ਵਕਤ ਬੀਤਦੇ ਦਾ ਪਤਾ ਹੀ ਨਹੀਂ ਲੱਗਦਾ। ਪਿਛਲੇ ਚਾਰ ਸਾਲ
ਜਿਵੇਂ ਅੱਖ ਦੇ ਫੋਰ ਵਿੱਚ ਹੀ ਬੀਤ ਗਏ। ਇਨ੍ਹਾਂ ਚਾਰਾਂ ਸਾਲਾਂ ਵਿੱਚ ਵੀ ਬੜਾ ਕੁੱਝ
ਬਦਲ ਗਿਆ ਸੀ। ਬਚਨੋਂ ਕਿਸੇ ਨੂੰ ਨਾਲ ਲੈ ਕੇ ਕਦੀ ਕਦਾਈਂ ਸਹੁਰੇ ਗੇੜਾ ਮਾਰ ਆਂਉਦੀ
ਪਰ ਉਸਦੀ ਜਠਾਣੀ ਦਾ ਵਤੀਰਾ ਪਹਿਲਾਂ ਵਾਲਾ ਹੀ ਰਿਹਾ। ਦਿਓਰਾਂ ਜੇਠਾਂ ਦੀ ਉੱਠਣੀ
ਬੈਠਣੀ ਉਸ ਨੂੰ ਰਾਸ ਨਹੀਂ ਸੀ ਆ ਰਹੀ। ਕਈ ਔਰਤਾਂ ਉਸ ਨੂੰ ਕਹਿੰਦੀਆਂ ਵੀ ਕਿ
ਦਿਉਰਾਂ ਨੂੰ ਤੇ ਜੇਠ ਨੂੰ ਜਾਂ ਸੱਸ ਸਹੁਰੇ ਨੂੰ ਹੱਥ ਹੇਠ ਰੱਖ ਤੇ ਘਰ ‘ਚ ਆਪਣੀ
ਪੁਗਾ। ਪਰ ਉਸ ਦੀ ਰੂਹ ਨਾਂ ਮੰਨਦੀ ਤੇ ਨਾਂ ਹੀ ਲੋਕਣੀਆਂ ਵਾਂਗ ਉਹ ਕਿਸੇ ਦਿਉਰ ਜੇਠ
ਨੂੰ ਆਪਣੇ ਹੱਥ ਹੇਠ ਕਰ ਕੇ ਉਸ ਦੀ ਜ਼ਮੀਨ ਹੜੱਪਣਾ ਚਾਹੁੰਦੀ ਸੀ।
ਜ਼ਮੀਨ ਤੇ ਟੁਕੜੇ ਹੁੰਦੇ ਨੇ ਤਾਂ ਹੋ ਜਾਣ ਪਰ ਉਹ ਆਪਣੀ ਰੂਹ ਦੇ ਟੁਕੜੇ ਨਹੀਂ ਸੀ
ਹੋਣ ਦੇਣਾਂ ਚਾਹੁੰਦੀ। ਬੁੱਤਾ ਸਾਰ ਤੇ ਵੇਲਾ ਲੰਘਾ, ਵਰਗੀ ਨੀਤੀ ਉਸ ਨੂੰ ਪਸੰਦ
ਨਹੀਂ ਸੀ। ਜਦ ਕਿ ਪਿੰਡਾਂ ਵਿੱਚ ਚੱਲਦਾ ਹੀ ਏਸੇ ਤਰਾਂ ਸੀ। ਜ਼ਮੀਨ ਦੇ ਲਾਲਚ ਵਿੱਚ
ਜੱਟ ਆਪਣੀਆਂ ਪਤਨੀਆਂ ਅੱਖਾਂ ਸਾਹਮਣੇ ਹੀ ਹੋਰਾਂ ਨੂੰ ਸੌਂਪ ਦਿੰਦੇ ਤੇ ਘਰ ਦੀ ਗੱਲ
ਘਰ ਵਿੱਚ, ਤੇ ਘਰ ਦੀ ਜ਼ਮੀਨ ਵੀ ਘਰ ਵਿੱਚ ਰੱਖਣ ਨੂੰ ਸਗੋਂ ਸਿਆਣਪ ਸਮਝਿਆ ਜਾਂਦਾ।
ਨਵੇਂ ਸਮੇਂ ਅਨੁਸਾਰ ਹਰ ਜੁਆਕ ਨੂੰ ਆਪਣੇ ਪਿਤਾ ਦਾ ਸਪਸ਼ਟ
ਪਤਾ ਹੋਣਾ ਚਾਹੀਦਾ ਸੀ। ਬੇਰੜਾ ਜਾਂ ਹਰਾਮ ਦਾ ਗਾਲਾਂ ਵੀ ਤਾਂ ਹੁਣ ਬਹੁਤ ਪ੍ਰਚੱਲਤ
ਹੋ ਗਈਆਂ ਸਨ। ਪਰ ਪੇਂਡੂ ਔਰਤਾਂ ਅਜੇ ਵੀ ਜੁਆਕ ਜੰਮਣ ਤੇ ਉਨ੍ਹਾਂ ਦੇ ਮੁੜੰਗੇ ਚਾਚੇ
ਤਾਇਆਂ ਨਾਲ ਰਲਾਂ ਕੇ ਅਸਲ ਪਿਤਾ ਪਛਾਨਣ ਦੀ ਕੋਸ਼ਿਸ਼ ਕਰਦੀਆਂ। ਜੇ ਮੁੜੰਗਾ ਕਿਸੇ ਨਾਲ
ਵੀ ਨਾਂ ਮਿਲਦਾ ਤਾਂ ਇਹ ਵੀ ਕਹਿੰਦੀਆਂ ਇਹ ਤਾਂ ਨਾਨਕਿਆਂ ਤੇ ਗਿਆ ਏ? ਇਹ ਵੀ ਇੱਕ
ਗੁੱਝਾ ਵਿਅੰਗ ਸੀ। ਬਹੁ ਕੰਤੀ ਪ੍ਰਥਾ ਅਧੀਨ ਔਰਤ ਨੂੰ ਖੁਦ ਹੀ ਪਤਾ ਨਹੀਂ ਸੀ ਲੱਗਦਾ
ਕਿ ਉਸਦੇ ਬੱਚੇ ਦਾ ਅਸਲ ਬਾਪ ਸਾਰੇ ਭਰਾਵਾਂ ‘ਚੋਂ ਕੌਣ ਹੈ?
