WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 31

ਸਮੁੰਦਰ ਮੰਥਨ (PDF, 568KB)    


ਰੁੜਕੀ ਦੀ ਬਦਲੀ ਹੋਣ ਉਪਰੰਤ ਦਲੇਰ ਸਿੰਘ ਨੂੰ ਉਥੇ ਹੀ ਫੌਜੀ ਕੁਆਟਰ ਮਿਲ਼ ਗਿਆ ਤੇ ਨਾਲ ਹੀ ਉਹ ਨਾਇਕ ਤੋਂ ਹੌਲਦਾਰ ਬਣ ਗਿਆ। ਮੋਢੇ ਤੇ ਤਿੰਨ ਫੀਤੀਆਂ ਲੱਗਣ ਦੇ ਨਾਲ ਨਾਲ ਪਰਿਵਾਰ ਦਾ ਆਉਣਾ ਉਸ ਲਈ ਬੇਹੱਦ ਖੁਸ਼ੀ ਦੇ ਸਬੱਬ ਸਨ। ਨਵੀਂ ਜਗਾ ਉਸਦਾ ਕੰਮ ਨਵੇਂ ਭਰਤੀ ਹੋਏ ਰੰਗਰੂਟਾਂ ਨੂੰ ਟ੍ਰੇਨਿੰਗ ਦੇਣਾ ਸੀ। ਉਹ ਸਾਰਾ ਦਿਨ ਲੈਫਟ ਰਾਈਟ, ਲੈਫਟ ਰਾਈਟ ਕਰਵਾਂਉਂਦਾ ਰਹਿੰਦਾ। ਪਰੇਡ ਥੰਮ ਸੰਘ ਪਾੜਵੀ ਆਵਾਜ਼ ਵਿੱਚ ਕਹਿੰਦੇ ਦਾ ਉਸਦਾ ਗਲ਼ਾ ਬੈਠ ਜਾਂਦਾ। ਭਰਤੀ ਹੋਕੇ ਆਈ ਨਵੀਂ ਮੁੰਡੀਹਰ ਨੂੰ ਕਾਬੂ ਕਰਨਾ ਕਿਹੜਾ ਸੌਖਾ ਸੀ? ਰੰਗਰੂਟਾਂ ਵਿੱਚੋਂ ਕਿਸੇ ਦਾ ਹਾਸਾ ਤੇ ਕਿਸੇ ਦਾ ਰੋਣਾ ਆਮ ਹੀ ਕਾਬੂ ਤੋਂ ਬਾਹਰ ਹੋ ਜਾਂਦੇ। ਕੋਈ ਮਾਂ ਪਿਉ ਨੂੰ ਯਾਦ ਕਰਦਾ ਤੇ ਕੋਈ ਕਿਸੇ ਸਜ ਵਿਆਹੀ ਨੂੰ ਯਾਦ ਕਰਕੇ ਰੋਂਦਾ। ਕਿਸੇ ਦਾ ਪਹਿਲਾ ਪਹਿਲਾ ਪਿਆਰ ਪਿੱਛੇ ਰਹਿ ਗਿਆ ਹੁੰਦਾ ਤੇ ਉਹ ਉਸ ਨੂੰ ਯਾਦ ਕਰਦਾ। ਨਵੇਂ ਮੁੰਡਿਆਂ ਤੇ ਪੰਜਾਲ਼ੀ ਪਾਉਣੀ ਬੜਾ ਔਖਾ ਕੰਮ ਸੀ।

ਜਦੋਂ ਕਈਆਂ ਦੀਆਂ ਚਿੱਠੀਆਂ ਲੇਟ ਹੋ ਜਾਂਦੀਆਂ ਤਾਂ ਉਨ੍ਹਾਂ ਦਾ ਮਨ ਟ੍ਰੇਨਿੰਗ ਵਿੱਚ ਨਾ ਲੱਗਦਾ। ਇਹ ਦਿਨ ਕਦੇ ਦਲੇਰ ਸਿੰਘ ਨੇ ਖੁਦ ਵੀ ਹੰਢਾਏ ਸਨ। ਫੌਜ ਵਿੱਚ ਆਕੇ ਬੰਦਾ ਦੇਸ਼ ਦਾ ਹੀ ਹੋ ਜਾਂਦਾ ਤੇ ਬਾਕੀ ਸਭ ਕੁੱਝ ਪਿੱਛੇ ਰਹਿ ਜਾਂਦਾ ਹੈ। ਫੌਜੀ ਤਾਂ ਵਿਆਹ ਕਰਵਾਕੇ ਵੀ ਛੜੇ ਸਨ। ਤੇ ਬੱਚਿਆਂ ਦੇ ਹੁੰਦੇ ਹੋਏ ਵੀ ਬੇਉਲਾਦਿਆਂ ਵਰਗੇ। ਕੈਸਾ ਜੀਵਨ ਸੀ ਇਹ? ਇੱਕ ਤਰਾਂ ਦੀ ਕੈਦ ਜਾਂ ਬੇਲੋੜਾ ਡਸਿਪਲਨ, ਆਪਣਾ ਤਾਂ ਕੁੱਝ ਵੀ ਨਹੀਂ ਸੀ। ਦਲੇਰ ਸਿੰਘ ਨੇ ਵੀ ਆਪਣਾ ਸਾਰਾ ਜੀਵਨ ਸਰਹੱਦਾਂ ਤੇ ਹੀ ਝੋਕ ਦਿੱਤਾ ਸੀ ਤਾਂ ਕਿ ਦੇਸ਼ ਦੇ ਲੋਕ ਅਪਣੇ ਪਰਿਵਾਰਾ ਨਾਲ ਸੁਰੱਖਿਅਤ ਰਹਿ ਸਕਣ। ਢਲਦੀ ਉਮਰ ਵਿੱਚ ਇਹ ਫੌਜੀ ਕੁਆਟਰ ਜੀਵਨ ਦੀ ਕੁਰਬਾਨੀ ਲਈ ਸੈਨਾ ਵਲੋਂ ਦਿੱਤਾ ਨਿੱਕਾ ਜਿਹਾ ਤੋਹਫਾ ਸੀ। ਜਿਵੇਂ ਕਿਸੇ ਜਵਾਕ ਨੂੰ ਮਿੱਠੀ ਗੋਲੀ ਦੇ ਕੇ ਚੁੱਪ ਕਰਾਈਦਾ ਹੈ।ਪਰ ਦਲੇਰ ਸਿੰਘ ਇਸ ਨਾਲ ਵੀ ਬੜਾ ਖੁਸ਼ ਸੀ।

