WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 16

ਸਮੁੰਦਰ ਮੰਥਨ (PDF, 568KB)    


ਦਲੇਰ ਸਿੰਘ ਦੇ ਪਰਤ ਜਾਣ ਤੋਂ ਬਾਅਦ ਗੁਰਬਚਨ ਕੌਰ ਫੇਰ ਪੇਕੇ ਪਰਤ ਆਈ। ਹੁਣ ਉਸ ਕੋਲ ਗੱਲਾਂ ਦਾ ਭੰਡਾਰ ਸੀ। ਉਹ ਜਿੱਥੇ ਆਪਣੇ ਸੱਸ ਸਹੁਰਾ ਨਣਦਾਂ ਤੇ ਜੇਠ ਦਿਓਰਾਂ ਦੀਆਂ ਗੱਲਾਂ ਕਰਦੀ ਉੱਥੇ ਜਠਾਣੀ ਵਲੋਂ ਸਤਾਏ ਜਾਣ ਦੀਆਂ ਗੱਲਾਂ ਵੀ ਦੱਸਦੀ ਜਿਵੇਂ “ਸੱਸ ਤਾਂ ਮੇਰੀ ਬਹੁਤ ਚੰਗੀ ਆ ਪਰ ਜਠਾਣੀ ਕੁੱਤੇ ਦੀ ਵੱਢੀ ਹੋਈ ਆ। ਮੈਂ ਦਾਲ ਬਣਾ ਕੇ ਪਿੱਠ ਮੋੜਦੀ ਤੇ ਉਹ ਲਾਲ ਮਿਰਚਾਂ ਦੀ ਕੜਛੀ ਭਰ ਕੇ ਦਾਲ਼ ‘ਚ ਪਾ ਦਿੰਦੀ। ਤੇ ਬਾਅਦ ‘ਚ ਆਖਦੀ ਏਹਨੂੰ ਤਾਂ ਕਿਸੇ ਗੱਲ ਦਾ ਚੱਜ ਨੀ” ਏਹੋ ਹਾਲ ਜੇਠ ਦਾ ਸੀ ਉਹ ਜਠਾਣੀ ਦਾ ਚੁੱਕਿਆ ਸ਼ਰਾਬ ਪੀ ਕੇ ਦਲੇਰ ਸਿੰਘ ਨੂੰ ਗਾਲਾਂ ਕੱਢਦਾ ਕਿ ਜਾਂਦਾ ਹੋਇਆ ਕੋਈ ਪੈਸੇ ਨੀ ਦੇ ਕੇ ਗਿਆ। ਮੈਂ ਉਸ ਦਾ ਟੱਬਰ ਕਿਉਂ ਪਾਲ਼ਾਂ? ਉਹ ਫੌਜ ਵਿੱਚ ਪੈਸੇ ਜੋੜ ਕੇ ਬੈਂਕਾਂ ਭਰੇ ਤੇ ਮੈਂ ਖੇਤਾਂ ‘ਚ ਮਰਾਂ? ਨਿੱਤ ਕਲੇਸ਼ ਕਰਦਾ”

ਉਹ ਅੱਗੇ ਗੱਲ ਤੋਰਦੀ “ਬੇਬੇ ਗੁੱਸੇ ‘ਚ ਆਖਦੀ
‘ਗੱਡ ਹੋਣਿਆ ਕਿਉਂ ਰੋਜ਼ ਸ਼ਰਾਬ ਝੁਲਸ ਕੇ ਝੱਜੂ ਪਾਉਨੈ? ਬੇਗਾਨੀ ਧੀ ਕੀ ਸੋਚੂ? ਤੂੰ ਕਿਹੜਾ ਫਸਲਾਂ ਵੇਚ ਕੇ ਘਰ ਰੋਕੜੇ ਦੇ ਤੇ...?”
ਤਾਂ ਫੇਰ ਹੋਰ ਉਹ ਬੁੱਕਦਾ ਕਿ
“ਆ ਕਦਰ ਕੀਤੀ ਆ ਤੁਸੀਂ ਮੇਰੀ?”

