WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 26

ਸਮੁੰਦਰ ਮੰਥਨ (PDF, 568KB)    


ਇੱਕ ਦਿਨ ਇੱਕ ਕਾਰ ਪਿੰਡ ਦੀ ਫਿਰਨੀ ਤੇ ਆਕੇ ਰੁਕੀ। ਜਿਸ ਤੇ ਬੰਨੇ ਲਾਊਡ ਸਪੀਕਰਾਂ ਵਿੱਚ ਕੋਈ ਉੱਚੀ ਉੱਚੀ ਬੋਲ ਰਿਹਾ ਸੀ। ਕਦੇ ਕੋਈ ਰਿਕਾਰਡ ਚੱਲ ਪੈਂਦਾ ਤੇ ਕਦੇ ਬੰਦਾ ਬੋਲਣ ਲੱਗ ਪੈਂਦਾ। ਕਿ ‘ਇਸ ਵਾਰ ਅਪਣਾ ਵੋਟ ਕਾਂਗਰਸ ਨੂੰ ਪਾਉ। ਗਾਂ ਵੱਛਾ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਸਰਦਾਰ ਅਜਮੇਰ ਸਿੰਘ ਨੂੰ ਕਾਮਯਾਬ ਕਰੋ। ਕਾਰ ਤੋਂ ਬੋਲ ਸੁਣ ਕਿ ਨਿਆਣੇ ਉੱਧਰ ਨੂੰ ਭੱਜ ਉੱਠੇ। ਕਾਰ ਵਿੱਚੋਂ ਕੋਈ ਰੰਬ ਬਿਰੰਗੇ ਇਸ਼ਤਿਹਾਰ ਵੀ ਬਾਹਰ ਸੁੱਟ ਰਿਹਾ ਸੀ, ਜਿਨਾਂ ਉੱਪਰ ਗਊ ਵੱਛਾ ਬਣਿਆ ਹੋਇਆ ਸੀ।

ਕਈ ਲੋਕਾਂ ਨੂੰ ਉਨਾਂ ਨੇ ਕੁੜਤਿਆਂ ਤੇ ਲਾਉਣ ਲਈ ‘ਬਿੱਲੇ’ ਵੀ ਦਿੱਤੇ। ਜਿਸ ਉੱਪਰ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਫੋਟੋ ਬਣੀ ਹੋਈ ਸੀ। ਇਸ਼ਤਿਹਾਰ ਉੱਪਰ ਕਾਂਗਰਸ ਦਾ ਉਮੀਦਵਾਰ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਦੇ ਵਿਚਕਾਰ ਬੈਠਾ ਸੀ। ਗਊ ਵੱਛੇ ਦੇ ਨਿਸ਼ਾਨ ਵਾਲੀਆਂ ਤਿਰੰਗੀਆਂ ਝੰਡੀਆਂ ਵੀ ਵੰਡੀਆਂ ਜਾ ਰਹੀਆਂ ਸਨ। ਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਸਰਦਾਰ ਅਜਮੇਰ ਸਿੰਘ ਅਗਲੇ ਐਤਵਾਰ ਖੁਦ ਉਨ੍ਹਾਂ ਦੇ ਨਗਰ ਪਧਾਰਨਗੇ।

ਸੰਤਾ ਸਿੰਘ ਜਿਸ ਨੇ ਹੁਣ ਹਮੇਸ਼ਾਂ ਨਿਗਾਹ ਘੱਟ ਜਾਣ ਕਾਰਨ ਖੂੰਡੀ ਨਾਲ ਤੁਰਨਾ ਸ਼ੁਰੂ ਕਰ ਦਿੱਤਾ ਸੀ, ਅੱਖਾਂ ਤੇ ਹੱਥ ਦਾ ਛੱਪਰ ਜਿਹਾ ਬਣਾ ਦੇਖਦਾ ਰਿਹਾ। ਉਸ ਨੂੰ ਝਾਉਲਾ ਜਿਹਾ ਪਿਆ ਜਿਵੇਂ ਕਾਰ ਵਿੱਚੋਂ ਵਿਹੜੇ ਵਾਲਾ ਦੇਬੂ ਨਿੱਕਲਿਆ ਹੋਵੇ। ਹੁਣ ਉਹ ਨਿਆਣਿਆਂ ਨੂੰ ਝੰਡੀਆਂ ਪਰਚੇ ਅਤੇ ਬਿੱਲੇ ਵੰਡ ਰਿਹਾ ਸੀ।

‘ਅੱਛਾ ਤਾਂ ਕਾਂਗਰਸ ਦੀ ਮੱਦਦ ਕਰਦੇ ਨੇ ਵਿਹੜੇ ਵਾਲੇ? ਐਤਕੀ ਕਾਂਗਰਸੀ ਫੇਰ ਵੋਟਾਂ ਖਰੀਦ ਲੈਣਗੇ। ਗਰੀਬੀ ਹਟਾਉ ਦਾ ਨਾਹਰਾ ਲਾ ਕੇ ਕਿਤੇ ਇਹ ਐਵੇਂ ਤਾਂ ਨੀ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ? ਹਰੀਜਨ ਤਾਂ ਹੁਣ ਸੋਚਦੇ ਨੇ ਬੱਸ ਇੰਦਰਾ ਹੀ ਉਨ੍ਹਾਂ ਦੀ ਮਾਂ ਹੈ। ਚੱਲ ਮੈਂਨੂੰ ਕੀ? ਆਪਾਂ ਤਾਂ ਮੁੱਢ ਤੋਂ ਪੰਥਕ ਰਹੇ ਹਾਂ ਤੇ ਵੋਟ ਵੀ ਪੰਥ ਨੂੰ ਹੀ ਪਾਉਣੀ ਹੈ ਚਾਹੇ ਅਗਲੇ ਗਧਾ ਖੜਾ ਦੇਣ। ਤੇਰਾਂ ਤੇਰਾਂ ਤੋਲਣ ਵਾਲੀ ਬਾਬੇ ਦੀ ਤੱਕੜੀ ਤੋਂ ਥੋੜੋ ਮੁਨਕਰ ਹੋ ਸਕਦੇ ਹਾਂ’। ਸੰਤਾ ਸਿੰਘ ਸੋਚ ਰਿਹਾ ਸੀ।

