WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 3

ਸਮੁੰਦਰ ਮੰਥਨ (PDF, 568KB)    


ਸੰਤਾ ਸਿੰਘ ਲੰਬੜਦਾਰ ਦਾ ਘਰ ਪਿੰਡ ਦੇ ਵਿਚਕਾਰ ਪੈਂਦਾ ਸੀ। ਕੁੱਝ ਕੰਧਾ ਪੱਕੀਆਂ ਤੇ ਜ਼ਿਆਦਾਤਰ ਕੱਚਾ। ਕੜੀਆਂ, ਸ਼ਤੀਰਾਂ ਅਤੇ ਸਰਕੜੇ ਵਾਲੀ ਛੱਤ। ਚੀਰੂ ਪੱਥ ਕੇ ਬਣਾਈਆਂ ਕੰਧਾਂ। ਕੜੀਆਂ ਵਿੱਚ ਪਾਏ ਚਿੜੀਆਂ ਦੇ ਅਲ੍ਹਣੇ। ਤੇ ਕਿਰਲੀਆਂ ਦਾ ਤੁਰੇ ਫਿਰਨਾ ਇੱਕ ਆਮ ਜਿਹੀ ਗੱਲ ਸੀ। ਇਸੇ ਘਰ ਵਿੱਚ ਵਿੱਚ ਸੰਤਾ ਸਿੰਘ ਦੇ ਵਿਆਹ ਤੋਂ ਬਾਅਦ ਚਾਰ ਮੁੰਡੇ ਅਤੇ ਚਾਰ ਕੁੜੀਆਂ ਹੋਈਆਂ। ਇਹ ਮਹਿਤਾਬ ਕੌਰ ਦਾ ਪ੍ਰਤਾਪ ਹੀ ਕਹਿ ਲਉ ਜੋ ਉਜੜਿਆ ਘਰ ਮੁੜ ਤੋਂ ਵਸ ਗਿਆ। ਉਸੇ ਸੰਗਲ਼ੀ ਦੀ ਅਗਲੀ ਕੜੀ ਸੀ ਇਹ ਨਵ ਜਨਮਿਆ ਬਾਲ।

ਮਹਿਤਾਬ ਕੌਰ ਪੀੜੀ ਤੇ ਬੈਠੀ ਸੂਤ ਅਟੇਰਦੀ, ਆਪਣੀ ਨੂੰਹ ਜੋਗਿੰਦਰ ਕੌਰ ਨਾਲ ਪੁਰਾਣੀਆਂ ਗੱਲਾਂ ਵੀ ਕਰੀ ਜਾ ਰਹੀ ਸੀ। ਕੋਈ ਸਮਾਂ ਸੀ ਜਦੋਂ ਏਸ ਘਰ ਨਿਆਣਾ ਨਹੀਂ ਸੀ ਬਚਦਾ। ਆਪਣੇ ਸਭ ਭੈਣ ਭਰਾਵਾਂ ਵਿੱਚੋਂ ਸੰਤਾ ਸਿੰਘ ਇਕੱਲਾ ਹੀ ਬਚਿਆ ਸੀ। ਪਰ ਮਹਿਤਾਬ ਕੌਰ ਦੇ ਆਉਣ ਤੇ ਅਜਿਹਾ ਨਹੀਂ ਸੀ ਹੋਇਆ। ਸਿਰਫ ਇੱਕੋ ਮੌਤ ਹੋਈ ਸੀ। ਉਹ ਸੀ ਉਸਦੀ ਦੀ ਦੂਜੇ ਨੰਬਰ ਦੀ ਧੀ ਬਚਿੱਤਰੋ ਦੀ ਮੌਤ। ਜਿਸ ਨੇ ਮਹਿਤਾਬ ਕੌਰ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਜਿਸ ਦੀ ਗੱਲ ਉਹ ਹੁਣ ਫੇਰ ਛੇੜ ਬੈਠੀ ਸੀ।

