ਅਗਲੇ ਦਿਨ ਜਦੋਂ ਸੰਤਾ ਸਿੰਘ ਖੇਤਾਂ ਵਲ ਜਾ ਰਿਹਾ ਸੀ, ਤਾਂ
ਰਸਤੇ ਦੁਆਲੇ ਖੜੀਆਂ ਦਰਖਤਾਂ ਦੀਆਂ ਪਾਲਾਂ ਨੂੰ ਵੀ ਉਹ ਨਿਹਾਰ ਰਿਹਾ ਸੀ। ਟਾਹਲੀਆਂ,
ਤੂਤ, ਕਿੱਕਰਾਂ, ਫਲਾਹੀਆਂ ਦੇ ਨਾਲ ਨਾਲ ਅੱਕ, ਅਰਿੰਡਾਂ, ਸੁੱਖਾ ਅਤੇ ਸਰਕੜਾ।
ਜਿਨਾਂ ਵਿੱਚ ਕਾਟੋਆਂ, ਕਿਰਲੇ, ਚੂਹੇ ਅਤੇ ਖਰਗੋਸ਼ ਕਲੋਲਾਂ ਕਰਦੇ। ਕਿਤੇ ਸੱਪ ਅਤੇ
ਨਿਓਲੇ ਦੀ ਲੜਾਈ ਵੀ ਦਿਸ ਪੈਂਦੀ। ਚਿੜੀਆਂ ਦੀ ਚੀਂਹ ਚੀਂਹ, ਕੋਇਲਾਂ ਦੀ ਕੂ ਕੂ ਅਤੇ
ਕਬੂਤਰਾਂ ਦੀ ਗੁਟਰ ਗੂੰ ਫਿਜ਼ਾ ਵਿੱਚ ਸੰਗੀਤ ਘੋਲ ਰਹੇ ਸਨ। ਲੋਕ ਗੱਡਿਆਂ ਤੇ ਸਵਾਰ
ਹੋ ਕੇ ਖੇਤਾਂ ਵਲ ਨੂੰ ਜਾ ਰਹੇ ਸਨ। ਕੋਈ ਖੂਹ ਜੋੜਨ ਲਈ, ਕੋਈ ਪੱਠੇ ਵੱਢਣ ਲਈ ਅਤੇ
ਕੋਈ ਕਿਸੇ ਹੋਰ ਕੰਮ ਲਈ। ਮਰਦ ਔਰਤਾਂ ਤਾਂ ਹਾਜਤ ਨਵਿਰਤੀ ਲਈ ਵੀ ਖੇਤਾਂ ਵਲ ਹੀ
ਜਾਂਦੇ। ਸ਼ੈਰ ਵੀ ਹੋ ਜਾਂਦੀ ਤੇ ਤਾਜ਼ਾ ਹਵਾ, ਤ੍ਰੇਲ ਨਾਲ ਭਿੱਜੇ ਦਰਖਤਾ ਤੋਂ ਗੁਜਰਦੀ
ਇੱਕ ਨਵੀਂ ਤਾਜ਼ਗੀ ਵੀ ਭਰਦੀ।
ਲੋਕ ਕਿੱਕਰ ਅਤੇ ਨਿੰਮ ਦੀਆਂ ਦਾਤਣਾਂ ਕਰਦੇ। ਸੰਤਾਂ ਸਿੰਘ
ਨੇ ਵੀ ਕਿੱਕਰ ਤੋਂ ਦਾਤਣ ਤੋੜ ਕੇ, ਛਿੱਲੀ ਤੇ ਚੱਬਣੀ ਸ਼ੁਰੂ ਕੀਤੀ। ਸਾਹਮਣੇ ਤੋਂ
ਅਉਂਦਾ ਬੰਦਾ ਉਸ ਨੂੰ ਰਾਮਪੁਰੇ ਵਾਲੇ ਚੰਦ ਸਿਉਂ ਵਰਗਾ ਜਾਪਿਆ। ਜਦ ਉਹ ਨੇੜੇ ਆਇਆ
ਉਹ ਤਾਂ ਚੰਦ ਸਿਉਂ ਹੀ ਸੀ। ਸੰਤਾ ਸਿੰਘ ਨੇ ਖੁਸ਼ੀ ਵਿੱਚ ਟਕੋਰ ਮਾਰੀ, “ਬਈ ਅੱਜ ਚੰਦ
ਕਿਧਰੋਂ ਚੜਿਆ? ਬੱਲੇ ਬੱਲੇ ਬੱਲੇ … ਮੈਂ ਕਿਹਾ ਲੱਗਦੇ ਤਾਂ ਸਰਦਾਰ ਸਾਹਿਬ ਈ ਨੇ ਪਰ
ਐਨੇ ਸਾਝਰੇ?”
