲੀਆਂ ਨਾਲ ਭੁੰਨ
ਦਿੱਤਾ ਹੈ। ਮਨਦੀਪ ਨੂੰ ਏਨਾਂ ਹੀ ਦਿਨਾਂ ਵਿੱਚ ਦੋ ਹੋਰ ਵਿਆਹ ਆਏ। ਇੱਕ ਉਸਦੀ ਭੂਆ
ਦੀ ਕੁੜੀ ਦਾ ਤੇ ਇੱਕ ਦੋਸਤ ਦਾ। ਪਰ ਇਹ ਵਿਆਹ ਜਿਵੇਂ ਕੋਈ ਸ਼ੋਕ ਸਮਾਗਮ ਹੋਣ। ਪੰਜਾਬ
ਦੀਆਂ ਖੁਸ਼ੀਆਂ ਨੂੰ ਕਿਸੇ ਜ਼ਹਿਰੀਲੇ ਨਾਗ ਨੇ ਵਲੇਵਾਂ ਮਾਰ ਲਿਆ ਸੀ।
ਵਿਆਹਾਂ ਵਿੱਚ ਢੋਲ ਢਮੱਕੇ, ਮੀਟ ਸ਼ਰਾਬ ਨਾਚ ਗਾਣੇ ਤੇ
ਪਾਬੰਦੀ ਸੀ। ਲੋਕ ਲਾਊਡ ਸਪੀਕਰ ਜਾਂ ਬੈਂਡ ਵਾਜੇ ਦੀ ਆਵਾਜ਼ ਸੁਣਨ ਨੂੰ ਤਰਸਣ ਲੱਗੇ।
ਪੰਜਾਬ ਦੀ ਨੌਜਵਾਨ ਪੀੜੀ ਘੋਰ ਉਦਾਸੀ ਦਾ ਸ਼ਿਕਾਰ ਹੋ ਰਹੀ ਸੀ। ਬਦਲਾਖੋਰੀ,
ਸਮੱਗਲਿੰਗ, ਨਜ਼ਾਇਜ਼ ਕਬਜ਼ੇ ਤੇ ਕਤਲੋ ਗਾਰਤ ਲਗਾਤਾਰ ਵੱਧ ਰਹੇ ਸਨ।
ਬਦਲਾਖੋਰੀ ਦਾ ਹੀ ਸਿੱਟਾ ਸੀ, ਕਿ ਇੱਕ ਰਾਜਨੀਤਕ ਲੀਡਰ ਜੋ
ਵੋਟਾਂ ਵਿੱਚ ਹਾਰ ਗਿਆ ਸੀ ਹੁਣ ਕੁੱਝ ਖਤਰਨਾਕ ਅੱਤਵਾਦੀਆਂ ਨੂੰ ਵਾਰਦਾਤ ਤੋਂ ਬਾਅਦ
ਆਪਣੇ ਘਰ ੱਿਵਚ ਪਨਾਹ ਵੀ ਦਿੰਦਾ ਤਾਂ ਕਿ ਉਨ੍ਹਾਂ ਤੋਂ ਕੋਈ ਕੰਮ ਕਰਵਾ ਸਕੇ।
ਇਨ੍ਹਾਂ ਅਖੌਤੀ ਖਾੜਕੂਆਂ ਨੇ ਸਾਰੇ ਇਲਾਕੇ ਵਿੱਚ ਹੀ ਤਰਥੱਲ ਮਚਾਇਆ ਹੋਇਆ ਸੀ।
ਇਨ੍ਹਾਂ ਵਿੱਚ ਇੱਕ ਉਹ ਮੁੰਡਾ ਵੀ ਸੀ ਜੋ ਪਹਿਲੀ ਵਾਰ ਮਨਦੀਪ ਨਾਲ ਹੀ ਅਮ੍ਰਿਤਸਰ
ਗਿਆ ਸੀ ਅਤੇ ਹੁਣ ਆਪਣੀ ਜਥੇਬੰਦੀ ਦਾ ਏਰੀਆ ਕਮਾਂਡਰ ਬਣ ਚੁੱਕਾ ਸੀ।
ਇਹ 15 ਮਾਰਚ ਦਾ ਦਿਨ ਸੀ ਜਿਸ ਦਿਨ ਇਨ੍ਹਾਂ ਅੱਤਵਾਦੀਆਂ ਇੱਕ ਸਿਆਸੀ ਲੀਡਰ ਦੇ
ਇਸ਼ਾਰੇ ਤੇ ਅਕਾਲੀ ਐੱਮ ਐੱਲ ਏ ਅਮਰਜੀਤ ਸਿੰਘ ਦਾ ਕਤਲ ਕਰ ਦਿੱਤਾ। ਤੇ ਇਸ ਕਤਲ ਨੂੰ
ਧਾਰਮਿਕ ਰੰਗਤ ਦੇ ਦਿੱਤੀ ਗਈ ‘ਅਖੇ ਕਤਲ ਤਾਂ ਕੀਤਾ ਹੈ ਕਿ ਉਸ ਨੇ ਘਰੇ ਗੁਰੂ ਗਰੰਥ
ਸਾਹਿਬ ਵੀ ਰੱਖਿਆ ਹੋਇਆ ਸੀ ਤੇ ਘਰੇ ਸ਼ਰਾਬ ਵੀ ਰੱਖਦਾ ਸੀ’ ਇਹ ਅਜਿਹਾ ਵੇਲਾ ਸੀ
ਜਦੋਂ ਮਨੁੱਖ ਬੇਵੱਸ ਹੋਇਆ ਸਿਰਫ ਦੰਦ ਹੀ ਕਰੀਚ ਸਕਦਾ ਸੀ ਪਰ ਕਰ ਕੁੱਝ ਨਹੀਂ ਸਕਦਾ।
ਬਾਕੀ ਲੋਕਾਂ ਵਾਂਗ ਏਹੋ ਹਾਲ ਮਨਦੀਪ ਦਾ ਵੀ ਸੀ।