ਬਹੁਤੇ ਲੋਕ ਅਜੇ ਵੀ ਜੰਮਦੀਆਂ ਕੁੜੀਆਂ ਨੂੰ ਮਾਰ ਦਿੰਦੇ ਤੇ
ਕਈ ਉਨ੍ਹਾਂ ਨੂੰ ਆਪਣੀ ਕਾਮਯਾਬੀ ਲਈ ਸ਼ਤਰੰਜ ਦੇ ਮੋਹਰੇ ਬਣਾ ਕੇ ਵੀ ਵਰਤਦੇ।
ਬਾਬੇ ਦੀ ਬਾਣੀ ਸਿਰਫ ਗੁਰਦੁਵਾਰਿਆਂ ਤੱਕ ਹੀ ਸੀਮਤ ਸੀ। ਲੋਕ
ਰੋਜ਼ ਬਾਣੀ ਰੱਟਦੇ, ਪਰ ਅਮਲ ਨਾਂ ਕਰਦੇ। ਬਚਨੋਂ ਵਰਗੀ ਮਨਮਰਜੀ ਦੀ ਮਾਲਿਕ ਤੇ ਤਾਂ
ਕੋਈ ਦੂਸ਼ਣ ਵੀ ਲਾ ਦਿੰਦਾ। ਏਸੇ ਕਰਕੇ ਹੀ ਤਾਂ ਉਹ ਪੇਕੇ ਘਰ ਰਹਿ ਕੇ ਖੁਸ਼ ਸੀ। ਤੇ
ਸੰਤਾ ਸਿੰਘ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹ ਭਰਜਾਈਆਂ ਦੀਆਂ ਟਕੋਰਾਂ ਸਹਿੰਦੀ,
ਗੋਹਾ ਕੂੜਾ ਕਰਦੀ, ਰੋਟੀਆਂ ਲਾਹੁੰਦੀ, ਭਾਂਡੇ ਮਾਂਜਦੀ ਆਪਣਾ ਸਮਾਂ ਬਤੀਤ ਕਰ ਰਹੀ
ਸੀ।
ਪੰਜਾਬ ਦੇ ਪਿੰਡਾਂ ਵਿੱਚ ਅਜੇ ਵੀ ਮਨੋਰੰਜਨ ਦੇ ਹੋਰ ਕੋਈ
ਖਾਸ ਸਾਧਨ ਨਹੀਂ ਸਨ। ਨੌਜਵਾਨ ਮੁੰਡੇ ਕੁੜੀਆਂ ਦਾ ਇੱਕ ਦੂਜੇ ਵਲ ਖਿੱਚਿਆ ਜਾਣਾ ਹੀ
ਸਭ ਤੋਂ ਵੱਡੀ ਖੁਸ਼ੀ ਹੁੰਦੀ। ਉਹ ਆਨੀ ਬਹਾਨੀ ਇੱਕ ਦੂਸਰੇ ਨੂੰ ਵੇਖਦੇ ਤੇ ਖੁਸ਼
ਹੁੰਦੇ ਰਹਿੰਦੇ। ਵੇਖਣ ਦਾ ਸਬੱਬ ਖੇਤਾਂ ‘ਚ ਚਾਹ ਰੋਟੀ ਦੇਣ ਜਾਣ ਸਮੇਂ,ਸਾਗ ਤੋੜਨ
ਜਾਣ ਸਮੇਂ ਬਣ ਜਾਂਦਾ। ਕਿਸੇ ਦੀ ਬਰਾਤ ਚੜ੍ਹਦੀ ਜਾਂ ਆਂਉਦੀ ਦੇਖਣ ਸਮੇਂ ਵੀ ਦਰਸ਼ਣ
ਝਲਕਾਰਾ ਪੈ ਜਾਦਾ। ਸੰਗਰਾਂਦ ਵਾਲੇ ਦਿਨ ਗੁਰੁਦਵਾਰੇ ਜਾਂ ਮੱਟੀਆਂ ਤੇ ਮੱਥਾ ਟੇਕਣ
ਸਮੇਂ ਵੀ ਇਹ ਆਸ ਬਣੀ ਰਹਿੰਦੀ।
ਵਿਆਹਾਂ ‘ਚ ਬਰਾਤੀਆਂ ਨੂੰ ਭੰਗੜਾ ਪਾਉਂਦੇ ਵੇਖ ਵੇਖ ਲੋਕ
ਖੁਸ਼ ਹੁੰਦੇ। ਪੀਪਨੀਆਂ ਵਾਲੇ ਵਾਜਿਆਂ ਨਾਲ ਕੁੜੀਆਂ ਦੇ ਵੇਸ ਵਿੱਚ ਨੱਚਦੇ ਨਚਾਰ ਰੰਗ
ਬੰਨ ਦਿੰਦੇ। ਦਿਲ ਪ੍ਰਚਾਵੇ ਦੇ ਤਾਂ ਕੁੱਝ ਹੋਰ ਸਾਧਨ ਵੀ ਸਨ, ਜਿਵੇਂ ਕੁੜੀਆਂ ਦਾ
ਪੀਂਘਾਂ ਝੂਟਣਾ ਜਾਂ ਮੇਲਿਆਂ ਤੇ ਜਾਣਾ ਬਗੈਰਾ। ਪਿੰਡਾਂ ਵਿੱਚ ਤਮਾਸ਼ਾਂ ਕਰਨ ਵਾਲੇ
ਆਂਉਦੇ, ਬਾਂਦਰ ਬਾਦਰੀ ਦਾ, ਰਿੱਛ ਦਾ ਤਮਾਸ਼ਾ ਵੀ ਹੁੰਦਾ ਜਾ ਬਾਜੀਗਰ ਬਾਜੀ ਪਾਉਂਦੇ।
ਜਾਦੂਗਰ ਵੀ ਆਉਂਦੇ, ਨਕਲੀਏ, ਭੰਡ ਕਵੀਸ਼ਰ ਤੇ ਡੁਗਡੁਗੀ ਵਜਾ ਕੇ ਸਮਾਨ ਵੇਚਣ ਵਾਲੇ
