ਮਨਦੀਪ ਨੇ ਗਿਆਰਾਂ ਮਈ ਦਾ ਅਖ਼ਬਾਰ ਚੁੱਕਿਆ ਤਾਂ ਮੁੱਖ ਸੁਰਖੀ
ਬੇਹੱਦ ਮੋਟੇ ਅੱਖਰਾਂ ਵਿੱਚ ਸੀ ‘ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿੱਚ ਅਣਗਿਣਤ
ਬੰਬ ਧਮਾਕੇ ਅਤੇ ਸੱਤ ਸੌ ਦੇ ਕਰੀਬ ਲੋਕ ਮਰੇ’ ਮਨਦੀਪ ਨੂੰ ਰੋਜ਼ ਦੀ ਤਰ੍ਹਾਂ ਅੱਜ ਦੀ
ਅਖ਼ਬਾਰ ਲਹੂ ਭਿੱਜੀ ਜਾਪੀ। ਬੰਦੇ ਕੋਈ ਜਿਵੇਂ ਗਾਜਰਾਂ ਮੂਲੀਆਂ ਹੋਣ। ਉਸ ਨੂੰ ਬਹੁਤ
ਰੋਹ ਚੜ੍ਹਿਆ। ਪਰ ਉਸ ਨੇ ਅੱਗੇ ਖਬਰ ਪੜ੍ਹਨੀ ਸ਼ੁਰੂ ਰੱਖੀ। ਇਹ ਬੰਬ ਪੈਕਟਾਂ ਅਤੇ
ਟ੍ਰਾਂਜਿਸਟਰਾਂ ਵਿੱਚ ਰੱਖੇ ਗਏ ਸਨ। ਐਨੀ ਵੱਡੀ ਸਾਜਿਸ਼ ਮੁੰਡਿਆਂ ਦੇ ਇਹ ਗਰੁੱਪ ਤਾਂ
ਕਰ ਨਹੀਂ ਸਕਦੇ, ਜਰੂਰ ਕਿਸੇ ਵੱਡੀ ਤਾਕਤ ਦਾ ਹੱਥ ਹੋਵੇਗਾ। ਸਰਕਾਰੀ ਪੱਖ ਕਹਿ ਰਿਹਾ
ਸੀ ਕਿ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੈ। ਪਰ ਖਾੜਕੂ ਸਮਰੱਥਕ ਕਹਿ ਰਹੇ ਸਨ ਕਿ
ਸਰਕਾਰ ਖੁਦ ਹੀ ਆਪਣੀਆਂ ਏਜੰਸੀਆਂ ਤੋਂ ਸਿੱਖਾਂ ਨੂੰ ਬਦਨਾਮ ਕਰਨ ਲਈ ਅਤੇ ਅਪ੍ਰੇਸ਼ਨ
ਬਲਿਊ ਸਟਾਰ ਨੂੰ ਜਾਇਜ਼ ਠਹਿਰਾਉਣ ਲਈ ਅਜਿਹੇ ਕਾਰੇ ਕਰਵਾ ਰਹੀ ਹੈ।
ਸਰਕਾਰੀ ਲੀਡਰ ਰੇਡੀਉ ਟੀ ਵੀ ਤੇ ਅੱਤਵਾਦ ਦੇ ਖਿਲਾਫ ਭਾਸ਼ਨ
ਦੇ ਰਹੇ ਸਨ ਅਤੇ ਅਕਾਲੀ ਲੀਡਰ ਸਰਕਾਰ ਦੇ ਖਿਲਾਫ ਬੋਲ ਰਹੇ ਸਨ। ਇਨ੍ਹਾਂ ਧਮਾਕਿਆਂ
ਪਿੱਛੇ ਸਾਜਿਸ਼ ਨੂੰ ਲੈ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ ਅਤੇ
ਗੁਰਚਰਨ ਸਿੰਘ ਟੌਹੜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਉਧਰ ਸਰਕਾਰੀ ਨੇ
ਕਿਸੇ ਹੰਗਾਮੀ ਸਥਿਤੀ ਨਾਲ ਨਿਪਟਨ ਲਈ ਫੌਜੀਆਂ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ।
ਹੁਣ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਹੀ ਹਾਹਾਕਾਰ ਮੱਚੀ ਹੋਈ ਸੀ।
ਮਨਦੀਪ ਉਸ ਦਿਨ ਘਰੋਂ ਬਾਹਰ ਨਹੀਂ ਸੀ ਨਿੱਕਲਿਆ। ਸ਼ਹਿਰਾਂ
ਵਿੱਚ ਕਦੀ ਕੁੱਝ ਵੀ ਹੋ ਸਕਦਾ ਸੀ। ਲੇਕਨ 15 ਮਈ ਵਾਲੇ ਦਿਨ ਮਨਦੀਪ ਦਾ ਪੇਪਰ ਸੀ,
ਤੇ ਉਸਨੂੰ ਘਰੋਂ ਜਾਣਾ ਹੀ ਪਿਆ। ਬਚਨ ਕੌਰ ਨੇ ਪੁੱਤ ਨੂੰ ਇਸ ਤਰ੍ਹਾਂ ਵਿਦਾ ਕੀਤਾ
ਜਿਵੇਂ ਕਿਸੇ ਮੈਦਾਨੇ ਜੰਗ ਨੂੰ ਭੇਜ ਰਹੀ ਹੋਵੇ। ਪੰਜਾਬ ਜੰਗ ਦਾ ਮੈਦਾਨ ਹੀ ਤਾਂ
ਬਣਿਆ ਹੋਇਆ ਸੀ। ਪੰਜਾਬ ਦੀਆਂ ਮਾਵਾਂ ਏਸੇ ਤਰ੍ਹਾਂ ਪੁੱਤਰਾਂ ਦੇ ਸੁੱਖੀ ਸਾਂਦੀ ਘਰ
ਵਾਪਿਸ ਆਉਣ ਦੀਆਂ ਦੁਆਵਾਂ ਮੰਗਦੀਆਂ। ਬੱਸਾਂ ਵਿੱਚ ਬੇਹੱਦ ਚੈਕਿੰਗ ਸੀ ਅਤੇ ਸੜਕਾਂ
ਤੇ ਨਾਕੇ। ਮਨਦੀਪ ਨੂੰ ਆਪਣੀ ਹੀ ਗ਼ਜਲ ਦਾ ਸ਼ੇਅਰ ਯਾਦ ਆ ਰਿਹਾ ਸੀ:
ਸੰਗੀਨਾਂ ਦਾ ਪਹਿਰਾ ਹੁੰਦਾ ਹੱਦਾਂ ਤੇ
ਦਰ ਦਰ ਆਣ ਖਲੋਈਆਂ ਯਾਰੋ ਕੀ ਕਰੀਏ
ਸਾਹਿਤ ਵੀ ਲਹੂ ਦੇ ਅਥਰੂ ਚੋਅ ਰਿਹਾ ਸੀ। 19 ਮਈ ਨੂੰ ਜਦੋਂ
ਕਲਾ ਸੰਗਮ ਦੀ ਮੀਟਿੰਗ ਹੋਈ ਤਾਂ ਵੀ ਪੰਜਾਬ ਦਾ ਦੁਖਾਂਤ ਹੀ ਭਾਰੂ ਰਿਹਾ। ਉਸੇ ਦਿਨ
ਲੇਖਕ ਮੰਚ ਸਮਰਾਲਾ ਵਿੱਚ ਜਦੋਂ ਪ੍ਰੇਮ ਪ੍ਰਕਾਸ਼, ਮੋਹਨ ਭੰਡਾਰੀ, ਅਮਰ ਗਿਰੀ,
ਗੁਰਦੇਵ ਪੰਦੋਹਲ ਅਤੇ ਗੁਲਜ਼ਾਰ ਮੁਹੰਮਦ ਗੋਰੀਆ ਬੋਲੇ ਤਾਂ ਉਹ ਵੀ ਪੰਜਾਬ ਦੇ
ਵਿਚਾਰਾਂ ਤੇ ਆਪੋ ਵਿੱਚ ਵੰਡੇ ਨਜ਼ਰ ਆਏ। ਕੋਈ ਸਿੱਖ ਅੱਤਵਾਦੀਆਂ ਨੂੰ ਦੋਸ਼ੀ ਦੱਸ
ਰਿਹਾ ਸੀ ਤੇ ਕੋਈ ਸਰਕਾਰ ਨੂੰ।
ਪੇਪਰ ਖਤਮ ਹੋ ਗਏ। ਮਨਦੀਪ ਕੋਲ ਹੋਰ ਕੋਈ ਰੁਝੇਵਾਂ ਨਾ
ਰਿਹਾ। ਹੁਣ ਤਾਂ ਖੇਤੀਬਾੜੀ ਦਾ ਕੰਮ ਵੀ ਨਹੀਂ ਸੀ। ਉਹ ਵਰਦੀਆਂ ਗੋਲੀਆਂ ਦੇ ਮਹੌਲ
ਵਿੱਚ ਜਦੋਂ ਸਾਹਿਤ ਸਭਾਵਾਂ ਦੀਆਂ ਮੀਟਿੰਗਾ ਤੇ ਤੁਰਿਆ ਫਿਰਦਾ ਤਾਂ ਦਲੇਰ ਸਿੰਘ
ਆਖਦਾ “ਤੈਥੋਂ ਟਿਕ ਕੇ ਘਰ ਨਹੀਂ ਬੈਠ ਹੁੰਦਾ”
25 ਮਈ ਨੂੰ ਜਦੋਂ ਖੰਨੇ ਬੰਬ ਧਮਾਕੇ ਪਿੱਛੋਂ ਗੋਲੀਬਾਰੀ ਅਤੇ
ਪੁਲਿਸ ਮੁਕਾਬਲਾ ਹੋਇਆ ਸੀ ਤਾਂ ਉਹੇ ਉਸੇ ਨੰਦੀ ਕਲੋਨੀ ਵਿੱਚ ਸਹਿਤਕ ਮੀਟਿੰਗ ਕਰ
ਰਹੇ ਸਨ। ਉਧਰ ਪੰਜਾਬ ਤੇ ਦੁਖਾਂਤ ਤੇ ਗੀਤ ਗਾਏ ਜਾ ਰਹੇ ਸਨ ਤੇ ਨਾਲ ਹੀ ਗੋਲੀਆਂ ਵਰ
ਰਹੀਆਂ ਸਨ।
ਇੱਕ ਜੂਨ 1985 ਨੂੰ ਪੰਜਾਬ ਨੂੰ ਮਿਲਟਰੀ ਹਵਾਲੇ ਕੀਤਿਆਂ,
ਪੂਰਾ ਸਾਲ ਹੋ ਚੁੱਕਾ ਸੀ। ਅੱਤਵਾਦੀ ਗਰੁੱਪਾਂ ਅਤੇ ਅਕਾਲੀ ਦਲ ਨੇ ਜੂਨ 1984 ਦੇ
ਪਹਿਲੇ ਹਫਤੇ ਨੂੰ, ਵਰੇ ਗੰਢ ਵਜੋਂ ਘੱਲੂਘਾਰਾ ਦਿਵਸ ਦੇ ਤੌਰ ਤੇ ਮਨਾਉਣ ਦਾ ਐਲਾਨ
ਕਰ ਦਿੱਤਾ। ਮਨਦੀਪ ਦਾ ਜਿਗਰੀ ਯਾਰ, ਜਿਸ ਦੇ ਘਰ ਤੇ ਅਜੇ ਵੀ ਪੁਲਿਸ ਛਾਪੇ ਮਾਰ ਕੇ
ਤੰਗ ਕਰਦੀ ਸੀ, ਕੋਈ ਗੰਢ ਤੁੱਪ ਕਰਕੇ, ਆਪਣੀ ਜ਼ਮੀਨ ਵੇਚ, ਮਾਂ ਦੇ ਗਹਿਣੇ ਧਰ ਕੇ
ਅਤੇ ਡੰਗਰ ਪਸ਼ੂ ਵੇਚ ਕੇ ਜਰਮਨ ਦਾ ਵੀਜ਼ਾ ਲੈਣ ਵਿੱਚ ਕਾਮਯਾਬ ਹੋ ਗਿਆ। ਇਹ ਰਾਜ
ਚਮਨਜੀਤ ਨੇ ਸਿਰਫ ਮਨਦੀਪ ਨਾਲ ਹੀ ਸਾਂਝਾ ਕੀਤਾ ਅਤੇ ਉਸ ਨੂੰ ਪਾਰਟੀ ਵੀ ਕੀਤੀ। ਉਸ
