WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 38

ਸਮੁੰਦਰ ਮੰਥਨ (PDF, 568KB)    


ਬੋਰਡ ਦੇ ਪੇਪਰ ਹੋਣ ਕਾਰਨ ਮਾਸਟਰ ਕੁੱਝ ਜ਼ਿਆਦਾ ਹੀ ਡਰਾਵਾ ਦਿੰਦੇ ਸਨ। ਇੰਗਲਿਸ਼ ਵਾਲੇ ਅਧਿਆਪਕ ਜਿਸ ਨੂੰ ਸਾਰੇ ਪੰਡਿਤ ਜੀ ਕਹਿੰਦੇ ਸਨ, ਪਿਛਲੇ ਛੇ ਮਹੀਨਿਆਂ ਤੋਂ ਜੋਰ ਸ਼ੋਰ ਨਾਲ ਟਿਊਸ਼ਨ ਪੜ੍ਹਾ ਰਹੇ ਸਨ। ਪੰਡਿਤ ਕਿਸ਼ੋਰੀ ਲਾਲ ਨੇ ਬੱਚਿਆਂ ਲਈ ਕਿੰਨੇ ਹੀ ਗੈੱਸ ਪੇਪਰ ਅਤੇ ਗਾਈਡਾਂ ਵੀ ਲਿਖਾ ਛੱਡੀਆਂ ਸਨ। ਉਨ੍ਹਾਂ ਦੀ ਰੀਸ ਬਾਕੀ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਆਪੋ ਆਪਣੇ ਸਬਜੈਕਟਾਂ ਦੀਆਂ ਐੱਮ ਬੀ ਡੀਜ਼ ਲੈਣ ਲਈ ਕਿਹਾ। ਮਾਸਟਰਾਂ ਲਈ ਪ੍ਰਸ਼ਨ ਉੱਤਰ ਏਨਾਂ ‘ਚੋਂ ਬਣੇ ਬਣਾਏ ਮਿਲਣ ਕਰਕੇ ਕੰਮ ਅਸਾਨ ਹੋ ਜਾਂਦਾ। ਪਰ ਸਿਆਣੇ ਅਤੇ ਸੁਲਝੇ ਹੋਏ ਲੋਕ ਪੜ੍ਹਾਈ ਦੇ ਇਸ ਤਰੀਕੇ ਨੂੰ ਬਹੁਤਾ ਸਤਿਕਾਰ ਦੀ ਨਜ਼ਰ ਨਾਲ ਨਹੀਂ ਸਨ ਦੇਖਦੇ। ਉਹ ਕਹਿੰਦੇ ਕਿ ਇਸੇ ਕਰਕੇ ਪੁਰਾਣਾ ਅੱਠ ਪੜ੍ਹਿਆ ਹੁਣ ਦੇ ਬਾਰਾਂ ਪੜ੍ਹੇ ਦੇ ਬਰਾਬਰ ਹੈ, ਕਿਉਂਕਿ ਉਦੋਂ ਲੋਕ ਖੁਦ ਮਿਹਨਤ ਕਰਦੇ ਸਨ। ਚੰਦ ਸਿੰਘ ਇਸ ਸਬੰਧੀ ਰੋਜ਼ ਮਾਸਟਰਾਂ ਨਾਲ ਜਾ ਕੇ ਬਹਿਸਦਾ। ਉਹ ਰੱਟਾ ਲੁਆ ਕੇ ਪੜ੍ਹਾਈ ਕਰਾਉਣ ਦੇ ਖਿਲਾਫ ਸੀ। ਪਰ ਹੁਣ ਤਾਂ ਮਨਦੀਪ ਵੀ ਇਨ੍ਹਾਂ ਗੈੱਸ ਪੇਪਰਾਂ ਦਾ ਹੀ ਸਹਾਰਾ ਲੈ ਰਿਹਾ ਸੀ।

ਦਲੇਰ ਸਿੰਘ ਵੀ ਅਜਿਹੇ ਗੈੱਸ ਪੇਪਰ ਤੇ ਗਾਈਡਾਂ ਲਿਆ ਲਿਆ ਥੱਕ ਗਿਆ ਸੀ। ਉੱਤੋਂ ਹਰ ਮਹੀਨੇ ਟਿਊਸ਼ਨ ਦੇ ਪੈਸੇ ਦੇਣੇ ਪੈਂਦੇ। ਕਿਸੇ ਨੇ ਤਾਂ ਇਹ ਵੀ ਦੱਸਿਆ ਸੀ ਕਿ ਮਾਸਟਰ ਜ਼ਿਆਦਾ ਵਿੱਕਰੀ ਕਰਵਾਉਣ ਲਈ ਕਿਤਾਬਾਂ ਦੀ ਦੁਕਾਨ ਵਾਲੇ ਨਾਲ ਆਪਣਾ ਕਮਿਸ਼ਨ ਵੀ ਕਰ ਲੈਂਦੇ ਨੇ ਤੇ ਏਸੇ ਕਰਕੇ ਹੀ ਕਹਿੰਦੇ ਕਿ ਉੱਥੇ ਜਾ ਕੇ ਮੇਰਾ ਅਤੇ ਸਕੂਲ ਦਾ ਨਾਂ ਲੈਣਾ। ਦਲੇਰ ਸਿੰਘ ਨੂੰ ਸੀ ਕਿ ਉਸਦਾ ਬੇਟਾ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੇ ਤਾਂ ਕਿ ਕਿਸੇ ਚੰਗੇ ਕੋਰਸ ਵਿੱਚ ਦਾਖਲਾ ਮਿਲ ਜਾਵੇ। ਜਿਸ ਨਾਲ ਕੋਈ ਚੰਗੀ ਨੌਕਰੀ ਮਿਲ ਜਾਵੇਗੀ।