“ਸਾਸਰੀ ‘ਕਾਲ ਸਰਦਾਰ ਸੰਤਾ ਸਿਆਂ। ਮੈ ਤਾਂ ਆਪਣੇ ਪੋਤੇ ਦਾ
ਮੂੰਹ ਦੇਖਣ ਆਇਆਂ ਹਾਂ। ਕੱਲ ਜਦੋਂ ਹੋਲੇ ਤੋਂ ਆਏ ਨੂੰ ਏਹਨਾਂ ਦੀ ਬੇਬੇ ਨੇ ਦੱਸਿਆ,
ਮੈਂ ਤਾਂ ਜਾਣੋ ਰਾਤ ਮਸਾਂ ਤਾਰੇ ਗਿਣ ਗਿਣ ਕੇ ਕੱਢੀ। ਸ਼ਨਾਨ ਕਰਕੇ ਵੱਡੇ ਤੜਕੇ ਈ
ਤੁਰ ਪਿਆ। ਪਾਠ ਵੀ ਰਾਹ ਚ ਈ ਕੀਤੈ। ਆ ਕੇ ਪਹਿਲੀ ਕਿਸ਼ਤੀ ਫੜ ਲੀ… ਬਈ ਫੇਰ ਵੀ
ਪੁਰਾਣੇ ਫੌਜੀ ਆਂ” ਚੰਦ ਸਿੰਘ ਮੁਸਕਰਾਇਆ। ਮੁੰਡਾ ਊਂ ਹੈ ਕਰਮਾਂ ਵਾਲਾ…ਜਿਸ ਦਿਨ
ਹੋਇਆ ਉਸੇ ਦਿਨ ਪਿੰਡ ਨੂੰ ਬਿਜਲੀ ਦਾ ਕਨੈਕਸ਼ਨ ਮਿਲਿਆ। ਹੁਣ ਤਾਂ ਸਾਡੇ ਸਾਰੇ ਪਿੰਡ
ਵਿੱਚ ਰਾਤ ਨੂੰ ਵੀ ਬਿਜਲੀ ਦੇ ਲਾਟੂ ਦਿਨ ਚੜ੍ਹਾਈਂ ਰੱਖਦੇ ਨੇ”।
“ਲੰਬੜਦਾਰਾ ਨਾਲੇ ਤੂੰ ਸਣਿਆ ਨੀ ਉਹ ਗੀਤ ਕਿ ‘ਭਾਖੜੇ ਤੋਂ
ਆਉਦੀ ਮੁਟਿਆਰ ਨੱਚਦੀ’ ਉਹ ਬਿਜਲੀ ਨੂੰ ਹੀ ਕਿਹਾ ਏ। ਮੈਨੂੰ ਮੁੰਡਾ ਵੇਖ ਲੈਣ ਦਾ
ਬੜਾ ਈ ਚਾਅ ਏ” ਉਹ ਗੱਲਾਂ ਕਰਦੇ ਪਿੰਡ ਵਲ ਜਾ ਰਹੇ ਸਨ। ਲੰਬੜਦਾਰ ਸੰਤਾ ਸਿਉਂ ਨੇ
ਪਹਿਲਾਂ ਹੀ ਕਿਸੇ ਨਿਆਣੇ ਕੋਲ ਸੁਨੇਹਾ ਭਿਜਵਾ ਦਿੱਤਾ ਸੀ ਕਿ ਚਾਹ ਧਰ ਦੇਣ, ਬਚਨੋ
ਦਾ ਸਹੁਰਾ ਮਿਲਣ ਆਇਆ ਹੈ। ਮਹਿਤਾਬ ਕੌਰ ਜੋ ਕਦੀ ਵੀ ਆਪਣੇ ਕੁੜਮ ਦੇ ਸਾਹਮਣੇ ਨਹੀਂ
ਹੋਈ ਸੀ ਸਾਫ ਸੁਥਰੇ ਕੱਪੜੇ ਪਹਿਨਕੇ ਪਿਛਲੇ ਅੰਦਰ ਜਾ ਬੈਠੀ। ਮੰਜਿਆਂ ਦੇ ਨਵੇਂ
ਬਿਸਤਰੇ ਖੋਹਲ ਕੇ, ਕੱਢੀਆਂ ਹੋਈਆਂ ਚਾਦਰਾਂ ਵਿਛਾ ਦਿੱਤੀਆਂ। ਏਨੇ ਨੂੰ ਦੋਨੋ ਗੱਲਾਂ
ਮਾਰਦੇ ਘਰ ਆ ਵੜੇ।
ਚੰਦ ਸਿੰਘ ਨੇ ਪੋਤੇ ਨੂੰ ਦੇਖ ਕੇ ਖੁਸ਼ੀ ਦਾ ਬਹੁਤ ਹੀ