“ਜਾਣੋ ਮਰ ਜਾਣੀ ਦਾ ਦਗ ਦਗ ਕਰਦਾ ਚਿਹਰਾ… ਜਿਵੇਂ ਨਜ਼ਰਾਂ ਨੇ ਈਂ ਖਾਅ ਲੀ ਹੋਵੇ। ਅਜੇ ਤਾਂ ਵਿਚਾਰੀ ਨੇ ਚਾਅ ਵੀ ਪੂਰੇ ਨਹੀਂ ਤੀ ਕੀਤੇ। ਵਿਚਾਰੀ ਸਤਾਰਵੇਂ ਵਰੇ ‘ਚ ਤੀ। ਬੱਸ ਐਹ ਜਿਆ ਤਈਆ ਤਾਪ ਚੜਿਆ ਕਿ ਕੁੜੀ ਨੂੰ ਖਾਅ ਈ ਗਿਆ…। ਚੰਦਰੀ ਮੰਗੀ ਹੋਈ ਵੀ ਤੀ। ਆਪੇ ਬੁਣ ਕੇ ਗਿਆਰਾਂ ਦਰੀਆਂ ਬਣਾਈਆਂ, ਉਨੇ ਈ ਚਾਦਰਾਂ ਸਰਾਹਣੇ ਕੱਢੇ। ਪਰ ਕੋਈ ਚਾਅ ਕੋਈ ਵੀ ਪੂਰਾ ਨਾ ਹੋਇਆ…। ਸ਼ਗਨਾ ਵਾਲਾ ਸੂਟ ਵੀ ਮਰੀ ਦੇ ਨਾਲ ਈ ਧਰਿਆ। ਮੌਤ ਚੰਦਰੀ ਨੂੰ ਉਹਦੇ ਤੇ ਭੋਰਾ ਤਰਸ ਨਾ ਆਇਆ। ਉਹ ਨੂੰ ਮੰਗਿਆ ਹੋਇਆ ਮੁੰਡਾ ਵੀ ਕਿੰਨੇ ਵਰੇ ਹੀ ਝੁਰਦਾ ਰਿਹਾ। ਕਦੇ ਕਦੇ ਪਿੰਡ ਵੀ ਮਿਲਣ ਆ ਜਾਂਦਾ ਤੀ…”

“ਫੇਰ ਇੱਕ ਦਿਨ ਤੇਰਾ ਬਾਪੂ ਕਹਿੰਦਾ, ਭਾਈ ਜਿੱਥੇ ਗਏ ਬਾਣੀਏੇ ਉੱਥੇ ਗਏ ਬਜ਼ਾਰ। ਲੋਕ ਕੋਈ ਹੋਰ ਗੱਲ ਬਣਾਉਣਗੇ। ਨਾਲੇ ਕਿਹੜਾ ਕਿਸੇ ਦਾ ਮੂੰਹ ਫੜ ਲੈਣੈ। ਤੂੰ ਹੁਣ ਨਾਂ ਆਵੀਂ। ਬੱਸ ਆਪਣੀ ਸਾਂਝ ਏਨੀ ਕੇ ਤੀ। ਪ੍ਰਮਾਤਮਾਂ ਨੂੰ ਏਹੋ ਮੰਜੂਰ ਤੀ। ਭਾਈ ਫੇਰ ਉਹ ਮੁੰਡਾ ਕਦੇ ਵੀ ਅੱਖ ‘ਚ ਪਾਇਆ ਨਾ ਰੜਕਿਆ। ਮੈਂ ਤਾਂ ਕਹਿੰਦੀ ਤੀ ਮੀਤੋ ਦਾ ਸਾਕ ਕਰ ਦਿੰਨੇ ਆਂ ਪਰ ਤੇਰਾ ਬਾਪੂ ਨੀ ਮੰਨਿਆ”

