ਭਾਰਤ ਅਤੇ ਪਾਕਿਸਤਾਨ ਵਿੱਚ ਯੁੱਧ ਛਿੜ ਚੁੱਕਾ ਸੀ। ਸੱਜਣ
ਸਿੰਘ ਚੌਂਕੀਦਾਰ ਨੇ ਦਿਨ ਦੇ ਛੁਪਾ ਤੋਂ ਬਾਅਦ ਹਨੇਰਾ ਰੱਖਣ ਦਾ ਹੋਕਾ ਦੇ ਦਿੱਤਾ
ਸੀ। ਲੰਬੜਦਾਰ ਸੰਤਾ ਸਿੰਘ ਸਾਰੇ ਪਿੰਡ ਦਾ ਗੇੜਾ ਕੱਢ ਕੇ ਬਲੈਕ ਆਊਟ ਦਾ ਜਾਇਜ਼ਾ ਲੈ
ਰਿਹਾ ਸੀ। ਜੇ ਕਿਸੇ ਦੀ ਝੀਤ ਥਾਈਂ ਮਾੜਾ ਜਿਹਾ ਚਾਨਣ ਵੀ ਬਾਹਰ ਆਂਉਦਾ ਤਾਂ ਉਹ
ਅਗਲੇ ਦਾ ਬੂਹਾ ਖੜਕਾ ਕੇ ਸਰਕਾਰੀ ਹੁਕਮ ਦੀ ਹਦਾਇਤ ਕਰਦਾ। ਉਧਰ ਮਹਿਤਾਬ ਕੌਰ ਲਈ ਇਹ
ਬੜਾ ਹੀ ਕਠਿਨ ਸਮਾਂ ਸੀ। ਉਸਦੀ ਤੀਜੇ ਨੰਬਰ ਦੀ ਬੇਟੀ ਸਰਨੋ ਜਣੇਪਾ ਕੱਟਣ ਪੇਕੇ ਆਈ
ਹੋਈ ਸੀ। ਜਿਸ ਦਾ ਅਜੇ ਸਾਲ ਕੁ ਪਹਿਲਾਂ ਹੀ ਵਿਆਹ ਕੀਤਾ ਸੀ। ਦੀਵਾ ਬਾਲ਼ੇ ਬਗੈਰ ਤਾਂ
ਸਰਨਾ ਨਹੀਂ ਸੀ। ਚਾਨਣ ਫੇਰ ਵੀ ਕਿਸੇ ਝੀਥ ਥਾਂਈਂ ਬਾਹਰ ਨਿੱਕਲ ਹੀ ਜਾਂਦਾ।
ਸਿਆਸਤਦਾਨਾਂ ਦੇ ਮਨਾਂ ਵਾਂਗੂੰ ਪਿੰਡ ਤੇ ਹੁਣ ਹਨੇਰੇ ਦਾ ਰਾਜ ਸੀ।
ਜੰਗ ਦਾ ਐਲਾਨ ਹੁੰਦਿਆਂ ਹੀ ਨਹਿਰ ਸਰਹਿੰਦ ਤੇ ਬੈਠੀ ਮਿਲਟਰੀ ਨੇ ਤੰਬੂ ਉਤਾਰਕੇ
ਸਮਾਨ ਬੰਨਣਾ ਸ਼ੁਰੂ ਕਰ ਦਿੱਤਾ। ਰਣੀਏ ਪਿੰਡ ਦੇ ਦੁਆਲੇ ਕੀਤੇ ਜਾਂਦੇ ਜੰਗੀ ਅਭਿਆਸ
ਰੁਕ ਗਏ। ਟੈਂਕਾ ਦੇ ਮੂੰਹ ਸਰਹੱਦ ਵਲ ਹੋਣ ਲੱਗੇ। ਕੱਚੇ ਰਸਤਿਆਂ ਤੋਂ ਮਿਲਟਰੀ ਦੀਆਂ
ਗੱਡੀਆਂ ਕੂਚ ਕਰਨ ਲੱਗੀਆਂ। ਪਿੰਡ ਦੇ ਲੋਕ ਵਹੀਰਾਂ ਘੱਤ ਕੇ ਫੌਜੀਆਂ ਨੂੰ ਕੱਚੀ
ਲੱਸੀ, ਮਿੱਸੀਆਂ ਰੋਟੀਆਂ, ਦਹੀਂ, ਮੱਖਣ, ਸਾਗ, ਸਬਜ਼ੀਆਂ ਤੇ ਹੋਰ ਭਾਂਤ ਸੁਭਾਂਤੇ
ਖਾਣੇ ਖੁਆਉਣ ਜਾਂਦੇ। ਜੰਗ ਲਈ ਜਾਂਦੇ ਫੌਜੀਆਂ ਨੂੰ ਬਜ਼ੁਰਗ ਲੰਬੀ ਉਮਰ ਦੀ ਅਸੀਸ
ਦਿੰਦੇ। ਮਾਤਾਵਾਂ ਸਿਰ ਪਲੋਸਦੀਆਂ ਜਿਵੇਂ ਉਹ ਉਨ੍ਹਾਂ ਦੇ ਆਪਣੇ ਹੀ ਪੁੱਤਰ ਹੋਣ।
ਮਹਿਤਾਬ ਕੌਰ ਨੂੰ ਵੀ ਆਪਣਾ ਪੁੱਤ ਹਰਜੀਤ ਅਤੇ ਜਵਾਈ ਦਲੇਰ ਸਿੰਘ ਯਾਦ ਆ ਰਹੇ ਸਨ।
ਬਸ਼ੀਰੋ ਤੇ ਰਹਿਮਤਾਂ ਵੀ ਯਾਦ ਆ ਰਹੀਆਂ ਸਨ, ਜਿਨਾਂ ਤੇ ਇਹ ਹਮਲਾ ਹੋਣਾ ਸੀ। ਅੱਜ ਉਹ
ਉਨ੍ਹਾਂ ਦੇ ਘਰ ਦੇ ਹੀ ਮੋਘੇ ਢੱਕ ਕੇ, ਚਾਨਣ ਬਾਹਰ ਜਾਣੋ ਰੋਕ ਰਹੀ ਸੀ।
ਖਿੜਕੀਆਂ ਬੂਹੇ ਬੰਦ ਹੋਣ ਨਾਲ ਕੱਚਾ ਅੰਦਰ ਹੁੰਮਸ ਨਾਲ ਭਰ ਗਿਆ। ਦਿਨ ਦੇ ਛੁਪਾ ਨਾਲ
ਹੀ ਟੱਬਰ ਦੇ ਬਾਕੀ ਜੀ ਰਾਤ ਦੀ ਰੋਟੀ ਖਾਅ ਕੋਠੇ ਤੇ ਚੜ ਗਏ। ਹਨੇਰੀ ਰਾਤ ਵਿੱਚ
ਅਕਾਸ਼ ਮੋਤੀਆਂ ਦੇ ਥਾਲ਼ ਵਾਂਗ ਤਾਰਿਆਂ ਨਾਲ ਭਰਿਆ ਪਿਆ ਸੀ। ਲੋਕ ਅਕਾਸ਼ ਵੱਲ ਤੱਕਦੇ
ਕਿ ਔਹ ਛੜਿਆਂ ਦਾ ਰਾਹ, ਔਹ ਤਿੰਗੜ ਤਾਰੇ, ਔਹ ਖਿੱਤੀਆਂ, ਸੱਤ ਰਿਸ਼ੀਆਂ ਦੀ ਮੰਜੀ
ਅਤੇ ਕੋਈ ਤੁਰਿਆ ਜਾਂਦਾ ਰਾਕਟ ਵੀ ਲੱਭ ਲੈਂਦਾ। ਸੰਤਾ ਸਿੰਘ ਸਪਤ ਰਿਸ਼ੀਆਂ ਦੀ ਸਾਖੀ
ਸੁਣਾਉਂਦਾ। ਫੇਰ ਧਰੂ ਤਾਰੇ ਦੀ ਕਿ ਕਿਵੇਂ ਰਾਜਾ ਉਤਾਨਉਪਾਦ ਦਾ ਬੇਟਾ ਧਰੂ ਭਗਤ