ਪ੍ਰਗਟਾਵਾ ਕੀਤਾ। ਖੀਸਿਉਂ ਕੱਢ ਕੇ ਪੰਜ ਰੁਪਏ ਫੜਾਏ ਤੇ ਬਚਨੋ ਦਾ ਸਿਰ ਵੀ ਪਲੋਸਿਆ।
ਫੇਰ ਉਹ ਗੱਲਾਂ ਕਰਦੇ ਬਾਹਰ ਬਰਾਂਡੇ ਵਿੱਚ ਆ ਬੈਠੇ। ਗੁਰਜੀਤ ਉੱਥੇ ਹੀ ਉਨ੍ਹਾਂ ਨੂੰ
ਚਾਹ ਫੜਾ ਗਿਆ। ਸੰਤਾ ਸਿੰਘ ਪੁੱਛ ਰਿਹਾ ਸੀ “ਐਤਕੀ ਹੋਲਾ ਕਿੰਨਾ ਕੁ ਭਰਿਆ ਤੀ
ਭਲਾਂ?” “ਬੌਹਤ ਭਰਿਆ ਤੀ … ਤਿਲ ਸਿੱਟਣ ਨੂੰ ਥਾਂ ਨੀ ਤੀ। ਐਤਕੀ ‘ਕਾਲੀਆਂ ਤੇ
ਕਾਂਗਰਸੀਆਂ ਦੀਆਂ ਸਟੇਟਾਂ ਤੇ ਵੀ ਬੜਾ ‘ਕੱਠ ਹੋਇਆ” ਚੰਦ ਸਿੰਘ ਹੋਲੇ ਬਾਰੇ ਦੱਸ
ਰਿਹਾ ਸੀ।
“ਕੀ ਕਹਿੰਦੇ ਤੀ ਲੀਡਰ….? ਕੋਈ ਪੰਥ ਦੀ ਗੱਲ ਕੀਤੀ ਹੋਊ”
“ਕਾਂਗਰਸੀਏ ਕਹਿੰਦੇ ਅਸੀਂ ਪੰਜਾਬ ਨੂੰ ਬਿਜਲੀ ਦਿੱਤੀ ਆ। ਇਹ
ਪੰਡਤ ਨਹਿਰੂ ਦੀ ਬਹੁਤ ਬੜੀ ਦੇਣ ਆ। ਉਧਰ ਸੰਤ ਫਤਹਿ ਸਿਉਂ ਕਹਿ ਰਿਹਾ ਤੀ ਬਈ ਪੰਜਾਬ
ਦੇ ਉਪਜਾਊ ਪਾਣੀ ਨੂੰ ਰਿੜਕ ਕੇ ਚਲਾਕ ਕਾਂਗਰਸੀਆਂ ਨੇ ਵਿੱਚੋਂ ਬਿਜਲੀ ਕੱਢ ਲੀ ਤੇ
ਫੋਕਾ ਪਾਣੀ ਪੰਜਾਬ ਦੇ ਮੱਥੇ ਮਾਰਿਆ। ਉਹ ਕਹਿੰਦਾ ਹੁਣ ਫਸਲਾ ਸੁਆਹ ਹੋਣੀਆਂ ਨੇ।
ਤਾਕਤ ਤਾਂ ਸਾਰੀ ਕੱਢ ਲੀ। ਤੇ ਫੇਰ ਭਾਈ ਲੋਕਾਂ ਜਕਾਰੇ ਗਜਾ ਦਿੱਤੇ”
“ਚੰਦ ਸਿਆਂ ਗੱਲ ਤਾਂ ਉਹਦੀ ਦਿਲ ਲੱਗਦੀ ਆ। ਬਈ ਜਿਹੜੀ
ਬੱਤੀਆਂ ਵੀ ਜਗਾ ਦੇਵੇ, ਧਰਤੀ ਚੋਂ ਪਾਣੀ ਕੱਢ ਲਿਆਵੇ ਇਹ ਗੱਲਾਂ ਤਾਕਤ ਤੋਂ ਬਿਨਾ
ਤਾਂ ਨੀ ਹੁੰਦੀਆਂ। ਕਹਿੰਦੇ ਭਾਖੜੇ ਡੈਮ ਦਾ ਸਾਰਾ ਪਾਣੀ ਰੋਕ ਕੇ, ਪਹਿਲਾਂ ਉਸ ਨੂੰ
ਮਸ਼ੀਨਾਂ ਰਿੜਕਦੀਆਂ ਨੇ ਤਾਂ ਕਿਤੇ ਜਾ ਕੇ ਬਿਜਲੀ ਨਿੱਕਲਦੀ ਆਂ…। ਜਿਵੇ ਆਪਾਂ ਲੱਸੀ
