WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 12

ਸਮੁੰਦਰ ਮੰਥਨ (PDF, 568KB)    


ਇੱਕ ਦਿਨ ਉਹ ਵੀ ਆ ਗਿਆ ਜਦੋਂ ਦਲੇਰ ਸਿੰਘ ਦੇ ਕਦਮ ਪਿੰਡ ਰਣੀਏ ਵਲ ਵਧ ਰਹੇ ਸਨ। ਉਸ ਨੇ ਆਪਣੇ ਬੱਚੇ ਨੂੰ ਪਹਿਲੀ ਵਾਰ ਦੇਖਣਾ ਸੀ। ਜਦੋਂ ਉਹ ਜਾ ਕੇ ਸਹੁਰੇ ਘਰ ਵੜਿਆ ਤਾਂ ਹਰ ਇੱਕ ਨੂੰ ਖੁਸ਼ੀ ਚੜ੍ਹ ਗਈ। ਮਹਿਤਾਬ ਕੌਰ ਨੇ ਆਪਣੇ ਗੁਆਂਢੀ ਬੰਤੇ, ਨੂੰ ਖੇਤਾਂ ‘ਚੋਂ ਸੰਤਾਂ ਸਿੰਘ ਨੂੰ ਬੁਲਾਉਣ ਲਈ ਭੇਜਿਆ। ਉਨ੍ਹਾਂ ਫਟਾ ਫਟ ਚੁਬਾਰੇ ਵਿੱਚ ਡਹੇ ਮੰਜੇ ਤੇ ਨਵੀਂ ਨਕੋਰ ਤੋਤਿਆਂ ਵਾਲੀ ਚਾਦਰ ਵਿਛਾ ਦਿੱਤੀ। ਬਚਨੋਂ ਤਾਂ ਘਰਵਾਲੇ ਦੇ ਸਾਹਮਣੇ ਆਉਣ ਦਾ ਸਾਹਸ ਹੀ ਨਹੀਂ ਸੀ ਕਰ ਰਹੀ। ਜੋ ਕੁੜੀਆਂ ਸੰਗਦੀਆਂ ਮਾਰੀਆਂ ਪੇਕੇ ਘਰ ਵਿੱਚ ਆਪਣੇ ਪਤੀ ਦੇ ਸਾਹਮਣੇ ਨਾਂ ਆਂਉਦੀਆਂ, ਬਚਨੋਂ ਵੀ ਉਨਾਂ ਵਿੱਚੋਂ ਇੱਕ ਸੀ। ਮਹਿਤਾਬ ਕੌਰ ਨੇ ਹੀ ਮਨਦੀਪ ਨੂੰ ਚੁੱਕ ਕੇ ਦਲੇਰ ਸਿੰਘ ਦੀ ਗੋਦ ਵਿੱਚ ਪਾਇਆ। ਦਲੇਰ ਸਿੰਘ ਨੂੰ ਆਪਣਾ ਗੋਲ ਮਟੋਲ ਜਿਹਾ ਬੱਚਾ ਦੇਖ ਕੇ ਬੇਹੱਦ ਖੁਸ਼ੀ ਹੋਈ।

ਮਹਿਤਾਬ ਕੌਰ ਨੇ ਬਹਾਨੇ ਨਾਲ, ਕਲੀ ਕਰਵਾਏ ਹੋਏ ਪਿੱਤਲ ਦੇ ਗਲਾਸ ਵਿੱਚ ਘੜੇ ਦਾ ਠੰਢਾ ਪਾਣੀ ਦੇ ਕੇ ਬਚਨੋਂ ਨੂੰ ਦਲੇਰ ਸਿੰਘ ਕੋਲ ਤੋਰਿਆ। ਹੁਣ ਉਹ ਪੁੱਛ ਰਹੀ ਸੀ “ਜੀ ਥੋਡੀ ਛੁੱਟੀ ਕਿੰਨਾ ਚਿਰ ਦੀ ਆ। ਥੋਡੇ ਆਉਣ ਦਾ ਪਤਾ ਹੀ ਨੀ ਲੱਗਿਆ। ਰਾਮਪੁਰੇ ਤੋਂ ਵੀ ਕੋਈ ਸੁਨੇਹਾ ਨੀ ਆਇਆਂ। ਤੁਸੀਂ ਤਾਂ ਚਿੱਠੀ ਵੀ ਨੀ ਪਾਈ”। ਦਲੇਰ ਸਿੰਘ ਨੇ ਦੱਸਿਆਂ ਕਿ ਉਹ ਰਾਤ ਹੀ ਦੋਰਾਹੇ ਗੱਡੀ ਉੱਤਰਿਆ ਸੀ ਤੇ ਸਵੇਰੇ ਹੀ ਏਧਰ ਨੂੰ ਆ ਗਿਆ।