ਨੇ ਇਹ ਵੀ ਕਿਹਾ “ਮਿੱਤਰਾ ਜੇ ਬਚਣਾ ਹੈ ਤਾਂ ਪੰਜਾਬ ਚੋਂ ਤੂੰ ਵੀ ਨਿੱਕਲ ਜਾ”
ਫੇਰ ਪੰਜਾਬ ਵਿੱਚ 11 ਜੂਨ ਨੂੰ ਇੱਕ ਬਹੁਤ ਜ਼ਬਰਦਸਤ ਤੂਫਾਨ
ਆਇਆ ਦਰਖਤ ਪੁੱਟੇ ਗਏ, ਫਸਲਾਂ ਢੇਰ ਹੋ ਗਈਆਂ ਅਤੇ ਬਹੁਤ ਸਾਰੇ ਘਰ ਢਹਿ ਗਏ। ਬਿਜਲੀ
ਦੇ ਖੰਭੇ ਅਤੇ ਤਾਰਾਂ ਟੁੱਟ ਜਾਣ ਕਾਰਨ ਰਾਤਾਂ ਨੂੰ ਹਨੇਰ ਪੈ ਗਿਆ ਸੀ। ਪਰ ਲੋਕਾਂ
ਨੂੰ ਪਰਵਾਹ ਨਹੀਂ ਸੀ। ਪੰਜਾਬ ਵਿੱਚ ਤਾਂ ਖ਼ੂਨੀ ਤੂਫਾਨ ਰੋਜ਼ ਹੀ ਝੁੱਲਦਾ ਸੀ। ਤੇ
ਮਸਲੇ ਦਾ ਕੋਈ ਹੱਲ ਵੀ ਨਜ਼ਰ ਨਹੀਂ ਸੀ ਆ ਰਿਹਾ। ਸਰਕਾਰ ਨੂੰ ਤਾਂ ਜਿਵੇਂ ਫਿਕਰ ਹੀ
ਕੋਈ ਨਹੀਂ ਸੀ। ਸਗੋਂ ਦੇਸ਼ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤਾਂ ਅਹੁਦੇ ਨੂੰ
ਮਾਣਦਾ ਹੋਇਆ ਆਪਣੀ ਪਹਿਲੀ ਬਿਦੇਸ਼ ਫੇਰੀ ਤੇ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਨੂੰ ਜਾ
ਰਿਹਾ ਸੀ। ਉਧਰ ਖਾਲਿਸਤਾਨੀ ਲੀਡਰ ਗੰਗਾ ਸਿੰਘ ਢਿੱਲੋਂ ਨੇ ਵੀ ਉੱਥੇ ਪਹੁੰਚਕੇ ਰੋਸ
ਮੁਜ਼ਾਹਰਾ ਕਰਨ ਦਾ ਐਲਾਨ ਕਰ ਦਿੱਤਾ। ਅਜਿਹੀ ਸਥਿਤੀ ਨੇ ਮਹੌਲ ਨੂੰ ਹੋਰ ਵੀ ਪੇਚੀਦਾ
ਬਣਾ ਦਿੱਤਾ।
ਆਮ ਲੋਕ ਦਬੀ ਜ਼ੁਬਾਨ ਵਿੱਚ ਗੱਲਾਂ ਕਰਦੇ ਕਿ ਅੱਤਵਾਦੀਆਂ ਨੂੰ
ਸਿਆਸੀ ਲੀਡਰਾਂ ਦੀ ਪੁਸ਼ਤਪਨਾਹੀ ਹੈ। ਉਹ ਕਾਰਵਾਈ ਕਰਕੇ ਆਪਣੇ ਆਕਾਵਾਂ ਦੀਆਂ ਕੋਠੀਆਂ
ਵਿੱਚ ਜਾ ਲੁਕਦੇ ਨੇ ਤੇ ਪੁਲਸ ਅੱਕੀਂ ਪਲਾਹੀ ਹੱਥ ਮਾਰਦੀ ਆਮ ਜਨਤਾਂ ਨੂੰ, ਸੂਈ ਦੇ
ਨੱਕੇ ਥਾਣੀ ਲੰਘਾਉਂਦੀ ਹੈ। ਮਨਦੀਪ ਦਾ ਪੰਜਾਬ ਯੂਨੀਵਰਸਿਟੀ ਪੜ੍ਹਦਾ ਇੱਕ ਦੋਸਤ
ਦੱਸਦਾ ਸੀ ਕਿ ਅੱਤਵਾਦੀ ਵਰਿਆਮ ਸਿੰਘ ਖੱਪਿਆਵਾਲੀ ਨੇ ਜਿਸ ਦਿਨ ਚੰਡੀਗੜ੍ਹ ਵਿੱਚ
ਕਾਰਵਾਈ ਕੀਤੀ ਸੀ ਉਹ ਹਰਿਆਣੇ ਦੇ ਇੱਕ ਬਹੁਤ ਵੱਡੇ ਮੰਤਰੀ ਦੇ ਘਰ ਲੁਕਿਆ ਸੀ ਅਤੇ
ਹੁਣ ਵੀ ਅਕਸਰ ਉਥੇ ਹੀ ਰਹਿੰਦਾ ਹੈ। ਕਈ ਲੋਕ ਖਾਲਿਸਤਾਨੀ ਮੁਕਤੀ ਵਾਹਿਨੀ ਦੇ
ਕਮਾਂਡਰਾਂ ਦੇ ਵੀ ਚੋਟੀ ਦੇ ਸਿਆਸਤਦਾਨਾਂ ਨਾਲ ਸਬੰਧ ਦੱਸਦੇ ਸਨ। ਅਜਿਹੇ ਇਲਜ਼ਾਮ
ਜਦੋਂ ਕਾਂਗਰਸੀ ਲੀਡਰ ਸੰਤੋਖ ਸਿੰਘ ਰੰਧਾਵਾ ਤੇ ਵੀ ਲੱਗੇ ਤਾਂ ਉਨ੍ਹਾਂ ਆਪਣੇ ਅਹੁਦੇ
ਤੋਂ ਅਸਤੀਫਾ ਦੇ ਦਿੱਤਾ। ਮਨਦੀਪ ਜਦੋਂ ਵੀ ਆਪਣੇ ਦੋਸਤਾਂ ਨੂੰ ਮਿਲਦਾ ਤਾਂ ਅਜਿਹੀਆਂ
ਗੱਲਾਂ ਅਕਸਰ ਹੀ ਚਲਦੀਆਂ ਰਹਿੰਦੀਆਂ।
23 ਜੂਨ 1985 ਦੇ ਦਿਨ ਮਨਦੀਪ ਆਪਣੇ ਕੁੱਝ ਲੇਖਕ ਦੋਸਤਾਂ
ਨਾਲ ਬਰਨਾਲੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਵਿੱਚ ਭਾਗ ਲੈਣ ਲਈ ਪਹੁੰਚਿਆ। ਇਹ
ਚੋਣ ਐੱਸ ਡੀ ਕਾਲਜ ਬਰਨਾਲਾ ਵਿੱਚ ਹੋ ਰਹੀ ਸਨ। ਹਜ਼ਾਰ ਦੇ ਕਰੀਬ ਲੇਖਕਾਂ ਦਾ ਇਕੱਠ
ਸੀ। ਇਸ ਇਕੱਠ ਵਿੱਚ ਕਈ ਨਾਮਵਰ ਸਾਹਿਤਕਾਰ ਵੀ ਹਾਜ਼ਰ ਸਨ ਜਿਨਾਂ ਵਿੱਚ ਪ੍ਰਿੰ:
ਸੁਜਾਨ ਸਿੰਘ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਅਤੇ ਸੰਤ
ਰਾਮ ਉਦਾਸੀ। ਪਰ ਇਹ ਕਲਮਾਂ ਵੀ ਪੰਜਾਬ ਬਾਰੇ ਕੁੱਝ ਨਾ ਕਰ ਸਕੀਆਂ।
ਸੋਹਣ ਸਿੰਘ ਹੰਸ ਚੋਣ ਜਿੱਤਣ ਲਈ ਲੇਖਕਾਂ ਵਲੋਂ ਵਰਤੇ ਜਾ
ਰਹੇ ਹੱਥਕੰਡਿਆਂ ਤੋਂ ਦੁੱਖੀ ਸੀ। ਕਈ ਲੇਖਕ ਸ਼ਰਾਬ ਵਿੱਚ ਗੁੱਟ ਹੋਏ ਫਿਰਦੇ ਸਨ। ਸੰਤ
ਰਾਮ ਉਦਾਸੀ ਸ਼ਰਾਬ ਦੇ ਨਸ਼ੇ ਵਿੱਚ ਚੂਰ, ਇੱਕ ਦਰਖਤ ਨਾਲ ਢੋਹ ਲਾਈਂ ਕੋਈ ਗੀਤ ਗਾਅ
ਰਿਹਾ ਸੀ। ਡੀ ਡੀ ਸਵਿਤੋਜ਼ ਏਸੇ ਹਾਲਤ ਵਿੱਚ ਆਪਣਾ ਅੱਡ ਮਜ਼ਮਾਂ ਜਮਾਈ ਬੈਠਾ ਸੀ। ਏਥੇ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦੋਫਾੜ ਹੋ ਜਾਣ ਦਾ ਜੋ ਡਰ ਪਾਇਆ ਜਾ ਰਿਹਾ ਸੀ, ਉਹ
ਵੀ ਸੱਚ ਹੋ ਗਿਆ। ਤੇਰਾ ਸਿੰਘ ਚੰਨ ਵਾਲੀ ਸਭਾ ਦੇ ਨਾਲ ਨਾਲ ਹੁਣ ਸੰਤ ਸਿੰਘ ਸੇਖੋਂ
ਵਾਲੀ ਸਭਾ ਬਣ ਗਈ। ਤੇ ਡਾ: ਤੇਜਵੰਤ ਮਾਨ ਨੂੰ ਇਸਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ।
ਹਿੰਦੂ ਸਿੱਖਾਂ ਨੂੰ ਪਾਟੋਧਾੜ ਤੋਂ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਲੇਖਕ ਆਪਸ ਵਿੱਚ
ਹੀ ਪਾਟੋ ਧਾੜ ਹੋ ਗਏ। ਮਨਦੀਪ ਇਸ ਸਥਿਤੀ ਤੋਂ ਬੇਹੱਦ ਦੁਖੀ ਸੀ। ਫੁਰ ਉਸ ਨੇ ਕੁੱਝ
ਦੋਸਤਾਂ ਨਾਲ ਕਾਲਜ ਦੇ ਘਾਹ ਤੇ ਬਹਿ ਪੈ ਕੇ ਹੀ ਉਹ ਰਾਤ ਗੁਜ਼ਾਰੀ ਕਿਉਂਕਿ ਰਹਿਣ ਦਾ
ਕੋਈ ਪ੍ਰਬੰਧ ਨਹੀਂ ਸੀ।
ਦੂਸਰਾ ਦਿਨ ਚੜ੍ਹਨ ਸਾਰ ਉਹ ਇੱਕ ਹੋਟਲ ਤੇ ਚਾਹ ਪੀਣ ਚਲੇ
ਗਏ। ਰਸਤੇ ਵਿੱਚ ਅਖ਼ਬਾਰ ਪੜ੍ਹ ਕੇ ਤਾਂ ਮਨਦੀਪ ਧੁਰ ਅੰਦਰ ਤੱਕ ਹਿੱਲ ਗਿਆ। ਅੱਜ ਦੀ
ਮੁੱਖ ਸੁਰਖੀ ਸੀ ‘ਏਅਰ ਇੰਡੀਆ ਦੇ ਜਹਾਜ਼ ਵਿੱਚ ਬੰਬ ਧਮਾਕਾ। ਅੱਧ ਅਸਮਾਨੇ ਉਡਾ
ਦਿੱਤੀ ਗਈ ਮੰਦਭਾਗੀ ਉਡਾਣ। ਜਿਸ ਵਿੱਚ 327 ਮੁਸਾਫਿਰ ਸਨ।
