ਸਿਮਰੋ ਦੇ ਵਿਆਹ ਦੇ ਦਿਨ ਨੇੜੇ ਆ ਰਹੇ ਸਨ। ਦੋ ਹਾੜ ਦਾ
ਵਿਆਹ ਧਰ ਦਿੱਤਾ ਗਿਆ। ਮਿੱਠੂ ਨਾਈ ਕੋਲ ਵਿਆਹ ਦੀ ਚਿੱਠੀ ਤੋਰਨ ਤੋਂ ਬਾਅਦ ਹੀ ਘਰ
ਵਿੱਚ ਮਹੌਲ ਬਦਲ ਗਿਆ। ਰਿਸ਼ਤੇਦਾਰਾਂ ਨੂੰ ਸਭ ਪਾਸੇ ਖ਼ਬਰ ਹੋ ਗਈ। ਰਾਮਪੁਰੇ ਤੋਂ ਚੰਦ
ਸਿੰਘ ਅਤੇ ਗੁਲਾਬ ਸਿੰਘ ਦੇ ਯਤਨਾਂ ਨਾਲ ਕਣਕ ਦੀ ਵਾਢੀ ਲਈ ਆਵਤ ਆਈ। ਗਹਾਈ ਦਾ ਕੰਮ
ਵੀ ਅੱਧੇ ਜੇਠ ਤੱਕ ਹੀ ਨਿਬੇੜ ਲਿਆ ਗਿਆ। ਕਣਕ ਦੀ ਸਾਂਭ ਸੰਭਾਲ ਮੁੱਕ ਗਈ। ਸੁਕ ਪਕੇ
ਵਿੱਚ ਦਾਣਾ ਫੱਕਾ ਘਰ ਆ ਗਿਆ। ਫੇਰ ਸ਼ੁਰੂ ਹੋਈ ਵਿਆਹ ਦੀ ਖਰੀਦੋ ਫਰੋਖਤ। ਜਦ ਵੀ ਕਣਕ
ਦਾ ਗੱਡਾ ਸ਼ਹਿਰ ਜਾਂਦਾ ਤਾਂ ਉਧਰੋਂ ਸਮਾਨ ਦਾ ਭਰ ਕੇ ਆਉਦਾ। ਚੀਨੀ, ਚਾਹ ਪੱਤੀ, ਆਲੂ
ਪਿਆਜ਼, ਕੱਪੜੇ ਗਹਿਣੇ ਗੱਟੇ ਅਤੇ ਹੋਰ ਪਤਾ ਨਹੀਂ ਕੀ ਕੁੱਝ।
ਉਧਰ ਘਰ ਨੂੰ ਲਿੱਪਿਆ ਪੋਚਿਆ ਗਿਆ। ਪਾਂਡੂ ਮਿੱਟੀ ਨਾਲ ਕੰਧਾਂ ਲਿਸ਼ਕਾ ਦਿੱਤੀਆਂ
ਗਈਆਂ। ਕੰਧਾਂ ਤੇ ਹਿਰਨੀਆਂ, ਪੈਲਾਂ ਪਾਂਉਂਦੇ ਮੋਰ, ਚੜਦਾ ਸੂਰਜ ਵੇਖਕੇ, ਮਨ ਅਸ਼ ਅਸ਼
ਕਰ ਉੱਠਦਾ। ਲਾਗੀਆਂ ਨੇ ਮਹੀਨਾਂ ਪਹਿਲਾਂ ਹੀ ਪੀੜ੍ਹੇ ਵਾਲਾ ਭਾਂਡੇ ਲਿਸ਼ਕਾ ਛੱਡੇ।
ਔਰਤਾਂ ਰੋਜ਼ ਪੀਂਹਣ ਕਰਦੀਆਂ, ਦਾਲਾਂ ਛੱਟਦੀਆਂ। ਦਾਜ ਦੀਆਂ ਦਰੀਆਂ, ਚਾਦਰਾਂ ਨੂੰ
ਆਖਰੀ ਛੋਂਹਾਂ ਦਿੱਤੀਆਂ ਗਈਆਂ। ਮਠਿਆਈ ਰੱਖਣ ਨੂੰ ਪਿਛਲਾ ਕਮਰਾ ਤਿਆਰ ਕਰ ਦਿੱਤਾ
ਗਿਆ। ਫੇਰ ਦਾਜ ਵਾਲੀ ਪੇਟੀ ਕੁਰਸੀਆਂ ਮੇਜ, ਸੂਟਾਂ ਲਈ ਟਰੰਕ, ਸਭ ਕੁੱਝ ਆ ਗਿਆ।
ਵਿਆਹ ਤੋਂ ਪੰਦਰਾਂ ਦਿਨ ਪਹਿਲਾਂ ਸੰਤਾਂ ਸਿਉਂ ਦਾ ਛੋਟਾ ਮੁੰਡਾ ਹਰਜੀਤ ਵੀ ਫੌਜ
‘ਚੋਂ ਦੋ ਮਹੀਨੇ ਦੀ ਛੁੱਟੀ ਆ ਗਿਆ। ਹਰਜੀਤ ਨੇ ਦੋ ਸਾਲ ਬਾਅਦ
ਬਾਅਦ ਆ ਕੇ ਵੇਖਿਆ ਪਿੰਡ ਦੀ ਨੁਹਾਰ ਬਿਲਕੁੱਲ ਬਦਲ ਚੁੱਕੀ ਸੀ। ਸਕੂਲ ਤੋਂ ਇਲਾਵਾ
ਪਿੰਡ ਦੇ ਹੋਰ ਕਈ ਘਰਾਂ ਵਿੱਚ ਨਲਕੇ ਲੱਗ ਚੁੱਕੇ ਸਨ। ਬਹੁਤੇ ਲੋਕ ਸਾਂਝੀ ਖੂਹੀ ਤੋਂ
ਪਾਣੀ ਭਰਨੋਂ ਹਟ ਗਏ ਸਨ। ਇੱਕ ਫੱਤੂ ਨਘੋਚੀ ਹੀ ਸੀ ਜੋ ਇਸ ਕਰਕੇ ਨਲਕੇ ਦਾ ਪਾਣੀ
ਨਹੀਂ ਸੀ ਪੀਂਦਾ ਕਿ ਇਸ ਵਿੱਚ ਚੱਮ ਦੀ ਬੋਕੀ ਹੈ। ਉਹ ਸੋਚਦਾ ਕਿ ਚੱਮ ਦੀ ਬੋਕੀ
ਉਸਦਾ ਧਰਮ ਭਰਿਸ਼ਟ ਕਰ ਦੇਵੇਗੀ। ਪਰ ਜਿਸ ਦਿਨ ਸਾਂਝੀ ਖੂਹੀ ਵਿੱਚ ਇੱਕ ਬਿੱਲੀ ਡਿੱਗ
ਕੇ ਮਰ ਗਈ ਤੇ ਉਸ ਦਿਨ ਤੋਂ ਉਸ ਨੇ ਵੀ ਨਲਕੇ ਦਾ ਪਾਣੀ ਪੀਣਾ ਸ਼ੁਰੂ ਕਰ ਦਿੱਤਾ।
ਨੀਵੀਆਂ ਜਾਤਾਂ ਵਾਲੇ ਜਿਨਾਂ ਨੂੰ ਸਾਂਝੀ ਖੂਹੀ ਤੋਂ ਪਾਣੀ ਨਹੀਂ ਸੀ ਭਰਨ ਦਿੱਤਾ
ਜਾਂਦਾ, ਹੁਣ ਉਹ ਵੀ ਆਪਣੇ ਨਲਕੇ ਲਵਾ ਰਹੇ ਸਨ। ਵਿਹੜੇ ਵਾਲਿਆ ਨੇ ਵੀ ਧਰਮਸ਼ਾਲਾ
ਅੱਗੇ ਇੱਕ ਨਲਕਾ ਲਗਵਾ ਲਿਆ। ਪਰ ਕੋਈ ਦੱਸਦਾ ਸੀ ਕਿ ਕੂਕਿਆ ਦੇ ਟੱਬਰ ਅਜੇ ਵੀ
ਖੂਹੀਆਂ ਦਾ ਪਾਣੀ ਪੀਂਦੇ ਨੇ। ਲੋਕੀ ਕਹਿੰਦੇ: ਕੂਕੇ ਬੜੇ
ਕਸੂਤੇ, ਪਾਣੀ ਨਾਂ ਪੀਂਦੇ ਬੋਕੀ ਦਾ ਸਰਦੇ ਪੁੱਜਦੇ ਘਰਾਂ ਨੇ
ਤਾਂ ਖੇਤਾਂ ਵਿੱਚ ਬੋਰ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਲਾਲੋ ਝਿਉਰੀ ਦਾ ਮੁੰਡਾ