ਰਿੜਕ ਕੇ ਮੱਖਣ ਨੀ ਕੱਢਦੇ? ਫੇਰ ਪਾਣੀ ‘ਚ ਤਾਕਤ ਕਿੱਥੇ ਰੈਂਹਣੀ ਆ? ਹੁਣ ਕਿੱਥੇ
ਦੁੱਧ ਤੇ ਕਿੱਥੇ ਲੱਸੀ? ਕਾਂਗਰਸ ਨੇ ਲੋਕ ਬੁੱਧੂ ਬਣਾ ਕੇ ਧਰ ਤੇ। ਹੁਣ ਏਹ ਫੋਕੇ
ਪਾਣੀ ਨਾਲ ਫਸਲਾਂ ਕੀ ਹੋਣੀਆਂ ਨੇ?” ਤਾਂ ਹੀ ਤਾਂ ਕਾਲੀ ਕਹਿੰਦੇ ਨੇ ਕੇ ਕਾਗਰਸ
ਹਮੇਸ਼ਾ ਪੰਜਾਬ ਨਾਲ ਧੱਕਾ ਕਰਦੀ ਆ” ਸੰਤਾ ਸਿਉਂ ਨੇ ਫਿਕਰ ਜ਼ਾਹਰ ਕੀਤਾ।
“ਲੰਬੜਦਾਰਾ ਊਂ ਤੂੰ ਜੋ ਮਰਜੀ ਕਹਿ ਲਾ ਪਰ ਬਿਜਲੀ ਹੈ ਕਮਾਲ
ਦੀ ਚੀਜ…। ਏਨਾਂ ਸਾਹਬ ਲੋਕਾਂ ਤੋਂ ਮੱਤ ਲਈ ਹੋਊ। ਆਪਣੇ ਧੋਤੀ ਪ੍ਰਸ਼ਾਦ ਲੀਡਰਾਂ ਨੂੰ
ਐਨੀ ਅਕਲ ਕਿੱਥੇ ਆ” ਚੰਦ ਸਿੰਘ ਨੇ ਅੰਗਰੇਜਾਂ ਦੀ ਨੌਕਰੀ ਕੀਤੀ ਸੀ। ਉਹ ਉਨ੍ਹਾਂ
ਨੂੰ ਬੇਹੱਦ ਅਕਲਮੰਦ ਕੌਮ ਸਮਝਦਾ ਸੀ ਅਤੇ ਹਮੇਸ਼ਾਂ ਗੋਰਿਆਂ ਨੂੰ ਸਾਹਿਬ ਕਹਿ ਕੇ ਗੱਲ
ਕਰਦਾ। ਫੇਰ ਉਨ੍ਹਾਂ ਮਾਸਟਰ ਤਾਰਾ ਸਿੰਘ, ਊਧਮ ਸਿੰਘ ਨਾਗੋਕੇ, ਮੋਹਣ ਸਿੰਘ ਤੁੜ ਅਤੇ
ਪ੍ਰਤਾਪ ਸਿੰਘ ਕੈਰੋਂ ਦੀਆਂ ਗੱਲਾਂ ਵੀ ਕੀਤੀਆਂ।
ਏੇਨੇ ਨੂੰ ਸੰਤਾ ਸਿੰਘ ਨੇ ਦੱਸਿਆ ਕਿ “ਕਈ ਵਰੇ ਪਹਿਲਾਂ ਮੈਂ
ਕਿਤੇ ਵਿਆਹ ਗਿਆ ਤੀ, ਉੱਥੇ ਕੋਈ ਪੜ੍ਹਾਕੂ ਇਹ ਗੱਲਾਂ ਕਰਦਾ ਤੀ ਕਿ ਐਹ ਜਿਆ ਵੇਲਾ
ਆਊ ਕੇ ਬਟਣ ਦੱਬੇ ਤੇ ਪਾਣੀ ਨਿੱਕਲੂ। ਲੋਕ ਕਹਿੰਦੇ ਤੀ ਇਹ ਸਹੁਰਾ ਬਾਜਾ ਹੋ ਗਿਆ ਏ।
ਭੜ੍ਹਾਈ ਨੇ ਇਹਦਾ ਡਮਾਕ ਚੱਕਤਾ। ਲੈ ਓਹਦੀ ਉ ਗੱਲ ਸੱਚੀ ਹੋ ਗੀ”
“ਜ਼ਮਾਨਾ ਬਦਲ ਰਿਹੈ ਸੰਤਾ ਸਿਆਂ। ਹੁਣ ਆਪਾਂ ਪਾਈ ਤੀ ਕਦੇ
ਪਤਲੂਣ? ਸਾਹਬ ਲੋਕਾਂ ਦੀ ਰੀਸ ਕਰਕੇ ਹੁਣ ਆਪਣੇ ਵੀ ਪੌਣ ਲੱਗ ਪਏ ਨੇ ਪਤਲੂਣਾਂ।