22 ਮਾਰਚ ਨੂੰ ਮਨਦੀਪ ਦੇ ਖਾਸ ਦੋਸਤ ਦਾ ਵਿਆਹ ਸੀ। ਬਹਿਲੋਲ
ਪੁਰੀਏ ਬੰਬ ਦੀ ਇਸ ਇਲਾਕੇ ਵਿੱਚ ਅਜੇ ਵੀ ਪੂਰੀ ਦਹਿਸ਼ਤ ਸੀ। ਜਿਸ ਦਾ ਨਾਂ ਤਾਂ
ਬਲਵਿੰਦਰ ਸੀ, ਪਰ ਗੁੱਸੇ ਖੋਰ ਹੋਣ ਕਰਕੇ ਘਰਦੇ ਉਸ ਨੂੰ ਬੰਬ ਕਹਿੰਦੇ ਸਨ। ਇਹ
ਗੁਰਜੀਤ ਦੋ ਦੋ ਸਾਲ ਪਿੱਛੇ ਪੜ੍ਹਦਾ ਸੀ ਤੇ ਉਸੇ ਯੂਨੀਅਨ ਦਾ ਮੈਂਬਰ ਸੀ ।ਬਾਅਦ
ਵਿੱਚ ਕਿਸੇ ਕਾਰਨ ਇਹ ਖਾੜਕੂਆਂ ਵਿੱਚ ਜਾ ਰਲਿਆ। ਤੇ ਅੱਜ ਕੱਲ ਆਪ ਨੂੰ ਕਮਾਂਡੋ
ਫੋਰਸ ਦਾ ਜਰਨੈਲ ਅਖਵਾਂਉਂਦਾ ਸੀ। ਉਹ ਮੋਟਰ ਸਾਈਕਲ ਤੇ ਲੱਤ ਲਾਈਂ ਸੜਕ ਦੇ ਵਿਚਕਾਰ
ਖੜਾ ਸੀ। ਤੇ ਉਸਦੇ ਨਾਲ ਇੱਕ ਹੋਰ ਮੁੰਡਾ ਸੀ। ਉਸ ਨੇ ਵਿਆਹ ਵਾਲੇ ਗੁਰਜੀਤ ਨੂੰ ਹੀ
ਘੇਰ ਲਿਆ ਤੇ ਕਿਹਾ “ਮੈਨੂੰ ਪਛਾਣਦਾ ਏਂ? ਬੰਬ ਦਾ ਨਾਂ ਸੁਣਿਆ ਹੈ? ਸਿੰਘ ਹਾਂ”
ਸਾਡੇ ਕੋਲ ਸਟੇਨਗੱਨਾਂ ਨੇ ਉਨ੍ਹਾਂ ਨੇ ਭੂਰਿਆਂ ਦੀਆਂ
ਬੁੱਕਲਾਂ ਖੋਹਲ ਕੇ ਹਥਿਆਰ ਵਿਖਾਏ। ਆਪਣੀ ਮੋਟਰ ਦਾ ਰਸਤਾ ਦੱਸ ਅਸੀਂ ਰੋਟੀ ਖਾਣੀ
ਹੈ। ਜਾਣ ਸਾਰ ਘਰੋਂ ਤੂੰ ਰੋਟੀ ਭੇਜਣੀ ਹੈ। ਨਾਲੇ ਸੁਣ ਇੱਕ ਬੋਤਲ ਵਿਸਕੀ ਦੀ ਵੀ
ਭੇਜ ਦਈਂ। ਊਂ ਸਾਲੀ ਰਾਤ ਨੂੰ ਨੀਂਦ ਕਿੱਥੇ ਆਂਉਦੀ ਹੈ। ਮੋਟਰ ਤੇ ਮੰਜਾ ਬਿਸਤਰਾ
ਤਾਂ ਹੋਊ ਹੀ? ਜੇ ਨਾ ਹੋਇਆ ਤਾਂ ਪ੍ਰਬੰਧ ਕਰਨਾ ਹੈ। ਬਾਬਿਆਂ ਨੇ ਰਾਤ ਤੇਰੀ ਹੀ
ਮੋਟਰ ਤੇ ਕੱਟਣੀ ਹੈ ਤੇ ਤੜਕੇ ਚਲੇ ਜਾਣਾ ਹੈ। ਸਮਝ ਗਿਆ ਨਾਂ” ਗੁਰਜੀਤ ਜੋ ਥਰ ਥਰ
ਕੰਬ ਰਿਹਾ ਸੀ ਹਾਂ ਜੀ ਹੀ ਕਰਦਾ ਰਿਹਾ।
ਉਹ ਜਾਣਦਾ ਸੀ ਕਿ ਏਹ ਲੋਕ ਕੁੱਝ ਵੀ ਕਰ ਸਕਦੇ ਨੇ। ਪਰ ਹੁਣ
ਹੋਰ ਚਾਰਾ ਵੀ ਕੋਈ ਨਹੀਂ ਸੀ। ਤੇ ਉੱਪਰੋਂ ਪੁਲੀਸ ਦਾ ਵੀ ਡਰ ਸੀ। ਉਸ ਰਾਤ ਗੁਰਜੀਤ
ਦੀ ਸੁਤਾ ਮੋਟਰ ਤੇ ਹੀ ਰਹੀ। ਵਾਰ ਵਾਰ ਗੋਲੀਆਂ ਚੱਲਣ ਦੇ ਭੁਲੇਖਾ ਪੈਂਦੇ ਰਹੇ।
ਟੱਬਰ ਨੇ ਬਾਬਿਆਂ ਦੀਆਂ ਲੋੜਾ ਪਹਿਲ ਦੇ ਅਧਾਰ ਤੇ ਪੂਰੀਆਂ ਕਰ ਦਿੱਤੀਆਂ ਤੇ ਉਹ
ਬਰਾਤ ਚੜ੍ਹਨ ਤੋਂ ਪਹਿਲਾਂ ਮੂੰਹ ਹਨੇਰੇ ਹੀ ਤੁਰਦੇ ਬਣੇ।