ਕਾਂਗਰਸ ਦੀ ਕਾਰ ਅਜੇ ਪਿੰਡੋਂ ਨਿੱਕਲੀ ਹੀ ਸੀ ਤਾਂ ਅਕਾਲੀ ਪਾਰਟੀ ਦੀ ਕਾਰ ਆ ਗਈ। ਲਾਊਡ ਸਪੀਕਰ ਗੂੰਜ ਰਿਹਾ ਸੀ ਕਿ ਪੰਥ ਦੇ ਉਮੀਦਵਾਰ ਸਰਦਾਰ ਪ੍ਰਹਿਲਾਦ ਸਿੰਘ ਨੂੰ ਤੱਕੜੀ ਤੇ ਮੋਹਰ ਲਾਕੇ ਕਾਮਯਾਬ ਕਰੋ। ਸੰਤਾ ਸਿੰਘ ਦੇ ਜਿਵੇਂ ਮਨ ਦੀ ਗੱਲ ਹੋ ਗਈ ਸੀ। ਉਸਦੇ ਪੈਰ ਆਪ ਮੁਹਾਰੇ ਕਾਰ ਵਲ ਉੱਠ ਪਏ। ਪਾਰਟੀ ਦੇ ਬੰਦਿਆਂ ਨੂੰ ਉਨ੍ਹੇ ਘਰੋਂ ਚਾਹ ਬਣਾ ਕੇ ਲਿਆਉਣ ਦੀ ਸੁਲਾ ਮਾਰੀ। ਉਨ੍ਹਾਂ ਤੋਂ ਆਪੇ ਚੁਬਾਰੇ ਤੇ ਲਾਉਣ ਲਈ ਕੇਸਰੀ ਰੰਗ ਦਾ ਤੱਕੜੀ ਵਾਲਾ ਝੰਡਾ ਵੀ ਲਿਆ। ਤਾਂ ਕਿ ਸਭ ਨੂੰ ਪਤਾ ਲੱਗੇ ਕਿ ਉਨ੍ਹਾ ਦਾ ਪਰਿਵਾਰ ਪੰਥਕ ਹੈ।

ਉਨ੍ਹਾ ਨੇ ਆਂਢ ਗੁਆਢ ਦੇ ਨਿਆਣਿਆਂ ਨੂੰ ਵੀ ਤੱਕੜੀ ਦੇ ਬੈਜ, ਝੰਡੀਆਂ ਤੇ ਇਸ਼ਤਿਹਾਰ ਦੁਆਏ। ਇਹ ਵੀ ਕਿਹਾ ਕਿ ਜੇ ਨਿਆਣੇ ਇਕੱਠੇ ਹੋ ਕੇ ਤੱਕੜੀ ਦੇ ਹੱਕ ਵਿੱਚ ਨਾਹਰੇ ਮਾਰਨਗੇ ਤਾਂ ਉਹ ਰਾਮ ਲਾਲ ਦੀ ਹੱਟੀ ਤੋਂ ਉਨ੍ਹਾਂ ਨੂੰ ਮਿੱਠੀਆਂ ਗੋਲੀਆਂ ਤੇ ਮਰੂੰਡਾ ਲੈ ਕੇ ਦਊ। ਨਿਆਣੇ ਪਿੰਡ ਦੀ ਫਿਰਨੀ ਤੇ ਨਾਹਰੇ ਮਾਰਦੇ ਜਾਂਦੇ ਉਸ ਨੂੰ ਬਹੁਤ ਚੰਗੇ ਲੱਗ ਰਹੇ ਸਨ। ਜਿਵੇਂ ਹੁਣ ਉਸ ਨੇ ਕਾਂਗਰਸ ਵਲੋਂ ਦੇਬੂ ਨੂੰ ਨਾਲ ਲੈਕੇ ਪਾਏ ਚੋਣ ਪ੍ਰਭਾਵ ਨੂੰ ਧੋਅ ਸੁੱਟਿਆ ਹੋਵੇ। ਪੰਥ ਦੀ ਸੇਵਾ ਕਰਕੇ ਉਸ ਨੂੰ ਅਨੂਠੀ ਖੁਸ਼ੀ ਮਿਲ ਰਹੀ ਸੀ।

