ਸੰਤਾ ਸਿੰਘ ਦੇ ਪਰਿਵਾਰ ਦੀ ਪੱਚੀ ਏਕੜ ਜ਼ਮੀਨ ਵਿੱਚੋਂ ਚੌਦਾਂ
ਏਕੜ ਵਿੱਚ ਕਣਕ ਸੀ। ਜਿਸ ਵਿੱਚੋਂ ਪੰਜ ਏਕੜ ਉਨ੍ਹਾਂ ਆਪ ਵੱਢਣੀ ਸੀ ਤੇ ਨੌਂ ਏਕੜ
ਠੇਕੇ ਤੇ ਵਢਵਾਉਣੀ ਸੀ। ਪਰ ਵਿਹੜੇ ਵਾਲੇ ਤਾਂ ਨੱਕ ਤੇ ਮੱਖੀ ਨਹੀਂ ਸੀ ਬੈਠਣ
ਦਿੰਦੇ। ਕਹਿੰਦੇ “ਹੁਣ ਪਤਾ ਲੱਗੂ ਜੱਟਾਂ ਨੂੰ। ਦੇਣ ਹੁਣ ਠੇਕਾ ਆਪਣੇ ਪਤੰਦਰ ਭਈਆਂ
ਨੂੰ ਜੇ ਅੱਧੋ ਡੂਢ ਨਾਂ ਕਰਨ ਤਾਂ” ਬੰਤਾ ਮਜ੍ਹਬੀ ਬੋਲਿਆ।
“ਅਗਲੇ ਵੀਹ ਵੀਹ ਰੋਟੀਆਂ ਖਾਂਦੇ ਨੇ ਕਿਹੜਾ ਟੱਬਰ ਰਜਾ ਦੂ
ਏਨਾਂ ਨੂੰ” ਨਾਮੇ ਨੇ ਬੁੱਲਾਂ ‘ਚੋਂ ਜ਼ਰਦਾ ਕੱਢਦੇ ਨੇ ਆਖਿਆ। ਸੰਤਾ ਸਿੰਘ ਨੇ ਭਈਆਂ
ਨਾਲ ਗੱਲ ਵੀ ਕੀਤੀ, ਪਰ ਉਹ ਅੱਗੋ ਬੋਲੇ, “ਵੱਡੇ ਸ਼ਰਦਾਰ ਜੀ ਹਮ ਠੇਕਾ ਬੇਕਾ ਨਹੀਂ
ਲੈਵਤ ਹੈ। ਰੋਜ਼ਾਨਾ ਹੀ ਮਜ਼ਦੂਰੀ ਕਰੇਗਾ। ਵੋਹ ਵੀ ਖਾਨੇ ਕੇ ਸੰਗ” ਸੰਤਾ ਸਿੰਘ ਸੋਚ
ਰਿਹਾ ਸੀ ਕਿ ਜੇ ਵਾਢੀ ਸਮੇਂ ਸਿਰ ਨਾ ਹੋਈ ਤਾਂ ਕਣਕ ਦੀ ਗਹਾਾਈ ਦਾ ਕੀ ਬਣੇਗਾ?
ਪਿਛਲੇ ਇੱਕ ਮਹੀਨੇ ਤੋਂ ਉਹ ਹਾੜੀ ਸਾਂਭਣ ਦੀਆਂ ਤਿਆਰੀਆਂ
ਵਿੱਚ ਜੁੱਟੇ ਹੋਏ ਸਨ। ਬੇਟ ਦੇ ਬੁੱਢੇ ਦਰਿਆ ‘ਚੋਂ ਗੱਡਾ ਭਰ ਦਿੱਭ ਲਿਆ ਉਨ੍ਹਾਂ
ਭਰੀਆਂ ਬੰਨਣ ਲਈ ਬੇੜਾਂ ਵੀ ਵੱਟੀਆਂ। ਡੁੱਬਦੀ ਜਾਂਦੀ ਨਿਗਾਹ ਨਾਲ ਹੀ ਸੰਤਾ ਸਿੰਘ
ਸੜ ਲਾਉਂਦਾ ਰਿਹਾ ਤੇ ਬਾਕੀ ਛੋਟੇ ਵੱਡੇ ਡੰਡਿਆਂ ਨਾਲ ਬੇੜਾਂ ਨੂੰ ਵੱਟ ਚਾੜਦੇ ਜਾਂ
ਚਰਖੜੀਆਂ ਘੁਮਾਉਂਦੇ ਰਹੇ। ਇਹ ਚਰਖੜੀਆਂ ਤਾਂ ਅਜੇ ਨਵੀਆਂ ਨਵੀਆਂ ਹੀ ਆਈਆਂ ਸਨ।
ਸੰਤਾ ਸਿੰਘ ਨੂੰ ਚਰਖੜੀ ਨਾਲ ਵੱਟੀ ਬੇੜ ਨਕਲੀ ਜਿਹੀ ਜਾਪਦੀ । ਉਹ ਕਹਿੰਦਾ “ਜਿਹਨੇ
ਮੇਰੇ ਨਾਲ ਲੱਗਣਾ ਏ ਉਹ ਡੰਡੇ ਨਾਲ ਵੱਟ ਚਾੜੇ”। ਹਮੇਸ਼ਾਂ ਉਹਦੀ ਤੇ ਮਨਦੀਪ ਦੀ ਜੋੜੀ
ਬਣਦੀ। ਤਾਂ ਸੰਤਾ ਸਿੰਘ ਆਖਦਾ “ਬੁੱਢਾ ਬਲਦ ਤੇ ਨਗੌਰੀ ਵੱਛਾ, ਹੁਣ ਕੰਮ ਹੋਊਗਾ
ਅੱਛਾ”।
ਉਨ੍ਹਾਂ ਕੋਲ ਗਹਾਈ ਲਈ ਚਾਰ ਬਲਦ ਸਨ। ਜਿਨਾਂ ਨੂੰ ਰੋਜ਼ ਤਾਰੇ
ਮੀਰੇ ਅਤੇ ਬੇਸਣ ਵਾਲੇ ਪੇੜੇ ਖੁਆਏ ਜਾਂਦੇ। ਬਲਦਾਂ ਵਿੱਚ ਬੁੱਢਾ ਬਲਦ, ਸ਼ਾਵਾ, ਭੀਲ
ਤੇ ਬੱਗਾ ਨਗੌਰੀਆ ਸਨ। ਜਿਨਾਂ ‘ਚੋਂ ਬੁੱਢਾ ਬਲਦ ਘਰ ਦਾ ਪਾਲਿਆ ਵੱਛਾ ਸੀ। ਜਿਸ ਦੀ
ਪੁੱਛ ਗਿੱਛ ਵੀ ਸਭ ਤੋਂ ਵੱਧ ਸੀ। ਉਸ ਨੂੰ ਗਊ ਦਾ ਜਾਇਆ ਆਖਕੇ ਵੀ ਥਾਪੀਆਂ ਦੇ ਦੇ
ਪੇੜੇ ਖੁਆਏ ਜਾਂਦੇ। ਨਗੌਰੀਆ ਚਾਲ ਵਿੱਚ ਸਭ ਤੋਂ ਤੇਜ਼ ਸੀ ਪਰ ਭਾਰੇ ਕੰਮ ਲਈ ਲਿਫਦਾ
ਸੀ। ਜਦ ਕਿ ਭੀਲ ਸੁਸਤ ਤੇ ਮਸਤਾਨੀ ਚਾਲ ਵਾਲਾ ਮਰਜ਼ੀ ਦਾ ਮਾਲਿਕ ਸੀ। ਪਰ ਉਹ ਜ਼ੋਰ ਦੇ
ਕੰਮ ਦੀ ਪਰਵਾਹ ਨਹੀਂ ਸੀ ਕਰਦਾ। ਸੰਤਾ ਸਿੰਘ ਹਰ ਸੁਸਤ ਕੰਮ ਕਰਨ ਵਾਲੇ ਨੂੰ ਭੀਲ
ਕਹਿ ਦਿੰਦਾ। ਇਸ ਵਾਰੀ ਉਨ੍ਹਾਂ ਨੂੰ ਕਣਕ ਕੁੱਝ ਠੇਕੇ ਤੇ, ਕੁੱਝ ਭਈਆਂ ਪਾਸੋਂ, ਤੇ