ਏਹੋ ਖਾੜਕੂ ਬੰਬ ਗੁਰਜੀਤ ਦੀ ਭੈਣ ਦੇ ਵਿਆਹ ਵੇਲੇ ਵੀ ਆ
ਟਪਕਿਆ ਸੀ। ਉਦੋਂ ਇਸ ਨੇ ਸ਼ਰਾਬ ਪੀਣ ਵਾਲਿਆਂ ਨੂੰ ਸੋਧ ਦੇਣ ਦੀ ਧਮਕੀ ਦਿੱਤੀ ਸੀ
ਅਤੇ ਮੀਟ ਵਾਲੇ ਪਤੀਲੇ ਡੁਲਵਾ ਦਿੱਤੇ ਸਨ। ਪਰ ਅੱਜ ਖੁਦ ਸ਼ਰਾਬ ਮੰਗ ਰਿਹਾ ਸੀ।
ਖਾੜਕੂ ਲਹਿਰ ਵਿੱਚ ਨਿਘਾਰ ਦਿਨੋ ਦਿਨ ਵਧ ਰਿਹਾ ਸੀ। ਪੰਜਾਬ ਦੇ ਲੋਕ ਪੁਲ਼ੀਸ ਦੇ ਨਾਲ
ਨਾਲ ਖਾੜਕੂਵਾਦ ਤੋਂ ਵੀ ਤੰਗ ਪੈ ਚੁੱਕੇ ਸਨ।
ਉੱਧਰ ਅੱਜ ਐਮ ਐੱਲ ਏ ਅਮਰਜੀਤ ਸਿੰਘ ਦਾ ਭੋਗ ਸੀ। ਮੁੱਖ
ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਗਵਰਨਰ ਰੇਅ ਵੀ ਪਹੁੰਚ ਰਹੇ ਸਨ। ਸੂਹੀਆ ਪੁਲੀਸ
ਦਾ ਜ਼ਾਲ ਸਾਰੇ ਇਲਾਕੇ ਵਿੱਚ ਵਿਛਾਇਆ ਗਿਆ ਸੀ। ਜੇ ਕਿਤੇ ਖਾੜਕੂਆਂ ਦਾ ਮੋਟਰ ਤੇ ਰਾਤ
ਕੱਟਣਾ ਪਤਾ ਲੱਗ ਜਾਂਦਾ ਤਾਂ ਵਿਆਹ ਤਾਂ ਇੱਕ ਪਾਸੇ ਰਿਹਾ ਸਾਰੇ ਟੱਬਰ ਦਾ ਮਾਸ
ਜੰਬੂਰਾਂ ਨਾਲ ਨੋਚਿਆ ਜਾਣਾ ਸੀ। ਇਹ ਮਹੌਲ ਮਨਦੀਪ ਨਾਲ ਵੀ ਖਹਿ ਖਹਿ ਕੇ ਲੰਘ ਰਿਹਾ
ਸੀ। ਉਹ ਆਪਣੇ ਜ਼ਜ਼ਬਾਤ ਕਵਿਤਾਵਾਂ ਕਹਾਣੀਆਂ ਵਿੱਚ ਲਿਖ ਕੇ ਕਿਸੇ ਸਭਾ ਵਿੱਚ ਸੁਣਾ
ਆਂਉਦਾ। ਪਰ ਹੁਣ ਤਾਂ ਖਾੜਕੂਵਾਦ ਦੇ ਖਿਲਾਫ ਲਿਖਣ ਵਾਲਿਆਂ ਨੂੰ ਵੀ ਮਾਰਿਆ ਜਾਣ ਲੱਗ
ਪਿਆ ਸੀ। ਆਪਣੇ ਲਈ ਹੱਕਾਂ ਦੀ ਮੰਗ ਕਰਨ ਵਾਲੇ ਕਿਵੇਂ ਹੁਣ ਦੂਜਿਆਂ ਦੇ ਹੱਕਾਂ ਨੂੰ
ਰੌਂਦ ਰਹੇ ਸਨ। ਕਿਵੇਂ ਮੀਡੀਆਂ ਤੇ ਲੇਖਕਾਂ ਦੇ ਗਲ਼ ਗੂਠਾ ਦਿੱਤਾ ਜਾ ਰਿਹਾ ਸੀ।
ਮਨਦੀਪ ਸੋਚਦਾ ‘ਅਜੇ ਰਾਜ ਭਾਗ ਤੋਂ ਬਗੈਰ ਹੀ ਲੋਕਾਂ ਦੀਆਂ
ਨੱਕ ਨਾਲ ਲਕੀਰਾਂ ਕਢਵਾਈਆਂ ਪਈਆਂ ਨੇ ਜੇ ਰਾਜ ਆ ਗਿਆ ਫੇਰ ਕੀ ਬਣੂ?’ ਪਰ ਮਨਦੀਪ
ਨੂੰ ਪਤਾ ਸੀ ਕੇ ਜੇ ਇਹ ਲਹਿਰ ਸਰਕਾਰ ਦੀ ਬਜਾਏ, ਆਮ ਲੋਕਾਂ ਦਾ ਆਮ ਲੋਕਾਂ ਦੇ
ਖਿਲਾਫ ਹੋ ਗਈ ਤਾਂ ਯਕੀਨਨ ਇਸਦੀ ਮੌਤ ਹੋ ਜਾਵੇਗੀ। ਕੋਈ ਵੀ ਲਹਿਰ ਲੋਕਾਂ ਦੇ
ਸਹਿਯੋਗ ਤੋਂ ਬਿਨਾਂ ਚੱਲ ਨਹੀਂ ਸਕਦੀ।