ਫੇਰ ਏਹੋ ਜਿਹੇ ਸਵਾਲ ਹੀ ਮਹਿਤਾਬ ਕੌਰ ਨੇ ਪੁੱਛਣੇ ਸ਼ੁਰੂ ਕੀਤੇ, “ਭਾਈ ਦਲੇਰ ਸਿਆਂ ਏਨੀ ਸਮੋਂ ਪਿੱਛੋਂ ਛੁੱਟੀ ਆਇਆਂ ਏਂ, ਸੁੱਖ ਨਾਲ ਹੁਣ ਤਾਂ ਲੰਬਾ ਟੈਮ ਰੈਹ ਕੇ ਜਾਮੇਂਗਾ। ਭਾਈ ਜਦੋਂ ਕੋਈ ਜਹਾਜ ਲੰਘਣਾ, ਜਾਣੀ ਸਾਡੇ ਤਾਂ ਸੋਤਰ ਸੁੱਕ ਜਾਣੇ। ਜੈਖਾਣੀ ਲੜਾਈ ਲੰਮੀ ਉਂ ਲੰਮੀ ਹੁੰਦੀ ਚਲੀ ਗੀ ਫੇਰ…। ਖਬਰਾ ਏਨੀਆਂ ਲੜਾਈਆਂ ਭੜਾਈਆਂ ਕਰਕੇ ਕੀ ਮਿਲਦੈ…?” ਫੇਰ ਉਹ ਕੁੱਝ ਸੋਚ ਕੇ ਬੋਲੀ “ਕੁਛ ਤਾਂ ਮਿਲਦਾ ਈ ਹੋਊ। ਤੇਰੀ ਤਾਂ ਛੁੱਟੀ ਵੀ ਅਟਕਾ ਲੀ। ਨਾਲੇ ਭਾਈ ਤੂੰ ਹੁਣ ‘ਰਾਮ ਨਾ ਕੁਰਸੀ ਤੇ ਬੈਹ ਜਾ। ਥੱਕਿਆ ਹੋਮੇਗਾ”

ਦਲੇਰ ਸਿੰਘ ਸੰਗਦਾ ਜਿਹਾ ਸੱਸ ਦੀਆਂ ਗੱਲਾਂ ਦੇ ਜਵਾਬ ਦਈ ਗਿਆ। ਬਚਨੋ ਦੀਆਂ ਭੈਣਾਂ ਵੀ ਸਤਿ ਸ੍ਰੀ ਅਕਾਲ ਕਹਿ ਗਈਆਂ ਸਨ। ਉਹ ਓਟੇ ਪਿੱਛੇ ਬੈਠੀਆਂ ਮੁਸ਼ਕਰਾਉਂਦੀਆਂ ਤੇ ਚੋਰ ਅੱਖ ਨਾਲ ਦੇਖਦੀਆਂ ਵੀ ਰਹੀਆਂ। ਤਾਜ਼ਾ ਲਿੱਪਿਆ ਘਰ ਅੰਦਰੋਂ ਭਾਵੇਂ ਠੰਢਾ ਸੀ ਪਰ ਤਾਂ ਵੀ ਮਹਿਤਾਬ ਕੌਰ ਨੇ ਜਵਾਈ ਨੂੰ ਝਾਲਰ ਵਾਲੀ ਪੱਖੀ ਲਿਆ ਦਿੱਤੀ ਅਤੇ ਆਪ ਵੀ ਪੀੜ੍ਹੀ ਤੇ ਬੈਠੀ ਪੱਖਾ ਝੱਲਦੀ ਗੱਲ ਅੱਗੇ ਤੋਰਦੀ ਰਹੀ ਤਾਂ ਕਿ ਪ੍ਰਾਹਉਣੇ ਨੂੰ ਇਹ ਨਾਂ ਮਹਿਸੂਸ ਹੋਵੇ ਕੇ ਬਈ ਕੋਈ ਕੋਲ਼ ਨੀ ਬੈਠਿਆ। ਉਸ ਨੇ ਫੇਰ ਗੱਲ ਤੋਰੀ, “ਬਾਹਰ ਤਾਂ ਭਾਈ ਹੁਣ ਸੇਕ ਮਾਰਨ ਲੱਗ ਪਿਐ। ਹਾੜੀ ਵੀ ਤਾਂ ਆ ਗਈ ਆ। ਤੇਰਾ ਬਾਪੂ ਤੇ ਮੁੰਡੇ ਸਭ ਅੱਜ ਬੇੜਾਂ ਵੱਟਣ ਲੱਗੇ ਹੋਏ ਨੇ। ਕਹਿੰਦੇ ਬਸਾਖੀ ਵਾਲੇ ਦਿਨ ਕਣਕ ਨੂੰ ਦਾਤੀ ਲੌਣੀ ਆਂ। ਨਾਲੇ ਮੀਂਹ ਕਣੀ ਤੋਂ ਅਗੇਤੀ ਚੱਕੀ ਜਾਊ”

