ਜਿਉਂ ਜਿਉਂ ਨਾਨਕਾ ਪਿੰਡ ਛੱਡਕੇ ਜਾਣ ਦੇ ਦਿਨ ਨੇੜੇ ਆਉਣ
ਲੱਗੇ ਤਾਂ ਮਨਦੀਪ ਦੇ ਮਨ ਨੂੰ ਡੋਬੂ ਜਿਹੇ ਪੈਣ ਲੱਗੇ। ਪਿੰਡ ਰਣੀਏ ਦੇ ਕਣ ਕਣ ਨਾਲ
ਉਸ ਦੀ ਸਾਂਝ ਸੀ। ਜੋ ਉਸ ਨੂੰ ਹੁਣ ਛੱਡਣਾ ਹੀ ਪੈਣਾ ਸੀ। ਇਸ ਪਿੰਡ ਦੇ ਰੇਤੇ ਵਿੱਚ
ਉਸਦਾ ਬਚਪਨ ਗੁਆਚ ਗਿਆ ਸੀ। ਇਸੇ ਹੀ ਰੇਤੇ ਨਾਲ ਸਿਰ ਭਰ ਜਾਣ ਤੇ ਉਸ ਨੇ ਅਨੇਕਾਂ
ਵਾਰ ਨਾਨੀ ਦੀਆਂ ਝਿੜਕਾਂ ਵੀ ਖਾਧੀਆਂ। ਏਸੇ ਰੇਤ ਤੇ ਉਹ ਮਿੱਟੀ ਦੇ ਘਰ ਬਣਾ ਬਣਾ
ਖੇਡਦੇ ਰਹੇ ਅਤੇ ਫਰਜ਼ੀ ਕਿਆਰੇ ਬਣਾ ਬਣਾ ਖੇਤਾਂ ਨੂੰ ਸਿੰਜਦੇ ਰਹੇ। ਰੇਤੇ ਤੇ ਹੀ
ਘੁਲਦੇ ਅਤੇ ਕਬੱਡੀਆਂ ਖੇਡਦੇ ਰਹੇ। ਮਨਦੀਪ ਨੂੰ ਹੁਣ ਇਸ ਪਿੰਡ ਦਾ ਬੇਹੱਦ ਮੋਹ ਆ
ਰਿਹਾ ਸੀ। ਉਹ ਹਰ ਚੀਜ਼ ਨੂੰ ਛੂਹ ਛੂਹ ਵੇਖਦਾ। ਇੱਕ ਇੱਕ ਚੀਜ਼ ਉਸਦੇ ਰੋਮ ਰੋਮ ਵਿੱਚ
ਰਚੀ ਪਈ ਸੀ।
ਇੱਥੇ ਉਹ ਨਿੱਕਾ ਹੁੰਦਾ ਲੁਕਣਮੀਟੀ ਖੇਡਦਾ ਰਿਹਾ ਸੀ। ਰੇੜੇ
ਚਲਾਉਂਦਾ ਰਿਹਾ। ਤੇ ਸਾਈਕਲ ਭਜਾਂਈ ਫਿਰਦਾ ਰਿਹਾ। ਇਹ ਰੇੜੇ ਉਸ ਦੇ ਹੁਣ ਵੀ ਸੰਭਾਲੇ
ਪਏ ਸਨ, ਜਿਨਾਂ ਵਿੱਚ ਖੂੰਟੀ ਪਾਕੇ ਚਲਾਉਣ ਵਾਲੇ, ਸਾਈਕਲ ਦੇ ਟਾਇਰਾਂ ਦੇ ਬਣਾਏ
ਹੋਏ, ਸਾਈਕਲਾਂ ਦੇ ਰਿੱਮ ਤੋਂ ਗਜ਼ ਉਤਾਰ ਸਪੈਸ਼ਨ ਲੁਹਾਰ ਤੋਂ ਬਣਾਏ ਰੇੜੇ ਵੀ ਸਨ।