“ਬੇਬੇ, ਬਚਿੱਤਰੋ ਨੂੰ ਕਿਸੇ ਹਕੀਮ ਨੂੰ ਨੀ ਤੀ ਦਿਖਾਇਆ?” ਜੋਗਿੰਦਰੋ ਨੇ ਪੁੱਛਿਆ

“ਨਾਂ ਧੀਏ ਬਾਵੇ ਫਕੀਰ ਤੋਂ ਈਂ ਹੱਥ ਆਲ਼ਾ ਕਰਾਉਂਦੇ ਰਹੇ। ਜੈ ਖਾਣੇ ਹਕੀਮ ਤਾਂ ਸਾਰੇ ਮਾਛੂਆੜੇ ਤੀ। ਕਿਸੇ ਨੇ ਇਹ ਵੀ ਕਿਹਾ ਤੀ ਕੇ ਸਮਰਾਲੇ ਡਾਕਦਾਰ ਕੋਲ ਲ਼ੈ ਜੋ। ਤੇਰਾ ਬਾਪੂ ਕਹਿੰਦਾ ਡਾਕਦਾਰ ਕਿੱਤੇ ਰੱਬ ਆ…। ਜੋ ਦਾਤੇ ਦੀ ਲਿਖੀ ਹੋਈ ਆ, ਉਹੋ ਹੋਣੈ…। ਬੱਸ ਭਾਈ ਉਹਦੀ ਏਨੀ ਉ ਤੀ। ਰੱਬ ਅੱਗੇ ਕੀਅਦਾ ਜੋਰ ਆ” ਮਹਿਤਾਬ ਕੁਰ ਫੇਰ ਉਦਾਸੀ ਗਈ।

ਰਣੀਏ ਪਿੰਡ ਦਾ ਹਾਲ ਅਜੇ ਵੀ ਓਹੋ ਹੀ ਸੀ। ਇਹ ਤਾਂ ਸ਼ੁਕਰ ਆ ਕਿ ਇਹ ਜਣੇਪਾ ਦਾਈ ਨਾਲ ਹੀ ਹੋ ਗਿਆ, ਜੇ ਕਿਤੇ ਕਿਸੇ ਡਾਕਟਰੀ ਸਹਾਇਤਾ ਦੀ ਲੋੜ ਪੈ ਜਾਂਦੀ ਤਾਂ ਫੇਰ ਕੀ ਬਣਨਾ ਸੀ? ਜੋਗਿੰਦਰ ਕੁਰ ਬੈਠੀ ਸੋਚਦੀ ਰਹੀ।

ਜਰੂਰੀ ਸੌਦਾ ਪੱਤਾ ਲੈਣ ਲਈ ਸਮਰਾਲਾ ਤੇ ਮਾਛੀਵਾੜਾ ਦੋਨੋ ਦੂਰ ਸਨ। ਸਮਰਾਲੇ ਜਾਣ ਲਈ ਪਹਿਲਾਂ ਦੋ ਕੋਹ ਵਾਟ ਰੇਤਲਾ ਰਾਹ ਤੁਰਨਾ ਪੈਂਦਾ। ਫੇਰ ਕਿਸ਼ਤੀ ਰਾਂਹੀ ਨਹਿਰ ਸਰਹਿੰਦ ਪਾਰ ਕਰਨੀ ਪੈਂਦੀ। ਤੇ ਫੇਰ ਅੱਗੇ ਮੀਲ ਭਰ ਤੁਰਨਾ ਪੈਂਦਾ, ਤਾਂ ਕਿਤੇ ਅੱਗੇ ਜਾਕੇ ਲੱਧੜਾਂ ਤੋਂ ਧੂਤੇ ਦਾ ਤਾਂਗਾ ਮਿਲਦਾ। ਪਰ ਰਾਤ ਬਰਾਤੇ ਕੋਈ ਕੀ ਕਰਦਾ? ਰੱਬ ਤੇ ਹੀ ਡੋਰੀਆਂ ਸਨ। ਏਸੇ ਕਰਕੇ ਮਹਿਤਾਬ ਕੌਰ ਤਾਂ ਅਜੇ ਤੱਕ ਵੀ ਧਰਤੀ ਹੀ ਨਮਸ਼ਕਾਰੀ ਜਾ ਰਹੀ ਸੀ।

ਮਹਿਤਾਬ ਕੌਰ ਨੇ ਭਾਂਡੇ ਮਾਂਜਦੀ ਹਰਦੇਵ ਕੁਰ ਨੂੰ ਕਿਹਾ “ਨੀ ਤੂੰ ਚਾਹ ਵਾਲਾ ਪਤੀਲਾ ਮਾਂਜ ਕੇ, ਹੱਥ ਧੋ ਕੇ ਦੇਸੀ ਘਿਉ ਵਾਲਾ, ਸੇਮੀਆਂ ਦਾ ਕਾੜ੍ਹਾ ਬਣਾ ਦੇ। ਜਣੇਪੇ ‘ਚ ਚੰਗਾ ਹੁੰਦੈ। ਨਾਲੇ ਮੈਨੂੰ ‘ਖੰਡਪਾਠ ਤੋਂ ਲਿਆਂਦਾ ਕੁੰਭ ਵਾਲਾ ਪਾਣੀ ਵੀ ਹੱਥ ਸੁੱਚੇ ਕਰ ਕੇ ਦਈਂ। ਮੈਂ ਬਚਨੋਂ ਕੋਲ ਛਿੱਟਾ ਦੇ ਦੂੰ। ਕਿਤੇ ਕੋਈ ਬੁਰੀ ਬਲਾ ਈ ਨਾਂ ਪਹਿਰਾ ਕਰ ਲਵੇ”