21 ਫਰਵਰੀ ਦੇ ਦਿਨ ਐਤਵਾਰ ਨੂੰ ਰਣੀਏ ਵਿੱਚ ਕਾਂਗਰਸ ਪਾਰਟੀ ਦਾ ਇਕੱਠ ਸੀ। ਪਰ ਸੰਤਾ ਸਿੰਘ ਨੇ ਜ਼ੋਰ ਪਾ ਕੇ ਵੀਹ ਫਰਵਰੀ ਵਾਲੇ ਦਿਨ ਸ਼ਨਿੱਚਰਵਾਰ ਨੂੰ ਪਿੰਡ ਦੇ ਗੁਰਦੁਵਾਰੇ ਵਿੱਚ ਅਕਾਲੀਆਂ ਦਾ ਇਕੱਠ ਰਖਵਾ ਦਿੱਤਾ। ਇੱਕਠ ਵੇਲੇ ਪੰਥਕ ਲੀਡਰ ਸ: ਪ੍ਰਹਿਲਾਦ ਸਿੰਘ ਨੇ ਵਾਹਦਿਆਂ ਦੀਆਂ ਝੜੀਆਂ ਲਗਾ ਦਿੱਤੀਆਂ। ਕਿ ਚੁਣੇ ਜਾਣ ਤੇ ਪਿੰਡ ਦੀਆਂ ਸਾਰੀਆਂ ਗਲ਼ੀਆਂ ਨਾਲੀਆਂ ਪੱਕੀਆਂ ਹੋਣਗੀਆਂ। ਸੜਕਾਂ ਬਣਵਾਈਆਂ ਜਾਣਗੀਆਂ ਅਤੇ ਨਹਿਰ ਸਰਹਿੰਦ ਉੱਪਰ ਕਿਸ਼ਤੀ ਦੀ ਜਗਾ ਪੁਲ਼ ਲਗਵਾਇਆ ਜਾਵੇਗਾ। ਏਹੋ ਗੱਲਾਂ ਤਾਂ ਦੂਸਰੇ ਦਿਨ ਕਾਂਗਰਸ ਨੇ ਕਹਿਣੀਆਂ ਸਨ। ਪਰ ਸੰਤਾ ਸਿੰਘ ਨੇ ਪਹਿਲ ਕਰਕੇ ਸਾਰਾ ਪਿੰਡ ਅਕਾਲੀਆਂ ਦੇ ਹੱਕ ਵਿੱਚ ਕਰਵਾ ਕੇ ਬਾਜੀ ਮਾਰ ਲਈ ਸੀ। ਫੇਰ ਪਿੰਡ ਵਿੱਚ ਵੋਟਾਂ ਵਾਲਿਆਂ ਦਾ ਇਹ ਘੜਮੱਸ ਮਹੀਨਾ ਭਰ ਪੈਂਦਾ ਰਿਹਾ। ਤੇ ਆਖਰ ਇੱਕ ਦਿਨ ਗਿਆਰਾਂ ਮਾਰਚ ਨੂੰ ਵੋਟਾਂ ਵੀ ਪੈ ਹੀ ਗਈਆਂ। ਸੰਤਾ ਸਿੰਘ ਦਾ ਟੱਬਰ ਆਪਣੇ ਗੱਡੇ ਤੇ ਲੱਦ ਬੁੱਢੇ ਠੇਰਿਆਂ ਤੋਂ ਵੀ ਵੋਟਾਂ ਪਵਾਉਂਦਾ ਰਿਹਾ।

ਪਿੰਡ ਵਿੱਚ ਸਿਆਸੀ ਪਾਰਟੀਆਂ ਦੇ ਜਿੱਤਣ ਅਤੇ ਹਾਰਨ ਬਾਰੇ ਰੋਜ਼ ਖੁੰਡ ਚਰਚਾ ਹੁੰਦੀ ਰਹੀ। ਕੋਈ ਕਹਿੰਦਾ ਅਕਾਲੀ ਜਿੱਤਣਗੇ ਤੇ ਕੋਈ ਕਹਿੰਦਾ ਕਾਂਗਰਸ ਜਿੱਤੇਗੀ। ਕਮਿਊਨਿਸਟਾਂ ਦਾ ਪਿੰਡ ਵਿੱਚ ਕੋਈ ਬਹੁਤ ਪ੍ਰਭਾਵ ਨਹੀਂ ਸੀ। ਕਮਿਊਨਿਸਟ ਜਗਜੀਤ ਸਿੰਘ ਬਾਗੀ ਜਿਨਾਂ ਦਾ ਚੋਣ ਨਿਸ਼ਾਨ ਦਾਤੀ ਹਥੌੜਾ ਸੀ, ਦਾ ਪਿੰਡ ਵਿੱਚ ਇੱਕ ਵੀ ਝੰਡਾ ਨਹੀਂ ਸੀ। ਪੰਜਾਬ ਦੇ ਨਕਸਲੀਏ ਵੋਟਾਂ ਦੇ ਵਿਰੁੱਧ ਸਨ ਤੇ ਸਾਰਿਆਂ ਨੂੰ ਹੀ ਲੋਟੂ ਟੋਲੇ ਦੱਸ ਰਹੇ ਸਨ। ਆਖਰ ਚੋਣ ਨਤੀਜਿਆਂ ਦਾ ਦਿਨ ਵੀ ਆ ਹੀ ਗਿਆ।

ਲੋਕ ਅਰਜਣ ਅਤੇ ਸੁਰਜਣ ਦੇ ਰੇਡੀਉ ਨਾਲ ਕੰਨ ਲਾਈਂ ਬੈਠੇ ਸਨ। ਪੰਜਾਬ ਵਿੱਚ ਕਾਂਗਰਸ ਦਾ ਹੱਥ ਉੱਪਰ ਦੱਸਿਆ ਜਾ ਰਿਹਾ ਸੀ। ਸਮਰਾਲਾ ਹਲਕੇ ਤੋਂ ਅਕਾਲੀ ਉਮੀਦਵਾਰ ਪ੍ਰਹਿਲਾਦ ਸਿੰਘ ਚੋਣ ਜਿੱਤ ਗਿਆ ਸੀ। ਪਰ ਬਾਕੀ ਪੰਜਾਬ ਵਿੱਚ ਕਾਂਗਰਸ ਦੇ ਜਿੱਤ ਜਾਣ ਕਰਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਜੋੜੀ ਨੂੰ ਭਾਰੀ ਧੱਕਾ ਵੱਜਾ। ਭਾਂਵੇਂ ਉਨ੍ਹਾਂ ਪੰਜਾਬੀ ਸੂਬੇ ਦਾ ਮੋਰਚਾ, ਜੇਲਾ ਕੱਟਣ ਦੀ ਗੱਲ, ਕੁਰਬਾਨੀਆਂ, ਚੰਡੀਗੜ ਪੰਜਾਬ ਨੂੰ ਲੈ ਕੇ ਦੇਣ ਦੇ ਮੁੱਦੇ ਉਠਾਏ ਸਨ। ਪਰ ਉਹ ਪੰਜਾਬ ਵਿੱਚ ਫੇਰ ਵੀ ਚੋਣ ਹਾਰ ਗਏ ਅਤੇ ਕਾਂਗਰਸ ਨੂੰ ਸਪਸ਼ਟ ਬਹੁਮੱਤ ਮਿਲ ਗਿਆ। ਹੁਣ ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਾ ਸੀ।