ਦਲੇਰ ਸਿੰਘ ਨੇ ਵੀ ਰਸਤੇ ਵਿੱਚ ਲੋਕਾਂ ਨੂੰ ਬੇੜਾਂ ਵੱਟਦੇ ਹੋਏ ਦੇਖਿਆ ਸੀ। ਜਿਨ੍ਹਾਂ ਨਾਲ ਕਣਕ ਦੀਆਂ ਭਰੀਆਂ ਬੰਨੀਆਂ ਜਾਣੀਆਂ ਸਨ। ਇੱਕ ਜਾਣਾ ਡੰਡਾ ਜਿਹਾ ਘੁਮਾ ਕੇ ਵੱਟ ਚਾੜਦਾ ਤੇ ਇੱਕ ਸੜ੍ਹ ਲਾਂਉਦਾ। ਕਈ ਥਾਂ ਪਾਣੀ ਵਿੱਚ ਦਿੱਭ ਡੋਬੀ ਹੋਈ ਸੀ। ਜਿਸ ਨੂੰ ਵੇਖ ਕੇ ਉਸ ਨੂੰ ਆਪਣਾ ਬਚਪਨ ਵੀ ਯਾਦ ਆ ਗਿਆ। ਰਸਤੇ ਵਿੱਚ ਉਸ ਨੇ ਘੜਿਆਂ ਦੇ ਲੱਦੇ ਖੋਤੇ ਵੀ ਪਿੰਡ ਵਲ ਜਾਂਦੇ ਵੇਖੇ। ਘੁਮਿਆਰ ਹਾੜੀ ਦੇ ਮੌਸਮ ਵਿੱਚ ਪਾਣੀ ਠੰਢਾ ਰੱਖਣ ਲਈ ਘੜੇ ਵੇਚਣ ਆ ਰਹੇ ਸਨ। ਸਾਰਾ ਪੰਜਾਬ ਹੀ ਜਿਵੇਂ ਵਾਢੀ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੋਵੇ।

ਬੈਠੇ ਬੈਠੇ ਦਲੇਰ ਸਿੰਘ ਨੇ ਸਹੁਰੇ ਘਰ ਵਿੱਚ ਨਜ਼ਰ ਘੁਮਾਈ, “ਕੁੱਝ ਕੰਧਾਂ ਕੱਚੀਆਂ ਚੀਰੂ ਮਿੱਟੀ ਦੀਆਂ ਬਣੀਆਂ ਹੋਈਆਂ ਤੇ ਕੁੱਝ ਪੱਕੀਆਂ ਨਾਨਕ ਸ਼ਾਹੀ ਇੱਟਾਂ ਵਾਲੀਆਂ। ਕੜੀਆਂ ਸ਼ਤੀਰੀਆਂ ਤੇ ਸਰਕੜੇ ਵਾਲੀ ਛੱਤ। ਘਰ ਦੇ ਪੰਜਾਹ ਖਣ ਤਾਂ ਹੋਣੇ ਨੇ ਉਸ ਨੇ ਅੰਦਾਜ਼ਾ ਲਾਇਆ।

ਫੇਰ ਉਸ ਨੂੰ ਖਿਆਲ ਆਇਆ ਕਿ ਫਲ਼ ਫਰੂਟ ਤਾਂ ਉਹ ਦੱਸਣਾ ਹੀ ਭੁੱਲ ਗਿਆ। ਉਸ ਨੇ ਸੱਸ ਨੂੰ ਕਿਹਾ, “ ਬੇਬੇ ਸੈਂਕਲ ਦੇ ਹੈਂਡਲ ਨਾ ਝੋਲ਼ਾ ਬੰਨਿਆ ਹੋਇਆ ਏ ਖੋਹਲ ਲੋ। ਫਲ਼ ਫਰੂਟ ਨੇ”

“ਲੈ ਭਾਈ ਕਾਹਨੂ ਖੇਚਲ ਕਰਨੀ ਤੀ”
“ਲੈ ਬੇਬੇ ਖੇਚਲ ਨੂੰ ਕੀ ਆ ,ਆਪਣਾ ਈ ਘਰ ਆ”

“ਜੀਂਦੇ ਵਸਦੇ ਰਹੋ ਭਾਈ ਰੱਬ ਬੌਹਤਾ ਦੇਵੇ। ਬਚਨੋ ਕੁੜੇ… ਸ਼ਂੈਕਲ ਤੋਂ ਝੋਲ਼ਾ ਲਾਹੋ ਭਾਈ”