ਸਾਡੇ ਗਮਾਂਡੀਆ ਦਾ ਮੁੰਡਾ ਚਾਰ ਅੱਖਰ ਕੀ ਪੜ੍ਹ ਗਿਆ ,ਉਹੀ ਨੀ ਮਾਨ। ਕੈਂਹਦਾ ਮੈਂ
ਨੀ ਜਾਣਾ ਰਥਾਂ ਤੇ ਵਿਆਉਣ। ਮੇਰੀ ਜੰਨ ਤਾਂ ਲਾਰੀ ‘ਚ ਜਾਊ। ਆਪਾਂ ਨੂੰ ਧੋਤੀ
ਕੁੜਤਿਆਂ ਵਾਲਿਆਂ ਨੂੰ ਤਾਂ ਹੁਣ ਮਖੌਲਾਂ ਕਰਦੇ ਨੇ ਅੱਜ ਦੇ ਗਭਰੂ”
ਸੰਤਾਂ ਸਿੰਘ ਤੇ ਜ਼ੋਰ ਪਾਉਣ ਤੇ ਚੰਦ ਸਿੰਘ ਰਾਤ ਰਹਿਣਾ ਮੰਨ
ਗਿਆ। ਫੇਰ ਉਹ ਖੇਤਾਂ ਵਲ ਘੁੰਮਣ ਚਲੇ ਗਏ। ਤੇ ਮੁੜ ਬਾਹਰਲੇ ਘਰ ਆ ਗਏ। ਕੁੱਝ ਦੇਰ
ਚੰਦ ਸਿੰਘ ਅਰਾਮ ਕਰਦਾ ਰਿਹਾ ਤੇ ਬੱਸ ਏਸੇ ਤਰਾਂ ਬਾਕੀ ਦਿਨ ਵੀ ਬਤੀਤ ਹੋ ਗਿਆ।
ਮਾਰਚ ਦਾ ਮਹੀਨਾ ਬੀਤਣ ਨਾਲ, ਟਾਵਾਂ ਟਾਵਾਂ ਮੱਛਰ ਵੀ ਭੀਂ
ਭੀਂ ਕਰਨ ਲੱਗਿਆ ਸੀ। ਅੰਦਰ ਸੌਵੋਂ ਤਾਂ ਗਰਮੀ ਲੱਗਦੀ ਜੇ ਬਾਹਰ ਸੌਂਵੋਂ ਤਾਂ ਠੰਢ।
ਉਹ ਸ਼ਾਮ ਨੂੰ ਚੁਬਾਰੇ ਅੱਗੇ ਬਣੇ ਬਰਾਂਡੇ ਵਿੱਚ ਮੰਜੇ ਡਾਂਹੀ ਗੱਲਾਂ ਮਾਰ ਰਹੇ ਸਨ।
ਸਰਨੋ ਓਥੇ ਹੀ ਦੋ ਪੱਖੀਆਂ ਫੜਾ ਗਈ। ਉਹ ਪੱਖੀਆਂ ਦੀ ਝੱਲ ਮਾਰਦੇ ਗੱਲਾਂ ਵੀ ਕਰੀਂ
ਜਾਂਦੇ ਸਨ।
ਪਿੰਡ ਵਿੱਚੋਂ ਟੋਕਾ ਕੁਤਰਨੀਆਂ ਮਸ਼ੀਨਾਂ ਦੀ ਟੱਕ ਟੱਕ ਸੁਣਾਈ
ਦਿੰਦੀ ਰਹੀ। ਫੇਰ ਹਨੇਰਾ ਪਸਰਨਾ ਸ਼ੁਰੂ ਹੋ ਗਿਆ। ਕੱਚੇ ਘਰਾਂ ‘ਚੋਂ ਦੀਵਿਆਂ ਦੀ ਲੋਅ
ਉਭਰਨ ਲੱਗੀ। ਦੀਵੇ ਦੇ ਚਾਨਣ ਵਿੱਚ ਹੀ ਉਨ੍ਹਾਂ ਨੇ ਰੋਟੀ ਖਾਧੀ ਅਤੇ ਗਰਮ ਦੁੱਧ ਵੀ
ਪੀਤਾ।
ਰੇਤਲੇ ਪਿੰਡਾ ਵਿੱਚ ਰਾਤ ਨੂੰ ਠੰਢ ਵਧੇਰੇ ਹੋ ਜਾਂਦੀ ਸੀ।
ਟਿਕੀ ਰਾਤ ਵਿੱਚ ਗਿੱਦੜ ਹੁਆਂਕਦੇ ਰਹਿੰਦੇ ਅਤੇ ਉੱਲੂ ਬੋਲਦੇ ਰਹਿੰਦੇ। ਚੰਦ ਸਿੰਘ