ਕਠਿਨ ਪ੍ਰੀਖਿਆ ਵਿੱਚੋਂ ਲੰਘਦਾ ਇਸ ਮੁਕਾਮ ਤੇ ਪਹੁੰਚਿਆ ਸੀ। ਤੇ ਫੇਰ ਧਰੂ ਤਾਰੇ ਵਲ
ਉਂਗਲ ਕਰਕੇ ਆਖਦਾ ਔਹ ਖੜਾ ਹੈ ‘ਧਰੂ’ ਜਿਸ ਦੇ ਦੁਆਲੇ ਸਾਰਾ ਬ੍ਰਹਿਮੰਡ ਘੁੰਮਦਾ ਹੈ।
ਪੂਰਾ ਬ੍ਰਹਿਮੰਡ ਅਸਲ ‘ਚ ਪ੍ਰਮਾਤਮਾ ਦੀ ਹੀ ਪ੍ਰਕਰਮਾ ਕਰਦਾ ਹੈ। ਜੇ ਸੰਤਾ ਸਿਉਂ
ਕੋਈ ਤਾਰਾ ਟੁੱਟਦਾ ਵੇਖਦਾ ਤਾਂ ਉਹ ਵਾਖਰੂ ਆਖ ਦੁਨੀਆਂ ਦੀ ਖੈਰ ਸੁੱਖ ਮੰਗਦਾ।
ਬਚਨ ਕੌਰ ਵਰਗੀਆਂ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਹੋਰ ਹੋਣਗੀਆਂ ਜੋ ਜੰਗ ‘ਚ ਗਏ
ਪਤੀਆਂ ਦੀ ਉਡੀਕ ਵਿੱਚ ਤਾਰੇ ਗਿਣਦੀਆਂ। ਉਹ ਨਿੱਕੇ ਮਨਦੀਪ ਨਾਲ ਅਜੇ ਉਸ ਦੇ ਡੈਡੀ
ਦੀਆਂ ਗੱਲਾਂ ਕਰ ਹੀ ਰਹੀਂ ਸੀ ਕਿ ਇੱਕ ਜੰਗੀ ਜਹਾਜ਼ ਪਿੰਡ ਦੀ ਫਿਜ਼ਾ ਨੂੰ ਚੀਰਦਾ
ਹੋਇਆ ਲੰਘ ਗਿਆ। ਲੋਕਾਂ ਨੇ ਆਪ ਮੁਹਾਰੇ ਕੰਨਾਂ ਤੇ ਹੱਥ ਰੱਖ ਲਏ। ਬਾਅਦ ਵਿੱਚ ਇੱਕ
ਹੋਰ ਜਹਾਜ਼ ਆਇਆ ਜੋ ਕਦੀ ਨੀਵਾਂ ਤੇ ਕਦੀ ਉੱਚਾ ਹੁੰਦਾ ਰਿਹਾ। ਬਾਅਦ ਵਿੱਚ ਪਤਾ ਲੱਗਾ
ਕਿ ਉੱਥੇ ਰਾਤ ਨੂੰ ਕੋਈ ਟਿੱਬਾ ਕਰਾਹ ਰਿਹਾ ਸੀ। ਉਸ ਨੂੰ ਤਾਂ ਇਹ ਖਿਆਲ ਹੀ ਨਹੀਂ
ਸੀ ਰਿਹਾ ਕਿ ਘਰਾਂ ਦੇ ਨਾਲ ਨਾਲ ਹੋਰ ਲਾਈਟਾਂ ਵੀ ਬੰਦ ਹੋਣੀਆਂ ਚਾਹੀਦੀਆਂ ਨੇ। ਫੇਰ
ਹੋਰ ਕਈ ਜੰਗੀ ਜਹਾਜ਼ ਚੀਕਦੇ ਲੰਘੇ। ਜਿਵੇਂ ਇੱਕ ਦੂਜੇ ਦਾ ਪਿੱਛਾ ਕਰ ਰਹੇ ਹੋਣ। ਡਰ
ਨਾਲ ਲੋਕਾਂ ਰੱਬ ਦਾ ਨਾਮ ਧਿਆਇਆ। ਕੁੱਝ ਹੀ ਪਲਾਂ ਬਾਅਦ ਇੱਕ
ਜ਼ੋਰਦਾਰ ਧਮਾਕਾ ਹੋਇਆ ਤੇ ਧਰਤੀ ਹਿੱਲ ਗਈ। ਸੰਤਾ ਸਿੰਘ ਉਭੜਵਾਹੇ ਉੱਠ ਬੈਠਾ, “ਲੈ
ਕਿਤੇ ਵਰਤ ਗਿਐ ਭਾਣਾ” ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਕਿ ਅਗਲੇ ਧਮਾਕੇ ਨਾਲ
ਕਿਤੇ ਛੱਤਾਂ ਹੀ ਨਾ ਡਿੱਗ ਪੈਣ ਤੇ ਉਹ ਮਲ਼ਬੇ ਦੇ ਢੇਰ ਹੇਠ ਦੱਬੇ ਜਾਣ। ਉਹ ਕਾਹਲੀ
ਨਾਲ ਕੋਠਿਆਂ ਤੋਂ ਉਤਰਨ ਲੱਗੇ। ਉਧਰ ਸਰਨੋਂ ਜਣੇਪੇ ਦੀ ਪੀੜ ਨਾਲ ਕਰਾਹ ਰਹੀ ਸੀ। ਤੇ
ਏਧਰ ਸਾਰਾ ਪਿੰਡ ਕਿਸੇ ਅਗਿਆਤ ਭੈਅ ਨਾਲ। ਮਹਿਤਾਬ ਕੌਰ ਦੀਵਾ ਚੁੱਕੀਂ ਏਧਰ ਉੱਧਰ
ਦੌੜਦੀ ਦਾਈ ਜੀਊਣੀ ਨੂੰ ਹਦਾਇਤਾ ਕਰ ਰਹੀ ਸੀ। ਫੇਰ ਦੋ ੋਿਤੰਨ ਧਮਾਕੇ ਹੋਰ ਹੋਏ ਤੇ
ਸਾਰੇ ਘਰ ਦੀਆਂ ਕੰਧਾਂ ਹਿੱਲ ਗਈਆਂ। ਮਹਿਤਾਬ ਕੁਰ ਦੇ ਮੂੰਹੋਂ ਨਿਕਲਿਆ “ਹੇ ਰੱਬਾ
ਸੁੱਖ ਰੱਖੀਂ”। ਇਸ ਕਹਿਰ ਭਰੀ ਰਾਤ ਦੇ ਹਨੇਰੇ ਵਿੱਚ ਹੀ ਸਰਨੋ ਨੇ ਇੱਕ ਪੁੱਤਰ ਨੂੰ
ਜਨਮ ਦਿੱਤਾ। ਬਚਨੋ ਅੱਜ ਪਈ ਸੋਚ ਰਹੀ ਸੀ, ਇਹ ਕੀਹ ਕਿਸਮਤ
ਹੈ, ਜਦ ਮੇਰੇ ਬੱਚਾ ਹੋਇਆ ਉਦੋਂ ਚੀਨ ਦੀ ਲੜਾਈ ਲੱਗੀ ਹੋਈ ਸੀ ਹੁਣ ਮੇਰੀ ਭੈਣ ਦੇ
ਬੱਚਾ ਹੋਇਆ ਹੈ ਤਾਂ ਪਾਕਿਸਤਾਨ ਨਾਲ ਲੜਾਈ ਲੱਗ ਗਈ। ਇਹ ਲੋਕ ਕਿਉਂ ਲੜਦੇ ਨੇ?