17 ਮਾਰਚ 1972 ਪੰਜਾਬ ਵਿੱਚ ਕਾਂਗਰਸ ਲਈ ਖੁਸ਼ੀਆਂ ਭਰਿਆ ਦਿਨ ਸੀ। ਪਿੰਡ ਦੇ ਕਾਂਗਰਸੀ ਤੇ ਵਿਹੜੇ ਵਾਲੇ ਪੂਰੇ ਖੁਸ਼ ਸਨ। ਉਹ ਦੱਬੀ ਆਵਾਜ਼ ਵਿੱਚ ਪਾਰਟੀ ਪਾਲਿਸੀਆਂ ਦਾ ਗੁਣ ਗਾਨ ਕਰ ਰਹੇ ਸਨ। ਕੈਪਟਨ ਦਰਬਾਰਾ ਸਿੰਘ ਲੋਕਾਂ ਨੂੰ ਦੱਸਦਾ ਕਿ “ਕਾਲੀ ਤਾਂ ਸੁਆਰਥੀ ਹਨ ਜਿਨਾਂ ਬਹੁਮੱਤ ਹਾਸਲ ਕਰਨ ਲਈ ਹਿੰਦੀ ਭਾਸ਼ੀ ਇਲਾਕੇ ਪੰਜਾਬ ‘ਚੋਂ ਕਢਵਾ ਕੇ ਅਤੇ ਪੰਜਾਬੀ ਸੂਬੀ ਜਿਹੀ ਬਣਵਾਕੇ ਅਸਲ ਪੰਜਾਬ ਛਾਂਗ ਕੇ ਰੱਖ ਦਿੱਤਾ”

ਉਹ ਕਹਿੰਦਾ ਇੱਕ ਨਵੰਬਰ 1966 ਪੰਜਾਬ ਲਈ ਮਨਹੂਸ ਦਿਨ ਸੀ ਜਿਸ ਦਿਨ ਪੰਜਾਬ ਦੇ ਗੋਡੇ ਗਿੱਟੇ ਵੱਢੇ ਗਏ। ਠੀਕ ਹੈ ਏਸੇ ਗੱਲ ਨੂੰ ਮੁੱਖ ਰੱਖ ਕੇ 1967 ਵਿੱਚ ਅਕਾਲੀ ਜਿੱਤ ਵੀ ਗਏ ਸਨ ਤੇ ਇਨ੍ਹਾ ਦਾ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਵੀ ਬਣ ਗਿਆ ਸੀ ਪਰ ਕਾਠ ਦੀ ਹਾਂਢੀ ਨਿੱਤ ਨਿੱਤ ਤਾਂ ਨੀ ਚੜ੍ਹਦੀ। ਹੁਣ ਤਾਂ ਲੋਕ ਵੀ ਸਮਝਦਾਰ ਹੋ ਗਏ ਨੇ। ਨਾਲੇ ਰਾਜ ਸੰਭਾਲਣਾ ਵੀ ਹਰ ਕਿਸੇ ਦੇ ਵਸ ਦੀ ਬਾਤ ਨਹੀ ਹੁਦੀ” ਫੇਰ ਉਹ ਅੱਗੇ ਕੋਈ ਹੋਰ ਕਹਾਣੀ ਸੁਣਾਉਣ ਲੱਗ ਪੈਂਦਾ।ਜਿਵੇਂ:-
“ਉਦੋਂ ਗੁਰਨਾਮ ਸਿੰਘ ਦੀ ਸਰਕਾਰ ਪੂਰਾ ਸਾਲ ਵੀ ਨਹੀਂ ਸੀ ਚੱਲੀ। ਉਸ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ। ਤੇ ਫੇਰ 25 ਨਵੰਬਰ 1967 ਨੂੰ ਲਛਮਣ ਸਿੰਘ ਗਿੱਲ ਨੇ ਕਾਂਗਰਸ ਨਾਲ ਮਿਲਕੇ ਸਰਕਾਰ ਬਣਾ ਲਈ ਤੇ ਉਹ ਮੁੱਖ ਮੰਤਰੀ ਵੀ ਬਣ ਗਏ। ਉਨ੍ਹ ਦੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਨਾਲ ਵਿਗੜ ਗਈ। ਅਕਾਲੀਆਂ ਨੇ ਕਾਂਗਰਸ ਨੂੰ ਸਿੱਖ ਵਿਰੋਧੀ ਪਾਰਟੀ ਕਹਿਣਾ ਸ਼ੁਰੂ ਕਰ ਦਿੱਤਾ, “ਪਤਾ ਨਹੀਂ ਉਹ ਕਿਉਂ ਸਮਝਦੇ ਨੇ ਕਿ ਪੰਜਾਬ ਵਿੱਚ ਸਿਰਫ ਅਕਾਲੀ ਹੀ ਸਿੱਖ ਹਨ ਅਸੀਂ ਕਾਂਗਰਸੀ ਵੀ ਤਾਂ ਸਿੱਖ ਹਾਂ”

ਉਹ ਕੁੱਝ ਦੇਰ ਦੀ ਚੁੱਪ ਤੋਂ ਬਾਅਦ ਫੇਰ ਬੋਲਿਆ:-

“ਉਨ੍ਹਾਂ ਦਾ ਜਾਦੂ ਇੱਕ ਵਾਰ ਫੇਰ ਚੱਲ ਨਿੱਕਲਿਆ। ਜਿਸ ਸਦਕਾ 25 ਮਾਰਚ 1970 ਨੂੰ ਹੋਈਆਂ ਚੋਣਾ ਦੇ ਨਤੀਜੇ ਜਦੋਂ 27 ਮਾਰਚ ਨੂੰ ਨਿੱਕਲੇ ਤਾਂ ਅਕਾਲੀ ਫੇਰ ਜਿੱਤ ਗਏ। ਉਦੋਂ ਹੀ ਪਹਿਲੀ ਵਾਰ ਧਨਾਢ ਜਿਮੀਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਿਆ”