ਮਨਦੀਪ ਨੇ ਅਪਣੀ ਇੱਕ ਨਵੀਂ ਲਿਖੀ ਕਹਾਣੀ ਸਾਹਿਤ ਸਭਾ ਵਿੱਚ
ਪੜ੍ਹਨ ਜਾਣਾ ਸੀ। ਉਸੇ ਦਿਨ ਨਾਮਵਰ ਫਿਲਮੀ ਕਲਾਕਾਰ ਸੁਨੀਲ ਦੱਤ, ਮਹਾਂ ਸ਼ਾਂਤੀ ਪਦ
ਯਾਤਰਾ ਤਹਿਤ ਇੱਕ ਵੱਡਾ ਖਤਰਾ ਮੁੱਲ ਲੈਕੇ ਦੋਰਾਹਾ ਸ਼ਹਿਰ ਵਿੱਚ ਲੰਘਣ ਵਾਲਾ ਸੀ। ਉਸ
ਦੇ ਨਾਲ ਉਸ ਦੀ ਬੇਟੀ ਪ੍ਰਿਆ ਦੱਤ ਵੀ ਸੀ। ਇਹ ਪੈਦਲ ਯਾਤਰਾ ਉਨ੍ਹਾਂ ਮੁੰਬਈ ਤੋਂ
ਸ਼ੁਰੂ ਕੀਤੀ ਸੀ ਜੋ ਅਮ੍ਰਿਤਸਰ ਜਾ ਕੇ ਸਮਾਪਤ ਹੋਣੀ ਸੀ। ਮਨਦੀਪ ਆਪਣੇ ਦੋਸਤ ਕ੍ਰਿਸ਼ਨ
ਕੌਸ਼ਲ ਨਾਲ ਉਥੇ ਵੀ ਪੁੱਜ ਗਿਆ। ਉਸ ਨੂੰ ਸੁਨੀਲ ਦੱਤ ਨਾਲ ਹੱਥ ਮਿਲਾਉਣ ਅਤੇ ਉਸਦਾ
ਭਾਸ਼ਨ ਸੁਣਨ ਦਾ ਮੌਕਾ ਵੀ ਮਿਲ ਗਿਆ। ਉਹ ਬੜੀ ਸੋਹਣੀ ਪਾਕਿਸਤਾਨੀ ਸਟਾਈਲ ਦੀ ਪੰਜਾਬੀ
ਵਿੱਚ ਬੋਲਿਆ।
ਉਸ ਕਲਾਕਾਰ ਜਿਸ ਦੀਆਂ ਮਨਦੀਪ ਨੇ ਅਨੇਕਾਂ ਫਿਲਮਾਂ ਵੇਖੀਆਂ
ਸਨ। ਅੱਜ ਉਸ ਨੂੰ ਅੱਖਾਂ ਸਾਹਮਣੇ ਵੇਖ ਕੇ ਕਿੰਨਾ ਚੰਗਾ ਲੱਗਿਆ ਸੀ। ਇਹ ਕਲਾਕਾਰ
ਪੰਜਾਬ ਦੀ ਸ਼ਾਂਤੀ ਲਈ ਹੀ ਤਾਂ ਇਹ ਖਤਰਾ ਮੁੱਲ ਲੈ ਰਿਹਾ ਸੀ। ਕਲਾ ਉੱਥੇ ਹੀ ਪਨਪ
ਸਕਦੀ ਹੈ ਜਿੱਥੇ ਸ਼ਾਂਤ ਮਹੌਲ ਹੋਵੇ। ਪਰ ਪੰਜਾਬ ਵਿੱਚ ਤਾਂ ਕੋਹਰਾਮ ਮੱਚਿਆ ਹੋਇਆ
ਸੀ। ਗੋਲੀਆਂ, ਲਾਸ਼ਾ, ਬੰਬ ਧਮਾਕੇ ਬੱਸ ਏਹੋ ਲਫਜ਼ ਗੂੰਜਦੇ ਰਹਿੰਦੇ ਸਨ।
12 ਮਈ 1987 ਦਾ ਦਿਨ ਸੀ। ਦਲੇਰ ਸਿੰਘ ਨੇ ਬੱਚਿਆਂ ਦੀ
ਜੋਰਦਾਰ ਮੰਗ ਤੇ ਉਨ੍ਹਾਂ ਨੂੰ ਬਲੈਕ ਐਂਡ ਵਾਈਟ ਟੈਕਸਲਾ ਟੈਲੀਵੀਯਨ ਲੈ ਦਿੱਤਾ।
ਮਨਦੀਪ ਨੂੰ ਵੀ ਇਸਦਾ ਬਹੁਤ ਚਾਅ ਸੀ ਕਿ ਘੱਟੋ ਘੱਟ ਮਨਪਸੰਦ ਪ੍ਰੋਗਾਮ ਦੇਖਣ ਹੁਣ
ਕਿਸੇ ਹੋਰ ਦੇ ਘਰ ਨਹੀਂ ਜਾਣਾ ਪਿਆ ਕਰੂ। ਦਰਅਸਲ ਪੰਜਾਬ ਦੇ ਮਹੌਲ ਨੇ ਵੀ ਲੋਕਾਂ
ਨੂੰ ਆਪਣੇ ਘਰਾਂ ਤੱਕ ਸੀਮਿਤ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ।
ਇਹ ਘਟਨਾਵਾਂ ਵੀ ਬਹੁਤ ਵਾਪਰਦੀਆਂ ਸਨ, ਕਿ ਅਣਪਛਾਤੇ ਬੰਦੇ
ਟੈਲੀਵੀਯਨ ਦੇਖਦੇ ਲੋਕਾਂ ਤੇ ਗੋਲੀਆਂ ਦੀ ਵਾਛੜ ਕਰ ਜਾਂਦੇ। ਨਾਲੇ ਇਹ ਵੀ ਪਤਾ ਨਹੀਂ
