WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 47

ਸਮੁੰਦਰ ਮੰਥਨ (PDF, 568KB)    


ਅੱਠ ਜੂਨ 1984 ਦਾ ਦਿਨ ਸੀ। ਅਪ੍ਰੇਸ਼ਨ ਨੀਲਾ ਤਾਰਾ ਅਜੇ ਪੂਰੀ ਤਰ੍ਹਾਂ ਖਤਮ ਵੀ ਨਹੀਂ ਸੀ ਹੋਇਆ ਕਿ ਭਾਰਤ ਦਾ ਪਹਿਲਾ ਸਿੱਖ ਰਾਸ਼ਟਰਪਤੀ, ਗਿਆਨੀ ਜ਼ੈਲ ਸਿੰਘ, ਅੱਤਵਾਦੀਆਂ ਪਾਸੋਂ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਗੱਲ ਨੂੰ ਉਭਾਰਦਾ ਅਤੇ ਸਥਿਤੀ ਦਾ ਜ਼ਾਇਜ਼ਾ ਲੈਣ ਲਈ ਖੁਦ ਅਮ੍ਰਿਤਸਰ ਆਇਆ। ਜਿਉਂ ਹੀ ਦਰਬਾਰ ਸਾਹਿਬ ਅਹਾਤੇ ਵਿੱਚ ਪ੍ਰਵੇਸ਼ ਕਰਦਿਆਂ ਉਸ ਨੇ ਬਰਬਾਦੀ ਦਾ ਮੰਜ਼ਿਰ ਵੇਖਿਆ ਤਾਂ ਉਸ ਦੀਆਂ ਭੁੱਬਾਂ ਨਿੱਕਲ ਗਈਆਂ। ਸੈਨਾ ਨੇ ਉਸ ਨੂੰ ਚਾਰੋ ਤਰਫ ਘੇਰ ਰੱਖਿਆ ਸੀ। ਅਪ੍ਰੇਸ਼ਨ ਬਲਿਊ ਸਟਾਰ ਦੀ ਕਮਾਂਡ ਕਰਨ ਵਾਲੇ ਮੇਜਰ ਜਨਰਲ ਰਣਜੀਤ ਸਿੰਘ ਦਿਆਲ ਅਤੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਉਸ ਦੀ ਅਗਵਾਈ ਕਰ ਰਹੇ ਸਨ। ਉਹ ਛਤਰੀ ਦੀ ਛਾਂ ਹੇਠ ਕੋਟ ਤੇ ਲਾਲ ਰੰਗ ਦਾ ਗੁਲਾਬ ਸਜਾ ਹੰਕਾਰੇ ਅੰਦਾਜ਼ ਵਿੱਚ ਹਰਮੰਦਿਰ ਸਾਹਿਬ ਵਲ ਵੀ ਵਧ ਰਿਹਾ ਸੀ। ਉਸ ਨੂ ਆਪਣੇ ਕੋਟ ਤੇ ਟੰਗਿਆ ਗੁਲਾਬ ਅੱਜ ਲਹੂ ਨਾਲ ਰੰਗਿਆ ਜਾਪ ਰਿਹਾ ਸੀ।

ਚਾਰੇ ਪਾਸੇ ਲਾਸ਼ਾਂ ਅਜੇ ਉਵੇਂ ਹੀ ਖਿਲਰੀਆਂ ਪਈਆਂ ਸਨ। ਕਈ ਲੋਕ ਸਹਿਕ ਵੀ ਰਹੇ ਸਨ। ਕਈ ਮਾਸੂਮ ਬੱਚੇ ਵੀ ਮਰੇ ਪਏ ਸਨ। ਗਿਆਨੀ ਜ਼ੈਲ ਸਿੰਘ ਨੂੰ ਫੌਜੀ ਅਧਿਕਾਰੀ ਜੁੱਤੀ ਪਾਈ ਰੱਖਣ ਲਈ ਮਜ਼ਬੂਰ ਕਰ ਰਹੇ ਸਨ। ਪਰ ਉਸਦੀ ਸਿੱਖ ਮਾਨਸਿਕਤਾ ਇਜ਼ਾਜ਼ਤ ਨਹੀਂ ਸੀ ਦੇ ਰਹੀ। ਪਰ ਅੰਦਰੋਂ ਉਹ ਟੁੱਟ ਗਿਆ ਸੀ।

ਏਥੇ ਹੀ ਤਾਂ ਉਹ ਕਦੀ ਸ਼੍ਰੋਮਣੀ ਕਮੇਟੀ ਦਾ ਕਰਮਚਾਰੀ ਹੁੰਦਿਆਂ ਹੋਇਆਂ ਨਤਮਸਤਕ ਹੁੰਦਾ ਰਿਹਾ ਸੀ। ਕੀਰਤਨ ਕਰਦਾ ਰਿਹਾ ਸੀ। ਏਸੇ ਗੁਰੂ ਦੀ ਅਸ਼ੀਰਵਾਦ ਸਦਕਾਂ ਹੀ ਤਾਂ ਉਹ ਸਧਾਰਨ ਮਨੁੱਖ ਤੋ ਉੱਠਕੇ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੱਕ ਪਹੁੰਚਿਆ ਸੀ। ਉਸੇ ਗੁਰੂ ਨਾਲ ਅੱਜ ਉਸ ਨੇ ਇਹ ਧ੍ਰੋਹ ਕੀਤਾ ਸੀ। ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸੇ ਹੀ ਫੌਜ ਨੇ ਖੰਡਰ ਬਣਾ ਦਿੱਤਾ ਸੀ ਜਿਸ ਦਾ ਸੁਪਰੀਮ ਕਮਾਂਡਰ ਸੀ। ਸਿੱਖ ਰੈਫਰੈਂਸ ਲਾਇਬ੍ਰੇਰੀ, ਗੁਰੂਆਂ ਦੇ ਸਮੇਂ ਦੀਆਂ ਅਨੇਕਾਂ ਦੁਰਲੱਭ ਲਿਖਤਾਂ ਅਤੇ ਵਸਤਾਂ ਸਮੇਤ ਸਾੜ ਕੇ ਸੁਹਾਅ ਕਰ ਦਿੱਤੇ ਸਨ।