ਏਸੇ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨ ਸਾਰ ਨਕਸਲਵਾੜੀ ਲਹਿਰ ਨੂੰ ਜੜੋਂ ਪੁੱਟਣ ਦਾ ਕੰਮ ਵਿੱਢਿਆ। ਪੰਜਾਬ ਪੁਲਿਸ ਨੇ ਝੂਠੇ ਮੁਕਾਬੇ ਬਣਾ ਬਣਾ ਸੈਂਕੜੇ ਮੁੰਡੇ ਮਾਰ ਦਿੱਤੇ। ਕਿਉਂਕਿ ਸਰਕਾਰ ਨਕਸਲੀਆਂ ਨੂੰ ਧਰਮ ਵਿਰੋਧੀ, ਅਮੀਰ ਵਿਰੋਧੀ, ਸੱਤਾ ਵਿਰੋਧੀ ਸਮਝਦੇ ਹੋਏ ਸਭ ਤੋਂ ਵੱਡੀ ਰੁਕਾਵਟ ਮੰਨਦੀ ਸੀ।

ਨਕਸਲੀਆਂ ਦਾ ਪ੍ਰਭਾਵ ਛੋਟੀਆਂ ਜਾਤਾਂ ਜਾਂ ਦਲਿਤਾਂ ਵਿੱਚ ਵਧੇਰੇ ਸੀ। ਜੋ ਕਾਂਗਰਸ ਲਈ ਵੀ ਖੋਰਾ ਸਾਬਤ ਹੋ ਰਹੇ ਸਨ। ਉਨ੍ਹਾਂ ਬਾਦਲ ਨੂੰ ਇਹ ਕੰਮ ਬਿਨਾ ਰੋਕ ਟੋਕ ਕਰਨ ਦਿੱਤਾ। ਜਦੋਂ ਕੰਮ ਹੋ ਗਿਆ ਤਾਂ ਛੇ ਮਹੀਨੇ ਬਾਅਦ ਹੀ ਪਲਟੀ ਮਾਰ ਕੇ ਉਸ ਦੀ ਸਰਕਾਰ ਟੇਢੀ ਕਰ ਦਿੱਤੀ ਸੀ।

13 ਜੂਨ 1971 ਨੂੰ ਜਦੋਂ ਬਾਦਲ ਦੀ ਸਰਕਾਰ ਡਿੱਗੀ ਸੀ ਤਾਂ ਪੰਜਾਬ ਦੇ ਸਾਰੇ ਸਰਕਾਰੀ ਅਧਿਆਪਕਾਂ ਨੇ ਸੁੱਖ ਦਾ ਸਾਹ ਲਿਆ ਸੀ, ਜਿਨਾਂ ਨੂੰ ਪਿੰਡਾਂ ਤੋਂ ਵੀਹ ਵੀਹ ਮੀਲ ਦੀ ਦੂਰੀ ਤੇ ਬਦਲ ਦਿੱਤਾ ਗਿਆ ਸੀ। ਕਈਆਂ ਨੂੰ ਤਾਂ ਸੈਕੜੇਂ ਮੀਲਾਂ ਦੀ ਦੂਰੀ ਤੇ ਲਿਜਾ ਸੁੱਟਿਆ, ਜਿਸ ਨਾਲ ਉਨ੍ਹਾਂ ਦਾ ਪਰਿਵਾਰਕ ਜੀਵਨ ਬੇਹੱਦ ਪ੍ਰਭਾਵਤ ਹੋਇਆ। 11 ਮਾਰਚ 1972 ਦੀਆਂ ਚੋਣਾਂ ਵਿੱਚ ਇਨ੍ਹਾਂ ਟੀਚਰਾਂ ਨੇ ਅਕਾਲੀਆਂ ਦਾ ਦੱਬ ਕੇ ਵਿਰੋਧ ਕੀਤਾ ਅਤੇ ਪੋਲਿੰਗ ਸਟੇਸ਼ਨਾਂ ਤੇ ਅਜਿਹਾ ਕੰਮ ਕੀਤਾ ਕਿ ਅਕਾਲੀ ਸਰਕਾਰ ਪੰਜਾਬ ਵਿੱਚ ਮੂਧੇ ਮੂੰਹ ਡਿੱਗ ਪਈ। 17 ਮਾਰਚ 1972 ਨੂੰ ਪੰਜਾਬ ਦੇ ਰਾਜਪਾਲ ਡੀ ਸੀ ਪਾਵਟੇ ਨੇ ਗਿਆਨੀ ਜ਼ੈਲ ਸਿੰਘ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਸੌਂਹ ਚੁਕਾ ਦਿੱਤੀ।

ਨਕਸਲਵਾਦੀ ਲਹਿਰ ਤੇ ਉਤਰਾ ਨਾਲ ਪੰਜਾਬ ਵਿੱਚ ਸੋਸ਼ਲ ਸਰਗਰਮੀਆਂ ਤੇਜ਼ ਹੋ ਗਈਆਂ। ਲੋਕ ਸੰਪਰਕ ਵਿਭਾਗ ਨੇ ਗਾਣੇ, ਦੋਗਾਣੇ ਅਤੇ ਨਾਟਕਾਂ ਦਾ ਸਿਲਸਿਲਾ ਫੇਰ ਤੋਂ ਵਿੱਢਿਆ। ਗਾਇਕਾਂ ਨੂੰ ਸਰਕਾਰੀ ਸ਼ੈਅ ਮਿਲ ਗਈ। ਹੁਣ ਉਹ ਸਰਕਾਰੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ। ਕਿੰਨੇ ਹੀ ਅਸ਼ਲੀਲ ਗਾਉਣ ਵਾਲੇ ਉੱਠ ਖੜੇ ਹੋਏ। ਪੰਜਾਬ ਵਿੱਚ ਸ਼ਰਾਬ ਅਫੀਮ, ਭੁੱਕੀ ਦੇ ਤਸਕਰ ਵੀ ਸਰਗਰਮ ਹੋ ਗਏ। ਪੁਲੀਸ ਪੈਸੇ ਵਾਲਿਆਂ ਨਾਲ ਰਲ਼ ਕੇ ਕੰਮ ਕਰਨ ਲੱਗੀ। ਪਿੰਡਾਂ ਵਿੱਚ ਮੁੜ ਤੋਂ ਧੜੇਬੰਦੀਆਂ ਬਣਨ ਲੱਗੀਆਂ।