ਕਾਹਦੇ ਲਈ?” ਉਸ ਨੂੰ ਸਮਝ ਨਹੀਂ ਸੀ ਆ ਰਿਹਾ। ਦੇਸ਼ ਨੂੰ ਲੀਡਰ ਬਦਲਣ ਨਾਲ ਵੀ ਕੋਈ
ਫਰਕ ਨਹੀ ਸੀ ਪਿਆ। ਪੰਡਿਤ ਨਹਿਰੂ ਦੀ ਥਾਂ ਹੁਣ ਲਾਲ ਬਹਾਦਰ ਸ਼ਾਸ਼ਤਰੀ ਆ ਗਿਆ। ਲੜਾਈ
ਤਾਂ ਫੇਰ ਲੱਗ ਗਈ ਸੀ। ਬਚਨ ਕੌਰ ਹੁਣ ਫੇਰ ਗਰਭਵਤੀ ਸੀ। ਉਹ
ਸੋਚਣ ਲੱਗੀ ਕਿ ਜੇ ਲੜਾਈ ਬੰਦ ਨਾ ਹੋਈ ਤਾਂ ਦਲੇਰ ਸਿੰਘ ਅਗਲੇ ਬੱਚੇ ਦੇ ਜਨਮ ਸਮੇਂ
ਵੀ ਨਹੀਂ ਆ ਸਕੇਗਾ। ਧਮਾਕਿਆਂ ਨੇ ਉਸ ਦਾ ਵੀ ਸਾਹ ਸੱਤ ਚੂਸ ਲਿਆ ਲਿਆ ਸੀ। ਉਹ
ਅੱਖਾਂ ਦੇ ਅਥਰੂ ਪੂੰਝਦੀ ਆਪਣੇ ਪਤੀ ਦੀ ਖੈਰ ਸੁੱਖ ਮੰਗਦੀ ਰਹੀ।
ਪਾਸੇ ਪਰਤਦਿਆਂ ਹੀ ਲੋਕਾਂ ਦੀ ਉਹ ਰਾਤ ਲੰਘੀ। ਦਿਨ ਚੜਦੇ ਨੂੰ ਖੁੰਡਾਂ ਦੇ ਰਾਤ ਦੇ
ਧਮਾਕਿਆਂ ਦੀ ਖੂਬ ਚਰਚਾ ਸੀ। ਅਰਜਣ ਪੰਡਿਤ ਦੇ ਰੇਡੀਉ ਦੁਆਲੇ ਲੋਕਾਂ ਦੀ ਭੀੜ ਜੁੜੀ
ਹੋਈ ਸੀ। ਫੇਰ ਇਹ ਵੀ ਪਤਾ ਲੱਗਾ ਕਿ ਰਾਤ ਦੁਸ਼ਮਣ ਦੇ ਜਹਾਜ਼ਾ ਨੇ ਦੋਰਾਹੇ ਰੇਲਵੇ ਪੁਲ
ਨੂੰ ਨਿਸ਼ਾਨਾ ਬਣਾਇਆ ਸੀ, ਪਰ ਨਿਸ਼ਾਨਾ ਚੁੱਕ ਗਿਆ ਤੇ ਬੰਬ ਕੱਦੋਂ ਦੇ ਖੇਤਾਂ ਵਿੱਚ
ਜਾ ਡਿੱਗਿਆ, ਪਰ ਉਹ ਫਟਿਆ ਨਹੀਂ। ਫੇਰ ਰੇਡੀੳੇੁ ਤੇ ਇਹ ਵੀ ਪਤਾ ਲੱਗਿਆ ਕਿ ਹਲਵਾਰੇ
ਵਾਲੇ ਹਵਾਈ ਅੱਡੇ ਨੂੰ ਤੇ ਜਲੰਧਰ ਛਾਉਣੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਉਸ ਰਾਤ
ਪਕਿਸਤਾਨੀ ਜਹਾਜ਼ਾ ਨੇ ਸੱਤ ਬੰਬ ਸੁੱਟੇ ਪਰ ਕਿਤੇ ਕੋਈ ਵੀ ਨਾ ਚੱਲਿਆ।
ਜਿੰਨੀ ਦੇਰ ਲੜਾਈ ਚੱਲਦੀ ਰਹੀ, ਅਫਵਾਵਾਂ ਦਾ ਬਜ਼ਾਰ ਗਰਮ ਰਿਹਾ। ਕੋਈ ਕਹਿੰਦਾ ਦੁਸ਼ਮਣ
ਭਾਖੜਾ ਡੈਮ ਨੂੰ ਨਿਸ਼ਾਨਾ ਬਣਾ ਕੇ ਪੰਜਾਬ ‘ਚ ਪਾਣੀ ਹੀ ਪਾਣੀ ਕਰ ਦਵੇਗਾ। ਕੋਈ
ਕਹਿੰਦਾ ਜਦੋਂ ਦੁਸ਼ਮਣ ਦੇ ਜਹਾਜ਼ ਬੰਬ ਸੁੱਟਣ ਲੱਗਦੇ ਨੇ ਤਾਂ ਪੰਜਾਬ ਵਿੱਚ ਉਨ੍ਹਾਂ
ਨੂੰ ਨੀਲੇ ਘੋੜੇ ਦਾ ਸਵਾਰ ਦਿਖਦਾ ਏ। ਤਾਂ ਹੀ ਉਹ ਆਪਣੇ ਇਰਾਦੇ ‘ਚ ਕਾਮਯਾਬ ਨਹੀਂ
ਹੁੰਦੇ। ਦੇਸ਼ ਦਾ ਪ੍ਰਧਾਨ ਮੰਤਰੀ ਕੌਮ ਦੇ ਨਾਂ ਪ੍ਰਸਾਰਣ ਵਿੱਚ ਦੇਸ਼ ਦੀ ਰੱਖਿਆ ਦੀ
ਗੱਲ ਕਰਦਾ। ਅੰਤ ਤੇ ਜੈ ਜਵਾਨ ਜੈ ਕਿਸਾਨ ਦਾ ਨਾਹਰਾ ਵੀ ਲਾਉਂਦਾ।
ਦੇਸ਼ ਭਗਤੀ ਦੇ ਗੀਤ, ਦੁਸ਼ਮਣ ਤੇ ਵਿਅੰਗ ਅਜਿਹੇ ਪ੍ਰੋਗਰਾਮ ਅਰਜਣ ਦੇ ਰੇਡੀਉ ਤੇ ਸੁਣਨ
ਨੂੰ ਮਿਲਦੇ। ਪੂਰਾ ਦੇਸ਼ ਹੀ ਜਿਵੇਂ ਯੁੱਧ ਲੜ ਰਿਹਾ ਹੋਵੇ। ਲੋਕਾਂ ਨੂੰ ਮਨੋਰੰਜਨ
ਭੁੱਲ ਗਏ ਸਨ। ਹੁਣ ਮਰੇ, ਹੁਣ ਮਰੇ ਵਾਲਾ ਮਹੌਲ ਸੀ। ਫੌਜੀਆਂ ਦੇ ਘਰ ਤਾਰ ਆਉਣ ਦਾ
ਡਰ ਸਿਰ ਤੇ ਲਟਕਦੀ ਤਲਵਾਰ ਵਾਂਗ ਸੀ। ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ
ਕਹਿ ਕਹਿ ਕੇ ਲੋਕ ਜੀਵਨ ਜੀ ਰਹੇ ਸਨ। ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ ਕਹਿ
ਕੰਮਾਂ ਕਾਜ਼ਾਂ ਵਾਲੇ ਲੋਕ ਕੰਮਾਂ ਕਾਜਾਂ ਵਿੱਚ ਵੀ ਵਿਅਸਤ ਸਨ। ਜਿਵੇਂ ਪੰਜਾਬ