ਸੁਨਹਿਰੀ ਮੰਦਿਰ ਵਿੱਚ ਤਿੰਨ ਸੌ ਦੇ ਕਰੀਬ ਗੋਲੀਆਂ ਮਾਰੀਆਂ ਗਈਆਂ ਸਨ ਜਦ ਕਿ ਸਰਕਾਰੀ ਮੀਡੀਆ ਕਹਿ ਰਿਹਾ ਸੀ ਕੋਈ ਵੀ ਗੋਲੀ ਨਹੀਂ ਵੱਜੀ। ਜ਼ੈਲ ਸਿੰਘ ਨੂੰ ਲੱਗਿਆ ਜਿਵੇਂ ਉਹ ਅੱਜ ਗਿਆਨੀ ਨਹੀ ਕੋਈ ਅਹਿਮਦ ਸ਼ਾਹ ਅਬਦਾਲੀ ਹੋਵੇ। ਇੱਕ ਵਾਰ ਤਾਂ ਉਸ ਨੂੰ ਦਰਾਬਰ ਸਾਹਿਬ ਦੀ ਬੇਅਬਦੀ ਦਾ ਬਦਲਾ ਲੈਣ ਵਾਲੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੀ ਯਾਦ ਵੀ ਆਈ, ਜਿਨਾਂ ਮੱਸੇ ਰੰਘੜ ਦਾ ਸਿਰ ਵੱਢਿਆ ਸੀ। ਮੱਸੇ ਦੀ ਥਾਂ ਬਰਛੇ ਤੇ ਉਸ ਨੂੰ ਆਪਣਾ ਸਿਰ ਟੰਗਿਆ ਮਹਿਸੂਸ ਹੋਇਆ। ਇੱਕ ਵਾਰ ਤਾਂ ਉਹ ਸਿਰ ਤੋਂ ਪੈਰਾਂ ਤੱਕ ਕੰਬ ਗਿਆ।

ਲੈਫ: ਜਨਰਲ ਕੁਲਦੀਪ ਸਿੰਘ ਬਰਾੜ ਮੱਲੋਮੱਲੀ ਉਸ ਦੇ ਸਿਰ ਤੇ ਛਤਰੀ ਤਾਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਰੇ ਫੌਜੀ ਬੂਟਾਂ ਸਮੇਤ ਹਰਲ ਹਰਲ ਕਰਦੇ ਉਸ ਦੁਆਲੇ ਫਿਰ ਰਹੇ ਸਨ। ਉਸ ਨੂੰ ਲੱਗਿਆ ਜਿਵੇਂ ਉਹ ਵੀ ਫੌਜ ਦੀ ਕੈਦ ਵਿੱਚ ਹੋਵੇ। ਇੰਦਰਾ ਸਰਕਾਰ ਨੇ ਉਸ ਨਾਲ ਬਹੁਤ ਵੱਡਾ ਧੋਖਾ ਕੀਤਾ ਸੀ। ਦਰਅਸਲ ਸਿੱਖਾਂ ਨੂੰ ਸਿਖਾਏ ਗਏ ਸਬਕ ਦਾ ਮੰਜ਼ਿਰ ਦਿਖਾਉਣ ਲਈ ਤੇ ਸਿੱਖ ਹੋਣ ਦੇ ਨਾਤੇ ਹੀ ਤਾਂ ਉਸ ਨੂੰ ਅੱਜ ਜ਼ਬਰਦਸਤੀ ਭੇਜਿਆ ਗਿਆ ਸੀ।

ਮਾਮੂਲੀ ਅਪਰੇਸ਼ਨ ਕਹਿ ਕੇ ਉਸ ਤੋਂ ਸਾਈਨ ਕਰਵਾ ਲਏ ਗਏ ਸਨ ਤੇ ਵਿਸ਼ਵਾਸ ਦੁਵਾਇਆ ਸੀ ਕਿ ਹਰਮੰਦਰ ਸਾਹਿਬ ਦਾ ਪੂਰਾ ਸਤਿਕਾਰ ਰੱਖਿਆ ਜਾਵੇਗਾ ਅਤੇ ਕਿਸੇ ਵੀ ਇਤਿਹਾਸਕ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰ ਉਸ ਤੋਂ ਬਾਅਦ ਉਸ ਨੂੰ ਰਾਸ਼ਟਰਪਤੀ ਭਵਨ ਵਿੱਚ ਹਾਊਸ ਅਰੈਸਟ ਕਰ ਦਿੱਤਾ ਗਿਆ ਸੀ। ਹੋਰ ਤਾਂ ਹੋਰ ਉਸ ਦਾ ਨਿੱਜੀ ਫੋਨ ਵੀ ਡਿਸਕੁਨੈਕਟ ਕਰ ਦਿੱਤਾ ਗਿਆ ਸੀ। ਭਾਂਵੇ ਰਸਮੀ ਤੌਰ ਤੇ ਉਹ ਫੌਜਾਂ ਦਾ ਕਮਾਂਡਰ ਸੀ ਪਰ ਜਨਰਲ ਵੈਦਿਆ ਨੇ ਤਾਂ ਉਸ ਨਾਲ ਇੱਕ ਵਾਰ ਵੀ ਗੱਲ ਨਹੀਂ ਸੀ ਕੀਤੀ। ਸਾਰਾ ਅਪ੍ਰੇਸ਼ਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਗ੍ਰਹਿ ਮੰਤਰੀ ਪੀ ਵੀ ਨਰਸਿਮਾ ਰਾਓ ਅਤੇ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਹੀ ਹੋਇਆ ਸੀ। ਸਿੱਖ ਕੌਮ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਹੋ ਚੁੱਕਾ ਸੀ। ਜਿਸ ਦੇ ਬਰਾਬਰ ਦਾ ਭਾਈਵਾਲ ਹੁਣ ਉਹ ਖੁਦ ਵੀ ਸੀ। ਤੇ ਇਤਿਹਾਸ ਨੇ ਉਸ ਨੂੰ ਕਦੀ ਵੀ ਮੁਆਫ ਨਹੀਂ ਸੀ ਕਰਨਾ। ਫੇਰ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਲਗਾਤਾਰ ਵੱਗਣ ਲੱਗੇ। ਤੇ ਸਾਰੇ ਘਟਨਾ ਕ੍ਰਮ ਦੀ ਸਮਝ ਆਉਣ ਲੱਗੀ।