ਉਸਦੀ ਘਰ ਵਾਲੀ ਦੁਹੱਥੜੀ ਪਿੱਟਦੀ ਕਿ “ਹੋਰ ਖਾ ਲੈ ਢੀਮਾਂ…ਲੈ ਲਿਆ ਦੱਖੂਦਾਣਾ? ਉਹ ਮਹਾਰਾਣੀ ਨੂੰ ਕੋਈ ਕੁੱਝ ਨੀ ਕਹਿੰਦਾ।ਮੈਂ ਸਾਰਿਆਂ ਦਾ ਲੰਗਰ ਫੂਕਾਂ, ੳਹਨੂ ਚੱਜ ਨਾ ਅਚਾਰ ਮੇਰੇ ਸਿਰ ਤੇ ਲਿਆ ਬਿਠਾ ਤੀ...”

ਪਰ ਗੁਰਬਚਨ ਕੌਰ ਚੁੱਪ ਧਾਰ ਰੱਖਦੀ।ਬੇਅੰਤ ਕੌਰ ਕਹਿੰਦੀ “ਧੀਏਂ ਤੂੰ ਨਾਂ ਬੋਲੀਂ ਉਹ ਤਾਂ ਕਮਲ਼ੀ ਹੈ। ਘਰਾਣੇ ਘਰ ਦੀਆਂ ਤੀਵੀਆਂ ਇਉਂ ਨੀ ਜਲੂਸ ਕੱਢਦੀਆਂ”

ਚੰਦ ਸਿੰਘ ਤੇ ਗੁਲਾਬ ਸਿੰਘ ਦਾ ਵਰਤਾ ਵੀ ਚੰਗਾ ਸੀ। ਚੰਦ ਸਿੰਘ ਘਰ ਦੇ ਇੱਕ ਹਿੱਸੇ ਵਿੱਚ ਬਣੇ ਕਮਰੇ ੱਿਵਚ ਰਹਿੰਦਾ। ਜਿੱਥੇ ਉਸ ਦੇ ਦੋ ਫੌਜੀ ਟਰੰਕ ਸਨ, ਦਾੜੀ ਬੰਨਣ ਦਾ ਸਮਾਨ ਸੀ। ਦੋ ਬੋਤਲਾਂ ਉਹ ਰੰਮ ਦੀਆਂ ਜਮਾਂ ਰੱਖਦਾ। ਖਾਲਸਾ ਸਮਾਚਾਰ ਅਤੇ ਪ੍ਰੀਤ ਲੜੀ ਵਰਗੇ ਰਸਾਲੇ ਵੀ ਪੜ੍ਹਦਾ ਰਹਿੰਦਾ। ਆਪਣੇ ਵਿਛੜ ਚੁੱਕੇ ਪੁੱਤਰ ਦੀ ਪੁਸਤਕਾਂ ਨੂੰ ਰੋਜ਼ ਤੱਕਦਾ, ਜਿਵੇਂ ਉਸ ਨਾਲ ਗੱਲਾਂ ਕਰ ਰਿਹਾ ਹੋਵੇ। ਹੱਥੀਂ ਬਣਾ ਕੇ ਤੇਜ਼ ਪੱਤੀ ਵਾਲੀ ਚਾਅ ਪੀਂਦਾ। ਗੁਰਦੁਵਾਰੇ ਪਾਠ ਕਰਨ ਵੀ ਚਲਾ ਜਾਂਦਾ। ਤੇ ਜਾ ਫੇਰ ਖੇਤਾਂ ‘ਚ ਕੰਮ ਕਰਨ ਜਾ ਲੱਗਦਾ।

ਗੁਲਾਬ ਸਿੰਘ ਤਾਂ ਪੱਕੇ ਤੌਰ ਤੇ ਹੀ ਖੂਹ ਵਾਲੇ ਕੋਠੇ ‘ਚ ਰਹਿੰਦਾ। ਦਿਨ ਦੀ ਰੋਟੀ ਉਸ ਦੀ ਉੱਥੇ ਹੀ ਪੁੱਜਦੀ ਤੇ ਸ਼ਾਮ ਦੀ ਰੋਟੀ ਉਹ ਘਰ ਆ ਕੇ ਖਾਅ ਜਾਂਦਾ। ਉਸ ਨੂੰ ਜਿੱਥੇ ਬਾਗਬਾਨੀ ਦਾ ਬੇਹੱਦ ਸ਼ੌਂਕ ਸੀ। ਖੇਤਾਂ ਵਿੱਚ ਉਹਨੇ ਅੰਬ, ਅੰਗੂਰ, ਕੇਲੇ, ਨਾਸਪਾਤੀਆਂ, ਜਾਮਣਾਂ, ਸੰਤਰੇ ਤੇ ਹੋਰ ਬੂਟੇ ਲਗਾਏ ਹੋਏ ਸਨ।