ਪੰਜਾਬੀ ਵਾਲੀ ਵਾਲੀ ਮਾਸਟਰਨੀ ਨਿਰਜੀਤ ਕੌਰ ਤਾਂ ਵਿਦਿਆਰਥੀਆਂ ਨੂੰ ਗਾਈਡ ਪੜ੍ਹਨ ਲਈ ਕਹਿ ਕੇ ਸਾਰਾ ਦਿਨ ਸਵੈਟਰ ਹੀ ਬੁਣਦੀ ਰਹਿੰਦੀ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਸਨ ਕਿ ਐਮ ਐੱਲ ਏ ਦੀ ਰਿਸ਼ਤੇਦਾਰ ਹੋਣ ਕਾਰਨ, ਉਸਦੀ ਸਿਪਾਰਸ਼ੀ ਨਿਯੁਕਤੀ ਹੋਈ ਹੋਈ ਸੀ। ਹਿਸਾਬ ਵਾਲਾ ਹਰਦਿਆਲ ਸਿਉਂ ਸਾਰੀ ਨੰਬਰੀ ਵਿੱਚੋਂ ਬਲੈਕ ਬੋਰਡ ਤੇ ਇੱਕ ਹੀ ਸਵਾਲ ਸਮਝਾਉਂਦਾ ਜਿਸ ਦਾ ਉਸ ਨੇ ਰੱਟਾ ਲਾਇਆ ਹੁੰਦਾ ਤੇ ਆਖਦਾ “ ਜੇ ਜਲੇਬੀ ਦੀ ਇੱਕ ਭੂਕ ਖਾਕੇ, ਸਾਰਾ ਸੁਆਦ ਪਤਾ ਲੱਗ ਜਾਵੇ ਤਾਂ ਕਵਿੰਟਲ ਜਲੇਬੀਆਂ ਖਾਣ ਦੀ ਕੀ ਲੋੜ ਹੈ? ਬੱਸ ਏਹੋ ਹੀ ਫਾਰਮੂਲਾ ਲੱਗਣਾ ਹੈ ਬਾਕੀ ਸਾਰੀ ਨੰਬਰੀ ਆਪੇ ਘਰ ਜਾ ਕੇ ਹੱਲ ਕਰ ਲਇਉ।ਹੁਣ ਬੈਠ ਕੇ ਅਗਲੇ ਸਵਾਲ ਕੱਢੋ” ਤੇ ਇਸ ਤੋਂ ਬਾਅਦ ਉਹ ਕੁਰਸੀ ਤੇ ਬੈਠਾ ਬੈਠਾ ਸੌ ਜਾਂਦਾ। ਕਈ ਨਿਆਣੇ ਉਸ ਦੇ ਘੁਰਾੜੇ ਸੁਣ ਸੁਣ ਕੇ ਹੱਸਦੇ ਅਤੇ ਕਈ ਪੇਪਰਾਂ ਦੇ ਜਹਾਜ਼ ਬਣਾ ਕੇ ਉਡਾਉਂਦੇ ਰਹਿੰਦੇ।

ਇੱਕ ਖਿੜਕੀ ਦੇ ਕੁੱਝ ਸਰੀਏ ਟੁੱਟੇ ਹੋਣ ਕਾਰਨ ਸੁੱਤੇ ਪਏ ਮਾਸਟਰ ਦਾ ਫਾਇਦਾ ਉਠਾ ਕਈ ਮੁੰਡੇ ਕਲਾਸ ਵਿੱਚੋਂ ਖਿਸਕ ਵੀ ਜਾਂਦੇ। ਪਰ ਹਰਦਿਆਲ ਸਿਉਂ ਦੀ ਅੱਖ ਉਦੋਂ ਖੁੱਲਦੀ ਜਦੋਂ ਅਗਲੇ ਪੀਰੀਅਡ ਦੀ ਘੰਟੀ ਵੱਜਦੀ।

ਸਕੂਲ ਵਿੱਚ ਮਾਸਟਰ ਮਾਸਟਰਨੀਆਂ ਦੇ ਦੋ ਤਿੰਨ ਗਰੁੱਪ ਸਨ। ਸ਼ਹਿਰੀ ਮਾਸਟਰ ਅੱਡ ਬੈਠਦੇ ਤੇ ਪੇਂਡੂ ਅੱਡ। ਇੱਕ ਹੈੱਡਮਾਸਟਰ ਦੇ ਹੱਕ ਵਾਲਾ ਗਰੁੱਪ ਸੀ ਤੇ ਦੂਸਰਾ ਵਿਰੋਧ ਵਾਲਾ। ਸਾਇੰਸ ਮਾਸਟਰ ਕੀਰਤ ਸਿੰਘ ਜਿਸ ਨੂੰ ਜਾਲੀ ਪਾ ਕੇ ਪੁਠੀ ਦਾੜੀ ਬੰਨੀ ਹੋਣ ਕਾਰਨ ਸਾਰੇ ਭਾਪਾ ਕਹਿੰਦੇ ਸਨ, ਹਰ ਵਕਤ ਖਿਝਿਆ ਰਹਿੰਦਾ। ਉਸ ਦੀ ਸ਼ਹਿਰੀ ਸ਼ਬਦਾਵਲੀ ਅਤੇ ਉਚਾਰਣ ਬੜਾ ਹਾਸੋਹੀਣਾ ਹੋਣ ਕਰਕੇ ਨਿਆਣੇ ਮੂੰਹ ਤੇ ਹੱਥ ਰੱਖ ਰੱਖ ਕੇ ਹਸਦੇ ਰਹਿੰਦੇ। ਉਹ ਹੱਸਦੇ ਜੁਆਕਾਂ ਨੂੰ ਸੂਰ ਦੇ ਪੁੱਤ ਕਹਿ ਕੇ ਸੰਬੋਧਨ ਕਰਦਾ। ਸੜ ਬਲ਼ ਕੇ ਕੋਲੇ ਹੋ ਜਾਂਦਾ। ਕਈਆਂ ਨੂੰ ਕੁੱਟ ਸੁੱਟਦਾ ਪਰ ਨਿਆਣੇ ਫੇਰ ਵੀ ਹੱਸਦੇ ਰਹਿੰਦੇ।

ਸਮਾਜਿਕ ਸਿੱਖਿਆ ਵਾਲੇ ਗੁਰਨੇਕ ਸਿੰਘ ਅਤੇ ਫਿਜ਼ੀਕਲ ਐਜੂਕੇਸ਼ਨ ਵਾਲੇ ਪੀ ਟੀ ਮਾਸਟਰ ਧਰਮਜੀਤ ਸਿੰਘ ਦੀ ਆਪਸ ਵਿੱਚ ਪੂਰੀ ਬਣਦੀ ਸੀ, ਇਨ੍ਹਾਂ ਨਾਲ ਡਰਾਇੰਗ ਮਾਸਟਰ ਰਾਮ ਜੀ ਪ੍ਰਕਾਸ਼ ਵੀ ਰਲ਼ ਗਿਆ। ਤਿੰਨੋੰ ਖਾਣ ਪੀਣ ਵਾਲੇ ਬੰਦੇ ਸਨ। ਸਕੂਲ ਤੋਂ ਬਾਅਦ ਇਹ ਰੋਜ਼ ਮਹਿਫਲ ਜਮਾਉਂਦੇ। ਕਦੀ ਕਦੀ ਮੀਟ ਦਾ ਪਤੀਲਾ ਵੀ ਚਾੜ ਲੈਂਦੇ। ਚਪੜਾਸੀ ਹਰਚਰਨ ਸਿੰਘ ਨੂੰ ਇਨ੍ਹਾਂ ਹੱਥ ਹੇਠ ਕਰ ਲਿਆ ਸੀ। ਜੋ ਠੇਕੇ ਤੋਂ ਬੋਤਲ ਵੀ ਲੈ ਆਂਉਦਾ ਅਤੇ ਮੀਟ ਵੀ ਬਣਾ ਦਿੰਦਾ। ਇਹ ਛੁੱਟੀ ਮਿਲਣ ਤੋਂ ਬਾਅਦ ਵੀ ਸਕੂਲ ਵਿੱਚ ਬੈਠੇ ਰਹਿੰਦੇ। ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਨੂੰ ਸਕੂਲ ਵਿੱਚੋਂ ਦਾਰੂ ਦੇ ਨਸ਼ੇ ‘ਚ ਟੁੱਨ ਹੋਏ, ਹਸਦੇ ਝੂਮਦੇ ਕਈ ਵਾਰ ਨਿੱਕਲਦਿਆਂ ਵੇਖਿਆ ਸੀ। ਇੱਕ ਦੋ ਵਾਰ ਤਾਂ ਕਹਿੰਦੇ ਵੱਧ ਹੋਏ ਹੋਏ ਇਹ ਚਪੜਾਸੀ ਦੇ ਕੁਆਟਰ ਵਿੱਚ ਹੀ ਸੌਂ ਗਏ ਜਿੱਥੇ ਉਹ ਇਕੱਲਾ ਰਹਿੰਦਾ ਸੀ।