ਗਿਆਨੀ ਜ਼ੈਲ ਸਿੰਘ ਨੇ ਇਹ ਵੀ ਦੇਖਿਆਂ ਕਿ ਬਾਬਾ ਦੀਪ ਸਿੰਘ ਬੁੰਗਾ ਦੇ ਪਾਸ ਇੱਕ ਟੈਂਕ ਫਸਿਆ ਹੋਇਆ ਸੀ। ਫਾਇੰਰਗ ਅਜੇ ਵੀ ਰੁਕ ਰੁਕ ਕੇ ਕਦੀ ਕਦਾਈਂ ਹੋ ਰਹੀ ਸੀ। ਜਥੇਦਾਰ ਕਿਰਪਾਲ ਸਿੰਘ ਨੇ ਉਸ ਨੂੰ ਸਿਰੋਪਾ ਤਾਂ ਦਿੱਤਾ ਪਰ ਉਹ ਬਹੁਤ ਡਰਿਆ ਹੋਇਆ ਜਾਪ ਰਿਹਾ ਸੀ। ਗਿਆਨੀ ਜ਼ੈਲ ਸਿੰਘ ਨੂੰ ਫੇਰ ਮਹਿਸੂਰ ਹੋਇਆ ਕਿ ਉਸ ਦੀ ਅਚਕਨ ਤੇ ਲੱਗਿਆ ਗੁਲਾਬ ਦਾ ਫੁੱਲ ਲਹੂ ‘ਚ ਗੜੁੱਚ ਹੋਵੇ।

ਜੇਤੂ ਅੰਦਾਜ਼ ਵਿਚ ਕੁਲਦੀਪ ਸਿੰਘ ਬਰਾੜ ਨੇ ਰਾਸ਼ਟਰਪਤੀ ਨੂੰ ਕੰਨ ਵਿੱਚ ਦੱਸਿਆ ਕਿ ਤੁਸੀਂ ਭਿੰਡਰਾਵਾਲੇ ਅਤੇ ਉਸਦੇ ਸਾਥੀਆਂ ਦੀਆਂ ਲਾਸ਼ਾਂ ਦੇਖਣੀਆਂ ਚਾਹੋਂਗੇ। ਤਾਂ ਰਾਸ਼ਟਰਪਤੀ ਨੇ ਗੁੱਸੇ ਵਿੱਚ ਕਿਹਾ ‘ਬਕਵਾਸ ਬੰਦ ਕਰੋ। ਤੁਸੀਂ ਮੈਨੂੰ ਬਹੁਤ ਵੱਡੇ ਧੋਖੇ ਵਿੱਚ ਰੱਖਿਆ ਹੈ” ਉਸੇ ਵਕਤ ਇੱਕ ਗੋਲੀ ਟੀਂ ਕਰਦੀ ਬਰਾੜ ਦੇ ਕੰਨ ਕੋਲੋ ਨਿੱਕਲ ਗਈ ਤੇ ਉਹ ਛਤਰੀ ਸਮੇਤ ਹੀ ਸਰੋਵਰ ਵਿੱਚ ਛਾਲ ਮਾਰ ਗਿਆ। ਗਿਆਨੀ ਜ਼ੈਲ ਸਿੰਘ ਨੂੰ ਕਿਸੇ ਬਚੇ ਅੱਤਵਾਦੀ ਵਲੋਂ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹ ਵਾਲ ਵਾਲ ਬਚ ਗਿਆ। ਉਹ ਡਰ ਨਾਲ ਕੰਬਣ ਲੱਗਿਆ। ਮਿਲਟਰੀ ਤੁਰੰਤ ਉਸ ਨੂੰ ਘੇਰ ਕੇ ਦਰਬਾਰ ਸਾਹਿਬ ਦੀ ਪਰਿਕਰਮਾਂ ‘ਚੋਂ ਬਾਹਰ ਲੈ ਗਈ।

ਇਸ ਫੇਰੀ ਤੋਂ ਗਿਆਨੀ ਜ਼ੈਲ ਸਿੰਘ ਬਹੁਤ ਹੀ ਮਾਯੂਸ ਹੋ ਕੇ ਦਿੱਲੀ ਨੂੰ ਪਰਤਿਆ। ਸ਼ਾਮ ਟੈਲੀਵੀਯਨ ਵਲੋਂ ਸੈਂਸਰ ਕਰਕੇ ਅਤੇ ਸਰਕਾਰੀ ਸ਼ਬਦਾਂ ਦਾ ਜ਼ਾਮਾ ਪਹਿਨਾ ਇਹ ਫੇਰੀ ਦਿਖਾਈ ਗਈ। ਬਾਹਰਲੀ ਪ੍ਰੈੱਸ ਨੂੰ ਅਜੇ ਅੰਦਰ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਗਈ। ਸਧਾਰਨ ਲੋਕਾਂ ਵਿੱਚ ਸੈਂਕੜੇ ਕਿਸਮ ਦੀਆਂ ਅਫਵਾਵਾਂ ਫੈਲ ਰਹੀਆਂ ਸਨ। ਇਹ ਵੀ ਦੱਸਿਆਂ ਗਿਆ ਕਿ ਭਿੰਡਰਾਵਾਲੇ ਸੰਤਾਂ ਦੀ ਲਾਸ਼ ਦੀ ਸ਼ਨਾਖਤ ਉਸਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਵਲੋਂ ਕੀਤੀ ਗਈ ਹੈ। ਪਰ ਅਫਵਾਵਾਂ ਇਹ ਵੀ ਫੈਲ ਰਹੀਆਂ ਸਨ ਕਿ ਸੰਤ ਭਿੰਡਰਾਵਾਲੇ ਤਾਂ ਆਪਣੇ ਸੈਂਕੜੇ ਸਾਥੀਆਂ ਸਮੇਤ ਸਿੱਖ ਅਫਸਰਾਂ ਦੀ ਮੱਦਦ ਨਾਲ ਫੋਜ ਦਾ ਘੇਰਾ ਤੋੜ ਕੇ ਪਾਕਿਸਤਾਨ ਵਲ ਨਿੱਕਲ ਗਏ ਹਨ। ਕਈ ਲੋਕ ਤਾਂ ਇਹ ਵੀ ਅਫਵਾਵਾਂ ਉਡਾ ਰਹੇ ਸਨ ਕਿ ਪਕਿਸਤਾਨ ਟੀ ਵੀ ਨੇ ਸੰਤਾਂ ਨੂੰ ਦਿਖਾਇਆ ਵੀ ਹੈ। ਤੇ ਹੁਣ ਉਹ ਪਾਕਿਸਤਾਨੀ ਫੋਜ ਨਾਲ ਮਿਲਕੇ ਉਹ ਬਦਲਾ ਜਰੂਰ ਲੈਣਗੇ।

