ਆਰੰਭਿਕਾ
ਮੰਥਨ ਤੋਂ ਪਹਿਲਾਂ
ਮੇਰੀ ਹਾਲਤ ਸਾਗਰ ਕੰਢੇ ਖੜ੍ਹੇ ਉਸ
ਮਨੁੱਖ ਵਰਗੀ ਹੈ, ਜਿਸ ਨੂੰ ਨਾਂ ਤਾਂ ਤੈਰਨਾ ਆਉਂਦਾ ਹੈ ਤੇ ਨਾ ਹੀ ਗਹਿਰਾਈ
ਦਾ ਕੋਈ ਅਹਿਸਾਸ ਹੈ। ਮੈਂ ਕਹਾਣੀ ਲਿਖਦਾ ਲਿਖਦਾ ਇਸ ਵੱਡ-ਅਕਾਰੀ ਰਚਨਾ ਨੂੰ
ਹੱਥ ਪਾ ਬੈਠਾ। ਹੁਣ ਮੈਨੂੰ ਨਹੀਂ ਪਤਾ ਇਹ ਕਿਸ ਵਿਧਾ ਦੇ ਮਾਪਦੰਡ ਤੇ ਪੂਰੀ
ਉਤਰਦੀ ਹੈ। ਤੁਸੀਂ ਇਸ ਨੂੰ ਨਾਵਲ ਕਹੋ, ਵੱਡੀ ਕਹਾਣੀ ਕਹੋ ਜਾਂ ਆਤਮ ਵਿਖਿਆਨ
ਜੋ ਮਨ ਵਿੱਚ ਆਇਆ ਮੈਂ ਲਿਖ ਦਿੱਤਾ।
ਇਸ ਸਵੈ-ਮੂਲਕ ਨਾਵਲੀ ਰਚਨਾ ਦਾ
ਪਲਾਟ ਉਦੋਂ ਹੀ ਮੇਰੇ ਮਨ ਵਿੱਚ ਪੁੰਗਰਨਾ ਸ਼ੁਰੂ ਹੋ ਗਿਆ ਸੀ ਜਦੋਂ 1990
ਵਿੱਚ ਮੈਂ ਭਾਰਤ ਛੱਡਿਆ। ਮਨ ਵਿੱਚ ਸਵਾਲ ਉੱਠਣੇ ਸ਼ੁਰੂ ਹੋਏ, ਕਿ ਮੈਂ
ਕੈਨੇਡਾ ਕਿਉਂ ਤੇ ਕੀ ਕਰਨ ਆਇਆ ਹਾਂ? ਜਿੱਥੇ ਮੇਰਾ ਜਨਮ ਹੋਇਆ, ਜਿਨਾਂ
ਗਲੀਆਂ ਵਿੱਚ ਮੈਂ ਖੇਡਿਆ ਤੇ ਵੱਡਾ ਹੋਇਆ ਜਾਂ ਆਪਣੀ ਪੜ੍ਹਾਈ ਕੀਤੀ। ਜਿੱਥੇ
ਮੇਰੇ ਦੋਸਤ, ਰਿਸ਼ਤੇ ਨਾਤੇ ਤੇ ਦਿਲ ਦੀ ਸਾਂਝ ਹੈ। ਜਿਸ ਮਿੱਟੀ ਨਾਲ ਮੇਰੇ
ਸੰਸਕਾਰ ਜੁੜੇ ਹੋਏ ਨੇ, ਜੋ ਮੇਰੇ ਚੇਤਨ ਅਤੇ ਅਵਚੇਤਨ ‘ਚ ਪਏ ਨੇ। ਜਿਸ
ਸੱਭਿਆਚਾਰ ਦੇ ਸਮੁੰਦਰ ਵਿੱਚ ਮੈਂ ਡੁਬਕੀਆਂ ਲਾਉਂਦਾ ਵੱਡਾ ਹੋਇਆ ਹਾਂ। ਉਹ
ਸਭ ਕਾਸੇ ਨੂੰ ਮੈਂ ਕਿਉਂ ਛੱਡ ਆਇਆ? ਇਹ ਮੇਰੀ ਮਰਜ਼ੀ ਸੀ ਜਾਂ ਮਜ਼ਬੂਰੀ? ਇਹ
ਹਾਲਾਤ ਕਿਸੇ ਨੇ ਤੇ ਕਿਉਂ ਪੈਦਾ ਕੀਤੇ? ਬੱਸ ਏਸੇ ਕਸ਼ਮਕਸ਼ ‘ਚੋਂ ਜਨਮਿਆ ਹੈ
ਇਹ ਨਾਵਲ।
ਇਸ ਨੂੰ ਮੈਂ 1993 ਵਿੱਚ ਲਿਖਣਾ
ਸ਼ੁਰੂ ਕੀਤਾ। ਫੇਰ ਕਦੇ ਲਿਖ ਲਿਆ ਕਦੇ ਰੱਖ ਲਿਆ। ਇਨ੍ਹਾਂ ਵੀਹ ਸਾਲਾਂ ਵਿੱਚ
ਜਵਾਨੀ ਅਧੇੜ ਉਮਰ ‘ਚ ਤਬਦੀਲ ਹੋ ਗਈ। ਬੱਚੇ ਜਵਾਨ ਹੋ ਕੇ ਯੂਨੀਵਰਸਿਟੀਆਂ
ਤੱਕ ਪਹੁੰਚ ਗਏ। ਕਿੰਨੇ ਹੀ ਬੰਦੇ ਜੀਵਨ ਦੇ ਮੇਲੇ ‘ਚੋਂ ਵਿਛੜ ਗਏ। ਅਨੇਕਾਂ
ਰੁੱਤਾਂ ਬਦਲੀਆਂ, ਕਹਿਰਵਾਨ ਮੌਸਮਾਂ ਦੀ ਮਾਰ ਝੱਲੀ। ਪਰ ਮਨ ‘ਚ ਪਿਆ ਬੀਜ਼
ਪੁੰਗਰਦਾ ਪੁੰਗਰਦਾ ਬੂਟਾ, ਤੇ ਫੇਰ ਬ੍ਰਿਛ ਬਣ ਗਿਆ।
ਮੇਰਾ ਕਿਸੇ ਪੁਨਰ ਜਨਮ ਵਿੱਚ ਤਾਂ