ਭਿੰਦਰ ਕਿਸੇ ਨਾਲ ਬੋਰਾਂ ਦਾ ਕੰਮ ਸਿੱਖਦਾ ਸਿੱਖਦਾ, ਆਪ ਹੀ ਬੋਰ ਲਾਉਣ ਲੱਗ ਪਿਆ।
ਉਸ ਨੇ ਬੋਰ ਲਾਉਣ ਦਾ ਸਾਰਾ ਸਮਾਨ ਵੀ ਲੈ ਲਿਆ। ਉਹ ਬੋਰ ਲਵਾਉਣ ਵਾਲੇ ਪਰਵਿਾਰ ਤੋਂ
ਪਹਿਲਾਂ ਖੁਆਜ਼ਾ ਪੀਰ ਦੀ ਕੜਾਹੀ ਕਰਵਾਕੇ ਮੱਥਾ ਟੇਕਦਾ ਤੇ ਫੇਰ ਕੰਮ ਸ਼ੁਰੂ ਕਰਦਾ।
ਫੇਰ ਅਗਲਾ ਰੇੜ੍ਹੀ ਤੇ ਬੋਰ ਦਾ ਸਮਾਨ ਲੱਦ ਕੇ ਲਿਆਉਂਦਾ। ਹਲਟ ਵਾਂਗੂ ਗਾਧੀ ਫਿੱਟ
ਕਰਕੇ, ਭੌਣੀ ਲਾ ਦਿੱਤੀ ਜਾਂਦੀ। ਫੇਰ ਟੋਆ ਪੁੱਟ ਕੇ ਲੋਹੇ ਦੀਆਂ ਬੋਕੀਆਂ ਨਾਲ ਟੋਆ
ਡੂੰਘਾ ਕੀਤਾ ਜਾਂਦਾ। ਫੇਰ ਉਹ ਹੋਰ ਪਾਈਪਾਂ ਉਤਾਰਦਾ ਜਾਂਦਾ। ਕਲੈਂਪ ਲਾਕੇ ਦੋ
ਬੋਰੀਆਂ ਰੇਤੇ ਦੀਆਂ ਭਰ ਕੇ ਉੱਪਰ ਉਹ ਆਪ ਚੜ ਬੈਠਦਾ ਤਾਂ ਕੇ ਪਾਈਪ ਜਲਦੀ ਜਲਦੀ
ਥੱਲੇ ਜਾਵੇ। ਕਲੈਂਪ ਉੱਪਰ ਬੈਠ ਕੇ ਉਹ ਗੀਤ ਗਾਂਉਂਦਾ ਤੇ ਬੋਕੀ ਲਾਉਣ ਵਾਲੇ ਤਿੰਨ
ਚਾਰ ਬੰਦੇ, ਉਸਦੇ ਗੀਤ ਦੀ ਲੈਅ ਤੇ ਲੱਜ ਖਿੱਚ ਖਿੱਚ ਹਲੂਣੇ ਮਾਰਦੇ। ਜਿਸ ਦਾ ਇੱਕ
ਨਮੂਨਾ ਹੈ: ਜੋਰ ਲਗਾ ਕੇ ਹਾਈਸ਼ਾ
ਚੱਕ ਦੇ ਸ਼ੇਰਾ ਹਾਈਸ਼ਾ ਕਦੇ ਕਦੇ ਭਰੀਆਂ ਬੋਰੀਆਂ ਤੇ ਬੈਠਾ,
ਲਾਊਡ ਸਪੀਕਰ ਤੋਂ ਸੁਣਿਆ ਉਹ ਕੋਈ ਗੀਤ ਗਾਉਣ ਲੱਗ ਪੈਂਦਾ
ਖਰਬੂਜੇ ਵਰਗੀ ਜੱਟੀ ਖਾਅ ਲੀ ਵੇ ਕਾਲੇ ਨਾਗ ਨੇ ਬਲਕਾਰ ਸਿੰਘ
ਜੋ ਧਾਰਮਿਕ ਖਿਆਲਾ ਦਾ ਸੀ, ਉਸ ਦੀਆਂ ਹਰਕਤਾਂ ਤੇ ਬਹੁਤ ਖਿਝਦਾ। ਜਿਸ ਦਿਨ ਉਹ
ਉਨ੍ਹਾਂ ਦੇ ਖੇਤ ਵਿੱਚ ਬੋਰ ਲਾਉਣ ਆਇਆ ਸੀ ਉਸੇ ਦਿਨ ਤੋਂ ਹੀ ਉਨ੍ਹਾਂ ਦੀ ਚੁੰਝ
ਚਰਚਾ ਚੱਲਦੀ ਰਹਿੰਦੀ। ਉਹ ਬਲਕਾਰ ਦਾ ਮਜ਼ਾਕ ਉਡਾਉਂਦਾ ਆਖਦਾ “ਯਾਰ ਗਿਆਨੀ ਤੂੰ ਤਾਂ
ਦੁਨੀਆਂ ਤੇ ਜਿਹਾ ਆਇਆ, ਜਿਹਾ ਨਾਂ ਆਇਆ। ਪਰ ਸਾਨੂੰ ਤਾਂ ਦੁਨੀਆਂਦਾਰੀ ਦੀਆਂ ਗੱਲਾਂ
ਕਰ ਲੈਣ ਦੇ?” ਫੇਰ ਗਿਆਨੀ ਨੂੰ ਖਿਝਾਉਣ ਲਈ ਉਹ ਕੋਈ ਐਸਾ ਵੈਸਾ ਚੁਟਕਲਾ ਛੇੜ
ਲੈਂਦਾ। ਉਸਦਾ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ। ਉਸ ਦੀ ਘਰ
ਵਾਲੀ ਦੇ ਹੁਸਨ ਦੇ ਚਰਚੇ ਅੱਗ ਵਾਂਗੂੰ ਸਾਰੇ ਪਿੰਡ ਵਿੱਚ ਫੈਲੇ ਹੋਏ ਸਨ। ਕਹਿੰਦੇ
ਉਹ ਘੁੰਡ ਵਿੱਚੋਂ ਵੀ ਅੱਖਾਂ ਦੇ ਤੀਰ ਚਲਾਉਂਦੀ ਸੀ, ਤੇ ਉਡਦੇ ਪੰਛੀਆਂ ਨੂੰ
ਫਾਹਉਂਦੀ ਸੀ। ਕਈ ਚੋਬਰ ਆਨੀ ਬਹਾਨੀ ਉਨ੍ਹਾਂ ਦੀ ਭੱਠੀ ਤੇ ਜਾ ਖੜਦੇ ਤੇ ਕਈ ਦਾਣੇ
ਭਨਾਉਣ ਬਹਾਨੇ ਝਾਕਾ ਵੀ ਲੈ ਲੈਂਦੇ। ਕਈਆਂ ਨੂੰ ਜੇਕਰ ਵੀਹੀ ਸੁੰਭਰਦੀ ਦੇ ਦਰਸ਼ਣ ਹੋ
ਜਾਦੇ ਤਾਂ ਉਹਨਾਂ ਨੂੰ ਸੌ ਮੱਕਿਆਂ ਦੇ ਹੱਜ ਵਰਗੀ ਗੱਲ ਜਾਪਦੀ। ਭਿੰਦਰ ਅਕਸਰ ਹੀ
ਆਪਣੀ ਘਰ ਵਾਲੀ ਨਾਲ ਗੁਜ਼ਾਰੇ ਰੁਮਾਂਟਕ ਪਲਾਂ ਦੀ ਵਿਥਿਆ ਸੁਣਾਉਣ ਲੱਗ ਪੈਂਦਾ। ਤੇ
ਅੰਤ ਤੇ ਆਖਦਾ, “ਵੀਰ ਮੇਰਿਆ ਸੋਹਣੀ ਜਨਾਨੀ ਨੂੰ ਸਾਂਭਣ ਦਾ ਏਹੋ ਤਰੀਕਾ ਏ”
ਦਿਹਾੜੀਦਾਰ ਜਾਂ ਹੋਰ ਲੋਕ ਉਸਦੀਆਂ ਗੱਲਾਂ ਨੂੰ ਰਮਾਇਣ ਦੀ ਕਥਾ ਵਾਂਗ ਸੁਣਦੇ। ਫੇਰ
ਬਲਕਾਰ ਪਤਾ ਨਹੀਂ ਕਿਉਂ ਉਸ ਦੀਆਂ ਗੱਲਾਂ ਤੇ ਖਿੱਝਦਾ ਸੀ?