ਕੁੱਝ ਆਪ ਹੀ ਵੱਢਣੀ ਪਈ। ਹੁਣ ਪੰਗਾ ਸੀ ਕਣਕ ਕੱਢਣ ਦਾ।
ਆਲੇ ਦੁਆਲੇ ਦੇ ਪਿੰਡਾਂ ਵਿੱਚ ਤਾਂ ਹੁਣ ਕਣਕ ਕੱਢਣ ਵਿੱਚ ਵੀ
ਤਬਦੀਲੀ ਆ ਗਈ ਸੀ। ਜਾਗਰ ਦੇ ਟੱਬਰ ਨੇ, ਨਾਲ ਦੇ ਪਿੰਡੋਂ ਡਰੱਮੀ ਲਿਆ ਕੇ ਸਭ ਤੋਂ
ਪਹਿਲਾਂ ਕਣਕ ਕੱਢਣ ਦੀ ਸਕੀਮ ਬਣਾ ਲਈ। ਲੰਬੜਦਾਰਾਂ ਨੇ ਅਜੇ ਗਹਾਈ ਹੀ ਸ਼ੁਰੂ ਕੀਤੀ
ਤੇ ਜਾਗਰ ਦੇ ਟੱਬਰ ਨੇ ਦੋ ਦਿਨਾਂ ਵਿੱਚ ਕਣਕ ਕੱਢ ਕੇ ਔਹ ਮਾਰੀ। ਉਸੇ ਹਫਤੇ ਜ਼ੋਰਦਾਰ
ਮੀਂਹ ਪੈ ਗਿਆ। ਕਣਕਾਂ ਤੇ ਗਹਾਈ ਲਈ ਫਲ਼ਾ ਨਾ ਚੱਲੇ। ਗਿੱਲੀ ਕਣਕ ਨੂੰ ਰੋਜ਼ ਫਰੋਲਿਆ
ਜਾਵੇ ਤੇ ਉੱਤੋਂ ਫੇਰ ਕਣੀਆਂ ਪੈ ਕੇ ਉਹ ਸਲਾਭੀ ਜਾਵੇ। ਤੇ ਮੁੜ ਫੇਰ ਕੰਮ ਖੜ ਜਾਵੇ।
ਪਿੜ ਵਿੱਚ ਕਣਕ ਪੁੰਗਰਨੀ ਸ਼ੁਰੂ ਹੋ ਗਈ। ਸਿਲ਼ਾ ਧੁਆਂਖਿਆ ਗਿਆ। ਇਸ ਕੁੱਤ ਖਾਨੇ ਤੋਂ
ਸਾਰਾ ਟੱਬਰ ਏਨਾਂ ਦੁਖੀ ਹੋਇਆ ਕਿ ਉਨ੍ਹਾਂ ਵੀ ਅਗਲੇ ਸਾਲ ਡਰੱਮੀ ਲੈਣ ਦੀ ਠਾਣ ਲਈ।
ਕਣਕ ਦੀ ਵਾਢੀ ਲਈ ਜੋ ਭਈਏ ਉਹ ਖੰਨੇ ਤੋਂ ਲੈ ਕੇ ਆਏ ਸਨ,
ਉਨ੍ਹਾਂ ਦੀ ਠਾਹਰ ਹੁਣ ਹਵੇਲੀ ਵਿੱਚ ਹੀ ਸੀ। ਸੰਤਾ ਸਿੰਘ ਦੇ ਘਰ, ਹੁਣ ਲੰਬਾ ਸਮਾਂ
ਰੋਟੀਆਂ ਪੱਕਦੀਆਂ ਰਹਿੰਦੀਆਂ। ਮਹਿਤਾਕ ਕੌਰ ਕਦੇ ਝੋਕਾ ਲਾਉਂਦੀ ਅਤੇ ਕਦੇ ਰੋਟੀਆਂ
ਰਾੜ੍ਹਦੀ। ਸਵੇਰੇ ਉੱਠ ਕੇ ਦੁੱਧ ਤਾਂ ਉਸ ਨੇ ਰਿੜਕਣਾ ਹੀ ਹੁੰਦਾ ਸੀ। ਹੁਣ ਉਹ
ਰੋਟੀਆਂ ਚੋਪੜਦੀ ਅਤੇ ਇਹਨਾਂ ਨੂੰ ਗਿਣਦੀ ਵੀ ਥੱਕ ਜਾਂਦੀ। ਦੋ ਦੀਆਂ, ਚੌਂਹ ਦੀਆਂ,
ਅੱਠ ਦੀਆਂ ਪੰਜ ਪੰਜ ਰੋਟੀਆਂ ਪੂਰੀਆਂ ਕਰਦੀ ਦੀ ਉਸ ਦੀ ਸੁਰਤ ਬੌਂਦਲ ਜਾਂਦੀ। ਕਦੇ
ਹਾਜ਼ਰੀ ਕਦੇ ਦੁਪਹਿਰਾ ਤੇ ਫੇਰ ਰਾਤ ਦੀ ਰੋਟੀ। ਉਸ ਨੂੰ ਪਾਠ ਕਰਨ ਨੂੰ ਵੀ ਵਕਤ ਨਾਂ
ਮਿਲਦਾ। ਉਹ ਪੋਣਿਆਂ ਵਿੱਚ ਰੋਟੀ ਬੰਨ, ਲੱਸੀ ਦੀ ਤੌੜੀ ਭਰ ਤੇ ਦਾਲ ਦੀ ਬਾਲਟੀ ਭਰ
ਖੇਤਾਂ ਨੂੰ ਭੇਜਦੀ। ਪਰ ਰੋਟੀ ਫੇਰ ਵੀ ਪੂਰੀ ਨਾ ਹੁੰਦੀ। ਕਦੀ ਕਦੀ ਉਹ ਅੱਕ ਕੇ
ਆਖਦੀ ਇਹ “ਭਈਆਂ ਦੇ ਢਿੱਡ ਨੇ ਕੇ ਟੋਏ? ਜੋ ਭਰਦੇ ਈ ਨੀ”
ਭਈਆਂ ਦੀਆਂ ਗੱਲਾਂ ਯਾਦ ਕਰ ਕਦੀ ਉਸ ਨੂੰ ਹਾਸਾ ਵੀ ਆ
ਜਾਂਦਾ। ਜਦੋਂ ਉਹ ਕਣਕ ਦੀ ਗੋਡੀ ਲਈ ਪਹਿਲੀ ਵਾਰੀ ਭਈਏ ਲੈ ਕੇ ਆਏ ਸਨ ਤਾਂ ਉਨ੍ਹਾਂ
ਕਿੰਨੀ ਮਿਹਨਤ ਨਾਲ ਉਨ੍ਹਾਂ ਨੂੰ ਸਾਗ ਤੇ ਮੱਕੀ ਦੀਆਂ ਰੋਟੀਆਂ ਬਣਾ ਕੇ ਭੇਜੀਆਂ।
ਜਦੋਂ ਸਾਗ ਰੋਟੀਆਂ ਤੇ ਪਾ ਕੇ ਦਿੱਤਾ ਜਾਣ ਲੱਗਾ ਤਾਂ ਇੱਕ ਭਈਆਂ ਬੋਲਿਆ “ਸ਼ਰਦਾਰਨੀ
ਜੀ ਹਮ ਗੋਬਰ ਨਹੀ ਖਾਤੇ ਹੈਂ, ਹਮ ਕੋ ਤੋਂ ਚਾਵਲ ਚਾਹੀਏ। ਚਾਹੇ ਫੀਕਾ
ਹੋ।...ਚੱਲੇਗਾ” ਉਨ੍ਹਾਂ ਤੇ ਗੁੱਸਾ ਵੀ ਆਵੇ ਤੇ ਹਾਸਾ ਵੀ ਨਿੱਕਲੇ। ਇਹ ਗੱਲ ਯਾਦ
ਕਰਕੇ ਮਹਿਤਾਬ ਕੌਰ ਹੁਣ ਵੀ ਮੁਸਕਰਾ ਕੇ ਆਖਦੀ “ਏਨਾਂ ਜੈ ਖਾਣਿਆਂ ਨੂੰ ਖਾਣ ਪੀਣ ਦਾ
ਕੀ ਚੱਜ ਆ?”
