ਭਾਂਦਰੋਂ ਦਾ ਮਹੀਨਾ ਚੜ ਚੁੱਕਾ ਸੀ। ਸਾਉਣ ਦੇ ਛਰਾਟੇ ਪੈਣੇ
ਬੰਦ ਹੋ ਚੁੱਕੇ ਸਨ। ਜਦੋਂ ਅੰਬਾਂ ਦੇ ਬਾਗ ਵਿੱਚ ਕੋਇਲ ਕੂਕਦੀ ਤਾਂ ਦਿਲ ਨੂੰ ਜਿਵੇਂ
ਧੂਹ ਜਿਹੀ ਪੈਂਦੀ। ਖੇਤਾਂ ਵਿੱਚ ਮੱਕੀ ਦੀ ਫਸਲ ਨੂੰ ਪਹਿਲੀ ਗੋਡੀ ਪੈ ਚੁੱਕੀ ਸੀ।
ਗੁਡਾਵਿਆਂ ਦੀ ਚਾਹ ਲੈ ਕੇ ਕਦੇ ਕਦੇ ਮਨਦੀਪ ਵੀ ਜਾਂਦਾ। ਰਸਤੇ ਵਿੱਚ ਕਿੱਕਰਾਂ,
ਟਾਹਲੀਆਂ, ਬੇਰੀਆਂ ਤੇ ਤੂਤ ਆਂਉਦੇ। ਦਰਖਤਾਂ ਤੇ ਬੈਠੀਆਂ ਚਿੜੀਆਂ ਗੁਟਾਰਾਂ
ਘੁੱਗੀਆਂ ਗੀਤ ਅਲਾਪਦੀਆਂ, ਮਨ ਮੋਹਦੀਆਂ। ਧਰਮਾਂ ਏਨ੍ਹਾਂ ਨੂੰ ਗੁਲੇਲ ਨਾਲ ਨਿਸ਼ਾਨਾਂ
ਬਣਾ ਕੇ ਖੁਸ਼ ਹੁੰਦਾ ਤੇ ਮਨਦੀਪ ਏਹਨਾਂ ਨੂੰ ਦੇਖ ਦੇਖ ਕੇ। ਧਰਮੇ ਨੇ ਗੁਲੇਲ ਦਾ
ਨਵਾਂ ਚਮੋਟਾ ਪਾਕੇ ਉਸਦੀ ਹੱਥੀ ਨਾਲ ਮਜਬੂਤ ਰਬੜਾਂ ਨੱਥੀਆਂ ਸਨ। ਉਹ ਸੱਜੀ ਅੱਖ ਕੋਲ
ਗੁਲੇਲ ਕਰਕੇ ਕੰਨ ਤੱਕ ਖਿਚਦਾ ਤੇ ਚਮੋਟੇ ‘ਚ ਪਾਈ ਰੋੜੀ ਪੰਛੀ ਦੇ ਪੋਟੇ ‘ਚ ਜਾ
ਵੱਜਦੀ। ਪੰਛੀ ਫੁੜਕ ਕੇ ਡਿੱਗਦਾ ਤਾਂ ਧਰਮਾਂ ਹੱਸਦਾ। ਪਰ ਮਨਦੀਪ ਦੇ ਕਾਲਜੇ ‘ਚੋਂ
ਰੁੱਗ ਭਰਿਆ ਜਾਂਦਾ। ਉਹ ਨਹੀਂ ਸੀ ਚਾਹੁੰਦਾ ਕਿ ਧਰਮਾ ਉਸ ਦੇ ਨਾਲ ਰਹੇ।
ਮਨਦੀਪ ਮੰਤਰ ਮੁਗਧ ਹੋ ਜਾਂਦਾ ਜਦੋਂ ਕਾਟੋਆਂ ਭੱਜ ਭੱਜਕੇ
ਦਰਖਤਾਂ ਤੇ ਚੜ੍ਹਦੀਆਂ। ਕਦੇ ਕਦੇ ਉਸ ਨੂੰ ਸੱਪ ਤੇ ਨਿਓਲੇ ਦੀ ਲੜਾਈ ਵੀ ਵੇਖਣ ਨੂੰ
ਮਿਲ ਜਾਂਦੀ। ਇਸ ਕੱਚੇ ਰਸਤੇ ਦੁਆਲੇ ਝਾੜ ਛਿੱਛਰ ਵੀ ਬਹੁਤ ਸਨ। ਨਿਆਂਈ ਵਾਲੇ ਖੂਹ