ਕਈਆਂ ਲੋਕਾਂ ਨੇ ਤਾਂ ਬਲਾਕਰ ਸਿੰਘ ਨੂੰ ਵੀ ਲਾਲੋ ਝਿਓਰੀ ਦੇ ਘਰ ਅੱਗਿਉ ਲੰਘਦਿਆ
ਚੋਰੀ ਛਿੱਪੇ ਅੰਦਰ ਝਾਕਦਾ ਦੇਖਿਆ ਸੀ। ਕਈ ਤਾਂ ਗੱਲਾਂ ਵੀ ਬਣਾਉਂਦੇ ਕਿ ‘ਗਿਆਨੀ ਵੀ
ਭਿੰਦਰ ਦੀ ਘਰ ਵਾਲੀ ਪਰੀਤੋ ਦੇ ਘੁੰਡ ਚੋਂ ਚਲਾਏ ਤੀਰਾਂ ਦਾ ਸ਼ਿਕਾਰ ਹੋ ਗਿਆ ਏ’
ਕਈਆਂ ਨੇ ਬਲਕਾਰ ਨੂੰ ਸੁਣਾਕੇ ਇਹ ਬੋਲ ਵੀ ਮਾਰੇ “ਬਈ ਹੋਰ ਤਾਂ ਹੋਰ ਗਿਆਨੀ ਵੀ
ਪਰੀਤੋ ਤੇ ਡੋਲਿਆ ਫਿਰਦੈ। ਚੀਜ਼ ਹੀ ਐਸੀ ਆ ਯਾਰ…’ ਕਈ ਮੁੰਡੇ ਖੁੰਡੇ ਜਾਣ ਬੁੱਝ ਕੇ
ਵਿਆਹਾਂ ਸ਼ਾਦੀਆਂ ਵੇਲੇ ਦਾਰੂ ਦਾ ਘੁੱਟ ਲਾ, ਇਹ ਗੀਤ ਵਾਰ ਵਾਰ ਲਗਵਾਂਉਦੇ ਕਿ ‘ਨੈਣ
ਪਰੀਤੋ ਦੇ ਬਹਿਜਾ ਬਹਿਜਾ ਕਰਦੇ’ ਪਰ ਭਿੰਦਰ ਨੂੰ ਇਨ੍ਹਾਂ
ਗੱਲਾਂ ਦੀ ਕੋਈ ਪਰਵਾਹ ਨਹੀ ਸੀ। ਬਲਕਾਰ, ਜਿਸ ਨੇ ਤਾਂ ਬਚਪਨ ਵਿੱਚ ਹੀ ਅਮ੍ਰਤਿ ਛਕ
ਕੇ ਗਾਤਰਾ ਪਾ ਲਿਆ ਸੀ। ਬਿਲਕੁੱਲ ਆਪਣੇ ਵੱਡੇ ਭਰਾ ਗੁਰਜੀਤ ਸਿੰਘ ਵਾਂਗੂੰ ਹੀ
ਰਹਿੰਦਾ ਸੀ। ਪਿੰਡ ਦੇ ਲੋਕ ਉਦੋਂ ਤੋਂ ਹੀ ਬਲਕਾਰ ਸਿੰਘ ਨੂੰ ਗਿਆਨੀ ਕਹਿ ਕੇ
ਬੁਲਾਉਂਦੇ ਸਨ। ਜਦੋਂ ਤੋਂ ਉਸ ਨੇ ਆਖੰਡਪਾਠਾਂ ਦੀ ਰਾਓੁਲ ਲਾਉਣੀ ਵੀ ਸ਼ੁਰੂ ਕਰ
ਦਿੱਤੀ ਸੀ, ਫੇਰ ਤਾਂ ਲੋਕ ਜਿਵੇਂ ਉਸ ਦਾ ਅਸਲ ਨਾਂ ਭੁੱਲ ਹੀ ਗਏ ਹੋਣ।
ਉਸ ਦੀ ਧਾਰਮਕ ਬਿਰਤੀ ਹੋਣ ਤੇ ਵੀ ਸੰਤਾ ਸਿੰਘ ਨਾਲ ਬਹੁਤੀ ਨਹੀਂ ਸੀ ਬਣਦੀ। ਹੋਰ
ਤਾਂ ਹੋਰ ਉਹ ਵਾਹ ਲੱਗਦੀ ਆਪਣੇ ਪਿਉਂ ਨੂੰ ਬਲਾਉਂਦਾ ਤੱਕ ਵੀ ਨਾਂ। ਇਸਦਾ ਕਾਰਨ ਇਹ
ਸੀ ਕਿ ਸੰਤਾ ਸਿੰਘ ਨੇ ਆਪਣੇ ਕਿਸੇ ਵਾਕਿਫ ਨੂੰ ਖੁਸ਼ ਕਰਨ ਲਈ ਇੱਕ ਬਦਸੂਰਤ ਲੜਕੀ
ਜੋਗਿੰਦਰੋ ਦਾ ਰਿਸ਼ਤਾ ਬਲਕਾਰ ਸਿੰਘ ਲਈ ਕਬੂਲ ਕਰ ਲਿਆ ਸੀ। ਇਸੇ ਦੁੱਖ ਵਿੱਚ
ਅਮ੍ਰਿਤਧਾਰੀ ਬਲਕਾਰ ਸਿੰਘ ਨੇ ਆਪਣੇ ਵਿਆਹ ਵਿੱਚ ਹੀ ਸ਼ਰਾਬ ਪੀ ਕੇ ਮਨ ਦੀ ਭੜਾਸ
ਕੱਢੀ ਸੀ। ਉਹ ਉਸੇ ਦਿਨ ਤੋਂ ਹੀ ਆਪਣੇ ਪਿਉਂ ਨਾਲ ਲੜਦਾ ਆ ਰਿਹਾ ਸੀ ਤੇ ਹੁਣ ਤਾਂ
ਉਸ ਨੂੰ ਅੰਨਾ ਤੱਕ ਵੀ ਆਖ ਦਿੰਦਾ। ਜਿਸ ਨੂੰ ਉਦੋਂ ਕੁੱਝ ਵੀ ਨਜ਼ਰ ਨਹੀਂ ਸੀ ਆਇਆ।
ਤੇ ਸੁਹਾਗ ਰਾਤ ਤੋਂ ਬਾਅਦ ਉਸ ਨੇ ਕਦੀ ਵੀ ਆਪਣੀ ਪਤਨੀ ਨਾਲ ਸਹਿਜ ਵਰਤਾਅ ਨਹੀਂ ਸੀ
ਕੀਤਾ। ਉਸ ਦੇ ਮਨ ਵਿੱਚ ਸੋਹਣੀ ਔਰਤ ਦੇ ਸੰਗ ਦੀ ਲਾਲਸਾ ਧਰੀ ਧਰਾਈ ਹੀ ਰਹਿ ਗਈ ਸੀ।
ਇਸ ਖੱਪੇ ਨੂੰ ਉਹ ਗੁਰਬਾਣੀ ਦੇ ਬੋਝ ਹੇਠਾਂ ਬਹੁਤ ਡੂੰਘਾ ਦੱਬ ਦੇਣਾ ਚਾਹੁੰਦਾ ਸੀ।
