ਪੰਜਾਬ ਦੇ ਹਾਲਾਤ ਬੜੀ ਤੇਜ਼ੀ ਨਾਲ ਵਿਗੜਨ ਲੱਗੇ। ਅਮਨ
ਕਾਨੂੰਨ ਦੀ ਸਥਿਤੀ ਦਿਨੋ ਦਿਨ ਸਰਕਾਰ ਦੇ ਹੱਥਾਂ ਵਿੱਚੋਂ ਨਿੱਕਲਦੀ ਜਾ ਰਹੀ ਸੀ।
ਆਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾਉਣ ਲਈ, ਲੱਗੇ ਮੋਰਚੇ ਵਿੱਚ, ਅਕਾਲੀ ਪਾਰਟੀ
ਵਲੋਂ ਗ੍ਰਿਫਤਾਰੀ ਲਈ, ਹਰ ਰੋਜ਼ ਜਥੇ ਭੇਜੇ ਜਾਂਦੇ। ਸੰਤ ਹਰਚੰਦ ਸਿੰਘ ਲੌਗੋਵਾਲ,
ਮੋਰਚਾ ਡਿਕਟੇਟਰ ਥਾਪ ਦਿੱਤਾ ਗਿਆ। ਪਰ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਚਰਚਾ ਤਾਂ ਸੰਤ
ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਹੋ ਰਹੀ ਸੀ। ਮੋਟਰਸਾਈਕਲ ਸਵਾਰ ਸਾਰੇ ਪੰਜਾਬ
ਵਿੱਚ ਹੀ ਸਰਗਰਮ ਹੋ ਗਏ। ਬੇਰੁਜ਼ਗਾਰ ਨੌਜਵਾਨਾਂ ਦਾ ਝੁਕਾਅ ਵੀ ਇਸ ਨਵੀਂ ਉੱਠੀ ਲਹਿਰ
ਵਲ ਨੂੰ ਹੋਣ ਲੱਗਾ। ਪਿੰਡਾਂ ਸ਼ਹਿਰਾਂ ਵਿੱਚ ਕੇਸਰੀ ਪੱਗਾਂ ਦੀ ਤਦਾਦ ਵਧਣ ਲੱਗੀ। ਪਰ
ਇੱਕ ਸਧਾਰਨ ਮਨੁੱਖ ਦੀ ਸਥਿਤੀ ਤਾਂ ਪਹਿਲਾਂ ਵਰਗੀ ਹੀ ਸੀ।
ਮਨਦੀਪ ਕਈ ਵਾਰੀ ਆਪਣੀ ਆਰਥਿਕਤਾ ਅਤੇ ਆਏ ਦਿਨ, ਕਾਲਜ ਬੰਦ
ਹੋਣ ਦੀ ਗੱਲ ਨੂੰ ਲੈ ਕੇ ਬਹੁਤ ਉਦਾਸ ਹੋ ਜਾਂਦਾ। ਅਚਾਨਕ ਪਏ ਖਰਚਿਆਂ ਨੇ ਦਲੇਰ
ਸਿੰਘ ਨੂੰ ਇੱਕ ਮੱਝ ਵੇਚਣ ਲਈ ਮਜ਼ਬੂਰ ਕਰ ਦਿੱਤਾ। ਜਿਸ ਨਾਲ ਮਨਦੀਪ ਦਾ ਦਿਲੀ ਮੋਹ
ਸੀ। ਉਹ ਉਸ ਨੂੰ ਪੱਠੇ ਪਾਉਂਦਾ, ਪਾਣੀ ਪਿਆਂਉਦਾ ਅਤੇ ਨਹਾਉਂਦਾ ਰਿਹਾ ਸੀ। ਮੱਝ ਦੇ
ਚਲੇ ਜਾਣ ਨਾਲ ਉਸ ਨੂੰ ਉਦਾਸੀ ਨੇ ਹੋਰ ਵੀ ਘੇਰ ਲਿਆ।
ਉਧਰ ਬਚਨ ਕੌਰ ਦਾ ਵੀ ਮੱਝ ਦੇ ਵਿਕ ਜਾਣ ਕਾਰਨ ਦਿਲ ਘਾਂਊਂ
ਮਾਊਂ ਹੋ ਰਿਹਾ ਸੀ। ਉਸ ਨੂੰ ਪਹਿਲਾਂ ਪਤਾ ਸੀ ਕਿ ਰਣੀਏ ਅੱਜ ਤੋਂ ਫੂਲੋਂ ਵਾਲੇ