ਅਜਿਹੀਆਂ ਲੜਾਈਆਂ ਦਾ ਆਦੀ ਹੋ ਚੁੱਕਿਆ ਹੋਵੇ। ਪੰਜਾਬੀਆਂ ਲਈ ਇਹ ਕੋਈ ਨਵੀਂ ਗੱਲ
ਨਹੀਂ ਸੀ। ਪੰਜਾਬ ਪੂਰੇ ਦੇਸ਼ ਦਾ ਸੁਰੱਖਿਆ ਦਰਵਾਜਾ ਸੀ। ਇਸੇ ਕਰਕੇ ਦੁਸ਼ਮਣ ਪਹਿਲਾਂ
ਇਸੇ ਤੇ ਵਾਰ ਕਰਦਾ ਸੀ। ਇਹ ਸਦੀਆਂ ਤੋਂ ਚੱਲਿਆ ਆ ਰਿਹਾ ਸੀ।
ਹੁਣ ਵੀ ਪਿੰਡਾਂ ਸ਼ਹਿਰਾਂ ਵਿੱਚ ਜੰਮਣ ਮਰਨ ਦੇ ਪ੍ਰੋਗਰਾਮ ਉਸੇ ਤਰ੍ਹਾਂ ਚੱਲਦੇ
ਰਹਿੰਦੇ। ਬਰਾਤਾਂ ਚੜਦੀਆਂ, ਬਬਾਨ ਕੱਢੇ ਜਾਂਦੇ, ਛਿਟੀਆਂ ਖੇਡੀਆਂ ਜਾਂਦੀਆ,
ਕੁੜਮੱਤਾਂ ਹੁੰਦੀਆਂ ਤੇ ਮੇਲੇ ਵੀ ਲੱਗਦੇ। ਫੇਰ ਇੱਕ ਵੱਡੇ
ਦੇਸ਼ਾਂ ਨੇ ਵਿੱਚ ਪੈਕੇ ਇਹ ਲੜਾਈ ਬੰਦ ਕਰਵਾ ਦਿੱਤੀ। ਸੀਸ ਫਾਇਰ ਹੋ ਗਿਆ। ਭਾਰਤ ਅਤੇ
ਪਕਿਸਤਾਨ ਦੇ ਆਗੂਆਂ ਨੇ ਤਾਸ਼ਕੰਦ ਵਿੱਚ ਇੱਕ ਲਿਖਤੀ ਸਮਝੌਤਾ ਕੀਤਾ। ਜਿਸ ਵਿੱਚ
ਪਾਕਿਸਤਾਨ ਦਾ ਜਿੱਤਿਆ ਹੋਇਆ ਇਲਾਕਾ ਵਾਪਸ ਕਰਨਾ ਸੀ। ਏਸੇ ਸਮਝੌਤੇ ਸਮੇਂ ਪ੍ਰਧਾਨ
ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਨ੍ਹਾਂ ਦੀ ਮੌਤ ਗਈ।
ਇਹ ਵੀ ਅਫਵਾਵਾਂ ਸਨ ਕਿ ਉਨ੍ਹਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਦਿੱਤੀ ਗਈ ਹੋਊ। ਕਈ
ਕਹਿੰਦੇ ਜਿੱਤਿਆ ਇਲਾਕਾ ਵਾਪਸ ਦੇ ਦਿੱਤਾ ਤਾਂ ਫੇਰ ਕਾਹਦੇ ਲਈ ਐਨੇ ਫੌਜੀ ਮਰਵਾਏ?
ਤਾਂ ਹੀ ਤਾਂ ਪ੍ਰਧਾਨ ਮੰਤਰੀ ਸਦਮਾਂ ਬ੍ਰਦਾਸ਼ਤ ਨਹੀਂ ਕਰ ਸਕਿਆ। ਜਿੰਨੇ ਮੂੰਹ ਉਨੀਆਂ
ਗੱਲਾਂ। ਲੋਕ ਉਸ ਨੂੰ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਸਮਝਦੇ
ਸਨ ਜੋ ਹੁਣ ਨਹੀਂ ਸੀ ਰਿਹਾ। ਜੈ ਜਵਾਨ ਜੈ ਕਿਸਾਨ ਦਾ ਨਾਹਰਾ ਦੇਣ ਵਾਲਾ ਸਦਾ ਦੀ
ਨੀਂਦ ਸੌਂ ਗਿਆ ਸੀ। ਉਸ ਤੋਂ ਤੁਰੰਤ ਬਾਅਦ ਪੰਡਿਤ ਨਹਿਰੂ ਦੀ ਤੇਜ਼ ਤਰਾਰ ਬੇਟੀ
ਇੰਦਰਾ ਗਾਂਧੀ ਨੇ ਦੇਸ਼ ਦੀ ਵਾਗ ਡੋਰ ਸੰਭਾਲ ਲਈ। ਤੇ ਹੁਣ ਲੋਕ ਇਹ ਵੀ ਕਹਿ ਰਹੇ ਸਨ
“ਲੳੇੁ ਜੀ ਹੁਣ ਤਾਂ ਤੀਵੀਂਆਂ ਦਾ ਰਾਜ ਆ ਗਿਆ” ਤੇ ਸ਼੍ਰੀਮਤੀ ਇੰਦਰਾ ਗਾਂਧੀ ਭਾਰਤ
ਦੇ ਪਹਿਲੇ ਔਰਤ ਪ੍ਰਧਾਨ ਮੰਤਰੀ ਬਣੇ। ਸੱਥ ਵਿੱਚ ਗੱਲਾਂ ਵੀ
ਹੁੰਦੀਆਂ, “ਲੈ ਹੁਣ ਤੀਵੀਂ ਰਾਜ ਕਰੂ? ਕੀ ਮਰਦ ਮੁੱਕ ਗਏ ਸਨ?” ਮਰਦ ਪ੍ਰਧਾਨ ਸਮਾਜ,
ਤੇ ਪੁਰਾਣੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਹ ਗੱਲ ਹਜ਼ਮ ਕਰਨੀ ਬਹੁਤ ਮੁਸ਼ਕਲ ਸੀ। ਉਹ
ਕਹਿੰਦੇ ਇਹ ਪੈਂਟਾਂ ਸ਼ਰਟਾਂ ਪਹਿਨਦੀ ਹੈ, ਮਰਦਾਂ ਨਾਲ ਹੱਥ ਮਿਲਾਉਂਦੀ ਹੈ। ਇਸਦੇ
ਪਤੀ ਦੀ ਮੌਤ ਵੀ ਸ਼ੱਕੀ ਸੀ। ਫਿਰੋਜ਼ ਗਾਂਧੀ ਇਸ ਨੂੰ ਕਈ ਗੱਲਾਂ ਤੋਂ ਰੋਕਦਾ ਸੀ ਤੇ
ਇਹ ਉਸ ਨੂੰ ਆਪਣੀਆਂ ਲਾਲਸਾਵਾਂ ਦੇ ਰਾਹ ਵਿੱਚ ਰੋੜਾ ਸਮਝਣ ਲੱਗੀ ਸੀ। ਤਾਂ ਹੀ ਪਾਸੇ
ਹਟਾ ਦਿੱਤਾ ਗਿਆ ਸੀ। ਇਸ ਦਾ ਦੇਸ਼ ਦੀਆਂ ਬਾਕੀ ਔਰਤਾਂ ਤੇ ਕੀ ਅਸਰ ਪਊ?