ਵਿਸਵਾਸ਼ ਨਹੀਂ ਹੈ। ਪਰ ਮੈਂ ਵਕਤ ਨੂੰ ਪਿੱਛੇ ਮੁੜਦਿਆਂ ਮਹਿਸੂਸ ਕੀਤਾ ਹੈ।
ਆਪਣਾ ਬਚਪਨ ਮੈਂ ਦੋਬਾਰਾ ਤੋਂ ਹੰਢਾਇਆ ਤੇ ਇੱਕ ਵੱਖਰੇ ਦ੍ਰਿਸ਼ੀਕੋਨ ਤੋਂ
ਵੇਖਿਆ। ਮੈਂ ਮੁੜ ਤੋਂ ਅੱਧੀ ਸਦੀ ਪਹਿਲਾਂ ਵਾਲੇ ਪੰਜਾਬ ਵਿੱਚ ਜੀਵਿਆ,
ਉਨ੍ਹਾਂ ਰੇਤਲੇ ਟਿੱਬਿਆਂ ਦੀ ਤਪਸ਼ ਮਹਿਸੂਸ ਕੀਤੀ, ਜਨਮ ਭੂਮੀ ਦੀਆਂ ਉਨ੍ਹਾਂ
ਗਲੀਆਂ ਵਿੱਚ ਖੇਡਿਆ ਕੁੱਦਿਆ। ਉਦੋਂ ਮੇਰਾ ਆਪਾ, ਮੁੱਖ ਪਾਤਰ ਵਿੱਚ ਤਬਦੀਲ
ਹੋਣ ਲੱਗਿਆ। ਇਹ ਇਕੱਲੀ ਕਿਸੇ ਇੱਕ ਪਾਤਰ ਦੀ ਹੋਣੀ ਨਹੀਂ ਸੀ, ਸਗੋਂ ਉਸ ਦੌਰ
ਦੇ ਸਮੁੱਚੇ ਪੰਜਾਬੀ ਨੌਜਵਾਨਾਂ ਦੀ ਹੋਣੀ ਸੀ, ਜਿਨਾਂ ਨੂੰ ਬਦਲ ਰਹੇ
ਹਾਲਾਤਾਂ ਨੇ ਇੱਕ ਦੇਸ਼ ਨਿਕਾਲੇ ਲਈ ਮਜ਼ਬੂਰ ਕਰ ਦਿੱਤਾ ਸੀ।
ਇਹ ਸਮਾਂ 1960 ਤੋਂ 1990 ਦੇ
ਵਿਚਕਾਰ ਦਾ ਸੀ, ਜਦੋਂ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਤਬਦੀਲੀ ਆਈ।
ਜਿਵੇਂ ਸਹੰਸਰ ਬੀਤ ਜਾਣ ਬਾਅਦ ਧਰਤੀ ਦੀ ਪੋਲ-ਸ਼ਿਫਟਿੰਗ ਹੁੰਦੀ ਹੈ, ਇਸੇ
ਪ੍ਰਕਾਰ ਇੱਕ ਯੁੱਗ ਦੂਸਰੇ ਵਿੱਚ ਤਬਦੀਲ ਹੋ ਰਿਹਾ ਸੀ। ਜਗੀਰਦਾਰੀ ਤੇ ਉਸ
ਨਾਲ ਸਬੰਧਤ ਕਦਰਾਂ ਕੀਮਤਾਂ ਦਮ ਤੋੜ ਰਹੀਆਂ ਸਨ ਤੇ ਪੂੰਜੀਵਾਦ ਨੇ ਪੈਰ
ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਏਸ ਦੌਰ ਦੀ ਉਪਜ ਸਾਰੇ ਕਿਰਦਾਰ ਮਰ ਰਹੇ ਸਨ
ਤੇ ਕਬਜ਼ੇ ਦਾ ਨਵਾਂ ਰੂਪ ਆਪਣੇ ਰੰਗ ਵਿਖਾਲਣ ਲੱਗਿਆ ਸੀ। ਨਵ-ਬਸਤੀਵਾਦ ਦੇ ਇਸ
ਦੌਰ ਦੀ ਸ਼ੁਰੂਆਤ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਹੋਈ। ਕਾਰਪੋਰੇਸ਼ਨਾਂ ਤੇ
ਬਹੁਕੌਮੀ ਕੰਪਨੀਆਂ ਨੇ ਨਿੱਕੀਆਂ ਸਨਅਤਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ
ਨਿਘਲਣਾ ਸ਼ੁਰੂ ਕਰ ਦਿੱਤਾ। ਮੁਨਾਫਾਖੋਰਾਂ ਦੀ ਇਸ ਚਾਲ ਨਾਲ ਪੰਜਾਬ ਵਿੱਚ
ਜੈਵਿਕ ਖੇਤੀ ਦਾ ਭੋਗ ਪੈ ਗਿਆ। ਫੇਰ ਪੰਜਾਬੀਆਂ ਦੀ ਸਿਹਤ ਗਰਕਣ ਲੱਗੀ, ਪਾਣੀ
ਗੰਧਲਣ ਲੱਗੇ ਅਤੇ ਜ਼ਹਿਰ ਫੈਲਣ ਲੱਗਿਆ।