ਉੱਥੇ ਹੀ ਧਨੀਆਂ, ਪਾਲਕ, ਪੁਦੀਨਾਂ, ਕੱਕੜੀਆਂ, ਖੀਰੇ, ਕੱਦੂ, ਬਤਾਊਂ, ਭਿੰਡੀਆਂ, ਕਰੇਲੇ,ਲਸਣ ,ਪਿਆਜ ਤੇ ਹੋਰ ਵੀ ਬੜਾ ਕੁੱਝ ਉਹ ਬੀਜੀਂ ਰੱਖਦਾ। ਲੋਕ ਉਸਦਾ ਸ਼ੌਂਕ ਵੇਖ ਵੇਖ ਹੈਰਾਨ ਹੁੰਦੇ। ਉਹ ਗਲੀ ਗੁਆਂਢ ਨੂੰ ਵੀ ਏਨਾਂ ਚੀਜਾਂ ਨਾਲ ਰਜਾਈਂ ਰੱਖਦਾ। ਤੁਰਦਾ ਤਾਂ ਹੱਥ ਵਿੱਚ ਹਮੇਸ਼ਾਂ ਖੂੰਡਾ ਰੱਖਦਾ। ਦਾੜੀ ਸਲੀਕੇ ਨਾਲ ਬੰਨੀ ਹੁੰਦੀ। ਚਿੱਟੇ ਖੱਦਰ ਦਾ ਕੁੜਤਾ ਪਜਾਮਾ ਪਹਿਨਦਾ। ਚੰਗਾ ਫੌਜੀ ਰੋਹਬ ਦਾਅਬ ਸੀ ਤੇ ਬੋਲਾਂ ਵਿੱਚ ਗੜਕਾ ਵੀ ਸੀ। ਕਿਸੇ ਨੂੰ ਭਾਂਵੇ ਗਾਲਾਂ ਵੀ ਕੱਢ ਲਵੇ ਤਾਂ ਵੀ ਪਿੰਡ ‘ਚ ਕੋਈ ਉਸ ਦੇ ਸਾਹਮਣੇ ਨਾਂ ਕੁਸਕਦਾ।

ਲੋਕ ਉਸ ਨੂੰ ਤਾਇਆ ਹੌਲਦਾਰ ਕਹਿ ਕੇ ਬੁਲਾਉਂਦੇ। ਭਾਂਵੇ ਤਾਇਆ ਹੌਲਦਾਰ ਛੜਾ ਸੀ ਪਰ ਭਰਾ ਦੇ ਬੱਚਿਆਂ ਨੂੰ ਉਹ ਆਪਣੇ ਬੱਚਿਆਂ ਵਾਂਗ ਹੀ ਸਮਝਦਾ ਰਿਹਾ ਸੀ। ਅੱਗੋਂ ਉਨ੍ਹਾਂ ਦੇ ਬੱਚਿਆਂ ਨਾਲ ਖੇਡਦਾ ਤਾਂ ਉਹ ਮੋਮ ਵਾਂਗੂੰ ਢਲ ਜਾਂਦਾ। ਬੱਚਿਆਂ ਵਿੱਚ ਬੱਚਾ ਹੋਇਆ ਉਹ ਤੋਤਲੀਆਂ ਆਵਾਜ਼ਾਂ ਕੱਢਦਾ ਤੇ ਕਈ ਤਰ੍ਹਾਂ ਵਿੰਗੇ ਟੇਢੇ ਮੂੰਹ ਬਣਾ ਕੇ ਹਸਾਉਂਦਾ। ਨਿਆਣਿਆਂ ਨੂੰ ਪਿਆਰ ਨਾਲ ‘ਡੱਡ’ ਕਹਿੰਦਾ। ਬਚਨੋਂ ਨੂੰ ਵੀ ਤਾਇਆ ਜੀ ਦਾ ਸੁਭਾਅ ਬਹੁਤ ਚੰਗਾ ਲੱਗਦਾ।