ਸੰਤਾਂ ਦੇ ਦਿਵਾਨ ਹਨ। ਉਸ ਨੇ ਮਨਦੀਪ ਨੂੰ ਕਿਹਾ ਕੇ ਮੈਨੂੰ ਸਾਈਕਲ ਤੇ ਬਿਠਾ ਕੇ ਲੈ
ਚੱਲ, ਮੇਰਾ ਮਨ ਹੋਰ ਪਾਸੇ ਲੱਗ ਜਾਊ। ਚੱਲ ਰਣੀਏ ਦੀਵਾਨ ਹੀ ਸੁਣ ਆਂਉਦੇ ਹਾਂ।
ਮਨਦੀਪ ਨੂੰ ਗੱਲ ਚੰਗੀ ਲੱਗੀ, ਕਿ ਚਲੋਂ ਇਸੇ ਬਹਾਨੇ ਵਕਤ ਵੀ ਪਾਸ ਹੋ ਜਾਊ।
ਉਹ ਤਿਆਰ ਹੋ ਕੇ ਰਣੀਏ ਨੂੰ ਚੱਲ ਪਏ। ਬਿੰਦਰ ਅਤੇ ਰਘਵੀਰ
ਆਪਣੀ ਦਾਦੀ ਬੇਅੰਤ ਕੌਰ ਦੇ ਘਰ ਚਲੇ ਗਏ। ਜਾ ਕੇ ਦੇਖਿਆ ਕਿ ਰਣੀਏ ਦੀ ਥੇਅ ਤੇ ਬਹੁਤ
ਵੱਡਾ ਪੰਡਾਲ ਲੱਗਾ ਹੋਇਆ ਹੈ। ਕੇਸਰੀ ਪੱਗਾਂ ਵੱਡੀ ਤਦਾਦ ਵਿੱਚ ਚਮਕ ਰਹੀਆਂ ਹਨ।
ਇੱਕ ਪਾਸੇ ਲੰਗਰ ਵਰਤਾਇਆ ਜਾ ਰਿਹਾ ਸੀ। ਬਚਨ ਕੌਰ ਨੇ ਪਹਿਲਾਂ ਆਪਣੇ ਪੇਕੇ ਘਰ ਜਾਣ
ਦੀ ਗੱਲ ਕੀਤੀ। ਉਹ ਆਪਣੀ ਮਾਂ ਮਹਿਤਾਬ ਕੌਰ ਅਤੇ ਪਿਉ ਸੰਤਾ ਸਿੰਘ ਦਾ ਹਾਲ ਚਾਲ
ਪੁੱਛ, ਉੱਥੇ ਹੀ ਸਾਈਕਲ ਖੜ੍ਹਾ ਕਰ ਬਾਕੀ ਟੱਬਰ ਸੰਗ, ਫੇਰ ਦਿਵਾਨ ਤੇ ਆ ਗਏ।
ਪੂਰੇ ਦੋ ਵਜੇ ਸੰਤ ਸੁਖਦੇਵ ਸਿੰਘ ਫੂਲੋਂ ਵਾਲੇ ਲੰਬੀ ਚਿੱਟੀ
ਕਾਰ ‘ਚੋਂ ਉੱਤਰੇ। ਚਿੱਟਾ ਬਾਣਾ ਅਤੇ ਚਿੱਟੀ ਕਾਲੀ ਦਾੜੀ ਜੋ ਗੁੱਟੀ ਬਣਾ ਕੇ ਬੰਨੀ
ਅਤੇ ਤੁੰਨੀ ਹੋਈ ਸੀ। ਕਈ ਲੋਕ ਕਹਿ ਰਹੇ ਸਨ ਕਿ ‘ਤੁੰਨੀ ਮੁੰਨੀ ਇੱਕ ਬਰਾਬਰ’।
ਮਨਦੀਪ ਨੇ ਅੱਜ ਤੱਕ ਜਿੰਨੇ ਸੰਤ ਵੇਖੇ ਸਨ ਸਭ ਨੇ ਦਾੜਾ ਪ੍ਰਕਾਸ਼ ਕੀਤਾ ਹੁੰਦਾ ਸੀ।
ਕਈ ਕਹਿੰਦੇ ਇਹ ਨੂੰ ਅਜੇ ਸਿੰਘ ਨਹੀਂ ਟੱਕਰੇ ਹੋਣੇ। ਜਿੰਨੇ ਮੂੰਹ ਉਨੀਆਂ ਗੱਲਾਂ।
ਰਾੜੇ ਵਾਲੇ ਸੰਤਾਂ ਵਕਤ ਜੋ ਸੰਤਾਂ ਦੇ ਪੈਰਾਂ ਹੇਠ ਕੱਪੜਾ ਵਿਛਾ ਕੇ ਉਨ੍ਹਾਂ ਦਾ
ਸੁਆਗਤ ਕੀਤਾ ਜਾਂਦਾ ਸੀ, ਹੁਣ ਨਵੀਂ ਉੱਠੀ ਲਹਿਰ ਦੇ ਸਿੰਘਾਂ ਨੇ ਗੁਰੂ ਗਰੰਥ ਸਾਹਿਬ
ਦੀ ਬੇਅਦਬੀ ਕਹਿ ਕੇ ਇਹ ਬੰਦ ਕਰਵਾ ਦਿੱਤਾ ਸੀ।