ਭਿੰਦਰ ਵਰਗਾ ਬੰਦਾ ਜਦੋਂ ਉਸ ਦੀ ਬੁਝੀ ਹੋਈ ਅੱਗ ਨੂੰ ਫੂਕਾਂ ਮਾਰਦਾ ਤਾਂ ਉਹ ਉਸਨੂੰ
ਵਿਹੁ ਦਿਖਾਈ ਦਿੰਦਾ।
ਸਮਾਜ ਵਿੱਚ ਆ ਰਹੀ ਨਵੀਂ ਤਬਦੀਲੀ ਭਿੰਦਰ ਝਿਊਰ ਨੂੰ ਬੜੀ
ਰਾਸ ਆਈ। ਉਸ ਨੇ ਆਪਣਾ ਸਾਰਾ ਘਰ ਪੱਕਾ ਕਰ ਲਿਆ। ਇੱਕ ਕਾਰਖਾਨਾ ਵੀ ਲਗਾ ਲਿਆ।
ਜਿੱਥੇ ਉਹ ਰੂੰਅ ਪਿੰਜਕੇ, ਰਜਾਈਆਂ ਭਰਦੇ ਅਤੇ ਕੋਹਲੂ ਨਾਲ ਤੇਲ ਕੱਢਦੇ। ਖਲ਼
ਵੜੇਵਿਆਂ ਦਾ ਕੰਮ ਵੀ ਤੋਰ ਲਿਆ। ਤੇ ਫੇਰ ਉਨ੍ਹਾਂ ਭੱਠੀ ਕਰਨੀ ਵੀ ਛੱਡ ਦਿੱਤੀ।
ਘਰਾਂ ਵਿੱਚ ਨਲਕੇ ਤੇ ਖੇਤਾਂ ਵਿੱਚ ਬੋਰ ਹੁਣ ਇੱਕ ਆਮ ਜਿਹੀ ਗੱਲ ਬਣ ਗਈ ਸੀ। ਜਿਸ
ਨਾਲ ਮਸ਼ਕਪਾਣੀ ਪਿਲਾਉਣ ਦਾ ਕੰਮ ਵੀ ਘਟਣ ਲੱਗ ਪਿਆ। ਕਈ ਲੋਕ ਆਪਣੇ ਕਿੱਤੇ ਬਦਲਣ
ਲੱਗੇ। ਬੋਰਾਂ ਦੇ ਨਾਲ ਨਾਲ ਪਿੰਡ ਵਿੱਚ ਪੀਟਰ ਇੰਜਣ ਵੀ ਆਉਣ
ਲੱਗ ਪਏ। ਅਮਲੀ ਜਗਤਾਰ ਦਾ ਮੁੰਡਾ ਧੀਰਾ ਸਮਰਾਲੇ ਸ਼ਹਿਰ ਵਿੱਚ ਕਿਸੇ ਇੰਜਣ ਬੰਨਣ
ਵਾਲੀ ਦੁਕਾਨ ਤੇ ਕੰਮ ਸਿੱਖਣ ਲੱਗ ਪਿਆ। ਛੇ ਕੁ ਮਹੀਨੇ ਕੰਮ ਕਰਕੇ ਉਸ ਨੇ ਕਲ਼ ਪੁਰਜੇ
ਲਿਆ ਕੇ ਖੁਦ ਹੀ ਇੰਜਣ ਬੰਨਿਆ, ਤਾਂ ਸਾਰਾ ਪਿੰਡ ਹੀ ਹੈਰਾਨ ਰਹਿ ਗਿਆ। ਫੇਰ ਉਸ ਨੂੰ
ਇੰਜਣ ਬੰਨਣ ਦੇ ਐਨੇ ਆਰਡਰ ਮਿਲੇ ਕਿ ਉਹ ਦਿਨਾਂ ਵਿੱਚ ਹੀ ਧੀਰੇ ਤੋਂ ਸਰਦਾਰ ਰਣਧੀਰ
ਸਿੰਘ ਬਣ ਗਿਆ। ਤੇ ਸਮਰਾਲੇ ਸ਼ਹਿਰ ਖੰਨਾ ਰੋਡ ਤੇ ਉਸ ਨੇ, ਇੱਕ ਦਿਨ ਇੰਜਣਾਂ ਦੀ
ਦੁਕਾਨ ਦਾ ਉਦਘਾਟਨ ਕਰ ਦਿੱਤਾ। ਸੰਤਾ ਸਿੰਘ ਵਰਗੇ ਬੰਦੇ ਦੇਖ
ਦੇਖ ਹੈਰਾਨ ਹੁੰਦੇ। ਨਾਂ ਬੋਤਾ ਹੱਕਣਾ ਪਏ ਨਾ ਕੁੱਝ ਹੋਰ ਪਰ ਪਾਣੀ ਦੀ ਧਾਰ ਡਿੱਗਦੀ
ਸੀ ਫਰਨ ਫਰਨ। ਹੌਲੀ ਹੌਲੀ ਕੁੱਤਿਆਂ ਦੀ ਟਿੱਕ ਟਿੱਕ, ਮਾਹਲ ਦਾ ਖੜਕਣਾ, ਪਾੜਛੇ’ਚ
ਡਿੱਗਦੇ ਪਾਣੀ ਦਾ ਸੰਗੀਤ ਗੁੰਮ ਹੋਣ ਲੱਗਿਆ ਤੇ ਇੰਜਣਾ ਦੀ ਫੱਟ ਫੱਟ ਵਧਣ ਲੱਗੀ।
ਕਿਸਾਨਾਂ ਦੀ ਬੋਲੀ ਵਿੱਚ ਬਹੁਤ ਸਾਰੇ ਨਵੇਂ ਸ਼ਬਦ ਆਉਣ ਲੱਗੇ। ਪਟਾ, ਪੱਖਾ, ਬਰੋਜ਼ਾ,
ਸੁੰਬਾ, ਗਰੀਸ, ਪਿਸਟਨ ਸਲੀਵ ਤੇ ਕਈ ਹੋਰ। ਹੁਣ ਤਾਂ ਸ਼ਾਮ ਨੂੰ ਟੋਕਾ ਕੁਤਰਨੀਆਂ
ਮਸ਼ੀਨਾਂ ਵੀ ਇੰਜਣਾਂ ਨਾਲ ਹੀੌ ਚਲਦੀਆਂ। ਵਾਗੀਆਂ ਦੇ ਹੋਕੇ ਇੰਜਣ ਦੀ ਫੱਟ ਫੱਟ
ਹੇਠਾਂ ਦਮ ਤੋੜਨ ਲੱਗੇ। ਸਾਈਕਲ ਸਿੱਖੇ ਹੋਏ ਲੋਕ ਸ਼ਹਿਰੋਂ ਤੇਲ ਦੀ ਕੈਨਾਂ ਭਰਾ ਕੇ
ਲਿਆਉਂਦੇ ਤੇ ਆਪਣੇ ਇੰਜਣ ਦਾ ਢਿੱਡ ਭਰਦੇ। ਪਰ ਸਮੇਂ ਦੀ ਤਬਦੀਲੀ ਹਰ ਕਿਸੇ ਨੂੰ ਨਾਲ