ਖ਼ਬਰ ਦੀ ਹੋਰ ਡਿਟੇਲ ਪੜ੍ਹੀ ਤਾਂ ਪਤਾ ਲੱਗਿਆ ਇਹ ਜਹਾਜ਼
ਕੈਨੇਡਾ ਤੋਂ ਉਡਿਆ ਸੀ। ਕਨਿਸ਼ਕ ਨਾਂ ਦਾ ਇਹ ਜਹਾਜ਼ ਆਇਰਲੈਂਡ ਦੇ ਪਾਣੀਆਂ ਤੇ ਉੱਡ
ਰਿਹਾ ਸੀ ਜਦੋਂ ਬੰਬ ਧਮਾਕਾ ਹੋਇਆ। ਮਰਨ ਵਾਲਿਆਂ ਵਿੱਚ ਔਰਤਾਂ ਬੱਚੇ ਬਜੁਰਗ ਸਭ
ਸ਼ਾਮਲ ਸਨ। ਇੱਸ ਵਿੱਚ ਹਿੰਦੂ ਵੀ ਹੋਣਗੇ ਅਤੇ ਸਿੱਖ ਵੀ। ਕਈ ਵਿਚਾਰੇ ਸਾਲਾਂ ਬਾਅਦ
ਆਪਣੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਹੋਣਗੇ। ਕਈਆਂ ਦੇ ਪਰਿਵਾਰ ਉੱਜੜ ਗਏ ਹੋਣਗੇ।
ਇਹ ਕੇਹੋ ਜਿਹਾ ਸੰਘਰਸ਼ ਸੀ। ਮਨਦੀਪ ਦਾ ਦੋਸਤ ਸ਼ਾਇਰ ਕ੍ਰਿਸ਼ਨ ਕੌਸ਼ਲ ਜੋ ਆਪ ਪੰਡਿਤ
ਸੀ, ਬਹੁਤ ਉਦਾਸ ਹੋ ਗਿਆ। ਮਨਦੀਪ ਨੇ ਵੀ ਚੁੱਪ ਧਾਰ ਲਈ। ਪਰ ਦੋਨੋ ਇੱਕ ਦੂਜੇ ਦਾ
ਦਰਦ ਸਮਝ ਸਕਦੇ ਸਨ। ਉਸ ਦਿਨ ਘਰ ਜਾ ਕੇ ਮਨਦੀਪ ਬਹੁਤ ਹੀ ਪਰੇਸ਼ਾਨ ਰਿਹਾ। ਸਾਰੀ ਰਾਤ
ਉਸ ਨੂੰ ਨੀਂਦ ਨਹੀਂ ਸੀ ਪਈ।
ਫੇਰ 27 ਜੂਨ ਨੂੰ ਹਾਦਸਾ ਗ੍ਰਸਤ ਜਹਾਜ਼ ਦਾ ਬਲੈਕ ਬੌਕਸ ਮਿਲ
ਗਿਆ। ਗੋਤਾਖੋਰ ਹੁਣ ਤੱਕ ਇੱਕ ਸੌ ਚਾਲੀ ਦੇ ਕਰੀਬ ਲਾਸ਼ਾਂ ਲੱਭ ਚੁੱਕੇ ਸਨ।
ਟੈਲੀਵੀਯਨ ਉੱਪਰ ਇਹ ਸਾਰਾ ਕੁੱਝ ਦਿਖਾਇਆ ਜਾ ਰਿਹਾ ਸੀ। ਮੁਸਾਫਰਾਂ ਦਾ ਸਮਾਨ ਪਾਣੀ
ਤੇ ਤਰਦਾ ਫਿਰ ਰਿਹਾ ਸੀ। ਕੁੱਝ ਖਾੜਕੂ ਜਥੇਬੰਦੀਆਂ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ
ਲੈ ਲਈ ਸੀ। ਲਾਸ਼ਾਂ ਸ਼ੈਨਨ ਹਵਾਈ ਅੱਡੇ ਤੇ ਸ਼ਨਾਖਤ ਲਈ ਰੱਖ ਦਿੱਤੀਆਂ ਗਈਆਂ। ਕੁੱਝ
ਲੋਕ ਇਸ ਵੱਡੀ ਕਾਰਵਾਈ ਪਿੱਛੇ ਸਿੱਖਾਂ ਨੂੰ ਬਦਨਾਮ ਕਰਨ ਲਈ ਸਰਕਾਰੀ ਏਜੰਸੀਆਂ ਦਾ
ਹੱਥ ਦੱਸ ਰਹੇ ਸਨ। ਤਾਂ ਕਿ ਵਿਸ਼ਵ ਨੂੰ ਦੱਸਿਆ ਜਾ ਸਕੇ ਕਿ ਅਪਰੇਸ਼ਨ ਬਲਿਊ ਸਟਾਰ
ਅੱਤਵਾਦ ਖਿਲਾਫ ਇੱਕ ਢੁਕਵੀਂ ਕਾਰਵਾਈ ਸੀ। ਕਾਰਵਾਈ ਚਾਹੇ ਕਿਸੇ ਦੀ ਵੀ ਸੀ, ਪਰ ਮਰ
ਤਾਂ ਆਮ ਲੋਕ ਹੀ ਗਏ ਸਨ।
ਮਨਦੀਪ ਦਾ ਹੁਣ ਕਿਤੇ ਵੀ ਦਿਲ ਨਹੀਂ ਸੀ ਲੱਗ ਰਿਹਾ। ਉਸ ਦੀ
ਦਿਲਚਸਪੀ ਸਿਰਫ ਤੇ ਸਿਰਫ ਸਾਹਿਤ ਵਿੱਚ ਹੀ ਰਹਿ ਗਈ ਸੀ। ਜਾਂ ਤਾਂ ਉਹ ਸਭਾਵਾਂ ਵਿੱਚ
ਚਲਾ ਜਾਂਦਾ ਤੇ ਜਾਂ ਫੇਰ ਸਾਹਿਤਕ ਪੁਸਤਕਾਂ ਪੜ੍ਹਦਾ ਰਹਿੰਦਾ। ਦਲੇਰ ਸਿੰਘ ਹੁਣ
ਚੁੱਪ ਚਾਪ ਹੀ ਰਹਿੰਦਾ ਸੀ। ਉਸ ਨੇ ਮਨਦੀਪ ਦੀ ਪੜ੍ਹਾਈ ਬਾਰੇ ਜਾਂ ਨੌਕਰੀ ਬਾਰੇ
ਪੁੱਛਣਾ ਹੀ ਛੱਡ ਦਿੱਤਾ ਸੀ। ਪਰ ਇਨ੍ਹਾਂ ਹੀ ਦਿਨਾਂ ਵਿੱਚ ਮਨਦੀਪ ਦਾ ਰਿਜ਼ਲਟ ਵੀ ਆ
ਗਿਆ। ਤੇ ਉਹ ਪਾਸ ਹੋ ਗਿਆ। ਇਹ ਤੱਤੀਆਂ ਲੂਹ ਦੇਣ ਵਾਲੀਆਂ ਹਵਾਵਾਂ ਵਿੱਚ ਇਹ ੱਿਨਕਾ
ਜਿਹਾ ਸ਼ੀਤਲ ਹਵਾ ਦਾ ਬੁੱਲਾ ਸੀ।
ਏਅਰ ਇੰਡੀਆਂ ਦੇ ਹਾਦਸਾ ਗ੍ਰਸਤ ਜਹਾਜ਼ ਦਾ ਦੂਸਰਾ ਡੈਟਾ
ਰਿਕਾਰਡਰ ਬੌਕਸ ਵੀ ਫਰਾਂਸ ਦੇ ਰੋਬੋਟ ਵਲੋਂ ਲੱੋਭਿਆ ਜਾ ਚੁੱਕਾ ਸੀ। ਇੱਹ ਖ਼ਬਰਾਂ
ਅਜੇ ਫਿੱਕੀਆਂ ਵੀ ਨਹੀਂ ਪਈਆਂ ਸਨ, ਤਾਂ ਹੋਰ ਖ਼ਬਰਾਂ ਆਉਣ ਲੱਗੀਆਂ ਕਿ ਪ੍ਰਧਾਨ
ਮੰਤਰੀ ਰਾਜੀਵ ਗਾਂਧੀ ਨੇ ਅਕਾਲੀ ਦਲ ਨੂੰ ਸਮਝੌਤਾ ਕਰਨ ਲਈ ਕੋਈ ਸੱਦਾ ਭੇਜਿਆ ਹੈ।
ਲੋਕਾਂ ਵਿੱਚ ਹੁਣ ਇਹ ਚਰਚਾ ਸੀ ਕਿ ‘ਆਨੰਦਪੁਰ ਦਾ ਮਤਾ ਹੁਣ ਮੰਨ ਲਿਆ ਜਾਵੇਗਾ ਜਾਂ
ਨਹੀਂ?’
ਇਸ ਸਮਝੌਤੇ ਲਈ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ
ਲੌਂਗੋਵਾਲ ਨਾਲ ਗੱਲ ਕੀਤੀ ਗਈ। ਉਸ ਨੇ ਅੱਗੋਂ ਬਾਕੀ ਅਕਾਲੀਆਂ ਨੂੰ ਪੁੱਛਿਆ। ਉਹ
ਪਹਿਲਾਂ ਤਾਂ ਸਹਿਮਤ ਹੋ ਗਏ ਪਰ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ
ਟੌਹੜਾ ਨੇ ਆਪਣੇ ਹੱਥ ਪਿੱਛੇ ਖਿੱਚ ਲਏ। ਉਹ ਸ਼ਰੇਆਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ
ਵਿਰੋਧ ਵਿੱਚ ਖੜੋ੍ਹ ਗਏ। ਏਹੋ ਫੁੱਟ ਤਾਂ ਸਰਕਾਰ ਚਾਹੁੰਦੀ ਸੀ।
ਉਨ੍ਹਾਂ 23 ਜੁਲਾਈ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ,
ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਤੇ ਕੁੱਝ ਹੋਰ ਸਾਥੀਆਂ ਦਿੱਲੀ ਬੁਲਾ ਕੇ ਇਸ
ਸਮਝੌਤੇ ਤੇ ਸਹੀ ਪਾ ਦਿੱਤੀ। ਫੇਰ ਇਸ ਨੂੰ ਬੇਹੱਦ ਪ੍ਰਚਾਰਿਆ ਗਿਆ। ਥਾਂ ਥਾਂ ਰਾਜੀਵ
ਅਤੇ ਲੌਂਗੋਵਾਲ ਸਮਝੌਤੇ ਦੇ ਵੱਡੇ ਵੱਡੇ ਪੋਸਟਰ ਲਗਾਏ ਗਏ। ਇਸ ਸਮਝੌਤੇ ਵਕਤ ਜਦੋਂ
ਹੱਥ ਮਿਲਾਏ ਗਏ ਸਨ ਤਾਂ ਸੁਰਜੀਤ ਸਿੰਘ ਬਰਨਾਲਾ ਦਾ ਹੱਥ ਕੱਢਿਆ ਹੀ ਰਹਿ ਗਿਆ।
ਪ੍ਰਧਾਨ ਮੰਤਰੀ ਨੇ ਉਸ ਨਾਲ ਹੱਥ ਨਹੀਂ ਸੀ ਮਿਲਾਇਆ। ਕੀ ਇਹ ਗਲਤੀ ਸੀ ਜਾਂ ਜਾਣ
ਬੁੱਝ ਕੇ ਕੀਤਾ ਗਿਆ ਸੀ। ਫੇਰ ਟੈਲੀਵੀਯਨ ਇਸੇ ਸੀਨ ਨੂੰ ਕਈ ਦਿਨ ਦਿਖਾਉਂਦਾ ਰਿਹਾ
ਸੀ। ਏਧਰ ਪੰਜਾਬ ਦੇ ਲੋਕ ਖੁਸ਼ ਸਨ ਕਿ ਚੱਲੋਂ ਹੁਣ ਸ਼ਾਂਤੀ ਆਊਗੀ। ਪਰ ਅਜਿਹਾ ਕਿੱਥੇ
ਹੋਣਾ ਸੀ?