ਸੰਤ ਸਫੈਦ ਚੋਲਿਆਂ ਵਾਲੇ ਜਥੇ ਵਿੱਚ ਘਿਰੇ ਪੰਡਾਲ ‘ਚ
ਪ੍ਰਵੇਸ਼ ਕਰ ਰਹੇ ਸਨ। ਸੰਤਾਂ ਸਮੇਤ ਸਭ ਦੇ ਹੱਥ ਵੱਡੀਆਂ ਕ੍ਰਿਪਾਨਾਂ ਸਨ। ਕੀਰਤਣ
ਆਰੰਭ ਹੋਇਆ। ਵਾਜੇ ਨੂੰ ਬੀਨ ਦੀ ਤਰਜ਼ ਤੇ ਵਜਾਇਆ ਜਾ ਰਿਹਾ ਸੀ। ਢੋਲਕੀਆਂ ਦੀ ਤਾਲ
ਵਿੱਚ ਤੇਜ਼ੀ ਆ ਗਈ। ਸੰਗਤਾਂ ਦੇ ਸਿਰ ਝੂਮਣ ਲੱਗੇ। ਸੰਤਾਂ ਨੇ ਸਭ ਤੋਂ ਪਹਿਲਾਂ
ਹਥਿਆਰਾਂ ਦੀ ਮਹੱਤਤਾ ਸਮਝਾਉਦਿਆਂ ਆਪਣਾ ਵਖਿਆਨ ਆਰੰਭਿਆ।
ਪਹਿਲਾਂ ਆਨੰਦਪੁਰ ਸਾਹਿਬ ਦਾ ਮਤਾ ਬਿਆਨ ਕੀਤਾ। ਫੇਰ ਚੰਡੀਗੜ
ਪੰਜਾਬ ਨੂੰ, ਪਾਣੀਆਂ ਦੀ ਵੰਡ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦੀ ਗੱਲ ਦੇ
ਨਾਲ ਨਾਲ, ਭਾਰਤੀ ਸਵਿਧਾਨ ਦੀ ਧਾਰਾ 25 ਅਤੇ ਸਿੱਖਾਂ ਨਾਲ ਹੋ ਰਹੇ ਹੋ ਧੱਕਿਆ ਦੀ
ਗੱਲ ਕਰਦੇ ਹੋਏ ਉਹ ਹਕੂਮਤ ਨੂੰ ਭੰਡਣ ਲੱਗੇ। ਫੇਰ ਗੁਰੂ ਵਾਲੇ ਹੋਣ, ਅਮ੍ਰਿਤ ਛਕਣ
ਅਤੇ ਹਥਿਆਰਬੰਦ ਹੋਣ ਦੇ ਨਾਲ ਨਾਲ ਸਿੱਖ ਵਿਰੋਧੀ ਦੁਸ਼ਟਾਂ ਨੂੰ ਵੀ ਸੋਧਣ ਦੇਣ ਦੀਆਂ
ਗੱਲਾਂ ਕੀਤੀਆਂ ਗਈਆਂ। ਕਈ ਲੋਕ ਕਹਿ ਰਹੇ ਸਨ ਕਿ ਸੰਤ ਬਹੁਤ ਪੜ੍ਹਿਆ ਲਿਖਿਆਂ ਹੈ ਤੇ
ਸੰਤ ਭਿੰਡਰਾਂਵਾਲਿਆਂ ਦੇ ਵੀ ਬਹੁਤ ਨੇੜੇ ਹੈ। ਕਈ ਕਹਿ ਰਹੇ ਸਨ ਕਿ ਇਸ ਨੇ ਡੇਰੇ ਤੇ
ਦੋ ਤੀਵੀਆਂ ਧੱਕੇ ਨਾਲ ਹੀ ਰੱਖੀਆਂ ਹੋਈਆਂ ਨੇ। ਤੇ ਕੋਈ ਹੋਰ ਦੱਸ ਰਿਹਾ ਸੀ ਕਿ ਇਸ
ਨੇ ਗਰੀਬ ਲੋਕਾਂ ਦੀਆਂ ਜ਼ਮੀਨਾ ਹੜੱਪ ਕੇ ਡੇਰਾ ਬਣਾਇਆ ਹੈ। ਇਸ ਦੀਵਾਨ ਵਿੱਚ
ਗੁਰਬਾਣੀ ਦੀ ਤਾਂ ਕੋਈ ਗੱਲ ਹੀ ਨਾ ਹੋਈ, ਸਗੋਂ ਮਾਰ ਧਾੜ ਦੀਆਂ ਗੱਲਾਂ ਹੀ ਹੁੰਦੀਆਂ
ਰਹੀਆਂ। ਜਿਵੇ ਪੰਜਾਬ ਕੋਈ ਯੁੱਧ ਦਾ ਮੈਦਾਨ ਹੋਵੇ। ਏਥੇ ਆ ਕੇ ਤਾਂ ਮਨਦੀਪ ਦੀ