ਜਾਂ ਫੇਰ ਔਰਤਾਂ ਤਾਂ ਸ਼ਰਮ ਹਿਯਾ ਦੀਆਂ ਪੁਤਲੀਆਂ ਹੁੰਦੀਆਂ ਨੇ ਬਗੈਰਾ ਬਗੈਰਾ। ਫੇਰ
ਲੋਕ ਹਰ ਮੌਡਰਨ ਦਿਖਣ ਵਾਲੀ ਕੁੜੀ ਨੂੰ ਇੰਦਰਾ ਗਾਂਧੀ ਕਹਿਣ ਲੱਗ ਪਏ। ਕਰਨਲ ਘੁਮੰਡਾ
ਸਿੰਘ ਦੀ ਪਤਨੀ ਜਿਸ ਨੇ ਵਾਲ ਕਟਵਾਏ ਹੋਏ ਸਨ ਤੇ ਐਨਕਾਂ ਵੀ ਲਾਉਂਦੀ ਸੀ, ਜਦੋਂ ਪਤੀ
ਦੀ ਰਿਟਾਇਰਮੈਂਟ ਤੋਂ ਬਾਅਦ ਇਹ ਟੱਬਰ ਬੱਚਿਆਂ ਸਮੇਤ ਪਿੰਡ ਆਕੇ ਰਹਿਣ ਲੱਗਾ ਤਾਂ
ਲੋਕਾਂ ਨੇ ਉਸ ਔਰਤ ਦਾ ਨਾਂ ਵੀ ਇੰਦਰਾ ਗਾਂਧੀ ਰੱਖ ਦਿੱਤਾ।
ਕਈ ਲੋਕ ਇੰਦਰਾ ਨੂੰ ਦੁਰਗਾ ਜਾਂ ਚੰਡੀ ਦਾ ਰੂਪ ਵੀ ਆਖਦੇ। ਜਿਸ ਨੇ ਆਉਣ ਸਾਰ ਗਰੀਬੀ
ਹਟਾਉ ਦਾ ਨਾਹਰਾ ਦੇ ਦਿੱਤਾ ਸੀ। ਨਾਹਰਾ ਹੀ ਨਹੀਂ ਸੀ ਦਿੱਤਾ ਬਹੁਤ ਸਾਰੀਆਂ
ਸਹੂਲਤਾਂ ਵੀ ਪਛੜੀਆਂ ਸ਼੍ਰੇਣੀਆਂ ਨੂੰ ਦਿੱਤੀਆਂ ਤੇ ਹਰ ਕੰਮ ਵਿੱਚ ਪਹਿਲ ਵੀ ਉਹਨਾਂ
ਦੀ ਸੀ। ਨੌਕਰੀਆਂ ਵਿੱਚ ਕੋਟਾ ਨਿਸਚਿਤ ਕੀਤੇ ਜਾਣ ਨਾਲ ਉਹ, ਉਸ ਨੂੰ ਗਰੀਬਾਂ ਦੀ
ਦੇਵੀ ਸਮਝਣ ਲੱਗੇ। ਕਾਂਗਰਸ ਦਾ ਚੋਣ ਨਿਸ਼ਾਨ ਗਾਂ ਵੱਛਾ ਹਿੰਦੂਆਂ ਵਿੱਚ ਗਊ ਮਾਤਾ
ਕਹਿ ਕੇ ਅਤੇ ਗਰੀਬਾਂ ਵਿੱਚ ‘ਗਊ ਗਰੀਬ’ ਦੀ ਹਮਾਇਤਣ ਕਹਿ ਕੇ ਪ੍ਰਚਾਰਿਆ ਗਿਆ। ਫੇਰ
ਦੇਸ਼ ਦੀ ਔਰਤ ਪ੍ਰਧਾਨ ਮੰਤਰੀ ਨੇ ਬੜੀ ਜਲਦੀ ਹੀ ਦੁਨੀਆਂ ਦੇ ਪੱਧਰ ਤੇ ਆਪਣੀ ਪਛਾਣ
ਸਥਾਪਿਤ ਕਰ ਲਈ। ਲੜਾਈ ਬੰਦ ਹੋਣ ਨਾਲ ਦੇਸ਼ ਦਾ ਮਹੌਲ ਮੁੜ ਤੋਂ
ਸਾਵਾਂ ਹੋਣ ਲੱਗਿਆ। ਇੰਦਰਾ ਆਪ ਜਾਕੇ ਫੌਜੀਆਂ ਤੋਂ ਸਲਿਊੂਟ ਲੈਂਦੀ ਉਨ੍ਹਾਂ ਦੀ
ਪ੍ਰਸ਼ੰਸ਼ਾ ਕਰਦੀ ਤੇ ਮੈਡਲ ਪਹਿਨਾਉਂਦੀ। ਜਿਵੇਂ ਉਹ ਹੀ ਭਾਰਤ ਮਾਤਾ ਦਾ ਰੂਪ ਹੋਵੇ।
ਫੌਜੀਆਂ ਦੇ ਮਨੋਰੰਜਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ। ਤਨਖਾਹ ਦੇ ਨਾਲ ਨਾਲ ਰੱਮ
ਦਾ ਕੋਟਾ ਵੀ ਵਧਾਇਆ ਗਿਆ। ਹਫਤੇ ‘ਚ ਦੋ ਵਾਰੀ ਫਿਲਮ ਦਿਖਾਈ ਜਾਂਦੀ। ਫੌਜੀਆਂ ਦੇ
ਮਨੋਰੰਜਨ ਲਈ ਵਿਸ਼ੇਸ਼ ਗਾਇਕ ਜੋੜੀਆਂ ਵੀ ਪਹੁੰਚਦੀਆਂ। ਉਨ੍ਹਾਂ ਤੇ ਗੀਤ ਲਿਖੇ ਜਾਂਦੇ
ਅਤੇ ਗਾਏ ਜਾਂਦੇ। ਸਿੱਖ ਰਜਮੈਂਟ ਵਿੱਚ ਹਰਚਰਨ ਗਰੇਵਾਲ ਤੇ ਸੀਮਾ ਦੀ ਜੋੜੀ ਬੇਹੱਦ
ਪ੍ਰਸਿੱਧ ਹੋਈ। ਨਵੇਂ ਰੰਗਰੂਟ ਜਦੋਂ ਵਿਆਹ ਕਰਵਾਉਣ ਪਿੰਡਾਂ ਵਿੱਚ ਜਾਂਦੇ ਤਾਂ ਇਸੇ
ਜੋੜੀ ਨੂੰ ਬੁੱਕ ਕਰਦੇ। ਪਿੰਡਾਂ ਦਾ ਮਹੌਲ ਬਦਲ ਰਿਹਾ ਸੀ ਭਾਂਵੇ ਸੰਤਾ ਸਿੰਘ ਵਰਗੇ
ਲੋਕਾਂ ਲਈ ਇਹ ਗਾਉਣਾ ਬਜਾਉਣਾ ਇੱਕ ਕੰਜਰਖਾਨਾ ਹੀ ਸੀ। ਦਲੇਰ ਸਿੰਘ ਅਜਿਹੇ