ਬਾਕੀ ਤਾਂ ਸਾਰੇ ਘਰ ਦਾ ਮਹੌਲ ਓਪਰਾ ਸੀ। ਬੇਅੰਤ ਕੌਰ ਤੋਂ ਬਿਨਾਂ ਘਰ ਵਿੱਚ ਕੋਈ ਵੀ ਪਾਠ ਨਾਂ ਕਰਦਾ। ਬਚਨੋਂ ਦੇ ਸਹੁਰੇ ਘਰ ‘ਚ ਅੰਡਾ ਮੀਟ ਸਭ ਕੁੱਝ ਬਣਦਾ। ਕੁੜੀਆਂ ਕੱਤਰੀਆਂ ਨੂੰ ਵੀ ਕਾਫੀ ਖੁੱਲ ਸੀ। ਸ਼ਾਮ ਨੂੰ ਰੇਡੀਉ ਤੇ ਮੁਹੱਬਤ ਭਰੇ ਗੀਤ ਵੀ ਸੁਣੇ ਜਾਂਦੇ। ਜਦ ਕੇ ਉਸਦੇ ਪੇਕੇ ਘਰ ਸਭ ਅਜਿਹਾ ਨਹੀਂ ਸੀ। ਬਚਨ ਕੌਰ ਨੂੰ ਪਹਿਲਾਂ ਪਹਿਲਾਂ ਜਾ ਕੇ ਬਹੁਤ ਓਪਰਾ ਲੱਗਦਾ। ਪਰ ਫੇਰ ਉਹ ਮਨ ਸਮਝਾ ਲੈਂਦੀ।

ਦਲੇਰ ਸਿੰਘ ਦੇ ਜਾਣ ਤੋਂ ਬਾਅਦ ਬਚਨੋਂ ਲਈ ਇਸ ਮਹੌਲ ਵਿੱਚ ਰਹਿਣਾ ਔਖਾ ਹੋ ਗਿਆ। ਖਾਸ ਕਰਕੇ ਜੇਠ ਜਠਾਣੀ ਦੇ ਰਵਈਏ ਕਰਕੇ। ਇੱਕ ਦਿਨ ਬੇਅੰਤ ਕੌਰ ਨੇ ਵਕਤ ਦੀ ਨਬਜ਼ ਪਛਾਣਦਿਆਂ ਆਖਿਆ, “ਕੱਲ ਨੂੰ ਸ਼ਰਾਬ ਪੀ ਕੇ ਕੋਈ ਪੁੱਠੀ ਸਿੱਧੀ ਗੱਲ ਕਹਿ ਦਿੱਤੀ ਫੇਰ ਰਿਸ਼ਤੇਦਾਰੀ ‘ਚ ਵਿਗਾੜ ਪਊ।ਹੁਣ ਜਿੱਦਣ ਤੇਰਾ ਭਰਾ ਮਿਲਣ ਆਊੰ,ਤੂੰ ਅਜੇ ਪੇਕੇ ਹੀ ਚਲੀ ਜਾਂਈ। ਏਥੇ ਤਾਂ ਸਰੀ ਹੀ ਜਾਣਾ ਏ”ਫੇਰ ਇੱਕ ਦਿਨ ਬਲਕਾਰ ਸਿੰਘ ਬਚਨੋਂ ਨੂੰ ਮਿਲਣ ਗਿਆ ਨਾਲ ਹੀ ਲੈ ਆਇਆ। ਹੁਣ ਉਸ ਕੋਲ ਨਵੀਆਂ ਗੱਲਾਂ ਦਾ ਭੰਡਾਰ ਸੀ।