ਬੇਚੈਨੀ ਸਗੋਂ ਹੋਰ ਵੀ ਵਧ ਗਈ ਸੀ।
ਜਦੋਂ ਉਹ ਵਾਪਸ ਰਾਮਪੁਰੇ ਨੂੰ ਜਾ ਰਹੇ ਸਨ ਤਾਂ ਮਨਦੀਪ ਦੀਆਂ
ਸਾਈਕਲ ਚਲਾਉਂਦਿਆਂ ਲੱਤਾਂ ਫੁੱਲ ਰਹੀਆਂ ਸਨ। ਉਹ ਆਪਣੀ ਮਾਂ ਬਚਨ ਕੌਰ ਦੀਆਂ ਗੱਲਾਂ
ਨੂੰ ਵੀ ਅਣਗੌਲਿਆ ਕਰਦਾ ਰਿਹਾ। ਇੱਕ ਪਾਸੇ ਤਾਂ ਉਸ ਨੂੰ ਜੱਸੇ ਵਿਉਪਾਰੀ ਵਲੋਂ ਪੈਰ
ਅੜਾ ਅਵਾਕੇ, ਅੜਿੰਗਦੀ ਮੱਝ ਦਾ, ਪਿੱਛੇ ਪਿੱਛੇ ਮੁੜ ਦੇਖਣਾ, ਅਤੇ ਲਿਜਾਣ ਵਾਲਿਆ ਦਾ
ਡੰਡੇ ਮਾਰ ਮਾਰ ਮੱਝ ਨੂੰ ਟਰੱਕ ‘ਚ ਚੜ੍ਹਾਉਣਾ ਯਾਦ ਆ ਰਿਹਾ ਸੀ ਤੇ ਦੂਸਰੇ ਪਾਸੇ
ਫੂਲੋਂ ਵਾਲੇ ਸੰਤ ਕਹਿ ਰਹੇ ਸਨ ਕਿ “ਸਾਰੇ ਬੋਦੀਆਂ ਵਾਲੇ ਜਿਨਾਂ ਨੇ ਆਪਣੀ ਮਾਤ
ਭਾਸ਼ਾ ਪੰਜਾਬੀ ਨਾ ਲਿਖਾ ਕੇ ਪੰਜਾਬ ਨਾਲ ਧਰੋਹ ਕਮਾਇਆ ਹੈ ਪੰਜਾਬ ‘ਚੋਂ ਕੱਢ ਦੇਣੇ
ਚਾਹੀਦੇ ਨੇ। ਹਰ ਨੌਜਵਾਨ ਹੁਣ ਹਥਿਆਰ ਰੱਖੇ ਅਤੇ ਦੁਸ਼ਮਣ ਨੂੰ ਸੋਧਾ ਲਾਵੇ” ਕਿੱਥੇ
ਨਫਰਤ ਭਰੀ ਤਕਰੀਰ ਅਤੇ ਕਿਥੇ ਬਾਬੇ ਦਾ ਸੱਭੇ ਸਾਂਝੀਵਾਲ ਦਾ ਸੰਦੇਸ਼। ਮਨਦੀਪ ਦਾ ਮਨ
ਤਾਂ ਬੇਹੱਦ ਦੁਖੀ ਹੋਇਆ ਪਿਆ ਸੀ। ਪਰ ਉਹ ਸਾਈਕਲ ਦੇ ਪੈਡਲ ਮਾਰਦਾ ਰਿਹਾ।
ਰਾਮਪੁਰੇ ਆਪਣੇ ਘਰ ਉਹ ਸ਼ਾਮ ਦੇ ਛੇ ਕੁ ਵਜੇ, ਅਜੇ ਪਹੁੰਚੇ
ਹੀ ਸਨ ਕਿ ਕਾਲਜ ਪੜ੍ਹਦੇ ਉਸਦੇ ਸਾਥੀਆਂ ਕੈਲੇ ਅਤੇ ਬਾਰੇ ਨੇ ਆ ਬੂਹਾ ਖੜਕਾਇਆ।
ਦੂਸਰੇ ਦਿਨ ਛੱਬੀ ਜਨਵਰੀ ਸੀ ਉਨ੍ਹਾਂ ਤਿੰਨਾਂ ਨੇ ਆਪਣੇ ਕਾਲਜ ਵਲੋਂ ਖਾਲਸਾ ਹਾਈ
ਸਕੂਲ ਵਿੱਚ ਹੋਣ ਵਾਲੀ ਐਨ ਸੀ ਸੀ ਦੀ ਪ੍ਰੇਡ ਵਿੱਚ ਭਾਗ ਲੈਣਾ ਸੀ। ਚਾਹ ਪਾਣੀ ਪੀਣ
ਉਪਰੰਤ ਉਹ ਮੋਟਰ ਵਲ ਘੁੰਮਣ ਚਲੇ ਗਏ। ਸ਼ਰੀਕੇ ਕਬੀਲੇ ਦੇ ਲੋਕ ਉਨ੍ਹਾਂ ਵਲ ਕੁਨੱਖੀਆਂ
ਜਿਹੀਆਂ ਨਜ਼ਰਾਂ ਨਾਲ ਝਾਕਦੇ ਰਹੇ ਕਿ ਇਹ ਓਪਰੇ ਮੁੰਡੇ ਕੌਣ ਹੋਏ?