ਸੀ ਲੱਗਦਾ ਕਿ ਕਦੋਂ ਕੋਈ ਦਹਿਸਤਗਰਦ ਦਰਸ਼ਕ ਬਣ ਕੇ ਹੀ ਕਿਸੇ ਦੇ ਘਰ ਆ ਵੜੇ। ਬਚਨ
ਕੌਰ ਵੀ ਖੁਸ਼ ਸੀ ਕਿ ਰਸੋਈ ਦੇ ਸਾਹਮਣੇ ਵਾਲੇ ਕਮਰੇ ਵਿੱਚ ਲੱਗੇ ਟੀ ਵੀ ਨੂੰ ਦੇਖ,
ਉਸ ਦਾ ਵੀ ਟਾਇਮ ਲੰਘ ਜਿਆ ਕਰੂ। ਇਸੇ ਦਿਨ ਟੈਲੀਵੀਯਨ ਉੱਪਰ ਉਨ੍ਹਾਂ ਪਹਿਲੀ ਖ਼ਬਰ
ਦੇਖੀ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਮਹੌਲ ਨੂੰ ਆਧਾਰ ਬਣਾ ਕੇ ਬਰਨਾਲਾ ਸਰਕਾਰ
ਭੰਗ ਕਰ ਦਿੱਤੀ ਹੈ। ਪੰਜਾਬ ਵਿੱਚ ਫੇਰ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ। ਮਨਦੀਪ
ਨੂੰ ਟੀ ਵੀ ਦੇ ਰੁਝੇਵੇਂ ਨੇ ਹੁਣ ਘਰ ਬੈਠਣ ਲਈ ਮਜ਼ਬੂਰ ਕਰ ਦਿੱਤਾ। ਉਹ ਸਾਹਿਤਕ
ਸਮਾਗਮਾਂ ਤੇ ਜਾਂਦਾ ਪਰ ਸ਼ਾਮ ਨੂੰ ਘਰ ਮੁੜ ਆਂਉਦਾ।
ਫੇਰ ਇੱਕ ਦਿਨ ਖਬਰ ਆਈ ਕਿ ਚੌਧਰੀ ਚਰਨ ਸਿੰਘ ਦੀ ਮੌਤ ਹੋ ਗਈ
ਜੋ, ਹਰਿਆਣੇ ਦੀ ਸਿਆਸਤ ਵਿੱਚੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪੁੱਜੇ ਸਨ। 31 ਮਈ
ਨੂੰ ਪ੍ਰਸਿੱਧ ਪਾਕਿਸਤਾਨੀ ਲੇਖਕ ਖਵਾਜ਼ਾ ਅਹਿਮਦ ਅਵਾਸ ਦੀ ਮੌਤ ਹੋ ਗਈ। ਦੁਨੀਆਂ ਦਾ
ਮੇਲਾ ਵਿਛੜ ਰਿਹਾ ਸੀ। ਪਰ ਫੇਰ ਇਨਸਾਨ ਫੇਰ ਵੀ ਕਿਉਂ ਕੁੱਕੜਾਂ ਵਾਂਗ ਲੜ ਰਹੇ ਸਨ।
15 ਜੁਲਾਈ ਵਾਲੇ ਦਿਨ ਇਕੱਲੀ ਦਿੱਲੀ ਵਿੱਚ ਹੀ 27 ਕਤਲ ਹੋਏ। ਤੇ ਸੱਤ ਜੁਲਾਈ ਨੂੰ
ਲਾਲੜੂ ਬੱਸ ਵਿੱਚੋਂ ਕੱਢ ਕੇ ਇੱਕੋ ਫਿਰਕੇ ਦੇ 42 ਲੋਕਾਂ ਨੂੰ ਮੌਤ ਦੇ ਘਾਟ ਉਤਾਰ
ਦਿੱਤਾ ਗਿਆ।
ਇਸ ਦੇ ਰੋਸ ਵਿੱਚ ਦੂਸਰੇ ਹੀ ਦਿਨ ਸਾਰੀਆਂ ਪਾਰਟੀਆਂ ਨੇ ਰਲ਼
ਕੇ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ। ਪਰ ਕਾਤਲਾਂ ਦੇ ਕਲੇਜੇ ਕਿੱਥੇ ਪਸੀਜਦੇ ਸਨ।
ਇਸੇ ਦਿਨ ਫਤਿਆਬਾਦ ਤੋਂ ਸਿਰਸਾ ਜਾ ਰਹੀ ਬੱਸ ਵਿੱਚੋਂ ਕੱਢ ਕੇ ਚਾਲੀ ਹੋਰ ਲੋਕ ਮਾਰ
ਦਿੱਤੇ ਗਏ। ਪੂਰਾ ਦੇਸ਼ ਹੀ ਸਿੱਖਾਂ ਖਿਲਾਫ ਭੜਕ ਉੱਠਿਆ। ਕਈ ਥਾਵਾਂ ਤੇ ਦੰਗੇ ਵੀ