ਪੇਕੇ ਆ ਕੇ ਉਹ ਸਹੁਰਿਆਂ ਦੀਆਂ ਗੱਲਾਂ ਕਰਦੀ ਤੇ ਉਸ ਨੂੰ ਦਲੇਰ ਸਿੰਘ ਦੀਆਂ ਯਾਦਾਂ ਵੀ ਆਂਉਂਦੀਆਂ। ਛੁੱਟੀਆਂ ਦੌਰਾਨ ਉਹ ਬਹੁਤ ਘੁੰਮੇ ਫਿਰੇ ਸਨ। ਆਨੰਦਪੁਰ ਜਾਕੇ ਸਾਰੇ ਗੁਰਦੁਵਾਰਿਆਂ ਦੇ ਦਰਸ਼ਣ ਕੀਤੇ ਸਨ। ਤਖਤ ਸ੍ਰੀ ਕੇਸਗੜ ਸਾਹਿਬ ਉਨ੍ਹਾਂ ਗੁਰੂ ਜੀ ਦੇ ਸ਼ਾਸ਼ਤਰਾਂ ਦੇ ਦਰਸ਼ਣ ਵੀ ਕੀਤੇ। ਉਸੇ ਸਫਰ ਦੌਰਾਨ ਉਹ ਭਾਖੜਾ ਡੈਮ ਵੀ ਦੇਖਣ ਗਏ। ਗੋਬਿੰਦ ਸਾਗਰ ਝੀਲ ‘ਚ ਭਰੇ ਪਾਣੀ ਦੇ ਨਾਲ ਨਾਲ ਉਹ ਇਹ ਗੱਲ ਵੀ ਸੁਣਾਉਂਦੀ ਕਿ ਉਹ ਇੱਕ ਅਜਿਹੇ ਕਮਰੇ ‘ਚ ਚੜੇ ਜੋ ਉਨ੍ਹਾਂ ਨੂੰ ਲੈਕੇ ਧਰਤੀ ‘ਚ ਹੀ ਨਿੱਘਰ ਗਿਆ। ਜਦੋਂ ਉਨ੍ਹਾਂ ਥੱਲੇ ਸਾਰਾ ਕੁੱਝ ਦੇਖ ਲਿਆ ਤੇ ਫੇਰ ਉਹੋ ਹੀ ਕਮਰਾ ਉਨ੍ਹਾਂ ਨੂੰ ਲੈ ਕੇ ਉੱਪਰ ਆ ਗਿਆ। ਜਿਸ ਨੂੰ ਦਲੇਰ ਸਿੰਘ ਲਿਫਟ ਦੱਸਦੀ ਸੀ।
ਸਮੇਂ ਦੇ ਨਾਲ ਨਾਲ ਮਨਦੀਪ ਵੀ ਵੱਡਾ ਹੋ ਰਿਹਾ ਸੀ। ਛੁੱਟੀ ਸਮੇਂ ਦਲੇਰ ਸਿੰਘ ਨੇ ਉਸ ਨੂੰ ਬਹੁਤ ਖਿਡੌਣੇ ਲੈ ਕੇ ਦਿੱਤੇ ਸਨ। ਤੁਰਨ ਵਾਲਾ ਗਡੀਰਾ, ਟਪੂਸੀ ਮਾਰ ਡੱਡੂ, ਚਕਰਚੂੰਡਾ, ਤਾਰ ਤੇ ਚੜਦਾ ਉੱਤਰਦਾ ਬਾਂਦਰ, ਟਰੈਕਟਰ, ਵਾਜਾ, ਨਾ ਢਹਿਣ ਵਾਲਾ ਮੱਲ ਤੇ ਹੋਰ ਬੜਾ ਕੁੱਝ। ਜੋ ਸਮਰਾਲੇ ਜਾ ਕੇ ਇੱਕ ਸਟੁਡੀੳੇ ਵਿੱਚ ਫੋਟੋ ਵੀ ਖਿਚਵਾਈ, ਉਹੋ ਫੋਟੋ ਜਿਸ ਦਿਨ ਵੱਡੀ ਬਣਾ ਕੇ ਚੁਬਾਰੇ ਵਿੱਚ ਲਾਈ ਸੀ ਉਸ ਦਿਨ ਵੀ ਘਰ ਵਿੱਚ ਕਿੰਨਾ ਕਲੇਸ਼ ਪਿਆ ਸੀ। ਉਸ ਦੀ ਜਠਾਣੀ ਤੋਂ ਇਹ ਜਰੀ ਨਹੀ ਸੀ ਗਈ। ਤੇ ਉਸ ਨੇ ਹਰਖ ਵਿੱਚ ਆਈ ਨੇ ਆਪਣਾ ਹੀ ਮੁੰਡਾ ਕੀ ਕੁੱਟ ਸੁੱਟਿਆ ਸੀ। ਇਸੇ ਤਰ੍ਹਾਂ ਉਹ ਲੁਧਿਆਣੇ ਦੇ ਸਿਨਮਾਂ ਘਰ ਵਿੱਚ ਫਿਲਮ ਵੀ ਵੇਖ ਕੇ ਆਏ। ਜਿਸ ਦਾ ਨਾਂ ਸੀ ‘ਨਾਨਕ ਨਾਮ ਜਹਾਜ਼ ਹੈ’ ਬਚਨੋਂ ਉਸ ਦੀ ਸਾਰੀ ਕਹਾਣੀ ਵੀ ਸੁਣਾ ਦਿੰਦੀ। ਤੇ ਦੱਸਦੀ ਕਿ ਲੋਕ ਉਸ ਵਿੱਚ ਜਮਾਂ ਅਸਲੀ ਲੱਗਦੇ ਸੀ। ਉਵੇਂ ਹੀ ਬੋਲਦੇ ਤੇ ਤੁਰੇ ਫਿਰਦੇ। ਪੇਕੇ ਘਰ ਸਭ ਉਸ ਦੀਆਂ ਗੱਲਾਂ ਹੈਰਾਨ ਹੋ ਕੇ ਸੁਣਦੇ। ਜੋ ਉਨ੍ਹਾਂ ਲਈ ਨਵੀਆਂ ਸਨ।