ਉਧਰ ਪਾਕਿਸਤਾਨ ਵਿੱਚ ਵੀ ਰਾਜਨੀਤਕ ਉੱਥਲ ਪੁਥਲ ਸੀ। ਜਨਰਲ
ਜ਼ਿਆ ਉਲ ਹੱਕ ਆਪਣੇ ਵਿਰੋਧੀਆਂ ਨੂੰ ਲੋਹੇ ਦੇ ਚਣੇ ਚਬਾ ਰਿਹਾ ਸੀ। ਉਸ ਨੇ ਲੋਕਾਂ ਦੇ
ਚੁਣੇ ਹੋਏ ਲੀਡਰ ਭੁੱਟੋ ਨੂੰ ਫਾਂਸੀ ਲਗਾਈ ਸੀ। ਹੁਣ ਅਗਲਾ ਰਾਹ ਸਾਫ ਕਰਨ ਲਈ ਹੋਰ
ਹੱਥ ਕੰਡੇ ਵਰਤ ਰਿਹਾ ਸੀ। ਭੁੱਟੋ ਦੇ ਮੁੰਡੇ ਸ਼ਾਹ ਨਿਵਾਜ਼ ਦੀ ਮੌਤ ਦਾ ਸ਼ੱਕ ਵੀ ਲੋਕ
ਜ਼ਿਆਉਲ ਸਰਕਾਰ ਤੇ ਹੀ ਕਰ ਰਹੇ ਸਨ। ਬਾਕੀ ਸਭ ਖ਼ਬਰਾਂ ਹੀ ਕਤਲਾਂ ਤੇ ਬੰਬ ਧਮਾਕਿਆਂ
ਦੀਆਂ ਸੁਰਖੀਆਂ ਹੇਠਾਂ ਦਮ ਤੋੜ ਜਾਂਦੀਆ। ਅਕਾਲੀ ਲੀਡਰਸ਼ਿੱਪ ਸਮਝੌਤੇ ਤੋਂ ਬਿਲਕੁੱਲ
ਖੁਸ਼ ਨਹੀਂ ਸੀ। ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਨੇ
ਵੀ ਇਸਦੇ ਵਿਰੋਧ ਵਿੱਚ ਆਪਣਾ ਐਲਾਨ ਕਰਦਿਆਂ ਸੰਘਰਸ਼ ਜ਼ਾਰੀ ਰੱਖਣ ਦਾ ਹੁਕਮ ਕਰ
ਦਿੱਤਾ। ਉਧਰ ਇੰਗਲੈਡ ਤੋਂ ਡਾ: ਜਗਜੀਤ ਸਿੰਘ ਚੌਹਾਨ ਨੇ ਸਰਕਾਰ ਨਾਲ ਸਮਝੌਤਾ ਕਰਨ
ਵਾਲਿਆਂ ਨੂੰ, ‘ਨਤੀਜਾ ਭੁਗਤਣ ਲਈ ਤਿਆਰ ਰਹਿਣ’ ਦਾ ਐਲਾਨ ਕਰ ਦਿੱਤਾ। ਸਿੱਖ
ਸਟੂਡੈਂਟ ਫੈਡਰੇਸ਼ਨ ਵੀ ਇਸਦੇ ਵਿਰੋਧ ਵਿੱਚ ਖੜੀ ਹੋ ਗਈ। ਫੇਰ ਸੰਤ ਹਰਚੰਦ ਸਿੰਘ
ਲੌਗੋਵਾਲ ਤੇ ਸੁਰਜੀਤ ਸਿੰਘ ਬਰਨਾਲਾ ਬਿਲਕੁੱਲ ਇਕੱਲੇ ਪੈ ਗਏ।
ਪੰਜਾਬ ਵਿੱਚ ਸਮਝੌਤੇ ਤੋਂ ਬਾਅਦ ਬੱਝੀ ਆਸ ਨੂੰ ਅਜੇ ਬੂਰ ਵੀ
ਨਹੀਂ ਸੀ ਪਿਆ ਕਿ 31 ਜੁਲਾਈ ਵਾਲੇ ਦਿਨ ਅਣਪਛਾਤੇ ਨੌਜਵਾਨਾਂ ਨੇ ਦਿੱਲੀ ਦੰਗਿਆਂ
ਵਿੱਚ ਸ਼ਮੂਲੀਅਤ ਦਾ ਦੋਸ਼ੀ ਸਮਝਦਿਆਂ, ਮੈਂਬਰ ਪਾਰਲੀਮੈਂਟ, ਸੁਸ਼ੀਲ ਮਾਕਨ, ਉਸਦੀ ਪਤਨੀ
ਅਤੇ ਨੌਕਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਜਦੋਂ ਕਿ 15 ਅਗਸਤ ਨੇੜੇ ਆ ਰਿਹਾ ਸੀ।
ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇੱਕ ਦਿਨ ਮਨਦੀਪ ਸਮਰਾਲੇ ਗਿਆ ਤਾਂ ਪਤਾ
ਲੱਗਾ ਕਿ ਬਹੁਤ ਹੀ ਧੱਕੜ ਅਤੇ ਅੱਖੜ ਸਮਝੇ ਜਾਂਦੇ ਹੌਲਦਾਰ ਮੋਹਣ ਸਿੰਘ ਨੂੰ ਵੀ
ਕਿਸੇ ਨੇ ਗੋਲੀ ਮਾਰ ਦਿੱਤੀ ਹੈ। ਹੁਣ ਪੰਜਾਬ ਵਿੱਚ ਇਹ ਹਾਲਾਤ ਇਹ ਸਨ ਕਿ ਕਿਸੇ ਵੀ
ਟਾਈਮ ਤੇ ਕਿਸੇ ਨੂੰ ਵੀ ਗੋਲੀ ਵੱਜ ਸਕਦੀ ਸੀ।
15 ਅਗਸਤ ਨੂੰ ਦਿੱਲੀ ਲਾਲ ਕਿਲੇ ਤੋਂ ਅੱਤਵਾਦ ਖਿਲਾਫ ਭਾਸ਼ਨ
ਦਿੰਦਿਆਂ ਰਾਜੀਵ ਗਾਂਧੀ ਵਾਰ ਵਾਰ ਆਖ ਰਿਹਾ ਸੀ “ਹਮ ਦੇਖੇਗੇਂ…ਹਮ ਨੇ ਦੇਖਨਾ… ਹੈ”
ਪਰ ਲੋਕ ਚਾਹੁੰਦੇ ਸੀ ਕਿ ਸਿਰਫ ਦੇਖਦੇ ਹੀ ਨਾ ਰਹੋ ਕੁੱਝ ਕਰੋ ਵੀ। ਉਸ ਦਿਨ ਟੀ ਵੀ
ਪ੍ਰਸਾਰਨ ਤੇ ਲਾਲ ਕਿਲੇ ਤੋਂ ਭਾਸ਼ਨ ਦਿੰਦਿਆਂ ਇੱਕ ਕਾਂ ਦੀ ਆਵਾਜ਼ ਲਗਾਤਾਰ ਆਂਉਦੀ
ਰਹੀ। ਮਨਦੀਪ ਨੂੰ ਜਾਪਿਆ ਜਿਵੇਂ ਦੇਸ਼ ਦੇ ਸਿਰ ਤੇ ਲਹੂ ਪੀਣੀਆਂ ਗਿਰਝਾਂ ਮੰਡਰਾ
ਰਹੀਆਂ ਹੋਣ।
ਰਾਜੀਵ ਗਾਂਧੀ ਨੇ ਪੰਜਾਬ ਸਮਝੌਤੇ ਤੋਂ ਬਾਅਦ ਹੁਣ ਆਸਾਮ ਦੇ
ਵਿਦਰੋਹੀ ਧੜਿਆਂ ਨਾਲ ਵੀ ਸਮਝੌਤਾ ਕਰ ਲਿਆ। ਇਹ ਸਮਝੌਤੇ ਦਾ ਅਜ਼ਾਦੀ ਦਿਵਸ ਤੇ ਐਲਾਨ
ਕਰਨ ਲਈ, 15 ਅਗਸਤ ਨੂੰ ਤੜਕੇ ਤਿੰਨ ਵਜੇ ਤੱਕ ਇਹ ਸਮਝੌਤਾ ਮਸਾਂ ਨੇਪਰੇ ਚੜ੍ਹਾਇਆ
ਗਿਆ ਸੀ। ਰਾਸ਼ਟਰਪਤੀ ਗਿਆਨੀ ਜ਼ੈਲ਼ ਸਿੰਘ ਨੇ ਅਜ਼ਾਦੀ ਦਿਵਸ ਦੀ ਪੂਰਬ ਸੰਧਿਆ ਤੇ ਜੋ
ਭਾਸ਼ਨ ਕੀਤਾ, ਉਸ ਵਿੱਚ ਤਾਂ ਕੋਈ ਦਮ ਹੀ ਨਹੀਂ ਸੀ। ਇਹ ਵੀ ਗੱਲ ਬਾਹਰ ਆ ਗਈ ਸੀ ਕਿ
ਜੋ ਕੁੱਝ ਰਾਸ਼ਟਰਪਤੀ ਬੋਲਣਾ ਚਾਹੁੰਦਾ ਸੀ ਉਸ ਨੂੰ ਬੋਲਣ ਹੀ ਨਹੀਂ ਸੀ ਦਿੱਤਾ ਗਿਆ,
ਬਲਕਿ ਸਰਕਾਰ ਨੇ ਇੱਹ ਭਾਸ਼ਨ ਲਿਖਵਾ ਕੇ ਜ਼ਬਰਦਸਤੀ ਉਸ ਤੋਂ ਪੜ੍ਹਵਾਇਆ ਸੀ। ਜਿਸ ਨੂੰ
ਮਸਾਂ ਉਸ ਨੇ ਅਣਮੰਨੇ ਜਿਹੇ ਮਨ ਨਾਲ ਪੜ੍ਹਿਆ ਸੀ।
ਆਜ਼ਾਦੀ ਦਿਵਸ ਨੂੰ ਅਜੇ ਪੰਜ ਦਿਨ ਵੀ ਨਹੀਂ ਬੀਤੇ ਸਨ ਕਿ
ਪੰਜਾਬ ਵਿੱਚ ਇੱਕ ਹੋਰ ਵੱਡਾ ਝੱਖੜ ਝੁੱਲ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਨੂੰ ਜਿਲ੍ਹਾ ਸੰਗਰੂਰ ਦੇ ਸ਼ੇਰਪੁਰ ਪਿੰਡ
ਵਿੱਚ ਉਸ ਵਕਤ ਗੋਲੀਆਂ ਮਾਰ ਦਿੱਤੀਆਂ ਗਈਆਂ, ਜਦੋਂ ਉਹ ਸਟੇਜ ਤੇ ਭਾਸ਼ਨ ਕਰ ਰਹੇ ਸਨ।
ਸ਼ਾਮ ਦੇ ਸਾਢੇ ਕੁ ਛੇ ਵਜੇ ਵਾਪਰੀ ਇਹ ਘਟਨਾ ਜੰਗਲ ਦੀ ਅੱਗ ਵਾਂਗੂ ਦੇਸ਼ਾਂ ਬਿਦੇਸ਼ਾਂ
ਵਿੱਚ ਫੈਲ ਗਈ।
ਲੋਕਾਂ ਦੇ ਕੰਨ ਇੱਕ ਵਾਰੀ ਫੇਰ ਬੀ ਬੀ ਸੀ ਦੀਆਂ ਖਬਰਾਂ ਨਾਲ
ਜੁੜ ਗਏ। ਫੇਰ ਉਸੇ ਸ਼ਾਮ ਨੂੰ ਅੱਠ ਵੱਜ ਕੇ ਪੰਜਤਾਲੀ ਮਿੰਟ ਤੇ ਖਬਰ ਦੇ ਦਿੱਤੀ ਗਈ