ਪੀ ਟੀ ਮਾਸਟਰ ਧਰਮਜੀਤ ਅਜੇ ਤੀਹਾਂ ਕੁ ਸਾਲਾਂ ਦਾ ਸੀ। ਜੋ ਦਸਵੀਂ ਜਮਾਤ ਦੀਆਂ ਦੋ ਕੁ ਕੁੜੀਆਂ ਵਿੱਚ ਲੋੜੋਂ ਵੱਧ ਦਿਲਚਸਪੀ ਲੈਂਦਾ ਸੀ। ਕਈ ਵਾਰ ਆਪਣੇ ਪੀਰੀਅਡ ਵਿੱਚ ਉਹ ਉਨ੍ਹਾਂ ਨੂੰ ਚਾਹ ਬਣਾਉਣ ਹੀ ਲਾਈਂ ਰੱਖਦਾ। ਹੈੱਡਮਾਸਟਰ ਦਾ ਰਿਸ਼ਤੇਦਾਰ ਹੋਣ ਕਾਰਨ ਕੋਈ ਉਸ ਨੂੰ ਕੁਛ ਨਹੀਂ ਸੀ ਕਹਿੰਦਾ। ਇੱਕ ਵਾਰ ਤਾਂ ਸ਼ਰਾਰਤੀ ਮੁੰਡਿਆਂ ਨੇ ਸਕੂਲ ਦੀਆਂ ਕੰਧਾਂ ਤੇ ਇਨ੍ਹਾਂ ਕੁੜੀਆਂ ਦਾ ਨਾਂ ਪੀ ਟੀ ਮਾਸਟਰ ਨਾਲ ਜੋੜ ਕੇ ਲਿਖ ਦਿੱਤਾ ਸੀ। ਹੈੱਡਮਾਸਟਰ ਹਰਦਿਆਲ ਸਿੰਘ ਦੀ ਤਾਂ ਆਪ ਸ਼ੀਲਾ ਨਾਂ ਦੀ ਅਧਿਆਪਕਾ ਵਿੱਚ ਬਹੁਤ ਦਿਲਚਸਪੀ ਸੀ ਜਿਸ ਨੂੰ ਉਹ ਰੋਜ਼ ਆਪਣੇ ਸਕੂਟਰ ਤੇ ਲੁਧਿਆਣੇ ਵਾਲੀ ਬੱਸ ਚੜ੍ਹਾ ਕੇ ਆਂਉਦਾ। ਤੇ ਫੇਰ ਘੰਟਾ ਘੰਟਾ ਨਾ ਮੁੜਦਾ। ਉਦੋਂ ਨਿਆਣਿਆਂ ਅਤੇ ਬਾਕੀ ਮਾਸਟਰਾਂ ਨੂੰ ਮੌਜਾਂ ਲੱਗ ਜਾਂਦੀਆ।

ਰਸੋਈ ਸਿੱਖਿਆ ਵਾਲੀ ਇਹ ਅਧਿਆਪਕਾ ਦੋ ਵਜੇ ਹੀ ਆਪਣੇ ਪੀਰੀਅਡ ਖਤਮ ਕਰ ਲੈਂਦੀ ਸੀ ਜਦ ਕਿ ਬਾਕੀ ਸਕੂਲ ਨੂੰ ਸਾਢੇ ਤਿੰਨ ਵਜੇ ਛੁੱਟੀ ਹੁੰਦੀ। ਕਈ ਵਾਰ ਸ਼ੀਲਾ ਭੈਣ ਜੀ ਨੂੰ ਹੈੱਡ ਮਾਸਟਰ ਦੇ ਦਫਤਰ ‘ਚ ਬੈਠਿਆਂ ਵੇਖ ਨਿਆਣੇ ਹੱਸਦੇ। ਸਕੂਲ ਦੇ ਰੰਗੀਨ ਮਹੌਲ ਨੇ ਕਈ ਵਿਦਿਆਰਥੀਆਂ ਤੇ ਵੀ ਇਸ਼ਕ ਮੁਸ਼ਕ ਦਾ ਰੰਗ ਚਾੜ ਦਿੱਤਾ ਸੀ। ਕਈ ਜੋੜੀਆਂ ਚਰਚਾ ਵਿੱਚ ਸਨ। ਮਨਦੀਪ ਵਿੱਚ ਵੀ ਇੱਕ ਸਤਿੰਦਰ ਨਾਂ ਦੀ ਕੁੜੀ ਲੋੜ ਤੋਂ ਵੱਧ ਦਿਲਚਸਪੀ ਲੈਣ ਲੱਗੀ। ਜੋ ਹਮੇਸ਼ਾਂ ਪਿਛਲੇ ਡੈਸਕ ਤੇ ਉਸਦੇ ਬਰਾਬਰ ਬੈਠਦੀ ਸੀ ਅਤੇ ਉਸ ਵਲ ਦੇਖ ਦੇਖ ਮੁਸਕ੍ਰਾਂਉਂਦੀ ਰਹਿੰਦੀ ਸੀ।

ਮਨਦੀਪ ਦੇ ਨਾਲ ਦੀ ਸੀਟ ਤੇ ਬੈਠਾ ਜਗਦੀਪ ਉਸ ਨੂੰ ਹੁੱਜ ਮਾਰਕੇ ਕਹਿੰਦਾ “ਦੀਪ ਅੱਜ ਤਾਂ ਗੋਲ ਤੇ ਗੋਲ ਹੋਈ ਜਾਂਦੇ ਨੇ” ਹੌਲੀ ਹੌਲੀ ਮਨਦੀਪ ਦੀ ਵੀ ਦਿਲਚਸਪੀ ਸਤਿੰਦਰ ਵਿੱਚ ਵਧਣ ਲੱਗੀ। ਦੋਨੋ ਇੱਕ ਦੂਜੇ ਵਲ ਵੇਖਦੇ ਅਤੇ ਮੁਸਕਰਾਂਉਦੇ। ਅੱਖਾਂ ਨਾਲ ਸ਼ੁਰੂ ਹੋਇਆਂ ਇਹ ਰਿਸ਼ਤਾ, ਦਿਲ ਦੀਆਂ ਡੂੰਘਾਣਾਂ ਵਿੱਚ ਲੱਥਣ ਲੱਗਾ। ਮਨਦੀਪ ਬਚਪਨ ਦੀਆਂ ਇੱਕ ਦੋ ਨਿੱਕੀਆਂ ਮੋਟੀਆਂ ਘਟਨਵਾਂ ਨੂੰ ਛੱਡ ਕੇ, ਇਸ ਨੂੰ ਜੀਵਨ ਦਾ ਪਹਿਲਾ ਪਿਆਰ ਸਮਝਣ ਲੱਗਾ।ਉਹ ਹਰ ਸਮੇਂ ਸਤਿੰਦਰ ਬਾਰੇ ਹੀ ਸੋਚਦਾ ਰਹਿੰਦਾ। ਸ਼ਾਮ ਨੂੰ ਦੋਨੋ ਦੋਸਤ ਅਕਸਰ ਮਿਲਦੇ ਤਾਂ ਗੱਲਾਂ ਦਾ ਵਿਸ਼ਾ ਸਤਿੰਦਰ ਹੀ ਹੁੰਦੀ। ਜਗਦੀਪ ਦਾ ਘਰ ਤਾਂ ਮਨਦੀਪ ਤੋਂ ਕੋਈ ਬਹੁਤੀ ਦੂਰ ਨਹੀਂ ਸੀ। ਪਰ ਸਤਿੰਦਰ ਨਾਲ ਦੇ ਕਿਸੇ ਹੋਰ ਪਿੰਡ ਤੋਂ ਪੜ੍ਹਨ ਆਂਉਦੀ ਸੀ। ਸਕੂਲ ਵਿੱਚ ਹੌਲੀ ਹੌਲੀ ਮਨਦੀਪ ਦਾ ਨਾਂ ਸਤਿੰਦਰ ਨਾਲ ਜੁੜਨ ਲੱਗਾ। ਪਰ ਇਹ ਰਿਸ਼ਤਾ ਦੇਖ ਦਿਖਾਈ ਤੋਂ ਅੱਗੇ ਤੁਰਿਆ ਹੀ ਨਹੀਂ ਸੀ ਕਿ ਜਦ ਨੂੰ ਪੇਪਰਾਂ ਦੀ ਡੇਟ ਸ਼ੀਟ ਆ ਗਈ।