ਤੱਕ ਤਾਂ ਠੀਕ ਸੀ, ਪਰ ਉਸ ਤੋਂ ਅੱਗੇ ਜੇ ਮਘਿਆਣੀ ਵਾਲੇ ਖੇਤ ਨੂੰ ਜਾਣਾ ਹੁੰਦਾ ਤਾਂ
ਪਿੰਡ ਦੀਆਂ ਮੜੀਆਂ ਕੋਲੋ ਲੰਘ ਕੇ ਜਾਣਾ ਪੈਂਦਾ। ਜਿੱਥੇ ਮੁਰਦਿਆਂ ਦੇ ਮੱਚੇ ਹੋਏ
ਸਿਵੇ ਤੇ ਸੁਆਹ ਦੀਆਂ ਧੜਾਂ ਉਸ ਨੂੰ ਕੰਬਣੀ ਛੇੜ ਦਿੰਦੀਆਂ। ਪਿੰਡ ਵਿੱਚ ਕੋਈ ਨਾ
ਕੋਈ ਮਰਦਾ ਹੀ ਰਹਿੰਦਾ ਸੀ। ਉਸ ਨੂੰ ਫੂਕਣ ਤੋਂ ਪਹਿਲਾਂ ਏਸੇ ਰਸਤੇ ਵਿੱਚ ਘੜਾ
ਭੰਨਿਆ ਜਾਂਦਾ। ਫੁੱਟੇ ਹੋਏ ਘੜੇ ਤੋਂ ਲੰਘਣਾ ਮਨ੍ਹਾ ਸੀ। ਇਸਦੇ ਠੀਕਰਾਂ ਵੇਖ ਕੇ ਹੀ
ਡਰ ਲੱਗਣ ਲੱਗ ਜਾਂਦਾ। ਡਰ ਤਾਂ ਮਨਦੀਪ ਨੂੰ ਭੂਤਾਂ ਪ੍ਰੇਤਾਂ ਤੋਂ ਵੀ ਬਹੁਤ ਲੱਗਦਾ।
ਮੜੀਆਂ ‘ਚ ਖੜੇ ਦਰਖਤਾਂ ਵਿੱਚੋਂ ਉਸ ਅਕਸਰ ਹੀ ਭੂਤਾਂ ਚੁੜੇਲਾਂ ਦੇ ਭੁਲੇਖੇ ਪੈਂਦੇ।
ਉਹ ਹਮੇਸ਼ਾਂ ਏਥੋਂ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਲੰਘਦਾ।
ਪਰ ਇੱਕ ਦਿਨ ਉਸਦੇ ਮਾਮੇ ਦਾ ਦੋਸਤ ਸੁਰਜੀਤ ਦੱਸਦਾ ਸੀ “ਭੂਤ
ਪ੍ਰੇਤ ਕੁੱਝ ਨਹੀਂ ਹੁੰਦੇ ਮਨ ਦਾ ਵਹਿਮ ਹੀ ਹੁੰਦਾ ਏ। ਹਾਂ ਸੱਪ ਸਲੂੰਡੀ ਤੋਂ ਜਰੂਰ
ਬਚਕੇ ਰਹਿਣਾ ਚਾਹੀਦਾ ਹੈ। ਭਾਦੋਂ ਦੀ ਭੜਦਾਹ ਨਾਲ ਕਹਿੰਦੇ ਸੱਪ ਵੀ ਨਿੱਕਲ ਆਂਉਦੇ
ਨੇ” ਰਸਤੇ ‘ਚ ਕੋਈ ਨਾ ਕੋਈ ਸੱਪ ਦਿਸ ਹੀ ਜਾਂਦਾ। ਨਿੱਕੇ ਨਿੱਕੇ ਸਪੋਲੀਏ ਕਈ ਵਾਰ
ਘਰਾਂ ਵਿੱਚ ਵੀ ਜਾ ਵੜਦੇ।
ਇੱਕ ਦਿਨ ਸਪੋਲੀਆਂ ਪਤਾ ਨਹੀ ਕਿਵੇਂ ਹੱਥ ਮੂੰਹ ਹੱਥ ਧੋਣ ਲਈ