ਇਹ ਬਦਲਾਅ ਇਕੱਲਾ ਖੇਤੀ ਖੇਤਰ,
ਖਾਣ ਪੀਣ ਜਾਂ ਰਹਿਣ ਸਹਿਣ ਵਿੱਚ ਹੀ ਨਹੀਂ ਆਇਆ ਸਗੋਂ ਧਰਮ ਦਾ ਰੂਪ ਵੀ ਬਦਲਣ
ਲੱਗਾ। ਡੇਰੇ ਕੈਂਸਰ ਵਾਂਗ ਵਧਣ ਲੱਗੇ ਤੇ ਬਾਬਾ ਵਾਦ ਪੈਰ ਪਸਾਰਨ ਲੱਗਿਆ।
ਜਦੋਂ ਆਮ ਜਨਤਾ ਲਹੂ ਭਿੱਜੇ ਜ਼ੁਬਾੜਿਆਂ ਹੇਠ ਆਉਣ ਲੱਗੀ ਤਾਂ ਕਈ ਤਰ੍ਹਾਂ ਦੇ
ਸੰਘਰਸ਼ ਤੇ ਲਹਿਰਾਂ ਉੱਠ ਖਲੋਈਆਂ। ਜਿਨ੍ਹਾਂ ਨੂੰ ਧਰਮ ਅਤੇ ਸਿਆਸਤ ਦੀ
ਭਾਈਵਾਲੀ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ।
ਨਿੱਜੀ ਹਿੱਤਾਂ ਦੀ ਪੂਰਤੀ ਲਈ
1966 ਵਿੱਚ ਪੰਜਾਬੀ ਸੂਬੀ ਦਾ ਨਵਾਂ ਰੂਪ ਸਾਹਮਣੇ ਆਇਆ ਜੋ ਨਿਰੋਲ ਨਸਲਵਾਦੀ
ਵਰਤਾਰੇ ਦਾ ਸਿੱਟਾ ਸੀ। ਕੌਮੀ ਬਹੁਗਿਣਤੀ ਹੁਣ ਸੂਬੇ ਵਿੱਚ ਘੱਟ ਗਿਣਤੀ ਰਹਿ
ਗਈ। ਇਸੇ ਡਰ ‘ਚੋਂ ਫਿਰਕਾਪ੍ਰਸਤੀ ਪਨਪਣੀ ਸ਼ੁਰੂ ਹੋ ਗਈ। ਸਿਆਸੀ ਸ਼ਤਰੰਜ ਖੇਡਣ
ਵਾਲਿਆਂ ਨੂੰ ਇੱਕ ਧਰਮ ਵਲੋਂ ਪੱਕੀ ਕੀਤੀ, ਸਤਾ ਦੀ ਕੁਰਸੀ ਪ੍ਰਵਾਨ ਨਹੀਂ
ਸੀ। ਉਨ੍ਹਾਂ ਕੁਰਸੀ ਖਿੱਚਣ ਲਈ ਵੋਟ ਬੈਂਕ ਦੀ ਅਨੁਪਾਤ ਤਾਂ ਬਦਲਣੀ ਹੀ ਸੀ।
ਹਾਸ਼ੀਆ ਗ੍ਰਸਤ ਹੋ ਗਈ ਪਹਿਚਾਣ ਨੂੰ ਮੁੜ ਤੋਂ ਮੁਕਾਬਲੇ ਤੇ ਜਾਂ ਬਹੁਗਿਣਤੀ
ਵਿੱਚ ਲਿਆਉਣਾ ਸੀ। ਫੇਰ ਪੰਜਾਬ ਵਿੱਚ ਅਜ਼ੀਬੋ ਗਰੀਬ ਕਿਸਮ ਦੀਆਂ ਲੂੰਬੜ
ਚਾਲਾਂ ਤੇ ਨਿਵੇਕਲੀ ਕਿਸਮ ਦੀ ਭਾਈਵਾਲੀ ਦਾ ਜਨਮ ਹੋਇਆ। ਜਿਸ ਦਾ ਖਮਿਆਜ਼ਾ ਹਰ
ਪੰਜਾਬੀ ਨੂੰ ਭੁਗਤਣਾ ਪਿਆ। ਏਸੇ ਗੱਲ ਦੀ ਬਾਤ ਪਾਉਂਦੀ ਹੈ, ਇਹ ਰਚਨਾ।
ਪੰਜਾਬ ਵਿੱਚ ਇੱਕ ਪੂਰਾ ਪ੍ਰਬੰਧ
ਹੀ ਮਰ ਰਿਹਾ ਸੀ, ਤੇ ਉਸ ਨਾਲ ਸਬੰਧਤ ਲੋਕ ਵੀ ਮਾਨਸਿਕ ਮੌਤ ਮਰਨ ਲੱਗੇ।
ਜਦੋਂ ਕੋਈ ਜਹਾਜ਼ ਡੁੱਬਦਾ ਹੈ, ਤਾਂ ਪੰਛੀ ਵੀ ਉਸ ਤੋਂ ਉਡਾਰੀ ਮਾਰ ਜਾਂਦੇ
ਹਨ। ਪੰਜਾਬ ਵਾਸੀਆਂ ਦਾ ਵੀ ਏਹੋ ਹਾਲ ਸੀ। ਉਹ ਅੰਨ੍ਹੇਵਾਹ ਬਾਹਰਲੇ ਦੇਸ਼ਾਂ
ਨੂੰ ਦੌੜਨੇ ਸੁਰੂ ਹੋਏ। ਦੇਸ਼ ਦਾ ਸਭ ਤੋਂ ਅਮੀਰ ਸੂਬਾ ਨਿਰਾਸ਼ਾ ਕਾਰਨ ਨਸ਼ਿਆਂ
ਦੀ ਦਲਦਲ ਵਿੱਚ ਧਸਣ ਲੱਗਾ। ਇਸ ਦੀ ਪਛਾਣ ਅੰਨਦਾਤਾ ਦੀ ਬਜਾਏ ਕੁੜੀ-ਮਾਰ