ਰੌਣਲ ਲਾਈਂ ਰੱਖਦੇ। ਠੰਢੀ ਮਿੱਠੀ ਰੰਗਾਂ ਭਰਪੂਰ ਬਰਫ ਵੇਚਣ ਵਾਲੇ ਹੋਕਾ ਦਿੰਦੇ
‘ਪੰਜੀ ਦਾ ਪੱਤਾ ਭਰਕੇ’ ਤੇ ਨਿਆਣੇ ਉੱਧਰ ਹੀ ਸ਼ੂਟਾਂ ਵੱਟ ਦਿੰਦੇ। ਪਿੰਡ ਰਣੀਏ ਦੇ
ਲੋਕਾਂ ਲਈ ਮਨੋਰੰਜਨ ਦਾ ਕੇਂਦਰ ਪਿੰਡ ਦਾ ਦਰਵਾਜ਼ਾ ਹੀ ਸੀ। ਜਿੱਥੇ ਬੈਠ ਕੇ ਉਹ
ਗੱਲਾਂ ਕਰਦੇ, ਤਾਸ਼ ਖੇਡਦੇ। ਬੀਜਣ ਲਈ ਮੂੰਗਫਲੀ ਦੀਆਂ ਗਿਰੀਆਂ ਕੱਢਦੇ, ਰੱਸੇ ਵੱਟਦੇ
ਅਤੇ ਕਈ ਅਰਾਮ ਨਾਲ ਬੈਠ ਹੁੱਕਾ ਵੀ ਗੁੜਗੜਾਂਉਦੇ।
ਇਸ ਦੇ ਨਾਲ ਨਾਲ ਮਾਲਵੇ ਦੇ ਪਿੰਡਾਂ ਵਿੱਚ ਰਾੜੇ ਵਾਲੇ
ਸੰਤਾਂ ਦੇ ਦੀਵਾਨ ਵੀ ਮਸ਼ਹੂਰ ਹੋਣ ਲੱਗੇ। ਜਿੱਥੇ ਵੀ ਦੀਵਾਨ ਲੱਗਦਾ, ਮਰਦ ਔਰਤਾਂ
ਰੇੜੀਆਂ ਜਾਂ ਗੱਡਿਆਂ ਤੇ ਬੈਠਕੇ ਹੁੰਮ ਹੁਮਾਂ ਕੇ ਪੁੱਜਦੇ। ਤੇ ਫੇਰ ਦੇਖਦੇ ਹੀ
ਦੇਖਦੇ ਇਹ ਥਾਂ ਟਰੈਕਟਰਾਂ ਟਰਾਲੀਆਂ ਨੇ ਲੈ ਲਈ। ਸੰਤਾਂ ਦੀ ਜਾਦੂਮਈ ਸਖਸ਼ੀਅਤ ਦੇ
ਉਨ੍ਹਾਂ ਦੇ ਧੂਹ ਪਾਉਂਦੇ ਹਰਮੋਨੀਅਮ ਦੀਆਂ ਸੁਰਾਂ ਲੋਕਾਂ ਨੂੰ ਕੀਲ ਲੈਂਦੀਆਂ।
ਸੰਤਾਂ ਵਲੋਂ ਪੜੀਆਂ ਸਰਲ ਧਾਰਨਾਵਾਂ ਲੋਕਾਂ ਨੂੰ ਬੇਹੱਦ ਪ੍ਰਭਾਵਤ ਕਰਦੀਆਂ। ਵੱਡੀ
ਤਦਾਦ ਵਿੱਚ ਮੁਟਿਆਰਾਂ ਕਾਗਜ਼ ਪੈਨਸਲਾਂ ਲੈ ਕੇ ਇਹ ਧਾਰਨਾਵਾਂ ਲਿਖਦੀਆਂ। ਜਿਨਾਂ ਨੂੰ
ਇਸ਼ਕ ਹਕੀਕੀ ਅਤੇ ਇਸ਼ਕ ਮਜ਼ਾਜ਼ੀ ਦੋਵੇਂ ਪਾਸੇ ਵਰਤਿਆ ਜਾ ਸਕਦਾ ਸੀ ਜਿਵੇਂ :
ਚੈਨ ਨਹੀਉਂ ਆੳਂੁਦਾ ਤੇਰੇ ਪਿਆਰ ‘ਚ ਪਰੁਨਿੱਆਂ ਨੂੰ
ਜਾਂ
ਦਰਸ਼ਨ ਤੇਰਾ ਪਿਆਰੇ ਮੈਂ ਤਾਂ ਵੇਖ ਵੇਖ ਜੀਵਾਂ
ਕਦੀ ਕਦੀ ਉਹ ਧਾਰਾਂ ਕੱਢਦੀਆਂ, ਲੱਸੀ ਰਿੜਕਦੀਆਂ ਇਹ ਬੋਲ
ਦੁਹਰਾਂਉਂਦੀਆਂ। ਪਤਾ ਨਹੀ ਉਹ ਰੱਬ ਨੂੰ ਯਾਦ ਕਰਦੀਆਂ ਜਾਂ ਆਪਣੇ ਕਿਸੇ ਪਿਆਰੇ ਨੂੰ।
ਵੱਡੀਆਂ ਔਰਤਾਂ ਲਈ ਇਹ ਘਰੇਲੂ ਕੰਮਾਂ ਤੋਂ ਖਹਿੜਾ ਛੁਡਾ ਕੇ ਬਾਹਰ ਘੁੰਮ ਆਉਣ ਦਾ
ਚੰਗਾ ਸਾਧਨ ਵੀ ਸੀ। ਫੇਰ ਦੇਖਾ ਦੇਖੀ ਹੋਰ ਸੰਤ ਵੀ ਦੀਵਾਨ ਲਾਉਣ ਲੱਗ ਪਏ ਅਤੇ
ਪੰਜਾਬ ਵਿੱਚ ਡੇਰਾਵਾਦ ਦਾ ਬੀਜ ਪੁੰਗਰਨ ਲੱਗ ਪਿਆ। ਜਦੋਂ ਇਹੋ ਜਿਹੇ ਦੀਵਾਨ ਪਿੰਡ