ਕਿ ਸੰਤਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਦੱਸਿਆ ਗਿਆ ਕਿ ਮਾਰਨ ਵਾਲੇ ਜਰਨੈਲ ਸਿੰਘ
ਹਲਵਾਰਾ, ਗਿਆਨ ਸਿੰਘ ਰਣੀਆਂ ਅਤੇ ਪਲਵਿੰਦਰ ਸਿੰਘ ਸਨ। ਇਹ ਅਜਿਹੀ ਘਟਨਾ ਦੀ ਜਿਸ ਨੇ
ਪੰਜਾਬੀਆਂ ਦੇ ਦਿਲ ਤੋੜ ਦਿੱਤੇ ਅਤੇ ਉਹ ਲਹੂ ਦੇ ਅਥਰੂ ਚੋਣ ਲੱਗੇ। ਸੰਤ ਲੌਗੋਂਵਾਲ
ਨੂੰ ਬਹੁਤੇ ਲੋਕ ਸਾਫ ਅਤੇ ਸਾਊ ਸਖਸ਼ੀਅਤ ਸਮਝਦੇ ਸਨ। ਲੋਕਾਂ ਦਾ ਲੀਡਰ ਕਤਲ ਕਰਕੇ
ਅੱਤਵਾਦੀਆਂ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਲਿਆ ਸੀ। ਲੋਕਾਂ ਦੀ ਹਮਦਰਦੀ ਉਨ੍ਹਾਂ
ਨਾਲੋਂ ਟੁੱਟਣ ਲੱਗੀ। ਲੋਕ ਬਾਦਲ ਟੌਹੜੇ ਜਿਹੇ ਮੌਕਾ ਪ੍ਰਸਤ ਲੀਡਰਾਂ ਨੂੰ ਇਸ ਮੌਤ
ਦਾ ਜਿੰਮੇਵਾਰ ਸਮਝ ਕੇ ਨਕਾਰਨ ਲੱਗੇ।
22 ਅਗਸਤ ਨੂੰ ਸੰਤਾਂ ਦੇ ਸਸਕਾਰ ਸਮੇਂ ਲੱਖਾਂ ਦੀ ਤਦਾਦ
ਵਿੱਚ ਲੋਕ ਹੁੱਮ ਹਮਾ ਕੇ ਪਹੁੰਚੇ। ਇਸ ਮੌਕੇ ਰਾਸ਼ਟਰਪਤੀ ਦੇ ਸੁਰੱਖਿਆ ਸਲਾਹਕਾਰ ਤੋਂ
ਇਲਾਵਾ, ਬਿਜਲੀ ਮੰਤਰੀ ਅਰੁਣ ਨਹਿਰੂ, ਗ੍ਰਹਿ ਮੰਤਰੀ ਐੱਸ ਬੀ ਚਵਾਨ ਕਾਂਗਰਸ ਪ੍ਰਧਾਨ
ਰਾਜਿੰਦਰ ਕੁਮਾਰ ਬਾਜਪਾਈ ਅਤੇ ਪੰਜਾਬ ਦੇ ਗਵਰਨਰ ਅਰਜਣ ਸਿੰਘ ਵੀ ਪਹੁੰਚੇ। ਸੰਤਾ ਦਾ
ਸੰਸਕਾਰ ਸਰਕਾਰੀ ਸਨਮਾਨਾਂ ਨਾਲ, ਇੱਕੀ ਤੋਪਾਂ ਦੀ ਸਲਾਮੀ ਦੇ ਕੇ ਕੀਤਾ ਗਿਆ। ਮਨਦੀਪ
ਨੇ ਇਹ ਪ੍ਰਸਾਰਣ ਵੀ ਟੀ ਵੀ ਤੇ ਦੇਖਿਆ। ਪੰਜਾਬ ਦਾ ਭਵਿੱਖ ਜਿਵੇਂ ਕਿਸੇ ਹਨੇਰ ਖਾਤੇ
ਵਿੱਚ ਜਾ ਡਿਗਿਆ ਹੋਵੇ। ਪੂਰੇ ਦੇਸ਼ ਵਿੱਚ ਸੰਤ ਲੌਂਗੋਵਾਲ ਦੀ ਦੁਖਦ ਮੌਤ ਸੇ ਸ਼ੋਕ
ਮਨਾਇਆ ਜਾ ਰਿਹਾ ਸੀ।
ਪੰਜਾਬ ਵਿੱਚ ਜੋ ਚੋਣਾਂ 22 ਸਤੰਬਰ ਨੂੰ ਹੋਣੀਆਂ ਸਨ, ਹੁਣ
ਚੋਣ ਕਮਿਸ਼ਨ ਨੇ ਸੰਤਾਂ ਦੀ ਮੌਤ ਕਾਰਨ ਉਨ੍ਹਾਂ ਨੂੰ ਤਿੰਨ ਦਿਨ ਅੱਗੇ ਪਾ ਦਿੱਤਾ।
ਪੰਜਾਬ ਵਿੱਚ 25 ਸਤੰਬਰ ਨੂੰ ਚੋਣਾ ਹੋਣ ਜਾ ਰਹੀਆਂ ਸਨ। ਅਕਾਲੀ ਦਲ ਲੌਂਗੋਵਾਲ
ਵਿੱਚੋਂ ਬਾਦਲ ਅਤੇ ਟੌਹੜਾ ਨਿੱਖੜ ਗਏ ਸਨ। ਸੁਰਜੀਤ ਸਿੰਘ ਬਰਨਾਲਾ ਵਲੋਂ ਉਨ੍ਹਾਂ
ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਸਨ। ਹੁਣ ਅਕਾਲੀ ਦਲ ਸੰਤਾਂ ਦੀ ਮੌਤ ਦਾ ਵੱਧ
ਤੋਂ ਵੱਧ ਲਾਹਾ ਲੈਣ ਦੇ ਯਤਨ ਵਿੱਚ ਸੀ। ਸੰਤਾਂ ਨੂੰ ਲੋਕਾਂ ਦਾ ਮਸੀਹਾ ਬਣਾ ਕੇ ਪੇਸ਼
ਕੀਤਾ ਜਾ ਰਿਹਾ ਸੀ।
ਮਨਦੀਪ ਦੇ ਨਾਲ ਦੇ ਪਿੰਡ ਗੁੱਗਾ ਨੌਮੀ ਦਾ ਜੋ ਮੇਲਾ ਭਰਦਾ
ਸੀ, ਇਸ ਵਾਰ ਵੀ ਭਰਿਆ। ਪਰ ਇਹ ਫਿੱਕਾ ਰਿਹਾ। ਏਸੇ ਸਮੇਂ ਸੰਤ ਮੋਤੀ ਰਾਮ ਦੀ ਯਾਦ
ਵਿੱਚ ਜੋ ਤਿੰਨ ਦਿਨ ਧਾਰਮਿਕ ਗੀਤ ਸੰਗੀਤ ਚੱਲਦਾ ਸੀ ਉਹ ਹਾਲਾਤ ਦੇ ਮੱਦੇ ਨਜ਼ਰ ਸਿਰਫ
ਦੀਵਾਨਾਂ ਵਿੱਚ ਬਦਲ ਦਿੱਤਾ ਗਿਆ। ਕਿਉਂਕਿ ਖਾੜਕੂਆਂ ਦਾ ਇਹ ਵੀ ਹੁਕਮ ਸੀ ਕਿ ਗੁਰੂ
ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਰਜ਼ਾਂ ਕੱਢਣ ਵਾਲਿਆਂ ਨੂੰ ਜਾਂ ਕੱਚੀ ਬਾਣੀ ਪੜ੍ਹਨ
ਵਾਲਿਆਂ ਨੂੰ ਸੋਧ ਦਿੱਤਾ ਜਾਵੇਗਾ। ਇਸੇ ਦਿਨ ਇੱਕ ਹੋਰ ਖ਼ਬਰ ਆਈ ਕਿ ਬਾਬਾ ਜੋਗਿੰਦਰ
ਸਿੰਘ ਧੜੇ ਦੇ ਇੱਕ ਖਾੜਕੂ ਰਹਿ ਚੁੱਕੇ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸੰਤ
ਲੌਂਗੋਵਾਲ ਦੇ ਕਤਲ ਦੀ ਸਾਜਿਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਇੱਕ ਲੰਬੀ ਕਸ਼ਮਕਸ਼ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੂੰ
ਸੰਤ ਲੌਂਗੋਵਾਲ ਸਮਝੌਤੇ ਵਕਤ ਨਾਲ ਜਾਣ ਕਰਕੇ ਅਕਾਲੀ ਦਲ ਦਾ ਪ੍ਰਧਾਨ ਅਤੇ ਸੰਤ ਅਜੀਤ
ਸਿੰਘ ਨੂੰ ਸੰਸਦ ਦਾ ਨੇਤਾ ਚੁਣ ਲਿਆ ਗਿਆ। ਉਧਰ ਕਾਲਜਾਂ ਵਿੱਚ ਨਵੇਂ ਸੈਸ਼ਨ ਸ਼ੁਰੂ
ਹੋਣ ਜਾ ਰਹੇ ਸਨ। ਇੱਕ ਦਿਨ ਕਾਲਜ ਦੇ ਪ੍ਰੋਫੈਸਰਾਂ ਦੀ ਟੀਮ ਵਿਦਿਆਰਥੀ ਨੂੰ ਦਾਖਲੇ
ਪ੍ਰਤੀ ਆਪਣੇ ਕਾਲਜ ਖਿੱਚਣ ਦੇ ਮਨੋਰਥ ਨਾਲ ਰਾਮਪੁਰੇ ਵੀ ਆਈ ਅਤੇ ਉਹ ਮਨਦੀਪ ਨੂੰ ਵੀ
ਮਿਲੇ। ਮਨਦੀਪ ਕਾਲਜ ਵਿੱਚ ਬਹੁਤ ਨਾਮਵਰ ਵਿਦਿਆਰਥੀ ਰਹਿ ਚੁੱਕਾ ਸੀ, ਸ਼ਾਇਦ ਇਸ
ਕਰਕੇ। ਬਾਕੀ ਵਿਚਾਰ ਵਟਾਂਦਰੇ ਦੇ ਨਾਲ ਨਾਲ ਪੰਜਾਬ ਤੇ ਹਾਲਾਤ ਤੇ ਵੀ ਚਰਚਾ ਹੋਈ।
ਜਥੇਦਾਰ ਜਗਦੇਵ ਸਿੰਘ ਤਲਵੰਡੀ ਵੀ ਆਪਣੇ ਤੀਰ ਕਮਾਣ ਚੋਣ ਨਿਸ਼ਾਨ ਨਾਲ ਵੋਟਾਂ ਵਿੱਚ
ਕੁੱਦ ਪਿਆ ਸੀ। ਜਦ ਕਿ ਬਾਬਾ ਜੋਗਿੰਦਰ ਸਿੰਘ ਧੜੇ ਨੋ ਵੋਟਾਂ ਦਾ ਬਾਈਕਾਟ ਕਰਨ ਦਾ