ਪੁਲੀਸ ਦੇ ਮੁਖਬਰ ਤਾਂ ਅੱਜ ਕੱਲ ਪਿੰਡਾਂ ਵਿੱਚ ਠਹਿਰਨ ਵਾਲੇ
ਓਪਰੇ ਮੁੰਡਿਆਂ ਦੀਆਂ ਪੈੜਾਂ ਆਮ ਹੀ ਸੁੰਘਦੇ ਫਿਰਦੇ ਸਨ। ਬਚਨ ਕੌਰ ਮਨਦੀਪ ਨੂੰ
ਕਹਿਣਾਂ ਤਾਂ ਚਾਹੁੰਦੀ ਸੀ ਕਿ “ਪੁੱਤ ਸਮਾਂ ਠੀਕ ਨਹੀਂ। ਨਾਲੇ ਲੋਕ ਅੰਦਰੋਂ ਸਾਡੇ
ਨਾਲ ਖਾਰ ਖਾਂਦੇ ਆ। ਬਾਹਰਲੇ ਮੁੰਡਿਆਂ ਕਰਕੇ ਕਿਤੇ ਕੋਈ ਤੈਨੂੰ ਵੀ ਨਾ ਕੋਈ ਫਸਾ
ਦਵੇ”। ਪਰ ਕਹਿ ਨਾ ਸਕੀ। ਉਸ ਨੇ ਨਾਲ ਹੀ ਗੁਆਂਢ ਤੋਂ ਅੱਧੀ ਦਰਜਣ ਆਂਡੇ ਲਿਆ ਕੇ
ਭੁਰਜ਼ੀ ਬਣਾ ਦਿੱਤੀ ਤੇ ਮੁੰਡਿਆਂ ਨੂੰ ਖਾਣਾ ਖੁਆ ਦਿੱਤਾ। ਜਰਨੈਲ ਜੋ ਗਾਉਣ ਦਾ
ਸ਼ੌਕੀਨ ਸੀ ਉਸ ਨੇ ਉਸ ਰਾਤ ਕਈ ਗੀਤ ਵੀ ਸੁਣਾਏ।
ਦੂਸਰੇ ਦਿਨ ਉਹ ਸਮਰਾਲੇ ਗਣਤੰਤਰ ਦਿਵਸ ਪਰੇਡ ਤੇ ਪਹੁੰਚੇ।
ਪ੍ਰੋ: ਹਰਜੀਤਪਾਲ ਅਤੇ ਹੌਲਦਾਰ ਪੂਰਨ ਸਿੰਘ ਉਥੇ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ
ਪ੍ਰੈੱਸ ਕੀਤੀਆਂ ਖਾਕੀ ਵਰਦੀਆਂ ਪਹਿਨੀਆਂ। ਲਿਸ਼ਕਦੇ ਬੂਟ ਪਾਏ। ਪੱਗਾਂ ਤੇ ਹੈਕਲ
ਲਗਾਏ। ਸ਼ਹਿਰ ਦੇ ਐੱਮ ਐੱਲ ਏ ਸ: ਅਮਰਜੀਤ ਸਿੰਘ ਨੇ ਪ੍ਰੇਡ ਤੋਂ ਸਲਾਮੀ ਲਈ। ਇਸ
ਵਾਰੀ ਪੁਲੀਸ ਵਲੋਂ ਬਹੁਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਖਾੜਕੂਆਂ ਨੇ ਤਿਰੰਗੇ
ਨੂੰ ਸਲਾਮੀ ਦੇਣ ਵਾਲੇ ਸਿੱਖਾਂ ਨੂੰ ਸੋਧਣ ਦਾ ਐਲਾਨ ਜੋ ਕੀਤਾ ਹੋਇਆ ਸੀ।ਸੀ ਆਰ ਪੀ
ਦੇ ਜਵਾਨ ਆਪਣੀਆਂ ਸਟੇਨ ਗੱਨਾਂ ਨਾਲ ਸਕੂਲ ਦੀ ਛੱਤ ਤੇ ਪੁਜ਼ੀਸ਼ਨਾਂ ਲਈਂ ਬੈਠੇ ਸਨ।
ਕਈ ਗੱਡੀਆਂ ਤੇ ਵੀ ਅਜਿਹੀਆਂ ਹੀ ਗੱਨਾਂ ਬੀੜੀਆਂ ਹੋਈਆਂ ਸਨ। ਪਰ ਇਹ ਗਣਤੰਤਰ ਦਿਵਸ
ਸਖਤ ਸੁਰੱਖਿਆਂ ਪ੍ਰਬੰਧਾ ਹੇਠਾਂ ਅਮਨ ਅਮਾਨ ਨਾਲ ਬੀਤ ਗਿਆ। ਤਿੰਨਾਂ ਦੋਸਤਾਂ ਨੇ ਰਲ਼