ਸੂਬੇ ਦੀ ਸਿਆਸਤ ਪਿੰਡਾ ਵਿੱਚ ਵੀ ਪ੍ਰਵੇਸ਼ ਕਰ ਗਈ। ਇੱਕ ਪਾਸੇ ਇੰਦਰਾ ਗਾਂਧੀ ਵਲੋਂ ਦਿੱਤਾ ਨਾਹਰਾ ਪਿੰਡਾਂ ਦੀਆਂ ਕੰਧਾਂ ਤੇ ਲਿਖਿਆ ਆਮ ਨਜ਼ਰ ਆਉਣ ਲੱਗਿਆ ਤੇ ਦੂਜੇ ਪਾਸੇ ਗਰੀਬੀ ਹਟਾਉ ਨਾਹਰੇ ਹੇਠ ਦਲਿਤਾਂ ਨੂੰ ਦਿੱਤੀ ਜਾਣ ਵਾਲੀ ਰੈਜ਼ਰਵੇਸ਼ਨ ਦਾ ਵੀ ਵਿਰੋਧ ਹੋਣ ਲੱਗਿਆ। ਕਾਂਗਰਸ ਸਰਕਾਰ ਨੇ ਅਨੁਸੂਚਿਤ ਜਾਤੀਆਂ ਲਈ ਹਰ ਥਾਂ ਸੀਟਾਂ ਰਾਖਵੀਆਂ ਕਰ ਦਿੱਤੀਆਂ। ਨੌਕਰੀਆਂ ਅਤੇ ਦਾਖਲਿਆਂ ਵਿੱਚ ਪੰਜਾਬ ਦੇ ਜੱਟ ਜਿਮੀਦਾਰ ਪਛੜਨ ਲੱਗੇ। ਅਕਾਲੀਆਂ ਦੀ ਵੋਟ ਬੈਂਕ ਤੋਂ ਇਹ ਅਨੋਖਾ ਬਦਲਾ ਲਿਆ ਜਾ ਰਿਹਾ ਸੀ। ਜੱਟ, ਬ੍ਰਾਹਮਣ ਤੇ ਉੱਚੀਆਂ ਜਾਤਾਂ ਪਛੜੀਆਂ ਸ਼੍ਰੇਣੀਆਂ ਨੂੰ ਆਪਣੇ ਹੱਕਾਂ ਤੇ ਡਾਕਾ ਮਾਰਨ ਕਾਰਨ, ਹੋਰ ਨਫਰਤ ਕਰਨ ਲੱਗੀਆਂ।

ਸੁੱਚ ਭਿੱਟ ਤਾਂ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਸੀ ਹੁਣ ਹਰੀਜਨਾਂ ਨੂੰ ਗੁਦੁਵਾਰਿਆਂ ਵਿੱਚੋਂ ਵੀ ਦੁਰਕਾਰਿਆ ਜਾਣ ਲੱਗਾ। ਹਰੀਜਨ ਜਾਤੀ ਦੇ ਬੰਦਿਆਂ ਨੂੰ ਸਤਿਕਾਰ ਦੀ ਨਜ਼ਰ ਨਾਲ ਨਾਂ ਵੇਖਿਆ ਜਾਂਦਾ ਤੇ ਨਾਂ ਹੀ ਉਨ੍ਹਾਂ ਦੇ ਭਗਤਾਂ ਦੇ ਦਿਨ ਮਨਾਏ ਜਾਂਦੇ। ਆਖਿਰ ਦਲਿਤ ਅਪਣੇ ਗੁਰਦੁਵਾਰੇ ਅਲੱਗ ਬਣਾਕੇ ਉਨ੍ਹਾਂ ਭਗਤਾਂ ਦੇ ਦਿਨ ਮਨਾਉਣ ਲੱਗੇ। ਜੱਟਾਂ ਨੇ ਉਨ੍ਹਾਂ ਨੂੰ ਦਿਹਾੜੀ ਤੇ ਲਿਜਾਣਾ ਵੀ ਘੱਟ ਕਰ ਦਿੱਤਾ। ਕਾਂਗਰਸ ਨੇ ਇਸ ਮੌਕੇ ਦਾ ਫਾਇਦਾ, ਉਠਾ ਉਨ੍ਹਾਂ ਨੂੰ ਨਿੱਕੀਆਂ ਮੋਟੀਆਂ ਨੌਕਰੀਆਂ ਦੇ ਕੇ ਆਪਣੇ ਵੋਟ ਬੈਂਕ ਨੂੰ ਹੋਰ ਪੱਕਾ ਕਰ ਲਿਆ।

ਇੱਕ ਦਿਨ ਜਾਗਰ ਜੱਟ ਸੰਤਾ ਸਿਉਂ ਨੂੰ ਕਹਿ ਰਿਹਾ ਸੀ। “ਜਾਂ ਤਾਂ ਹੁਣ ਕਾਂਗਰਸ ਏਨਾਂ ਨੂੰ ਜੰਗਲ ਪਾਣੀ ਜਾਣ ਲਈ ਵੀ ਥਾਂ ਦੇਵੇ। ਜੱਟ ਵਿਹੜੇ ਵਾਲਿਆਂ ਨੂੰ ਆਪਣੇ ਖੇਤਾਂ ਵਿੱਚ ਬਿਲਕੁੱਲ ਨਾ ਵੜਨ ਦੇਣ। ਨਾਲੇ ਮੈਂ ਸੁਣਿਐ ਹੈ ਕਿ ਹੁਣ ਮਜਦੂਰੀ ਕਰਨ ਯੂ ਪੀ ਦੇ ਭਈਏ ਵੀ ਪਿੰਡਾਂ ਵਿੱਚ ਆਉਣ ਲੱਗ ਪਏ ਨੇ। ਸਾਨੂ ਇਨਾਂ ਤੋਂ ਦਿਹਾੜੀ ਜੋਤੇ ਦੀ ਵੀ ਲੋੜ ਨੀ ਪੈਣੀ। ਮੈਂ ਤਾਂ ਕੱਲ ਭੰਤੂ ਚਮਾਰ ਦੇ ਮੁੰਡੇ ਨੂੰ ਵੀ ਕਹਿ ਦਿੱਤਾ ਕਿ ਸਾਡੇ ਨਲਕੇ ਨੂੰ ਹੱਥ ਨਾਂ ਲਾਵੀ। ਜਿਸ ਪਾਰਟੀ ਦੀ ਮੱਦਦ ਕਰਕੇ ਤੁਸੀਂ ਜਤਾਇਆ ਹੁਣ ਉਸੇ ਤੋਂ ਖਾਣ ਪੀਣ ਨੂੰ ਮੰਗੋ। ਦੇਖਾਂ ਭਲਾਂ ਫੇਰ ਕਿਵੇਂ ਗੁਜਾਰਾ ਕਰਦੇ ਨੇ? ਜੇ ਸਾਰੇ ਜੱਟ ਏਕਾ ਕਰ ਲੈਣਾ ਤਾਂ ਉਨ੍ਹਾਂ ਦੀ ਤਾਂ ਭੂਤਨੀ ਭੁਲਾ ਦੇਣਗੇ”। ਉਹ ਲੱਤਾਂ ਖੁਰਚਦਾ ਆਖ ਰਿਹਾ ਸੀ।