ਮੁੰਡਿਆਂ ਦੇ ਜ਼ੋਰ ਪਾਉਣ ਤੇ ਇੱਕ ਦਿਨ ਸੰਤਾ ਸਿੰਘ ਆਪਣੇ ਹੀ
ਪਿੰਡ ਦੇ ਮਿਸਤਰੀਆਂ ਦੇ ਮੁੰਡੇ ਵਲੋਂ ਸਮਰਾਲੇ ਖੋਹਲੀ ਦੁਕਾਨ ਤੇ ਗਿਆ। ਉਸ ਨੇ
ਕਿੰਦਰ ਦੇ ਪਿਤਾ ਹਾਕਮ ਮਿਸਤਰੀ ਤੋਂ ਡਰੰਮੀ ਬਾਰੇ ਸਾਰਾ ਪਤਾ ਲੈ ਲਿਆ ਸੀ। ਜਿੱਥੇ
ਉਹ ਕਲਸੀ ਐਂਡ ਸਨਜ਼ ਦੇ ਨਾਂ ਤੇ ਡਰੰਮੀਆਂ ਬਣਾਉਣ ਤੇ ਇੰਜਣ ਬੰਨਣ ਦਾ ਕੰਮ ਕਰਦਾ ਸੀ।
ਮੁੰਡਾ ਸੰਤਾ ਸਿੰਘ ਨੂੰ ਵੇਖ ਕੇ ਖੁਸ਼ ਹੋ ਗਿਆ। ਉਸ ਨੇ ਚੰਗੀ ਆਉ ਭਗਤ ਵੀ ਕੀਤੀ ਅਤੇ
ਠੰਢਾ ਮਿੱਠਾ ਵੀ ਮੰਗਵਾਇਆ। ਸੰਤਾ ਸਿੰਘ ਨੇ ਪਹਿਲੀ ਵਾਰ ਗੋਲ਼ੀ ਵਾਲਾ ਬੱਤਾ ਪੀਤਾ।
ਜੋ ਉਸ ਨੂੰ ਪੀਣਾਂ ਬਹੁਤ ਮੁਸ਼ਕਲ ਲੱਗਿਆ। ਉਹ ਵਾਰ ਵਾਰ ਕਹਿ ਰਿਹਾ ਸੀ “ਕਿੰਦਰਾ ਇਹ
ਤਾਂ ਸਹੁਰੀ ਦਾ ਇਉਂ ਲੱਗਦੈ ਜਿਉਂ ਨੱਕ ਥਾਣੀ ਬਾਹਰ ਨੂੰ ਆੳਂੁਦੈ। ਇਹ ਨੂੰ ਤਾਂ
ਲਾਲੇ ਪੀਂਦੇ ਹੋਣਗੇ। ਸਾਨੂੰ ਜੱਟ ਬੂਟਾਂ ਨੂੰ ਤਾਂ ਪਾਣੀ ਹੀ ਠੀਕ ਰਹਿੰਦੈ”
ਜਦੋਂ ਕਿੰਦਰ ਨੇ ਪੁੱਛਿਆ ਚਾਚਾ ਕਿਵੇਂ ਆੳਂੁਣੇ ਹੋਏ...?
ਤਾਂ ਸੰਤਾ ਸਿੰਘ ਬੋਲਿਆ “ਭਾਈ ਨਵੀਂ ਸਮੋਂ ਦੀਆਂ ਗੱਲਾਂ ਨੇ ਲੈ ਆਂਦਾ। ਮੁੰਡੇ
ਕਹਿੰਦੇ ਅਸੀਂ ਵੀ ਈਂਜਣ ਤੇ ਡੰਮੀ…ਕੀ ਕਹਿੰਦੇ ਨੇ ਮੈਨੂੰ ਤਾਂ ਉਹਦਾ ਨਾਂਓ ਵੀ ਨੀ
ਲੈਣਾ ਆਂਉਦਾ ਲੈ। ਮੈਂ ਕਿਹਾ ਚੱਲ ਤੇਰੀ ਸਲਾਹ ਪੁੱਛ ਕੇ ਵੇਖਾਂ?”
ਕਿੰਦਰ ਬੋਲਿਆ “ਚਾਚਾ ਥੋਡੇ ਨਾਲ ਕਿਹੜਾ ਦੁਕਾਨਦਾਰੀ ਕਰਨੀ
ਐ। ਮੈਂ ਲਾਗਤ ਰੇਟ ਤੇ ਬਣਾ ਦੇਵਾਂਗਾ” ਸੰਤਾ ਸਿੰਘ ਖੁਸ਼ ਹੋ ਗਿਆ। ਤੇ ਅੱਗੇ ਬੋਲਿਆ
“ਆ ਜਿਹੜੇ ਰੇੜੂਏ ਆਲੇ ਰੋਜ਼ ਦੱਸਦੇ ਨੇ ਬਈ ਹਰਾ ਨਕਲਾਬ ਲਿਆਉ ਭਲਾਂ ਇਹ ਕੀ ਸ਼ੈਅ
ਹੋਈ? ਕੀ ਇਹ ਵੀ ਕਿਸੇ ਦੁਕਾਨ ਤੋਂ ਮਿਲਦੈ?”
ਕਿੰਦਰ ਜੋਰ ਨਾਲ ਹੱਸਿਆ “ਚਾਚਾ ਮਸ਼ੀਨਾਂ ਨਾਲ ਖੇਤੀ ਕਰਨ ਨੂੰ
ਹੀ ਹਰਾ ਇਨਕਲਾਬ ਕਹਿੰਦੇ ਨੇ। ਜਦ ਇੰਜਣ ਦੇ ਪਾਣੀ ਨੇ ਫਰਾਟੇ ਮਾਰੇ ਤੇ ਬੰਜਰ
ਜ਼ਮੀਨਾਂ ਵੀ ਹਰੀਆਂ ਹੋ ਗਈ ਸਮਝ ਲੈ ਹਰਾ ਇਨਕਲਾਬ ਆ ਗਿਆ” “ਅੱਛਾ ਤਾਂ ਇਹ ਗੱਲ ਆ।
ਸਾਨੂੰ ਅਨਪੜਾ ਨੂੰ ਕੀ ਪਤੈ ਭਾਈ?”