ਕੇ ਫੋਟੋ ਖਿਚਵਾਈ, ਇਕੱਠਿਆਂ ਰਿਫਰੈਸ਼ਮਿੰਟ ਲਈ ਅਤੇ ਆਪੋ ਆਪਣੇ ਘਰਾਂ ਨੂੰ ਰਵਾਨਾ ਹੋ
ਗਏ।
ਪੰਜਾਬ ਵਿੱਚ ਭਾਵੇਂ ਦੁਖਦ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ
ਸਨ ਪਰ ਫੇਰ ਵੀ ਪਿੰਡਾਂ ਸ਼ਹਿਰਾਂ ਵਿੱਚ ਅਜੇ ਜੀਵਨ ਪੂਰੀ ਤਰ੍ਹਾਂ ਧੜਕ ਰਿਹਾ ਸੀ।
ਕਾਲਜਾਂ ਵਿੱਚ ਫੰਕਸ਼ਨ ਅਤੇ ਯੂਥਫੈਸਟੀਵਲ ਹੋ ਰਹੇ ਸਨ। ਲੋਕ ਟੂਰਨਾਮੈਂਟ ਵੇਖਣ ਲਈ
ਵੱਡੀਆਂ ਭੀੜਾਂ ਦੇ ਰੂਪ ਵਿੱਚ ਜਾ ਪਹੁੰਚਦੇ। ਅਜੇ ਵੀ ਕੁਲਦੀਪ ਮਾਣਕ, ਸੁਰਿੰਦਰ
ਛਿੰਦਾ, ਦੀਦਾਰ ਸੰਧੂ ਤੇ ਮੁਹੰਮਦ ਸਦੀਕ ਦੇ ਅਖਾੜੇ ਲੱਗਦੇ ਤੇ ਲੋਕ ਵਹੀਰਾਂ ਘੱਤ ਕੁ
ਸੁਣਨ ਜਾਂਦੇ।
ਆਪਣੇ ਪੰਜਾਬੀ ਵਾਲੇ ਪ੍ਰੋ: ਸਤਵਿੰਦਰ ਸਪਰਾ ਦੇ ਜ਼ੋਰ ਪਾਉਣ
ਤੇ ਮਨਦੀਪ ਨੇ ਵੀ ਇਸ ਵਾਰ ਕਵਿਤਾ ਉਚਾਰਨ ਅਤੇ ਗੀਤ ਗਾਇਨ ਮੁਕਾਬਲੇ ਵਿੱਚ ਭਾਗ ਲਿਆ।
ਪਰ ਇਹ ਵੱਖਰੀ ਗੱਲ ਸੀ ਕਿ ਇਸੇ ਕਾਲਜ ਵਿੱਚ ਇਤਿਹਾਸ ਦਾ ਪ੍ਰੋ: ਹਰਮੋਹਣ ਸਿੰਘ, ਜੋ
ਅਜੇ ਪਿਛਲੇ ਦਿਨੀ ਹੀ ਨਵਾਂ ਸਿੰਘ ਸਜਿਆ ਸੀ, ਉਸ ਨੂੰ ਪਾਸੇ ਲਿਜਾ ਕੇ ਕਹਿਣ ਲੱਗਾ
ਸੀ ਕਿ “ਕੀ ਰੋਂਦੀ ਭੋਂਦੂ ਜਿਹੀਆਂ ਕਿਵਤਾਵਾਂ ਲੈ ਕੇ ਬਹਿ ਜਾਨਿਉ…। ਉਹ ਵੀ ਸ਼ਿਵ
ਕੁਮਾਰ ਵਰਗੇ ਹਿੰਦੂ ਪੋਇਟ ਦੀਆਂ ਜਿਨਾਂ ਨੇ ਪੰਜਾਬੀ ਨੂੰ ਕਦੇ ਆਪਣੀ ਮਾਂ ਹੀ ਨੀ
ਸਮਝਿਆ? ਸਾਰੇ ਪੰਜਾਬ ਦੇ ਹਿੰਦੂਆਂ ਨੇ ਮਾਂ ਬੋਲੀ ਹਿੰਦੀ ਲਿਖਾਕੇ ਪੰਜਾਬੀ ਦੀ ਪਿੱਠ
‘ਚ ਛੁਰਾ ਮਾਰਿਆ ਏ। ਤੇ ਇਨ੍ਹਾਂ ਦਾ ਇਹ ਸ਼ਾਇਰ ਵੀ ਤਾਂ ਕਿਸੇ ਗਿਣੀਮਿਥੀ ਸਾਜਿਸ਼ ਹੇਠ
ਸ਼ਰਾਬ ਪੀ ਪੀਕੇ, ਇਹ ਇਸ਼ਕ ਮੁਸ਼ਕ ਦੀਆਂ ਰੋਂਦੂ ਜਿਹੀਆਂ ਕਵਿਤਾਵਾਂ ਲਿਖ ਲਿਖ ਪੰਜਾਬ