“ਚੰਗਾ ਬੇਬੇ” ਹਰਦੇਵ ਕੌਰ ਨੇ ਕਿਹਾ। ਉਸ ਨੇ ਦਾਈ ਦੀ ਹਦਾਇਤ ਤੇ ਪੋਟਲੀ ਵਿੱਚ ਬੰਨ ਕੇ ਅਨਾਜ ਦੇ ਦਾਣੇ, ਲੋਹੇ ਦੀ ਦਾਤੀ ਤੇ ਗੁੱਗਲ ਦੀ ਧੂਫ ਵੀ ਧੁਖਾ ਦਿੱਤੀ। ਜਣੇਪੇ ਦੇ ਪਹਿਲੇ ਦਿਨ ਮਹਿਤਾਬ ਕੌਰ ਦੇ ਨਾਲ ਨਾਲ ਹਰਦੇਵ ਕੁਰ ਅਤੇ ਜੋਗਿੰਦਰ ਕੁਰ ਵੀ ਰਾਤ ਭਰ ਬਚਨੋਂ ਦੀ ਦੇਖ ਰੇਖ ਕਰਦੀਆਂ ਰਹੀਆਂ। ਉਨ੍ਹਾਂ ਦੇ ਪਤੀ ਗੁਰਜੀਤ ਅਤੇ ਬਲਕਾਰ ਜਾ ਕੇ ਬਾਹਰਲੇ ਘਰ ਸੌਂ ਗਏ। ਅਗਲੀ ਸਵਾਤ ਵਿੱਚ ਸਰਨੋ ਅਤੇ ਸਿਮਰੋ ਵੀ ਦੀਵੇ ਦੇ ਚਾਨਣ ਵਿੱਚ ਰਜ਼ਾਈਆਂ ਨਗੰਦ ਦੀਆਂ ਰਹੀਆਂ।

ਇਸ ਮੌਕੇ ਗੱਲਾਂ ਕਰਦਿਆਂ ਮਹਿਤਾਬ ਕੌਰ ਨੇ ਆਪਣੇ ਦੋ ਫੌਜੀ ਪੁੱਤਰਾ ਨੂੰ ਵੀ ਯਾਦ ਕੀਤਾ ਅਤੇ ਵੱਡੀ ਕੁੜੀ ਮੀਤੋ ਨੂੰ ਵੀ। ਜੋ ਹੁਣ ਤਿੰਂਨ ਨਿਆਣਿਆ ਦੀ ਮਾਂ ਬਣ ਗਈ ਸੀ। ਉਹ ਨਿਆਣੇ ਵੀ ਏਸੇ ਛੱਤ ਹੇਠ ਮਹਿਤਾਬ ਕੌਰ ਦੇ ਹੱਥਾਂ ਵਿੱਚ ਹੀ ਜੰਮੇ ਸਨ। ਉਨ੍ਹਾਂ ਦੀ ਦਾਈ ਵੀ ਏਹੋ ਜੀਊਣੀ ਹੀ ਸੀ। ਪਰ ਅੱਜ ਦੀ ਖ਼ਬਰ ਦਾ ਰਿਸ਼ਤੇਦਾਰੀਆਂ ਵਿੱਚ ਅਜੇ ਕਿਸੇ ਨੂੰ ਵੀ ਨਹੀਂ ਪਤਾ ਸੀ। ਪਤਾ ਭੇਜਣ ਦਾ ਸਾਧਨ ਹੀ ਕੋਈ ਨਹੀਂ ਸੀ। ਪੁਰਾਣੇ ਜ਼ਮਾਨੇ ਵਿੱਚ ਲੋਕ ਕਬੂਤਰਾਂ ਰਾਹੀਂ ਸੁਨੇਹੇ ਭੇਜਦੇ ਸਨ, ਪਰ ਹੁਣ ਇਹ ਕੰਮ ਡਾਕੀਏ ਕਰਦੇ। ਉਨ੍ਹਾਂ ਦੇ ਆਪਣੇ ਪਿੰਡ ਤਾਂ ਕੋਈ ਡਾਕਖਾਨਾ ਨਹੀਂ ਸੀ। ਡਾਕਖਾਨਾ ਭਾਵੇਂ ਨਾਲ ਦੇ ਪਿੰਡ ਤੱਖਰ ਸੀ, ਪਰ ਚਿੱਠੀ ਪਹੁੰਚਣ ਨੂੰ ਵੀ ਤਾਂ ਸਮਾਂ ਲੱਗਦਾ ਹੈ।