ਕੁਆਟਰ ਮਿਲਣ ਸਾਰ ਸੀਨੀਅਰ ਕਮਾਂਡਰ ਬਲਵੀਰ ਸਿੰਘ ਨੇ ਉਸ ਦੀ ਸਹਾਇਤਾ ਲਈ ਦੋ ਜਵਾਨ ਭੇਜੇ ਸਨ। ਜੋ ਕੁਆਟਰ ਦੀ ਸਾਫ ਸਫਾਈ ਕਰਵਾ, ਜਰੂਰੀ ਸਮਾਨ ਰਖਵਾ ਗਏ ਸਨ। ਮੰਜੇ ਬਿਸਤਰੇ, ਕੁਰਸੀਆਂ ਮੇਜ, ਸਟੋਵ, ਪਤੀਲੇ ਕੜਛੀਆਂ ਪਤਾ ਨਹੀਂ ਉਸ ਨੂੰ ਕੀ ਕੀ ਲੈਣਾ ਪਿਆ ਸੀ। ਉਸ ਨੇ ਮਨੋਰੰਜਨ ਲਈ ਇੱਕ ਨਵਾਂ ਟਾਂ੍ਰਜਿਸਟਰ ਅਤੇ ਸਾਈਕਲ ਵੀ ਲੈ ਲਏ। ਉਸ ਦੇ ਫੌਜੀ ਸਾਥੀ ਪਾਰਟੀਆਂ ਮੰਗਦੇ ਰਹਿੰਦੇ ਤੇ ਕਹਿੰਦੇ “ਸੁਣਿਆਂ ਬਈ ਦਲੇਰ ਸਿਆਂ ਤੇਰੀ ਫੈਮਲੀ ਆ ਰਹੀ ਆ, ਕਰ ਫੇਰ ਪਾਰਟੀ। ਕਦੇ ਕਦੇ ਉਹ ਫੌਜੀ ਕੱਪਾਂ ਵਿੱਚ ਰੰਮ ਦੀਆਂ ਘੁੱਟਾਂ ਭਰਦੇ ਤੇ ਫੈਮਲੀ ਦੀਆਂ ਗੱਲਾਂ ਕਰਦੇ। ਔਰਤ ਦੀ ਘਾਟ ਫੌਜੀਆਂ ਲਈ ਬਹੁਤ ਵੱਡਾ ਮਾਨਸਿਕ ਰੋਗ ਬਣ ਜਾਂਦੀ ਆ। ਕਈਆਂ ਨੂੰ ਤਾਂ ਝਾੜਾਂ ਤੇ ਸੁੱਕਣੇ ਪਾਏ ਰੰਗ ਬਿਰੰਗੇ ਕੱਪੜੇ ਵੀ ਔਰਤਾਂ ਹੀ ਨਜ਼ਰ ਆਂਉਣ ਲੱਗ ਪੈਂਦੀਆਂ ਨੇ। ਸ਼ਾਇਦ ਏਸੇ ਕਰਕੇ ਫੌਜੀ ਛਾਉਣੀ ਦੇ ਨਾਲ ਲੱਗਦੀ ਮਾਰਕੀਟ ਦਾ ਨਾਂ ‘ਲਾਲ ਕੁੜਤੀ’ ਰੱਖਿਆ ਗਿਆ ਸੀ। ਜਿਥੇ ਐਤਵਾਰ ਦੀ ਛੁੱਟੀ ਵਾਲੇ ਦਿਨ ਕੁਆਟਰਾਂ ਵਿੱਚ ਰਹਿ ਰਹੇ ਫੌਜੀਆਂ ਦੇ ਪਰਿਵਾਰ ਖਰੀਦੋ ਫਰੋਖ਼ਤ ਕਰਨ ਆਂਉਦੇ। ਤੇ ਕਈ ਫੌਜੀ ਸਿਵਲੀਅਨ ਕੱਪੜਿਆਂ ਵਿੱਚ ਦੂਜੇ ਫੌਜੀਆਂ ਦੀਆਂ ਤੀਵੀਂਆਂ ਦਾ ਝਾਕਾ ਲੈਣ ਲਈ ਹੀ ਆਉਂਦੇ। ਦਲੇਰ ਸਿੰਘ ਕਲਪਣਾ ਵਿੱਚ ਆਪਣੇ ਪਰਿਵਾਰ ਨੂੰ ਵੀ ਲਾਲ ਕੁੜਤੀ ਵਿੱਚ ਘੁੰਮਦਿਆਂ ਖਿਆਲ ਕਰ ਕੇ ਮੰਤਰ ਮੁਗਧ ਹੁੰਦਾ ਰਹਿੰਦਾ ਜੋ ਫੌਜੀ ਆਪਣੀਆਂ ਤੀਵੀਆਂ ਪਿੱਛੇ ਛੱਡ ਆਏ ਸਨ ਅਕਸਰ ਉਨ੍ਹਾਂ ਨੂੰ ਯਾਦ ਕਰ ਕਰ ਝੂਰਦੇ। ਅੰਦਰੋਂ ਉਨ੍ਹਾਂ ਦਾ ਮਨ ਡਰਦਾ ਕਿ ਸੁੰਨੀ ਤੀਵੀਂ ਨੂੰ ਲੁੱਟ ਦਾ ਮਾਲ ਸਮਝ, ਹਰ ਕੋਈ ਕਾਬੂ ਕਰਨਾ ਚਾਹੁੰਦਾ ਹੈ। ਦਿਉਰ, ਜੇਠ, ਰਿਸ਼ਤੇਦਾਰ, ਆਂਢੀ ਗੁਆਂਢੀ ਹਰ ਕੋਈ ਉਸ ਤੇ ਕਾਠੀ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉੱਤੋਂ ਸੱਸਾਂ ਨਣਾਨਾ ਅੱਡ ਤੰਗ ਕਰਦੀਆਂ ਨੇ ਦਰਾਣੀਆਂ ਜਠਾਣੀਆਂ ਤਾਂ ਪੈਰ ਹੀ ਨਹੀਂ ਲੱਗਣ ਦਿੰਦੀਆਂ। ਫੇਰ ਸਕੇ ਭਰਾ ਹੀ ਫੌਜੀ ਦੀ ਜ਼ਮੀਨ ਹਿੱਸਾ ਵੀ ਖਾਈ ਜਾਂਦੇ ਨੇ ਤੇ ਉਸਦਾ ਟੱਬਰ ਪਾਲਣ ਦੇ ਤਾਹਨੇ ਵੀ ਦਈ ਜਾਂਦੇ ਨੇ। ਚਿੱਠੀ ਵਿੱਚ ਤਾਂ ਉਹ ਸਾਰੇ ਦੁੱਖ ਸਾਂਝੇ ਕਰ ਵੀ ਨਹੀਂ ਸਕਦੀਆਂ। ਖੁੱਲਾ ਕਾਰਡ ਤਾਂ ਨਾਲੇ ਹਰ ਕੋਈ ਪੜ੍ਹ ਸਕਦਾ ਸੀ। ਕਈ ਵਿਚਾਰੀਆਂ ਅਨਪੜ੍ਹਾਂ ਨੂੰ ਤਾਂ ਚਿੱਠੀਆਂ ਲਿਖਣੀਆਂ ਵੀ ਨਹੀਂ ਆਂਉਦੀਆਂ ਸਨ। ਉਨ੍ਹਾਂ ਵਿੱਚੋਂ ਹੀ ਬਚਨ ਕੌਰ ਵੀ ਇੱਕ ਸੀ। ਹੌਲੀ ਹੌਲੀ ਬੰਦ ਚਿੱਠੀਆਂ ਦਾ ਰਿਵਾਜ਼ ਚੱਲ ਪਿਆ, ਜੋ ਪੰਦਰਾ ਪੈਸੇ ਦੀ ਬਜਾਏ ਪੰਜਾਹ ਪੈਸੇ ਦੀਆਂ ਸਨ। ਪਰ ਫੌਜੀ ਖੁਸ਼ ਸਨ ਕਿ ਚਲੋ ਕੋਈ ਗੱਲ ਪਰਦੇ ਨਾਲ ਤਾਂ ਲਿਖੀ ਜਾ ਸਕਦੀ ਹੈ। ਪਰਦੇ ਵਾਲੀਆਂ ਗੱਲਾਂ ਪੜ੍ਹਨ ਲਈ ਉਹ ਚਿੱਠੀ ਲੈ ਕੇ ਦੂਰ ਜਾ ਬੈਠਦੇ, ਤਾਂ ਦੂਜੇ ਫੌਜੀ ਸਾਥੀ ਉਨ੍ਹਾਂ ਨੂੰ ਗੁੱਝੀਆਂ ਟਕੋਰਾਂ ਕਰਦੇ।