ਪਿੰਡ ਲੱਗਣ ਲੱਗ ਪਏ ਤਾਂ ਰਣੀਆ ਵੀ ਇਸਦੇ ਪ੍ਰਭਾਵ ਤੋਂ ਬਚ ਨਾ ਸਕਿਆ।
ਇਸ ਪਿੰਡ ਦਾ ਵੀ ਆਪਣਾ ਇੱਕ ਨਿਵੇਕਲਾ ਹੀ ਸੰਸਾਰ ਸੀ। ਹਰ
ਹਫਤੇ ਔਰਤਾਂ ਕੋਈ ਨਾਂ ਕੋਈ ਨਵੀਂ ਗੱਲ ਕੱਢੀਂ ਹੀ ਰੱਖਦੀਆਂ। ਕਦੇ ਦਸਵੀਂ ਦਾ ਮੱਥਾ,
ਕਦੇ ਭੈਰੋਂ ਦਾ ਰੋਟ, ਕਦੇ ਗੁੱਗੇ ਦੀ ਮਿੱਟੀ ਤੇ ਖ਼ੁਆਜ਼ੇ ਦੀ ਕੜਾਹੀ ਹੋਰ ਵੀ ਬੜਾ
ਕੁੱਝ ਚੱਲਦਾ। ਹੋਰ ਨਹੀਂ ਤਾਂ ਉਹ ਸੱਤੀਆਂ ਨੂੰ ਹੀ ਦਹੀਂ ਨਾਲ ਨਹਾਉਣ ਤੁਰ
ਪੈਂਦੀਆਂ। ਵੱਡੇ ਵਡੇਰਿਆਂ ਦੀ ਪੂਜਾ, ਪਿੱਪਲਾਂ ਬਰੋਟਿਆਂ ਤੇ ਪਾਣੀ ਜਾਂ ਫੇਰ
ਕਿੱਕਰਾਂ ਨੂੰ ਸੰਧੂਰ ਲਾਕੇ, ਬੁੱਢ ਸੁਹਾਗਣ ਹੋਣ ਦੀ ਇੱਛਾ। ਹੋਰ ਪਤਾ ਨਹੀਂ ਉਹ ਕੀ
ਕੀ ਰੁਝੇਵਾਂ ਖੜਾ ਕਰੀਂ ਰੱਖਦੀਆਂ। ਸ਼ਾਇਦ ਇਨ੍ਹਾਂ ਗੱਲਾਂ ਵਿੱਚ ਹੀ ਉਨ੍ਹਾਂ ਦੀ ਰੂਹ
ਧੜਕਦੀ ਸੀ।
ਪਿੰਡ ਭਾਵੇਂ ਇੱਕ ਸੀ ਪਰ ਇਹ ਜਾਤਾ ਪਾਤਾਂ ਤੇ ਗਲੀਆਂ
ਮੁਹੱਲਿਆਂ ਦਾ ਗ਼ੁਲਦਸਤਾ ਸੀ। ਨਾਈ, ਛੀਂਬੇ, ਲੁਹਾਰ, ਤਰਖਾਣ, ਝਿਓਰ, ਬ੍ਰਾਹਮਣ,
ਚਹੂੜੇ, ਚਮਾਰ ਅਤੇ ਬਾਜ਼ੀਗਰ ਸਭ ਪਿੰਡ ਵਿੱਚ ਭਰਾਵਾਂ ਵਾਂਗ ਰਹਿੰਦੇ। ਇੱਕੋ ਖੂਹੀ ਦਾ
ਪਾਣੀ ਪੀਂਦੇ, ਤੇ ਸੁੱਚ ਭਿੱਟ ਦਾ ਖਿਆਲ ਵੀ ਰੱਖਦੇ।
ਮਰਦ ਸਾਰੇ ਖੂਹਾਂ ਜਾਂ ਵਗਦੇ ਪਾਣੀਆਂ ‘ਚ ਨਹਾਂਉਦੇ। ਔਰਤਾਂ
ਘਰ ਦੀ ਕਿਸੇ ਵੀ ਨੁੱਕਰੇ, ਮੰਜਾ ਟੇਢਾ ਕਰਕੇ ਉੱਤੇ ਕੱਪੜਾ ਸੁੱਟ ਕੇ ਹੀ ਨਹਾ
ਲੈਂਦੀਆਂ। ਪੰਜਾਬ ਵਿੱਚ ਗੁਸਲਖਾਨੇ ਦਾ ਨਾਂ ਜਰੂਰ ਸੀ ਪਰ ਘਰਾਂ ਵਿੱਚ ਇਹ ਬਹੁਤ ਘੱਟ
ਹੀ ਸਨ। ਲੋਕ ਵੱਡੇ ਤੜਕੇ ਕੰਮ ਕਰਨ ਖੇਤਾਂ ਨੂੰ ਨਿੱਕਲ ਜਾਂਦੇ। ਵਾਹੀ ਸੇਂਜੀ ਗੋਡੀ
ਤੇ ਹਲ਼ ਵਾਹੁਣ ਲਈ। ਔਰਤਾਂ ਉਨ੍ਹਾਂ ਲਈ ਰੋਟੀ ਤੇ ਚਾਹ ਪਾਣੀ ਲੈਕੇ ਜਾਂਦੀਆਂ। ਸਿਰ
ਤੇ ਈਨੂੰ, ਈਨੂੰ ਤੇ ਲੱਸੀ ਵਾਲੀ ਝੱਕਰੀ, ਝੱਕਰੀ ਤੇ ਪੋਣੇ ‘ਚ ਬੰਨੀਆਂ ਰੋਟੀਆਂ।
ਹੱਥ ‘ਚ ਚਾਹ ਦਾ ਗੜਬਾ ਜਾਂ ਡੋਲੂ। ਉਹ ਕੱਚੇ ਧੂੜ ਭਰੇ ਰਸਤਿਆਂ ਤੇ ਠੁਮਕ ਠੁਮਕ
ਤੁਰਦੀਆਂ।