“ਆਪਣੇ ਲਾਣੇ ਵਲੋਂ ਦੋਨੋਂ ਚੀਜਾਂ ਖਰੀਦਣ ਦਾ ਮਨ ਹੈ…।
ਕਿੰਨਾ ਕੁ ਖਰਚਾ ਆਊ?” ਸੰਤਾ ਸਿੰਘ ਨੇ ਅਗਲਾ ਸਵਾਲ ਕੀਤਾ।“ਤਿੰਨ ਹਜ਼ਾਰ ਈਂਜਣ ਤੇ
ਪੰਦਰਾਂ ਕੁ ਸੌ ਡਰੰਮੀ ਤੇ ਕੁੱਲ ਸਾਢੇ ਕੁ ਚਾਰ ਹਜ਼ਾਰ ਦਾ ਖਰਚਾ ਐ” ਕਿੰਦਰ ਨੇ
ਉਂਗਲਾਂ ਤੇ ਗਿਣ ਕੇ ਦੱਸਿਆ।“ਸਾਊਆ ਏਹ ਤਾਂ ਖਾਸੀ ਰਕਮ ਆ...” ਲੰਬੜਦਾਰ ਸੰਤਾ ਸਿਉਂ
ਸ਼ਸ਼ੋਪੰਜ ਵਿੱਚ ਪੈ ਗਿਆ।
ਕਿੰਦਰ ਗਾਹਕ ਹੱਥੋਂ ਜਾਂਦਾ ਵੇਖ ਦੁਕਾਨਦਾਰੀ ਵਾਲੇ ਦਾਅ
ਪੇਚਾਂ ਤੇ ਉੱਤਰ ਆਇਆ, “ਚਾਚਾ ਥੋਡਾ ਲਾਣਾ ਸਾਰੇ ਪਿੰਡ ਵਿੱਚੋਂ ਨੰਬਰ ਇੱਕ ਆ। ਹਰ
ਗੱਲ ‘ਚ ਤੁਸੀਂ ਮੋਹਰੀ ਰਹੇਂ ਓਂ। ਹੁਣ ਥੋਨੂੰ ਪੈਰ ਪਿੱਛੇ ਨੀ ਧਰਨ ਦੇਣਾ। ਆ ਲੱਕੜ
ਮੱਥੇ ਲੱਗਦੀ ਐ, ਮੈਂ ਤਾਂ ਏਹਦੇ ‘ਚੋਂ ਕੁੱਝ ਵੀ ਨੀ ਵੱਟਣਾ। ਹੁਣ ਤੱਕ ਸਾਡੇ ਬਜ਼ੁਰਗ
ਥੋਡੀਆਂ ਮੰਜੀਆਂ ਪੀੜ੍ਹੀਆਂ ਠੋਕਦੇ ਰਹੇ ਨੇ। ਹੁਣ ਉਨ੍ਹਾਂ ਦੀ ‘ਲਾਦ ਨੂੰ ਵੀ ਸੇਵਾ
ਦਾ ਮੌਕਾ ਦੇ ਕੇ ਦੇਖੋ। ਜੇ ਰਕਮ ਘਟਦੀ ਆ ਤਾਂ ਮੈਂ ਗੁਪਾਲ ਆੜਤੀਏ ਨੂੰ ਕਹਿ ਦਊਂ।
ਉਹ ਸਾਰੇ ਆਪਣੇ ਵਾਕਫ ਨੇ”
ਉਸ ਨੇ ਕੰਮ ਕਰਦੇ ਮੁੰਡੇ ਨੂੰ ਹਾਕ ਮਾਰ ਕੇ ਕਿਹਾ “ਜਾ ਉਏ
ਮੰਡੀਂ ਚੋਂ ਗੁਪਾਲ ਆੜਤੀਏ ਨੂੰ ਬੁਲਾ ਕੇ ਲਿਆ। ਉਹ ਸੰਤਾ ਸਿੰਘ ਨੂੰ ਗੱਲੀਂ ਬਾਤੀਂ
ਪੂਰੀ ਤਰਾਂ ਘੇਰ ਚੁੱਕਾ ਸੀ। ਸੌਦੇ ਲਈ ਉਸ ਨੇ ਸੰਤਾ ਸਿੰਘ ਨੂੰ ਖੁਰਪੇ ਵਾਂਗ ਚੰਡ
ਕੇ ਰੱਖ ਦਿੱਤਾ। ਸੰਤਾ ਸਿੰਘ ਨੇ ਬਥੇਰੀ ਨਾਂਹ ਨੁੱਕਰ ਕੀਤੀ, ਪਰ ਉਸ ਨੇ ਦੋ ਸੌ
ਰੁਪਏ ਦੀ ਸਾਈ ਲੈ ਕੇ ਹੀ ਖਹਿੜਾ ਛੱਡਿਆ। ਤੇ ਦੂਜੇ ਦਿਨ ਸੰਤਾ ਸਿੰਘ ਨੂੰ ਫੇਰ
ਤਾਂਗਾ ਫੜਕੇ ਸ਼ਹਿਰ ਆਉਣ ਦੀ ਸੁਲਾਹ ਦਿੱਤੀ।
ਦੂਸਰੇ ਦਿਨ ਸੰਤਾ ਸਿਉਂ ਬਲਕਾਰ ਸਿੰਘ ਨੂੰ ਨਾਲ ਲੈ ਕੇ ਕਲਸੀ
ਐਂਡ ਸਨਜ਼ ਦੇ ਕਾਰਖਾਨੇ ਪਹੁੰਚ ਗਿਆ। ਸਮਰਾਲੇ ਦਾ ਅੱਜ ਕੱਲ ਇਹ ਹੀ ਮਸ਼ਹੂਰ ਕਾਰਖਾਨਾ
ਸੀ। ਅੱਗੋਂ ਕਿੰਦਰ ਉਨ੍ਹਾਂ ਨੂੰ ਹੀ ਉਡੀਕ ਰਿਹਾ ਸੀ। ਉਸ ਨੇ ਪਹਿਲਾਂ ਦੋਹਾਂ ਨੂੰ
ਗੋਲ਼ੀ ਵੱਲੇ ਬੱਤੇ ਪਿਆਏ। ਫੇਰ ਇੰਜਣ ਤੇ ਡਰੱਮੀਆਂ ਦਿਖਾਉਣ ਲੱਗ ਪਿਆ। ਉਨ੍ਹਾਂ ਦੀਆਂ
ਕਿਸਮਾਂ ਤੇ ਕੰਮ ਵੀ ਦੱਸਦਾ ਰਿਹਾ। ਦੋਨੋ ਇਸ ਪੱਖੋਂ ਅਣਜਾਣ ਹੋਣ ਕਾਰਨ ਕਿੰਦਰ ਨੇ
ਹੀ ਸਲਾਹਾਂ ਦੇ ਕੇ ਉਨ੍ਹਾਂ ਨੂੰ ਪੀਟਰ ਇੰਜਣ ਅਤੇ ਬਿਨਾਂ ਪੱਖੇ ਵਾਲੀ ਡਰੰਮੀ ਜੋ
ਸਿਰਫ ਕੁਤਰਾ ਕਰਦੀ ਸੀ, ਲੈਣ ਦੀ ਸਲਾਹ ਦਿੱਤੀ। ਤੂੜੀ ਚੋਂ ਦਾਣੇ ਵੱਖ ਕਰਨ ਲਈ ਧੜ
ਉਡਾਉਣੀ ਪਿਆ ਕਰਨੀ ਸੀ। ਪਰ ਇਹ ਮਹੀਨਾ ਭਰ ਕਣਕ ਦਾ ਗਾਹ ਪਾਈ ਰੱਖਣ ਨਾਲੋਂ ਤਾਂ
ਕਿਤੇ ਚੰਗੀ ਸੀ। ਇਸ ਨਾਲ ਹਰੇ ਪੱਠੇ ਦਾ ਕੁਤਰਾ ਵੀ ਕੀਤਾ ਜਾ ਸਕਦਾ ਸੀ ਜੋ ਕਿ
ਪਹਿਲਾਂ ਉਹ ਬੋਤੇ ਵਾਲੀ ਮਸ਼ੀਨ ਨਾਲ ਕਰਦੇ ਸਨ। ਸੰਤਾ ਸਿੰਘ ਨੇ ਇੰਜਣ ਬੰਨਣ ਦੇ ਸਮਾਨ
ਲਈ ਅੱਧੇ ਪੈਸੇ ਆੜਤੀਏ ਤੋਂ ਫੜ ਕੇ ਦੇ ਦਿੱਤੇ। ਜਿਸ ਨੇ ਲਾਲ ਵਹੀ ਤੇ ਲੰਡਿਆਂ ਵਿੱਚ
ਲਿਖਿਆ ਕਿ ‘ਸੰਤਾ ਸਿੰਘ ਵਲਦ ਬੇਲਾ ਸਿੰਘ ਰਣੀਆ ਨਿਵਾਸੀ ਨੇ ਤਿੰਨ ਹਜ਼ਾਰ ਨਕਦ ਪੰਜ
ਪ੍ਰਤੀਸ਼ਤ ਵਿਆਜ ਤੇ ਵਸੂਲ ਪਾਏ’। ਰਕਮ ਪੰਜ ਪਾਵਰ ਦਾ ਪੀਟਰ ਇੰਜਣ ਅਤੇ ਕਣਕ ਕੱਢਣੀ