ਫੇਰ ਰਣੀਏ ਪਿੰਡ ਵਿੱਚ ਇਹ ਵੀ ਹਵਾ ਚੱਲੀ। ਇਸ ਵਾਰ ਵਿਹੜੇ ਵਾਲਿਆਂ ਰਵੀਦਾਸ ਭਗਤ ਦਾ ਜਨਮ ਦਿਨ ਆਪਣੀ ਧਰਮਸ਼ਾਲਾ ਵਿੱਚ ਮਨਾਇਆ। ਉਹ ਜੱਟਾਂ ਦੇ ਗੁਰਦੁਵਾਰੇ ਜਾਣੋਂ ਵੀ ਹਟ ਗਏ। ਜਦੋਂ ਉਨ੍ਹਾਂ ਦੇ ਦਿਹਾੜੀ ਜੋਤੇ ਬੰਦੇ ਹੋਏ ਤਾਂ ਉਨ੍ਹਾਂ ‘ਚੋਂ ਕਈ ਸਕੂਲਾਂ ਵਿੱਚ ਸਫਾਈ ਸੇਵਕ, ਕਈ ਬੇਲਦਾਰ ਅਤੇ ਹੋਰ ਨਿੱਕੇ ਮੋਟੇ ਕੰਮਾਂ ਤੇ ਜਾ ਲੱਗੇ। ਕਈਆਂ ਸੂਰ ਪਾਲਣੇ ਤੇ ਮੁਰਗੀਆਂ ਦਾ ਧੰਦਾ ਸ਼ੁਰੂ ਕਰ ਲਿਆ। ਕਈ ਸੜਕਾਂ ਤੇ ਮਜਦੂਰੀ ਕਰਨ ਲੱਗ ਪਏ। ਕਈ ਮਿਸਤਰੀ ਪੁਣਾ ਸਿੱਖਣ ਲੱਗੇ ਅਤੇ ਕਈਆਂ ਨੇ ਸ਼ਹਿਰਾਂ ਦੇ ਕਾਰਖਾਨਿਆਂ ਦਾ ਰੁੱਖ ਅਖਤਿਆਰ ਕਰ ਲਿਆ।

ਦੇਬੂ ਚਮਾਰ ਨੇ ਕਿਸ਼ਤੀ ਕੋਲ ਨਹਿਰ ਦੇ ਕੰਢੇ ਸਾਈਕਲਾਂ ਨੂੰ ਪੈਂਚਰ ਲਾਉਣ ਦੀ ਦੁਕਾਨ ਖੋਹਲ ਲਈ। ਹਰਨਾਮੇ ਨੇ ਆਪਣੇ ਮੁੰਡੇ ਨੂੰ ਬੈਂਕ ਤੋ ਕਰਜਾ ਲੈ ਕੇ ਸਵਾਰੀਆਂ ਢੋਣ ਵਾਲਾ ਟੈਂਪੂ ਲੈ ਦਿੱਤਾ। ਦੀਸ਼ੇ ਕਾ ਟੱਬਰ ਵਿਆਹਾਂ ਸ਼ਾਦੀਆਂ ਤੇ ਵਾਜੇ ਵਾਲਿਆਂ ਨਾਲ ਜਾਣ ਲੱਗ ਪਿਆ। ਜਾਗਰ ਇੱਕ ਦਿਨ ਫੇਰ ਕਹਿ ਰਿਹਾ ਸੀ “ਸਾਲੀ ਚਮਾੜੀ ਦੀ ਹਵਾ ਖਰਾਬ ਹੋ ਗੀ… ਦੇਖੋ ਦਿਹਾੜੀ ਜੋਤਾ ਕਰਕੇ ਤਾਂ ਰਾਜੀ ਹੀ ਨੀ? ਕਿਵੇਂ ਪੈਂਟਾ ਪਾਕੇ ਸ਼ਹਿਰਾਂ ਦੇ ਗੇੜੇ ਕੱਢਦੇ ਨੇ”। ਪਿੰਡੋਂ ਬਾਹਰ ਨਿੱਕਲਣ ਨਾਲ ਦਲਿਤਾ ਦੇ ਗਿਆਨ ਅਤੇ ਸ਼ਾਨ ਦੋਹਾਂ ਵਿੱਚ ਵਾਧਾ ਹੋਇਆ।