ਤਾਂ ਹੌਲੀ ਹੌਲੀ ਸੌਂ ਗਿਆ ਪਰ ਸੰਤਾ ਸਿੰਘ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਤਾਂ
ਆਪਣੇ ਆਪ ਨੂੰ ਬਹੁਤ ਗਿਆਨਵਾਨ ਸਮਝਦਾ ਸੀ ਪਰ ਅੱਜ ਚੰਦ ਸਿੰਘ ਨਾਲ ਕੀਤੀਆਂ ਗੱਲਾਂ
ਤੋਂ ਬਾਅਦ ਉਸ ਨੂੰ ਲੱਗਦਾ ਸੀ ਕਿ ਉਹ ਤਾਂ ਕੋਰਾ ਅਨਪੜ੍ਹ ਹੈ, ਜੋ ਸਮੇਂ ਤੋਂ ਬਹੁਤ
ਪਿੱਛੇ ਰਹਿ ਗਿਆ ਹੈ। ਜ਼ਮਾਨਾ ਬਹੁਤ ਅੱਗੇ ਨਿੱਕਲ ਗਿਆ ਸੀ। ਉਹ ਮੰਜੇ ਤੇ ਪਿਆ ਅਕਾਸ਼
ਵਲ ਦੇਖਦਾ ਰਿਹਾ। ਹੌਲੀ ਹੌਲੀ ਤਿੰਗੜ ਤਾਰੇ ਘੁੰਮ ਗਏ। ਖਿੱਤੀਆਂ ਵੀ ਢਲ਼ ਗਈਆਂ। ਪਰ
ਨੀਂਦ ਅਜੇ ਵੀ ਨਹੀਂ ਸੀ ਆ ਰਹੀ। ਸੰਤਾ ਸਿੰਘ ਦੀ ਸੋਚ ਅਨੁਸਾਰ ਗੌਤਮ ਰਿਸ਼ੀ ਵਲੋਂ
ਮਾਰੇ ਗਿੱਲੇ ਪਰਨੇ ਦਾ ਨਿਸ਼ਾਨ ਚੰਦ ਵਿੱਚ ਅਜੇ ਵੀ ਓਵੇਂ ਦਿਖਾਈ ਦੇ ਰਿਹਾ ਸੀ।
“ਨਵੇਂ ਜ਼ਮਾਨੇ ਨੇ ਤਾਂ ਇਸ ਸਾਖੀ ਨੂੰ ਵੀ ਝੂਠ ਮੰਨਣ ਏ” ਏਸੇ ਬੇਚੈਨੀ ਵਿੱਚ ਡੁੱਬੇ
ਸੰਤਾ ਸਿਉਂ ਨੂੰ ਪਤਾ ਨਹੀਂ ਕਦੋਂ ਨੀਂਦ ਨੇ ਘੇਰ ਲਿਆ
ਸਵੇਰੇ ਜਿਉਂ ਹੀ ਕੁੱਕੜ ਨੇ ਬਾਂਗ ਦਿੱਤੀ, ਸੰਤਾ ਸਿਉਂ ਦੀ
ਅੱਖ ਖੁੱਲ ਗਈ। ਮੁਰਗ਼ੇ ਰੱਖਣੇ ਅਤੇ ਮੁਰਗ਼ਿਆਂ ਵਾਲਾ ਘਰ, ਸੰਤਾ ਸਿੰਘ ਨੂੰ ਕਦੇ ਵੀ
ਚੰਗਾ ਨਹੀਂ ਸੀ ਲੱਗਾ। ਪਰ ਅਮ੍ਰਿਤ ਵੇਲੇ ਮੁਰਗ਼ਾ ਬੋਲਦਾ ਉਸ ਨੂੰ ਬੇਹੱਦ ਚੰਗਾ
ਲੱਗਦਾ। ਜੋ ਲੋਕਾਂ ਨੂੰ ਦੱਸਦਾ ਸੀ ਕਿ ਭਾਈ ਅਮ੍ਰਿਤ ਵੇਲ਼ਾ ਹੋ ਗਿਆ, ਰੱਬ ਦਾ ਨਾਮ
ਜਪੋ। ਉੱਠ ਕੇ ਆਪਣੇ ਕੰਮ ਧੰਦੇ ਲੱਗੋ। ਉਸ ਨੇ ਵੀ ‘ਵਾਖਰੂ ਵਾਖਰੂ’ ਕਹਿ ਕੇ ਅਸਮਾਨ