ਲੈ ਕੇ ਨਹੀ ਸੀ ਤੁਰੀ। ਭਿੰਦਰ ਝਿਉਰ ਦੇ ਚਾਚੇ ਦੇ ਮੁੰਡੇ ਅਜੇ
ਵੀ ਟੋਕਰੇ ਛਾਬੇ ਬਣਾ ਕੇ ਹੀ ਗੁਜ਼ਾਰਾ ਕਰ ਰਹੇ ਸਨ। ਉਹ ਕਈਆਂ ਦੇ ਰੱਸੇ ਵੀ ਵੱਟ
ਆਉਂਦੇ ਜਾਂ ਮੰਜਿਆਂ ਲਈ ਵਾਣ ਵੱਟਦੇ ਰਹਿੰਦੇ। ਕਿੰਦਰ ਤਰਖਾਣ ਦਾ ਇੱਕ ਮੁੰਡਾ ਅਜੇ
ਵੀ ਆਪਣਾ ਖਾਨਦਾਨੀ ਪੇਸ਼ਾ ਦਾਤੀਆਂ ਦੇ ਦੰਦੇ ਕੱਢਣਾ, ਹਲਾਂ ਦੇ ਫਾਲ਼ੇ ਤਿੱਖੇ ਕਰਨਾ,
ਖੁਰਪੇ ਚੰਡਣਾ ਤੇ ਮੰਜਿਆਂ ਪੀੜੀਆਂ ਦੀਆਂ ਚੂਲ਼ਾਂ ਠੋਕਣ ਦਾ ਕੰਮ ਕਰ ਰਿਹਾ ਸੀ। ਉਸੇ
ਦੇ ਭਰਾ ਵੀਰੂ ਨੇ ਰਾਜ ਮਿਸਤਰੀ ਕੰਮ ਸਿੱਖ ਲਿਆ ਸੀ। ਪੱਕੇ ਘਰ ਬਣਾਉਣ ਵਾਲਿਆਂ ਦਾ
ਵੀ ਜਿਵੇਂ ਹੜ ਹੀ ਆ ਗਿਆ ਸੀ। ਉਸ ਨੇ ਐਟਲਸ ਦਾ ਨਵਾਂ ਨਕੋਰ ਸਾਈਕਲ ਕਢਵਾਇਆ। ਉਹ ਉਸ
ਤੇ ਗਜ਼ ਬੰਨ ਕੇ ਇੱਕ ਝੋਲ਼ਾ ਟੰਗਦਾ, ਜਿਸ ਵਿੱਚ ਤੇਸੀ, ਕਾਂਡੀ, ਸਾਹਲ ਮਝੋਲਾ ਤੇ
ਲੇਬਲ ਪਾ ਕੇ ਉਹ ਤੁਰਦਾ। ਵੀਹ ਰੁਪਏ ਦਿਹਾੜੀ ਸੀ, ਨਾਲੇ ਅਗਲੇ ਸ਼ੱਕਰ ਘਿਉ ਨਾਲ ਰੋਟੀ
ਦਿੰਦੇ ਤੇ ਮਿਸਤਰੀ ਜੀ ਮਿਸਤਰੀ ਜੀ ਕਰਦੇ। ਤੇ ਉਹ ਦੇਖਦੇ ਹੀ ਦੇਖਦੇ ਪਿੰਡ ਦਾ
ਮਸ਼ਹੂਰ ਬੰਦਾ ਬਣ ਗਿਆ। ਸੰਤਾ ਸਿੰਘ ਦੇ ਇਹ ਤਬਦੀਲੀ ਜਿਵੇਂ ਹਜ਼ਮ ਨਹੀਂ ਸੀ ਆ ਰਹੀ।
ਉਸ ਦੀ ਲੰਬੜਦਾਰੀ ਦਾ ਕੱਦ ਜਿਵੇਂ ਦਿਨੋਂ ਦਿਨ ਘਟਦਾ ਹੀ ਜਾ ਰਿਹਾ ਸੀ।
ਸ਼ਹਿਰਾਂ ਵਿੱਚ ਹੁਣ ਪੈਟਰੋਲ ਪੰਪ ਵਧਣ ਲੱਗੇ। ਮਿੱਟੀ ਦੇ ਤੇਲ ਦੀ ਥਾਂ ਡੀਜ਼ਲ ਦਾ ਬੋਲ
ਬਾਲਾ ਹੋਣ ਲੱਗਿਆ। ਲੋਕ ਸਾਈਕਲਾਂ ਤੇ ਕੈਨਾਂ ਬੰਨੀ ਸ਼ਹਿਰ ਨੂੰ ਤੁਰੇ ਹੀ ਰਹਿੰਦੇ।
ਕਦੇ ਪਟਾ ਲੈਣ, ਕਦੇ ਗਰੀਸ, ਬਰੋਜ਼ਾ ਜਾਂ ਫੇਰ ਇੰਜਣ ਦੇ ਸੰਦ। ਇੰਜਣ ਚੱਲਦਾ ਤਾਂ
ਬੰਬੇ ‘ਚੋਂ ਪਾਣੀ ਦੀ ਧਾਰ ਡਿੱਗਦੀ। ਇੰਜਣ ਠੰਢਾ ਰੱਖਣ ਲਈ ਇੱਕ ਠੰਢੇ ਪਾਣੀ ਦੀ
ਪਾਈਪ ਇੰਜਣ ‘ਚੋਂ ਹੋਕੇ ਲੰਘਦੀ। ਕਿਤੇ ਇਹ ਪਾਣੀ ਬੰਦ ਨਾਂ ਹੋ ਜਾਵੇ, ਇਸ ਦੀ ਰਾਖੀ
ਲਈ ਕਿਸੇ ਨਿਆਣੇ ਨਿੱਕੇ ਨੂੰ ਬਿਠਾ ਦਿੱਤਾ ਜਾਂਦਾ। ਇਹ ਡਿਊਟੀ ਹੁਣ ਮਨਦੀਪ ਵੀ ਕਰਨ
ਲੱਗ ਪਿਆ ਸੀ। ਕਦੇ ਕਦੇ ਉਹ ਧਰਮੂ ਨਾਲ ਰਲਕੇ ਕੱਚੇ ਚੁਬੱਚੇ
ਵਿੱਚ ਨਹਾਉਂਦਾ। ਬੰਬੀ ਨੂੰ ਮੂੰਹ ਲਾਕੇ ਪਾਣੀ ਪੀਂਦਾ। ਐਤਵਾਰ ਵਾਲੇ ਦਿਨ ਖੁਆਜ਼ੇ ਦੀ
ਕੜਾਹੀ ਹੁੰਦੀ। ਖੇਤਾਂ ‘ਚ ਬਹਿ ਕੇ ਚੌਲ਼ ਖਾਣੇ ਉਨ੍ਹਾਂ ਨੂੰ ਚੰਗੇ ਲੱਗਦੇ। ਔਰਤਾਂ
ਕੜਾਹੀ ਦੇ ਨਾਂ ਤੇ ਥਾਲ਼ੀ ਪੋਣੇ ਨਾਲ ਢਕ ਕੜਛੇ ‘ਚ ਮਘਦੀ ਅੰਗਿਆਰੀ ਧਰਕੇ ਤੁਰੀਆ ਹੀ