ਇਹ 9 ਜੂਨ ਦੀ ਸਵੇਰ ਸੀ। ਰਾਮਪੁਰੇ ਪਿੰਡ ਦੇ ਗੁਰਦੁਵਾਰੇ ਵਿੱਚੋਂ ਅਨਾਊਂਸਮੈਂਟ ਹੋਈ “ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਭਾਈ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਭਾਈ ਜਿਨਾਂ ਦੇ ਘਰਾਂ ‘ਚ ਲਸੰਸੀ ਹਥਿਆਰ ਨੇ, ਜਿਮੇ ਬੰਦੂਕਾਂ ਜਾਂ ਪਿਸਤੌਲ ਵਗੈਰਾ, ਜਾਂ ਕੋਈ ਵੀ ਹੋਰ ਅਸਲਾ ਹੈ, ਉਹ ਭਾਈ ਗੁਰਦੁਵਾਰੇ ਸਾਹਮਣੇ ਪਿੱਪਲਾਂ ਹੇਠਾਂ, ਹਥਿਆਰ ਲੈ ਕੇ ਦਸ ਵੱਜਦੇ ਨੂੰ ਪਹੁੰਚ ਜਾਣ। ਭਾਈ ਇਹ ਪੁਲਿਸ ਵਲੋਂ ਸਰਕਾਰੀ ਹੁਕਮ ਹੈ। ਇਹ ਹਥਿਆਰ ਪੰਚਾਇਤ ਦੀ ਹਾਜ਼ਰੀ ਵਿੱਚ ਜਮਾਂ ਕਰਾਵਾਉਣ ਦੇ ਹੁਕਮ ਹੋਏ ਨੇ” ਗੁਰਦੁਵਾਰੇ ਵਾਲੇ ਭਾਈ ਜੀ ਨੇ ਦੋ ਤਿੰਨ ਵਾਰ ਇਹ ਸੂਚਨਾ ਦੁਹਰਾਈ ਤੇ ਨਾਲ ਇਹ ਵੀ ਕਿਹਾ ਕਿ “ਊਂ ਤਾਂ ਪਲਿਸ ਵਾਲਿਆਂ ਕੋਲ ਪਿੰਡ ਦੇ ਸਾਰੇ ਲਾਈਸੰਸੀ ਹਥਿਆਰਾਂ ਦੀ ਲਿਸਟ ਵੀ ਹੈ।ਸਾਧ ਸੰਗਤ ਜੇ ਕੋਈ ਫੇਰ ਵੀ ਨਾ ਅਇਆ ਤਾਂ ਉਸ ਤੇ ਕੇਸ ਪਾਇਆ ਜਾ ਸਕਦਾ ਹੈ”
ਕੁਦਰਤੀ ਦਲੇਰ ਸਿੰਘ ਵੀ ਉਸ ਵਕਤ ਘਰ ਹੀ ਸੀ। ਉਹ ਵੀ ਆਪਣੀ ਫੌਜ ‘ਚੋਂ ਲਿਆਂਦੀ ਬਾਰਾਂ ਬੋਰ ਦੀ ਰਾਈਫਲ ਅਤੇ ਐੱਲ ਜ਼ੀ ਦੇ ਰੌਂਦਾ ਦਾ ਡੱਬਾ ਲੈ ਕੇ ਪਿੱਪਲਾਂ ਥੱਲੇ ਪਹੁੰਚ ਗਿਆ। ਪੁਲਿਸ ਨੇ ਦੋਨੋ ਚੀਜ਼ਾਂ ਰੱਖ ਲਈਆਂ। ਸ਼ਾਇਦ ਅਜਿਹਾਂ ਬਗਾਵਤ ਭੜਕਣ ਦੇ ਡਰੋਂ ਕੀਤਾ ਜਾ ਰਿਹਾ ਹੋਵੇ। ਦਲੇਰ ਸਿੰਘ ਨੂੰ ਉਥੇ ਗਏ ਨੂੰ ਇਹ ਵੀ ਪਤਾ ਲੱਗਾ ਕਿ ਦਰਬਾਰ ਸਾਹਿਬ ਤੇ ਹੋਏ ਹਮਲੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਉਹ ਜਥੇਦਾਰ ਵੀ ਮਾਰਿਆ ਗਿਆ ਹੈ ਜਿਸ ਤੋਂ ਉਸ ਨੇ ਅਜੇ ਇਸੇ ਵਿਸਾਖੀ ਨੂੰ ਅਮ੍ਰਿਤ ਛਕਿਆ ਸੀ ਅਤੇ ੳੁੱਨੀ ਹੋਰ ਗੁਰਦੁਵਾਰਿਆਂ ਤੇ ਹਮਲੇ ਵੀ ਹੋਏ ਨੇ। ਹੁਣ ਉਸ ਦੇ ਫੌਜੀ ਮਨ ਨੂੰ ਵੀ ਤਰਲੋੋਮੱਛੀ ਲੱਗੀ ਪਈ ਸੀ।

ਮਨਦੀਪ ਦਾ ਹੀ ਨਹੀਂ ਸਮੁੱਚੇ ਪੰਜਾਬ ਵਾਸੀਆਂ ਦਾ ਘਰਾਂ ਦੀ ਕੈਦ ਵਿੱਚ ਦਮ ਘੁਟਣ ਲੱਗਿਆਂ। ਉੱਪਰੋਂ ਏਨੀ ਗਰਮੀ ਤੇ ਸ਼ਹਿਰਾਂ ਵਿੱਚ ਤਾਂ ਬਹੁਤ ਬੁਰਾ ਹਾਲ ਸੀ। ਲੋਕ ਆਟਾ ਦਾਲਾਂ, ਸਬਜ਼ੀਆਂ ਲਈ ਤਰਸ ਗਏ ਸਨ। ਬਿਮਾਰਾਂ ਅਤੇ ਬੱਚਾਂ ਜਨਣ ਵਾਲੀਆਂ ਔਰਤਾਂ ਨੂੰ ਵੀ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਦਾ ਸੀ। ਉਧਰ ਫੌਜ ਵਿੱਚ ਬਗਾਵਤ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਸਿੱਖ ਧਰਮੀ ਫੌਜੀਆਂ ਨੇ ਕਈ ਅਫਸਰਾਂ ਤੇ ਹਮਲੇ ਕਰਕੇ ਦਰਬਾਰ ਸਾਹਿਬ ਵਲ ਵਧਣ ਦੀ ਕਸਮ ਖਾਧੀ ਸੀ ਪਰ ਇਸ ਬਗਾਵਤ ਨੂੰ ਦਬਾ ਦਿੱਤਾ ਗਿਆ। ਸਮੁੱਚਾ ਪੰਜਾਬ ਕਰਫਿਊ ਦੇ ਸਾਏ ਹੇਠ ਸਹਿਕ ਰਿਹਾ ਸੀ। ਜਿੱਥੇ ਪਰਿੰਦਾ ਵੀ ਪਰ ਨਾ ਮਾਰ ਸਕੇ। ਤੇ ਪੰਜਾਬ ਦੇ ਹਿੰਦੂ ਵੀ ਬਹੁਤ ਸਹਿਮ ਗਏ ਸਨ।