ਡਰੱਮੀ ਲਈ ਵਸੂਲੀ ਗਈ। ਜਿਸ ਦੇ ਥੱਲੇ ਸੰਤਾ ਸਿੰਘ ਨੇ ਆਪਣੇ ਸੱਜੇ ਹੱਥ ਦਾ ਅੰਗੂਠਾ
ਲਾ ਦਿੱਤਾ।
ਨਵੀਂ ਖੇਤੀ ਦੀ ਸ਼ੁਰੂਆਤ ਲਈ ਕਿੰਦਰ ਨੇ ਸਾਰਾ ਕੁੱਝ ਆਪ ਫਿੱਟ
ਕਰਵਾ ਕੇ ਦਿੱਤਾ। ਗੱਲ ਸਾਢੇ ਚਾਰ ਹਜ਼ਾਰ ਤੇ ਨਹੀਂ ਖੜੀ ਬਲਕਿ ਖਰਚਾ ਤਾਂ ਹਨੂਮਾਨ ਦੀ
ਪੂਛ ਵਾਂਗ ਵਧਦਾ ਹੀ ਚਲਾ ਗਿਆ ਸੀ। ਇੰਜਣ ਤੇ ਡਰੱਮੀ ਲਈ ਫਾਊਂਡੇਸ਼ਨਾਂ ਵੀ ਬਨਵਾੲਆਂ
ਗਈਆਂ। ਇੱਕ ਪਾਣੀ ਵਾਲਾ ਪੱਖਾ ਵੀ ਖੜੇ ਪੈਰ ਲੈਣਾ ਪਿਆ। ਪਟੇ, ਬਰੋਜਾ, ਗਰੀਸ, ਤੇਲ,
ਪਾਣੀ ਵਾਲੀਆਂ ਪਾਈਪਾਂ ਤੇ ਹੋਰ ਕਿੰਨਾਂ ਹੀ ਨਿੱਕੜ ਸੁੱਕੜ। ਖਰਚਾ ਤਾਂ ਅੱਠ ਹਜ਼ਾਰ
ਨੂੰ ਛੋਹ ਗਿਆ ਸੀ। ਸੰਤਾ ਸਿੰਘ ਕਿੰਦਰ ਨਾਲ ਰੋਜ਼ ਲੜਦਾ ਕਿ “ਤੂੰ ਮੈਨੂੰ ਪਹਿਲਾਂ
ਕਿਉਂ ਨਹੀਂ ਦੱਸਿਆ?” ਪਰ ਕਿੰਦਰ ਆਖਦਾ “ਚਾਚਾ ਤੂੰ ਸਿਆਣਾ ਹੈ ਕਿ ਇੰਜਣ ਚਲਾਉਣਾ
ਕੀਹਦੇ ਨਾਲ ਹੈ? ਹੈਂਡਲ ਵੀ ਚਾਹੀਦਾ। ਪੱਖਾ ਘੁਮਾਉਣ ਨੂੰ ਪਟਾ ਵੀ ਚਾਹੀਦੈ। ਹੁਣ ਇਹ
ਸਭ ਲੈਣਾ ਤਾਂ ਪੈਣਾ ਹੀ ਹੈ। ਫੇਰ ਜੇ ਚੰਗਾ ਗੁਡੀਅਰ ਦਾ ਪਟਾ ਲੈ ਲਵੋਂਗੇ ਤਾਂ ਵੱਧ
ਚੱਲੂ”
ਫੇਰ ਕਿੰਦਰ ਇੱਕ ਦਿਨ ਆਕੇ ਖੁਰਚੇ ਹੋਏ ਪਿੜ ਵਿੱਚ ਇੰਜਣ ਤੇ
ਡਰੱਮੀ ਫਿੱਟ ਕਰਵਾ ਗਿਆ। ਮਨਦੀਪ ਤੇ ਧਰਮੇ ਨੂੰ ਇਹ ਸਾਰਾ ਕੁੱਝ ਅਸਚਰਜਤਾ ਵਾਲਾ
ਲੱਗਦਾ ਸੀ। ਉਹ ਨਿੱਕੇ ਮੋਟੇ ਕੰਮ ਕਰਵਾਉਂਦੇ, ਸੰਦ ਭਾਂਡੇ ਫੜਾਉਂਦੇ ਸਾਰਾ ਕੁੱਝ
ਦਿਲਚਸਪੀ ਨਾਲ ਵੇਖਦੇ ਰਹੇ।
ਜਿਸ ਦਿਨ ਡਰੱਮੀ ਜੋੜਨੀ ਸੀ ਮਹਿਤਾਬ ਕੌਰ ਨੇ ਮਿੱਠੇ ਚੌਲ਼
ਅਤੇ ਦੇਸੀ ਘਿਉ ਦਾ ਕੜਾਹ ਮੱਥਾ ਟੇਕਣ ਲਈ ਹਰਦੇਵ ਕੌਰ ਪਾਸ ਭੇਜੇ। ਅੱਗ ਦੀ ਅੰਗਿਆਰੀ
ਤੇ ਹਵਨ ਪਾ, ‘ਹੇ ਰੱਬ ਸੱਚਿਆ ਆਖਕੇ’ ਇਝਣ ਨੂੰ ਹੈਂਡਲ ਮਾਰ ਦਿੱਤਾ ਗਿਆ। ਇਸ ਸ਼ੁਭ
ਕੰਮ ਲਈ ਪੈੜਾ ਧਰਮੇ ਦਾ ਲਿਆ ਗਿਆ। ਕਿਉਂਕਿ ਉਹ ਚੁਸਤ ਚਲਾਕ ਮੰਨਿਆ ਜਾਂਦਾ ਸੀ ਤੇ
ਮਨਦੀਪ ਸੁਸਤ ਤੇ ਠੰਢੇ ਸੁਭਾਅ ਵਾਲਾ, ਤਾਂ ਕਿ ਕੰਮ ਫੁਰਤੀ ਨਾਲ ਮੁੱਕ ਜਾਵੇ। ਸੰਤਾ
ਸਿੰਘ ਦਾ ਟੱਬਰ ਸਿੱਖ ਪਰਿਵਾਰ ਹੁੰਦਾ ਹੋਇਆ ਵੀ ਹਿੰਦੂ ਧਰਮ ਦੇ ਬਹੁਤ ਸਾਰੇ ਰੀਤੀ
ਰਿਵਾਜ਼ਾਂ ਤੋਂ ਵੀ ਖਹਿੜਾ ਨਹੀਂ ਸੀ ਛੁਡਾ ਸਕਿਆ। ਜਿੱਥੇ ਗੁਰੂਆਂ ਵਾਂਗ ਹੀ ਰਾਮ,
ਕ੍ਰਿਸ਼ਨ, ਬਰਮਾਂ ਵਿਸ਼ਨੂ ਸ਼ਿਵਜੀ ਵੀ ਪੂਜੇ ਜਾਂਦੇ ਸਨ। ਅਗਨੀ ਤੇ ਹਵਨ ਵੀ ਕੀਤੇ
ਜਾਂਦੇ। ਚੰਗੇ ਬੁਰੇ ਦਿਨਾਂ ਦਾ ਖਿਆਲ ਵੀ ਰੱਖਿਆ ਜਾਂਦਾ ਸੀ।
ਇੰਜਣ ਦੀ ਠੱਕ ਠੱਕ ਤੇ ਡਰੱਮੀ ਦੀ ਗੂੰਜ ਪੈਂਣ ਲੱਗੀ। ਡਰੱਮੀ
ਨੂੰ ਰੁੱਗ ਲਾਉਣ ਵਾਲੇ ਬਦਲਦੇ ਰਹੇ। ਤੇ ਭਰੀਆਂ ਦੇ ਢੇਰ ਮੁੱਕਦੇ ਰਹੇ। ਜਦੋਂ ਤੇਜ਼
ਹਵਾ ਚੱਲਦੀ ਤਾਂ ਸਾਰੇ ਤੰਗਲੀਆਂ ਨਾਲ ਧੜ ਉਡਾਉਣ ਲੱਗ ਪੈਂਦੇ। ਮਸ਼ੀਨ ਜੋ ਘੁੰਡੀਆਂ
ਛੱਡਦੀ ਸੀ ਉਸ ਦਾ ਵੀ ਇੱਕ ਢੇਰ ਉਸਰ ਗਿਆ। ਜਿਸ ਨੂੰ ਦੁਬਾਰਾਂ ਤੋਂ ਮਸ਼ੀਨ ਰਾਹੀ
ਕੱਢਣਾ ਪੈਣਾ ਸੀ।
ਬੰਤਾ ਝਿਊਰ ਆਪਣੀ ਮਸ਼ਕ ਨਾਲ ਏਥੇ ਹੀ ਲਾਣੇ ਨੂੰ ਪਾਣੀ ਪਿਆ
ਜਾਂਦਾ। ਕੁੱਝ ਖ਼ਬਰਾ ਵੀ ਸੁਣਾ ਜਾਂਦਾ ਤੇ ਕੁੱਝ ਨਵੀਆਂ ਲੈ ਜਾਂਦਾ। ਉਹ ਰਣੀਏ ਪਿਡ
ਦਾ ਚੱਲਦਾ ਫਿਰਦਾ ਮੀਡੀਆ ਸੀ। ਖੇਤਾਂ ਦੀਆਂ ਖ਼ਬਰਾਂ ਉਸ ਰਾਹੀਂ ਹੀ ਸਾਰੇ ਪਾਸੇ
ਫੈਲਦੀਆਂ। ਕਿ ਕਿਹੜਾ ਲਾਣਾ ਕੀ ਕਰਦਾ ਹੈ? ਤੇ ਕਿਹੜਾ ਕੀ?