ਸੂਬੇ ਵਜੋਂ ਉਭਰਨ ਲੱਗੀ। ਪੰਜਾਬ ਵਿੱਚੋਂ ਦੁੱਧ ਦੀਆਂ ਨਦੀਆਂ, ਪਹਿਲਵਾਨਾਂ
ਦੇ ਅਖਾੜੇ ਅਤੇ ਨਿੱਗਰ ਰੁਹਰੀਤਾਂ ਅਲੋਪ ਹੋਣ ਲੱਗੀਆਂ।
ਫੇਰ ਬਲਦਾਂ ਦੀਆਂ ਘੁੰਗਰਾਲਾਂ ਤੇ
ਟੱਲੀਆਂ ‘ਚੋਂ ਪੈਦਾ ਹੋਇਆ ਸੰਗੀਤ, ਪਾੜਛੇ ‘ਚ ਡਿਗਦੇ ਪਾਣੀ ਕਲ ਕਲ ਤੇ
ਪਵਿੱਤਰ ਜੀਵਨ ਜਾਂਚ ਬੀਤੇ ਵਕਤ ਦੀਆਂ ਗੱਲਾਂ ਬਣ ਗਏ। ਪੰਜਾਬ ਵਿੱਚ ਕੋਈ
ਸੂਰਮਾਂ ਨਾ ਨਿੱਤਰਿਆ ਜੋ ਇਸਦੀ ਗੌਰਵਮਈ ਵਿਰਾਸਤ ਨੂੰ ਸੰਭਾਲ ਕੇ ਅਗਲੀਆਂ
ਪੀੜ੍ਹੀਆਂ ਤੱਕ ਪਹੁੰਚਾਅ ਸਕਦਾ। ਅਜਾਇਬ ਘਰਾਂ ਨਾਲ ਜਾਂ ਸਾਹਿਤ ਕਲਾ ਨਾਲ
ਤਾਂ ਪੰਜਾਬੀਆਂ ਦਾ ਰਿਸ਼ਤਾਂ ਨਾਬਰਾਬਰ ਹੀ ਰਹਿ ਗਿਆ। ਹਾਂ ਹਾਤਿਆਂ ਵਿੱਚ
ਜਰੂਰ ਭੀੜਾਂ ਵਧਣ ਲੱਗੀਆਂ। ਤੇ ਇੱਕ ਸੱਭਿਆਚਾਰ ਦਾ ਸਮੁੰਦਰ ਸੁੱਕਣ ਲੱਗਿਆ।
ਹੱਥਲੀ ਪੁਸਤਕ ਵਿੱਚ ਮੈਂ ਇਸ ਨੂੰ
ਕੁੱਝ ਸੰਭਾਲਣ ਦਾ ਯਤਨ ਕੀਤਾ ਹੈ। ਤਾਂ ਕਿ ਪਰਵਾਸੀ ਪੰਜਾਬੀਆਂ ਦੀਆਂ ਅਗਲੀਆਂ
ਪੀੜ੍ਹੀਆਂ ਜੇ ਚਾਹੁਣ ਤਾਂ ਆਪਣੇ ਪੁਰਖਿਆਂ ਦੀਆਂ ਪੈੜਾਂ ਲੱਭ ਸਕਣ ਤੇ ਨਕਸ਼
ਪਛਾਣ ਸਕਣ। ਆਖਿਰ ਕਦੀ ਤਾਂ ਕੋਈ ਪੰਜਾਬੀ ਨਸਲ ਦਾ ਬੱਚਾ ਆਪਣੀਆਂ ਜੜ੍ਹਾਂ
ਨੂੰ ਲੱਭਣਾ ਚਾਹੇਗਾ ਹੀ। ਸੰਸਾਰੀ ਕਰਨ ਦੇ ਸਾਗਰ ਵਿੱਚ ਲੁਪਤ ਹੋਣ ਤੋਂ
ਪਹਿਲਾਂ ਅਜਿਹੀਆਂ ਰਚਨਾਵਾਂ ਦਾ ਭਵਿੱਖ ਵਿੱਚ ਆਪਣਾ ਹੀ ਮਹੱਤਵ ਹੋਵੇਗਾ।
ਨਾਵਲ ਦੇ ਸ਼ੁਰੂ ਵਿੱਚ ਮੈਂ ਉਸ
ਖੇਤੀਬਾੜੀ ਪ੍ਰਧਾਨ ਪੰਜਾਬ ਨੂੰ ਸਿਰਜਿਆ ਹੈ ਜੋ ਕਦੇ ਭਾਰਤ ਦਾ ਤਾਜ਼ ਹੋਇਆ
ਕਰਦਾ ਸੀ। ਇਸ ਦੇ ਪਿਛੋਕੜ ਬਾਰੇ ਵੀ ਸੰਕੇਤ ਹਨ, ਜਦੋਂ ਕਬੀਲੇ ਅਜੇ ਪਿੰਡ
ਬੰਨਣ ਲੱਗੇ ਸਨ। ਇਸ ਧਰਤੀ ਤੇ ਪੰਜ ਹਜ਼ਾਰ ਸਾਲ ਪਹਿਲਾਂ ਆਰੀਅਨ ਆਏ ਤੇ ਉਸ
ਤੋਂ ਪਹਿਲਾਂ ਦਰਾਵਿੜ ਵਸਦੇ ਸਨ। ਆਰੀਅਨ ਇਸ ਦਰਿਆਵਾਂ ਦੀ ਧਰਤੀ ਜਾਂ ਜ਼ਰਖੇਜ਼
ਜ਼ਮੀਨ ਤੇ ਚੰਗੇਰੇ ਭਵਿੱਖ ਦੀ ਆਸ ਲੈ ਕੇ ਹੀ ਆਏ ਹੋਣਗੇ। ਜਿਨ੍ਹਾਂ ਨੇ ਸਿੰਧੂ
ਘਾਟੀ ਦੀ ਸੱਭਿਅਤਾ ਨੂੰ ਜਨਮ ਦਿੱਤਾ। ਤੇ ਫੇਰ ਸਪਤ ਸਿੰਧੂ ਤੋਂ ਪੰਜਾਬ
ਬਣਿਆ।
ਇਸ ਧਰਤੀ ਤੇ ਅਨੇਕਾਂ ਨੇ ਰਾਜ