ਹਾੜੀ ਦੀ ਫਸਲ ਸਿਰ ਤੇ ਸੀ ਪਰ ਪਿੰਡ ਵਿੱਚੋਂ ਨਾਂ ਤਾਂ ਕੋਈ ਕਣਕ ਵੱਢਣ ਦਾ ਠੇਕਾ ਲੈ ਰਿਹਾ ਸੀ ਤੇ ਨਾਂ ਹੀ ਦਿਹਾੜੀ ਤੇ ਜਾਣ ਨੂੰ ਤਿਆਰ ਸੀ। ਇੱਕ ਦਿਨ ਸੰਤਾ ਸਿੰਘ ਦਾ ਮੁੰਡਾ ਬਲਕਾਰ ਅਤੇ ਜਾਗਰ ਲੁਧਿਆਣੇ ਦੇ ਰੇਲਵੇ ਸਟੇਸ਼ਨ ਗਏ ਤੇ ਸੱਤ ਅੱਠ ਭਈਏ ਗੱਡੀਉਂ ਉੱਤਰਦੇ ਸਾਰ ਪਿੰਡ ਨੂੰ ਲੈ ਆਏ। ਜਿਉਂ ਹੀ ਭਈਏ ਸੰਤਾ ਸਿਉਂ ਦੀ ਹਵੇਲੀ ਆਏ ਤਾਂ ਪਿੰਡ ਦੇ ਕਿੰਨੇ ਹੀ ਲੋਕ ਉਨ੍ਹਾਂ ਨੂੰ ਦੇਖਣ ਆਏ। ਕਈ ਲੋਕ ਤਾਂ ਉਨ੍ਹਾਂ ਦੀ ਬੋਲੀ ਸੁਣ ਸੁਣ ਹੱਸਦੇ, ਪਰ ਕੈਪਟਨ ਦਰਬਾਰਾ ਸਿਉਂ ਉਨ੍ਹਾਂ ਨਾਲ ਹਿੰਦੀ ‘ਚ ਗੱਲਾਂ ਕਰਕੇ ਆਪਣੀ ਟੌਹਰ ਬਣਾ ਰਿਹਾ ਸੀ।

ਭਈਆਂ ਦੇ ਬੋਦੀਆਂ ਅਤੇ ਲਾਂਗੜ ਵਾਲੀਆਂ ਧੋਤੀਆਂ ਬੜੀਆਂ ਅਜੀਬ ਜਿਹੀਆਂ ਲੱਗਦੀਆਂ। ਉਨ੍ਹਾਂ ‘ਚੋਂ ਕਿਸੇ ਦਾ ਨਾਂ ਰਾਮੂ ਕਿਸੇ ਦਾ ਰਾਘਵ ਤੇ ਕਿਸੇ ਦਾ ਹਰੀਆ ਸੀ। ਇਹ ਨਾਂ ਅਜੇ ਲੋਕਾਂ ਨੂੰ ਲੈਣੇ ਮੁਸ਼ਕਲ ਜਾਪ ਰਹੇ ਸਨ। ਲੋਕ ਉਨ੍ਹਾਂ ਕੋਲ ਕਿੰਨੀ ਕਿੰਨੀ ਦੇਰ ਹੀ ਬੈਠੇ ਰਹਿੰਦੇ।

ਪਿੰਡ ਵਿੱਚ ਖੁੰਡ ਚਰਚਾ ਦਾ ਵਿਸ਼ਾਂ ਹੁਣ ਭਈਆਂ ਬਾਰੇ ਹੁੰਦਾ। ਕਿ ‘ਇਹ ਤਾਂ ਪੰਦਰਾਂ ਪੰਦਰਾਂ ਰੋਟੀਆਂ ਖਾ ਜਾਂਦੇ ਨੇ। ਹੱਥਾਂ ਨਾਲ ਦਾਲ਼ ਚੌਲ਼ ਖਾਧੇ ਬਿਨਾਂ ਉਨ੍ਹਾਂ ਨੂੰ ਸਬਰ ਹੀ ਨੀ ਆਂਉਦਾ। ਉਹ ਰੋਜ਼ ਢੋਲਕੀ ਵਜਾ ਵਜਾ ਕੇ ਭਜਨ ਗਾਂਉਂਦੇ ਨੇ’

ਪਰ ਸਸਤੇ ਭਾਅ ਤੇ ਸਖਤ ਕੰਮ, ਜੱਟਾਂ ਨੂੰ ਕੀ ਮਾੜਾ ਸੀ? ਫੇਰ ਦੇਖਾ ਦੇਖੀ ਸਾਰੇ ਘਰ ਹੀ ਭਈਏ ਲਿਆਉਣ ਲੱਗੇ। ਇਕਲੇ ਰਣੀਏ ਵਿੱਚ ਹੀ ਨਹੀਂ ਹੋਰ ਪਿੰਡਾਂ ਵਿੱਚ ਵੀ ਭਈਆਂ ਦੀ ਭਰਮਾਰ ਵਧ ਗਈ। ਜੱਟ ਇਸ ਤਬਦੀਲੀ ਨੂੰ ਦੇਖ ਦੇਖ ਖੁਸ਼ ਹੁੰਦੇ ਕਿ ਹੁਣ ਵਿਹੜੇ ਵਾਲਿਆਂ ਨੂੰ ਪਤਾ ਲੱਗੂ। ਕਈ ਕਹਿੰਦੇ “ਦੇਖਦੇ ਹਾਂ ਉਨ੍ਹਾਂ ਦੀ ਮਾਂ ਕਾਂਗਰਸ ਉਨ੍ਹਾਂ ਨੂੰ ਕਿਵੇਂ ਬਚਾਉਂਦੀ ਹੈ?” ਪਰ ਕਾਂਗਰਸ ਤਾਂ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਲਿਆਕੇ ਤੇ ਉਨ੍ਹਾਂ ਦੀਆਂ ਵੋਟਾਂ ਬਣਾਕੇ ਇੱਕ ਹੋਰ ਨਵਾਂ ਪੱਤਾ ਖੇਡ ਚੁੱਕੀ ਸੀ। ਫੇਰ ਪੰਜਾਬ ਵਿੱਚ ਇੱਕ ਹੋਰ ਤਬਦੀਲੀ ਦਾ ਮੁੱਢ ਬੱਝਣ ਲੱਗਾ। ਜੋ ਕਿ ਸੰਤਾ ਸਿੰਘ ਦੀ ਸਮਝ ਤੋਂ ਵੀ ਬਾਹਰ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com