ਫੇਰ ਮਹਿਤਾਬ ਕੁਰ ਨੇ ਖੁਦ ਉੱਠ ਕੇ ਵੇਖਿਆ। ਕੇਲੇ ਸੰਤਰੇ ਤੇ ਨਾਲੇਂ ਇੱਕ ਫਲ਼ ਹੋਰ ਈ ਸੀ। “ਇਹ ਕੀ ਹੋਇਆ ਅੱਗੇ ਤਾਂ ਕਦੇ ਜੈ ਖਾਣਾ ਦੇਖਿਆ ਨੀ” ਉਹ ਸੋਚੀਂ ਪੈ ਗਈ। ਅੰਬ ‘ਮਰੂਦ ਤਾਂ ਬਥੇਰੇ ਖਾਧੇ ਨੇ ਏਹਦਾ ਨੀ ਪਤਾ ਲੱਗਦਾ ਕੀ ਆ। ਉਸ ਦੀ ਸੋਚ ਜਵਾਬ ਦੇ ਗਈ। ਚਲੋ ਭਲਾ ਪੁੱਛਦੀ ਆਂ”

ਦਲੇਰ ਸਿੰਘ ਨੇ ਦੱਸਿਆ ਕਿ ਇਹ ਫਲ਼ ਅਨਾਨਾਸ ਹੈ। ਇਸ ਤੋਂ ਇਲਾਵਾ ਬੱਚੇ ਲਈ ਕੁੱਝ ਖੇਡਾਂ ਸਨ। ਬਚਨੋਂ ਲਈ ਜੁੱਤੀ। ਮਹਿਤਾਬ ਕੌਰ ਨੇ ਫਰੂਟ ਥਾਲੀ ਵਿੱਚ ਕੱਢ ਦਿੱਤੇ ਤੇ ਬਾਕੀ ਸਮਾਨ ਬਚਨੋਂ ਦੇ ਹਵਾਲੇ ਕਰ ਦਿੱਤਾ। ਫੇਰ ਉਹ ਚਾਹ ਵਾਲੇ ਭਾਂਡੇ ਲੈ ਕੇ ਤੁਰ ਗਈ।

ਦਲੇਰ ਸਿੰਘ ਅਜੇ ਵੀ ਘਰ ਵੇਖਦਾ ਰਿਹਾ। ਨੀਲ ਪਾ ਕੇ ਪਾਂਡੂ ਫੇਰਿਆ ਹੋਇਆ ਘਰ, ਜਿਸ ਦੀਆਂ ਕੰਧਾਂ ਤੇ ਹਿਰਨ ਮੋਰ ਘੁੱਗੀਆਂ ਤੇ ਤੋਤੇ ਬਣੇ ਹੋਏ ਸਨ। ਘਰ ‘ਚ ਬਣੇ ਹੋਏ ਤਿੰਨ ਪੀੜ੍ਹੇ। ਪਿੱਤਲ, ਕੈਂਹ ਅਤੇ ਤਾਂਬੇ ਦੇ ਬਰਤਣਾਂ ਨਾਲ ਭਰੇ ਹੋਏ ਸਨ। ਜਿੰਨਾ ਵਿੱਚ ਗਾਗਰਾਂ, ਬਲਟੋਹੀਆਂ, ਛੰਨੇ, ਪਰਾਤਾਂ ,ਥਾਲ, ਬਾਲਟੀਆਂ, ਕੌਲੀਆਂ ਗਲਾਸ ਪਤਾ ਨਹੀ ਹੋਰ ਕਿੰਨੇ ਕੁ ਭਾਂਡੇ ਸਨ। ਜਿੰਨਾ ‘ਚ ਇੱਕ ਦੋ ਫੌਜੀ ਕੱਪ ਵੀ ਪਏ ਵੀ ਨਜ਼ਰ ਆਏ। ਕੱਚ ਦੇ ਅਤੇ ਸਟੀਲ ਦੇ ਬਰਤਣ ਅਜੇ ਏਸ ਪਿੰਡ ਵਿੱਚ ਵਰਤਣ ਦਾ ਰਿਵਾਜ਼ ਨਹੀਂ ਸੀ ਪਿਆ। ਆਏ ਮਹਿਮਾਨ ਨੂੰ ਪਿੱਤਲ ਦੇ ਕਲੀ ਕੀਤੇ ਬਰਤਣਾ ਵਿੱਚ ਹੀ ਖਾਣਾ ਦਿੱਤਾ ਜਾਂਦਾ। ਪਿੰਡਾਂ ਵਿੱਚ ਸ਼ਹਿਰੀ ਰਿਵਾਜ਼ਾ ਨੂੰ ਖੇਖਣ ਜਾਂ ਦਿਖਾਵਾਂ ਸਮਝਿਆਂ ਜਾਂਦਾ ਸੀ। ਪਰ ਦਲੇਰ ਸਿੰਘ ਲਈ ਇਹ ਕੁੱਝ ਵੀ ਓਪਰਾ ਨਹੀਂ ਸੀ।