ਕੀਤਾ ਤੇ ਮਾਹਾਰਾਜਾ ਰਣਜੀਤ ਸਿੰਘ ਨੇ ਵੀ। ਜੋ ਪੰਜਾਬੀਆਂ ਦਾ ਆਪਣਾ ਰਾਜ ਸੀ।
ਇਸੇ ਧਰਤੀ ਤੇ ਵੇਦ, ਉਪਨਿਸ਼ਦ, ਰਮਾਇਣ ਮਹਾਂਭਾਰਤ, ਗੀਤਾ ਅਤੇ ਗੁਰੂਗਰੰਥ
ਸਹਿਬ ਰਚੇ ਗਏ। ਏਥੇ ਹੀ ਰਾਮਚੰਦਰ ਨੇ ਸੀਤਾ ਦੀ ਅਗਨ ਪ੍ਰੀਖਿਆ ਲਈ ਤੇ
ਵਾਲਮੀਕ ਰਿਸ਼ੀ ਨੇ ਸਹਾਰਾ ਦਿੱਤਾ। ਏਥੇ ਹੀ ਲਵ ਨੇ ਲਹੌਰ ਤੇ ਕੁਸ਼ ਨੇ ਕਸੂਰ
ਵਸਾਇਆ।
ਫੇਰ ਮਹਾਂਭਾਰਤ ਦਾ ਜੰਗ ਵੀ ਏਸ
ਧਰਤੀ ਨੇ ਵੇਖਿਆ। ਸਿਕੰਦਰ ਮਹਾਨ ਤੋਂ ਲੈ ਕੇ ਮੁਗ਼ਲ ਹਮਲਾਵਰਾ ਤੱਕ ਇਹ ਮਿੱਟੀ
ਰੱਤ ਨਾਲ ਰੰਗੀ ਜਾਂਦੀ ਰਹੀ। ਰੱਤ ਚੋਂ ਸੂਹੇ ਫੁੱਲ ਖਿੜਦੇ ਰਹੇ। ਅਨੇਕਾਂ
ਪਿਆਰ ਕਹਾਣੀਆਂ ਕਿੱਸਾ ਕਾਵਿ ਰਾਹੀਂ ਪ੍ਰਵਾਨ ਚੜੀਆਂ। ਨਾਥਾਂ ਜੋਗੀਆਂ ਵਲੋਂ
ਕਾਵਿ-ਰਚਨਾ ਹੋਈ। ਸੂਫੀ ਕਾਵਿ ਰਚਿਆਂ ਗਿਆ। ਬਾਬਾ ਫਰੀਦ, ਗੁਰੂ ਨਾਨਕ ਵਾਰਿਸ
ਅਤੇ ਬੁੱਲੇ ਸ਼ਾਹ ਇਸੇ ਧਰਤੀ ਦੀ ਦੇਣ ਸਨ। ਇਹ ਧਰਤੀ ਅਮੀਰ ਵਿਰਸੇ ਦੀ ਮਾਲਿਕ
ਰਹੀ ਹੈ, ਜਿਸ ਨੇ ਦੁਨੀਆਂ ਨੂੰ ਬੌਧਿਕ ਅਮੀਰੀ ਦਿੱਤੀ।
ਫੇਰ ਅਜਿਹਾ ਕੀ ਵਾਪਰਿਆ ਕਿ ਇਹ
ਖਿੱਤਾ ਕੰਗਾਲੀ ਅਤੇ ਮੰਦਹਾਲੀ ਦਾ ਸ਼ਿਕਾਰ ਹੋ ਗਿਆ। ਸੋਨੇ ਦੀ ਚਿੜੀ ਨੂੰ
ਪਹਿਲਾਂ ਆਟੇ ਦੀ ਤੇ ਫੇਰ ਮਿੱਟੀ ਦੀ ਚਿੜੀ ਬਣਾ ਕੇ ਰੱਖ ਦਿੱਤਾ ਗਿਆ।
ਹਜ਼ਾਰਾਂ ਸਾਲਾਂ ਦਾ ਇਤਿਹਾਸ ਤੇ ਮਥਿਹਾਸ ਲੈ ਕੇ ਚੱਲਣ ਵਾਲਾ ਇਹ ਸੱਭਿਆਚਾਰ
ਦਾ ਜਹਾਜ਼ ਆਖਿਰ ਕਿਉਂ ਡੁੱਬਣ ਲੱਗ ਪਿਆ? ਕਿਉਂ ਇਸਦੀ ਸਤਾਹ ਦਾ ਸੁੱਖ ਮਾਣਦੇ
ਇਸ ਦੇ ਵਸਿੰਦੇ ਇਸ ਨੂੰ ਛੱਡ ਕੇ ਭੱਜਣ ਲਈ ਤਰਲੇ ਲੈਣ ਲੱਗ ਪਏ? ਇਨ੍ਹਾਂ
ਗੱਲਾਂ ਨੂੰ ਵਿਚਾਰਨ ਦੀ ਲੋੜ ਹੈ। ਮੈਂ ਇਸ ਪੁਸਤਕ ਵਿੱਚ ਜਿਨਾਂ ਨੂੰ ਸੰਕੇਤਕ
ਤੌਰ ਤੇ ਬਿਆਨਿਆ ਹੈ।
1947 ਤੋਂ ਪਹਿਲਾਂ ਤਾਂ ਅਸੀਂ ਹਰ
ਗੱਲ ਦਾ ਦੋਸ਼ ਗੋਰਿਆਂ ਨੂੰ ਦਿੰਦੇ ਰਹੇ। ਦੇਸ਼-ਵੰਡ ਦਾ ਭਾਂਡਾ ਵੀ ਉਨ੍ਹਾਂ ਦੇ
ਸਿਰ ਤੇ ਹੀ ਭੰਨ ਦਿੱਤਾ। ਪਰ ਹੁਣ ਜਦੋਂ ਸਾਡੇ ਆਪਣੇ ਹੀ ਚੁਣੇ ਹੋਏ ਲੀਡਰਾਂ
ਦਾ ਰਾਜ ਹੈ ਤਾਂ ਅਸੀਂ ਦੋਸ਼ ਕਿਸ ਨੂੰ ਦਈਏ? ਇਸ ਵਕਤ ਦੇਸ਼ ਦੀ ਨਸ ਨਸ ਵਿੱਚ