ਰੱਖੀ ਬਾਲਟੀ ‘ਚ ਵੜ ਗਿਆ। ਜੋ ਮਹਿਤਾਬ ਕੌਰ ਨੇ ਦੇਖ ਲਿਆ, ਨਹੀ ਤਾਂ ਪਤਾ ਨਹੀ ਕੀ
ਹੁੰਦਾ। ਇੱਕ ਦਿਨ ਸੰਤਾ ਸਿੰਘ ਕੋਠੇ ਤੇ ਡਹੇ ਮੰਜੇ ਉੱਪਰ ਪਾਠ ਕਰ ਰਿਹਾ ਸੀ ਤੇ ਸੱਪ
ਪਤਾ ਨਹੀਂ ਕਿਵੇਂ ਮੰਜੇ ਤੇ ਚੜ ਆਇਆ ਤੇ ਉਹ ਮਸਾਂ ਹੀ ਡੰਗ ਖਾਣੋਂ ਬਚਿਆ। ਪਿੰਡ ਦੇ
ਲੋਕ ਆਪਣੇ ਆਪ ਨੂੰ ਨਾਗਾਂ ਦੀ ਵੰਸ਼ ਵਿੱਚੋਂ ਸਮਝਦੇ ਤੇ ਸੱਪਾਂ ਨੂੰ ਆਪਣੇ ਵਡੇਰੇ
ਸਮਝਦੇ ਸਨ। ਸੱਪ ਨੂੰ ਬਾਬਾ ਕਹਿਕੇ ਸਤਿਕਾਰ ਕਰਦੇ ਤੇ ਉਸ ਨੂੰ ਪੂਜਦੇ। ਪਿੰਡ ਵਿੱਚ
ਇੱਕ ਗੁੱਗਾ ਮਾੜੀ ਸੀ, ਜਿੱਥੇ ਸੱਪਾਂ ਦੀ ਪੂਜਾ ਹੁੰਦੀ ਤੇ ਮਾੜੀ ਦਾ ਮੇਲਾ ਵੀ
ਲੱਗਦਾ। ਮਨਦੀਪ ਨੂੰ ਜਦ ਇਸ ਮੇਲੇ ਦਾ ਖਿਆਲ ਆਇਆ ਤਾਂ ਉਸ ਦਾ ਮਨ ਨੱਚ ਉੱਠਿਆ।
ਫੇਰ ਨੌਂ ਭਾਦਰੋਂ ਨੂੰ ਲੋਕ ਚਰੀ ਪੱਠੇ ਵੱਢ ਕੇ ਮਾੜੀ ਦੇ
ਮੇਲੇ ਦੀਆਂ ਤਿਆਰੀਆਂ ਵਿੱਚ ਰੁੱਝ ਗਏ। ਪਿੰਡ ਦੇ ਬਾਹਰ ਬਾਹਰ ਪਤਾਸੇ ਹਲਵਾਈ ਨੇ
ਸਵੇਰ ਤੋਂ ਹੀ ਭੱਠੀ ਮਘਾਈ ਹੋਈ ਸੀ। ਉਸਦੇ ਚਿੱਟੇ ਗੋਰੇ ਰੰਗ ਕਰਕੇ ਲੋਕ ਉਸ ਨੂੰ
ਪਤਾਸਾ ਹੀ ਕਹਿੰਦੇ ਸਨ, ਉਸ ਦਾ ਅਸਲ ਨਾਂ ਕੀ ਸੀ ਕਿਸੇ ਨੂੰ ਵੀ ਨਹੀਂ ਪਤਾ।
ਜਲੇਬੀਆਂ ਅਤੇ ਪਤੌੜਾਂ ਦੀ ਖੁਸ਼ਬੂ ਹਰ ਪਾਸੇ ਫੈਲ ਗਈ ਸੀ। ਕਾਲੂ ਮਰਾਸੀ ਦਾ ਢੋਲ
ਸਾਰੇ ਪਿੰਡ ਵਿੱਚ ਸੁਣਾਈ ਦੇ ਰਿਹਾ ਸੀ। ਹਰ ਸਾਲ ਦੀ ਤਰਾਂ ਲਾਲ ਮੂੰਹੇ ਅਮਰੂ ਨੇ
ਵੰਗਾਂ ਖਿਡੌਣਿਆਂ ਦੀ ਦੁਕਾਨ ਲਾ ਲਈ ਸੀ। ਅੰਬਾਂ ਵਾਲੇ ਬਾਗ ਵਿੱਚੋਂ ਢੋਲ ਦੀ ਡੱਗ