ਦੀ ਜਵਾਨੀ ਨੂੰ ਪੈਸਿਵ ਕਰਨ ਤੇ ਤੁਲਿਆ ਰਿਹਾ ਏ। ਕਿਉਂਕਿ ਹਿੰਦੂ ਸਾਡੇ ‘ਚ ਅਣਖ ਤੇ
ਗੈਰਤ ਨਹੀਂ ਦੇਖਣਾ ਚਾਹੁੰਦੇ”
“ਅੱਗੇ ਵਾਸਤੇ ਕੋਈ ਵੀਰਰਸ ਦੀ ਕਵਿਤਾ ਪੜ੍ਹੀ। ਸਿੰਘਾਂ ਦੀ
ਚੜਦੀ ਕਲਾ ਵਾਲੀ। ਜੋ ਬੱਲੇ ਬੱਲੇ ਕਰਵਾ ਦਵੇ। ਸਮਝਿਆ…”
ਨਾਲੇ ਇੱਕ ਗੱਲ ਹੋਰ ਇਹ ‘ਮਨਦੀਪ ਮਾਨਵ’ ਕੀ ਹੋਇਆ? ਆਪਣੇ
ਨਾਲ ਸਿੰਘ ਲਿਖਿਆ ਕਰ। ਗੁਰੂ ਨੇ ਸਾਨੂੰ ਸਧਾਰਨ ਮਾਨਵ ਤੋਂ ਸਿੰਘ ਸਜਾਇਆ ਹੈ” ਫੇਰ
ਉਹ ਮਨਦੀਪ ਦੇ ਕੰਨ ਕੋਲ ਮੂੰਹ ਕਰਕੇ ਬੋਲਿਆ “ਇਹ ਭਾਪੇ ਬੜੇ ਖਰਾਬ ਨੇ। ਇਹ ਸਾਰੇ
ਦਾੜੀਆਂ ਵਾਲੇ ਹਿੰਦੂ ਨੇ। ਇਹ ਸਪਰਾ ਤਾਂ ਅੰਦਰੋਂ ਪੱਕਾ ਕਾਂਗਰਸੀ ਆ। ਕਹਿੰਦੇ ਇੱਕ
ਭਾਪਾ ਸੌ ਸਿਆਪਾ” ਉਹ ਹੱਸਿਆ।
“ਕਾਂਗਰਸੀ ਸਵਿਧਾਨ ਦੀ ਧਾਰਾ 25 ਵਿੱਚ ਸਾਨੂੰ ਸਿੱਖਾਂ ਨੂੰ
ਹਿੰਦੂ ਦੱਸਣ… ਤੇ ਇਹ ਸਪਰਾ ਹਿੰਦੂ ਸ਼ਾਇਰਾਂ ਦੀਆਂ ਕਿਵਤਾਵਾਂ ਸਿੱਖ ਮੁੰਡਿਆਂ ਕੋਲੋ
ਪੜਵਾਏ? ਮੈਂ ਤਾਂ ਅਜੇ ਸਿੰਘਾਂ ਨਾਲ ਏਹਦੀ ਗੱਲ ਨੀ ਤੋਰੀ ਜੇ ਤੋਰ ਤੀ ਤਾਂ ਅਗਲੇ
ਤਾਂ ਇਹਨੂੰ ਪ੍ਰਿੰਸੀਪਲੀ ਉਸੇ ਵਕਤ ਦੇ ਜਾਣਗੇ… ਜਿਸ ਦੇ ਇਹ ਸੁਪਨੇ ਦੇਖਦਾ ਆ”
ਮਨਦੀਪ ਜੀ ਕੀਤਾ ਸੀ ਕਿ ਇਸ ਘਟੀਆਂ ਪ੍ਰੌਫੈਸਰ ਦੀ ਲਾਹ ਪਾਹ
ਕਰ ਦਵੇ। ਪਰ ਉਸ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ। ਦੂਸਰੇ ਦਿਨ ਬਹੁਤ ਸਾਰੇ
ਪ੍ਰੋਫੈਸਰਾਂ ਅਤੇ ਮੁੰਡਿਆਂ ਦੇ ਉਸਦੀ ਪ੍ਰੋਫੌਰਮੈਂਸ ਨੂੰ ਬਹੁਤ ਸਲਾਹਿਆ।
ਫੇਰ ਅੱਤਵਾਦ ਦਾ ਗ੍ਰਹਿਣ ਪੰਜਾਬ ਅੰਦਰ ਕਲਾ ਦੇ ਸੂਰਜ ਨੂੰ
ਢਕਣ ਲੱਗਾ। ਫਰਵਰੀ ਮਹੀਨੇ ਵਿੱਚ ਅਜਿਹੀਆਂ ਦੋ ਘਟਨਾਵਾਂ ਵੇਖਣ ਸੁਣਨ ਨੂੰ ਮਿਲੀਆਂ।
ਨਾਲਦੇ ਪਿੰਡ ਕਟਾਣੀ ਵਿੱਚ ਜਦੋਂ ਇਕ ਗਾਇਕ ਜੋੜੀ ਵਿਆਹ ਤੇ ਗੀਤ ਗਾਅ ਰਹੀ ਸੀ ਤਾਂ