ਸਾਰੇ ਵਿਦਿਆਰਥੀ ਪੇਪਰਾਂ ਦੀ ਤਿਆਰੀ ਵਿੱਚ ਰੁੱਝ ਗਏ। ਫੇਰ ਪੇਪਰਾਂ ਤੋਂ ਕੋਈ ਵੀਹ ਕੁ ਦਿਨ ਪਹਿਲਾਂ ਘਰ ਰਹਿ ਕੇ ਤਿਆਰੀ ਕਰਨ ਲਈ, ਸਭ ਨੂੰ ਫਰੀ ਕਰ ਦਿੱਤਾ ਗਿਆ। ਇਸ ਵਕਤ ਇਹ ਵੀ ਦੱਸਿਆ ਗਿਆ ਕਿ ਅਗਲੇ ਸ਼ਨਿੱਚਰਵਾਰ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਦਸਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਵੇਗੀ ਅਤੇ ਕਲਾਸ ਦੀ ਫੋਟੋ ਵੀ ਹੋਵੇਗੀ। ਤਾਂ ਕਿ ਸਾਰੇ ਜਾਣੇ ਆਮ ਕੱਪੜਿਆਂ ਵਿੱਚ ਚੰਗੀ ਤਰ੍ਹਾਂ ਤਿਆਰ ਹੋਕੇ ਆਉਣ।

ਮਨਦੀਪ ਨੇ ਇਹ ਹਫਤਾ ਮਸਾਂ ਲੰਘਾਇਆ। ਆਖਰੀ ਦਿਨ ਸਤਿੰਦਰ ਕਿੰਨੀ ਹੀ ਦੂਰ ਤੱਕ ਉਸ ਨੂੰ ਪਿੱਛੇ ਮੁੜ ਮੁੜ ਦੇਖਦੀ ਗਈ। ਤੇ ਫੇਰ ਹੱਥ ਹਿਲਾ ਕੇ ਉਸ ਨੇ ਬਾਏ ਬਾਏ ਵੀ ਕਹਿ ਗਈ ਸੀ, ਜੋ ਮਨਦੀਪ ਲਈ ਬਹੁਤ ਵੱਡੀ ਗੱਲ ਸੀ। ਆਖਿਰ ਪਾਰਟੀ ਦਾ ਦਿਨ ਵੀ ਆ ਗਿਆ। ਸਾਰੇ ਵਿਦਿਆਰਥੀ ਸਜ ਧਜ ਕੇ ਸਕੂਲ ਪਹੁੰਚੇ। ਸਤਿੰਦਰ ਨੂੰ ਦੇਖ ਕੇ ਤਾਂ ਮਨਦੀਪ ਹੈਰਾਨ ਹੀ ਰਹਿ ਗਿਆ। ਉਹ ਤਾਂ ਸੋਹਣੇ ਕੱਪੜਿਆਂ ਵਿੱਚ ਸਜੀ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਜਿਵੇਂ ਕੋਈ ਚੰਨ ਅਸਮਾਨ ਵਿੱਚੋਂ ਉੱਤਰ ਆਇਆ ਹੋਵੇ। ਉਹ ਕੁੱਝ ਵੱਡੀ, ਗੁੰਦਵੇਂ ਜਿਸਮ ਵਾਲੀ ਬਹੁਤ ਹੀ ਸੁੰਦਰ ਮੁਟਿਆਰ ਜਾਪ ਰਹੀ ਸੀ।

ਅੱਜ ਵੀ ਉਹ ਮੁਸਕ੍ਰਾਂਉਦੀ ਅਤੇ ਮਨਦੀਪ ਨੂੰ ਨੀਝ ਨਾਲ ਦੇਖਦੀ ਰਹੀ।ਪਹਿਲਾਂ ਕਲਾਸ ਦੀ ਫੋਟੋ ਹੋਈ ਅਤੇ ਫੇਰ ਵਿਦਾਇਗੀ ਪਾਰਟੀ। ਮਾਸਟਰਾਂ ਨੇ ਵਿਛੜਨ ਦੇ ਭਾਸ਼ਨ ਦਿੱਤੇ।ਕਈ ਮੁੰਡੇ ਕੁੜੀਆਂ ਨੇ ਗੀਤ ਵੀ ਸੁਣਾਏ। ਗਾ ਤਾਂ ਮਨਦੀਪ ਵੀ ਲੈਂਦਾ ਸੀ, ਜੋ ਸਿਰਫ ਉਸਦੇ ਦੋਸਤ ਜਗਦੀਪ ਨੂੰ ਪਤਾ ਸੀ ਉਸ ਨੇ ਗੁਰਨੇਕ ਮਾਸਟਰ ਦੇ ਕੰਨ ਵਿੱਚ ਮਨਦੀਪ ਦਾ ਨਾਂ ਵੀ ਲਿਆ। ਬੱਸ ਫੇਰ ਕੀ ਸੀ ਉਸ ਨੇ ਗੀਤ ਸੁਣ ਕੇ ਹੀ ਖਹਿੜਾ ਛੱਡਿਆ।ਗੀਤ ਦੇ ਬੋਲ ਸਨ:

ਨਹੀਉਂ ਭੁੱਲਣਾ ਵਿਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ

ਉਸ ਨੇ ਇਸ ਗੀਤ ਤੋਂ ਬਾਅਦ ਸਤਿੰਦਰ ਨੂੰ ਚੁੰਨੀ ਨਾਲ ਅੱਖਾਂ ਪੂੰਝਦਿਆ ਵੀ ਤੱਕ ਲਿਆ ਸੀ। ਉਹ ਜਾਣਦੀ ਸੀ ਕਿ ਇਹ ਗੀਤ ਉਸੇ ਲਈ ਹੈ। ਉਸ ਨੇ ਕਲਾਸ ਵਿੱਚ ਵੜਦੀ ਨੇ ਇੱਕ ਪੇਪਰ ਦੇ ਟੁੱਕੜੇ ਤੇ ਕੁੱਝ ਲਿਖਦਿਆਂ ਆਪਣੇ ਡੈਸਕ ਵਿੱਚ ਰੱਖਕੇ ਮਨਦੀਪ ਨੂੰ ਚੁੱਕਣ ਦਾ ਇਸ਼ਾਰਾ ਕੀਤਾ। ਮਨਦੀਪ ਨੇ ਅੱਖ ਬਚਾ ਕੇ ਜਦ ਪੇਪਰ ਚੁੱਕਿਆ ਤਾਂ ਲਿਖਿਆ ਸੀ ‘ਜੇ ਰੱਬ ਨੇ ਚਾਹਿਆ ਤਾਂ ਫੇਰ ਮਿਲਾਂਗੇ, ਭੁੱਲਣਾ ਨਹੀਂ, ਮੈਂ ਵੀ ਹਮੇਸ਼ਾਂ ਯਾਦ ਕਰਾਂਗੀ’

ਮਨਦੀਪ ਦੇ ਹੱਥ ਜਿਵੇਂ ਕਾਰੂ ਦਾ ਖਜ਼ਾਨਾ ਲੱਗ ਗਿਆ ਹੋਵੇ। ਬੱਸ ਉਸ ਦਿਨ ਤੋਂ ਬਾਅਦ ਉਸ ਦਾ ਮਨ ਕਿਸੇ ਦੀ ਯਾਦ ਵਿੱਚ ਖੋਇਆ ਖੋੲਆ ਰਹਿਣ ਲੱਗਾ। ਪੜ੍ਹਾਈ ਵਿੱਚ ਵੀ ਦਿਲ ਨਾ ਲੱਗਦਾ। ਅੱਖਾਂ ਮੂਹਰੇ ਸਤਿੰਦਰ ਦੀ ਤਸਵੀਰ ਆ ਜਾਂਦੀ। ਰਾਤ ਨੂੰ ਵੀ ਉਸੇ ਦੇ ਸੁਪਨੇ ਆਂਉਦੇ। ਪਰ ਉਹ ਮਨ ਮਾਰ ਕੇ ਪੜ੍ਹਨ ਦਾ ਪੂਰਾ ਯਤਨ ਵੀ ਕਰ ਰਿਹਾ ਸੀ।

ਇੱਕ ਦਿਨ ਮਨਦੀਪ ਦੀ ਜੱਸੋਵਾਲ ਵਾਲੀ ਭੂਆ ਆਈ ਉਸ ਨੇ ਦੱਸਿਆ ਕਿ “ਪੇਪਰਾਂ ਵਿੱਚ ਇਸ ਵਾਰੀ ਮਨਦੀਪ ਦੇ ਫੁੱਫੜ ਦੀ ਡਿਊਟੀ ਸਮਰਾਲੇ ਲੱਗੀ ਹੈ। ਉਸ ਨੂੰ ਰੋਜ਼ ਸਮਰਾਲੇ, ਜੱਸੋਵਾਲ ਤੋਂ ਆਉਣਾ ਤਾਂ ਔਖਾਂ ਹੋਵੇਗਾ ਜੇ ਉਹ ਰਾਮਪੁਰੇ ਹੀ ਰਹਿ ਲਿਆ ਕਰੇ”

ਦਲੇਰ ਸਿੰਘ ਭਲਾਂ ਭਣੋਈਏ ਨੂੰ ਕਿਵੇਂ ਜਵਾਬ ਦੇ ਸਕਦਾ ਸੀ। ਨਾਲੇ ਮਨਦੀਪ ਦੇ ਪੇਪਰ ਵੀ ਤਾਂ ਉਸੇ ਸਕੂਲ ਵਿੱਚ ਹੋਣੇ ਸਨ। ਕਿਸੇ ਮੱਦਦ ਦੀ ਲੋੜ ਵੀ ਪੈ ਸਕਦੀ ਸੀ। ਬਚਨ ਕੌਰ ਨੇ ਵੀ ਕਿਹਾ “ਲੈ ਅਸੀਂ ਵੀਰ ਜੀ ਵਾਸਤੇ ਬੈਠਕ ਤਿਆਰ ਕਰਵਾ ਦਿੰਦੇ ਆਂ, ਜਿਵੇਂ ਮਰਜੀ ਰਹਿਣ ਸਾਨੂੰ ਤਾਂ ਬਹੁਤ ਖੁਸ਼ੀ ਆ” ਫੇਰ ਇੱਕ ਮਹੀਨੇ ਲਈ ਮਨਦੀਪ ਦਾ ਬਿਸਤਰਾ ਇਸ ਬੈਠਕ ਵਿੱਚੋਂ ਗੋਲ ਹੋ ਗਿਆ। ਉਸ ਨੂੰ ਔਖਾ ਤਾਂ ਬਹੁਤ ਲੱਗਿਆ, ਪਰ ਵੱਡਿਆਂ ਦੀ ਗੱਲ ਵੀ ਉਹ ਮੋੜ ਨਾ ਸਕਿਆ।

ਫੇਰ ਜਿਸ ਦਿਨ ਤੋਂ ਮਨਦੀਪ ਦਾ ਫੁੱਫੜ ਆ ਕੇ ਰਹਿਣ ਲੱਗਾ ਤਾਂ ਘਰ ਜਿਵੇਂ ਸਰਾਂ ਦਾ ਰੂਪ ਹੀ ਧਾਰ ਗਿਆ। ਕਿਉਂਕਿ ਉਹ ਸੁਪਰਡੈਂਟ ਬਣਕੇ ਆਇਆ ਸੀ। ਉਸਨੂੰ ਮਿਲਣ ਵਾਲੇ ਲੋਕ, ਪਤਾ ਕਰ ਕਰ, ਆਉਣ ਲੱਗੇ। ਕੋਈ ਪੈਸੇ ਚੁੱਕੀ ਫਿਰਦਾ ਤੇ ਕੋਈ ਦਾਰੂ ਦੀਆਂ ਬੋਤਲਾਂ। ਕੋਈ ਮੀਟ ਮੁਰਗੇ ਨਾਲ ਸੇਵਾ ਕਰਨੀ ਚਾਹੁੰਦਾ ਤੇ ਕੋਈ ਕਿਸੇ ਹੋਰ ਤਰੀਕੇ ਨਾਲ। ਲੋਕ ਆਪਣੇ ਮੁੰਡੇ ਕੁੜੀਆਂ ਨੂੰ ਪਾਸ ਕਰਵਾਉਣ ਜਾਂ ਚੰਗੇ ਨੰਬਰ ਦਿਵਾਉਣ ਲਈ ਕੁੱਝ ਵੀ ਕਰ ਸਕਦੇ ਸਨ। ਪਰ ਦਲੇਰ ਸਿੰਘ ਨੇ ਆਪਣੇ ਫੌਜੀ ਅਸੂਲ ਵਰਤਦੇ ਹੋਏ ਨੇ ਕਿਹਾ ਸੀ “ਮੇਰੇ ਮੁੰਡੇ ਵਿੱਚ ਜਿੰਨੀ ਕੁ ਸਮਰੱਥਾ ਹੈ ਉਸੇ ਹਿਸਾਬ ਨਾਲ ਨੰਬਰ ਲਵੇਗਾ। ਇਸ ਨੂੰ ਕਿਸੇ ਨਕਲ ਪਰਚੀ ਦੀ ਮੱਦਦ ਬਿਲਕੁੱਲ ਨਹੀਂ ਚਾਹੀਦੀ। ਪਰ ਪਿਆਰਾ ਸਿੰਘ ਵੀ ਛੇਤੀ ਕੀਤੇ ਕਿਸੇ ਨੂੰ ਨੇੜੇ ਨਾ ਫਟਕਣ ਦਿੰਦਾ।