ਘਰਾਂ ਵਿੱਚ ਰਹਿੰਦੀਆਂ ਔਰਤਾਂ ਹਰ ਸਮੇਂ ਕਿਸੇ ਨਾਂ ਕਿਸੇ
ਆਹਰ ਲੱਗੀਆਂ ਰਹਿੰਦੀਆਂ। ਰੋਟੀ ਟੁੱਕ ਕਰਦੀਆਂ, ਧਾਰਾਂ ਕੱਢਦੀਆਂ, ਸੰਨੀਆਂ
ਰਲ਼ਾਉਂਦੀਆਂ ਤੇ ਗੋਹਾ ਕੂੜਾ ਕਰਦੀਆਂ। ਵਿਹਲੇ ਸਮੇਂ ਉਹ ਦਰੀਆਂ ਬੁਣਦੀਆਂ, ਚਾਦਰਾਂ
ਕੱਢਦੀਆਂ, ਸਲਵਾਰਾਂ ‘ਚ ਪਉਣ ਲਈ ਨਾਲ਼ੇ ਬੁਣਦੀਆਂ, ਸੂਤ ਅਟੇਰਦੀਆਂ ਚਰਖੇ ਕੱਤਦੀਆਂ
ਅਤੇ ਆਪਣੀਆਂ ਧੀਆਂ ਭੈਣਾਂ ਦਾ ਦਾਜ ਤਿਆਰ ਕਰਨ ਲਈ ਲੱਗੀਆਂ ਰਹਿੰਦੀਆਂ।
ਔਰਤਾਂ ਦਾ ਪਹਿਰਾਵਾਂ ਸਲਵਾਰ ਕਮੀਜ ਸੀ, ਜਿਸ ਉੱਪਰੋਂ ਉਹ
ਘੱਗਰਾ ਵੀ ਪਹਿਨ ਲੈਂਦੀਆਂ। ਉਹ ਚਾਦਰ ਦੀ ਬੁੱਕਲ ਮਾਰ ਕੇ ਮੂੰਹ ਢਕ ਕੇ ਤੁਰਦੀਆਂ।
ਏਸੇ ਵਿੱਚ ਉਨ੍ਹਾਂ ਸੀ ਸ਼ਾਨ ਸਮਝੀ ਜਾਂਦੀ। ਸਹੁਰੇ ਪਿੰਡ ਘੁੰਡ ਕੱਢਣਾ ਲਾਜ਼ਮੀ ਸੀ।
ਨੰਗੇ ਮੂੰਹ ਫਿਰਨ ਵਾਲੀ ਔਰਤ ਨੂੰ ਬੇਸ਼ਰਮ ਸਮਝਿਆ ਜਾਂਦਾ। ਪਰ ਤਾਂ ਵੀ ਸ਼ੁਕੀਨ ਔਰਤਾਂ
ਤਾਂ ਘੁੰਡ ਵਿੱਚੀਂ ਵੀ ਸ਼ਰਾਰਤ ਕਰ ਜਾਂਦੀਆਂ। ਜਿਵੇਂ ‘ਘੁੰਡ ਕੱਢਣਾ ਤਵੀਤ ਨੰਗਾ
ਰੱਖਣਾ’ ਵਰਗੇ ਟੋਟਕੇ ਵੀ ਪ੍ਰਚੱਲਤ ਸਨ।
ਮਰਦਾਂ ਦਾ ਪਹਿਰਾਵਾ ਧੋਤੀ ਕੁੜਤਾ ਸੀ। ਕੁੱਝ ਪੜ੍ਹੇ ਲਿਖੇ
ਕੁੜਤਾ ਪਜਾਮਾਂ ਵੀ ਪਹਿਨਦੇ। ਜ਼ਿਆਦਾ ਪੜ੍ਹਾਕੂ ਪਤਲੂਨ ਬੂਸ਼ਰਟ ਵੀ ਪਹਿਨ ਲੈਂਦੇ। ਘਰ
ਦਾ ਸੌਦਾ ਪੱਤਾ ਲੈਣ ਲਈ ਸ਼ਹਿਰ ਸਿਰਫ ਲਾਣੇਦਾਰ ਹੀ ਜਾਂਦਾ। ਤੁਰ ਕੇ ਜਾਂ ਤਾਂਗੇ ਬੈਠ
ਕੇ ਦਸ ਦਸ ਕਿਲੋਮੀਟਰ ਦਾ ਸਫਰ ਤਹਿ ਕਰਨਾ ਪੈਂਦਾ। ਵੱਡਾ ਸਮਾਨ ਜਿਵੇਂ ਖਲ਼ ਵੜੇਂਵੇਂ,
ਚੀਨੀ ਦੀ ਬੋਰੀ, ਆਟਾ ਪਿਸਵਾਉਣਾ, ਸੂਟਾਂ ਦੇ ਥਾਨ ਜੁੱਤੀਆਂ ਵਰਗੇ ਕੰਮ ਫਸਲ ਵੇਚਣ
ਸਮੇਂ ਹੀ ਕਰ ਲਏ ਜਾਂਦੇ। ਸੰਤਾਂ ਸਿੰਘ ਔਰਤਾਂ ਵਾਸਤੇ ਲ਼ੱਠੇ ਦਾ ਥਾਨ ਜਾਂ ਖੱਦਰ ਦਾ
ਥਾਨ ਅਤੇ ਮਰਦਾ ਵਾਸਤੇ ਬੋਸ਼ਕੀ, ਮਲੇਸ਼ੀਆ ਜਾਂ ਮਲਮਲ ਦੇ ਥਾਨ ਖਰੀਦਦਾ। ਕਈ ਸ਼ੁਕੀਨ
ਤਾਂ ਟੈਰਾਲੀਨ ਦੇ ਕੱਪੜੇ ਵੀ ਵਿਆਹਾਂ ਸ਼ਾਦੀਆਂ ਸਮੇਂ ਪਹਿਨਦੇ। ਔਰਤਾਂ ਤਾਂ ਸ਼ਹਿਰ
ਨੂੰ ਧਾਰਮਿਕ ਦਿਨਾਂ ਤਿਉਹਾਰਾਂ ਤੇ ਹੀ ਜਾਂਦੀਆਂ। ਖਾਸ ਤੌਰ ਤੇ ਵਿਸਾਖੀ ਨੂੰ ਜਾਂ