ਪ੍ਰੋਗਰਾਮਾਂ ਦੇ ਹੋਣ ਦੀ ਜਾਣਕਾਰੀ ਚਿੱਠੀਆਂ ਵਿੱਚ ਭੇਜਦਾ ਰਹਿੰਦਾ।
ਜਦੋਂ ਉਹ ਲੜਾਈ ਤੋਂ ਬਾਅਦ ਛੁੱਟੀ ਆਇਆ ਤਾਂ ਇਨ੍ਹਾਂ ਗਾਉਣ ਵਾਲਿਆਂ ਦੇ ਨਾਲ ਨਾਲ
ਬਚਨ ਕੌਰ ਨਾਲ ਉਹ ਫਿਲਮਾਂ ਦੀਆਂ ਗੱਲਾਂ ਵੀ ਕਰਦਾ। ਨਰਗਿਸ, ਮੀਨਾਂ ਕੁਮਾਰੀ,
ਮੁਮਤਾਜ, ਸਾਇਰਾ ਬਾਨੋ, ਦਲੀਪ ਕੁਮਾਰ, ਰਾਜ ਕਪੂਰ, ਹੇਮਾ ਮਾਲਿਨੀ ਧਰਮਿੰਦਰ ਬਗੈਰਾ
ਬਗੈਰਾ। ਪਰ ਉਸ ਨੂੰ ਕੁੱਝ ਵੀ ਸਮਝ ਨਾ ਪੈਂਦੀ। ਦਲੇਰ ਸਿੰਘ ਦੀਆਂ ਗੱਲਾਂ ਸੁਣ ਸੁਣ
ਸੰਤਾ ਸਿਉਂ ਆਖਦਾ “ਮੂਰਤਾਂ ਕਿਵੇਂ ਗੱਲਾਂ ਕਰਦੀਆਂ ਹੋਣਗੀਆਂ ਭਲਾਂ?” ਉਸ ਨੇ ਆਪਣੀ
ਜ਼ਿੰਦਗੀ ਵਿੱਚ ਕੋਈ ਵੀ ਫਿਲਮ ਨਹੀਂ ਸੀ ਵੇਖੀ। ਜਦੋਂ ਬਚਨੋਂ ਮਹੀਨਾ ਕੁ ਸਹੁਰੇ ਪਿੰਡ
ਗਈ ਤਾਂ ਉਸ ਕੋਲ ਸਣਾਉਣ ਲਈ ਬਹੁਤ ਕੁੱਝ ਨਵਾਂ ਸੀ। ਜੋ ਅਜੇ ਰਣੀਏ ਪਿੰਡ ਦੀ ਫਿਜ਼ਾ
ਲਈ ਓਪਰਾ ਸੀ। ਰਣੀਏ ਪਿੰਡ ਦਾ ਇੱਕ ਫੌਜੀ ਮੁੰਡਾ ਸਿਕੰਦਰ,
ਦਲੇਰ ਸਿੰਘ ਦੀ ਰਜ਼ਮੈਂਟ ਵਿੱਚ ਹੀ ਸੀ। ਦੋਨੋ ਪਹਿਲਾਂ ਹੈਦਰਾਬਾਦ ਇਕੱਠੇ ਹੁੰਦੇ ਸਨ।
ਦਲੇਰ ਸਿੰਘ ਦੀ ਛੁੱਟੀ ਸਮੇਂ ਉਹ ਮੁੰਡਾ ਵੀ ਅਚਾਨਕ ਛੁੱਟੀ ਆ ਗਿਆ। ਇਸੇ ਛੁੱਟੀ
ਵਿੱਚ ਸਿਕੰਦਰ ਸਿੰਘ ਦਾ ਵਿਆਹ ਸੀ। ਉਸ ਨੇ ਦਲੇਰ ਸਿੰਘ ਨੂੰ ਵੀ ਵਿਆਹ ਦੀ ਗੱਠ
ਭੇਜੀ। ਉਸ ਨੇ ਵੀ ਆਪਣੇ ਵਿਆਹ ਤੇ ਸੀਮਾਂ ਗਰੇਵਾਲ ਦੀ ਜੋੜੀ ਬੁਲਾਈ ਸੀ। ਫੌਜ ਵਿੱਚ
ਉਨੀ ਦਿਨੀਂ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਰੰਗੀਲਾ ਜੱਟ, ਨਰਿੰਦਰ ਬੀਬਾ,
ਚਾਂਦੀ ਰਾਮ ਤੇ ਹੋਰ ਕਈ ਗਾਇਕ ਮਸ਼ਹੂਰ ਸਨ। ਪਰ ਫੌਜੀਆਂ ਵਲੋਂ ਇਹ ਜੋੜੀ ਕੁੱਝ ਵਧੇਰੇ
ਹੀ ਪਸੰਦ ਕੀਤੀ ਜਾਂਦੀ ਸੀ। ਵਿਆਹ ਤੋਂ ਇੱਕ ਦਿਨ ਪਹਿਲਾਂ ਮੇਲ਼ ਵਜੋਂ ਦਲੇਰ ਸਿੰਘ
ਬਚਨੋ ਆਪਣੇ ਬੇਟੇ ਸਮੇਤ ਸਹੁਰੇ ਪਿੰਡ ਪਹੁੰਚ ਗਏ। ਪਰ ਸੰਤਾ ਸਿੰਘ ਨੂੰ ਇਹ ਗੱਲ
ਪਸੰਦ ਨਹੀਂ ਸੀ ਕਿ ਜੁਆਈ ਸਾਡੇ ਸ਼ਰੀਕਾਂ ਦੇ ਘਰ ਸਾਡੀ ਕੁੜੀ ਨੂੰ ਲੈ ਕੇ ਜਾਵੇ। ਇਸ
ਘਰ ਦੀਆਂ ਕੁੜੀਆਂ ਨੂੰ ਪਿੰਡ ਕਿਸੇ ਹੋਰ ਦੇ ਘਰ ਜਾਣ ਦੀ ਆਗਿਆ ਨਹੀਂ ਸੀ। ਸਾਰੇ ਘਰ
ਤੇ ਸੰਤਾਂ ਸਿੰਘ ਦਾ ਆਪਣਾ ਹੀ ਕਾਇਦਾ ਕਨੂੰਨ ਲਾਗੂ ਰਹਿੰਦਾ ਸੀ।
ਵਿਆਹ ਤੋਂ ਇੱਕ ਦਿਨ ਪਹਿਲਾਂ ਅਖਾੜਾ ਲੱਗਿਆ, ਜੋ ਪਿੰਡ ਲਈ ਬਿਲਕੁੱਲ ਨਵੀਂ ਗੱਲ ਸੀ।