ਸ਼ੁਰੂ ਹੋ ਗਏ। ਤੇ ਇਨ੍ਹਾਂ ਦੰਗਿਆਂ ਵਿੱਚ ਪੰਜਾਹ ਦੇ ਕਰੀਬ ਲੋਕ ਮਾਰੇ ਗਏ।
ਮਨਦੀਪ ਕੋਲ ਹੁਣ ਜੇ ਕੋਈ ਮਨ ਨੂੰ ਸਕੂਨ ਦੇਣ ਵਾਲੀ ਚੀਜ਼ ਸੀ
ਉਹ ਸੀ ਸਾਹਿਤ ਜਾਂ ਫੇਰ ਸੰਗੀਤ। ਉਹ ਸਵੇਰੇ ਉੱਠ ਕੇ ਆਲ ਇੰਡੀਆ ਰੇਡੀਉ ਤੋਂ
ਫਰਮਾਇਸ਼ੀ ਪ੍ਰੋਗਰਾਮ ਸੁਣ ਲੈਂਦਾ। ਜਾਂ ਸ਼ਾਮ ਨੂੰ ਟੀ ਵੀ ਦੇਖ ਲੈਂਦਾ ਤੇ ਦਿਨੇ ਕੋਈ
ਚੰਗੀ ਕਿਤਾਬ ਪੜ੍ਹ ਲੈਂਦਾ।
ਅਕਾਲ ਤਖਤ ਅਜਿਹੇ ਸਮੇਂ ਆਪਣਾ ਕੋਈ ਰੋਲ ਨਿਭਾਉਣ ਵਿੱਚ ਅੱਗੇ
ਨਹੀਂ ਸੀ ਆਇਆ। ਉਸ ਨੇ ਅਜਿਹਾ ਕੋਈ ਹੁਕਮਨਾਮਾ ਜਾਰੀ ਨਾ ਕੀਤਾ ਜੋ ਏਨਾਂ ਬੇਲਗਾਮ
ਹੋਈਆਂ ਜਥੇਬੰਦੀਆਂ ਨੂੰ ਠੱਲ ਪਾ ਸਕੇ। ਅਗਰ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਦੇ
ਜਥੇਦਾਰ ਦਰਬਾਰ ਸਾਹਿਬ ਨੂੰ ਅੱਤਵਾਦੀਆਂ ਦੀ ਢਾਲ ਬਣਨ ਹੀ ਨਾ ਦਿੰਦੇ ਤਾਂ ਸਥਿਤੀ
ਏਥੋਂ ਤੱਕ ਪਹੁੰਚਣੀ ਹੀ ਨਹੀਂ ਸੀ। ਪਰ ਇਹ ਜਥੇਦਾਰ ਜਾਂ ਪ੍ਰਧਾਨ ਵੀ ਸਿਆਸੀ ਲੋਕਾਂ
ਦੀਆਂ ਕਠਪੁਤਲੀਆਂ ਸਨ। ਸਿੰਘ ਸਾਹਿਬ ਪ੍ਰੋ: ਦਰਸ਼ਣ ਸਿੰਘ ਜੋ ਸਿਆਣੇ ਤੇ ਹਾਜ਼ਰ ਜਵਾਬ
ਜਥੇਦਾਰ ਸਮਝੇ ਜਾਂਦੇ ਸਨ, 18 ਨਵੰਬਰ ਨੂੰ ਉਹ ਵੀ ਆਪਣੇ ਆਪ ਨੂੰ ਬੇਵਸ ਸਮਝਦੇ ਹੋਏ,
ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਵੱਖ ਹੋ ਗਏ। ਪੰਜਾਬ ਦੀ ਗੰਧਲ ਚੁੱਕੀ ਸਿਆਸਤ
ਵਿੱਚ ਹਰ ਪਾਸੇ ਹੀ ਹਨੇਰਾ ਸੀ।
ਵਕਤ ਭਾਵੇਂ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ, ਪਰ ਸਮਾਂ
ਕਦੋਂ ਰੁਕਦਾ ਹੈ? ਪਰ ਪੰਜਾਬ ਦੀ ਨੌਜਵਾਨ ਪੀੜੀ ਲਈ ਮਾਨਸਿਕ ਤੌਰ ਤੇ ਜਿਵੇਂ ਸਮਾਂ
ਰੁਕ ਗਿਆ ਸੀ। ਨੌਜਵਾਨ ਤਬਕਾ ਜੋ ਅੱਤਵਾਦ ਜਾਂ ਪੁਲਿਸ ਤਸ਼ੱਦਤ ਦੇ ਪੁੜਾਂ ਹੇਠ
ਪਿਸਣੋਂ ਬਚ ਗਿਆ ਨਿਰਾਸ਼ਤਾ ਦੇ ਇਸ ਦੌਰ ਵਿੱਚ ਨਸ਼ਿਆਂ ਦੀ ਡੂੰਘੀ ਖਾਈ ਵਿੱਚ ਗਰਕਣ