ਦਲੇਰ ਸਿੰਘ ਦਾ ਵੱਡਾ ਮੁੰਡਾ ਮਨਦੀਪ ਤਾਂ ਨਾਨਕੇ ਪਿੰਡ ਪੜ੍ਹਦਾ ਸੀ। ਵਿਚਕਾਰਲਾ ਦੂਜੀ ਵਿੱਚ ਪਿੰਡ ਹੀ ਪੜ੍ਹਦਾ ਸੀ ਪਰ ਸਭ ਤੋਂ ਛੋਟਾ ਅਜੇ ਸਕੂਲ ਜਾਣ ਨਹੀਂ ਸੀ ਲੱਗਿਆ। ਉਸ ਨੇ ਹੀ ਬਚਨ ਕੌਰ ਦੇ ਨਾਲ ਆਉਂਣਾ ਸੀ। ਉਹ ਜਾਣਦਾ ਸੀ ਕਿ ਵਿਚਕਾਰਲਾ ਰਘਵੀਰ ਆਉਂਣ ਵਕਤ, ਨਾਲ ਜਾਣ ਦੀ ਜਿੱਦ ਕਦੇਗਾ ਅਤੇ ਖਰੂਦ ਪਾਵੇਗਾ। ਪਰ ਦਲੇਰ ਸਿੰਘ ਉਸਦੀ ਕਲਾਸ ਨਹੀਂ ਮਾਰਨੀ ਸੀ ਚਾਹੁੰਦਾ। ਬਚਨ ਕੌਰ ਨੇ ਤਾਂ ਰੁੜਕੀ ਜਾਣ ਦੀ ਤਿਆਰੀ ਆਰੰਭ ਦਿੱਤੀ ਸੀ। ਉਸ ਨੇ ਉਹ ਸਾਰਾ ਸਮਾਨ ਇਕੱਠਾ ਕਰ ਲਿਆ, ਜੋ ਨਾਲ ਲੈਕੇ ਜਾਣਾ ਸੀ।