ਲੋਕਾਂ ਨੂੰ 1947 ਦੇ ਦੰਗੇ ਯਾਦ ਆ ਗਏ। ਕੁੱਝ ਵੀ ਵਾਪਰ ਸਕਦਾ ਸੀ। ਕਈਆਂ ਨੂੰ ਲੱਗਿਆ ਕਿ ਕਰਫਿਊ ਹਟਣ ਸਾਰ ਹਿੰਦੂ ਸਿੱਖ ਦੰਗੇ ਭੜਕ ਪੈਣਗੇ। ਪਿੰਡ ਦੇ ਕੁੱਝ ਸ਼ਰਾਰਤੀ ਮੁੰਡਿਆਂ ਨੇ ਰਾਮਪੁਰੇ ਪਿੰਡ ਵਿੱਚ ਹਰਿਆਣੇ ਤੋਂ ਆ ਕੇ ਵਸੇ ਹਿੰਦੂ ਮੁਰਾਰੀ ਲਾਲ ਦੀ ਦੁਕਾਨ ਲੁੱਟਣ ਦੀ ਕੋਸ਼ਿਸ ਕੀਤੀ ਸੀ। ਜੋ ਪਿਛਲੇ ਚਾਰ ਕੁ ਸਾਲਾਂ ਤੋਂ ਹੀ ਰਾਮਪੁਰੇ ਦੁਕਾਨ ਚਲਾਕੇ ਗੁਜ਼ਾਰਾ ਕਰਦਾ ਸੀ। ਪਿੰਡ ਵਿੱਚ ਪੰਡਿਤਾਂ ਦੇ ਚਾਰ ਪੰਜ ਆਲੀਸ਼ਾਨ ਘਰ ਸਨ। ਕੁੱਝ ਸ਼ਰਾਰਤੀ ਲੋਕ ਉਨ੍ਹਾਂ ਨੂੰ ਪਿੰਡੋਂ ਕੱਢਕੇ ਘਰਾਂ ਨੂੰ ਸਾਂਭਣ ਦੀਆਂ ਸਕੀਮਾਂ ਵੀ ਲਾਉਣ ਲੱਗੇ। ਪੰਡਿਤਾਂ ਦੀਆਂ ਬਹੂ ਬੇਟੀਆਂ ਨੂੰ ਚੁੱਕ ਲੈਣ ਦੀਆਂ ਵੀ ਗੱਲਾਂ ਹੋਣ ਲੱਗੀਆਂ। ਮੁਰਾਰੀ ਜੋ ਕਦੇ ਕਦੇ ਮਨਦੀਪ ਨਾਲ ਗੱਲਾਂ ਕਰਦਾ ਰਹਿੰਦਾ ਸੀ ਇੱਕ ਰਾਤ ਚੁੱਪ ਚੁਪੀਤੇ ਹੀ ਗੱਡੀ ਵਿੱਚ ਸਮਾਨ ਲੱਦਕੇ ਪਰਿਵਾਰ ਸਮੇਤ ਦੌੜ ਗਿਆ। ਗਿਆਰਾਂ ਜੂਨ ਨੂੰ ਜਦੋਂ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਕਰਫਿਊ ਦੀ ਢਿੱਲ ਦਿੱਤੀ ਗਈ ਤਾਂ ਬਹੁਤ ਸਾਰ ਹਿੰਦੂ ਪਰਿਵਾਰ ਪੰਜਾਬ ਤੋਂ ਹਿਜ਼ਰਤ ਕਰ ਗਏ।

ਦਰਬਾਰ ਸਾਹਿਬ ਤੇ ਹੋਏ ਹਮਲੇ ਕਾਰਨ ਦੇਸ਼ਾਂ ਬਦੇਸ਼ਾਂ ਵਿੱਚ ਹਾਹਾਕਾਰ ਮੱਚੀ ਪਈ ਸੀ। ਸਿੱਖ ਅਵਾਮ ਦਾ ਰੋਹ ਸ਼ਾਂਤ ਕਰਨ ਲਈ ਭਾਰਤ ਸਰਕਾਰ, ਮੀਡੀਏ ਨੂੰ ਜ਼ਰ ਖਰੀਦ ਰਖੈਲ਼ ਦੀ ਤਰ੍ਹਾਂ ਵਰਤ ਰਹੀ ਸੀ। 12 ਜੂਨ ਨੂੰ ਟੈਲੀਵੀਯਨ ਤੇ ਸਰੋਵਰ ‘ਚੋਂ ਨਿੱਕਲੇ ਹਥਿਆਰਾਂ ਦੇ ਢੇਰ ਦਿਖਾਏ ਜਾ ਰਹੇ ਸਨ।