ਭ੍ਰਿਸ਼ਟਾਚਾਰ ਦਾ ਲਹੂ ਦੌੜ ਰਿਹਾ ਹੈ। ਬੇਈਮਾਨੀ ਸਾਡੇ ਹੱਡਾਂ ‘ਚ ਰਚ ਗਈ ਹੈ।
ਦੌਲਤ ਕੁੱਝ ਕੁ ਬੰਦਿਆਂ ਦੇ ਹੱਥ ਹੇਠ ਇਕੱਤਰ ਹੋ ਗਈ। ਜਦੋਂ ਕਦੇ ਬਗਾਵਤਾਂ
ਨੇ ਜਨਮ ਲਿਆ, ਤਾਂ ਕੁਚਲ ਦਿੱਤੀਆਂ ਜਾਂਦੀਆਂ ਰਹੀਆਂ। ਤੇ ਆਮ ਬੰਦਾ ਅੱਜ ਵੀ
ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ।
ਰਾਜਨੀਤਕ ਲੋਕਾਂ ਨੇ ਦੇਸ਼ ਦੀ
ਜਵਾਨੀ ਨੂੰ ਸਾਹ ਸੱਤ ਹੀਣ ਕਰ ਦਿੱਤਾ ਹੈ। ਉਸ ਨੂੰ ਨਸ਼ਿਆਂ ਤੇ ਅਪਰਾਧਿਕ
ਰੁਚੀਆਂ ਵੱਲ ਧੱਕਿਆ ਜਾ ਰਿਹਾ ਹੈ। ਤਾਂ ਕਿ ਮੂਲ ਸਮੱਸਿਆਵਾਂ ਅਲੋਪ ਹੀ ਰਹਿਣ
ਤੇ ਲੁੱਟ-ਤੰਤਰ ਇਸੇ ਤਰ੍ਹਾਂ ਚਲਦਾ ਰਹੇ। ਅਰਬਾਂ ਖਰਬਾਂ ਦੇ ਸਕੈਂਡਲ ਰੋਜ਼
ਸਾਹਮਣੇ ਆ ਰਹੇ ਨੇ ਪਰ ਸਰਕਾਰਾਂ ਬੇਸ਼ਰਮੀ ਦੀ ਨੀਂਦ ਸੌ ਰਹੀਆਂ ਨੇ। ਥੱਲੇ
ਤੋਂ ਉੱਪਰ ਤੱਕ ਹਿੱਸਾ ਪੱਤੀ ਚੱਲਦੀ ਹੋਣ ਕਾਰਨ ਇਹ ਚੇਨ ਸਿਸਟਮ ਵਿੱਚੋਂ
ਕਿਸੇ ਇੱਕ ਕੜੀ ਨੂੰ ਵੱਖ ਕੀਤਾ ਹੀ ਨਹੀਂ ਜਾ ਸਕਦਾ, ਸਗੋਂ ਬਚਾਇਆ ਜਾਂਦਾ
ਰਿਹਾ ਹੈ।
ਜਿਨਾਂ ਕੋਲ ਅਜੇ ਵੀ ਜੀਵਨ ਦਾ ਕੋਈ
ਸੁਪਨਾ ਹੈ ਉਹ ਬਾਹਰਲੇ ਮੁਲਕਾਂ ਨੂੰ ਆਪਣਾ ਸਕਿੱਲ ਲੈ ਕੇ ਦੌੜ ਰਹੇ ਨੇ। ਪਰ
ਸਰਕਾਰਾਂ ਨੂੰ ਦੇਸ਼ ਦੀ ਇਸ ਊਰਜ਼ਾ-ਨਿਕਾਸੀ ਦਾ ਕੋਈ ਵੀ ਫਿਕਰ ਨਹੀਂ। ਇੱਕ
ਮੁਲਕ ਡਾਕਟਰ ਵਕੀਲ ਇੰਜਨੀਅਰ ਵਿਗਿਆਨੀ ਤੇ ਖੋਜ਼ੀ ਪੈਦਾ ਕਰੇ, ਪਰ ਉਨ੍ਹਾਂ
ਤੋਂ ਕੋਈ ਕੰਮ ਨਾ ਲੈ ਸਕੇ, ਇਸ ਤੋਂ ਵੱਧ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ
ਹੈ। ਸਾਡਾ ਤਿਆਰ ਕੀਤਾ ਹੁਨਰ ਦੂਸਰੇ ਮੁਲਕ ਵਰਤ ਰਹੇ ਨੇ ਤੇ ਤਰੱਕੀ ਦੀਆਂ
ਬੁਲੰਦੀਆਂ ਤੱਕ ਪਹੁੰਚੇ ਨੇ। ਨੌਜਵਾਨਾਂ ਵਿੱਚ ਨਿਰਾਸ਼ਾ ਹੈ। ਉਹ ਬੇਰੁਜ਼ਗਾਰ
ਹਨ। ਕੋਈ ਜੀਵਨ ਹੀ ਨਹੀਂ ਹੈ। ਆਖਿਰ ਉਹ ਕੀ ਕਰਨ? ਉਪਰੋਂ ਰਿਸ਼ਵਤ, ਬਲੈਕ
ਮੇਲਿੰਗ ਅਤੇ ਮਾਨਸਿਕ ਤਸ਼ੱਦਤ ਦੇ ਜ਼ੰਬੂਰਾਂ ਨਾਲ ਉਨ੍ਹਾਂ ਦਾ ਮਾਸ ਨੋਚਿਆ
ਜਾਂਦਾ ਹੈ। ਫੇਰ ਜੇ ਮਨਦੀਪ ਵਰਗੇ ਇਸ ਮੁਲਕ ਨੂੰ ਛੱਡ ਕੇ ਭੱਜਣਗੇ ਨਹੀਂ,
ਤਾਂ ਹੋਰ ਕੀ ਕਰਨਗੇ?