ਰਹਿੰਦੀਆਂ। ਕਿਸੇ ਦਾ ਪੱਖਾ ਪਾਣੀ ਛੱਡ ਜਾਵੇ, ਪਟਾ ਟੁੱਟ ਜਾਵੇ, ਜਾਂ ਇੰਜਣ ਖਰਾਬ
ਹੋ ਜਾਵੇ ਤਾਂ ਖੁਆਜ਼ੇ ਨੂੰ ਕੜਾਹੀ ਕਰਕੇ ਧਿਆਇਆ ਜਾਂਦਾ। ਪਿੰਡਾਂ ‘ਚ ਮੰਨੇ ਜਾਣ
ਵਾਲੇ ਦੇਵਤਿਆਂ ਵਿੱਚੋਂ ਪਾਣੀ ਦਾ ਦੇਵਤਾ ਖੁਆਜ਼ਾ ਹੀ ਸਭ ਤੋਂ ਉੱਪਰ ਸੀ।
ਮਨਦੀਪ ਦੇ ਪੰਜਵੀਂ ‘ਚ ਹੋਣ ਸਾਰ ੱਿੲਕ ਹੋਰ ਵੱਡੀ ਤਬਦੀਲੀ ਆਈ। ਸਾਰੇ ਪਿੰਡ ਦੇ
ਖੇਤਾਂ ਵਿੱਚ ਬਿਜਲੀ ਦੇ ਖੰਭੇ ਸੁੱਟ ਦਿੱਤੇ ਗਏ। ਲੋਕਾਂ ਦੇ ਬੱਚੇ ਇਨ੍ਹਾਂ ਨੂੰ
ਦਿਲਚਸਪੀ ਨਾਲ ਖੜੋ ਖੜੋ ਕੇ ਵੇਖਦੇ। ਫੇਰ ਇਹ ਖੰਭੇ ਗੱਡੇ ਗਏ। ‘ਜੋਰ ਲਗਾ ਦੇ
ਹਾਈਸ਼ਾ’ ਕਿੰਨਾ ਚਿਰ ਪਿੰਡ ਦਾ ਆਲੇ ਦੁਆਲੇ ਗੂੰਜਦਾ ਰਿਹਾ। ਖੰਭਿਆਂ ਦੀ ਗੱਡ ਗਡਾਈ
ਨੂੰ ਲੈ ਕੇ ਲੜਾਈਆਂ ਵੀ ਹੋਈਆਂ। ਆਖਰ ਨੂੰ ਸਾਰੇ ਪਿੰਡ ਨੂੰ ਬਿਜਲੀ ਦਾ ਕੁਨੈਕਸ਼ਨ
ਮਿਲ ਗਿਆ। ਬਿਜਲੀ ਨਾਲ ਪਿੰਡ ਜਿਵੇਂ ਜਗਮਗਾ ਉੱਠਿਆ। ਨਾਈਆਂ
ਦਾ ਨਿੰਮਾਂ ਨਹੇਰਨੇ ਨਾਲ ਨਹੁੰ ਕੱਟਣੇ ਛੱਡ ਕੇ ਬਿਜਲੀ ਦਾ ਕੰਮ ਸਿੱਖਣ ਲੱਗ ਪਿਆ।
ਬੱਸ ਫੇਰ ਉਸ ਨੂੰ ਰੋਜ਼ ਫਿੰਟਿੰਗ ਦੇ ਆਰਡਰ ਮਿਲਣ ਲੱਗੇ। ਲੋਕਾਂ ਦੀ ਬੋਲੀ ਵਿੱਚ ਹੋਰ
ਨਵੇਂ ਸ਼ਬਦ ਜੁੜ ਗਏ, ਜਿਵੇਂ ਬੱਲਵ, ਪਲੱਗ, ਤਾਰਾਂ, ਸਵਿੱਚਾਂ ਪਰ ਉਨਾਂ ਨੇ ਸ਼ਬਦਾਂ
ਨੂੰ ਸੌਖੇ ਬਣਾ ਲਿਆ। ਉਹ ਬੱਲਵ ਨੂੰ ਆਂਡਾ ਜਾਂ ਲਾਟੂ, ਮੇਨ ਸਵਿੱਚ ਨੂੰ ਮੇਮ ਸੁੱਚ
ਆਖਦੇ। ਬਜ਼ੁਰਗ ਹੈਰਾਨ ਹੋਏ ਪੁੱਛਦੇ ਨਾਂ “ਇਹ ਲਾਟੂ ਜਿਹੇ ਵਿੱਚ ਕੋਈ ਤੇਲ ਨੀ
ਪੈਂਦਾ? ਇੱਸ ਵਿੱਚ ਤਾਂ ਬੱਤੀ ਵੀ ਨੀ ਦੀਂਹਦੀ ਇਹ ਫੇਰ ਮੱਚਦਾ ਕਿਵੇਂ ਆ?” ਪਰ ਉਨਾਂ
ਬੱਤੀ ਸ਼ਬਦ ਦਾ ਖਹਿੜਾ ਨਾਂ ਛੱਡਿਆ, ਬਲਵਾਂ ਨੂੰ ਵੀ ਬੱਤੀ ਹੀ ਕਹਿੰਦੇ ਅਤੇ ਇਸੇ
ਤਰ੍ਹਾਂ ਹਵਾ ਦੇਣ ਵਾਲਾ ਯੰਤਰ ਵੀ ਪੱਖਾ ਹੀ ਰਿਹਾ। ਬਿਜਲੀ ਦੇ ਇਸ ਦੌਰ ਵਿੱਚ ਨਲੀ
ਚੋਚੋ ਨਿੰਮਾ ਜਿਵੇਂ ਨਾਇਕ ਬਣ ਗਿਆ। ਬੜੀ ਜਲਦੀ ਹੀ ਉਸ ਨੇ ਮਾਛੀਵਾੜੇ ਸ਼ਹਿਰ ਵਿੱਚ
ਬਿਜਲੀ ਦੇ ਸਮਾਨ ਦੀ ਦੁਕਾਨ ਖੋਹਲ ਲਈ। ਬਿਜਲੀ ਦੀਆਂ ਪਿੰਡ ਦੇ
ਗੋਰੇ ਵਿੱਚ ਬਹਿ ਕੇ ਲੋਕ ਗੱਲਾਂ ਕਰਦੇ ਕਿ ‘ਜੇ ਇਹ ਫੜ ਲਵੇ ਤਾਂ ਮਾਰ ਦਿੰਦੀ ਆ।
ਸੁੱਕੀ ਲੱਕੜ ਤੋਂ ਬਹੁਤ ਡਰਦੀ ਆ’। ਲੋਕ ਇਹ ਵੀ ਦੱਸਦੇ ਸਨ ਕਿ ਇਹ ਤਾਰਾਂ ਰਾਹੀਂ
ਭਾਖੜੇ ਤੋਂ ਆਂਉਦੀ ਆ ਜਿੱਥੇ ਬਹੁਤ ਪਾਣੀ ਰੋਕ ਕੇ, ਵੱਡੀਆਂ ਮਸ਼ੀਨਾਂ ਨਾਲ ਰਿੜਕਿਆ