ਫੈਸਲਾ ਕੀਤਾ। ਪੰਜਾਬ ਵਿੱਚ ਕੁਰਸੀ ਯੁੱਧ ਆਰੰਭ ਹੋ ਗਿਆ। ਪਰ ਮਾਰ ਧਾੜ ਜਿਉਂ ਦੀ
ਤਿਉਂ ਜ਼ਾਰੀ ਸੀ।
ਸਮਾਂ ਇੱਕ ਸਤੰਬਰ 1985। ਲੌਂਗੋਵਾਲ ਵਿਖੇ ਪੰਜ ਲੱਖ ਦੇ
ਕਰੀਬ ਲੋਕਾਂ ਦਾ ਇਕੱਠ। ਅੱਜ ਸੰਤਾਂ ਦੀ ਅੰਤਿਮ ਅਰਦਾਸ ਸੀ। ਇਸ ਮੌਕੇ ਸ਼੍ਰਧਾਜ਼ਲੀ
ਭੇਂਟ ਕਰਨ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਸਕੱਤਰਾਂ ਤੋਂ ਇਲਾਵਾ ਵਿਸ਼ਵ ਨਾਥ
ਪ੍ਰਤਾਪ ਸਿੰਘ (ਸਾਬਕਾ ਪ੍ਰਧਾਨ ਮੰਤਰੀ) ਰਾਮ ਕਿਸ਼ਨ ਹੈਗੜੇ (ਕਰਨਾਟਕ ਦੇ ਮੁੱਖ
ਮੰਤਰੀ) ਪ੍ਰਸਿੱਧ ਵਕੀਲ ਸ਼੍ਰੀ ਰਾਮ ਜੇਠ ਮਲਾਨੀ, ਉੱਘੇ ਜਰਨਿਲਟ ਅਤੇ ਲੇਖਕ ਖੁਸ਼ਵੰਤ
ਸਿੰਘ, ਮੇਨਕਾ ਗਾਂਧੀ, ਕਮਿਊਨਿਸਟ ਆਗੂ ਅਵਤਾਰ ਸਿੰਘ ਮਲਹੋਤਰਾ ਅਤੇ ਭਾਰਤੀ ਜਨਤਾ
ਪਾਰਟੀ ਦੇ ਪ੍ਰਮੁੱਖ ਸ਼੍ਰੀ ਅਟੱਲ ਬਿਹਾਰੀ ਬਾਜਪਾਈ ਵੀ ਪਹੁੰਚੇ ਹੋਏ ਸਨ। ਸਭ
ਪਾਰਟੀਆਂ ਦੇ ਲੋਕ ਸੰਤ ਲੌਂਗੋਵਾਲ ਨੂੰ ਪੰਜਾਬ ਦੀ ਸ਼ਾਂਤੀ ਬਹਾਲ ਕਰਨ ਲਈ ਆਪਣਾ ਲਹੂ
ਵਹਾਉਣ ਵਾਲਾ ਮਸੀਹਾ ਦੱਸ ਰਹੇ ਸਨ। ਪਰ ਬਾਹਰ ਸਿੱਖਾਂ ਦੇ ਲੀਡਰ ਛਿੱਤਰੀਂ ਦਾਲ ਵੰਡ
ਰਹੇ ਸਨ। ਬਾਬਾ ਜੋਗਿੰਦਰ ਸਿੰਘ ਅਤੇ ਜਗਦੇਵ ਸਿੰਘ ਤਲਵੰਡੀ ਦਾ ਵੀ ਫੇਰ ਤੋੜ ਵਿਛੋੜਾ
ਹੋ ਗਿਆ।
ਕਾਂਗਰਸ ਪਾਰਟੀ ਦੀ ਸੋਚ ਤਾਂ ਦੋ ਧਾਰੀ ਤਲਵਾਰ ਸੀ। ਇੱਕ
ਪਾਸੇ ਸਿੱਖਾਂ ਨਾਲ ਸਮਝੌਤੇ ਕਰਕੇ, ਮੱਲ੍ਹਮ ਲਾਉਣ ਦੀਆਂ ਗੱਲਾਂ ਹੋ ਰਹੀਆਂ ਸਨ ਤੇ
ਦੂਸਰੇ ਪਾਸੇ ਸਿੱਖ ਪੰਥ ਵਿੱਚੋਂ ਛੇਕੇ ਬਾਬਾ ਸੰਤਾ ਸਿੰਘ ਨੂੰ ਕੌਮੀ ਹੀਰੋ ਬਣਾ ਕੇ
ਪੇਸ਼ ਕੀਤਾ ਜਾ ਰਿਹਾ ਸੀ। ਮਨਦੀਪ ਆਲ ਇੰਡੀਆ ਰੇਡੀਉ ਤੋਂ ਸੰਤ ਲੌਂਗੋਵਾਲ ਬਾਰੇ ਪੇਸ਼
ਕੀਤੇ ਜਾ ਰਹੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਅਜਿਹੀ ਦੋਹਰੀ ਨੀਤੀ ਵੀ ਮਹਿਸੂਸ ਕਰ
ਰਿਹਾ ਸੀ। ਜਿੱਥੇ ਸੰਤ ਲੌਂਗੋਵਾਲ ਦੀ ਤੁਲਨਾ ਮਹਾਤਮਾਂ ਗਾਂਧੀ ਨਾਲ ਕੀਤੀ ਜਾ ਰਹੀ
ਸੀ। ਅੰਬਿਕਾ ਸੋਨੀ, ਰਾਜਿੰਦਰ ਕੁਮਾਰੀ ਬਾਜਪਾਈ ਅਤੇ ਪੱਤਰਕਾਰ ਕੁਲਦੀਪ ਨਈਅਰ ਨੇ ਵੀ
ਆਪਣੇ ਵਿਚਾਰ ਪੇਸ਼ ਕੀਤੇ। ਅੱਤਵਾਦ ਨੂੰ ‘ਸਿੱਖ ਅੱਤਵਾਦ’ ਦੇ ਨਾਂ ਹੇਠ ਪੇਸ਼ ਕੀਤਾ ਜਾ
ਰਿਹਾ ਸੀ। ਜਿਸ ਕਰਕੇ ਸਾਰਾ ਮੁਲਕ ਹੀ ਸਿੱਖਾਂ ਨੂੰ ਅੱਤਵਾਦੀ ਸਮਝਣ ਲੱਗ ਪਿਆ। ਕੋਈ
ਉਨ੍ਹਾਂ ਨੂੰ ਹੋਟਲਾਂ ਵਿੱਚ ਕਮਰੇ ਨਾ ਦਿੰਦਾ, ਰੇਲ ਗੱਡੀਆਂ ਵਿੱਚ ਚੜ੍ਹਨ ਨਾ
ਦਿੰਦਾ। ਉਧਰ ਮਾਰ ਧਾੜ ਦੀਆਂ ਖ਼ਬਰਾਂ ਬਲਦੀ ਤੇ ਤੇਲ ਪਾਂਉਦੀਆਂ ਰਹੀਆਂ।
ਇਹ 4 ਸਤੰਬਰ ਦਾ ਦਿਨ ਸੀ। ਅਣਪਛਾਤੇ ਬੰਦਿਆਂ ਕਾਂਗਰਸੀ
ਮੈਂਬਰ ਪਾਰਲੀਮੈਂਟ ਅਰਜਣ ਦਾਸ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ। ਉਸ ਤੇ ਵੀ
ਦਿੱਲੀ ਦੰਗਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ। ਦਿੱਲੀ ਵਿੱਚ ਫੇਰ ਦਹਿਸ਼ਤ ਫੈਲ ਗਈ।
ਦੰਗਿਆਂ ਦੇ ਦੋਸ਼ੀ ਸਮਝੇ ਲੋਕਾਂ ਦੀ ਸੁਰੱਖਿਆ ਬੇਹੱਦ ਵਧਾ ਦਿੱਤੀ ਗਈ। ਹੁਣ ਤਾਂ ਇਹ
ਘਟਨਾਵਾਂ ਕਦੇ ਵੀ ਕਿਤੇ ਵੀ ਵਾਪਰ ਸਕਦੀਆਂ ਸਨ।
ਇਸੇ ਹਾਲਾਤ ਵਿੱਚ ਪੰਜਾਬ ਦਾ ਚੋਣ ਮੈਦਾਨ ਭਖਣ ਲੱਗਾ। ਮਨਦੀਪ
ਦੇ ਹਲਕੇ ਸਮਰਾਲੇ ਤੋਂ ਪਾਰਟੀ ਨੁੰਮਾਇੰਦਿਆਂ ਦਾ ਐਲਾਨ ਹੋ ਗਿਆ। ਸ: ਅਮਰਜੀਤ ਸਿੰਘ
(ਅਕਾਲੀ) ਕਰਮ ਸਿੰਘ ਗਿੱਲ (ਕਾਂਗਰਸ) ਪ੍ਰਹਿਲਾਦ ਸਿੰਘ (ਆਜ਼ਾਦ) ਅਤੇ ਸੁਰੇਸ਼ ਤਿਵਾੜੀ
ਮੈਦਾਨ ਵਿੱਚ ਨਿੱਤਰ ਪਏ। ਪਿੰਡਾਂ ਸ਼ਹਿਰਾਂ ਵਿੱਚ ਚੋਣ ਪ੍ਰਚਾਰ ਦੇ ਨਾਂ ਹੇਠ
ਸਪੀਕਰਾਂ ਤੇ ਕਾਵਾਂ ਰੌਲੀ ਪੈਣ ਲੱਗੀ। ਮੁੱਖ ਮੁੱਦਾ ਸਰਕਾਰੀ ਅਤੇ ਗੈਰ ਸਰਕਾਰੀ
ਅੱਤਵਾਦ ਹੀ ਰਿਹਾ।
ਮਨਦੀਪ ਨੂੰ ਹੈਰਾਨੀ ਹੋ ਰਹੀ ਸੀ ਕਿ ਪੰਜਾਬ ਨਾਲ ਪੱਖ ਪਾਤ
ਕਰਨ ਵਾਲਾ ਕੇਂਦਰ, ਜੋ ਧਰਮ ਦੇ ਅਧਾਰ ਤੇ ਵੀ ਨਿਰਪੱਖ ਨਹੀਂ ਸੀ, ਉਸੇ ਦਿੱਲੀ ਵਿੱਚ
ਗੁੱਟ ਨਿਰਲੇਪ ਦੇਸ਼ਾਂ ਦਾ ਸੰਮੇਲਨ ਕਰਵਾ ਰਿਹਾ ਸੀ। ਜਿੱਥੇ ਹਜ਼ਾਰਾਂ ਸਿੱਖਾਂ ਨੂੰ
ਗਲਾਂ ਵਿੱਚ ਬਲਦੇ ਟਾਇਰ ਪਾ ਪਾ ਸਾੜਿਆ ਗਿਆ। ਜਿੱਥੇ ਉਸ ਵਕਤ ਕਨੂੰਨ ਕੋਈ ਵੀ ਮਾਹਨੇ
ਨਹੀਂ ਸੀ ਰੱਖਦਾ। ਇਸ ਸੰਮੇਲਨ ਵਿੱਚ 104 ਦੇਸ਼ਾਂ ਦੇ ਨੁਮੰਇਦੇ ਸ਼ਾਮਲ ਹੋਏ। ਪਰ
ਇਨ੍ਹਾਂ ਸਾਰਿਆਂ ਨੂੰ ਆਪਣੇ ਨੱਕ ਹੇਠ ਬਲਦਾ ਪੰਜਾਬ ਨਜ਼ਰ ਨਹੀਂ ਸੀ ਆਇਆ। ਸੰਮੇਲਨ