ਏਨੇ ਨੂੰ ਮਹਿਤਾਬ ਕੌਰ ਦੀ ਵੱਡੀ ਨੂੰਹ ਹਰਦੇਵ ਕੌਰ ਵੀ ਖੇਤੋਂ ਰੋਟੀ ਦੇ ਕੇ ਮੁੜ ਆਈ। ਜਦੋਂ ਉਹ ਅੰਦਰ ਵੜੀ ਤਾਂ ਉਸ ਦੇ ਸਿਰ ਤੇ ਲੱਸੀ ਵਾਲੀ ਖਾਲੀ ਝੱਕਰੀ ਈਨੂੰ ਉੱਪਰ ਧਰੀ ਹੋਈ ਸੀ। ਤੇ ਝੱਕਰੀ ਉੱਪਰ ਪੋਣੇ ਦੇ ਲੜ ਬੰਨੇ ਖਾਲੀ ਭਾਂਡੇ ਵੀ ਸਨ। ਬਾਹਰ ਖੜਾ ਸਾਈਕਲ ਤਾਂ ਉਸ ਨੇ ਵੇਖਿਆ ਹੀ ਨਹੀਂ ਸੀ। ਜਦੋਂ ਅੰਦਰ ਬੈਠੇ ਨਣਦੋਈਏ ਨੂੰ ਵੇਖਿਆ ਤਾਂ ਹੈਰਾਨ ਹੋ ਗਈ। ਇਸ ਪਿੰਡ ਵਿੱਚ ਔਰਤਾਂ ਬਾਹਰ ਜਾਣ ਵੇਲੇ ਅੱਧਾ ਘੁੰਡ ਕੱਢਦੀਆਂ ਸਨ। ਉਸ ਨੇ ਚੁੰਨੀ ਦਾ ਪੱਲਾ ਉੱਪਰ ਚੁੱਕ ਕੇ ਦਲੇਰ ਸਿੰਘ ਨੂੰ ‘ਸਾਸਰੀ ਕਾਲ’ ਕਿਹਾ। ਫੇਰ ਰਾਜੀ ਖੁਸ਼ੀ ਪੁੱਛ ਉਹ ਚੁੱਲੇ ਚੌਂਕੇ ਵਲ ਚਲੀ ਗਈ। ਬਾਹਰੋਂ ਆਏ ਕਿਸੇ ਵੀ ਮਰਦ ਨਾਲ ਦੋ ਟੁੱਕ ਗੱਲ ਕਰਨਾ ਹੀ ਇਸ ਘਰ ਵਿੱਚ ਔਰਤਾਂ ਦੀ ਮਰਿਯਾਦਾ ਸੀ।