ਇਸੇ ਪਿੰਡ ਵਿੱਚ ਉਸ ਨੇ ਅਨੇਕਾਂ ਹੋਲੀਆਂ, ਦਿਵਾਲੀਆਂ ਵਿਸਾਖੀਆਂ ਅਤੇ ਲੋਹੜੀਆਂ
ਮਨਾਈਆਂ। ਉਸ ਦੀ ਨਾਨੀ ਮਹਿਤਾਬ ਕੌਰ ਵੀ ਦਲੇਰ ਸਿੰਘ ਵਲੋਂ ਆਪਣੇ ਪੁੱਤਰ ਨੂੰ ਪਿੰਡ
ਲੈ ਕੇ ਜਾਣ ਦੇ ਫੈਸਲੇ ਨਾਲ ਉਦਾਸ ਹੋ ਗਈ। ਮਨਦੀਪ ਨੂੰ ਰਾਮਪੁਰਾ ਜਿਵੇਂ ਕੋਈ ਓਪਰਾ
ਜਿਹਾ ਪਿੰਡ ਜਾਪਦਾ।ਜਿਥੇ ਰਹਿਣ ਬਾਰੇ ਸੋਚ ਕੇ ਉਸ ਨੂੰ ਹੌਲ ਪੈਂਦੇ।
ਮਹਿਤਾਬ ਕੌਰ ਚੁੱਪ ਤੇ ਉਦਾਸ ਰਹਿਣ ਲੱਗੀ। ਉਸਦਾ ਪਾਲਿਆ ਪਿਆਰਾ ਦੋਹਤਾ ਉਸ ਤੋਂ
ਵਿੱਛੜ ਰਿਹਾ ਸੀ। ਹੁਣ ਉਹ ਜਦੋਂ ਉਸ ਦਾ ਜੂੜਾ ਗੁੰਦਦੀ ਤਾਂ ਉਸ ਦੀਆਂ ਅੱਖਾਂ ਭਰ
ਆਂਉਦੀਆਂ। ਰੋਟੀ ਪਾ ਕੇ ਦਿੰਦੀ, ਉਹ ਮੱਲੋ ਮੱਲੀ ਮਨਦੀਪ ਦੀ ਰੋਟੀ ਤੇ ਮੱਖਣ ਪੇੜਾ
ਰੱਖ ਦਿੰਦੀ ਤੇ ਘਿਉ ਸ਼ੱਕਰ ਵੀ ਰਲ਼ਾ ਦਿੰਦੀ। ਜਿਵੇਂ ਬੱਸ ਮਨਦੀਪ ਹੁਣ ਕੁੱਝ ਦਿਨਾਂ
ਦਾ ਹੀ ਮਹਿਮਾਨ ਹੋਵੇ।
ਫੇਰ ਪਤਾ ਵੀ ਨਾ ਲੱਗਿਆ ਜਦੋਂ ਅੱਠਵੀ ਦੇ ਪੇਪਰ ਮੁੱਕ ਗਏ।
ਉਸ ਤੋਂ ਬਾਅਦ ਸਕੂਲ ਵੀ ਬੰਦ ਹੋ ਗਏ। ਇਹ ਸਾਲ 1973 ਮਾਰਚ ਮਹੀਨੇ ਦੀ ਸ਼ੁਰੂਆਤ ਸੀ।
ਸਿਆਲ ਬੀਤ ਚੁੱਕਾ ਸੀ, ਬਸ ਸੁਭਾ ਸ਼ਾਮ ਹਲਕੀ ਹਲਕੀ ਠੰਢ ਰਹਿ ਗਈ ਸੀ। ਖੇਤਾਂ ਵਿੱਚ
ਕਣਕ ਦੀਆਂ ਹਰੀਆਂ ਕਚੂਰ ਬੱਲੀਆਂ ਝੂਲਦੀਆਂ। ਸਰੋਂ ਦੇ ਪੀਲ਼ੇ ਪੀਲ਼ੇ ਫੁੱਲ ਮਨ ਨੂੰ