ਜਦੋਂ ਮਹਿਤਾਬ ਕੌਰ ਨੂੰ ਵੀ ਪਤਾ ਲੱਗ ਗਿਆ ਕਿ ਕੁੜੀ ਦੇ ਪੈਰ ਭਾਰੇ ਹਨ ਤਾਂ ਉਹ ਉਸ ਨੂੰ ਕਿਸੇ ਭਾਰੇ ਕੰਮ ਲਈ ਨਾਂ ਕਹਿੰਦੀ। ਇਨ੍ਹਾਂ ਦਿਨਾਂ ਵਿੱਚ ਹੀ ਸੰਤਾ ਸਿੰਘ ਨੇ ਸਭ ਤੋਂ ਛੋਟੀ ਕੁੜੀ ਸਿਮਰੋ ਲਈ ਵੀ ਸਾਕ ਲੱਭਣਾ ਸ਼ੁਰੂ ਕੀਤਾ। ਆਖਰ ਮੁੰਡਾ ਲੱਭ ਹੀ ਗਿਆ। ਚੰਗੀ ਜ਼ਮੀਨ ਦੇ ਨਾਲ ਨਾਲ ਉਹ ਸਕੂਲ ਵਿੱਚ ਪੜ੍ਹਾਉਂਦਾ ਵੀ ਸੀ। ਹੋਰ ਕੀ ਚਾਹੀਦਾ ਸੀ? ਲਾਗੀ ਹੱਥ ਰੁਪਈਆਂ ਤੋਰ ਦਿੱਤਾ ਗਿਆ। ਵਿਚੋਲਣ ਸਿਮਰੋ ਦੀ ਊਰਨੇ ਵਾਲੀ ਮਾਸੀ ਹੀ ਸੀ। ਹੁਣ ਅਗਲੇ ਹਾੜ ਦਾ ਵਿਆਹ ਕਰਨਾ ਸੀ।

ਦਿਨ ਲੰਘਦਿਆਂ ਦਾ ਪਤਾ ਹੀ ਨਾ ਲੱਗਾ। ਇੱਕ ਦਿਨ ਬਚਨੋਂ ਦੇ ਫੇਰ ਜੰਮਣ ਪੀੜ੍ਹਾਂ ਪੈਣ ਲੱਗ ਪਈਆਂ। ਦਾਈ ਜੀਊਣੀ ਨੂੰ ਫੇਰ ਬੁਲਾਇਆ ਗਿਆ। ਉਸ ਦੇ ਕਈ ਕਾੜ੍ਹੇ ਪਿਆਉਣ ਤੇ ਵੀ ਬੱਚੇ ਨੇ ਜਨਮ ਨਾ ਲਿਆ। ਉਧਰੋਂ ਦਲੇਰ ਸਿੰਘ ਦੀਆਂ ਹਦਾਇਤਾਂ ਭਰੀਆਂ ਚਿੱਠੀਆਂ ਆ ਰਹੀਆਂ ਸਨ ਕਿ ਅਗਰ ਔਖੀ ਘੜੀ ਆਈ ਤਾਂ ਸ਼ਹਿਰ ਦੇ ਹੱਸਪਤਾਲ ਲੈ ਜਾਇਉ। ਜਦੋਂ ਤਕਲੀਫ ਲੋੜੋਂ ਵੱਧ ਗਈ ਤਾਂ ਸੰਤਾਂ ਸਿੰਘ ਖੁਦ ਉਸ ਨੂੰ ਮਾਛੀਵਾੜੇ ਦੇ ਹਸਪਤਾਲ ਲੈ ਜਾਣ ਲਈ ਰਾਜ਼ੀ ਹੋ ਗਿਆ। ਨਾਲਦੇ ਪਿੰਡ ਦਾ ਕੋਈ ਬੰਦਾ ਕਿਰਾਏ ਤੇ ਕਾਰ ਚਲਾਉਂਦਾ ਸੀ, ਉਸਦੀ ਕਾਰ ਵਿੱਚ ਬੈਠ ਕੇ ਉਹ ਹਰਦੇਵ ਕੁਰ ਤੇ ਮਹਿਤਾਬ ਕੁਰ ਤੁਰ ਪਏ। ਸੰਤਾ ਸਿੰਘ ਨੂੰ ਭਾਵੇਂ ਰੱਬ ਤੇ ਪੂਰਾ ਵਿਸ਼ਵਾਸ ਸੀ ਪਰ ਤਾਂ ਵੀ ਉਹ ਪ੍ਰਾਹੁਣੇ ਦੀ ਗੱਲ ਟਾਲ ਨਹੀਂ ਸੀ ਸਕਦਾ।