ਚੁੱਲਾ ਚੌਕਾਂ ਘਰ ਦੇ ਅੰਦਰ ਹੀ ਇੱਕ ਨੁੱਕਰੇ ਬਣਿਆ ਹੋਇਆ ਸੀ। ਜਿਸ ਦੇ ਤਿੰਨ ਪਾਸੇ ਕੱਚੀ ਮਿੱਟੀ ਦਾ ਲਿਪਿਆ ਸਵਾਰਿਆ ਓਟਾ ਸੀ। ਓਟੇ ਤੇ ਪਿਆ ਦੀਵਾ। ਅੰਦਰ ਦੁੱਧ ਰਿੜਕਣ ਵਾਲੀ ਘੜੇਥਣੀ ਤੇ ਰੱਖਿਆ ਤੌਲਾ। ਰੋਟੀ ਵਾਲਾ ਛਾਬਾ, ਰੋਟੀ ਪਕਾਉਣ ਦਾ ਸਮਾਨ। ਚਿਮਟਾ ਭੂਕਨਾ ਖੁਰਚਣਾ ਚੱਕਲਾ ਵੇਲਣਾ ਤੇ ਹੋਰ ਭਾਂਡੇ ਟੀਂਡੇ। ਏਸੇ ਥਾਂ ਬਹਿ ਕੇ ਰੋਜ਼ ਮਹਿਤਾਬ ਕੌਰ ਦੁੱਧ ਰਿੜਕਦੀ ਅਤੇ ਜਪੁਜੀ ਸਾਹਿਬ ਦੀਆਂ ਪਹਿਲੀਆਂ ਪੰਜ ਪਾਉੜੀਆਂ ਦਾ ਪਾਠ ਵਾਰ ਵਾਰ ਦੁਹਰਾਉਂਦੀ। ਤੌਲੇ ‘ਚੋਂ ਮੱਖਣ ਕੱਢਦੀ। ਸਾਰੇ ਟੱਬਰ ਨੂੰ ਰੋਟੀ ਵਰਤਾਉਂਦੀ। ਉਸ ਦੀ ਪੀੜੀ ਤੇ ਸਿਰਫ ਉਹ ਹੀ ਬੈਠਦੀ ਸੀ। ਜਿਸ ਦਾ ਮਤਲਬ ਸੀ ਘਰ ਦੀ ਮੁਹਰੈਲ। ਘਰਦੇ ਬਾਕੀ ਮੈਂਬਰਾਂ ਨੂੰ ਜੁੱਤੀ ਸਮੇਤ ਇਸ ਪਾਸੇ ਆਉਣ ਦੀ ਮਨਾਹੀ ਸੀ। ਰੋਟੀ ਖਾਣ ਵਾਲੇ ਚੌਂਕੜੀ ਮਾਰ, ਹੱਥ ਸੁੱਚੇ ਕਰ, ਤੇ ਵਾਹਿਗੁਰੂ ਦਾ ਨਾਂ ਲੈ, ਵਿਛੀਆਂ ਬੋਰੀਆਂ ਤੇ ਬੈਠ ਕੇ ਰੋਟੀ ਖਾਂਦੇ। ਘਰ ਆਏ ਮਹਿਮਾਨ ਨੂੰ ਹੀ ਕੁਰਸੀ ਮੇਜ਼ ਤੇ ਬਿਠਾ ਕੇ ਰੋਟੀ ਦਿੱਤੀ ਜਾਂਦੀ। ਏਹੋ ਇਸ ਘਰ ਦਾ ਕਾਇਦਾ ਕਾਨੂੰਨ ਸੀ। ਜਿਸ ਨੂੰ ਤੋੜਨ ਦੀ ਹਿੰਮਤ ਕਿਸੇ ਵਿੱਚ ਵੀ ਨਹੀਂ ਸੀ।

ਮਹਿਮਾਨਾ ਲਈ ਸੌਣ ਦਾ ਕਮਰਾ ਘਰ ਉੱਪਰ ਬਣਿਆ ਚੁਬਾਰਾ ਸੀ। ਚਾਹ ਪਾਣੀ ਪੀਕੇ ਦਲੇਰ ਸਿੰਘ ਵੀ ਚੁਬਾਰੇ ਚੜ ਗਿਆ। ਜਿੱਥੇ ਮੰਜਿਆ ਤੇ ਨਵੇ ਨਕੋਰ ਬਿਸਤਰੇ ਵਿਛੇ ਪਏ ਸਨ। ਕੁੱਝ ਹੀ ਦੇਰ ਬਾਅਦ ਸੰਤਾ ਸਿੰਘ ਵੀ ਪ੍ਰਾਹੁਣੇ ਦਾ ਆਉਣਾ ਸੁਣ ਕੇ ਪੁੱਜ ਗਿਆ। ਉਹਨਾਂ ਖੂਬ ਗੱਲਾਂ ਕੀਤੀਆਂ। ਰੋਟੀ ਦੇ ਟਾਈਮ ਮਹਿਤਾਬ ਕੌਰ ਨੇ ਮਾਂਹ ਛਲਿਆਂ ਦੀ ਦਾਲ ਦੇ ਨਾਲ ਆਲੂ ਮਟਰਾਂ ਦੀ ਸਬਜ਼ੀ ਅਤੇ ਬੂਰਾ ਘਿਉ ਵਿਸ਼ੇਸ਼ ਤੌਰ ਤੇ ਪਰੋਸੇ। ਰੋਟੀ ਖਾਅ ਕੇ ਉਹ ਕੁੱਝ ਦੇਰ ਲਈ ਸੌਂ ਗਿਆ। ਤੇ ਫੇਰ ਮਹਿਤਾਬ ਕੌਰ ਨਿੱਕੇ ਨੂੰ ਉਸ ਦੀ ਗੋਦ ‘ਚ ਲਿਟਾ ਗਈ। ਬੱਚਾ ਰੋਣ ਲੱਗ ਪਿਆ ਤਾਂ ਬਚਨ ਕੌਰ ਫੜ ਕੇ ਲੈ ਗਈ। ‘ਇਹ ਨਿੱਕੇ ਨਿੱਕੇ ਬਹਾਨੇ ਵੀ ਇੱਕ ਆਪਣਾ ਅਰਥ ਰੱਖਦੇ ਨੇ’ ਦਲੇਰ ਸਿੰਘ ਸੋਚਦਾ ਰਿਹਾ।