ਖਿੱਚਾਂ ਪਾਉਂਦੇ। ਲੋਕ ਮਿੱਠੇ ਗੰਨੇ ਚੂਪਦੇ, ਘੁਲਾੜੀਆਂ ਚੱਲਦੀਆਂ। ਕਦੇ ਉਹ ਚੱਲ
ਰਹੀ ਘੁਲਾੜੀ ਕੋਲ ਖੇਤ ਵਿੱਚ ਚਲਾ ਜਾਂਦਾ ਜਿੱਥੇ ਅੋਰਤਾਂ ਮਰਦ ਗੰਨੇ ਘੜ ਰਹੇ
ਹੁੰਦੇ। ਲੂੰਬੇ ਚੋਂ ਧੂਆਂ ਨਿੱਕਲਦਾ। ਵਹਿਣੀ ਤੇ ਪਿਆ ਰਸ ਦਾ ਕੜਾਹਾ ਸੂੰ ਸੂੰ
ਕਰਦਾ। ਪਰ ਹੁਣ ਗੰਡ ‘ਚ ਪਿਆ ਤਾਜ਼ਾ ਗਰਮ ਗੁੜ ਵੀ ਉਸ ਨੂੰ ਚੰਗਾ ਨਾ ਲੱਗਦਾ। ਉਹ
ਬਲਦਾ ਨੂੰ ਥਾਪੀਆਂ ਦਿੰਦਾ। ਸੁਹਾਗੇ ਤੇ ਚੜ ਕੇ ਲਏ ਝੁਟੇ ਯਾਦ ਆਉਂਦੇ ਤੇ ਬਿੰਦੀ ਵੀ
ਬਹੁਤ ਯਾਦ ਆਉਦੀ। ਜੋ ਕਦੇ ਕਦੇ ਖੇਤਾਂ ਨੂੰ ਚਾਹ ਪਾਣੀ ਲਈਂ ਦਿਸ ਜਾਂਦੀ। ਬਿੰਦਰ ਦੀ
ਮੁਸਕਰਾਹਟ ਮਨਦੀਪ ਲਈ ਸੋਨੇ ਤੇ ਸੁਹਾਗੇ ਵਾਲਾ ਕੰਮ ਵੀ ਕਰਦੀ। ਇਸ ਵਾਰ ਸਾਰੇ ਪਿੰਡ
ਨੇ ਰਲਕੇ ਹੋਲੀ ਮਨਾਈ। ਇੱਕ ਦੂਜੇ ਤੇ ਪਾਣੀ ਦੀਆਂ ਬਾਲਟੀਆਂ ਭਰ ਭਰ ਸੁੱਟੀਆਂ।ਪਰ
ਮਨਦੀਪ ਨੂੰ ਇਹ ਸਭ ਰੰਗ ਫਿੱਕੇ ਪੈਂਦੇ ਜਾਪੇ।
ਇਸੇ ਮਹੀਨੇ ਪਿੰਡ ਵਿਚ ਇੱਕ ਮਾਤਾ ਰਾਣੀ ਦਾ ਮੇਲਾ ਲੱਗਦਾ ਸੀ
ਤਾਂ ਕਿ ਕਿਸੇ ਨੂੰ ਚੇਚਕ ਨਾ ਹੋਵੇ। ਇਹ ਰਵਾਇਤ ਬਹੁਤ ਪੁਰਾਣੀ ਚਲੀ ਆ ਰਹੀ ਸੀ। ਲੋਕ
ਗੁਲਗ਼ਲੇ ਕਚੌਰੀਆਂ ਬਣਾ ਕੇ ਮਾਤਾਂ ਦੇ ਸਥਾਨ, ਮਮਟੀਆਂ ਤੇ ਮੱਥਾ ਟੇਕਣ ਜਾਂਦੇ, ਜੋ
ਕਿ ਪਿੰਡ ਦੀਆਂ ਮੜੀਆਂ ਵਿੱਚ ਬਣੀਆਂ ਹੋਈਆਂ ਸਨ। ਇਨ੍ਹਾਂ ਹੀ ਮੜੀਆਂ ਕੋਲੋ ਔਰਤਾਂ