ਡੱਗ ਡੈਂ ਡੈਂ ਨਾਲ ਸਾਰੀਆਂ ਕੋਿੲਲਾਂ ਤੇ ਤੋਤੇ ਉੱਡ ਚੁੱਕੇ ਸਨ।
ਰੌਣਕੀ ਪੰਡਤ ਦੇ ਘਰ ਤਾਂ ਰੌਣਕਾਂ ਲੱਗੀਆਂ ਪਈਆਂ ਸਨ। ਗੁੱਗੇ
ਦੀ ਚਿਰਾਗੀ ਪਾਈ ਜਾ ਰਹੀ ਤੇ ਬਾਲਾਂ ਦੀ ਤੜਾਗੀ ਬੰਨੀ ਜਾ ਰਹੀ ਸੀ। ਤੜਾਗੀ ਵਾਲਾ
ਝੰਡਾ ਤਿਆਰ ਬਰ ਤਿਆਰ ਖੜਾ ਸੀ। ਜਿਨਾਂ ਦੇ ਘਰ ਪੁੱਤਰ ਜੰਮਿਆ ਹੁੰਦਾ ਉਹ ਅੱਜ ਦੇ
ਦਿਨ ਝੰਡੇ ਤੇ ਨਿੱਕੀ ਜਿਹੀ ਇੱਕ ਬਾਲ, ਤੇ ਆਪਣੇ ਬੱਚੇ ਦੀ ਤੰਦਰੁਸਤੀ ਲਈ ਚਾਂਦੀ ਦੇ
ਘੁੰਗਰੂ ਵਾਲੀ ਨਿੱਕੀ ਜਿਹੀ ਤੜਾਗੀ ਬੰਨ ਕੇ ਚਿਰਾਗੀ ਪਾਂਉਂਦੇ। ਚਿਰਾਗੀ ਵਿੱਚ ਦੇਸੀ
ਘਿਉ, ਸੇਵੀਆਂ ਸੀਧਾ ਤੇ ਸ਼ਰਧਾ ਅਨੁਸਾਰ ਮੱਥਾ ਟੇਕਿਆ ਜਾਂਦਾ।
ਗੋਹੇ ਮਿੱਟੀ ਨਾਲ ਪਵਿੱਤਰ ਕੀਤੀ ਜਗਾ ਤੇ ਚੌਰਾਗੀ ਪਵਾਉਣ ਲਈ ਭਗਤ ਸੁਖੀਆ ਬੈਠਾ
ਹੁੰਦਾ। ਜੋ ਗੁੱਗੇ ਦੀ ਮਿਹਰ ਸਦਕਾ ਹਰ ਵਰੇ ਸਿਰ ਘੁਮਾ ਘੁਮਾ ਖੇਡਦਾ। ਮਾੜੀ ਤੇ ਲੋਕ
ਗੁੱਗਾ ਜ਼ਾਹਰ ਪੀਰ ਦੀ ਮਿੱਟੀ ਵੀ ਕੱਢਦੇ। ਅੱਜ ਪਿੰਡ ਵਿੱਚ ਇੱਕ ਰਲੀ ਮਿਲੀ ਮਹਿਕ
ਅਤੇ ਖੁਸ਼ੀਆਂ ਭਰਿਆ ਮਹੌਲ ਸੀ। ਹਰ ਪਾਸੇ ਨਿਆਣਿਆਂ ਤੇ ਸਿਆਣਿਆਂ ਦੀ ਭੀੜ ਸੀ। ਮਨਦੀਪ
ਵੀ ਤਾਂ ਏਸੇ ਭੀੜ ਦਾ ਹਿੱਸਾ ਸੀ।
ਕੁੱਝ ਹੀ ਦੇਰ ਬਾਅਦ ਗੁੱਗੇ ਦਾ ਚਾਲਾ ਸ਼ੁਰੂ ਹੋ ਗਿਆ ਸੀ।
ਭਗਤ ਸੁੱਖੀਆ ਵਿੱਚ ਮੇਹਰ ਆਉਂਣ ਦੀ ਉਡੀਕ ਹੋ ਰਹੀ ਸੀ। ਭਾਂਦੋਂ ਦੇ ਮੰਗਤੇ ਗੁੱਗੇ