ਇਹ ਕੋਈ ਕਵੀਸ਼ਰ ਨਹੀਂ ਸਨ, ਸਗੋਂ ਇੱਕ ਮਰਦ ਔਰਤ ਦੀ ਜੋੜੀ ਸੀ। ਜੋ ਗਾਉਣ ਦੇ ਨਾਲ
ਨਾਲ ਬੇਸ਼ਰਮੀ ਭਰੀਆਂ ਹਰਕਤਾਂ ਵੀ ਕਰਦੇ। ਪਿੰਡੋਂ ਬਾਹਰ ਬਾਹਰ ਅੰਬਾਂ ਦੇ ਬਾਗ ਵਿੱਚ
ਇਹ ਅਖਾੜਾ ਲੱਗਿਆ। ਜਿਸ ਨੂੰ ਦੇਖਣ ਦੂਰ ਦੂਰ ਦੇ ਪਿੰਡਾਂ ਤੋਂ ਲੋਕ ਆਏ। ਦੋ ਗੱਡੇ
ਜੋੜ ਕੇ ਬਣਾਈ ਗਈ ਸਟੇਜ ਤੇ ਦੋਹਰੇ ਅਰਥਾਂ ਵਾਲੇ ਚੁਟਕਲੇ ਅਤੇ ਅਸ਼ਲੀਲ ਬੋਲ ਭਾਰੂ
ਸਨ: ਖਰਬੂਜ਼ੇ ਵਰਗੀ ਜੱਟੀ ਖਾਅ ਲਈ ਵੇ ਕਾਲ਼ੇ ਨਾਗ ਨੇ
ਕਹਿੰਦਾ ਗਾਇਕ ਹਰਕਤਾਂ ਵੀ ਅਜਿਹੀਆਂ ਹੀ ਕਰਦਾ। ਜਿਵੇਂ ਸੱਚਮੁੱਚ ਗਾਇਕਾ ਨੂੰ ਡਕਾਰ
ਜਾਣਾ ਚਾਹੁੰਦਾ ਹੋਵੇ। ਲੋਕ ਬੇਸ਼ਰਮੀ ਭਰਿਆ ਹਾਸਾ ਹਸ ਰਹੇ ਸਨ। ਖੇਤਾਂ ਵਿੱਚ ਬੈਠਾ
ਸੰਤਾ ਸਿਉਂ ਪਿੰਡ ਦੇ ਭਵਿੱਖ ਬਾਰੇ ਸੋਚ ਰਿਹਾ ਸੀ ਕਿ “ਨੌਜਵਾਨ ਮੁੰਡੇ ਕੁੜੀਆਂ ਤੇ
ਇਸਦਾ ਕੀ ਅਸਰ ਪਊ। ਜਦੋਂ ਏਦਾਂ ਦਾ ਕੰਜਰ ਖਾਨਾ ਜੋ ਪਹਿਲਾਂ ਵੇਸਵਾਵਾਂ ਦੇ ਕੋਠਿਆਂ
ਦਾ ਸ਼ਿੰਗਾਰ ਹੁੰਦਾ ਤੀ ਹੁਣ ਪਿੰਡ ਵਿੱਚ ਵੀ ਆ ਗਿਆ ਤਾਂ ਮਹੌਲ ਤਾਂ ਗੰਧਲੇਗਾ ਹੀ”।
ਇਸ ਵਿਆਹ ਵਿੱਚ ਇੱਕ ਹੋਰ ਗੱਲ ਨਵੀਂ ਹੋਈ ਕਿ ਲਾਊਡ ਸਪੀਕਰ ਨਾਲ ਗੰਦੇ ਬੋਲਾਂ ਦਾ
ਛਿੜਕਾ ਸਾਰੇ ਪਿੰਡ ਤੇ ਕੀਤਾ ਗਿਆ। ਏਸੇ ਕਰਕੇ ਬੇਸ਼ਰਮੀ ਦਾ ਮਾਰਿਆ ਸੰਤਾ ਸਿਉਂ ਉਸ
ਦਿਨ ਰੋਟੀ ਖਾਣ ਵੀ ਘਰ ਨਾ ਗਿਆ। ਤਾਂ ਕਿ ਧੀਆਂ ਨੂੰਹਾਂ ਦੇ ਸਾਹਮਣੇ ਉਹ ਏਦਾਂ ਦੇ
ਬੋਲ ਕਿਵੇਂ ਸੁਣ ਸਕੇਗਾ। ਏਸ ਵਿਆਹ ਤੋਂ ਬਾਅਦ ਪਿੰਡ ਵਿੱਚੋਂ
ਜਿਵੇਂ ਸ਼ਰਮ ਹੀ ਚੁੱਕੀ ਗਈ। ਦਸਾਂ ਕੁ ਦਿਨਾਂ ਬਾਅਦ ਗੁਰਮੇਲ ਦੇ ਮੁੰਡੇ ਭਿੰਦਰ ਦਾ
ਵਿਆਹ ਸੀ ਉਨ੍ਹਾਂ ਨੇ ਵੀ ਲਾਊਡ ਸਪੀਕਰ ਲਿਆਂਦਾ ਤੇ ਦੋ ਮੰਜੇ ਜੋੜ ਕਿ ਸੰਤਾ ਸਿੰਘ
ਦੇ ਘਰ ਵਲ ਮੂੰਹ ਕਰਕੇ ਲਗਾ ਦਿੱਤਾ। ਸੰਤਾ ਸਿੰਘ ਨੇ ਪਿੰਡ ਦੀ ਪੰਚਾਇਤ ਸਾਹਮਣੇ
ਕਿਹਾ ਵੀ ਕਿ ਆਪਾ ਧੀਆਂ ਭੈਣਾਂ ਵਾਲੇ ਹਾਂ ਇਹ ਇਸ਼ਕ ਮੁਸ਼ਕ ਦੇ ਗੀਤ ਪਿੰਡ ਦਾ ਮਹੌਲ਼
ਖਰਾਬ ਕਰਨਗੇ। ਪਰ ਉਸ ਦੀ ਕਿਸੇ ਨੇ ਵੀ ਨਾ ਸੁਣੀ। ਉਸੇ ਸ਼ਾਮ
ਨੂੰ ਸੰਤਾ ਸਿੰਘ ਆਪਣੇ ਚੁਬਾਰੇ ਅੱਗੇ ਬੈਠਾ ਰਹਿਰਾਸ ਦਾ ਪਾਠ ਕਰ ਰਿਹਾ ਸੀ ਤੇ ਕੰਨ
ਪਾੜਵੀਂ ਸਪੀਕਰ ਦੀ ਆਵਾਜ ਆ ਰਹੀ ਸੀ: ਅੱਜ ਪਹਿਲੀ ਰਾਤ
ਮੁਕਲਾਵਾ ਨੀ, ਅਸੀਂ ਛਕਿਆ ਫੀਮ ਦਾ ਮਾਵਾ ਨੀ ਐਡੀ ਬੇਸ਼ਰਮੀ ਉਹ
ਤਾਂ ਸੁਣ ਕੇ ਨਿੱਘਰਦਾ ਹੀ ਜਾ ਰਿਹਾ ਸੀ। ਧੀਆਂ ਭੈਣਾਂ ਦੇ ਕੰਨਾਂ ਵਿੱਚ ਉਹ ਕਿਹੜਾ