ਸਿੰਘ ਸਭਾ ਨੂੰ। ਖੇਤਾਂ ਵਿੱਚ ਲੰਗੋਟ ਪਹਿਨ ਕੇ ਕੰਮ ਕਰਦੇ ਮਰਦ ਪੁਰਾਤਨ ਸਮੇਂ ਦੇ
ਰਿਸ਼ੀਆਂ ਮੁਨੀਆਂ ਵਾਂਗੂੰ ਜਾਪਦੇ।
ਫੇਰ ਹੌਲੀ ਹੌਲੀ ਇਨ੍ਹਾਂ ਨੂੰ ਵੀ ਜ਼ਮਾਨੇ ਦੀ ਹਵਾ ਲੱਗਣੀ
ਸ਼ੁਰੂ ਹੋਈ। ਉਹ ਸੱਤੂ ਸ਼ਰਬਤ ਅਤੇ ਲੱਸੀ ਦੀ ਬਜਾਏ ਹੁਣ ਕੈੜੀ ਚਾਹ ਦੀ ਉਡੀਕ ਕਰਨ
ਲੱਗੇ। ਤੰਬਾਕੂ, ਹੁੱਕੇ ਅਤੇ ਚਿਲਮ ਦੀ ਬਜਾਏ ਸਿਗਰਟਾਂ ਬੀੜੀਆਂ ਰਾਹੀਂ ਪੀਤਾ ਜਾਣ
ਲੱਗਾ। ਲੈਂਪ ਤੇ ਫੋਰ ਸੁਕੇਅਰ ਸਿਗਰਟਾਂ ਪਿੰਡਾਂ ਵਿੱਚ ਮਸ਼ਹੂਰ ਹੋਣ ਲੱਗੀਆਂ। ਹੁੱਕਾ
ਸਿਰਫ ਸੱਥਾਂ ਵਿੱਚ ਗੁੜਗੜਾਇਆ ਜਾਂਦਾ। ਸ਼ੁਕੀਨ ਲੋਕ ਹੁੱਕੇ ਨੂੰ ਲਿਸ਼ਕਾ ਕੇ ਸ਼ਿੰਗਾਰ
ਕੇ, ਫੁੱਮਣ ਬੰਨ ਕੇ ਰੱਖਦੇ। ਹੁੱਕੇ ਪਾਣੀ ਦੀ ਸਾਂਝ ਮਸ਼ਹੂਰ ਸੀ ਜੇ ਕੋਈ ਸਮਾਜਿਕ
ਕਾਇਦਾ ਤੋੜਦਾ ਤਾਂ ਉਸਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਂਦਾ।
ਬ੍ਰਿਟਿਸ਼ ਰਾਜ ਦਾ ਪ੍ਰਭਾਵ ਅਜੇ ਵੀ ਕਾਇਮ ਸੀ। ਲੋਕ ਸੱਥਾਂ
ਵਿੱਚ ਆਮ ਹੀ ਜੁੜਦੇ। ਸਾਰੇ ਅਹਿਮ ਫੈਸਲੇ ਵੀ ਸੱਥਾਂ ਵਿੱਚ ਹੀ ਲਏ ਜਾਂਦੇ ਤੇ ਇਹ ਹੀ
ਪਿੰਡ ਦਾ ਸਭ ਤੋਂ ਵੱਡਾ ਸੂਚਨਾਂ ਕੇਂਦਰ ਵੀ ਸਨ। ਜਿਵੇਂ ਕੀਹਦੇ ਨਿਆਣਾ ਜੰਮਿਆ,
ਕੀਹਦੇ ਵਿਆਹ ਧਰਿਆ, ਕੀਹਦਾ ਇਸ਼ਕ ਕੀਹਦੇ ਨਾਲ ਹੈ, ਕਿਹੜੇ ਨਿਆਣੇ ਦਾ ਅਸਲ ਬਾਪ ਕੌਣ
ਹੈ ਤੇ ਕਿਹੜਾ ਬੰਦਾ ਕੀਹਦੇ ਘਰ ਜਾਂਦਾ ਹੈ, ਇਹ ਖਬਰਾਂ ਏਥੋਂ ਹੀ ਪਤਾ ਲੱਗਦੀਆਂ। ਪਰ
ਏਥੇ ਹੁਣ ਸਿਆਸਤ ਦੀ ਗੱਲ ਵਧੇਰੇ ਚੱਲਣ ਲੱਗ ਪਈ ਸੀ। ਕਦੇ ਕਦੇ ਨਵੇਂ ਪੁਰਾਣੇ
ਵਿਚਾਰਾਂ ਦਾ ਟਕਰਾ ਵੀ ਵੇਖਣ ਨੂੰ ਮਿਲਦਾ।
ਰਣੀਏ ਪਿੰਡ ਵਿੱਚ ਬਾਹਰੋਂ ਆਕੇ ਵਸੇ ਲੋਕਾਂ ਤੇ ਅਧਾਰਿਤ
ਤਿੰਨ ਪੱਤੀਆਂ ਸਨ। ਜਿਨਾ ਦੇ ਤਿੰਨੋ ਗੋਤ ਸਨ ਕੂਨਰ ਭੰਡਾਲ ਤੇ ਪਨਾਗ, ਜੋ ਆਪਸ ਵਿੱਚ
ਮਿਲ ਕੇ ਰਹਿੰਦੇ।ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੀ ਸੀ। ਕਿਸਾਨ
ਮੂੰਗਫਲੀ, ਮੱਕੀ, ਗੁਆਰਾ, ਬਾਜਰਾ, ਕਣਕ, ਜੌਂ, ਛੋਲੇ, ਸਰੋਂ ਤਾਰਾਮੀਰਾ ਅਤੇ ਕਮਾਦ