ਦੀ ਵਾਰ ਗਾ ਰਹੇ ਸਨ। ਹਰਮੋਨੀਅਮ ਦੇ ਨਾਲ ਦੋ ਢੱਡਾਂ ਤੇ ਬੋਰੀਆਂ ਸੀਣ ਵਾਲੇ ਸੂਏ
ਨਾਲ ਗਵੰਤਰੀ ਇੱਕ ਕੌਲੀ ਵੀ ਵਜਾ ਰਹੇ ਸਨ। ਫੇਰ ਭਗਤ ਸੁਖੀਆ ਨੇ ਅਨੇਕਾਂ ਸੰਗਲੀਆਂ
ਵਾਲੀ ਲੋਹੇ ਦੀ ਇੱਕ ਛੜੀ ਨੂੰ ਹੱਥ ਪਾਇਆ। ਉਹ ਸੱਪ ਵਾਂਗ ਸ਼ੂਕ ਰਿਹਾ ਸੀ। ਤੇ ਲੋਕ
ਗੁੱਗੇ ਦੀ ਜੈ ਕਰ ਰਹੇ ਸਨ। ਜੋ ਹੁਣ ਆਪਣੇ ਭਗਤ ਤੇ ਮਿਹਰ ਕਰਕੇ ਉਸ ਰਾਹੀਂ ਪ੍ਰਗਟ
ਹੋ ਰਿਹਾ ਸੀ।
ਭਗਤ ਸੁੱਖੀਆ ਨੇ ਖੇਡਣਾ ਸ਼ੁਰੂ ਕੀਤਾ। ਉਹ ਵਾਰ ਵਾਰ ਲੋਹੇ ਦੀ
ਛੜੀ ਘੁਮਾ ਕੇ ਆਪਣੀ ਨੰਗੀ ਪਿੱਠ ਤੇ ਮਾਰਦਾ। ਉਸਦੇ ਪਿੰਡੇ ਵਿੱਚੋਂ ਲਹੂ ਸਿੱਮ ਰਿਹਾ
ਸੀ। ਤੇ ਲੋਕ ਲੋਕ ਜੈ ਜੈ ਕਾਰ ਕਰ ਰਹੇ ਸਨ। ਚੜ੍ਹਾਵਾ ਵੀ ਬਹੁਤ ਚੜ ਰਿਹਾ ਸੀ।
ਗੁੱਗੇ ਦੀ ਮਿਹਰ ਹੋ ਰਹੀ ਸੀ। ਇੱਸ ਵਿੱਚ ਅੱਧਾ ਹਿੱਸਾ ਰੌਣਕੀ ਰਾਮ ਨੂੰ ਤੇ ਅੱਧਾ
ਹਿੱਸਾ ਭਗਤ ਸੁੱਖੀਆ ਨੂੰ ਜਾਣਾ ਸੀ।
ਰੌਣਕੀ ਪਿੰਡ ਦਾ ਪ੍ਰੋਹਿਤ ਵੀ ਸੀ ਤੇ ਸੁੱਖੀਆ ਲਾਗੀ ਝੀਰ।
ਉਹ ਲੋਕਾਂ ਦੇ ਟੋਕਰੇ ਬਣਾਉਂਦਾ, ਲਾਗ ਕਰਦਾ, ਹਾੜੀ ਵਿੱਚ ਮਸ਼ਕ ਨਾਲ ਵਾਢੀਆਂ ਨੂੰ
ਪਾਣੀ ਪਿਆਂਉਦਾ। ਨਵੇਂ ਕੱਪੜੇ ਉਹ ਸਿਰਫ ਅੱਜ ਦੇ ਦਿਨ ਹੀ ਪਹਿਨਦਾ। ਇਸ ਚੜ੍ਹਾਵੇ
ਸਦਕਾ ਗੁੱਗੇ ਦੀ ਮਿਹਰ ਨਾਲ ਉਸਦਾ ਸਾਲ ਲੰਘ ਜਾਂਦਾ।
ਭਗਤ ਸੁੱਖੀਆ ਭੀੜ ਦੇ ਅੱਗੇ ਅੱਗੇ ਸਿਰ ਘੁਮਾਉਂਦਾ ਤੇ ਛੜੀਆਂ
ਖੇਡਦਾ ਜਾ ਰਿਹਾ ਸੀ। ਉਹ ਸੱਪ ਵਾਂਗ ਸ਼ੂਕ ਵੀ ਰਿਹਾ ਸੀ। ਇਹ ਹਜ਼ੂਮ ਪਿੰਡ ਪਾਰ ਕਰਦਾ