ਲੱਗਾ। ਮਨਦੀਪ ਵਰਗੇ ਮੁੰਡਿਆਂ ਨੂੰ ਸ਼ਰਾਬ ਪੀਣਾਂ ਜਿਵੇਂ ਚੰਗ ਲੱਗਣ ਲੱਗ ਪਿਆ।
ਨਿਰਾਸ਼ਤਾ ਦੇ ਇਸ ਆਲਮ ਵਿੱਚ ਹੋਰ ਕਰਨ ਲਈ ਹੀ ਕੁੱਝ ਨਹੀਂ ਸੀ। ਮਨਦੀਪ ਵੀ ਜਿੱਥੇ
ਕਿਤੇ ਪੀਣ ਦਾ ਬਹਾਨਾ ਮਿਲਦਾ ਪੀ ਲੈਂਦਾ।
ਉਸਦੇ ਇੱਕ ਦੋਸਤ ਡੱਬੂ ਦੇ ਵੱਡੇ ਭਰਾ ਗੋਗੋ ਦਾ ਵਿਆਹ ਸੀ।
ਉੱਥੇ ਉਹ ਦੋ ਦਿਨ ਪੀਂਦਾ ਰਿਹਾ। ਬਠਿੰਡੇ ਕੋਲ ਬਰਾਤ ਗਈ ਸੀ। ਪਰ ਹਾਲਾਤ ਤਾਂ ਸਾਰੇ
ਪੰਜਾਬ ਦੇ ਹੀ ਇੱਕੋ ਜਿਹੇ ਸਨ। ਏਸੇ ਵਿਆਹ ਤੇ ਡੱਬੂ ਨੇ ਨਸ਼ੇ ਦੀ ਲੋਰ ਵਿੱਚ ਦੱਸਿਆ
ਕਿ ਜੋ ਲਾਲੜੂ ਬੱਸ ਕਾਂਡ ਹੋਇਆ ਸੀ। ਉਸ ਦਾ ਮੁੱਖ ਸਰਗਣਾ ਡਾ: ਮਹਿਤੋਂ ਕੋਈ ਹੋਰ
ਨਹੀਂ ਸੀ ਸਗੋਂ ਆਪਣਾ ਹੀ ਦੋਸਤ ਸੋਨੀ ਸੀ।
ਉਹ ਹੀ ਸੋਨੀ ਜਿਸ ਦੇ ਨਿੱਕੇ ਹੁੰਦੇ ਦੇ ਮਾਂ ਬਾਪ ਮਰ ਗਏ
ਸਨ। ਫੇਰ ਕਦੇ ਉਹ ਜੁੱਤੀਆਂ ਗੰਢਦਾ ਰਿਹਾ ਤੇ ਕਦੀ ਰਿਕਸ਼ਾ ਚਲਾਂਉਂਦਾ ਰਿਹਾ। ਫੇਰ
ਕਿਸੇ ਧਾਰਮਿਕ ਜਥੇ ਨਾਲ ਰਲ਼ ਕੇ ਗਾਉਣ ਲੱਗਿਆ। ਨਹਿੰਗਾਂ ਵਾਲਾ ਬਾਣਾ ਪਹਿਨਣ ਲੱਗਿਆ।
ਤੇ ਫੇਰ ਪਤਾ ਨਹੀਂ ਕਿਵੇਂ ਖਾੜਕੂਆਂ ਦੇ ਧੱਕੇ ਚੜ੍ਹ ਗਿਆ। ਡੱਬੂ ਨੇ ਇਹ ਵੀ ਦੱਸਿਆ
ਕਿ ਵਾਰਦਾਤ ਕਰਨ ਤੋਂ ਬਾਅਦ ਉਹ ਮੇਰੇ ਘਰ ਰਾਤ ਕੱਟਣ ਆਇਆ ਸੀ। ਉਸ ਕੋਲ ਸਟੇਨ ਗੱਨ
ਤੇ ਨੋਟਾਂ ਦਾ ਭਰਿਆ ਹੋਇਆ ਬੈਗ ਵੀ ਸੀ। ਭਰਾਵਾਂ ਉਹ ਹੁਣ ਕਿਸੇ ਰਾਤ ਤੇਰੇ ਕੋਲ ਵੀ
ਆ ਸਕਦਾ ਹੈ।
ਮਨਦੀਪ ਤਾਂ ਹੁਣ ਬਹੁਤ ਡਰ ਗਿਆ ਸੀ। ਉਸ ਰਾਤ ਸੁਪਨੇ ਵਿੱਚ
ਪੁਲਿਸ ਵਾਲੇ ਉਸ ਨੂੰ ਆਪਣੇ ਪਿਉ ਦਲੇਰ ਸਿੰਘ ਦੀ ਦਾੜੀ ਪੁੱਟਦੇ, ਤੇ ਮਾਂ ਨੂੰ
ਬੇਇੱਜਤ ਕਰਦੇ ਦਿਸਦੇ ਰਹੇ। ਉਸ ਨੂੰ ਆਪਣੇ ਤੋਂ ਨਿੱਕਿਆਂ ਦੀਆਂ ਲਾਸ਼ਾਂ ਵੀ ਚਿੱਠੇ
ਕੱਪੜਿਆਂ ਨਾਲ ਢਕੀਆਂ ਦਿਖਦੀਆਂ ਰਹੀਆਂ। ਫੇਰ ਇੱਕ ਦਿਨ ਇੱਕ ਹੋਰ ਦੋਸਤ ਬਿੱਟੂ ਨੇ ਆ
ਕੇ ਦੱਸਿਆ ਕਿ ਸੋਨੀ ਮਹਿਤੋਂ ਦੀ ਡਾਇਰੀ ਵਿੱਚੋਂ ਡੱਬੂ ਦਾ ਨੰਬਰ ਮਿਲਣ ਕਰਕੇ ਪੁਲਿਸ
ਉਨ੍ਹਾਂ ਨੂੰ ਘਰੋਂ ਚੁੱਕ ਕੇ ਲੈ ਗਈ ਹੈ ਤੇ ਇਹ ਵੀ ਅਖਵਾ ਲਿਆ ਕਿ ਮਹਿਤੋਂ ਉਨ੍ਹਾਂ