ਆਦਿ ਫਸਲਾਂ ਬੀਜਦੇ ਰਹਿੰਦੇ। ਜਿਆਦਾਤਰ ਫਸਲਾਂ ਮਾਰੂ ਹੀ ਹੁੰਦੀਆਂ। ਪਿੰਡ ਦੇ ਆਲੇ
ਦੁਆਲੇ ਪਿੱਪਲ, ਬਰੋਟੇ, ਤੂਤ, ਟਾਹਲੀਆਂ, ਕਿੱਕਰਾਂ, ਬੇਰੀਆਂ, ਨਿੰਮਾਂ, ਫਲਾਹੀਆਂ
ਆਦਿ ਦਰਖਤ ਸਨ। ਵਾੜਾਂ ਵਿੱਚ ਅੱਕ, ਅਰਿੰਡਾਂ, ਝਾੜੀਆਂ, ਧਤੂਰਾ, ਸੁੱਖਾ ਆਦਿ ਵੀ
ਆਪਮੁਹਾਰੇ ਹੀ ਵੱਡੀ ਤਦਾਦ ਵਿੱਚ ਹੋ ਜਾਂਦੇ।
ਸਾਰਾ ਦਿਨ ਟਿੱਬਿਆਂ ਦੀ ਰੇਤ ਅਤੇ ਅੱਕ ਕੁੱਕੜੀ ਦੇ ਫੰਬੇ
ਉਡਦੇ ਰਹਿੰਦੇ। ਪਿੰਡ ਵਿੱਚ ਟਾਵਾਂ ਟਾਵਾਂ ਖੂਹ ਤਾਂ ਸੀ ਹੀ ਹੁਣ ਇੱਕ ਦੋ ਟਰੈਕਟਰ
ਵੀ ਆ ਗਏ ਸਨ। ਟਰੈਕਟਰ ਵਾਲੇ ਲਾਣਿਆਂ ਨੇ ਜਦੋਂ ਟਿੱਬੇ ਕਰਾਹੁਣੇ ਸ਼ੁਰੂ ਕੀਤੇ ਤਾਂ
ਪਿੰਡ ‘ਚ ਕਾਫੀ ਚਰਚਾ ਛਿੜੀ। ਪਰ ਅਜੇ ਵੀ ਪਿੰਡ ਵਿੱਚ ਬਲਦਾਂ ਦੀਆਂ ਟੱਲੀਆਂ ਦਾ
ਸੰਗੀਤ, ਖੂਹ ਦੇ ਕੁੱਤੇ ਦੀ ਟਿੱਕ ਟਿੱਕ, ਪਾੜਛੇ ‘ਚ ਡਿੱਗਦੇ ਪਾਣੀ ਦਾ ਜਲਤਰੰਗ, ਤੇ
ਖੜਕਦੇ ਡੋਲ ਮੌਜੂਦ ਸਨ।
ਅਜੇ ਵੀ ਦਰਖਤਾਂ ਦੇ ਝੁੰਡ, ਸਰਕੜਾ, ਕਾਂਹੀ, ਕਸੁੱਸਰਾ ਅਤੇ
ਉਨ੍ਹਾਂ ਦੇ ਵਿੱਚ ਬਣੀਆਂ ਸੱਪਾਂ ਦੀਆਂ ਬਿਰਮੀਆਂ ਤੇ ਉਨ੍ਹਾਂ ਦੀ ਉਤਾਰੀ ਕੁੰਜ ਆਮ
ਹੀ ਵੇਖਣ ਨੂੰ ਮਿਲ ਜਾਂਦੇ। ਲੋਕ ਪਸ਼ੂਆਂ, ਪੰਛੀਆਂ, ਦਰਖਤਾਂ ਦੀ ਪੂਜਾ ਕਰਦੇ।
ਕੁੱਤਿਆਂ ਤੱਕ ਨੂੰ ਦਰਵੇਸ਼ ਸਮਝਿਆ ਜਾਂਦਾ। ਗੂੰਗੇ ਮੁੱਖ ਦਾ ਅਤੇ ਨਿਮਾਣੇ, ਨਿਤਾਣੇ
ਦਾ ਸਤਿਕਾਰ ਕੀਤਾ ਜਾਂਦਾ।ਪਰ ਸੰਤਾ ਸਿੰਘ ਨੂੰ ਇੱਕ ਗੱਲ ਸਮਝ ਨਹੀਂ ਸੀ ਆ ਰਹੀ ਕਿ
ਪਸ਼ੂਆਂ ਪੰਛੀਆਂ ਸੱਪਾਂ ਤੱਕ ਦਾ ਸਤਿਕਾਰ ਕਰਨ ਵਾਲੇ ਲੋਕ ਹੱਲਿਆਂ ਵੇਲੇ ਐਡੇ ਕਸਾਈ
ਕਿਵੇਂ ਬਣ ਗਏ ਸਨ? ਜਿੰਨਾਂ ਆਪਣੇ ਹੀ ਪੇਂਡੂਆਂ ਨੂੰ ਵੱਢ ਸੁੱਟਿਆ। ਮਹਿਤਾਬ ਕੌਰ
ਤਾਂ ਉਹ ਦ੍ਰਿਸ਼ ਯਾਦ ਕਰਕੇ ਅਜੇ ਵੀ ਅੱਖਾਂ ਭਰ ਲੈਂਦੀ ਸੀ। ਕਦੇ ਕਦੇ ਉਹ ਆਖਦੀ:-
‘ਜੈ ਖਾਣਿਆ ਨੇ ਕਿਵੇਂ ਲੁੱਟ ਕੇ ਘਰ ਭਰ ਲਏ ਤੀ। ਸਿੱਖਾਂ ਤੇ ਜੁਲਮ ਤਾਂ ਸਰਕਾਰ ਨੇ
ਕੀਤੇ ਤੀ, ਪਰ ਇਨ੍ਹਾਂ ਬਚਾਰਿਆਂ ਆਮ ਮੁਸਲਮਾਨਾਂ ਦਾ ਕੀ ਕਸੂਰ ਤੀ? ਜਿਨਾਂ ਦੇ ਬੱਚੇ