ਗੁੱਗਾ ਮਾੜੀ ਤੱਕ ਜਾ ਪਹੁੰਚਿਆ। ਉੱਥੇ ਜਾ ਕੇ ਸੁੱਖੀਆ ਰਾਮ ਬਹੁਤ ਖੇਡਿਆ। ਲੋਕਾਂ
ਅਨਾਜ ਦੇ ਢੇਰ ਲਗਾ ਦਿੱਤੇ। ਦੁੱਧ ਦੀਆਂ ਬਾਲਟੀਆਂ ਭਰ ਗਈਆਂ। ਇੱਕ ਬੰਗਾਲਾ ਬੀਨ
ਦੀਆਂ ਧੁਨਾਂ ਕੱਢਦਾ ਸੱਚੀ ਮੁੱਚੀ ਦਾ ਨਾਗ ਦਿਖਾ ਰਿਹਾ ਸੀ। ਲੋਕ ਇਸ ਨੂੰ ਵੀ ਮੱਥਾ
ਟੇਕ ਰਹੇ ਸਨ। ਚੁੱਕਿਆ ਝੰਡਾ ਮਾੜੀ ਨਾਲ ਖੜਾ ਕਰ ਦਿੱਤਾ ਗਿਆ। ਲੋਕ ਅਜੇ ਵੀ
ਚੜ੍ਹਾਵਾ ਚੜਾ ਰਹੇ ਸਨ। ਭਗਤ ਸੁੱਖੀਆ ਨੇ ਹੁਣ ਕਿੰਨੇ ਹੀ ਦਿਨ ਮੰਜੇ ਤੋਂ ਨਹੀਂ ਸੀ
ਉੱਠ ਸਕਣਾ। ਰੋਜ਼ ਉਸਦੀ ਪਤਨੀ ਬੀਬੋ ਨੇ ਕੋਸੇ ਤੇਲ ਨਾਲ ਉਸ ਦੀਆਂ ਮਾਲਸ਼ਾ ਕਰਨੀਆਂ
ਸਨ। ਇਹ ਉਨ੍ਹਾਂ ਲਈ ਇੱਕ ਦਿਨ ਦੀ ਔਖ ਤੇ ਸਾਲ ਦੀ ਸੌਖ ਵਾਲੀ ਗੱਲ ਸੀ।
ਇਹ ਮੇਲਾ ਗੇਲਾ ਦੇਖਣ ਅੱਜ ਸੁਰਜੀਤ ਵੀ ਆ ਗਿਆ ਸੀ। ਜੋ ਆਪਣਾ
ਸਾਈਕਲ ਲਈਂ, ਹਵਾ ਪਿਆਜ਼ੀ ਹੋਇਆ ਖੜਾ ਸੀ। ਉਸ ਦਾ ਵਿਚਾਰ ਸੀ ਕਿ ਪੈੱਗ ਲਾਏ ਮਗੈਰ
ਮੇਲਾ ਦੇਖਣ ਦਾ ਕੀ ਨਜ਼ਾਰਾ…? ਉਹ ਕਿਸੇ ਨੂੰ ਦੱਸ ਰਿਹਾ ਸੀ ਕਿ ਗਿਆਰਵੀ ਸਦੀ ਵਿੱਚ
ਜੱਗਦਿਉ ਪਰਮਾਰ ਦੇ ਸਮੇਂ ਗੁੱਗਾ ਹੋਇਆ ਸੀ ਜੋ ਇੱਕ ਰਾਜਪੂਤ ਚੌਹਾਨ ਸੀ। ਇੱਕ ਬਾਸ਼ਕ
ਨਾਂ ਦੀ ਔਰਤ ਦੇ ਉਲਾਦ ਨਹੀਂ ਸੀ ਹੁੰਦੀ। ਉਸ ਨੇ ਗੋਰਖ ਦੇ ਟਿੱਲੇ ਤੋਂ ਗੁੱਗਲ ਲਿਆ
ਕੇ ਪੁੱਤਰ ਦੀ ਦਾਤ ਮੰਗੀ ਸੀ। ਗੁੱਗਲ ਕਰਕੇ ਪੈਦਾ ਹੋਏ ਸਮਝੇ ਜਾਂਦੇ ਪੁੱਤਰ ਦਾ ਨਾਂ