ਛੱਜ ਅਤੇ ਤੰਗਲੀਆਂ ਵੇਚਣ ਵਾਲੇ ਵੀ ਖੇਤਾਂ ਵਿੱਚ ਹੀ ਢੁੱਕ
ਜਾਂਦੇ। ਬੰਤੇ ਝਿਊਰ ਨੂੰ ਪਾਣੀ ਦੀ ਸੇਵਾ ਬਦਲੇ ਹਰ ਪਰਿਵਾਰ ਨੇ ਦਾਣਿਆਂ ਦੀ ਇੱਕ
ਬੋਰੀ ਲਾਗ ਵਜੋਂ ਦੇਣੀ ਸੀ ਤੇ ਇੱਕ ਬੋਰੀ ਤਰਖਾਣਾਂ ਨੂੰ ਉਨ੍ਹਾਂ ਦੀਆਂ ਸੇਵਾਂਵਾਂ
ਬਦਲੇ। ਇਹ ਰਿਵਾਜ਼ ਪੁਰਾਣਾ ਚਲਿਆ ਆ ਰਿਹਾ ਸੀ। ਪਰ ਬੰਤਾ ਝਿਊਰ ਅੱਜ ਨਵੀਂ ਹੀ ਭਸੂੜੀ
ਪਾ ਗਿਆ ਸੀ ਕਿ ਮੈਂ ਭਈਆਂ ਨੂੰ ਪਾਣੀ ਕਿਉਂ ਪਿਲਾਵਾਂ? ਉਨ੍ਹਾਂ ਤੋਂ ਕਿਹੜਾ ਮੈਂ
ਲਾਗ ਲੈਣਾ ਏ?” ਪਰ ਸੰਤਾ ਸਿੰਘ ਕਹਿੰਦਾ “ਪਿਆਸੇ ਨੂੰ ਪਾਣੀ ਪਿਆਉਣ ਵਰਗਾ ਹੋਰ ਕੋਈ
ਪੁੱੰਨ ਨਹੀ ਹੁੰਦਾ। ਉਸਦੀ ਜਾਤ ਦੇਖ ਕੇ ਪਾਣੀ ਪਿਲਾਉਣ ਵਾਲੇ ਦਾ ਪੁੰਨ ਨਹੀਂ
ਲੱਗਦਾ”
ਸੰਤਾ ਸਿੰਘ ਬੰਤੇ ਝਿਊਰ ਨੂੰ ਸੂਹੀਆ ਸਮਝ ਕੇ ਉਸ ਨਾਲ
ਵਿਗਾੜਨੀ ਵੀ ਨਹੀਂ ਸੀ ਚਾਹੁੰਦਾ ਪਰ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਵੋ’ ਦਾ
ਧਾਰਨੀ ਹੋਣਾ ਉਸ ਦੇ ਮਨ ਵਿੱਚ ਬੇਚੈਨੀ ਪੈਦਾ ਕਰ ਰਿਹਾ ਸੀ। ਇਸ ਵਾਰੀ ਇੱਕ ਨਵੀਂ
ਚਰਚਾ ਛੇੜ ਕੇ ਇਹ ਹਾੜੀ ਦਾ ਇਹ ਸਮਾਂ ਵੀ ਬੀਤ ਗਿਆ। ਤੇ ਅਗਲੇ ਸਾਲ ਬੰਤਾ ਝਿਊਰ ਵੀ
ਮਾਸ਼ਕੀ ਦੇ ਕੰਮ ਤੋਂ ਵਿਹਲਾ ਹੋ ਘਰ ਬੈਠ ਗਿਆ।
ਭਈਆਂ ਨੂੰ ਪਾਣੀ ਪਿਲਾਉਣਾ ਉਸ ਨੂੰ ਆਪਣੀ ਹੇਠੀ ਜਾਪਿਆ ਸੀ।
ਤਾਂ ਹੀ ਉਸ ਨੇ ਇਹ ਕੰਮ ਛੱਡਣ ਦਾ ਮਨ ਬਣਾਇਆ। ਸੋਚ ਸੋਚ ਕੇ ਉਸ ਨੇ ਇੱਕ ਵਾਣ ਬੱਟਣੀ
ਅਤੇ ਰੂੰਅ ਪਿੰਜਣੀ ਮਸ਼ੀਨ ਬਾਹਰਲੇ ਘਰ ਲਵਾ ਲਈਆਂ ਸਨ। ਜਿਸ ਲਈ ਕੁੱਝ ਪੈਸੇ ਉਸ ਨੇ
ਸੇਪੀ ਇਕੱਠੀ ਕਰ ਕੇ ਜੋੜ ਲਏ ਸਨ ਤੇ ਕੁੱਝ ਜੱਟਾਂ ਜਿਮੀਦਾਰਾਂ ਤੋਂ ਉਧਾਰ ਫੜ ਲਏ।
ਏਥੇ ਹੀ ਉਸ ਨੇ ਇੱਕ ਕੰਮ ਹੋਰ ਕੀਤਾ ਕਿ ਪੰਜ ਹਜ਼ਾਰ ਰੁਪਈਆਂ ਛੋਟੇ ਕਿੱਤੇ ਲਈ
ਸਹਿਕਾਰੀ ਬੈਂਕ ਤੋਂ ਲੋਨ ਲੈ ਲਿਆ। ਸੰਤਾ ਸਿੰਘ ਨੇ ਜਦ ਸੁਣਿਆ ਤਾਂ ਬੋਲਿਆ ,
“ਮਹਿਰੇ ਦੀ ਮੱਤ ਮਾਰੀ ਗਈ ਆ...। ਕਰਜਾ ਚੱਕ ਕੇ ਮਸ਼ੀਨਾਂ ਲੌਣੀਆਂ, ਭਲਾਂ ਕਿਥੇ ਦੀ
ਸਿਆਣਪ ਆ?” ਪਰ ਨੇੜੇ ਖੜੇ ਗਿੰਦਰ ਪੜ੍ਹਾਕੂ ਨੇ ਕਿਹਾ ਏਹਦਾ ਸ਼ਰੀਕ ਲਾਲੋ ਦਾ ਭਿੰਦਰ
ਵੀ ਤਾਂ ਕਰਜ਼ਾ ਚੱਕ ਕੇ ਹੀ ਬੋਰਾਂ ਦਾ ਸਮਾਨ ਲਿਆਇਆ ਸੀ? ਹੁਣ ਖੇਲਦਾ ਹੈ ਹਜ਼ਾਰਾਂ ‘ਚ
ਕਿ ਨਹੀਂ...?” ਇਸਦਾ ਸੰਤਾ ਸਿੰਘ ਨੂੰ ਕੋਈ ਜਵਾਬ ਨਾ ਆਉੜਿਆ। ਉਹ ਫੇਰ ਬਲਿਆ “ਉਹਦੇ
ਮੰਗੂ ਕਮਾ ਕਮਾ ਕੇ ਇਹ ਵੀ ਕਰਜਾ ‘ਤਾਰ ਦੂ”
ਪਰ ਸੰਤਾ ਸਿਉਂ ਨੇ ਕਿਹੜਾ ਇੰਜਣ ਡਰੰਮੀ ਸਾਰਾ ਕੁੱਝ ਪੱਲਿਉਂ
ਲਿਆ ਸੀ। ਉਹ ਸੋਚਣ ਲੱਗਾ “ਇਹ ਬੈਂਕਾ ਹੁਣ ਏਨਾਂ ਕਮੀਣ ਕਾਂਦੂਆਂ ਦੀਆਂ ਆੜਤਣੀਆਂ
ਬਣਨਗੀਆਂ ਫੇਰ? ਨਾਲੇ ਸਰਕਾਰ ਵੀ ਏਨਾਂ ਦਾ ਐਨਾ ਕਰਦੀ ਆ” ਉਹ ਕੁੱਝ ਦੇਰ ਰੁੱਕ ਕੇ
ਫੇਰ ਬੋਲਿਆ “ਟਟੀਰੀ ਦੇ ਟੰਗਾਂ ਚੁੱਕਣ ਨਾਲ ਕਿਹੜਾ ਡਿੱਗਦਾ ਅਸਮਾਨ ਰੁੱਕ ਜਾਣੈ। ਜੇ
ਉਹ ਐਵੇ ਰੱਬ ਨੂੰ ਥੱਮਣ ਦਾ ਭਰਮ ਪਾਲ਼ਦੀ ਫਿਰੇ ਤਾਂ ਪਈ ਫਿਰੇ। ਐਂ ਕਰਕੇ ਕਿਤੇ ਇਹ
ਕਮੀਣ ਕਾਂਦੂ ਜੱਟਾਂ ਦੀ ਬਰਾਬਰੀ ਤਾਂ ਨੀ ਕਰ ਸਕਦੇ। ਹੁਣ ਜੇ ਸੋਚੋਂ ਭਲਾਂ ਜੇ ਇਹ
ਲੋਕ ਪਾਣੀ ਪਿਲਾਉਣ ਦਾ ਜੱਦੀ ਪੁਸ਼ਤੀ ਕੰਮ ਛੱਡਕੇ ਆਪਣੇ ਹੋਰ ਕੰਮ ਤੋਰ ਕੇ ਬਹਿ ਗਏ,
ਫੇਰ ਇਹਨਾਂ ਵਾਲਾ ਕੰਮ ਕੌਣ ਕਰੂ?”