ਜਾਂਦਾ ਹੈ ਤੇ ਕਹਿੰਦੇ ਫੇਰ ਉਸੇ ‘ਚੋਂ ਕੱਢਦੇ ਨੇ’। ਭਾਖੜੇ ਤੋਂ ਆਂਉਂਦੀ ਮੁਟਿਆਰ
ਨੱਚਦੀ ਵਾਲਾ ਗੀਤ ਰੋਜ਼ ਰੇਡੀਉ ਤੋਂ ਚੱਲਦਾ। ਲੰਬੜਦਾਰ ਸੰਤਾ
ਸਿੰਘ ਦੇ ਘਰ ਜਦੋਂ ਬਿਜਲੀ ਲੱਗੀ ਤਾਂ ਉਸ ਨੇ ਹਰ ਸਵਿੱਚ ਹੇਠ ਇੱਕ ਲੱਕੜ ਦੀ ਫੱਟੀ
ਲਿਆ ਰੱਖੀ ਤੇ ਨਾਲ ਹੀ ਮੇਖ ਗੱਡ ਕੇ ਇੱਕ ਲੱਕੜ ਦੀ ਕੀਲੀ ਵੀ ਟੰਗਵਾ ਦਿੱਤੀ। ਬੱਲਵ
ਜਗਾਉਣ ਵਾਲੇ ਨੂੰ ਇਹ ਹਦਾਇਤ ਕੀਤੀ ਕਿ ਪਹਿਲਾਂ ਪਟੜੀ ਤੇ ਖੜ ਕੇ ਕੀਲੀ ਨਾਲ ਸਵਿੱਚ
ਦੱਬੇ ਤਾਂ ਕਿ ਬਿਜਲੀ ਕਿਸੇ ਨੂੰ ਫੜ ਨਾ ਲਵੇ। ਹੌਲੀ ਹੌਲੀ ਹੱਥ ਵਾਲੇ ਪੱਖਿਆਂ ਦੀ
ਥਾਂ ਬਿਜਲੀ ਦੇ ਪੱਖੇ ਲੈਣ ਲੱਗੇ। ਲੋਕ ਆਪਣੀਆਂ ਕੁੜੀਆਂ ਦੇ ਵਿਆਹਾਂ ਵਿੱਚ ਰੇਡੀਉ
ਦੇ ਨਾਲ ਨਾਲ ਹੁਣ ਟੇਬਲ ਫੈਨ ਵੀ ਦੇਣ ਲੱਗ ਪਏ। ਬਰਾਤੀਆਂ ਨੂੰ ਵੱਡੇ ਪੱਖੇ ਝੱਲਣ ਦੀ
ਥਾਂ ਹੁਣ ਬਿਜਲੀ ਵਾਲੇ ਪੱਖੇ ਲਗਾ ਦਿੱਤੇ ਜਾਂਦੇ। ਪਰ ਪੁਰਾਣੇ ਲੋਕ ਕਹਿੰਦੇ ਇਹ ਤਾਂ
ਸੇਵਾ ਨਹੀਂ ਹੈ। ਸੰਤਾ ਸਿੰਘ ਦਾ ਛੋਟਾ ਮੁੰਡਾ ਹਰਜੀਤ ਜਦੋਂ
ਫੌਜ ਵਿੱਚੋਂ ਦੋ ਮਹੀਨੇ ਦੀ ਛੁੱਟੀ ਆਇਆ ਤਾਂ ਪਿੰਡ ਦੀ ਬਦਲੀ ਨੁਹਾਰ ਦੇਖ ਕੇ ਹੈਰਾਨ
ਰਹਿ ਗਿਆ। ਇਸੇ ਛੁੱਟੀ ਵਿੱਚ ਉਸ ਦਾ ਵਿਆਹ ਵੀ ਰੱਖਣਾ ਸੀ। ਇੱਕ ਦਿਨ ਭਗਵਾਨ ਪੁਰੇ
ਤੋਂ ਲਾਗੀ ਵਿਆਹ ਦੀ ਚਿੱਠੀ ਲੈ ਹੀ ਆਇਆ। ਸਵਾ ਰੁਪਿਆ ਚਾਂਦੀ ਦਾ ਤੇ ਗੁੜ ਦੀ ਰੋੜੀ
ਦਾ ਸ਼ਗਨ ਦੇਕੇ ਮੁਹਤਬਰ ਬੰਦਿਆ ਵਿੱਚ ਵਿਆਹ ਦੀ ਚਿੱਠੀ ਪੜੀ ਗਈ ਤੇ ਤਿੰਨ ਹਾੜ ਦਾ
ਵਿਆਹ ਰੱਖ ਦਿੱਤਾ ਗਿਆ। ਮੁੰਡਾ ਦੇਖਣ ਵੀ ਏਹੋ ਲਾਗੀ ਆਇਆ ਸੀ ਤੇ ਫੇਰ ਰੋਕ ਕਰਨ ਵੀ।
ਸੰਤਾ ਸਿੰਘ ਨੇ ਇਸੇ ਤੇ ਯਕੀਨ ਕਰ ਲਿਆ ਕਿ ਕੁੜੀ ਸਿਲਾਈ ਕਢਾਈ ਤੇ ਘਰਦਾ ਸਾਰ ਕੰਮ
ਜਾਣਦੀ ਆ। ਭਗਵਾਨਪੁਰੇ ਦਾ ਲਾਗੀ ਨੱਥਾ ਸਿੰਘ ਵੀ ਹੁਣ ਸਾਰੇ ਟੱਬਰ ਨੂੰ ਜਾਨਣ ਲੱਗ
ਪਿਆ ਸੀ। ਘਰ ਵਿੱਚ ਰੱਖੇ ਦੋ ਵਿਆਹਾਂ ਨੇ ਜਿਵੇਂ ਭੂਚਾਲ ਹੀ ਪਾ ਦਿੱਤਾ ਸੀ।
ਔਰਤਾਂ ਰੋਜ਼ ਸ਼ਾਮ ਨੂੰ ਵਿਆਹ ਦੇ ਗੀਤ ਗਾਂਉਂਦੀਆਂ। ਤਾਰਿਆਂ ਭਰੇ ਆਕਾਸ਼ ਹੇਠ ਇਹ ਗੀਤ
ਗਾਏ ਜਾਂਦੇ।
ਜਿਵੇਂ ਪੂਰਾ ਪਿੰਡ ਹੀ ਇਨ੍ਹਾਂ ਵਿਆਹਾਂ ਦੀਆਂ ਰਸਮਾਂ ਵਿੱਚ ਸ਼ਾਮਲ ਹੋਵੇ।
ਸਿਮਰੋ ਦਾ ਵਿਆਹ ਹਰਜੀਤ ਤੋਂ ਇੱਕ ਦਿਨ ਪਹਿਲਾਂ ਸੀ ਉਸੇ ਪ੍ਰਾਹੁਣੇ ਜਸਵਿੰਦਰ ਨੇ ਵੀ
ਹਰਜੀਤ ਦੀ ਆਪਣੇ ਵਿਆਹ ਤੋਂ ਦੂਸਰੇ ਦਿਨ ਬਰਾਤ ਚੜ੍ਹਨਾ ਸੀ।