ਗੁੱਗਾ ਪਿਆ। ਉਹ ਸੱਪ ਦੇ ਕੱਟਿਆਂ ਦਾ ਇਲਾਜ ਵੀ ਕਰਦਾ ਰਿਹਾ। ਲੋਕ ਉਸ ਨੂੰ ਨਾਗ ਦਾ
ਅਵਤਾਰ ਮੰਨਦੇ ਸਨ। ਦੁਨੀਆਂ ਦੂਰ ਦੂਰ ਤੋਂ ਉਸ ਕੋਲ ਆਂਉਦੀ ਸੀ। ਰਾਜਾ ਜੱਗਦਿਉ ਵੀ
ਉਸ ਨੂੰ ਮੰਨਦਾ ਸੀ। ਉਸ ਨੇ ਹੀ ਸਾਰੇ ਪੰਜਾਬ ਵਿੱਚ ਗੁੱਗਾ ਮਾੜੀਆਂ ਬਣਵਾਈਆਂ। ਗਵਈਏ
ਉਸੇ ਨੂੰ ਗੁੱਗਾ ਜ਼ਾਹਰਾ ਪੀਰ ਕਹਿ ਕਹਿ ਕੇ ਵਡਿਆਂਉਂਦੇ ਨੇ।
ਮਾੜੀ ਤੇ ਕਈ ਲੋਕ ਚਾਂਦੀ ਦੇ ਸੱਪ ਬਣਾ ਕੇ ਵੀ ਚੜਾਂਉਂਦੇ।
ਤਾਂ ਕਿ ਉਨ੍ਹਾਂ ਦਾ ਪਰਿਵਾਰ ਅਤੇ ਡੰਗਰ ਪਸ਼ੂ ਸੱਪ ਦੀ ਕਰੋਪੀ ਤੋਂ ਬਚੇ ਰਹਿਣ। ਮੇਲੇ
ਤੇ ਲੋਕ ਪਤਾਸੇ ਹਲਵਾਈ ਦੀ ਦੁਕਾਨ ਤੋਂ ਪਤੌੜ ਅਤੇ ਲੂਣ ਲੱਗੇ ਅਮਰੂਦ ਲੈ ਕੇ ਖਾਅ
ਰਹੇ ਸਨ। ਕੁੜੀਆਂ ਵੰਗਾਂ ਚੜਾ ਰਹੀਆਂ ਸਨ। ਇੱਕ ਭਾਈ ਸਾਈਕਲ ਤੇ ਲੱਗੇ ਰੰਦੇ ਤੇ ਰਗੜ
ਕੇ ਰੰਗ ਬਿਰੰਗੀ ਬਰਫ ਦੇ ਪੱਤੇ ਵੇਚ ਰਿਹਾ ਸੀ ਤੇ ਆਖ ਰਿਹਾ ਸੀ ਪੰਜੀ ਦਾ ਪੱਤਾ
ਭਰਕੇ…। ਨਿਆਣੇ ਉਸ ਨੂੰ ਘੇਰਾ ਪਾਈ ਖੜੇ ਸਨ। ਮਨਦੀਪ ਨੇ ਵੀ ਆਪਣੀ ਨਾਨੀ ਨਾਲ ਗੁੱਗੇ
ਦੀ ਮਿੱਟੀ ਕੱਢੀ। ਸੁਰਜੀਤ ਦਾ ਸਾਈਕਲ ਉਨ੍ਹਾਂ ਦੇ ਘਰ ਵਲ ਨੂੰ ਮੁੜ ਗਿਆ। ਮਾੜੀ ਤੋਂ
ਗਵੰਤਰੀਆਂ ਦੀਆਂ ਆਵਾਜ਼ਾਂ ਅਜੇ ਵੀ ਆ ਰਹੀਆਂ ਸਨ:-
ਜੋ ਗੁੱਗੇ ਪੀਰ ਨੂੰ ਧਿਆਵੇ, ਨਾਲੇ ਮਨ ਨੂੰ ਟਿਕਾਵੇ
ਜਿਹੜਾ ਉਹਦੇ ਦਰ ਆਵੇ, ਮੂੰਹੋ ਮੰਗਿਆ ਉਹ ਪਾਵੇ,
ਹਾਂ ਜੀ, ਹਾਂ ਜੀ.......................................। |