ਜਿਸ ਧਰਤੀ ਤੇ ਕੋਈ ਜਨਮੇ, ਪੜ੍ਹੇ
ਲਿਖੇ ਤੇ ਉਸ ਨੂੰ ਪਸੰਦ ਵੀ ਕਰੇ ਪਰ ਉੱਪਰੋਂ ਜਦੋਂ ਸਰਕਾਰਾਂ ਇਹ ਅਹਿਸਾਸ
ਕਰਵਾਉਣ ਲੱਗ ਪੈਣ, ਕਿ ਇਹ ਮੁਲਕ ਉਨ੍ਹਾਂ ਦਾ ਨਹੀਂ ਹੈ ਤਾਂ ਫੇਰ ਕੋਈ ਕੀ
ਕਰੇ? ਜਿੱਥੇ ਧਰਮ ਅਤੇ ਹੈਸੀਅਤ ਅਨੁਸਾਰ ਹਰ ਵਿਅੱਕਤੀ ਲਈ ਕਨੂੰਨ ਵੱਖਰਾ ਹੈ।
ਕੋਈ ਜਰੂਰੀ ਨਹੀਂ ਕਿ ਦੇਸ਼ ਨਿਕਾਲਾ ਕਿਸੇ ਹੁਕਮ ਅਧੀਨ ਦਿੱਤਾ ਜਾਵੇ, ਇਹ
ਮਜ਼ਬੂਰਨ ਗਲ਼ ਵੀ ਪਾਇਆ ਜਾ ਸਕਦਾ ਹੈ। ਇੱਕ ਫਿਰਕੇ ਲਈ ਪੰਜਾਬ ਖਾਲੀ ਹੋਣ
ਲੱਗਿਆ ਤੇ ਪਰਵਾਸੀ ਮਜ਼ਦੂਰ ਨਾਲ ਭਰਿਆ ਜਾਣ ਲੱਗਾ। ਤਾਂ ਕਿ ਸਿਆਸਤ ਦਾਨ
ਵੋਟਾਂ ਦੀ ਅਨੁਪਾਤ ਬਦਲ ਸਕਣ। ਅਜਿਹਾ ਕਰਨ ਵਾਲੇ ਕੌਣ ਨੇ? ਸ਼ਾਇਦ ਇਸ ਪੁਸਤਕ
ਵਿੱਚ ਤੁਸੀਂ ਉਨ੍ਹਾਂ ਦੇ ਨਕਸ਼ ਪਛਾਣ ਸਕੋਂ।
ਜੋ ਲੋਕ ਪੰਜਾਬ ਵਿੱਚੋਂ ਪਰਵਾਸ ਲਈ
ਹਿਜ਼ਰਤ ਕਰ ਗਏ, ਉਨ੍ਹਾਂ ਹੁਣ ਵਾਪਿਸ ਕਦੀ ਵੀ ਨਹੀਂ ਪਰਤਣਾ। ਭਾਵੇਂ ਉਹ
ਪਿਛਲੇ ਪੰਜਾਹ ਪੰਜਾਹ ਸਾਲਾਂ ਤੋਂ ਪਰਦੇਸਾਂ ਵਿੱਚ ਰਹਿ ਰਹੇ ਹੋਣ, ਪਰ ਸੁਪਨੇ
ਉਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਹੀ ਆਉਂਦੇ ਹਨ। ਉਨ੍ਹਾਂ ਦਾ ਵੱਡਾ ਫਿਕਰ ਇਹ
ਵੀ ਹੈ ਕਿ ੳਨ੍ਹਾਂ ਦੀ ਨਸਲ ਪਰਿਵਰਤਤ ਹੋ ਜਾਵੇਗੀ। ਉਹ ਆਪਣੀ ਬੋਲੀ ਧਰਮ ਅਤੇ
ਸੱਭਿਆਚਾਰ ਨੂੰ ਅਗਲੀਆਂ ਪੀੜ੍ਹੀਆ ਦੇ ਸਪੁਰਦ ਨਹੀਂ ਕਰ ਸਕਣਗੇ। ਸ਼ਾਇਦ ਕੋਈ
ਬਿਦੇਸ਼ੀ ਮੁੱਖ ਧਾਰਾ ‘ਚ ਜਜ਼ਬ ਹੋਇਆ ਬੱਚਾ ਕਿਸੇ ਅਜਿਹੀ ਪੁਸਤਕ ਦਾ ਅਨੁਵਾਦ
ਕਰਕੇ ਹੀ ਆਪਣੇ ਬਜ਼ੁਰਗਾਂ ਦਾ ਖੁਰਾ ਖੋਜ਼ ਲੱਭਣ ਵਿੱਚ ਕਾਮਯਾਬ ਹੋ ਜਾਵੇ। ਪਰ
ਉਦੋਂ ਤੱਕ ਪੰਜਾਬ ਦਾ ਰੂਪ ਬਿਲਕੁੱਲ ਬਦਲ ਚੁੱਕਾ ਹੋਵੇਗਾ।
ਵੈਸੇ ਤਾਂ ਹੁਣ ਸਾਰੀ ਦੁਨੀਆਂ ਹੀ
ਸੰਸਾਰੀ ਕਰਨ ਦੇ ਸਮੁੰਦਰ ਵਿੱਚ ਲੀਨ ਹੋਣ ਜਾ ਰਹੀ ਹੈ। ਖੇਤਰੀ ਭਾਸ਼ਾਵਾਂ,
ਲੋਕ ਸੱਭਿਆਚਾਰ ਦੀਆਂ ਨਿੱਕੀਆਂ ਨਿੱਕੀਆਂ ਨਦੀਆਂ, ਸਭ ਇਸ ਵਿਰਾਟ ਰੂਪ ਵਿੱਚ
ਸਮਾਉਣ ਲਈ ਕਾਹਲੀਆਂ ਹਨ। ਪਰ ਜੋ ਵਹਿਣ ਇਹ ਪਿੱਛੇ ਛੱਡ ਆਈਆਂ ਹਨ ਕੀ ਉਸ ਨੂੰ