ਵਲ ਨਿਗ੍ਹਾ ਮਾਰੀ। ਸਵੇਰ ਦਾ ਤਾਰਾ ਨਿੱਕਲ ਆਇਆ ਸੀ।
ਜਦ ਨੂੰ ਕੁੱਕੜ ਨੇ ਦੂਜੀ ਬਾਂਗ ਦਿੱਤੀ। ਨਾਲ ਹੀ ਗੁਰਦੁਆਰੇ
ਦਾ ਘੜਿਆਲ ਵੀ ਵੱਜ ਪਿਆ। ਉਸਦੇ ਨਾਲ ਹੀ ਖੂਹੀ ਤੇ ਅਰਜਣ ਪੰਡਿਤ ਦਾ ਡੋਲ ਖੜਕਣਾ
ਸ਼ੁਰੂ ਹੋ ਗਿਆ। ਤੜਕੇ ਨਹਾਉਣ ਵਾਲਿਆਂ ਵਿੱਚ ਪੰਡਿਤਾਂ ਦੇ ਅਰਜਣ ਤੇ ਸੁਰਜਣ ਸਭ ਤੋਂ
ਮੋਹਰੀ ਹੁੰਦੇ।
ਸੰਤਾ ਸਿੰਘ ਨੇ ਚੰਦ ਸਿੰਘ ਨੂੰ ‘ਵਾਜ ਮਾਰੀ ਤਾਂ ਉਹ ਵੀ ਜਾਗ
ਪਿਆ। ਫੇਰ ਉਹ ਕੋਠੇ ਦੇ ਮੋਘੇ ਤੇ ਝੁਕਿਆ, ਤੇ ਥੱਲੇ ਹਾਕ ਮਾਰੀ “ਸਿਮਰੋ ਦੀ ਬੇਬੇ
ਧਰੋ ਹੁਣ ਚਾਹ… ਪਹੁ ਫਟਣ ਵਾਲੀ ਆ” “ਚੰਗਾ ਜੀ” ਕਹਿ ਕੇ ਮਹਿਤਾਬ ਕੌਰ ਨੇ ਜਾਗਦੇ
ਹੋਣ ਦਾ ਸਬੂਤ ਦਿੱਤਾ। ਕੁੱਝ ਹੀ ਪਲਾਂ ਵਿੱਚ ਚਾਟੀਆਂ ‘ਚ ਮਧਾਣੀਆਂ ਘੁੰਮਣ ਲੱਗੀਆਂ।
ਬਲਦਾਂ ਦੀਆਂ ਟੱਲੀਆਂ ਅਤੇ ਬੋਤਿਆਂ ਦੇ ਘੁੰਗਰਾਲ ਛਣਕ ਉੱਠੇ। ਸੰਤਾ ਸਿੰਘ ਤੇ ਚੰਦ
ਸਿੰਘ ਨੇ ਹੱਥ ਮੂੰਹ ਧੋ ਕੇ ਪਾਠ ਕੀਤਾ। ਏਨੇ ਨੂੰ ਚਾਹ ਵੀ ਆ ਗਈ। ਚਾਹ ਪੀਂਦੇ ਉਹ
ਫੇਰ ਗੱਲੀਂ ਜੁਟ ਪਏ।
ਚੰਦ ਸਿੰਘ ਦਾ ਕਹਿਣਾ ਸੀ ਕਿ “ਕਾਕਾ ਹਫਤੇ ਦਾ ਹੋ ਗਿਆ ਏ,
ਅੱਜ ਮੇਰੇ ਹੁੰਦੇ ਹੁੰਦੇ ਇਸਦਾ ਨਾਂ ਕਢਾ ਕੇ ਰੱਖ ਲਈਏ। ਤਾਂ ਮੈਂ ਚਿੱਠੀ ‘ਚ ਦਲੇਰ
ਸਿੰਘ ਨੂੰ ਨਾਉਂ ਲਿਖ ਭੇਜਾਂ” ਸੰਤਾ ਸਿੰਘ ਨੂੰ ਵੀ ਇਹ ਗੱਲ ਜਚ ਗਈ। ਉਹਨੇ ਘਰੇ
ਸਲਾਹ ਕੀਤੀ ਤਾਂ ਸਾਰੇ ਸਹਿਮਤ ਹੋ ਗਏ। ਫੇਰ ਬਚਨੋ ਨੇ ਉੱਠ ਕੇ ਇਸ਼ਨਾਨ ਕੀਤਾ।
ਮਹਿਤਾਬ ਕੁਰ ਨੇ ਕਿਹਾ “ਭਾਈ ਬਾਹਰ ਤਾਂ ਸਵਾ ਮਹੀਨੇ ਦਾ ਹੀ ਵਧਾਵਾਂਗੇ ਅੱਜ ਸਿਰਫ
ਨਾਂ ਕਢਾ ਲੈਂਦੇ ਆਂ।