ਖਤਮ ਹੋਇਆ ਤਾਂ ਇਸ ਵਿਚ ਜ਼ਿੰਮਬਾਵੇ ਨੂੰ ਅਗਲਾ ਚੇਅਰਮੈਨ ਬਣਾਇਆ ਗਿਆ। ਇਸ ਸੰਮੇਲਨ
ਵਿੱਚ ਦੱਖਣੀ ਅਫਰੀਕਾ ਦੇ ਸੰਘਰਸ਼ ਨੂੰ ਤੇਜ਼ ਕਰਨ ਦੀ ਗੱਲ ਤਾਂ ਕੀਤੀ ਗਈ ਪਰ ਸਿੱਖਾਂ
ਜਾਂ ਪੰਜਾਬੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਅੱਤਵਾਦ ਦਾ ਬੁਰਕਾ ਪਹਿਨਾ ਕੇ
ਸਖਤੀ ਨਾ ਕੁਚਲ ਦੇਣ ਦੇ ਇਰਾਦੇ ਵੀ ਦੁਹਰਾਏ ਗਏ। ਸਰਕਾਰਾਂ ਦੀ ਇਹ ਕੈਸੀ ਦੋਗਲੀ
ਨੀਤੀ ਸੀ।
ਅਜਿਹੇ ਸੰਘਰਸ਼ ਤਾਂ ਗੁਆਂਢੀ ਮੁਲਕਾਂ ਵਿੱਚ ਵੀ ਜ਼ਾਰੀ ਸਨ।
ਸ਼੍ਰੀਲੰਕਾ ਵਿੱਚ ਤਾਮਿਲਾਂ ਅਤੇ ਸਨਹਾਲੀਆਂ ਵਿੱਚ ਟਕਰਾ ਖਤਰਨਾਕ ਮੋੜ ਤੇ ਪਹੁੰਚ ਗਿਆ
ਸੀ। ਸਨਹਾਲੀਆਂ ਨੇ ਤਾਮਿਲਾਂ ਦੀ ਭਰੀ ਹੋਈ ਬੱਸ ਨੂੰ ਅੱਗ ਲਗਾ ਕੇ 52 ਤਾਮਿਲ ਸਾੜ
ਦਿੱਤੇ ਸਨ। ਉਧਰ ਗੁਆਂਡੀ ਦੇਸ਼ ਪਾਕਿਸਤਾਨ ਵਿੱਚ ਬੇਨਜ਼ੀਰ ਭੁੱਟੋ ਦੀ ਪੀਪਲਜ਼ ਪਾਰਟੀ
ਨੇ ਜਦੋਂ ਸੰਘਰਸ਼ ਤਿੱਖਾ ਕਰ ਦਿੱਤਾ ਤਾਂ ਫੌਜੀ ਤਾਨਾਸ਼ਾਹੀ ਨੇ ਉਸ ਨੂੰ ਘਰ ਅੰਦਰ
ਨਜ਼ਰਬੰਦ ਕਰ ਦਿੱਤਾ। ਜਿਸ ਨਾਲ ਪਾਕਿਸਤਾਨੀ ਲੋਕਾਂ ਵਿੱਚ ਵਿਆਪਕ ਰੋਸ ਫੈਲ ਗਿਆ ਸੀ।
ਅਖ਼ਬਾਰਾਂ ਬੱਸ ਏਸੇ ਤਰ੍ਹਾਂ ਦੀਆਂ ਖਬਰਾਂ ਨਾਲ ਭਰੀਆਂ
ਹੁੰਦੀਆਂ। ਰੋਜ਼ਗਾਰ ਵਾਲੇ ਕਾਲਮਾਂ ਲਈ ਤਾਂ ਕੋਈ ਥਾਂ ਹੀ ਨਾ ਬਚਦਾ। ਨੌਜਵਾਨਾਂ ਬਾਰੇ
ਤਾਂ ਕੋਈ ਸੋਚਦਾ ਹੀ ਨਹੀਂ ਸੀ। ਉਹ ਤਾਂ ਬੇਰੁਜ਼ਗਾਰ ਤੁਰੇ ਫਿਰਦੇ। ਦਲੇਰ ਸਿੰਘ ਵਰਗੇ
ਬਾਪ ਕਮਾਈਆਂ ਕਰਦੇ ਬੁੱਢੇ ਹੋ ਰਹੇ ਸਨ। ਉਨ੍ਹਾਂ ਦੇ ਵਿਹਲੜ ਅਤੇ ਬੇਰੁਜ਼ਗਾਰ
ਪੁੱਤਰਾਂ ਨੂੰ ਹੁਣ ਅੱਤਵਾਦ ਵਲ ਧੱਕਿਆ ਜਾ ਰਿਹਾ ਸੀ। ਪਿੰਡ ਪਿੰਡ ਵੋਟਾਂ ਵਾਲੀਆਂ
ਕਾਰਾਂ ਆਂਉਦੀਆਂ, ਝੂਠੇ ਵਾਹਦੇ ਕਰਕੇ ਲੋਕਾ ਦੇ ਸਿਰ ਖੇਅ ਪਾ ਕੇ, ਉਹ ਮੁੜ ਜਾਂਦੀਆਂ
ਰਹੀਆਂ।
ਰਾਮਪੁਰੇ ਪਿੰਡ ਦੇ ਬਨੇਰਿਆਂ ਤੇ ਵੀ ਅਕਾਲੀ ਦਲ ਦੀਆਂ
ਪੀਲੀਆਂ ਝੰਡੀਆਂ ਲਹਿਰਾ ਰਹੀਆਂ ਸਨ। ਕਿਉਂਕਿ ਸੰਤ ਲੌਗੋਵਾਲ ਦੇ ਕਤਲ ਤੋਂ ਬਾਅਦ ਇੱਕ
ਹਮਦਰਦੀ ਦੀ ਲਹਿਰ ਜੋ ਉਮੜ ਪਈ ਸੀ। ਕਾਂਗਰਸ ਦੇ ਕਰਮ ਸਿੰਘ ਗਿੱਲ ਨੂੰ ਹੁਣ ਸਿਰਫ
ਹਰੀਜਨ ਵਿਹੜੇ ਤੇ ਆਸ ਸੀ ਕਿ ਉਹ ਕਾਂਗਰਸ ਦੇ ਹੱਕ ਵਿੱਚ ਭੁਗਤੇਗਾ। ਉਸ ਨੇ ਪੈਂਟ
ਸ਼ਰਟ ਦੀ ਥਾਂ ਚਿੱਟਾ ਕੁੜਤਾ ਪਜ਼ਾਮਾ ਪਹਿਨ, ਗਲ ਵਿੱਚ ਉਨ ਦੀ ਮਾਲ਼ਾ ਸਜਾ ਲਈ ਸੀ। ਉਹ
ਨੀਵੀਆਂ ਜਾਤਾਂ ਦੇ ਘਰ ਰੋਟੀ ਖਾਂਦਾ ਮੰਗ ਕੇ ਉਨ੍ਹਾਂ ਦੇ ਟੁੱਟੇ ਫੁੱਟੇ ਗਿਲਾਸਾਂ
ਵਿੱਚ ਪਾਣੀ ਪੀਂਦਾ। ਡੰਗਰਾਂ ਪਸ਼ੂਆਂ ਨੂੰ ਥਾਪੀਆਂ ਦਿੰਦਾ। ਤੇ ਨਲੀਮਾਰ ਜੁਆਕਾਂ ਨੂੰ
ਗੋਦੀ ਚੁੱਕ ਕੇ ਪੁਚਕਾਰਦਾ।
ਸਿਆਸਤ ਵੀ ਕੀ ਕੀ ਨਾਚ ਨਚਾਂਉਦੀ ਹੈ ਮਨਦੀਪ ਦੇਖ ਦੇਖ ਹੈਰਾਨ
ਹੁੰਦਾ ਰਹਿੰਦਾ। ਉਸ ਨੂੰ ਪਤਾ ਸੀ ਕਿ ਇਹ ਬੰਦਾ ਬਾਅਦ ਵਿੱਚ ਮਲ ਮਲ ਸਾਬਣ ਨਾਲ ਹੱਥ
ਧੋਂਦਾ ਹੋਊ। ਤੇ ਜਿੱਤਣ ਤੋਂ ਬਾਅਦ ਵਿੱਚ ਤਾਂ ਇਸ ਨੇ ਕਿਸੇ ਦੇ ਨੇੜੇ ਵੀ ਨਹੀਂ ਸੀ
ਖੜਨਾ, ਮਿਲਣਾ ਤਾਂ ਬਹੁਤ ਦੂਰ ਦੀ ਗੱਲ ਸੀ।
ਉਸੇ ਸ਼ਾਮ ਅਜ਼ਾਦ ਪ੍ਰਹਿਲਾਦ ਸਿੰਘ ਇੱਕ ਸਮਝੌਤੇ ਅਧੀਨ ਅਕਾਲੀ
ਉਮੀਦਵਾਰ ਦੇ ਹੱਕ ਵਿੱਚ ਬੈਠ ਗਿਆ। ਅਸਲ ਵਿੱਚ ਉਹ ਹੈ ਹੀ ਅਕਾਲੀ ਸੀ ਟਿਕਟ ਨਾ ਮਿਲਣ
ਦੇ ਰੋਸ ਵਿੱਚ ਖੜਿਆਂ ਸੀ। ਪਰ ਹੁਣ ਉਸ ਨੂੰ ਚੇਅਰਮੈਨੀ ਦੀ ਬੁਰਕੀ ਸੁੱਟ ਕੇ ਫੇਰ
ਆਪਣੇ ਨਾਲ ਰਲਾ ਲਿਆ ਗਿਆ ਸੀ।
ਚੋਣਾਂ ਸਿਰ ਤੇ ਹੋਣ ਕਾਰਨ ਪੰਜਾਬ ਵਿੱਚ ਕਈ ਹੋਰ ਸੀ ਆਰ ਪੀ
ਦੀਆਂ ਬਟਾਲੀਅਨਾਂ ਭੇਜ ਦਿੱਤੀਆਂ ਗਈਆਂ। ਪੰਜਾਬ ਸਿਰ ਇਨ੍ਹਾਂ ਬਟਾਲੀਅਨਾਂ ਦਾ ਸਾਰਾ
ਖਰਚਾ ਪੈ ਰਿਹਾ ਸੀ। ਇਹ ਮੋੜਨਾ ਕਿਸ ਨੇ ਸੀ ਪੰਜਾਬੀਆਂ ਨੇ ਹੀ ਨਾ। ਪਰ ਕਿਸੇ ਨੂੰ
ਕੋਈ ਪਰਵਾਹ ਨਹੀਂ ਸੀ। 13 ਸਤੰਬਰ ਨੂੰ ਰਾਪੁਰੇ ਦੇ ਨਾਲ ਲੱਗਦੇ ਪਿੰਡ ਕੋਟ ਗੰਗੂ
ਰਾਇ ਵਿੱਚ ਸਲਾਨਾ ਜੋੜ ਮੇਲਾ ਸੀ। ਪਰ ਮੇਲੇ ਵਿੱਚ ਲੋਕਾਂ ਨਾਲੋਂ ਕਿਤੇ ਵੱਧ ਸੀ ਆਰ
ਪੀ ਤਇਨਾਤ ਸੀ। ਸਾਰੀਆਂ ਪਾਰਟੀਆਂ ਦੇ ਸਿਆਸੀ ਲੀਡਰ ਬੰਦੂਕਾਂ ਦੀ ਛਾਂ ਹੇਠ ਭਾਸ਼ਨ ਕਰ
ਰਹੇ ਸਨ।
ਮਨਦੀਪ ਵੀ ਇਸ ਮੇਲੇ ਤੇ ਗਿਆ ਜੋ ਸ਼ਾਇਰ ਅਤੇ ਚਿੰਤਕ ਸੁਰਜੀਤ
ਸੂਰਜ ਕੋਲ ਬੈਠਾ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਾਂ ਕਰਦਾ ਰਿਹਾ। ਪਰ ਪੰਜਾਬ
ਸਮਝੌਤੇ ਦਾ ਵਿਰੋਧ ਕਰਨ ਵਾਲਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਸ ਦੀ ਛਤਰ ਛਾਇਆ