ਦਲੇਰ ਸਿੰਘ ਪਾਸ ਇੱਕ ਹੋਰ ਬੈਗ ਸੀ ਜੋ ਉਸ ਨੇ ਮੰਜੇ ਹੇਠ ਰੱਖਿਆ ਹੋਇਆ ਸੀ। ਇਸ ਵਿੱਚ ਉਸ ਦਾ ਕੁੜਤਾ ਪਜ਼ਾਮਾ, ਚੱਪਲਾਂ ਅਤੇ ਦਾੜੀ ਬੰਨਣ ਵਾਲੇ ਸਮਾਨ ਤੋਂ ਇਲਾਵਾ ਦੋ ਬੋਤਲਾਂ ਥ੍ਰੀ ਐਕਸ ਰੱਮ ਦੀਆਂ ਵੀ ਸਨ। ਜਿਨਾਂ ਵਿੱਚੋਂ ਇੱਕ ਉਸ ਨੇ ਸੰਤਾਂ ਸਿੰਘ ਨੂੰ ਫੜਾ ਦਿੱਤੀ ਅਤੇ ਦੂਸਰੀ ਆਪਣੇ ਸਾਲਿਆਂ ਲਈ ਰੱਖ ਲਈ।
ਸੂਰਜ ਢਲਣ ਨਾਲ ਹੀ ਸਿਰਕੇ ਵਾਲੇ ਗੰਢੇ ਤੇ ਦੋ ਕੱਚ ਦੇ ਗਲਾਸ ਆ ਗਏ। ਪ੍ਰਾਹੁਣੇ ਦੀ ਸੇਵਾ ਲਈ ਸੰਤਾ ਸਿੰਘ ਹਾਜ਼ਰ ਸੀ। ਫੇਰ ਉਨ੍ਹਾਂ ਲੜਾਈ ਦੀਆਂ, ਦੇਸ਼ ਦੀ ਤਰੱਕੀ ਦੀਆਂ ਅਤੇ ਫੌਜੀ ਜੀਵਨ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ।

ਸ਼ਾਮ ਉੱਤਰਦਿਆਂ ਹੀ ਪਿੰਡ ਵਿੱਚ ਢੱਡ ਸਾਰੰਗੀ ਬੁੜਕਣ ਲੱਗੀ। ਉਧਰ ਬਲਕਾਰ ਸਿੰਘ ਤੇ ਗੁਰਜੀਤ ਸਿੰਘ ਵੀ ਖੇਤਾਂ ‘ਚੋਂ ਕੰਮ ਮੁਕਾ ਕੇ ਆ ਗਏ। ਨਹਾ ਧੋ ਕੇ ਉਹ ਵੀ ਚੁਬਾਰੇ ‘ਚ ਆਣ ਬੈਠੇ। ਦੋ ਗਲਾਸ ਹੋਰ ਆ ਗਏ। ਹੁਣ ਸਾਰੇ ਹਵਾ ਪਿਆਜ਼ੀ ਹੋਣ ਲੱਗੇ। ਪਿੰਡ ਵਿੱਚ ਕੇਹਰੂ ਦੀ ਕੁੜੀ ਜੀਤੋ ਦਾ ਵਿਆਹ ਸੀ। ਤੇ ਬਰਾਤ ਦੋ ਦਿਨ ਲਈ ਠਹਿਰੀ ਹੋਈ ਸੀ। ਅੱਜ ਗਾਉਣ ਬਜਾੳੇਣ ਦਾ ਅਖਾੜਾ ਲੱਗਣਾ ਸੀ। ਮਸ਼ਹੂਰ ਢਾਡੀ ਭਗਵਾਨ ਸਿੰਘ ‘ਧੂੜਾਂਪੱਟ’ ਆਪਣੇ ਪੂਰੇ ਜਥੇ ਨਾਲ ਪਹੁੰਚਿਆ ਹੋਇਆ ਸੀ। ਉਹਦੇ ਵਰਗਾ ਮਿਰਜ਼ਾ ਹੋਰ ਕੋਈ ਨਹੀਂ ਸੀ ਗਾ ਸਕਦਾ। ਫੇਰ ਉਹ ਤਿੰਨੇ ਅਖਾੜਾ ਦੇਖਣ ਤੁਰ ਪਏ।