ਸੰਤਾ ਸਿੰਘ ਲਈ ਅਤੇ ਮਹਿਤਾਬ ਕੌਰ ਲਈ, ਇਹ ਸਾਰੀਆਂ ਨਵੀਆਂ ਗੱਲਾਂ ਸਨ। ਕਿੱਥੇ ਜੀਊਣੀ ਦਾਈ ਤੇ ਕਿੱਥੇ ਹਸਪਤਾਲ ਦੀਆਂ ਨਰਸਾਂ। ਕਿੱਥੇ ਦੇਸੀ ਕਾੜੇ ਤੇ ਕਿੱਥੇ ਟੀਕੇ। ਮਹਿਤਾਬ ਕੌਰ ਟੀਕਿਆਂ ਨੂੰ ਸੂਏ ਕਹਿੰਦੀ ਤੇ ਡਾਕਟਰਾ ਨੂੰ ਡਾਕਦਾਰ। ਹਸਪਤਾਲ ਵਿੱਚ ਬਚਨੋਂ ਦੇ ਦੂਜਾ ਮੁੰਡਾ ਹੋਇਆ ਜਿਸ ਦਾ ਨਾਮ ਇੱਕ ਨਰਸ ਨੇ ਹੀ ਰਘਬੀਰ ਸਿੰਘ ਰੱਖ ਦਿੱਤਾ। ਤੇ ਗੁੜਤੀ ਵੀ ਉਸੇ ਨੇ ਦਿੱਤੀ।

ਬੱਚੇ ਦੇ ਜਨਮ ਤੋਂ ਕੁੱਝ ਦਿਨ ਬਾਅਦ, ਸਾਰੇ ਮੋਟਰ ਗੱਡੀ ਵਿੱਚ ਬੈਠ ਕੇ ਪਿੰਡ ਆ ਗਏ। ਗੱਡੀ ਦੁਆਲੇ ਲੋਕਾਂ ਦਾ ਤਾਂਤਾ ਲੱਗ ਗਿਆ ਸੀ। ਪਿੰਡ ਵਿੱਚ ਜਦੋਂ ਵੀ ਕੋਈ ਮੋਟਰ ਗੱਡੀ ਆਂਉਦੀ ਤਾਂ ਲੋਕ ਇਸੇ ਤਰ੍ਹਾਂ ਕਰਿਆ ਕਰਦੇ ਸਨ। ਨਿਆਣੇ ਗੱਡੀ ਨੂੰ ਹੱਥ ਲਾ ਲਾ ਦੇਖਦੇ। ਆਪਣੀਆਂ ਵੱਡੀਆਂ ਢਿਲਕਦੀਆਂ ਨਿੱਕਰਾਂ ਨੂੰ ਉੱਪਰ ਖਿੱਚਦੇ ਤੇ ਗੱਡੀ ਪਿਛੇ ਦੌੜਦੇ। ਜੋ ਮੁੜਕੇ ਟਿੱਬਿਆਂ ਦੀ ਧੂੜ ‘ਚ ਗੁਆਚ ਜਾਂਦੀ।