ਫੇਰ ਢਾਈ ਸੇਰ ਆਟਾ ਅਤੇ ਢਾਈ ਸੇਰ ਗੁੜ ਮੁੰਡੇ ਤੋਂ ਵਾਰ
ਮਹਿਤਾਬ ਕੌਰ, ਸੰਤਾ ਸਿੰਘ, ਚੰਦ ਸਿੰਘ, ਹਰਦੇਵ ਕੌਰ, ਸਿਮਰੋ ਅਤੇ ਸਰਨੋ ਗੁਰਦਵਾਰੇ
ਚਲੇ ਗਏ। ਜਿਥੇ ਭਾਈ ਜੀ ਨੇ ਅਰਦਾਸ ਕਰਕੇ ਜਦੋਂ ਮੁੱਖ ਵਾਕ ਲਿਆ ਤਾਂ ਮਹਿਲਾ ਅੱਖਰ
ਨਿੱਕਲਿਆ ‘ਮ’।
ਫੇਰ ਅੱਧਾ ਦਿਨ ਏਸੇ ਅੱਖਰ ਵਾਲੇ ਨਾਵਾਂ ਤੇ ਵਿਚਾਰ ਹੁੰਦਾ
ਰਿਹਾ। ਕੋਈ ਮੋਹਣ, ਕੋਈ ਮੋਦਨ ਕੋਈ ਮੱਖਣ ਕਹਿੰਦਾ ਰਿਹਾ। ਪਰ ਬਲਕਾਰ ਸਿੰਘ ਕਹਿੰਦਾ,
“ਕੋਈ ਨਵੇਂ ਜ਼ਮਾਨੇ ਦਾ ਨਾਂ ਰੱਖੋ, ਜਿਵੇਂ ਮਨਦੀਪ, ਮਨਮੀਤ,ਮਨਜਿੰਦਰ ਤਾਂ ਮਹਿਤਾਬ
ਕੁਰ ਬੋਲੀ ਚੱਲ ਭਾਈ ਆਹ ਮਨਦੀਪ ਈ ਠੀਕ ਆ। ਜਾਣੀ ਮਨ ਦਾ ਦੀਪ। ਸੰਤਾਂ ਸਿਉਂ ਨੇ
ਕਿਹਾ ਕਿ ‘ਜੇ ਬੰਦਾ ਗੁਰੂ ਦਾ ਹੋਵੇ ਤਾਂ ਮਨ ਦਾ ਦੀਪ ਵੀ ਆਪੇ ਜਗ ਪੈਂਦੈ’। ਪਰ
ਨਿੱਕਲੇ ਅੱਖਰ ਨੂੰ ਚੰਦ ਸਿੰਘ ਵੀ ਨਾ ਟਾਲ਼ ਸਕਿਆ। ਆਖਰ ਏਸੇ ਨਾਂ ਤੇ ਸਾਰੇ ਸਹਿਮਤ
ਹੋ ਗਏ ਕਿ ਕਾਕੇ ਦਾ ਨਾਂ ਮਨਦੀਪ ਸਿੰਘ ਰੱਖ ਲਿਆ ਜਾਵੇ। ਫੇਰ ਉਸੇ ਦੁਪਹਿਰੇ ਚੰਦ
ਸਿੰਘ ਨੇ ਬੱਚੇ ਦਾ ਇਹ ਹੀ ਨਾ ਲਿਖ ਕੇ ਦਲੇਰ ਸਿੰਘ ਨੂੰ ਚਾਂਈ ਚਾਂਈ ਪੋਸਟ ਕਾਰਡ
ਲਿਖਿਆ।
‘ਲਿਖਤੁਮ ਚੰਦ ਸਿੰਘ ਪੜਤੁਮ ਦਲੇਰ ਸਿੰਘ ਅੱਗੇ ਸਭ ਰਾਜ਼ੀ
ਖੁਸ਼ੀ ਤੋਂ ਬਾਅਦ ਸਮਾਚਾਰ ਇਹ ਹੈ ਕਿ ਤੇਰੇ ਕਾਕੇ ਦਾ ਨਾਂ ਮਨਦੀਪ ਸਿੰਘ ਰੱਖ ਦਿੱਤਾ
ਗਿਆ ਹੈ’
ਫੇਰ ਇਹ ਨਾਂ ਦਾ ਸਭ ਨੂੰ ਪਤਾ ਲੱਗ ਗਿਆ। ਹੁਣ ਹਰ ਕੋਈ ਇਹ
ਹੀ ਕਹਿ ਰਿਹਾ ਸੀ ਕਿ ‘ਇਹ ਤਾਂ ਭਾਈ ਨਵੇਂ ਜ਼ਮਾਨੇ ਵਾਲਾ ਨਾਂ ਹੈ”।
|