ਦੋ ਕੇਸਰੀ ਪੱਗਾਂ ਵਾਲੇ ਜਿਨਾਂ ਕੰਬਲਾਂ ਦੀਆਂ ਬੁੱਲਕਾਂ ਮਾਰੀਆਂ ਹੋਈਆਂ ਸਨ, ਸਟੇਨ
ਗੱਨਾਂ ਦਿਖਾ ਕੇ ਅਖਾੜਾ ਵਿਚਕਾਰ ਹੀ ਬੰਦ ਕਰਵਾ ਗਏ।
ਇਹ ਘਟਨਾ ਅਜੇ ਅੱਠ ਫਰਵਰੀ ਦੀ ਸੀ ਤਾਂ ਚੌਦਾਂ ਵਰਵਰੀ ਨੂੰ
ਇੱਕ ਹੋਰ ਨਾਮਵਰ ਗਾਇਕ ਜੋੜੀ ਨੂੰ ਪਿੰਡ ਬਿਜਲੀਪੁਰ ਵਿੱਚ ਮੋਟਰ ਸਾਈਕਲ ਸਵਾਰ
ਖਾੜਕੂਆਂ ਨੇ ਅਖਾੜਾ ਵਿਚਕਾਰ ਹੀ ਬੰਦ ਕਰਵਾਕੇ, ਅੱਗੇ ਤੋਂ ਪ੍ਰੋਗਰਾਮ ਨਾ ਕਰਨ ਦੀ
ਚਿਤਾਵਨੀ ਦਿੱਤੀ ਸੀ। ਫੇਰ ਇਸੇ ਸਾਲ ਹੋਏ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਦੇ ਮਤੇ
ਦਾ ਹੱਲ ਸਿਰਫ ਖਾਲਿਸਤਾਨ ਦੱਸਿਆ ਗਿਆ।
ਲੁਧਿਆਣੇ ਦੇ ਇੱਕ ਸਿਨਮੇ ਵਿੱਚ ਬੰਬ ਫਟਣ ਨਾਲ ਤਾਂ ਸਥਿਤੀ
ਹੋਰ ਵੀ ਨਾਜ਼ੁਕ ਹੋ ਗਈ। ਲੋਕ ਸਿਨਮਾਘਰਾਂ ‘ਚ ਜਾਣੋ ਬੰਦ ਹੋ ਗਏ। ਤਾਂ ਵੀ ਮਨਦੀਪ
ਅਤੇ ਉਸਦੇ ਦੋਸਤ ਵਿਨੋਦ ਨੇ ਅਜਿਹੇ ਹਾਲਾਤਾਂ ਵਿੱਚ ਵੀ ਇੱਕ ਦੋ ਮਨਪਸੰਦ ਫਿਲਮਾਂ
ਵੇਖ ਹੀ ਆਂਦੀਆ।
ਇਸ ਵਿਗੜੇ ਮਾਹੌਲ ਵਿੱਚ ਦਲੇਰ ਸਿੰਘ ਨੌਕਰੀ ਕਰਦਾ ਰਿਹਾ।
ਮਨਦੀਪ ਅਤੇ ਉਸਦੇ ਦੋਨੋ ਛੋਟੇ ਭਰਾ ਪੜ੍ਹਦੇ ਰਹੇ। ਦਲੇਰ ਸਿੰਘ, ਜੋ ਆਪਣੇ ਪੁੱਤਰ ਦਾ
ਭਵਿੱਖ ਬਣਾਉਣਾ ਚਾਹੁੰਦਾ ਸੀ ਹੁਣ ਇਸ ਗੱਲੋਂ ਡਰਨ ਲੱਗਿਆ ਕਿ ਕਿਧਰੇ ਉਸ ਦਾ ਪੁੱੜ
ਖਾੜਕੂਆਂ ਨਾਲ ਹੀ ਨਾ ਰਲ ਜਾਵੇ। ਕਿਤੇ ਕੋਈ ਪੁਲੀਸ ਕੇਸ ਹੀ ਨਾ ਪੈ ਜਾਵੇ। ਪੰਜਾਬ
ਦੀਆਂ ਸੜਕਾਂ ਤੇ ਸੀ ਆਰ ਪੀ ਦੀ ਗਸ਼ਤ ਵਧਣ ਲੱਗੀ ਅਤੇ ਕਈ ਸ਼ਾਇਰ ਪੰਜਾਬ ਨੂੰ ਲੱਗੀ
ਕਿਸੇ ਦੀ ਭੈੜੀ ਨਜ਼ਰ ਤੇ ਕਵਿਤਾਵਾਂ ਵੀ ਲਿਖਣ ਲੱਗੇ। ਇਸ ਸਮੱਸਿਆ ਨੂੰ ਲੈ ਕੇ ਹੁਣ
ਹਰ ਕੋਈ ਪਰੇਸ਼ਾਨ ਸੀ।
|