ਸੰਭਾਲਣਾ ਜਰੂਰੀ ਨਹੀਂ? ਜੇ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਇਤਿਹਾਸ ਮਰ
ਜਾਵੇਗਾ। ਕਾਰਪੋਰੇਟ ਸੰਸਾਰ ਤਾਂ ਅਜਿਹਾ ਹੀ ਚਾਹੁੰਦਾ ਹੈ ਕਿ ਮਨੁੱਖ ਦਾ ਕੋਈ
ਨਾਇਕ ਜਾਂ ਪ੍ਰੇਰਨਾ ਸਰੋਤ ਕੋਈ ਨਾ ਹੋਵੇ, ਉਸਦਾ ਕੋਈ ਇਤਿਹਾਸ ਨਾ ਹੋਵੇ, ਤੇ
ਨਾ ਕੋਈ ਪਛਾਣ ਹੋਵੇ। ਉਹ ਸਿਰਫ ਸਰਮਾਏਦਾਰੀ ਲਈ ਇੱਕ ਮਸ਼ੀਨ ਵਾਂਗ ਕੰਮ ਕਰਦਾ
ਰਹੇ ਤੇ ਭਾਵਨਾਵਾਂ ਰਹਿਤ ਹੋਵੇ। ਉਸਦੀਆਂ ਲੋੜਾਂ, ਪੂੰਜੀਪਤੀਆਂ ਦੀ ਰਖੈਲ
ਵਜੋਂ ਕੰਮ ਕਰ ਰਿਹਾ ਮੀਡੀਆ, ਨਿਸਚਿਤ ਕਰੇ। ਜੋ ਗਧੇ ਨੂੰ ਘੋੜਾ ਤੇ ਘੋੜੇ
ਨੂੰ ਗਧਾ ਕੁੱਝ ਵੀ ਸਾਬਤ ਕਰ ਸਕਦਾ ਹੈ। ਪਰ ਸਾਨੂੰ ਪਿੱਛੇ ਛੱਡ ਆਏ ਮਹਾਂ
ਸਮੁੰਦਰ ‘ਚ ਪਏ ਮੋਤੀ ਯਾਦ ਰੱਖਣੇ ਪੈਣਗੇ।
ਮੇਰੀ ਤਾਂ ਇਹ ਇੱਕ ਨਿੱਕੀ ਜਿਹੀ
ਕੋਸ਼ਿਸ਼ ਹੈ। ਜਿਸ ਵਿੱਚ ਮੈਂ ਸਫਲ ਵੀ ਹੋਵਾਂਗਾ ਜਾ ਨਹੀਂ ਇਹ ਮੈਨੂੰ ਨਹੀਂ
ਪਤਾ, ਇਹ ਫੈਸਲਾ ਤਾਂ ਪਾਠਕਾਂ ਨੇ ਕਰਨਾ ਹੈ। ਇਸ ਸਮੁੰਦਰ ਵਿੱਚ ਗੋਤਾ ਲਾਉਣ
ਤੋਂ ਪਹਿਲਾਂ ਇਹ ਯਾਦ ਰੱਖਣਾ, ਕਿ ਇਸ ਸਮੁੰਦਰ ਮੰਥਨ ਵਿੱਚ ਨਾਇਕ ਅਤੇ
ਖਲਨਾਇਕ ਪਰੰਪਰਾਗਤ ਰੂਪ ਵਿੱਚ ਨਹੀਂ ਹਨ। ਤੇ ਨਾਂ ਹੀ ਦੇਵਤਿਆਂ ਨੂੰ ਜੀਵਨ
ਦੇ ਚੌਦਾਂ ਰਤਨ ਹੀ ਪ੍ਰਾਪਤ ਹੁੰਦੇ ਹਨ। ਏਥੇ ਰਤਨ ਤੇ ਜੀਵਨ ਅਮ੍ਰਿਤ ਸਗੋਂ
ਮੁਨਾਫਾਖੋਰ ਲੈ ਜਾਂਦੇ ਹਨ ਪਰੰਤੂ ਜੀਵਨ ਦਾ ਜ਼ਹਿਰ ਆਮ ਵਿਅੱਕਤੀ ਪੀਂਦਾ ਹੈ।
ਤੇ ਦੇਸ਼ ਨਿਕਾਲਾ ਵੀ ਉਸੇ ਦੇ ਹਿੱਸੇ ਆਉਂਦਾ ਹੈ।
ਇਥੇ ਖਲਨਾਇਕ ਕੋਈ ਵਿਅੱਕਤੀ ਵਿਸ਼ੇਸ਼
ਨਹੀਂ, ਸਗੋਂ ਖਲਨਾਇਕ ਸਮੂਹ ਵਲੋਂ ਪੈਦਾ ਕੀਤੀਆਂ ਹੋਈਆਂ ਪ੍ਰਸਥਿਤੀਆਂ ਹਨ।
ਜਿਨਾਂ ਖਿਲਾਫ ਜੀਵਨ ਦੇ ਨਾਇਕ ਸੰਘਰਸ਼ ਕਰਦੇ ਹਨ। ਤੇ ਇਸ ਸੰਘਰਸ਼ ਦਾ ਕਾਰਜ਼
ਖੇਤਰ ਕੋਈ ਵੀ ਮੁਲਕ ਹੋ ਸਕਦਾ ਹੈ। ਅੱਜ ਦਾ ਰਾਵਣ ਮਲਟੀਨੈਸ਼ਨਲ ਹੋ ਚੁੱਕਿਆ
ਹੈ, ਜੋ ਅਣਗਿਣਤ ਹਥਿਆਰਾਂ ਨਾਲ ਲੈਸ ਹੈ। ਮੈਂ ਤਾਂ ਇਸ ਯੁੱਧ ਦਾ ਸੂਤਰਧਾਰ
ਹਾਂ। ਤੁਹਾਨੂੰ ਸਮੁੰਦਰ ਮੰਥਨ ਲਈ ਛੱਡਕੇ ਹੁਣ ਪਾਸੇ ਹਟਦਾ ਹਾਂ ਤੇ ਫੈਸਲਾ
ਵੀ ਤੁਹਾਡੇ ਤੇ ਹੀ ਛੱਡਦਾ ਹਾਂ ਕਿ ਵਾਰ ਦਾ ਵਿਸ਼ ਕੌਣ ਪੀਵੇਗਾ? ਸ਼ੁਕਰੀਆ ।
|