ਬੜੀ ਕੁੜੀ ਗੁਰਮੀਤੋ ਦੇ ਘਰਵਾਲਾ ਲੋੜੋਂ ਵੱਧ ਸ਼ਰਾਬ ਪੀਂਦਾ ਹੋਣ ਕਰਕੇ, ਸਾਰਿਆਂ ਨੂੰ ਉਸਦਾ ਫਿਕਰ ਰਹਿੰਦਾ ਸੀ। ਉਹ ਜੈਲਦਾਰਾਂ ਦਾ ਇਕੱਲਾ ਪੁੱਤ ਸੀ। ਜੋ ਪਹਿਲਾਂ ਤੋਂ ਹੀ ਐਸ਼ਾ ਨਾਲ ਪਲਿਆ ਹੋਇਆ ਸੀ। ਉਸ ਦੀ ਅਯਾਸ਼ੀ ਨੇ ਕੁੜੀ ਦੀ ਜ਼ਿੰਦਗੀ ਨੂੰ ਨਰਕ ਬਣਾਇਆ ਪਿਆ ਸੀ। ਸੰਤਾ ਸਿੰਘ ਅਕਸਰ ਕਹਿੰਦਾ “ਮੈਂ ਤਾਂ ਕੰਨਿਆ ਦਾ ਪਾਪ ਲੈ ਲਿਆ। ਹੁਣ ਏਹ ਸੱਤ ਜਨਮ ਨੀ ਉਤਰਨਾ। ਏਹਦੇ ਨਾਲੋਂ ਤਾਂ ਕੁੜੀ ਕਿਸੇ ਗਰੀਬ ਘਰ ਵਿਆਹ ਦਿੰਦਾ?” ਮੀਤੋ ਹਮੇਸ਼ਾਂ ਪੇਕੇ ਆਕੇ ਡੁਸਕਦੀ ਰਹਿੰਦੀ ਤੇ ਕਹਿੰਦੀ “ਬਾਪੂ ਏਹਦੇ ਨਾਲੋਂ ਤਾਂ ਮੈਨੂੰ ਖੂਹ ਵਿੱਚ ਈ ਧੱਕਾ ਦੇ ਦਿੰਦਾ। ਇੱਕੋ ਵਾਰ ਤਾਂ ਜਾਨ ਨਿੱਕਲ ਜਾਂਦੀ। ਰੋਜ ਤਿਲ ਤਿਲ ਕਰਕੇ ਮਰਨਾ ਤਾਂ ਨਾਂ ਪੈਂਦਾ”