ਪਰ ਸਾਰੇ ਮਾਸਟਰ ਪਿਆਰਾ ਸਿੰਘ ਵਰਗੇ ਇਮਾਨਦਾਰ ਤਾਂ ਨਹੀਂ ਸਨ। ਜੋ ਮਾਸਟਰ ਸੁਪਵਾਈਜਰ ਜਾਂ ਸੁਪਰਡੈਂਟ ਲੱਗ ਜਾਣ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦਾ ਪੂਰਾ ਸੀਜ਼ਨ ਲੱਗਦਾ। ਜਿਵੇਂ ਉਨ੍ਹਾਂ ਦੀ ਕੋਈ ਲਾਟਰੀ ਨਿਕਲ ਆਈ ਹੋਵੇ। ਉਹ ਹਜ਼ਾਰਾਂ ਰੁਪਏ ਬਣਾਉਣ ਦੇ ਨਾਲ ਨਾਲ ਮੁਫਤ ਦੇ ਮੀਟ ਸ਼ਰਾਬਾਂ ਵੀ ਖਾਂਦੇ ਪੀਂਦੇ। ਕਈ ਵਾਰ ਤਾਂ ਫਲਾਈਂਗ ਸੁਕੈਅਡ ਵਾਲੇ ਵੀ ਉਨ੍ਹਾਂ ਨਾਲ ਹੀ ਰਲ਼ ਜਾਂਦੇ ਹਨ।

ਪਿਆਰਾ ਸਿੰਘ ਨੇ ਭਾਵੇਂ ਬਹੁਤ ਕੋਸ਼ਿਸ਼ ਕੀਤੀ। ਪਰ ਵੱਡੇ ਅਫਸਰਾਂ, ਮੰਤਰੀਆਂ ਅਤੇ ਪੁਲਿਸ ਵਾਲਿਆਂ ਦੀਆਂ ਚਿੱਠੀਆਂ ਅਤੇ ਸਿਫਾਰਸ਼ਾਂ ਨੇ ਉਸ ਦੀ ਕੋਈ ਵਾਹ ਨਾ ਜਾਣ ਦਿੱਤੀ। ਸੈਂਟਰ ਵਿੱਚ ਸ਼ਰੇਅਮ ਪਰਚੀਆਂ ਚੱਲਦੀਆਂ। ਨਾਲਾਇਕ, ਅਮੀਰ ਘਰਾਂ ਦੇ ਮੁੰਡੇ ਕਿਸੇ ਹੋਰ ਦੀ ਮੱਦਦ ਨਾਲ ਪੇਪਰ ਦਿੰਦੇ ਰਹੇ। ਪਰ ਮਨਦੀਪ ਅਜਿਹਾ ਕੁੱਝ ਨਾ ਕਰ ਸਕਿਆ। ਉਥੇ ਸਤਿੰਦਰ ਵੀ ਪੇਪਰ ਦੇਣ ਆਂਉਦੀ ਸੀ। ਉਹ ਆਪਣੇ ਵੱਡੇ ਭਰਾ ਨਾਲ ਜਾਂ ਆਪਣੇ ਪਾਪਾ ਨਾਲ ਸਕੂਟਰ ਤੇ ਆਂਉਦੀ। ਦਿਖਦੀ ਤਾਂ ਜਰੂਰ, ਪਰ ਮਿਲਣ ਦਾ ਕੋਈ ਸਬੱਬ ਨਹੀਂ ਸੀ ਬਣਿਆ। ਫੇਰ ਇੱਕ ਇੱਕ ਕਰਕੇ ਸਾਰੇ ਪੇਪਰ ਮੁੱਕ ਗਏ। ਪਿਆਰਾ ਸਿੰਘ ਆਪਣੇ ਪਿੰਡ ਜੱਸੋਵਾਲ ਨੂੰ ਪਰਤ ਗਿਆ। ਮਨਦੀਪ ਨੂੰ ਫੇਰ ਆਪਣੀ ਬੈਠਕ ਮਿਲ ਗਈ ਜਿੱਥੇ ਬਹਿ ਕੇ ਉਹ ਰੇਡੀਉ ਸੁਣਦਾ ਜਾ ਆਪਣੇ ਦੋਸਤ ਜਗਦੀਪ ਨਾਲ ਗੱਲਾਂ ਮਾਰਦਾ।

ਇੱਕ ਮਹੀਨਾ ਉਡੀਕਣ ਤੋਂ ਬਾਅਦ ਆਖਿਰ ਦਸਵੀਂ ਦਾ ਰੀਜ਼ਲਟ ਆ ਹੀ ਗਿਆ। ਮਨਦੀਪ ਨੇ ਡਰਦੇ ਡਰਦੇ ਨੇ ਸ਼ਹਿਰ ਵਿੱਚ ਮੋਦਨ ਕਿਤਾਬਾਂ ਵਾਲੇ ਦੀ ਦੁਕਾਨ ਤੇ ਜਾ ਕੇ ਗ਼ਜ਼ਟ ਵੇਖਿਆ। ਉਸ ਦਿਨ ਉਸਦਾ ਬਾਪੂ ਦਲੇਰ ਸਿੰਘ ਵੀ ਉਸਦੇ ਨਾਲ ਸੀ, ਉਹ ਪਾਸ ਹੋ ਗਿਆ ਸੀ।ਪਰ ਸੈਕਿੰਡ ਡਿਵੀਜ਼ਨ ਵਿੱਚ। ਉਸਦੇ 52% ਨੰਬਰ ਆਏ ਸਨ। ਉਨ੍ਹਾਂ ਘਰ ਲਈ ਲੱਡੂਆਂ ਦਾ ਡੱਬਾ ਲਿਆ। ਅੱਜ ਮਨਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪਿੰਡ ਜਾਕੇ ਉਸ ਨੂੰ ਪਤਾ ਲੱਗਿਆ ਕਿ ਆੜਤੀਆਂ ਦਾ ਭੋਲਾਂ ਜੋ ਪੜ੍ਹਨ ਨੂੰ ਬਿਲਕੁੱਲ ਨਾਲਾਇਕ ਸੀ ਅੱਜ ਫਸਟ ਡਿਵੀਜ਼ਨ ਵਿੱਚ ਪਾਸ ਹੋ ਗਿਆ ਹੈ। ਮਨਦੀਪ ਤੋਂ ਕਮਜ਼ੋਰ ਕਈ ਮੁੰਡੇ ਵੀ ਉਸ ਤੋਂ ਕਿਤੇ ਵੱਧ ਨੰਬਰ ਲੈ ਕੇ ਪਾਸ ਹੋ ਗਏ ਸਨ। ਜਿਉਂ ਜਿਉਂ ਉਨ੍ਹਾਂ ਨੂੰ ਪਤਾ ਲੱਗਦਾ ਪਿਉ ਪੁੱਤ ਦੋਨੋ ਉਦਾਸ ਹੋ ਜਾਂਦੇ।