ਉਨ੍ਹਾਂ ਦਿਨਾਂ ਵਿੱਚ ਹੀ ਬਚਨੋਂ ਦੀ ਨਣਾਨ ਮੇਲੋ ਆਪਣੇ ਪਤੀ ਪਿਆਰਾ ਸਿੰਘ ਨਾਲ ਕਿਸੇ ਗੱਲੋਂ ਝਗੜ ਕੇ ਪਿੰਡ ਆ ਗਈ । ਉਸ ਦੇ ਆਉਣ ਵੇਲੇ ਤੱਕ ਨਿੱਕੀ ਜਿਹੀ ਬਾਤ ਦਾ ਬਤੰਗੜ ਬਣ ਗਿਆ ਤੇ ਦੋਵੇਂ ਧਿਰਾਂ ਅੜ ਗਈਆਂ ਸਨ। ਮੇਲੋ ਕਹਿ ਰਹੀ ਸੀ ਕਿ ਸਹੁਰਿਆਂ ਤੋਂ ਕੁੱਟ ਮਾਰ ਖਾਅ ਕੇ ਉਹ ਜ਼ਿੰਦਗੀ ਨਹੀਂ ਕੱਟ ਸਕਦੀ। ਉਧਰ ਪਿਆਰਾ ਸਿੰਘ ਕਹਿ ਰਿਹਾ ਸੀ ਕਿ ਉਸ ਨੂੰ ਬੋਲਣ ਦੀ ਅਕਲ ਨਹੀਂ ਅਤੇ ਉਹ ਘਰ ਦਾ ਕੰਮ ਵੀ ਚੱਜ ਨਾਲ ਨਹੀਂ ਕਰਦੀ। ਚੰਦ ਸਿੰਘ, ਫੌਜੀ ਲਹਿਜ਼ੇ ਵਿੱਚ ਕਹਿ ਬੈਠਾ ਸੀ ਕਿ ਉਹ ਆਪਣੀ ਕੁੜੀ ਨੂੰ ਅਜੇ ਰੋਟੀ ਦੇ ਸਕਣ ਦੇ ਸਮਰੱਥ ਹੈ। ਪਰ ਉਹ ਧੀ ਦਾ ਦੁੱਖ ਬ੍ਰਦਾਸ਼ਤ ਨਹੀਂ ਕਰੇਗਾ।ਇਸੇ ਕਰਕੇ ਗੇਲੋ ਪਿੰਡ ਰਹਿਣ ਲੱਗ ਪਈ ਜੋ ਬਚਨੋਂ ਲਈ ਸਮੱਸਿਆ ਬਣ ਗਈ। ਉਹ ਅਕਸਰ ਬਚਨੋਂ ਨੂੰ ਕਹਿੰਦੀ “ਤੂੰ ਭਲਾਂ ਫੌਜ ਜਾ ਕੇ ਕੀ ਕਰਨਾ ਹੈ? ਪਿੰਡ ਤੂੰ ਅੱਜ ਤੱਕ ਚੱਜ ਨਾਲ ਰਹੀ ਨੀ ਹੁਣ ਵੀਰ ਕੋਲ ਜਾ ਕੇ ਕੀ ਰਹੇਂਗੀ? ਨਾਲੇ ਵੀਰ ਦੀ ਫੈਮਲੀ ਪਹਿਲਾਂ ਅਸੀਂ ਆਂ। ਜੇ ਉਸ ਨੂੰ ਕੋਈ ਰੋਟੀ ਪਾਣੀ ਦਾ ਔਖਾ ਹੈ ਤਾਂ ਮੇਰੇ ਜਾਂ ਬੇਬੇ ‘ਚੋਂ ਕੋਈ ਚਲੀ ਜਾਵੇਗੀ। ਮਾਂ ਪੁੱਤ ਕਦੋਂ ਦੇ ਵਿਛੜੇ ਨੇ ਤੇਰਾ ਉੱਥੇ ਕੀ ਕੰਮ? ਨਾਲੇ ਬੇਬੇ ਕਿਤੇ ਬਾਹਰ ਘੁੰਮ ਫਿਰ ਆਊਗੀ” ਉਹ ਰੋਜ਼ ਕਹਿੰਦੀ “ਲਿਖਦੀ ਆਂ ਵੀਰ ਨੂੰ ਚਿੱਠੀ ਤੂੰ ਭਲਾ ਭਾਬੀ ਤੋਂ ਕੀ ਕਰਉਣੈ? ਨਾਲੇ ਵਾਧੂ ਦਾ ਖਰਚਾ, ਉਹੀ ਚਾਰ ਪੈਸੇ ਬਾਪੂ ਨੂੰ ਭੇਜ, ਤਾਂ ਚਾਰ ਖਣ ਹੋਰ ਪੱਕੇ ਹੋ ਜਾਣਗੇ” ਪਰ ਬੇਅੰਤ ਕੌਰ ਤਾਂ ਅਜਿਹੀ ਨਹੀਂ ਸੀ। ਉਹ ਤਾਂ ਗੇਲੋ ਨੂੰ ਏਦਾਂ ਬੋਲਣ ਤੋਂ ਹਮੁਸ਼ਾਂ ਟੋਕਦੀ ਰਹਿੰਦੀ। ਇੱਕ ਵਾਰ ਤਾਂ ਗੇਲੋ ਨੇ ਦਲੇਰ ਸਿੰਘ ਨੂੰ ਘਰ ਵਾਲੀ ਨੂੰ, ਨਾ ਸੱਦਣ ਵਾਰੇ ਚਿੱਠੀ ਵੀ ਲਿਖ ਦਿੱਤੀ ਸੀ ਅਤੇ ਘਰ ਦੀਆਂ ਹੋਰ ਸੈਕੜੇ ਸਮੱਸਿਆਵਾਂ ਵੀ ਲਿਖ ਦਿੱਤੀਆਂ ਸਨ। ਪਰ ਅੱਗੋਂ ਦਲੇਰ ਸਿੰਘ ਵੀ ਫੌਜੀਆਂ ਵਾਲੀ ਨਾਂ ਤੇ ਅੜ ਗਿਆ ਕਿ ਬਚਨੋ ਤਾਂ ਆਏਗੀ ਹੀ ਆਏਗੀ। ਮੁੜਕੇ ਉਹ ਕਹਿਣ ਲੱਗ ਪਈ “ਪਤਾ ਨਹੀਂ ਇਹਨੇ ਵੀਰੇ ਦੇ ਸਿਰ ਇਸਨੇ ਕੀ ਪਾ ਦਿੱਤਾ ਏ, ਜੋ ਘਰ ਵਾਲੀ ਮਗਰ ਲਾਗਿਆ ਫਿਰਦਾ ਏ। ਬਚਨੋ ਜਿਹੜਾ ਜਵਾਕ ਐਥੇ ਛੱਡ ਕੇ ਜਾਊ, ਭਲਾਂ ਉਸ ਨੂੰ ਕੌਣ ਨੁਹਾਊ ਧੁਆਊ...? ਆਪਾਂ ਤਾਂ ਨੀ ਕਰਦੇ…। ਮੈਂ ਤਾਂ ਆਪ ਸਹੁਰਿਆਂ ਤੋਂ ਧੱਕੀ ਬੈਠੀ ਆਂ। ਪਰ ਏਥੇ ਤਾਂ ਸਾਰਿਆਂ ਆਪੋ ਆਪਣੀ ਪਈ ਆ...। ਵੀਰਾ ਵੀ ਮੇਰੇ ਦੁੱਖ ਨੂੰ ਭੁੱਲ ਗਿਆ”