ਬਚਨੋ ਵੇਲੇ ਸੰਤਾ ਸਿਉਂ ਨੇ ਪਰਨ ਕਰ ਲਿਆ ਕਿ ਮੁੰਡਾ ਭਾਵੇ ਗਰੀਬ ਘਰ ਦਾ ਹੋਵੇ ਪਰ ਲੈਕ ਹੋਵੇ। ਜੱਟਾਂ ਦੇ ਪਰਿਵਾਰਾਂ ਵਿੱਚ ਵਿਆਹ ਮੁੰਡੇ ਨੂੰ ਨਹੀਂ ਸਗੋਂ ਜ਼ਮੀਨਾਂ ਜਾਇਦਾਦਾਂ ਨੂੰ ਹੁੰਦੇ ਨੇ। ਸੰਤਾ ਸਿਉਂ ਕੋਲ ਪੰਜ ਪੰਜ ਏਕੜ ਦੇ ਚਾਰ ਖੇਤ ਸਨ। ਪੱਚੀ ਏਕੜ ਜ਼ਮੀਨ ਵਿੱਚੋਂ ਜ਼ਿਆਦਾ ਮਾਰੂ ਹੀ ਸੀ। ਏਡੇ ਵੱਡੇ ਟੱਬਰ ਦਾ ਭਵਿੱਖ ਸੰਤਾ ਸਿੰਘ ਨੂੰ ਧੁੰਦਲਾ ਹੀ ਜਾਪਦਾ।ਤਾਂ ਹੀ ਤਾਂ ਉਸਨੇ ਆਪਣੇ ਦੋ ਮੁੰਡੇ ਸੁਖਦੇਵ ਅਤੇ ਹਰਜੀਤ ਫੌਜ ਵਿੱਚ ਭਰਤੀ ਕਰਵਾ ਦਿੱਤੇ ਸਨ। ਗੁਰਜੀਤ ਅਤੇ ਬਲਕਾਰ ਸਾਂਝੀਆਂ ਅਤੇ ਦਿਹਾੜੀਆਂ ਨਾਲ ਖੇਤੀ ਕਰੀ ਜਾ ਰਹੇ ਸਨ। ਉਪਰਲੇ ਕੰਮ ਸੰਤਾ ਸਿੰਘ ਆਪ ਕਰ ਲੈਂਦਾ। ਉਸ ਨੂੰ ਤਾਂ ਲੰਬੜਦਾਰੀ ਦੇ ਰੁਝੇਵਿਆਂ ਤੋਂ ਹੀ ਵਿਹਲ ਨਾ ਮਿਲਦਾ। ਪਰ ਤਾਂ ਵੀ ਉਹ ਖੇਤਾਂ ‘ਚ ਕੰਮ ਕਰਦਿਆਂ ਨੂੰ ਚਾਹ ਪਾਣੀ ਦੇ ਆਉਂਦਾ। ਹੁਣ ਨਿਗਾਹ ਘਟਣ ਨਾਲ ਹੁਣ ਉਸ ਤੋਂ ਪਹਿਲਾਂ ਵਾਂਗੂੰ ਘਰਦਾ ਕੰਮ ਨਹੀਂ ਸੀ ਹੁੰਦਾ। ਪਰ ਤਾਂ ਵੀ ਉਹ ਪੂਰੀ ਠੁੱਕ ਨਾਲ ਲਾਣੇਦਾਰੀ ਕਰਦਾ ਸੀ।

ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਸੀ। ਸਮੇਂ ਦੇ ਹਾਣਦਾ ਹੋਣ ਲਈ ਹੀ ਉਸ ਨੇ ਪਿੰਡ ਵਿੱਚ ਸਭ ਤੋਂ ਪਹਿਲਾਂ ਖੂਹ ਲਗਵਾਇਆ। ਹੁਣ ਨਿਆਂਈ ਵਾਲੇ ਖੇਤ ਦਾ ਨਾਂ ਨਵੇਂ ਖੂਹ ਵਾਲਾ ਖੇਤ ਹੋ ਗਿਆ। ਉਸਦੇ ਟੱਬਰ ਦੀ ਵੀ ਬੰਨੇ ਚੰਨੇ ਬੱਲੇ ਬੱਲੇ ਹੋ ਗਈ। ਇਹ ਖੂਹ ਵੀ ਪਿੰਡ ਦੀ ਸਾਂਝੀ ਖੂਹੀ ਵਰਗਾ ਹੀ ਸੀ, ਜਿੱਥੋਂ ਪਿੰਡ ਦੀਆਂ ਔਰਤਾਂ ਛੱਜੂ ਘੁਮਿਆਰ ਵਲੋਂ ਬਣਾਏ ਕੋਰੇ ਘੜੇ ਪਾਣੀ ਦੇ ਭਰ ਭਰ ਲਿਜਾਂਦੀਆਂ। ਖੂਹ ਚੱਲਦਾ ਦੇਖ ਕੇ ਪਿੰਡ ਦੀਆਂ ਔਰਤਾਂ ਕੱਪੜੇ ਧੋਣ ਆ ਲੱਗਦੀਆ। ਨਹਾਉਣ ਦੇ ਸ਼ੁਕੀਨ ਵੀ ਹੁਣ ਤਾਂ ਏਥੇ ਆਉਣ ਲੱਗ ਪਏ ਸਨ। ਉਧਰ ਪਿੰਡ ਵਾਲੀ ਖੂਹੀ ਤੇ ਵੀ ਡੋਲ ਖੜਕਦਾ ਰਹਿੰਦਾ। ਏਸੇ ਖੂਹੀ ਤੋਂ ਪਾਣੀ ਦਾ ਛਿੱਟਾ ਲੈ ਕੇ ਕਾਲੂ ਮਰਾਸੀ ਸੰਤਾ ਸਿੰਘ ਦੀਆਂ ਕਈ ਪੀੜੀਆਂ ਦਾ ਗੁਣ ਗਾਨ ਕਰਦਾ, ਆਪਣੀ ਘਰ ਵਾਲੀ ਚਿੰਤੋ ਨੂੰ ਲੈ ਕੇ ਵਧਾਈਆਂ ਦੇਣ ਆ ਢੁੱਕਾ ਸੀ।