ਨੇਜਿਆਂ ਨਾਲ ਵਿੰਨ ਸੁੱਟੇ। ਅਖੇ ਅਸੀਂ ਸੈਹਬਜਾਦਿਆਂ ਦਾ ਬਦਲਾ ਲੈਨੇ ਆ। ਫੇਰ ਭਲਾਂ
ਥੋਡੇ ਅਤੇ ਉਨਾਂ ਕਸਾਈਆਂ ‘ਚ ਕੀ ਫਰਕ ਰਹਿ ਗਿਆ?” ਮਹਿਤਾਬ ਕੁਰ ਕਦੇ ਕਦੇ ਆਪਣੇ ਆਪ
ਨਾਲ ਹੀ ਗੱਲਾਂ ਕਰਦੀ ਰਹਿੰਦੀ।
ਚੀਨ ਦੀ ਲੜਾਈ ਨੂੰ ਅਜੇ ਕੁੱਝ ਸਮਾਂ ਹੀ ਬੀਤਿਆ ਸੀ, ਨਹਿਰ
ਸਰਹਿੰਦ ਤੇ ਫੇਰ ਮਿਲਟਰੀ ਉੱਤਰਨ ਲੱਗੀ। ਫੌਜੀਆਂ ਨੇ ਫੇਰ ਤੰਬੂ ਲਾ ਲਏ। ਉਹ ਰਣੀਏ
ਪਿੰਡ ਦੇ ਖੇਤਾਂ ਵਿੱਚ ਜੰਗੀ ਮਸ਼ਕਾਂ ਕਰਦੇ, ਟੈਂਕ ਭਜਾਈ ਫਿਰਦੇ। ਲੋਕ ਇਨ੍ਹਾਂ
ਟੈਂਕਾਂ ਨੂੰ ਵੇਖਣ ਜਾਂਦੇ। ਤੇ ਫੌਜੀਆਂ ਨੂੰ ਲੱਸੀ ਪਾਣੀ ਵੀ ਦੇ ਆਂਉਦੇ। ਕਈ
ਕਹਿੰਦੇ ਕਿ ਹੁਣ ਪਕਿਸਤਾਨ ਨਾਲ ਲੜਾਈ ਲੱਗਣ ਵਾਲੀ ਆ। ਫੇਰ ਇੱਕ ਦਿਨ ਦਲੇਰ ਸਿੰਘ ਦੀ
ਚਿੱਠੀ ਆਈ ਕਿ ਉਸਦੀ ਛੁੱਟੀ ਅੱਗੇ ਪੈ ਗਈ ਹੈ। ਚੀਨ ਹੱਥੋਂ ਹੋਈ ਹਾਰ ਅਤੇ ਪੰਡਿਤ
ਜਵਾਹਰ ਲਾਲ ਨਹਿਰੂ ਦੀ ਮੌਤ ਨੇ ਭਾਰਤ ਦਾ ਮਨੋ ਬਲ ਜਿਵੇਂ ਤੋੜ ਦਿੱਤਾ ਸੀ। ਨਵੇਂ
ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਜੈ ਜਵਾਨ ਜੈ ਕਿਸਾਨ ਦੇ ਨਾਹਰੇ ਨਾਲ ਲੋਕਾਂ
ਵਿੱਚ ਫੇਰ ਤੋਂ ਹਿੰਮਤ ਭਰਨੀ ਸ਼ੁਰੂ ਕਰ ਦਿੱਤੀ ਸੀ।
ਜਿਸ ਦਿਨ ਦਲੇਰ ਸਿੰਘ ਦੀ ਚਿੱਠੀ ਆਈ, ਉਸੇ ਰਾਤ ਦੋ ਲੜਾਕੂ
ਜਹਾਜ਼ ਸਾਰੇ ਪਿੰਡ ਦਾ ਸ਼ਾਂਤ ਵਾਤਾਵਰਨ ਚੀਰਦੇ ਹੋਏ ਲੰਘੇ। ਸੁੱਤਾ ਪਿਆ ਸਾਰਾ ਪਿੰਡ
ਹੀ ਉੱਠ ਕੇ ਬੈਠ ਗਿਆ। ਦੂਸਰੇ ਦਿਨ ਪੰਡਿਤ ਅਰਜਣ ਰੇਡੀਉ ਤੋਂ ਸੁਣੀਆਂ ਖ਼ਬਰਾਂ ਲੋਕਾਂ
ਨੂੰ ਦੱਸ ਰਿਹਾ ਸੀ, ਕਿ ਪਾਕਿਸਤਾਨ ਨਾਲ ਜੰਗ ਲੱਗਣ ਵਾਲੀ ਹੈ। ਫੇਰ ਦੂਸਰੇ ਦਿਨ ਹੀ
ਸੱਜਣ ਚੌਂਕੀਦਾਰ ਨੇ ਰਾਤ ਨੂੰ ਦੀਵੇ ਬੱਤੀਆਂ ਬੰਦ ਰੱਖਣ ਦਾ ਸਰਕਾਰੀ ਐਲਾਨ ਸਾਰੇ
ਪਿੰਡ ਵਿੱਚ ਕਰ ਦਿੱਤਾ। ਸਾਰੇ ਪੰਜਾਬ ਵਿੱਚ ਬਲੈਕ ਆਊਟ ਹੋ ਗਈ ਸੀ। ਮਹਿਤਾਬ ਕੌਰ
ਪਾਠ ਤੋਂ ਬਾਅਦ ‘ਹੇ ਰੱਬ ਸੱਚਿਆ ਸੁੱਖ ਰੱਖੀਂ’ ਕਹਿੰਦੀ ਦਿਨ ਦੇ ਚਾਨਣ ਵਿੱਚ ਹੀ
ਕੰਮ ਨਿਪਟਾਉਣ ਵਿੱਚ ਜੁਟ ਗਈ।
|