ਕੋਲ ਰਾਤ ਕੱਟ ਕਟ ਕੇ ਜਾਂਦਾ ਸੀ। ਪੁਲਿਸ ਨੇ ਅੰਨਾਂ ਤਸ਼ੱਦਤ ਕਰਕੇ ਦੋਨਾਂ ਭਰਾਂਵਾਂ
ਦੇ ਚੱਡੇ ਪਾੜ ਸੁੱਟੇ। ਨਵ ਵਿਆਹੀ ਕੁੜੀ ਨੂੰ ਸ਼ਰੇਆਮ ਨੰਗੀ ਕਰਕੇ ਬੇਇੱਜ਼ਤ ਕੀਤਾ ਗਿਆ
ਸੀ।
ਉਸ ਨੇ ਇਹ ਵੀ ਦੱਸਿਆ ਕਿ ਮਸਾਂ ਕਿਸੇ ਵੱਡੇ ਲੀਡਰ ਨੇ ਵਿੱਚ
ਪੈ ਕੇ ਉਨ੍ਹਾਂ ਦੀ ਜ਼ਮਾਨਤ ਤਾਂ ਕਰਵਾ ਦਿੱਤੀ ਹੈ। ਪਰ ਉਹ ਤੁਰ ਫਿਰ ਨਹੀਂ ਸਕਦੇ।
ਪੁਲੀਸ ਤਾਂ ਮੁਕਾਬਲਾਂ ਬਾਣਾਉਣ ਲੈ ਉਨ੍ਹਾਂ ਨੂੰ ਲੈ ਚੱਲੀ ਸੀ ਪਰ ਉਹ ਲੀਡਰ ਮੌਕੇ
ਸਿਰ ਪਹੁੰਚ ਗਿਆ। ਮਹਿਤੋਂ ਦੀ ਡਾਇਰੀ ਵਿੱਚੋਂ ਤਾਂ ਮਨਦੀਪ ਦਾ ਨੰਬਰ ਵੀ ਨਿੱਕਲ
ਸਕਦਾ ਸੀ ਅਜੇ ਪਿਛਲੇ ਸਾਲ ਹੀ ਤਾਂ ਉਹ ਉਸ ਕੋਲ ਦੋ ਰਾਤਾਂ ਰਹਿ ਕੇ ਗਿਆ ਸੀ। ਜਦੋਂ
ਉਸ ਨੇ ਮੋਟਰ ਵਾਲੀ ਖੂਹੀ ਵਿੱਚ ਉੱਤਰ ਕੇ ਜਿਊਂਦੇ ਸੱਪ ਨੂੰ ਹੀ ਜਾ ਫੜਿਆ ਸੀ ਤੇ
ਸਾਰੇ ਹੈਰਾਨ ਕਰ ਦਿੱਤੇ ਸਨ। ਉਦੋਂ ਮਨਦੀਪ ਕੀ ਪਤਾ ਸੀ ਕਿ ਉਹ ਤਾਂ ਆਪ ਇੱਕ ਖਤਰਨਾਕ
ਨਾਗ ਹੈ। ਹੁਣ ਉਹ ਡਰ ਨਾਲ ਕੰਬ ਰਿਹਾ ਸੀ।
ਉਸ ਰਾਤ ਉਸ ਨੇ ਸ਼ਰਾਬ ਪੀ ਕੇ ਬਚਨ ਕੌਰ ਦੇ ਪੈਰ ਫੜੇ ਕੇ
ਕਿਹਾ “ਮਾਂ ਜਰਨੈਲ ਵੀਰੇ ਨੂੰ ਕਹਿ, ਮੈਨੂੰ ਏਥੋਂ ਕਿਵੇਂ ਵੀ ਕੱਢ ਲਵੇ। ਨਹੀਂ ਤਾਂ
ਤੁਸੀਂ ਬਹੁਤ ਪਛਤਾਉਂਗੇ। ਰੋਅ ਰਿਹਾ ਸੀ”
ਫੇਰ ਉਸੇ ਰਾਤ ਪਿੰਡ ਵਿੱਚ ਸਰਪੰਚ ਦਾ ਭਤੀਜ਼ਾ ਜ਼ਿਆਦਾ ਸ਼ਰਾਬ
ਪੀਣ ਨਾਲ ਮਰ ਗਿਆ। ਜਿਸ ਨੇ ਸੱਤ ਸਾਲ ਪਹਿਲਾਂ ਹੀ ਮਾਸਟਰੀ ਦੀ ਡਿਗਰੀ ਕੀਤੀ ਸੀ ਤੇ
ਕਿਤੇ ਵੀ ਸੈੱਟ ਨਾ ਹੋਣ ਕਾਰਨ ਸ਼ਰਾਬ ਦਾ ਆਸਰਾ ਲੈਣ ਲੱਗਿਆ ਸੀ। ਆਖਿਰ ਸ਼ਰਾਬ ਹੀ ਉਸ
ਨੂੰ ਕੁੱਝ ਕੁ ਸਾਲਾਂ ਵਿੱਚ ਪੀ ਗਈ।
ਮਨਦੀਪ ਨੂੰ ਵੀ ਆਪਣੀ ਹੋਣੀ ਸਾਹਮਣੇ ਦਿਖਾਈ ਦੇ ਰਹੀ ਸੀ। ਤੇ
ਬਚਨ ਕੌਰ ਨੂੰ ਵੀ ਆਪਣੇ ਪੁੱਤ ਦਾ ਅੰਤ ਦਿਖਾਈ ਦੇਣ ਲੱਗਿਆ। ਉਸ ਨੇ ਕਿਹਾ ਹੁਣ ਤਾਂ
ਹਰ ਹੀਲੇ ਜਰਨੈਲ ਨੂੰ ਮਨਾਉਣਾ ਹੀ ਪਵੇਗਾ ਭਾਵੇ ਕੁੱਝ ਵੀ ਹੋ ਜਾਵੇ।
|