ਅੱਜ ਮਹਿਤਾਬ ਕੌਰ ਨੇ ਚੰਦ ਜਿਹੇ ਦੋਹਤਮਾਨ ਨੂੰ ਕੁੰਭ ਦੇ ਪਾਣੀ ਵਿੱਚ ਸ਼ਹਿਦ ਰਲ਼ਾ ਕੇ ਗੁੜਤੀ ਦਿੱਤੀ। ਪੀਤੋ ਨੈਣ ਨੇ ਬੂਹੇ ਅੱਗੇ ਸਰੀਂਹ ਦੇ ਪੱਤੇ ਬੰਨ ਕੇ ਲੰਬੜਾ ਦੇ ਘਰ ਮੁੰਡਾ ਹੋਣ ਦੀ ਖ਼ਬਰ ਜੱਗ ਜ਼ਾਹਰ ਕਰ ਦਿੱਤੀ। ਬੱਸ ਫੇਰ ਤਾਂ ਜਿਵੇਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਹੀ ਲੱਗ ਗਿਆ। ਮਹਿਤਾਬ ਕੌਰ ਹਰ ਕਿਸੇ ਨੂੰ ਖੁਸ਼ ਕਰਕੇ ਤੋਰਦੀ ਰਹੀ। ਬਚਨੋ ਮਨ ਹੀ ਮਨ ਆਪਣੇ ਪਤੀ ਨੂੰ ਯਾਦ ਕਰ ਰਹੀ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਆਪਣੇ ਪਤੀ ਤੱਕ ਉਹ ਇਹ ਖ਼ਬਰ ਕਿਵੇਂ ਪੁੱਜਦੀ ਕਰੇ। ਉਹ ਤਾਂ ਪਤੀ ਬਾਰੇ ਕਿਸੇ ਨਾਲ ਗੱਲ ਵੀ ਨਹੀ ਸੀ ਕਰ ਸਕਦੀ। ਰਿਵਾਜ਼ ਹੀ ਨਹੀਂ ਸੀ। ਉਸ ਦੇ ਮਨ ਦੀ ਭਾਵਨਾ ਨੂੰ ਸਮਝਦਿਆਂ ਮਹਿਤਾਬ ਕੌਰ ਨੇ ਕਿਹਾ ਸੀ “ਦਲੇਰ ਸਿੰਘ ਤਾਂ ਇਹ ਖਬਰ ਸੁਣ ਕੇ ਖੁਸ਼ ਹੋ ਜਾਊ। ਪਤਾ ਨੀ ਵਿਚਾਰਾ ਕਿਥੇ ਪਹਾੜੀ ਡੇਰੇ ਲਾਈਂ ਬੈਠਾ ਹੋਣਾ ਏ। ਜੈ ਖਾਣੇ ਲੇ - ਲਦਾਖ ਦਾ ਤਾਂ ਮੈਨੂੰ ਨੌਂ ਹੀ ਹੋਰੇ ਕਿਵੇਂ ਦਾ ਲੱਗਦੈ। ਕੱਲ ਨੂੰ ਬਲਕਾਰ ਸਿਉਂ ਤੋਂ ਕਾਟ ਲਿਖਾ ਕੇ ਪੌਨੇ ਆਂ” ਉਹ ਗੱਲਾਂ ਕਰਦੀ ਬਚਨੋ ਦਾ ਸਿਰ ਵੀ ਘੁੱਟੀਂ ਜਾ ਰਹੀ ਸੀ।
 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com