ਪਰ ਬੰਤਾ ਹੋਰ ਵਿਚਾਰ ਰੱਖਦਾ ਸੀ। ਜਦੋਂ ਉਸ ਨੂੰ ਕੋਈ ‘ਵਾਣ
ਵੱਟ’ ਕਹਿੰਦਾ ਤਾਂ ਉਸ ਨੂੰ ਬੜਾ ਵੱਟ ਚੜਦਾ। ਉਹ ਕਹਿੰਦਾ “ਮੈਂ ਆਪਣੀ ‘ਲਾਦ ਨੂੰ ਨੀ
ਏਸ ਕੁੱਤੇ ਕੰਮ ‘ਚ ਪੈਣ ਦਿੰਦਾ। ਮਸ਼ੀਨਾ ਮੈਂ ਤਾਂ ਹੀ ਲਾਈਆਂ ਨੇ ਕਿ ਪੈਸੇ ਬਣਾ ਕੇ
ਉਨ੍ਹਾਂ ਨੂੰ ਚੰਗਾ ਪੜ੍ਹਾਵਾਂ ਲਿਖਾਵਾਂ ਤਾਂ ਹੀ ਚੰਗੇ ਕੰਮ ਮਿਲਣਗੇ। ਫੇਰ ਸ਼ਹਿਰਾਂ
‘ਚ ਨੌਕਰੀਆਂ ਕਰਨਗੇ। ਸਾਡੇ ਮੰਗੂ ਜੱਟਾਂ ਤੋਂ ਘੀਸੀ ਤਾਂ ਨੀ ਕਰਵਾਉਣਗੇ। ਊਂ ਅਸੀ
ਗੁਰੂ ਦੇ ਸਿੱਖ ਪਰ ਦੂਜੀਆਂ ਜਾਤਾਂ ਨੂੰ ਪੈਰਾਂ ਹੇਠ ਮਧੋਲਕੇ ਰੱਖਦੇ ਨੇ ਇਹ ਜੱਟ।
ਜਾਤ ਪਾਤ ਤਾਂ ਗੁਰੂਆਂ ਨੇ ਖਤਮ ਕੀਤੀ ਤੀ, ਪਰ ਕੋਈ ਮੰਨਦੈ ਹੈ ਗੁਰੂਆਂ ਦੀ ਗੱਲ?
ਪੰਜ ਪਿਆਰੇ ਚੁਣਨ ਵੇਲੇ ਸਾਨੂੰ ਵੀ ਗੁਰੂ ਨੇ ਬਰਾਬਰ ਰੱਖਿਆ। ਸਾਡੇ ਬਜੁਰਗ ਮੋਤੀ
ਮਹਿਰੇ ਨੇ ਠੰਢੇ ਬੁਰਜ਼ ਵਿੱਚ ਗੁਰੂ ਦੇ ਪਰਿਵਾਰ ਦੀ ਕਿੰਨੀ ਸੇਵਾ ਕੀਤੀ? ਪਰ ਜੱਟ
ਤਾਂ ਸਾਨੂੰ ਸਿਆਣਦੇ ਈ ਨਹੀਂ। ਹੁਣ ਅਸੀਂ ਰੁਜਗਾਰ ਕੀ ਤੋਰਿਆ, ਤਾਂ ਸਾਰਿਆਂ ਦਾ
ਢਿੱਡ ਦੁਖਦੈ?”
ਰਣੀਏ ਪਿੰਡ ਦੇ ਜੱਟ ਖੇਤਾਂ ‘ਚ ਪਏ ਕਣਕ ਦੇ ਬੋਹਲ਼ ਗੱਡੇ ਭਰ
ਭਰ ਸ਼ਹਿਰ ਵੇਚਣ ਜਾਂਦੇ। ਹਾੜ ਚੜਨ ਤੋਂ ਪਹਿਲਾਂ ਪਹਿਲਾਂ ਹਰ ਘਰ ਵਿੱਚ ਖੁਸ਼ਹਾਲੀ ਸੀ।
ਸਾਲ ਭਰ ਲਈ ਖਰੀਦੋ ਫਰੋਖਤ ਕਰ ਲਈ ਗਈ ਸੀ। ਟੱਬਰ ਨੂੰ ਜੁੱਤੀਆਂ ਕੱਪੜੇ ਲੀੜੇ ਲੈ
ਦਿੱਤੇ ਗਏ ਸਨ। ਲੰਬੜਦਾਰ ਸੰਤਾ ਸਿੰਘ ਵੀ ਆੜਤੀਏ ਦੇ ਪੈਸੇ ਉਤਾਰ ਹੁਣ ਚੋਖੀ ਰਕਮ
ਜੋੜ ਚੁੱਕਾ ਸੀ। ਉਹ ਮਾਛੀਵਾੜੇ ਤੋਂ ਦੋ ਤਿੰਨ ਗੱਡੇ ਘਰ ਦੇ ਸਮਾਨ ਦੇ ਭਰ ਲਿਆਇਆ।
ਉਨ੍ਹਾਂ ਵਿੱਚ ਖੱਦਰ ਦੇ ਥਾਨ, ਧੌੜੀ ਦੀਆਂ ਜੁੱਤੀਆਂ ਜਾਂ ਮੌਜੇ। ਦਾਲ਼ਾਂ, ਖਲ਼,
ਚੀਨੀ, ਲੂਣ ਤੇਲ ਸਭ ਕੁੱਝ ਹੀ ਲੈ ਆਂਦਾ ਸੀ। ਇਸ ਵਾਰ ਤਾਂ ਇੰਜਣ ਲਈ ਦੋ ਢੋਲ ਤੇਲ
ਦੇ ਵੀ ਭਰਵਾ ਕੇ ਰੱਖ ਲਏ ਸਨ।
ਫੇਰ ਸਾਰੇ ਕੰਮ ਨਿਬੇੜਕੇ ਉਹ ਆਪਣੀ ਦੋਹਤੀ ਦੀ ਨਾਨਕ ਸ਼ੱਕ
ਪੂਰਨ ਲਈ ਰੁੱਝ ਗਏ। ਮੀਤੋ ਦੀ ਧੀ ਗੁੱਡੀ ਦੇ ਵਿਆਹ ਵਿੱਚ ਥੋੜੇ ਦਿਨ ਬਾਕੀ ਰਹਿ ਗਏ
ਸਨ। ਮਹਿਤਾਬ ਕੌਰ ਉਂਗਲਾ ਤੇ ਦਿਨ ਗਿਣਦੀ ਆਖਦੀ “ਲੈ ਇੱਕੀ ਹਾੜ ਤਾਂ ਆਇਆ। ਬੰਨੇ
ਦਿਨ ਤਾਂ ਝੱਟ ਬੀਤ ਜਾਂਦੇ ਨੇ। ਸੁੱਖ ਨਾਲ ਗੱਠ ਆਈ ਨੂੰ ਵੀ ਦੋ ਸੱਤਵਾਰ ਬੀਤ ਗੇ”
ਉਨ੍ਹਾਂ ਨਾਨਕ ਸ਼ੱਕ ਹੀ ਨਹੀਂ ਸੀ ਪੂਰਨੀ ਸਗੋਂ ਵਿਧਵਾ ਧੀ ਦੀ ਧੀ ਦਾ ਸਾਰਾ ਵਿਆਹ ਆਪ