ਹੁਣ ਪਿੰਡ ਆਕੇ ਮਹਿਤਾਬ ਕੌਰ ਕੋਲ ਵੀ ਕਰਨ ਲਈ ਵੀ ਬਹੁਤ ਗੱਲਾਂ ਸਨ। ਉਹ ਸੂਤ ਅਟੇਰਦੀ ਆਂਢਣਾ ਗੁਆਂਢਣਾ ਨੂੰ ਇਹ ਗੱਲਾਂ ਸੁਣਾਉਂਦੀ “ਭਾਈ ਜੈ ਖਾਣੀਆਂ ਨਰਸਾਂ ਤਾਂ ਸੂਆਂ ਖਭੋਣ ਲੱਗੀਆਂ ਭੋਰਾਂ ਕਿਰਕ ਨੀ ਕਰਦੀਆਂ। ਕੁੜੀ ਦੀ ਬਾਂਹ ਪਾੜੀ ਪਈ ਆ...। ਡਾਕਦਾਰ ਵੀ ਪਤਾ ਨੀ ਟੂਟੀਆਂ ਜੀਆਂ ਲਾਕੇ ਕੀ ਸੁਣਦੇ ਸੀ। ਸਾਨੂੰ ਅਨਪੜਾਂ ਨੂੰ ਕੀ ਪਤੈ? ਨਾਲੇ ਭਾਈ ਉੱਥੇ ਜੋ ਖਾਣ ਨੂੰ ਡਬਲਰੋਟੀ ਮਿਲਦੀ ਤੀ ਉਹ ਤਾਂ ਬਾਹਲੀਉ ਪੋਲੀ ਪੋਲੀ ਜਿਹੀ ਤੀ। ਇੱਕ ਦਿਨ ਮੈਂ ਬੁਰਕੀ ਪਾ ਬੈਠੀ ਮੇਰੇ ਤਾਂ ਜਾਣੋਂ ਮੂੰਹ ‘ਚ ਏ ਫੁੱਲ ਗੀ। ਬਿਮਾਰਾਂ ਦਾ ਖਾਜਾ, ਭਾਈ ਆਪਣੇ ਤੋਂ ਕਿੱਥੇ ਖਾ ਹੁੰਦੈ? ਉਸੇ ਨਾਲ ਤਾਂ ਕੁੜੀ ਲਿੱਸੀ ਹੋ ਗੀ। ਘਰ ਜਣੇਪਾ ਹੁੰਦਾ ਤਾਂ ਦੇਸੀ ਘਿਉ ਦੇ ਕਾੜੇ ਬਣਾ ਕੇ ਦਿੰਦੇ। ਸੌ ਹੋਰ ਔਹੜ ਪੌਹੜ ਕਰਦੇ। ਕਦੇ ਸੁਣੀਆਂ ਤੀ ਐਹਜੀਆਂ ਗੱਲਾਂ? ਭਾਈ ਹੁਣ ਸਮੋਂ ਬਦਲਗੀ”

ਨਾਲ ਬੈਠੀਆਂ ਔਰਤਾਂ ਬਾਹਰਲੀ ਦੁਨੀਆਂ ਦੀਆਂ ਗੱਲਾਂ ਸੁਣ ਸੁਣ ਹੈਰਾਨ ਹੁੰਦੀਆਂ ਤੇ ਹੁੰਗਾਰੇ ਭਰਦੀਆਂ, “ਲੈ ਦੱਸ ਚਾਚੀ ਕੀ ਖਾਧੇ ਦਾ ਖਾਣ ਆ। ਆਪਣੀ ਜਿਊਣੀ ਸਭ ਕੁੱਝ ਤਾਂ ਜਾਣਦੀ ਆ। ਹੁਣ ਤੱਕ ਓਹੀ ਕਰਦੀ ਰਹੀ ਆ…। ਐਵੇਂ ਵਾਧੂ ਨਮੀਆਂ ਗੱਲਾਂ ਨੇ…”

ਪਰ ਹੁਣ ਸੰਤਾਂ ਸਿੰਘ ਦੇ ਘਰ ਵੀ ਨਵੇਂ ਯੁੱਗ ਦੀ ਹਵਾ ਦਸਤਕ ਦੇ ਰਹੀ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com