ਹੇਠ ਦਰਬਾਰ ਸਾਹਿਬ ਦੇ ਹਮਲਾ ਹੋਇਆ ਸੀ, ਉਹ ਅੱਤਵਾਦ ਦੇ ਕੇਂਦਰ ਬਣੇ ਦਰਬਾਰ ਸਾਹਿਬ
ਦੀ ਆਪਣੇ ਸਿਰ ਕੋਈ ਵੀ ਜਿੰਮੇਵਾਰੀ ਨਾਂ ਲੈਂਦਾ ਹੋਇਆ, ਕਾਂਗਰਸ ਨੂੰ ਦੋਸ਼ੀ ਠਹਿਰਾਅ
ਰਿਹਾ ਸੀ। ਤੇ ਨਾਟਕੀ ਢੰਗ ਨਾਲ ਸੰਤ ਲੌਂਗੋਵਾਲ ਦੀ ਕੁਰਬਾਨੀ ਦੇ ਗੁਣ ਵੀ ਗਾਅ ਰਿਹਾ
ਸੀ। ਆਪਣੀ ਐੱਸ ਜੀ ਪੀ ਸੀ ਪ੍ਰਧਾਨਗੀ ਪੱਕੀ ਸਮਝਦਾ ਹੋਇਆ ਹੁਣ ਉਹ ਲੋਕਾਂ ਅੱਗੇ
ਵੋਟਾਂ ਲਈ ਹੱਥ ਫੈਲਾ ਰਿਹਾ ਸੀ। ਤੱਕੜੀ ਅਤੇ ਪੰਥ ਦਾ ਵਾਸਤਾ ਪਾ ਰਿਹਾ ਸੀ।
ਮੇਲੇ ਤੋਂ ਆ ਕੇ ਮਨਦੀਪ ਨੇ ਇੱਕ ਕਹਾਣੀ ਲਿਖੀ ‘ਪਲ ਪਲ
ਮੌਤ’। ਇਹ ਉਸ ਦੀ ਪਹਿਲੀ ਕਹਾਣੀ ਸੀ ਜੋ ਪੰਜਾਬ ਦੀ ਦਹਿਸ਼ਤ ਨੂੰ ਦ੍ਰਸ਼ਾਂਉਂਦੀ ਸੀ।
ਉਸ ਦਿਨ ਮਨਦੀਪ ਨੇ ਰੇਜੋ ਸੁਰੇਸ਼ ਦਾ ਲਿਖਿਆ ਉਹ ਗੀਤ ‘ਗਲੂਮੀ ਸੰਡੇ’ ਵੀ ਪੜ੍ਹਿਆ
ਜਿਸ ਨੂੰ ਸੁਣ ਕੇ 100 ਦੇ ਕਰੀਬ ਲੋਕਾਂ ਨੇ ਖੁਦਕਸ਼ੀ ਕਰ ਲਈ ਸੀ ਤੇ ਹੁਣ ਉਸ ਤੇ 45
ਦੇਸ਼ਾਂ ਨੇ ਪਾਬੰਦੀ ਲਗਾ ਦਿੱਤੀ ਸੀ। ਮਨਦੀਪ ਸੋਚਦਾ ਰਿਹਾ ਕਿ ਕੋਈ ਪੰਜਾਬੀ ਦਾ ਕੋਈ
ਸ਼ਾਇਰ ਵੀ ਅਜਿਹਾ ਗੀਤ ਲਿਖੇਗਾ ਜੋ ਅੱਤਵਾਦ ਜਾਂ ਸਰਕਾਰੀ ਦਹਿਸ਼ਤ ਨੂੰ ਨੇਸਤੋ ਨਬੂਦ
ਕਰ ਦੇਵੇ ਤੇ ਲੋਕਾਂ ਨੂੰ ਅਮਨ ਚੈਨ ਨਾਲ ਜੀਣਾ ਸਿਖਾ ਦੇਵੇ। ਉਸਦਾ ਦਾ ਮਨ ਬੇਹੱਦ
ਉਦਾਸ ਸੀ।
ਇਸੇ ਕਾਵਾਂਰੌਲੀ ਵਾਲੇ ਮਹੌਲ ਵਿੱਚ ਮਨਦੀਪ ਦੀ ਪੜ੍ਹਾਈ ਦਾ
ਅਗਲਾ ਸੈਸ਼ਨ ਸ਼ੁਰੂ ਹੋ ਗਿਆ। ਇੱਕ ਦਿਨ ਪੰਜਾਬ ਵਿੱਚ ਰਾਜੀਵ ਗਾਂਧੀ ਨੇ ਚੋਣ ਪ੍ਰਚਾਰ
ਲਈ ਦੌਰਾ ਕੀਤਾ। ਜੰਡਿਆਲਾ ਗੁਰੂ ਅਤੇ ਰੋਪੜ ਵਿੱਚ ਚੋਣ ਜਲਸਿਆਂ ਵਿੱਚ ਭਾਰੀ
ਸੁਰੱਖਿਆ ਹੇਠ ਭਾਸ਼ਨ ਦਿੱਤੇ। ਰੇਡੀੳੇ ਸਟੇਸ਼ਨਾਂ ਤੇ ਵੀ ਅੰਧਾ ਧੁੰਦ ਚੋਣ ਪ੍ਰਚਾਰ
ਆਰੰਭ ਹੋ ਗਿਆ।
ਅੱਤਵਾਦ ਦੇ ਸਤਾਏ ਹੋਏ ਲੋਕ ਹੁਣ ਵਿਹੜਿਆਂ ਵਿੱਚ ਨਹੀਂ ਸਗੋਂ
ਘਰਾਂ ਦੇ ਅੰਦਰ ਦੁਬਕ ਕੇ, ਕੁੰਡੇ ਜਿੰਦੇ ਲਗਾ ਕੇ ਸੌਂਦੇ। ਜਿਸ ਦਿਨ 20 ਸਤੰਬਰ ਨੂੰ
ਮੈਕਸੀਕੋ ਵਿੱਚ ਭੂਚਾਲ ਆਇਆ, ਜੋ 7.8 ਰਿਕਟਰ ਸਕੇਲ ਤੇ ਮਾਪਿਆ ਗਿਆ ਜਿਸ ਨਾਲ
ਸਹਿਰਾਂ ਦੇ ਸ਼ਹਿਰ ਢੇਰ ਹੋ ਗਏ। ਤੇ ਦਸ ਹਜ਼ਾਰ ਤੋਂ ਵੀ ਵਧੇਰੇ ਲੋਕ ਮਾਰੇ ਗਏ ਸਨ। ਉਸ
ਦਿਨ ਮਨਦੀਪ ਆਪਣੇ ਕਮਰੇ ਅੰਦਰ ਪਿਆ ਸੋਚ ਰਿਹਾ ਸੀ ਕਿ ਜੇ ਪੰਜਾਬ ਵਿੱਚ ਵੀ ਕੋਈ
ਅਜਿਹਾ ਹੀ ਭੂਚਾਲ ਆ ਜਾ ਵੇ ਤਾਂ ਅੱਤਵਾਦ ਤੋਂ ਡਰਦੇ ਮਾਰੇ ਲੱਖਾਂ ਲੋਕ ਘਰਾਂ ਦੀਆਂ
ਛੱਤਾਂ ਹੇਠ ਦੱਬ ਕੇ ਹੀ ਮਾਰੇ ਜਾਣਗੇ।
ਉਧਰ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਸਾਈਚਿੰਨ
ਗਲੇਸ਼ੀਅਰ ਤੇ ਜ਼ਬਰਦਸਤ ਟੱਕਰ ਆਰੰਭ ਹੋ ਗਈ। ਪਰ ਵੋਟਾਂ ਵਾਲਿਆਂ ਨੂੰ ਅਜਿਹੀਆਂ ਗੱਲਾਂ
ਦੀ ਕੋਈ ਪਰਵਾਹ ਨਹੀਂ ਸੀ। ਰਾਜੀਵ ਗਾਂਧੀ ਦੂਸਰੀ ਵੇਰ ਪਠਾਣਕੋਟ ਭਾਸ਼ਨ ਕਰਨ ਪੰਜਾਬ
ਆਇਆ। ਏਧਰ ਕੇਂਦਰੀ ਕੈਬਨਿਟ ਮੰਤਰੀ ਬੂਟਾ ਸਿੰਘ ਦਾ ਹੈਲੀਕਾਪਟਰ ਬੇਅੰਤ ਸਿੰਘ ਦੀ
ਚੋਣ ਰੈਲੀ ਵਿੱਚ ਮਨਦੀਪ ਦੇ ਪਿੰਡ ਉੱਤਰਿਆ।
ਉਧਰ ਦੋਰਾਹੇ ਦੀ ਦਾਣਾ ਮੰਡੀ ਵਿੱਚ ਅਕਾਲੀ ਕਾਨਫਰੰਸ ਹੋ ਰਹੀ
ਸੀ। ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ, ਮੇਵਾ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਗਰਚਾ
ਪਹੁੰਚੇ ਹੋਏ ਸਨ। ਇਹ ਉਹ ਹੀ ਗਰਚਾ ਸੀ ਜੋ ਹਰ ਵਕਤ ਸ਼ਰਾਬ ਪੀ ਕੇ ਰੱਖਦਾ ਅਤੇ ਜਿਸ
ਦਾ ਨਾਂ ਇੱਕ ਦਿੱਲੀ ਦੀ ਇੱਕ ਟੀ ਵੀ ਹੋਸਟ ਦੇ ਕਤਲ ਵਿੱਚ ਸ਼ਾਮਲ ਹੋਣ ਕਰਕੇ ਬੇਹੱਦ
ਚਰਚਾ ਵਿੱਚ ਰਿਹਾ ਸੀ।
ਪਰ ਪੈਸੇ ਵਾਲੇ ਫਿਰ ਵੀ ਟਿਕਟਾਂ ਲੈ ਹੀ ਜਾਂਦੇ। ਲੋਕ ਵੀ
ਤਾਂ ਸਭ ਕੁੱਝ ਬੜੀ ਜਲਦੀ ਭੁਲਾ ਕੇ ਸਿਆਸੀ ਬੀਨ ਤੇ ਮੇਹਲਣ ਲੱਗ ਪੈਂਦੇ ਨੇ। ਪੰਜਾਬ
ਵਿੱਚ ਰਾਜਨੀਤਕ ਸੂਝ ਦੀ ਬਹੁਤ ਘਾਟ ਸੀ। ਲੋਕਾਂ ਨੂੰ ਮੁੜ ਤੋਂ ਬੇਫਕੂਫ ਬਣਾਇਆ ਜਾ
ਰਿਹਾ ਸੀ। ਮਨਦੀਪ ਨੇ ਇਨ੍ਹਾਂ ਦੋਹਾਂ ਰੈਲੀਆਂ ਵਿੱਚ ਜਾ ਕੇ ਲੀਡਰਾਂ ਦੀ ਬਕੜਵਾਹ
ਸੁਣੀ । ਉਧਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵੀ ਪੰਜਾਬ ਵਿੱਚ ਅੱਜ ਕੱਲ ਆਪਣੀ ਪੂਰੀ
ਸਰਗਰਮੀ ਦਿਖਾ ਰਿਹਾ ਸੀ। ਅੱਤਵਾਦ ਅਤੇ ਚੋਣਾ ਦਾ ਨਾਟਕ ਬਰਾਬਰ ਬਰਾਬਰ ਚੱਲ ਰਹੇ ਸਨ।
ਜਿਸ ਨੂੰ ਮਨਦੀਪ ਸਮੇਤ ਪੰਜਾਬ ਦੀ ਜਨਤਾ ਮੂੰਹ ਅੱਡੀ ਬਿੱਟ ਬਿੱਟ ਤੱਕ ਰਹੀ ਸੀ।
|