ਇਹ ਸਾਰੇ ਨਕਲ ਦੇ ਕਾਰਨਾਮੇ ਸਨ। ਬਚਨ ਕੌਰ ਦਲੇਰ ਸਿੰਘ ਨੂੰ ਕਹਿੰਦੀ “ਥੋਨੂੰ ਵੀਰ ਜੀ ਨੇ ਕਿਹਾ ਸੀ ਕਿ ਮੱਦਦ ਕਰ ਦਿੰਦਾ ਹਾਂ। ਪਰ ਤੁਸੀਂ ਨਹੀਂ ਮੰਨੇ। ਬਾਕੀ ਲੋਕ ਵੀ ਤਾਂ ਨਕਲ ਮਾਰਦੇ ਹੀ ਨੇ ਪਰ ਤੁਸੀ ਆਪਣੇ ਫੌਜੀ ਅਸੂਲਾਂ ਤੇ ਅੜੇ ਰਹੇ। ਏਥੇ ਅਸੂਲਾਂ ਉਸਾਲਾਂ ਨੂੰ ਕੌਣ ਪੁੱਛਦਾ ਹੈ?”

ਜਦੋਂ ਸਾਰੇ ਸਰਟੀਫੀਕੇਟ ਅਤੇ ਸੱਨਦਾਂ ਮਿਲ ਗਈਆਂ ਤਾਂ ਦਲੇਰ ਸ਼ਹਿਰ ਜਾਕੇ ਸਾਰਿਆਂ ਦੀਆਂ ਕਈ ਕਈ ਫੋਟੋ ਕਾਪੀਆਂ ਕਰਵਾ ਲਿਆਇਆ। ਤਾਂ ਕਿ ਪੁੱਤ ਨੂੰ ਕਿਸੇ ਚੰਗੇ ਕੋਰਸ ਵਿੱਚ ਦਾਖਲਾ ਦੁਆ ਸਕੇ। ਬੱਸ ਫੇਰ ਇੱਕ ਹੋਰ ਨਵੇਂ ਸੰਘਰਸ਼ ਦੀ ਸ਼ੁਰੂਆਤ ਹੋ ਗਈ।

ਦਲੇਰ ਸਿੰਘ ਨੂੰ ਝੋਰਾ ਹੋਣ ਲੱਗਾ ਕਿ ਉਸ ਦੇ ਪੁੱਤਰ ਦੀ ਫਸਟ ਡਿਵੀਜ਼ਨ ਕਿਉਂ ਨਹੀਂ ਆਈ। ਉਹ ਤਾਂ ਉਸ ਨੂੰ ਡਾਕਟਰ ਜਾਂ ਇੰਜਨੀਅਰ ਬਣਾਉਣ ਦੇ ਸੁਪਨੇ ਦੇਖਦਾ ਸੀ। ਜਿੱਥੇ ਸੈਕਿੰਡ ਡਿਵੀਜਨ ਨਾਲ ਦਾਖਲਾ ਲੈਣ ਦੀ ਸੋਚੀ ਵੀ ਨਹੀਂ ਸੀ ਜਾ ਸਕਦੀ। ਉਹ ਲਧਿਆਣੇ ਗੁਰੂ ਨਾਨਕ ਇੰਜੀਅਰ ਕਾਲਜ, ਪਾਲੇਟਿਕਨਿਕ ਕਾਲਜ, ਗੌਰਮਿੰਟ ਕਾਲਜ ਸਭ ਤੋਂ ਪ੍ਰਾਸਪੈਕਟ ਇਕੱਠੇ ਕਰੀਂ ਬੈਠਾ ਸੀ। ਪਰ ਸਾਰਿਆਂ ਦੀ ਸ਼ਰਤ ਫਸਟ ਡਿਵੀਜ਼ਨ ਦੀ ਹੀ ਸੀ। ਉਸ ਨੂੰ ਕਈ ਵਾਰ ਲੱਗਦਾ ਕਿ ਉਹ ਜੀਵਨ ਦੀ ਮੁਢਲੀ ਲੜਾਈ ਹਾਰ ਗਿਆ ਹੈ।

ਏਥੇ ਉਸਦੇ ਸਾਹਮਣੇ ਕੋਈ ਦੁਸ਼ਮਣ ਨਹੀਂ ਬਲਕਿ ਇੱਕ ਭਰਿਸ਼ਟ ਸਿਸਟਮ ਸੀ। ਫੇਰ ਉਨ੍ਹਾਂ ਪਟਿਆਲੇ ਦੇ ਕਈ ਕਾਲਜ ਪਤਾ ਕੀਤ,ੇ ਪਰ ਸਾਰੇ ਪਾਸੇ ਤੋਂ ਨਿਰਾਸ਼ਾ ਹੀ ਪੱਲੇ ਪਈ। ਹੋਰ ਤਾਂ ਹੋਰ ਮਨਦੀਪ ਨੂੰ 52% ਨੰਬਰਾਂ ਨਾਲ, ਕੋਈ ਸਧਾਰਨ ਕੋਰਸ ਵਿੱਚ ਵੀ ਦਾਖਲਾ ਦੇਣ ਨੂੰ ਤਿਆਰ ਨਹੀਂ ਸੀ। ਉਨਾਂ ਫਰਮਾਅਸਿਸਟੈਂਟ, ਲੈਬ ਟੈਕਨੀਸ਼ਨ, ਰੇਡੀਆਲੋਜਿਸਟ ਵਰਗੇ ਕੋਰਸਾਂ ਵਿੱਚ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਰਿਹਾ।

ਉਧਰ ਦੋ ਏਕੜ ਨਾਲ ਤਾਂ ਗੁਜ਼ਾਰਾ ਨਹੀਂ ਸੀ ਹੋ ਸਕਣਾ। ਜੇ ਚੰਗੀ ਨੌਕਰੀ ਨਾ ਮਿਲੀ ਤਾਂ ਮਨਦੀਪ ਦੇ ਭਵਿੱਖ ਦਾ ਕੀ ਬਣੇਗਾ? ਦਲੇਰ ਸਿੰਘ ਨੂੰ ਫਿਕਰ ਸਤਾਉਣ ਲੱਗਾ।