ਅਲਗੋਜ਼ਿਆਂ ਤੇ ਦੁੱਲਾ ਭੱਟੀ, ਢੱਡ ਸਾਰੰਗੀ ਤੇ ਹੀਰ ਅਤੇ ਤੂੰਬੇ ਤੇ ਮਿਰਜ਼ਾ ਗਾਇਆ ਜਾ ਰਿਹਾ ਸੀ। ਸਾਰਾ ਪਿੰਡ ਹੀ ਝੂਮ ਰਿਹਾ ਸੀ। ਦਾਰੂ ਦੇ ਸ਼ੁਕੀਨ ਲਾਹਣ ਦੀਆਂ ਬੋਤਲਾਂ ਡੱਬਾਂ ‘ਚ ਅੜਾਈ ਫਿਰਦੇ ਸਨ। ਸੰਤਰਾ ਅਤੇ ਰਸਭਰੀ ਵੀ ਜਨੇਤੀਆਂ ਨੂੰ ਵਰਤਾਈ ਜਾ ਰਹੀ ਸੀ। ਧੂਹਵੇਂ ਚਾਦਰੇ, ਸ਼ਮਲੇ ਵਾਲੀਆਂ ਪੱਗਾਂ, ਤੇ ਕੱਢਵੀਆਂ ਨੋਕਦਾਰ ਜੁੱਤੀਆਂ ਪਹਿਨੀ ਗਵਈਏ ਹੇਕਾਂ ਚੁੱਕਦੇ। ਗੈਸ ਲੈਂਪ ਦੇ ਚਾਨਣ ਵਿੱਚ ਬਹੁਤ ਵੱਡਾ ਇਕੱਠ ਨਜ਼ਰ ਆ ਰਿਹਾ ਸੀ। ਅਖਾੜਾ ਦੇਖਣ ਲੋਕ ਦੂਸਰੇ ਪਿੰਡਾਂ ਤੋਂ ਵੀ ਆਏ ਹੋਏ ਸਨ।

ਕਈ ਗਭਰੂ ਕੁਤਰੀਆਂ ਦਾੜੀਆਂ ਵਾਲੇ ਜਾਂ ਸੋਨੇ ਦੇ ਦੰਦ ਵਾਲੇ, ਮਸ਼ਾਲਚੀ ਬਣੇ ਗਾਇਕਾਂ ਦੇ ਨਾਲ ਨਾਲ ਘੁੰਮਦੇ। ਲੋਕ ਸੱਸੀ ਪੁਨੂੰ, ਸ਼ੀਰੀ ਫਰਿਆਦ, ਜੀਊਣਾ ਮੌੜ, ਸੋਹਣੀ ਮਹੀਂਵਾਲ ਅਤੇ ਪੂਰਨ ਭਗਤ ਦੀਆਂ ਫਰਮਾਇਸ਼ਾ ਕਰਦੇ ਤੇ ਨੋਟ ਵੀ ਵਾਰੀ ਜਾਂਦੇ। ਦੇਰ ਰਾਤ ਤੱਕ ਇਹ ਅਖਾੜਾ ਚੱਲਦਾ ਰਿਹਾ ਤੇ ਦਾਰੂ ਦੀ ਮੱਸ਼ਕ ਵੀ ਘੁੰਮਦੀ ਰਹੀ। ਉਨ੍ਹਾਂ ਵੀ ਇਸ ਅਖਾੜੇ ਦਾ ਖੁੂਬ ਆਨੰਦ ਮਾਣਿਆ। ਘਰ ਆਕੇ ਥੋੜਾ ਉਨ੍ਹਾਂ ਫੌਜੀ ਰੱਮ ਦੇ ਦੋ ਦੋ ਪੈੱਗ ਹੋਰ ਲਾਏ ਫੇਰ ਰੋਟੀ ਖਾਧੀ ਅਤੇ ਗੱਲਾਂ ਬਾਤਾਂ ਕਰਦੇ ਕਰਦੇ ਹੀ ਸੌਂ ਗਏ।

ਦਲੇਰ ਸਿੰਘ ਸੌਣ ਤੋਂ ਪਹਿਲਾਂ, ਭਾਵੇਂ ਆਪਣੀ ਪਤਨੀ ਤੇ ਬੱਚੇ ਨੂੰ ਮਿਲਣਾ ਚਾਹੁੰਦਾ ਸੀ। ਪਰ ਇਹ ਗੱਲ ਇਸ ਘਰ ਦੇ ਅਸੂਲਾਂ ਅਨੁਸਾਰ ਨਾ ਹੋਣ ਕਰਕੇ, ਉਹ ਮਨ ਮਾਰ ਕੇ ਹੀ ਸੌਂ ਗਿਆ। ਬਾਹਰ ਤਾਰਿਆਂ ਭਰਿਆ ਆਕਾਸ਼ ਅਤੇ ਠੰਢੀ ਪੌਣ ਰੁਮਕਦੀ ਰਹੀ। ਦਲੇਰ ਸਿੰਘ ਜਿਵੇਂ ਫੌਜ ਨੂੰ ਵੀ ਭੁੱਲ ਗਿਆ। ਬੇਫਿਕਰੀ ਵਿੱਚ ਤਾਂ ਨੀਂਦ ਵੀ ਬੜੀ ਜਲਦੀ ਹੀ ਆ ਜਾਂਦੀ ਆ। ਤੇ ਆਖਿਰ ਉਹ ਵੀ ਸੌਂ ਗਿਆ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com