ਹੀ ਕਰਨਾ ਸੀ। ਸੰਤਾ ਸਿੰਘ ਦਾ ਵੱਡਾ ਮੁੰਡਾ ਗੁਰਜੀਤ ਹਾੜੀ ਦਾ ਕੰਮ ਕਰਵਾਕੇ ਤੁਰੰਤ
ਭੈਣ ਕੋਲ ਚਲਾ ਗਿਆ ਸੀ।
ਕੁੜੀ ਨੇ ਭਾਵੇਂ ਦਾਜ ਬਣਾਇਆ ਹੋਇਆ ਸੀ ਪਰ ਤਾਂ ਵੀ ਸੰਤਾ
ਸਿਉਂ ਨੇ ਦਾਜ ਵਿੱਚ ਦੇਣ ਵਾਲੀਆਂ ਕੁਰਸੀਆਂ, ਮੇਜ, ਪੇਟੀ,ਪੱਖਾ, ਸਾਈਕਲ ਸਭ ਸਮਰਾਲੇ
ਤੋਂ ਖਰੀਦ ਦਿੱਤੇ ਸਨ। ਘੜੀ, ਮੁੰਦੀਆਂ ਤੇ ਹੋਰ ਸਮਾਨ ਵੀ ਲੈ ਲਿਆ ਗਿਆ ਤੇ ਕੱਪੜੇ
ਲੀੜੇ ਵੀ। ਇੱਕ ਦਿਨ ਤੱਖਰ ਵਾਲਾ ਸੁਰਜੀਤ ਹਵੇਲੀ ਆ ਵੜਿਆ ਤਾਂ ਸੰਤਾ ਸਿੰਘ ਉਸ ਨਾਲ
ਗੱਲੀਂ ਜੁੱਟ ਪਿਆ। ਕਦੇ ਝਿਊਰਾਂ ਦੇ ਬੰਤ ਵਲੋਂ ਲਾਈਆਂ ਮਸ਼ੀਨਾਂ ਦੀ ਗੱਲ ਕਰਦਾ ਤੇ
ਕਦੇ ਗੁੱਡੀ ਦੇ ਬਣਾਏ ਦਾਜ ਦੀਆਂ। ਹਰ ਗੱਲ ਪਿੱਛੋਂ ਆਖ ਛੱਡਦਾ ਭਾਈ ਕਲਯੁੱਗ ਆ
ਕਲਯੁੱਗ।
ਸੁਰਜੀਤ ਬੋਲਿਆ “ਚਾਚਾ ਤੂੰ ਵੀ ਤਾਂ ਹੁਣ ਕਲਯੁੱਗੀ ਬਣ ਗਿਆ”
ਸੰਤਾ ਸਿੰਘ ਨੂੰ ਵੱਟ ਚੜਿਆ, “ਉਹ ਕਿਵੇਂ...?” ਕਲਯੁੱਗ ਦਾ ਮਤਲਬ ਐ ਮਸ਼ੀਨੀ ਯੁੱਗ।
ਆਪਾਂ ਕਲ਼ ਪੁਰਜੇ ਨਹੀਂ ਕਹਿੰਦੇ ਕਲ਼ ਭਾਵ ਮਸ਼ੀਨ। ਆਹ ਤੇਰੇ ਵਿਹੜੇ ਵਿੱਚ ਇੰਜਣ
ਚੱਲਦੈ, ਕਣਕ ਤੂੰ ਡਰੱਮੀ ਨਾਲ ਕੱਢੀ ਆ। ਬਿਜਲੀ ਦਾ ਪੱਖਾ ਲਾਕੇ ਤੂੰ ਸੌਨਾ ਏ।
ਬੱਲਵਾਂ ਦੀ ਰੋਸ਼ਨੀ ਹੁੰਦੀ ਆ ਤੇ ਰੇਡੀਉ ਤੇ ਰੋਜ਼ ਖਬਰਾ ਸੁਣਦੈ। ਇਹ ਸਭ ਮਸ਼ੀਨਾਂ ਹੀ
ਤਾਂ ਨੇ? ਜੇ ਮਸ਼ੀਨ ਦਾ ਮਤਲਬ ਹੈ ਕਲ਼ ਫੇਰ ਤੂੰ ਕਲਯੁੱਗੀ ਨਾ ਬਣ ਗਿਆ? ਚਾਚਾ ਇਹ
ਮਸ਼ੀਨਾਂ ਦਾ ਯੁੱਗ ਹੈ” ਸੰਤਾ ਸਿੰਘ ਨੂੰ ਇਸ ਗੱਲ ਦਾ ਕੋਈ ਜਵਾਬ ਨਾ ਲੱਭਿਆ। ਤੇ ਉਹ
ਸੋਚੀਂ ਪੈ ਗਿਆ।
ਸਾਰੇ ਪਿੰਡ ਵਿੱਚੋਂ ਇੰਜਣਾਂ ਤੇ ਟੋਕਾ ਕੁਤਰਨੀਆਂ ਮਸ਼ੀਨਾਂ
ਦੀ ਅਵਾਜ਼ ਆ ਰਹੀ ਸੀ। ਸ਼ਾਮ ਦਾ ਸੂਰਜ ਪੱਛਮ ਵਿੱਚ ਅਸਤ ਹੋ ਰਿਹਾ ਸੀ। ਗੁਰਦੁਵਾਰੇ ਦੀ
ਘੜਿਆਲ ਵੱਜੀ ਪਰ ਟਨ ਟਨ ਇੰਜਨਾਂ ਦੀ ਫੱਟ ਫੱਟ ਵਿੱਚ ਹੀ ਦਮ ਤੋੜ ਗਈ। ਸ਼ਾਮ ਦੇ ਦੋ
ਵੇਲੇ ਮਿਲ ਰਹੇ ਸਨ। ਸੰਤਾ ਸਿੰਘ ਨੇ ਵਾਹਿਗੁਰੂ ਕਿਹਾ। ਹੁਣ ਗੁਰਦੁਵਾਰੇ ਵਾਲੇ ਭਾਈ
ਨੇ ਮਸ਼ੀਨ ਤੇ ਰਹਿਰਾਸ ਦਾ ਤਵਾ ਧਰ ਦਿੱਤਾ। ਮਸ਼ੀਨਾਂ ਤਾਂ ਪੂਰੇ ਪਿੰਡ ਤੇ ਹੀ ਭਾਰੂ
ਹੋ ਗਈਆਂ ਸਨ। ਸੰਤਾਂ ਸਿੰਘ ਨੇ ਮਨ ‘ਚ ਹੀ ਬਦਲਦੇ ਹਾਲਾਤਾ ਨੂੰ ਦੇਖ ਕੇ ਫੇਰ ਕਿਹਾ
“ਇਹ ਤਾਂ ਕਲਯੁੱਗ ਦਾ ਹੀ ਫਿਰਕਾ ਪਹਿਰਾ ਏ” ਤੇ ਉਹ ਆਪ ਵੀ ਰਹਿਰਾਸ ਦਾ ਪਾਠ ਕਰਨ
ਲੱਗ ਪਿਆ।
|