ਬਚਨੋ ਦੇ ਜਾਣ ਦੀ ਗੱਲ ਸੁਣ ਉਸਦੀ ਜਠਾਣੀ ਵੀ ਤਾਂ ਅੱਗ ਤੇ ਲਿਟਦੀ ਫਿਰ ਰਹੀ ਸੀ’ “ਮੈਂ ਹੀ ਰਹਿ ਗਈ ਘਰ ਦਾ ਕੰਮ ਫੂਕਣ ਨੂੰ? ਇਹ ਮਹਾਰਾਣੀ ਪਹਿਲਾਂ ਪੇਕੇ ਡੇਰਾ ਲਾਕੇ ਬੈਠੀ ਰਹੀ ਤੇ ਹੁਣ ਅਖੇ ਫੌਜ ‘ਚ ਜਾਊ। ਫੇਰ ਘਰਦੇ ਕੰਮ ਕੌਣ ਕਰੂ?” ਉਸ ਨੇ ਗੇਲੋ ਨਾਲ ਧਿਰ ਬਣਾ ਲਈ ਸੀ ।ਬਚਨ ਕੌਰ ਰੋਜ਼ ਖਿਝਦੀ ਤੜਫਦੀ ਰਹਿੰਦੀ ਪਰ ਦਲੇਰ ਸਿੰਘ ਤੱਕ ਆਪਣਾ ਦੁੱਖ ਪਹੁੰਚਾਣ ਦਾ ਉਸ ਕੋਲ ਕੋਈ ਵੀ ਵਸੀਲਾ ਨਹੀਂ ਸੀ।

ਫਰਵਰੀ ਦੇ ਆਖਰੀ ਹਫਤੇ ਦਲੇਰ ਸਿੰਘ ਬਚਨ ਕੌਰ ਨੂੰ ਲੈਣ ਆ ਪਹੁੰਚਿਆ। ਘਰ ਵਿੱਚ ਕਸ਼ੀਦਗੀ ਵਾਲਾ ਮਹੌਲ ਸੀ ਪਰ ਤਾਂ ਵੀ ਸਮਾਨ ਬੰਨਿਆ ਜਾ ਰਿਹਾ ਸੀ। ਆਟਾ, ਦਾਲਾਂ, ਤਵਾ, ਪਰਾਂਤ, ਚੱਕਲਾ ਵੇਲਣਾ ਸਭ ਕੁੱਝ ਬੰਨ ਲਿਆ ਗਿਆ। ਕੰਬਲ ਚਾਦਰਾਂ ਤੇ ਹੋਰ ਜਰੂਰਤ ਦਾ ਸਮਾਨ ਵੀ ਪਾ ਲਿਆ ਗਿਆ। ਮਨਦੀਪ ਨੂੰ ਵੀ ਨਾਨਕਿਆਂ ਤੋਂ ਕੁੱਝ ਦਿਨ ਵਾਸਤੇ ਲੈ ਆਂਦਾ ਸੀ। ਪਰ ਰਘਵੀਰ ਨੂੰ ਅਜੇ ਦੱਸਿਆ ਹੀ ਨਹੀਂ ਸੀ ਗਿਆ ਕਿ ਉਹ ਨਾਲ ਨਹੀਂ ਜਾ ਰਿਹਾ। ਉਸ ਨੂੰ ਨਵੇਂ ਕੱਪੜੇ ਲੀੜੇ ਅਤੇ ਨਿੱਕੀਆਂ ਮੋਟੀਆਂ ਖੇਡਾਂ ਲੈ ਕੇ ਦਿੱਤੀਆਂ ਜਾ ਰਹੀਆਂ ਸਨ। ਰਵਿੰਦਰ ਤਾਂ ਨਾਲ ਜਾ ਹੀ ਰਿਹਾ ਸੀ। ਜਿਸ ਦਿਨ ਉਹ ਰੁੜਕੀ ਨੂੰ ਜਾਣ ਲਈ ਘਰੋਂ ਤੁਰੇ ਤਾਂ ਬਚਨ ਕੌਰ ਲਈ ਇਹ ਬੇਹੱਦ ਕਠਨ ਸਮਾਂ ਸੀ। ਆਪਣੇ ਦੋ ਬੱਚਿਆਂ ਨੂੰ ਪਿੱਛੇ ਛੱਡ ਕੇ ਜਾਣਾ ਕੋਈ ਸੌਖਾ ਕੰਮ ਨਹੀਂ ਸੀ।