ਸਿੱਕਾ ਢਾਲ ਕੇ ਪਾ ਦਿੰਦਾ। ਉਹ ਉੱਠ ਕੇ ਗੁਰਮੇਲ ਨੂੰ ਖੁਦ ਸਮਝਾਉਣ ਗਿਆ। ਉਸ ਨੇ
ਦੇਖਿਆ ਮੁੰਡੀਹਰ ਇੱਕ ਮਸ਼ੀਨ ਜਿਹੀ ਦੇ ਦੁਆਲੇ ਝੁਰਮਟ ਪਾਈਂ ਬੈਠੀ ਸੀ ਤੇ ਉੱਤੇ ਇੱਕ
ਕਾਲ਼ਾ ਜਿਹਾ ਤਵਾ ਘੁੰਮ ਰਿਹਾ ਸੀ। ਲੋਕ ਸ਼ਰਾਬ ਪੀ ਰਹੇ ਸਨ ਤੇ ਚੁਰਚੁਰੇ ਗੀਤਾਂ ਦੀ
ਫਰਮਾਇਸ਼ ਕਰ ਰਹੇ ਸਨ। ਸੰਤਾਂ ਸਿੰਘ ਨੇ ਗੁੱਸੇ ਵਿੱਚ ਕਿਹਾ ‘ਗੇੇਲਿਆ ਇਹ ਗੰਦੇ ਗੀਤ
ਬੰਦ ਕਰਵਾਦੇ ਤੈਨੂੰ ਮੈਂ ਦੱਸਾ” ਪਰ ਗੁਰਮੇਲ ਨੇ ਇਹ ਕਹਿ ਕੇ ਅਣਗੌਲਿਆਂ ਕਰ ਦਿੱਤਾ
ਕਿ “ਮੁੰਡੇ ਨੀ ਮੰਨਦੇ ਲੰਬੜਦਾਰਾ...” ਮਸ਼ੀਨ ਵਾਲੇ ਨੇ ਫੇਰ ਚਾਬੀ ਭਰ ਦਿੱਤੀ। ਤੇ
ਇੱਕ ਹੋਰ ਗੰਦਾ ਗੀਤ ਚੱਲ ਪਿਆ:- ਰੰਨ ਬੋਤਲ ਵਰਗੀ ਚੱਕ ਲੋ
ਬਾਖਰੂ ਕਹਿ ਕੇ ਫੇਰ ਸੰਤਾਂ ਸਿੰਘ ਨੂੰ ਵੀ ਗੁੱਸਾ ਚੜ੍ਹ ਗਿਆ।
ਉਸ ਰਾਤ ਉਸ ਨੇ ਸ਼ਰਾਬ ਵੀ ਪੀਤੀ ਅਤੇ ਹਵੇਲੀਉਂ ਸੱਮਾਂ ਵਾਲੀ ਡਾਂਗ ਚੁੱਕ ਕੇ ਗੁਰਮੇਲ
ਦੇ ਕੋਠੇ ਤੇ ਜਾ ਚੜਿਆ। ਬੁਢਾਪੇ ਵਿੱਚ ਵੀ ਉਸ ਦੀ ਹਿੰਮਤ ਨੇ ਉਬਾਲਾ ਮਾਰਿਆ ਤੇ ਉਸ
ਨੇ ਡਾਂਗ ਮਾਰ ਕੇ ਮੰਜੇ ਤੇ ਲੱਗਿਆ ਸਪੀਕਰ ਥੱਲੇ ਸੁੱਟ ਕੇ ਕੁੱਟਣਾ ਸ਼ੁਰੂ ਕਰ ਦਿੱਤਾ
ਕਿ ‘ਹੁਣ ਬੋਲ ਗੰਦ…’ ਤੈਨੂੰ ਮੈਂ ਦੱਸਾਂ। ਲੋਕਾਂ ਨੇ ਉਸ ਨੂੰ ਮਸਾਂ ਕਾਬੂ ਕੀਤਾ।
ਲੋਕ ਸਮਝਦੇ ਸਨ ਕਿ ਲੰਬੜਦਾਰ ਸ਼ਰਾਬੀ ਹੈ। ਉਸ ਨੇ ਗੇਲੇ ਨੂੰ ਵੀ ਗਾਲਾਂ ਕੱਢੀਆਂ ਤੇ
ਬੁੜਬੜਾਂਉਦਾ ਰਿਹਾ “ਕਲਯੁੱਗ ਆ ਗਿਆ ਕਲਯੁੱਗ”। ਏਹ ਕੇਹੋ
ਜੇਹੇ ਯੁੱਗ ਦੀ ਸ਼ੁਰੂਆਤ ਸੀ? ਪੰਜਾਬ ਦਾ ਅਮੀਰ ਵਿਰਸਾ, ਧਾਰਮਿਕ ਸਾਖੀਆਂ, ਘੋਲ਼,
ਤ੍ਰਝਿੰਣ, ਸਿੱਖਿਆਵਾਂ ਦਮ ਤੋੜਨ ਲੱਗ ਪਈਆਂ ਸਨ। ਅਮਰ ਸਿੰਘ ਸ਼ੌਂਕੀ ਦਾ ਜਥਾ ਜਿਵੇਂ
ਪੁਰਾਣੀ ਗੱਲ ਹੋ ਗਿਆ ਸੀ। ਲਾਊਡ ਸਪੀਕਰਾਂ ਅਤੇ ਅਸ਼ਲੀਲ ਗਾਉਣ ਵਾਲਿਆਂ ਨੇ ਪੰਜਾਬ ਦਾ
ਪਿੜ ਮੱਲ ਲਿਆ। ਕਿੱਸੇ ਅਲੋਪ ਹੋਣ ਲੱਗੇ ਤੇ ਨਸ਼ੇ ਵਧਣ ਲੱਗੇ। ਫੇਰ ਧੀਆਂ ਭੈਣਾਂ
ਸਾਰੇ ਪਿੰਡ ਦੀਆਂ ਸਾਂਝੀਆਂ ਕਿਵੇਂ ਹੋ ਸਕਦੀਆਂ ਸਨ? ਪਰ ਇਸ ਨੂੰ ਲੋਕ ਨਵੇਂ ਸਮੇਂ
ਦੀਆਂ ਗੱਲਾਂ ਆਖ ਰਹੇ ਸਨ। ਲੰਬੜਦਾਰ ਸੰਤਾ ਸਿਉਂ ਸੋਚਦਾ ਰਹਿੰਦਾ, ਜਿਵੇਂ ਜਿਸਮ ਦਾ
ਕੋਈ ਹਿੱਸਾ ਉਸ ਤੋਂ ਵੱਖਰਾ ਹੁੰਦਾ ਜਾ ਰਿਹਾ ਹੋਵੇ। ਫੇਰ ਤਾਂ ਪੂਰੇ ਪੰਜਾਬ ਦਾ ਹੀ
ਮਹੌਲ ਬਦਲਣਾ ਸ਼ੁਰੂ ਹੋ ਗਿਆ ਸੀ। ਇਕੱਲਾ ਸੰਤਾਂ ਸਿੰਘ ਭਲਾਂ, ਇਸ ਤੂਫਾਨ ਨੂੰ ਕਿਵੇਂ
ਰੋਕ ਸਕਦਾ ਸੀ?
|