ਹਰਜੀਤ ਸਿੰਘ ਦੋ ਗੱਲਾਂ ਤੇ ਅੜਿਆ ਹੋਇਆ ਸੀ ਕਿ ਇੱਕ ਤਾਂ ਮੈਂ ਵਿਆਹ ਵਿੱਚ ਲਾਊਡ
ਸਪੀਕਰ ਜਰੂਰ ਲਵਾਉਣਾ ਹੈ ਤੇ ਦੂਜਾ ਸ਼ਹਿਰ ਵਾਲਾ ਬੈਂਡ ਬਾਜਾ ਕਰਨਾ ਹੈ। ਪਹਿਲਾਂ ਤਾਂ
ਸੰਤਾ ਸਿੰਘ ਮੰਨਦਾ ਨਹੀਂ ਸੀ ਪਰ ਜਦ ਮੁੰਡੇ ਨੇ ਆਪਣੀ ਤਨਖਾਹ ਦਾ ਦਸ ਹਜ਼ਾਰ ਉਸ ਦੀ
ਤਲ਼ੀ ਤੇ ਰੱਖਿਆ ਤਾਂ ਉਹ ਉਸ ਨੂੰ ਨਰਾਜ਼ ਵੀ ਨਹੀਂ ਸੀ ਕਰ ਸਕਦਾ।
ਕੁੜੀਆਂ ਦੇਖ ਕੇ ਵਿਆਹ ਕਰਵਾਉਣ ਦਾ ਰਿਵਾਜ਼ ਨਾ ਹੋਣ ਕਾਰਨ ਹਰਜੀਤ ਆਪਣੀ ਘਰਵਾਲੀ
ਵਾਰੇ ਸੋਚਦਾ ਰਹਿੰਦਾ ਕਿ ਕਿਹੋ ਜਿਹੀ ਹੋਵੇਗੀ। ਤੇ ਫੇਰ ਗੱਲ ਕਿਸਮਤ ਤੇ ਛੱਡ
ਦਿੰਦਾ। ਪਰ ਸਿਮਰੋ ਤਾਂ ਕੁੱਝ ਵੀ ਨਹੀਂ ਸੀ ਕਰ ਸਕਦੀ। ਕਦੀ ਕਦੀ ਮਨ ‘ਚ ਏਹ ਵੀ
ਆਂਉਂਦਾ ਕਿ ਚੋਰੀ ਛਿੱਪੇ ਜਾ ਕੇ ਆਪਣੀ ਬਹੂ ਨੂੰ ਦੇਖ ਆਵੇ। ਉਹ ਫੌਜੀ ਸੀ ਕਈ ਢੰਗ
ਤਰੀਕੇ ਵਰਤ ਸਕਦਾ ਸੀ। ਪਰ ਫੇਰ ਬਾਪੂ ਦੀ ਇੱਜਤ ਦਾ ਖਿਆਲ ਕਰਕੇ ਇਰਾਦਾ ਬਦਲ ਲੈਂਦਾ।
ਬੰਨੇ ਹੋਏ ਦਿਨ,ਦੌੜਦੇ ਹੀ ਜਾ ਰਹੇ ਸਨ। ਵਿਆਹਾਂ ਦੀਆਂ
ਤਿਆਰੀਆਂ ਜੋਰਾਂ ਤੇ ਸਨ। ਲਾਊਡ ਸਪੀਕਰ ਤੇ ਬੈਂਡ ਬਾਜਾ ਕਰ ਲਿਆ ਗਿਆ ਸੀ। ਰਥਾਂ ਦਾ
ਰਿਵਾਜ਼ ਹੁਣ ਨਾ ਹੋਣ ਕਾਰਨ ਦੋ ਮੋਟਰ ਗੱਡੀਆਂ ਤੇ ਇੱਕ ਲਾਰੀ ਕਰ ਲਈ ਗਈ। ਸਰਨੋ ਦੀ
ਬਰਾਤ ਵੀ ਮੋਟਰ ਗੱਡੀਆਂ ‘ਚ ਹੀ ਆਉਣੀ ਸੀ। ਪਿੰਡ ਵਿੱਚ ਇਹ ਨਵੀਨ ਕਿਸਮ ਦੇ ਵਿਆਹ
ਸਨ।
ਚੂਹੜਿਆਂ ਦਾ ਸੀਤੂ ਲੰਬੜਦਾਰ ਨਾਲ ਗੁੱਸੇ ਹੁੰਦਾ ਬੋਲਿਆ ਸੀ
“ਤਾਇਆ ਇਹ ਕੀ ਕੀਤਾ ਸੁਣਿਐ ਕਿ ਐਕਤੀ ਬੈਂਡ ਤੁਸੀਂ ਸ਼ਹਿਰੋਂ ਕੀਤੈ? ਭਲਾਂ ਸਾਡੇ
ਬੀਨਾਂ ਵਾਲੇ ਬਾਜੇ ਦਾ ਉਹ ਕੀ ਮੁਕਾਬਲਾ ਕਰੂ? ਉਨ੍ਹਾਂ ਨੂੰ ਚਾਰ ਫਿਲਮੀਂ ਤਰਜ਼ਾਂ ਤੇ
ਭੌਂ ਭੌਂ ਤੋਂ ਬਿਨਾਂ ਔਂਦਾ ਕੀ ਆ? ਅਸੀਂ ਪੰਜਾਬੀ ਤਰਜ਼ਾਂ ਕੱਢਦੇ ਘੋੜੇ ਵਾਲਾਂ, ਤੇ
ਨਚਾਰ ਵੀ ਲੈ ਕੇ ਆਂਉਂਦੇ। ਨਾਲੇ ਪੈਸੇ ਅੱਧੇ....। ਅਜੇ ਵੀ ਦੇਖ ਲੋ। ਮੈਂ ਸਾਈ
ਫੜਾਂ ਆਂਉਦਾ ਆਂ” ਬਾਜੇ ਵਾਲਿਆਂ ਨਾਲ ਇਹ ਮੁਨਸ਼ੇ ਚੂੜੇ ਦਾ ਮੁੰਡਾ ਢੋਲ ਵਜਾਂਉਂਦਾ
ਸੀ। ਪਰ ਸੰਤਾ ਸਿੰਘ ਨੇ ਆਪਣੀ ਮਜ਼ਬੂਰੂ ਜ਼ਾਹਰ ਕਰ ਦਿੱਤੀ। ਨਾਲ ਇਹ ਵੀ ਕਹਿ ਦਿੱਤਾ
ਸੀ ਕਿ ਜੇ ਉਹ ਇੱਕ ਦਿਨ ਪਹਿਲਾਂ ਵਜਾਉਣਾ ਚਾਹੁਣ ਤਾਂ ਵਜਾ ਸਕਦੇ ਨੇ, ਤੇ ਬਣਦਾ ਲਾਗ
ਵੀ ਮਿਲੇਗਾ। ਏਨੇ ‘ਚ ਹੀ ਸੀਤੂ ਖੁਸ਼ ਹੋ ਗਿਆ ਕਿ ਚਲੋਂ ਵਾਜਾ ਬਜਾਉਣ ਦਾ ਕੁੱਝ ਤਾਂ
ਬਣੂ। |