ਉਧਰ ਦਲੇਰ ਸਿੰਘ ਦੇ ਭਰਾ ਤਾਂ ਪਹਿਲਾਂ ਹੀ ਮੂੰਹ ਵੱਟੀਂ ਫਿਰਦੇ ਸਨ। ਉਨ੍ਹਾਂ ਦੇ ਤੁਰਨ ਸਮੇਂ ਉਹ ਸਭ ਬਹਾਨੇ ਨਾਲ ਘਰੋਂ ਖਿਸਕ ਗਏ। ਦਲੇਰ ਦੇ ਬਚਪਨ ਦਾ ਦੋਸਤ ਬਾਘਾ ਹੀ ਉਸਦੇ ਕੰਮ ਆਇਆ ਜੋ ਉਨ੍ਹਾਂ ਨੂੰ ਦੋਰਾਹੇ ਤੱਕ ਛੱਡਣ ਲਈ ਗੱਡਾ ਲੈ ਆਇਆ ਸੀ। ਰਸਤੇ ‘ਚ ਉਹ ਪੁੱਛਦਾ ਜਾ ਰਿਹਾ ਸੀ “ਭਲਾਂ ਫੌਜੀਆ ਫੌਜਣ ਉਥੇ ਕੀ ਕਰੂ? ਹੋਰ ਲੈਫਟ ਰੈਟ ਈ ਨਾਂ ਕਰਾਈ ਜਾਵੀਂ। ਚਲੋ ਫੌਜਣ ਕਿਸਮਤ ਵਾਲੀ ਆ ਬਈ ਬਾਹਰਲਾ ਮੁਲਕ ਦੇਖ ਆਊ। ਅਸੀ ਤਾਂ ਕਦੇ ਲੁਦੇਹਾਣਾ ਟੱਪ ਨੀ ਦੇਖਿਆ। ਨਾਲੇ ਤੂੰ ਵੀ ਕਿਸਮਤ ਵਾਲਾਂ ਏ ਫੋਜੀਆ…ਮੇਰੇ ਵਲ ਦੇਖ ਜੇਹੜੀ ਪੰਜ ਸੌ ‘ਚ ਬਿਹਾਰਨ ਲੈ ਕੇ ਆਇਆ ਸੀ, ਉਹ ਵੀ ਛੱਡ ਕੇ ਭੱਜ ਗੀ। ਬੱਸ ਹੁਣ ਤੂੰ ਹੀ ਮੇਰਾ ਇੱਕ ਦੋਸਤ ਏਂ। ਤੈਨੂੰ ਛੱਡਣ ਜਾਣ ‘ਚ ਮੇਰੀ ਬਹੁਤ ਖੁਸ਼ੀ ਆ। ਨਾਲੇ ਦੋਰਾਹੇ ਤੋਂ ਪਸੂਆਂ ਲਈ ਖਲ ਵੜੇਵੇਂ ਲੈ ਆਊਂ। ਫੌਜੀਆਂ ਜਦੋਂ ਫੇਰ ਆਵੇਂ ਮੇਰੇ ਲਈ ਦੋ ਰੰਬ ਦੀ ਬੋਤਲਾਂ ਲਿਆਂਈ ਫੇਰ ‘ਕੱਠੇ ਬਹਿ ਕੇ ਪੀਵਾਂਗੇ। ਤੈਨੂੰ ਤੇ ਫੌਜਣ ਨੂੰ ਫੇਰ ਮੈਂ ਹੀ ਲੈਣ ਆਊਂ। ਬੱਸ ਕੇਰਾਂ ਸਨੇਹਾ ਭੇਜ ਦੀ” ਬਾਘਾ ਗੱਲਾਂ ਦੀ ਲੜੀ ਹੀ ਨਹੀਂ ਸੀ ਟੁੱਟਣ ਦੇ ਰਿਹਾ।