ਪਰ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਏਨੇ ਖਤਰਨਾਕ ਹਥਿਆਰ ਅੱਤਵਾਦੀਆਂ ਨੇ ਵਰਤਣ ਦੀ ਬਜਾਏ, ਸਰੋਵਰ ਵਿੱਚ ਕਿਉਂ ਸੁੱਟੇ ਹੋਣਗੇ? ਤੇ ਪਹਿਲਾਂ ਸੰਗਤਾਂ ਵਿੱਚੋਂ ਕਿਸੇ ਨੂੰ ਇਹ ਨਜ਼ਰ ਕਿਉਂ ਨਹੀਂ ਆਏ। ਇਹ ਵੀ ਸੁਆਲ ਉੱਠ ਰਿਹਾ ਸੀ ਕਿ ਏਨੀ ਸੁਰੱਖਿਆ ਅਤੇ ਨਾਕਾਬੰਦੀਆਂ ਹੋਣ ਤੇ ਵੀ ਇਹ ਹਥਿਆਰ ਹਰਿਮੰਦਰ ਸਾਹਿਬ ਅੰਦਰ ਕਿਵੇਂ ਪਹੁੰਚੇ? ਕੀ ਸਰਕਾਰ ਦੀ ਕੋਈ ਮਿਲੀ ਭੁਗਤ ਸੀ? ਖ਼ਬਰਾਂ ਤਾਂ ਇਹ ਵੀ ਆ ਰਹੀਆਂ ਸਨ ਕਿ ਬਹੁਤ ਸਾਰੇ ਬਾਗੀ ਫੌਜੀਆਂ ਨੂੰ ਮਾਰ ਦਿੱਤਾ ਗਿਆ ਹੈ। ਫੇਰ ਇੱਕ ਖ਼ਬਰ ਹੋਰ ਵੀ ਸੀ ਕਿ ਪੰਜਾਬ ਦੇ ਅਹਿਮ ਲੀਡਰਾਂ ਦੀ ਗ੍ਰਿਫਤਾਰੀ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਤੇ ਹੋਰ ਕਈਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਲੋਕ ਬੀ ਬੀ ਸੀ ਦੇ ਨਾਲ ਨਾਲ ਲਹੌਰ ਟੈਲੀਵੀਯਨ ਲਗਾਉਣ ਲਈ ਵੀ ਐਨਟੀਨੇ ਘੁਮਾਂਉਦੇ ਰਹਿੰਦੇ। ਦੂਰੀ ਘੱਟ ਹੋਣ ਕਾਰਨ ਥੋੜੀ ਮੋਟੀ ਡਿਸਟਰਬੈਂਸ ਨਾਲ ਲਹੌਰ ਟੀ ਵੀ ਮਨਦੀਪ ਦੇ ਘਰ ਵੀ ਚੱਲ ਪਿਆ ਸੀ। ਸਿਰ ਢਕੇ ਵਾਲੀ ਨਿਊਜ਼ ਕਾਸਟਰ ਦੱਸ ਰਹੀ ਸੀ ਕਿ ਦਰਬਾਰ ਸਾਹਿਬ ਤੇ ਹੋਏ ਹਮਲੇ ਵਿੱਚ 1020 ਸਿੱਖ ਮਾਰੇ ਗਏ ਨੇ ਅਤੇ ਅਣਗਿਣਤ ਭਾਰਤੀ ਫੌਜੀ ਵੀ ਮਾਰੇ ਵੀ ਗਏ ਹਨ। ਭਾਰਤ ਸਰਕਾਰ ਦੇ ਹਿਸਾਬ ਨਾਲੋਂ ਤਾਂ ਇਹ ਬਹੁਤ ਵੱਡੀ ਗਿਣਤੀ ਸੀ। ਸੁਣ ਕੇ ਲੋਕ ਹੋਰ ਵੀ ਪ੍ਰੇਸ਼ਾਨ ਹੋ ਗਏ।

ਉਸੇ ਸ਼ਾਮ ਗੁਰਤਾਰ ਸਿੰਘ ਜਲਾਲ ਆਪਣੇ ਇੱਕ ਸਾਥੀ ਨਾਲ ਮਨਦੀਪ ਦੇ ਘਰ ਆਇਆ। ਤੇ ਉਹ ਉਦਾਸੀ ਵਿੱਚ ਬੋਲਿਆ “ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਨਾਜ਼ਰ ਸਿੰਘ ਹਮਲੇ ਵਿੱਚ ਸ਼ਹੀਦ ਹੋ ਗਿਆ। ਉਸ ਵਕਤ ਉਹ ਪਾਣੀ ਵਾਲੀ ਟੈਂਕੀ ਤੇ ਬਣਾਏ ਮੋਰਚੇ ਤੋਂ ਲੜ ਰਿਹਾ ਸੀ। ਜਦੋਂ ਤੋਪ ਦੇ ਗੋਲੇ ਨਾਲ ਟੈਂਕੀ ਸੁੱਟੀ ਗਈ ਤਾਂ ਆਪਣਾ ਨਾਜ਼ਰ ਵੀ ਸ਼ਹੀਦੀ ਪਾ ਗਿਆ….” ਉਸ ਨੇ ਗੱਲ ਅਧੂਰੀ ਛੱਡ ਦਿੱਤੀ।

ਮਨਦੀਪ ਵੀ ਸੋਗ ਵਿੱਚ ਡੁੱਬ ਗਿਆ। ਤਾਂ ਗੁਰਤਾਰ ਬੋਲਿਆ “ਤਿਆਰ ਹੋ ਜਾ ਆਪਾਂ ਨਾਜ਼ਰ ਦੇ ਘਰ ਉਸਦੇ ਬਾਪੂ ਕੋਲ ਅਫਸੋਸ ਕਰਨ ਜਾਣਾ ਹੈ। ਦਮਨ ਸਕੂਟਰ ਲੈ ਕੇ ਉਥੇ ਹੀ ਆਵੇਗਾ। ਇੰਜਨੀਅਰਿੰਗ ਕਾਲਜ ਦਾ ਜੋ ਮੁੰਡਾ ਘੱਲੂਘਾਰੇ ਚੋਂ ਬਚ ਕੇ ਆਇਆ ਹੈ ਉਹ ਨਾਜ਼ਰ ਦੇ ਬਾਪੂ ਨੂੰ ਮਿਲਿਆ ਸੀ। ਨਾਲੇ ਹੋਰ ਗੱਲਾਂ ਦਾ ਪਤਾ ਲੱਗ ਜਾਵੇਗਾ। ਸੰਤਾਂ ਦਾ ਕਹਿਣਾ ਸੀ ਕਿ ‘ਜਿਸ ਦਿਨ ਫੌਜ ਹਰਮੰਦਰ ਸਾਹਿਬ ‘ਚ ਦਾਖਲ ਹੋਈ ਸਮਝਿਉ ਖਾਲਿਸਤਾਨ ਦੀ ਨੀਂਹ ਰੱਖੀ ਗਈ।ਖਾਲਿਸਤਾਨ ਹੁਣ ਬਣਕੇ ਰਹੇਗਾ’ ਸਾਡਾ ਦੋਸਤ ਖਾਲਿਸਤਾਨ ਦਾ ਸ਼ਹੀਦ ਹੈ ਉਸ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ” ਗੁਰਤਾਰ ਇੱਕ ਹੰਢੇ ਵਰਤੇ ਲੀਡਰ ਵਾਂਗ ਭਾਸ਼ਨ ਦਿੰਦਾ ਮਨਦੀਪ ਦੀ ਮਾਨਸਿਕਤਾ ਨੂੰ ਹਲ਼ੂਣ ਰਿਹਾ ਸੀ।