ਸਾਰੇ ਪੰਜਾਬੀ ਤਾਂ ਹਜ਼ਾਰਾਂ ਰੁਪਏ ਖਰਚ ਕੇ ਆਪਣੀ ਔਲਾਦ ਨੂੰ ਫਸਟ ਡਿਵੀਜ਼ਨਾਂ ਦੁਆ ਨਹੀ ਸੀ ਸਕਦੇ। ਜੇ ਦੁਆ ਵੀ ਲੈਂਦੇ ਤਾਂ ਅੱਗੇ ਮੰਤਰੀਆਂ ਦੀਆਂ ਸਿਪਾਰਸ਼ਾਂ ਨਾ ਹੁੰਦੀਆਂ। ਪੜ੍ਹ ਲਿਖ ਕੇ, ਲੱਖਾ ਮੁੰਡੇ ਬੇਰੁਜ਼ਗਾਰ ਸੜਕਾਂ ਤੇ ਹਰਲ ਹਰਲ ਕਰਦੇ ਫਿਰ ਰਹੇ ਸਨ। ਖੇਤੀ ਉਹ ਕਰ ਨਾ ਸਕਦੇ ਤੇ ਨੌਕਰੀ ਮਿਲਦੀ ਨਾ। ਘਰੋਂ ਅੱਡ ਬੋਲ ਕਬੋਲ ਸੁਣਨ ਨੂੰ ਮਿਲਦੇ। ਨੌਜਵਾਨਾਂ ਦੀ ਅਜਾਂਈ ਜਾ ਰਹੀ ਤਾਕਤ ਦਾ ਸਰਕਾਰ ਨੂੰ ਕੋਈ ਫਿਕਰ ਨਹੀਂ ਸੀ। ਬੇਚੈਨੀ ਫੇਰ ਕੋਈ ਨਵਾਂ ਸੰਘਰਸ਼ ਪੈਦਾ ਕਰ ਸਕਦੀ ਸੀ। ਜਿਵੇਂ ਨਕਸਲਬਾੜੀ ਦੌਰ ਵੇਲੇ ਹੋਇਆ ਸੀ।

ਸਰਕਾਰ ਮੁੰਡਿਆਂ ਨੂੰ ਸੈੱਟ ਕਰਨ ਦੀ ਥਾਂ ਫੇਰ ਵੱਡੀ ਪੱਧਰ ਤੇ ਮਾਰ ਸਕਦੀ ਸੀ। ਜੇ ਨੌਜਵਾਨ ਮੁੰਡੇ ਹੀ ਨਾ ਰਹੇ ਤਾਂ ਨੌਕਰੀਆਂ ਕਿਨੇ ਮੰਗਣੀਆਂ ਸਨ? ਕੁੜੀਆਂ ਤਾਂ ਵਿਚਾਰੀਆਂ ਘਰੋਂ ਬਾਹਰ ਨਿੱਕਲਦੀਆਂ ਹੀ ਨਹੀਂ। ਤੇ ਸਰਕਾਰ ਨੂੰ ਉਨ੍ਹਾਂ ਤੋਂ ਡਰ ਵੀ ਕੋਈ ਨਹੀਂ ਸੀ।

ਆਖਿਰ ਦਲੇਰ ਸਿੰਘ ਨੂੰ ਆਪਣਾ ਪੁੱਤਰ ਉਸੇ ਕਾਲਜ ਵਿੱਚ ਦਾਖਲ ਕਰਵਾਉਣਾ ਪਿਆ ਜੋ ਨਕਸਲਵਾਦੀ ਮਹੌਲ ਵਿੱਚ ਬਹੁਤ ਬਦਨਾਮ ਹੋਣ ਕਾਰਨ, ਅਜੇ ਵੀ ਸਰਕਾਰ ਦੀ ਕਾਲੀ ਸੂਚੀ ਵਿੱਚ ਸੀ। ਜਿੱਥੋਂ ਦੇ ਪੜ੍ਹੇ ਹੋਏ ਨੂੰ ਕਹਿੰਦੇ ਕੋਈ ਵੀ ਅਦਾਰਾ ਨੌਕਰੀ ਦੇਣ ਲਈ ਤਿਆਰ ਨਾ ਹੁੰਦਾ। ਬੱਸਾਂ ਰੋਕ ਕੇ ਫੂਕਣੀਆਂ, ਪਥਰਾਉ ਕਰਨਾ, ਗੋਲੀ ਚੱਲਣੀ ਇਸ ਕਾਲਜ ਵਿੱਚ ਆਮ ਜਿਹੀਆਂ ਘਟਨਾਵਾਂ ਸਨ। ਦਲੇਰ ਸਿੰਘ ਨੂੰ ਜੀਵਨ ਦੀ ਇੱਹ ਲੜਾਈ 1961, 65 ਅਤੇ 71 ਦੀਆਂ ਲੜਾਈਆਂ ਤੋਂ ਵੀ ਖਤਰਨਾਕ ਲੱਗੀ। ਜਿੱਥੇ ਦੁਸ਼ਮਣ ਨਜ਼ਰ ਹੀ ਨਹੀਂ ਸੀ ਆ ਰਿਹਾ। ਉਸ ਵਰਗੇ ਸਧਾਰਨ ਸਾਬਕਾ ਫੌਜੀ ਨੂੰ ਭਲਾਂ ਏਥੇ ਪੁੱਛਦਾ ਕੌਣ ਸੀ?

ਦਲੇਰ ਸਿੰਘ ਨੇ ਆਪਣੇ ਪੁੱਤ ਨੂੰ ਪੁੱਛੇ ਬਗੈਰ ਹੀ ਉਸ ਨੂੰ ਸਮਰਾਲਾ ਦੇ ਕਾਲਜ ਨਾਨ-ਮੈਡੀਕਲ ਵਿੱਚ ਵਿੱਚ ਦਾਖਲ ਕਰਵਾ ਦਿੱਤਾ। ਇੱਕ ਨਿੱਕੀ ਜਿਹੀ ਆਸ ਦੀ ਕਿਰਨ ਸ਼ਾਇਦ ਅਜੇ ਵੀ ਕਿਤੇ ਸੁਲਗਦੀ ਸੀ। ਫੌਜ ਵਿੱਚੋਂ ਮਿਲੇ ਤਮਗੇ ਹੁਣ ਉਸ ਨੂੰ ਜਿਵੇਂ ਬੋਝ ਲੱਗਣ ਲੱਗ ਪਏ। ਆਪਣੇ ਆਪ ਤੇ ਇੱਕ ਗਿਲਾਨੀ ਜਿਹੀ ਆਉਣ ਲੱਗੀ। ਉਸ ਨੂੰ ਪਤਾ ਸੀ ਕਿ ਜੇ ਪੜ੍ਹ ਕੇ ਵੀ ਮਨਦੀਪ ਨੂੰ ਨੌਕਰੀ ਨਾ ਮਿਲੀ ਤਾਂ ਇਹ ਸਰਟੀਫੀਕੇਟ ਵੀ ਕਾਗ਼ਜ਼ਾਂ ਦੇ ਟੁਕੜਿਆਂ ਤੋਂ ਸਿਵਾਏ ਕੁੱਝ ਨਹੀਂ ਹੋਣਗੇ। ਤੇ ਉਸਦਾ ਪੁੱਤ ਵੀ ਬਾਕੀ ਪੰਜਾਬੀ ਨੌਜਵਾਨਾਂ ਵਾਂਗ ਵੀਰਾਨ ਸੜਕਾਂ ਤੇ ਰੁਲਦਾ ਰੁਲਦਾ ਇੱਕ ਦਿਨ ਖਤਮ ਹੋ ਜਾਵੇਗਾ।ਪਰ ਹੁਣ ਹੋਰ ਕੀਤਾ ਵੀ ਕੀ ਜਾ ਸਕਦਾ ਸੀ?

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com