ਰੇਲ ਗੱਡੀ ਚੜਨਾ ਬਚਨ ਕੌਰ ਲਈ ਬਿਲਕੁੱਲ ਨਵੀਂ ਗੱਲ ਸੀ। ਦੋਰਾਹੇ ਦਾ ਰੇਲਵੇ ਸਟੇਸ਼ਨ ਬਹੁਤਾ ਵੱਡ ਨਾ ਹੋਣ ਕਰਕੇ ਕੋਈ ਬਹੁਤਾ ਭੀੜ ਭੜੱਕਾ ਵੀ ਨਹੀਂ ਸੀ। ਫੇਰ ਵੀ ਬਚਨੋਂ ਨੇ ਨਿੱਕੇ ਰਵਿੰਦਰ ਦੀ ਉਂਗਲੀ ਘੁੱਟ ਕੇ ਫੜੀ ਹੋਈ ਸੀ ਤਾਂ ਕਿ ਕਿਤੇ ਗੁਆਚ ਨਾ ਜਾਏ। ਦਲੇਰ ਸਿੰਘ ਨੇ ਸਹਾਰਨਪੁਰ ਜਾਣ ਵਾਲੀ ਹਾਵੜਾ ਐਕਸਪ੍ਰੈੱਸ ਦੀਆਂ ਤਿੰਨ ਟਿਕਟਾਂ ਲਈਆਂ। ਉਹ ਸਮਾਨ ਰੱਖ ਕੇ ਬੈਂਚ ਤੇ ਬੈਠ ਗਏ। ਤਿੰਨ ਟਰੰਕ, ਫੋਲਡਿੰਗ ਬੈੱਡ ਤੇ ਇੱਕ ਪੀਪਾ। ਤੇ ਇਸਦੇ ਨਾਲ ਹੀ ਇੱਕ ਫੌਜੀ ਬਿਸਤਰਾ ਬੰਧ। ਇਹ ਸਾਰਾ ਸਮਾਨ ਭਰੀ ਹੋਈ ਗੱਡੀ ਵਿੱਚ ਦਲੇਰ ਸਿੰਘ ਨੇ ਇਕੱਲੇ ਨੇ ਹੀ ਚੜਾਂਉਣਾ ਸੀ। ਬਚਨ ਕੌਰ ਦਾ ਸੋਚ ਸੋਚ ਦਿਲ ਘਾਂਊ ਮਾਊਂ ਹੋ ਰਿਹਾ ਸੀ।
ਕੁੱਝ ਹੀ ਦੇਰ ਬਾਅਦ ਦਲੇਰ ਸਿੰਘ ਨੇ ਕਿਹਾ “ ਲਉ ਸਿਗਨਲ ਡਾਊਨ ਹੋ ਗਿਆ ਏ। ਅੋਹ ਗੱਡੀ ਵੀ ਆ ਰਹੀ ਹੈ ਉਠੋ” ਤਦੇ ਦੂਰ ਤੋਂ ਤੇਜ਼ ਰੌਸ਼ਨੀ ਆਂਉਦੀ ਦਿਖਾਈ ਦਿੱਤੀ। ਬਚਨ ਕੌਰ ਭੈਭੀਤ ਸੀ ਕਿ ਜੇ ਲੋਹੇ ਤੇ ਗਾਡਰਾਂ ਤੋਂ ਐਨੀ ਭਾਰੀ ਗੱਡੀ ਤਿਲਕ ਗਈ, ਤਾਂ ਕੀ ਬਣੂ? ਪਰ ਹੁਣ ਸੋਚਣ ਦਾ ਵਕਤ ਹੀ ਕਿੱਥੇ ਸੀ। ਗੱਡੀ ਤਾਂ ਕੂਕਾਂ ਮਾਰਦੀ ਛੱਕ ਛੱਕ ਛੁੱਕ, ਛੁੱਕ ਕਰਦੀ ਧੂੜਾਂ ਉਡਾਂਉਦੀ ਆ ਰਹੀ ਸੀ। ਜਿਉਂ ਹੀ ਗੱਡੀ ਪਲੇਟ ਫਾਰਮ ਤੇ ਰੁਕੀ ਦਲੇਰ ਸਿੰਘ ਨੇ ਫੌਜੀਆਂ ਵਾਲੀ ਫੁਰਤੀ ਦਿਖਾਈ। ਤੇ ਦੋ ਮਿੰਟਾਂ ਵਿੱਚ ਹੀ ਸਾਰਾ ਸਮਾਨ ਗੱਡੀ ਤੇ ਚੜ੍ਹਾ ਦਿੱਤਾ। ਬਚਨ ਕੌਰ ਅਤੇ ਰਵਿੰਦਰ ਵੀ ਗੱਡੀ ਚੜ੍ਹ ਗਏ। ਰੇਲ ਗੱਡੀ ਇੱਕ ਲੰਬੀ ਕੂਕ ਮਾਰ ਕੇ ਤੁਰ ਪਈ।

ਬਾਹਰੋਂ ਕੋਇਲੇ ਦੀ ਗੰਧ ਆ ਰਹੀ ਸੀ। ਬੜੀ ਮੁਸ਼ਕਲ ਨਾਲ ਬਚਨੋ ਨੂੰ ਸੀਟ ਮਿਲੀ। ਲਾਈਟਾਂ ਦਰਖਤ ਅਤੇ ਇਮਾਰਤਾਂ ਪਿੱਛੇ ਵਲ ਦੌੜ ਰਹੇ ਸਨ। ਕਈ ਲੋਕ ਸਭ ਕਾਸੇ ਤੋਂ ਬੇਖ਼ਬਰ, ਪੈਰ ਪਸਾਰੀਂ ਸੁੱਤੇ ਪਏ ਸਨ। ਬਚਨ ਕੌਰ ਨੂੰ ਆਪਣੇ ਪਿੱਛੇ ਰਹਿ ਗਏ ਦੋ ਬੇਟੇ ਬਹੁਤ ਯਾਦ ਆ ਰਹੇ ਸਨ। ਉਹ ਆਪਣੇ ਬੇਬੇ ਬਾਪੂ ਅਤੇ ਹੋਰ ਭੈਣਾਂ ਭਰਾਵਾਂ ਨੂੰ ਵੀ ਚੇਤੇ ਕਰਦੀ ਜਾ ਰਹੀ ਸੀ।

ਉਹ ਪਹਿਲੀ ਵਾਰ ਪੰਜਾਬ ਤੋਂ ਬਾਹਰ ਕਿਤੇ ਦੂਰ ਦੁਰਾਡੇ ਚੱਲੀ ਸੀ। ਦੋਰਾਹੇ ਤੋਂ ਬਾਅਦ ਗੱਡੀ ਅੰਬਾਲੇ ਜਾ ਕੇ ਰੁਕੀ। ਬਹੁਤ ਸਾਰੇ ਲੋਕ ਚੜ੍ਹੇ ਅਤੇ ਬਹੁਤ ਸਾਰੇ ਉੱਤਰੇ। ਲੋਕਾਂ ਦਾ ਬੋਲੀ ਅਤੇ ਪਹਿਰਾਵਾ ਵੀ ਬਦਲ ਗਏ। ਸਟੇਸ਼ਨ ਤੇ ਸਮਾਨ ਵੇਚਣ ਵਾਲੇ ਵੀ ਹਿੰਦੀ ਵਿੱਚ ਹੋਕਰੇ ਲਾ ਰਹੇ ਸਨ। ਦਲੇਰ ਸਿੰਘ ਨੇ ਏਥੋਂ ਚਾਹ ਦੇ ਨਾਲ ਨਾਲ ਖੋਪੇ ਦੀਆਂ ਗਿਰੀਆਂ ਵੀ ਲਈਆਂ ਅਤੇ ਰਸਤੇ ਵਿੱਚ ਖਾਣ ਲਈ ਮੂੰਗਫਲੀ ਦੇ ਲਫਾਫੇ ਵੀ ਲਏ। ਪਰ ਬਚਨ ਕੌਰ ਨੂੰ ਇਹ ਚਾਹ ਭੋਰਾ ਸੁਆਦ ਨਾ ਲੱਗੀ। ਜਿਵੇਂ ਉਬਲਿਆ ਹੋਇਆ ਪਾਣੀ ਜਿਹਾ ਹੋਵੇ।