ਰਸਤੇ ਵਿੱਚ ਗੁਰਤਾਰ ਨੇ ਜਿੱਥੇ ਸੰਤ ਭਿੰਡਰਾਂਵਾਲੇ ਦੇ ਬਚ ਨਿੱਕਲਣ ਦੀਆਂ ਗੱਲਾਂ ਕੀਤੀਆਂ, ਉੱਥੇ ਹੋਰ ਵੀ ਬਹੁਤ ਸਾਰੀਆਂ ਭੇਤ ਭਰੀਆਂ ਗੱਲਾਂ ਦੱਸੀਆਂ। ਮਨਦੀਪ ਉਸ ਦੇ ਵੱਡੇ ਲੀਡਰਾਂ ਨਾਲ ਸਬੰਧ ਹੋਣ ਕਾਰਨ ਇਹ ਸਾਰੀਆਂ ਗੱਲਾਂ ਸਹੀ ਸਮਝਦਾ ਰਿਹਾ। ਗੱਲਾਂ ਕਰਦੇ ਕਰਦੇ ਉਹ ਨਾਜ਼ਰ ਦੇ ਘਰ ਪਹੰਚ ਗਏ। ਜੋ ਮੁੱਖ ਸੜਕ ਤੇ ਖੇਤਾਂ ਵਿੱਚ ਬਣਿਆਂ ਹੋਇਆ ਸਧਾਰਨ ਜਿਹਾ ਘਰ ਸੀ। ਜਿੱਥੇ ਪਹਿਲਾਂ ਵੀ ਉਹ ਆ ਚੁੱਕੇ ਸਨ, ਜਦੋਂ ਗੁਰਤਾਰ ਜਥਾ ਲੈ ਕੇ ਅਮ੍ਰਿਤਸਰ ਗਿਆ ਸੀ। ਉਦੋਂ ਵੀ ਮਨਦੀਪ ਨਾਲ ਸੀ।

ਜਦੋਂ ਡੇਰੇ ਵਾਲੇ ਮਹੰਤਾਂ ਨੇ ਨਾਜ਼ਰ ਦੇ ਪਰਿਵਾਰ ਨੂੰ ਜ਼ਮੀਨ ਪਿੱਛੇ ਤੰਗ ਕਰਨਾ ਸ਼ੁਰੂ ਕੀਤਾ ਸੀ ਤਾਂ ਉਹ ਪਿੰਡ ਛੱਡਕੇ ਖੇਤਾਂ ਵਿੱਚ ਆ ਗਏ ਸਨ। ਨਾਜ਼ਰ ਦਾ ਬਾਪੂ ਜਗੀਰ ਸਿੰਘ ਜੋ ਆਪਣੀ ਜਵਾਨੀ ਵਿੱਚ ਬੜਾ ਦਲੇਰ ਗਿਣਿਆ ਜਾਂਦਾ ਸੀ ਅੱਜ ਬਾਣ ਤੇ ਮੰਜੇ ਤੇ ਨਿਮੋਝੂਣਾ ਜਿਹਾ ਹੋਇਆ ਬੈਠਾ ਸੀ। ਉਸ ਨੇ ਫਤਹਿ ਮੰਨ ਕੇ ਘਰ ਦਿਆਂ ਨੂੰ ਚਾਹ ਬਣਾਉਣ ਲਈ ਕਿਹਾ ਤੇ ਦੱਸਿਆ ਕਿ ਪਸ਼ੂ ਸਵੇਰ ਦੇ ਭੁੱਖਣ ਭਾਣੇ ਖੜ੍ਹੇ ਨੇ ਉਸ ਦਾ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਫੇਰ ਆਪ ਹੀ ਗਾਲ਼ ਕੱਢਕੇ ਕਹਿਣ ਲੱਗਿਆ “ਭੈਣ ਦੀ ਮਰਾਵੇ ਜਿੱਥੇ ਐਨੇ ਹੋਰ ਲੋਕ ਹਮਲੇ ‘ਚ ਮਰ ਗਏ ਜੇ ਮੇਰਾ ਪੁੱਤ ਮਰ ਗਿਆ ਤਾਂ ਕੀ ਹੋ ਗਿਆ। ਨਾਲੇ ਜੱਟ ਦਾ ਪੁੱਤ ਦਰਬਾਰ ਸਾਹਿਬ ਨੂੰ ਬੇਹੁਰਮਤੀ ਤੋਂ ਬਚਾਉਣ ਲਈ ਹੀ ਸ਼ਹੀਦ ਹੋਇਐ…। ਨਾਲੇ ਉਹ ਤਾਂ ਕਈਆਂ ਨੂੰ ਮਾਰ ਕੇ ਮਰਿਆ ਹੋਊ”

ਪਰ ਉਸ ਦੀ ਬੜ੍ਹਕ ਵਿੱਚ ਵੀ ਉਦਾਸੀ ਬੋਲ ਰਹੀ ਸੀ। ਉਸ ਨੇ ਗੁਰਤਾਰ ਨਾਲ ਸਲਾਹ ਕਰਕੇ 21 ਜੂਨ ਨੂੰ ਸਹਿਜ ਪਾਠ ਰਖਾ ਕੇ ਨਾਜ਼ਰ ਦੇ ਭੋਗ ਪਾਉਣਾ ਵੀ ਮਿੱਥ ਲਿਆ। ਇਸ ਸ਼ਹੀਦੀ ਸਮਾਗਮ ਤੇ ਗੁਰਤਾਰ ਨੇ ਵੱਧ ਤੋਂ ਵੱਧ ਅਕਾਲੀ ਲੀਡਰ ਲੈ ਕੇ ਆਉਣੇ ਸਨ। ਫੇਰ ਉਸੇ ਦਿਨ ਹੀ ਉਸ ਨੇ ਅਖ਼ਬਾਰਾਂ ਨੂੰ, ਸ਼ਹੀਦ ਨਾਜ਼ਰ ਸਿੰਘ ਸ਼ਰਧਾਜਲੀ ਸਮਾਰੋਹ ਦੀਆਂ ਖ਼ਬਰਾਂ ਭੇਜ ਦਿੱਤੀਆਂ।