ਗੱਡੀ ਫੇਰ ਤੁਰ ਪਈ ਪਰ ਚਾਹ ਵੇਚਣ ਵਾਲੇ ਅਜੇ ਵੀ ਗਲਾਸ ਅਤੇ ਪੈਸੇ ਇਕੱਠੇ ਕਰ ਰਹੇ ਸਨ। ਜੋ ਬਾਅਦ ਵਿੱਚ ਚੱਲਦੀ ਗੱਡੀ ਵਿੱਚੋਂ ਹੀ ਛਾਲ ਮਾਰ ਉੱਤਰ ਗਏ। ਬਚਨ ਕੌਰ ਵੇਖ ਵੇਖ ਹੈਰਾਨ ਹੋ ਰਹੀ ਸੀ, ਕਿ ਏਹਨਾਂ ਨੂੰ ਡਰ ਨਹੀਂ ਲੱਗਦਾ? ਪਰ ਦਲੇਰ ਸਿੰਘ ਕਹਿ ਰਿਹਾ ਸੀ ‘ਏਨਾਂ ਦਾ ਤਾਂ ਇਹ ਰੋਜ਼ ਦਾ ਕੰਮ ਆ’।

ਫੇਰ ਸਹਾਰਨਪੁਰ ਤੋਂ ਹਰਦਵਾਰ ਜਾਣ ਵਾਲੀ ਗੱਡੀ ਜਨਤਾ ਅੇਕਸਪ੍ਰੈੱਸ ਪਕੜਨੀ ਸੀ। ਸਾਰਾ ਸਮਾਨ ਇੱਕ ਵਾਰ ਉਤਾਰਿਆ ਅਤੇ ਚੜ੍ਹਾਇਆ ਗਿਆ। ਕੁੱਝ ਹੀ ਘੰਟਿਆਂ ਬਾਅਦ ਉਹ ਰੁੜਕੀ ਦੇ ਨਾਲ ਲੱਗਦੇ ਇੱਕ ਨਿੱਕੇ ਜਿਹੇ ਸਟੇਸ਼ਨ ਲਢੌਂਰੇ ਤੇ ਜਾ ਉੱਤਰੇ। ਉਦੋਂ ਤੜਕੇ ਦੇ ਚਾਰ ਵੱਜਣ ਵਾਲੇ ਸਨ।

ਸਟੇਸ਼ਨ ਤੋਂ ਦਲੇਰ ਸਿੰਘ ਨੇ ਦੋ ਰਿਕਸ਼ੇ ਕਰਕੇ, ਸਮਾਨ ਲਦਵਾਇਆ। ਇੱਕ ਰਿਕਸ਼ੇ ਤੇ ਉਹ ਆਪ ਬੈਠ ਗਏ ਤੇ ਦੂਸਰੇ ਤੇ ਸਮਾਨ। ਬਚਨ ਕੌਰ ਨੂੰ ਇਹ ਅਜੀਬ ਜਿਹਾ ਤੇ ਓਪਰਾ ਜਿਹਾ ਇਲਾਕਾ ਜਾਪ ਰਿਹਾ ਸੀ। ਉੱਪਰੋਂ ਸਰਦੀ ਵੀ ਲੱਗ ਰਹੀ ਸੀ। ਫੇਰ ਦਲੇਰ ਸਿੰਘ ਨੇ ਰਿਕਸ਼ੇ ਵਾਲਿਆਂ ਨੂੰ ਸਮਝਾਉਂਦੇ ਹੋਏ ਕਿਹਾ “ਆਹ ਫੌਜੀ ਕੁਆਟਰ ਸ਼ੁਰੂ ਹੋ ਗਏ ਨੇ ਬੱਸ ਹੁਣ ਪਹੁੰਚਗੇ ਸਮਝੋ”

ਫੇਰ ਰਿਕਸ਼ੇ ਇੱਕ ਕੁਆਟਰ ਅੱਗੇ ਰੁਕੇ। ਦਲੇਰ ਸਿੰਘ ਨੇ ਰਿਕਸ਼ਿਆਂ ਵਾਲਿਆਂ ਨੂੰ ਪੈਸੇ ਦਿੱਤੇ ਅਤੇ ਕੁਆਟਰ ਦੇ ਦਰਵਾਜੇ ਅੱਗੇ ਸਮਾਨ ਰਖਵਾ ਲਿਆ। ਤਾਲਾ ਖੋਹਲ ਉਹ ਕੁਆਟਰ ਅੰਦਰ ਪ੍ਰਵੇਸ਼ ਕਰ ਗਏ। ਜਿੱਥੇ ਉਨ੍ਹਾਂ ਆਪ ਹੀ ਪਕਾਣਾ ਸੀ ਅਤੇ ਖਾਣਾ ਸੀ। ਹਾਲ ਦੀ ਘੜੀ ਤਾਂ ਉਹ ਬਹੁਤ ਥੁੱਕੇ ਹੋਏ ਸਨ। ਬਿਸਤਰਾ ਬੰਧ ਖੋਹਲਕੇ ਉਹ ਉੱਥੇ ਹੀ ਪੈ ਗਏ। ਤੇ ਥੱਕਿਆਂ ਹੋਇਆਂ ਨੂੰ ਝੱਟ ਹੀ ਨੀਂਦ ਨੇ ਘੇਰ ਲਿਆ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com