14 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਜਥੇਦਾਰ ਕਿਰਪਾਲ ਸਿੰਘ ਟੈਲੀਵੀਯਨ ਤੇ ਬੋਲ ਰਹੇ ਸਨ ਕਿ “ਗੁਰੂ ਪਿਆਰੀ ਸਾਧ ਸੰਗਤ ਹਮਲੇ ਵਿੱਚ ਕੋਈ ਖਾਸ ਨੁਕਸਾਨ ਨਹੀਂ ਹੋਇਆ। ਦਰਬਾਰ ਸਾਹਿਬ ਅਤੇ ਤੋਸ਼ਾਖਾਨਾ ਵੀ ਬਿਲਕੁੱਲ ਠੀਕ ਠਾਕ ਨੇ” ਫੇਰ 15 ਜੂਨ ਨੂੰ ਸਰਕਾਰੀ ਨਿਗਰਾਨੀ ਹੇਠ ਦਰਬਾਰ ਸਾਹਿਬ ਤੋਂ ਕੀਰਤਣ ਦਾ ਪ੍ਰਸਾਰਣ ਕੀਤਾ ਜਾਣ ਲੱਗਾ। ਸਵੇਰੇ ਸਾਢੇ ਪੰਜ ਵਜੇ ਆਸਾ ਜੀ ਵਾਰ ਦਾ ਕੀਰਤਣ ਆਂਉਦਾ ਜੋ ਹਰ ਘਰ ਵਿੱਚ ਸੁਣਿਆ ਜਾਂਦਾ। ਲੋਕਾਂ ਨੂੰ ਜਾਪਦਾ ਕਿ ਉਹ ਉੱਥੇ ਹਮਲੇ ਬਾਅਦ ਪਹੁੰਚ ਤਾਂ ਨਹੀਂ ਸਕੇ ਪਰ ਉੱਥੋਂ ਆਂਉਦੀ ਗੁਰਬਾਣੀ ਨਾਲ ਤਾਂ ਜੁੜ ਸਕਦੇ ਹਨ। ਬਹੁਤ ਹੀ ਰਸਭਿੰਨੀ, ਦਿਲਾਂ ਵਿੱਚ ਉੱਤਰ ਜਾਣ ਵਾਲੀ ਆਵਾਜ਼, ਭਾਈ ਸੁਰਿੰਦਰ ਸਿੰਘ ਪਟਣੇ ਵਾਲਿਆਂ ਦੀ ਦਿਲਾਂ ਨੂੰ ਧੂਹ ਪਾਂਉਂਦੀ । ਉਹ ਹਰ ਰੋਜ਼ ਹੀ ਇੱਹ ਸ਼ਬਦ ਜਰੂਰ ਪੜ੍ਹਦੇ ਕਿ ‘ਕੁੱਤਾ ਰਾਜ ਬਹਾਲੀਏ ਫੇਰ ਚੱਕੀ ਚੱਟੇ’ ਲੋਕ ਸੁਣ ਸੁਣਕੇ ਰੋਣ ਲੱਗਦੇ। ਕਈ ਲੋਕ ਆਖਦੇ ਕਿ ਉਹ ਗਿਆਨੀ ਜ਼ੈਲ ਸਿੰਘ ਨੂੰ ਕਹਿ ਰਹੇ ਨੇ। ਪਰ ਸਰਕਾਰੀ ਮਸ਼ਿੱਨਰੀ ਨੇ ਤਾਂ ਪੰਜਾਬ ਦੀ ਜਿਵੇਂ ਸ਼ਾਹ ਰਗ ਹੀ ਵੱਢ ਦਿੱਤੀ ਸੀ।

21 ਜੂਨ ਨੂੰ ਨਾਜ਼ਰ ਦੇ ਭੋਗ ਤੇ ਬਹੁਤ ਇਕੱਠ ਸੀ। ਲੋਕ ਭਿੰਡਰਾਂਵਾਲੇ ਦੇ ਬਚ ਨਿੱਕਲਣ ਦੇ ਨਾਲ ਨਾਲ ਇਹ ਵੀ ਆਖ ਰਹੇ ਸਨ ਕਿ ਉਨ੍ਹਾਂ ਨੇ ਲਹੌਰ ਵਿੱਚ ਫੌਜ ਤਿਆਰ ਕਰ ਲਈ ਹੈ ਤੇ ਪਾਕਿਸਤਾਨ ਦੀ ਮੱਦਦ ਨਾਲ ਉਹ ਭਾਰਤ ਤੇ ਹਮਲਾ ਕਰਕੇ ਦਰਬਾਰ ਸਾਹਿਬ ਦਾ ਬਦਲਾ ਲੈਣਗੇ।

ਏਥੇ ਹੀ ਦਮਨ ਨੇ ਮਨਦੀਪ ਨੂੰ ਦੱਸਿਆ ਕਿ ਕੱਲ ਪੁਲੀਸ ਨੇ ਛਾਪਾ ਮਾਰ ਚਮਨਜੀਤ ਅਤੇ ਉਸ ਦੇ ਗੁਆਂਢੀ ਮੁੰਡੇ ਨੂੰ ਵੀ ਚੁੱਕ ਲਿਆ ਹੈ ਤੇ ਕਿਸੇ ਅਣਦੱਸੀ ਥਾਂ ਤੇ ਲੈ ਗਏ ਨੇ। ਉਨ੍ਹਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਵੀ ਜਾ ਸਕਦਾ ਹੈ। ਫੇਰ ਕੁੱਝ ਹੀ ਦਿਨਾਂ ਵਿੱਚ ਸਰਕਾਰੀ ਫੋਰਸਾਂ ਨੇ ਪਿੰਡਾਂ ਵਿੱਚੋਂ ਹਜ਼ਾਰਾਂ ਮੁੰਡੇ ਚੁੱਕ ਕੇ ਮਾਰ ਦਿੱਤੇ ਜਾਂ ਜੋਧਪੁਰ ਦੀਆਂ ਜੇਲਾਂ ਵਿੱਚ ਸੁੱਟ ਦਿੱਤੇ।

ਮਨਦੀਪ ਦੇ ਦਿਲ ਵਿੱਚ ਵੀ ਇਹ ਸਭ ਕਾਸੇ ਲਈ ਰੋਹ ਸੀ ਅਤੇ ਬਹੁਤ ਡਰ ਵੀ ਸੀ ਕਿ ਕਿਤੇ ਚਮਨਜੀਤ ਕਰਕੇ ਜਾਂ ਨਾਜ਼ਰ ਕਰਕੇ ਪੁਲੀਸ ਉਸ ਨੂੰ ਵੀ ਨਾ ਚੁੱਕ ਕੇ ਲੈ ਜਾਵੇ। ਅਗਰ ਅਜਿਹਾ ਹੋ ਗਿਆ ਤਾਂ ਉਸਦਾ ਸਾਬਕਾ ਫੌਜੀ ਪਿਤਾ ਦਲੇਰ ਸਿੰਘ ਤਾਂ ਜੀਂਦੇ ਜੀ ਹੀ ਮਰ ਜਾਵੇਗਾ। ਪਰ ਉਹ ਕਰ ਵੀ ਕੁੱਝ ਨਹੀਂ ਸੀ ਸਕਦਾ। ਬੱਸ ਹਾਲਾਤ ਦੀ ਹਨੇਰੀ ਉਸ ਨੂੰ ਉਡਾਈਂ ਲਈ ਜਾ ਰਹੀ ਸੀ। ਪਤਾ ਨਹੀ ਇਸ ਹਨੇਰੀ ਨੇ ਉਸ ਨੂੰ ਕਿੱਥੇ ਲਿਜਾ ਸੁੱਟਣਾ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com