ਕਦੇ ਡਰਦੀਆਂ ਲੰਘਦੀਆਂ ਵੀ ਨਹੀਂ ਸਨ। ਪਰ ਇਸ ਦਿਨ ਤੇ ਤਿਆਰ ਬਿਆਰ ਹੋ ਕੇ ਮੱਥਾ
ਟੇਕਣ ਆਂਉਦੀਆਂ। ਲੋਕ ਮਾਤਾ ਰਾਣੀ ਨੂੰ ਮੌਤ ਦੀ ਦੇਵੀ ਸਮਝ ਕੇ ਪੂਜਦੇ ਅਤੇ ਡਰਦੇ ਕਿ
ਕਿਤੇ ਉਹ ਕਰੋਪ ਨਾ ਹੋ ਜਾਵੇ। ਸ਼ੂਦਰਾਂ ਨੂੰ ਵੀ ਲੋਕ ਮਾਤਾ ਰਾਣੀ ਦੇ ਪ੍ਰਤੀਨਿੱਧ ਹੀ
ਸਮਝਦੇ, ਜੋ ਮਾਤਾ ਦੀ ਕਰੋਪੀ ਘਟਾਉਣ ਵਿੱਚ ਸਹਾਈ ਹੋ ਸਕਦੇ ਸਨ। ਸ਼ਿੰਦਰੋ ਚੂਹੜੀ
ਬਹਿੜਿਆਂ ਵਾਲੇ ਦਿਨ ਮਾਤਾ ਦੀਆਂ ਮੱਮਟੀਆਂ ਪਾਸ ਖੜੇ ਬੋਹੜ ਕੋਲ ਆਪਣਾ ਅੱਡਾ ਬਣਾਕੇ
ਬੈਠਦੀ। ਉਹ ਮੱਥਾ ਟੇਕਣ ਆਇਆ ਦੇ ਸਿਰਾਂ ਤੇ ਮੁਰਗ਼ਾ ਛੁਹਾਉਂਦੀ। ਲੋਕ ਸਮਝਦੇ ਕਿ ਇਸ
ਨਾਲ ਸ਼ੀਤਲਾ ਮਾਤਾ ਦੀ ਕਰੋਪੀ ਲਹਿ ਜਾਂਦੀ ਹੈ। ਉਹ ਦਾਣਿਆਂ ਨਾਲ ਭਰ ਕੇ ਲਿਆਂਦੇ ਥਾਲ਼
ਅਤੇ ਹੋਰ ਵਸਤਾਂ ਸ਼ਿੰਦਰੋਂ ਦੀ ਵਿਛਾਈ ਹੋਈ ਚਾਦਰ ਤੇ ਮੱਥਾ ਟੇਕ ਜਾਂਦੇ। ਇਸ ਵਾਰ
ਮਹਿਤਾਬ ਕੌਰ ਨੇ ਵੀ ਮਨਦੀਪ ਦੇ ਸਿਰ ਤੋਂ ਮੁਰਗ਼ਾ ਛੁਹਾਇਆ। ਇਹ ਰਣੀਏ ਪਿੰਡ ਵਿੱਚ
ਉਸਦਾ ਆਖਰੀ ਤਿਉਹਾਰ ਸੀ। ਰਣੀਏ ਪਿੰਡ ਦੇ ਲੋਕਾਂ ਦੇ ਦਿਲ ਪਾਣੀ ਵਾਂਗ ਸਾਫ ਅਤੇ
ਪਵਿੱਤਰ ਸਨ। ਉਨ੍ਹਾਂ ਨੂੰ ਆਪਸੀ ਰਿਸ਼ਤਿਆਂ ਦੀ ਬੇਹੱਦ ਕਦਰ ਸੀ।
ਉਸੇ ਦਿਨ ਆਪਣੇ ਨਾਨਾ ਸੰਤਾ ਸਿੰਘ ਪਾਸੋਂ ਉਸ ਨੂੰ ਪਤਾ
ਲੱਗਿਆ ਕਿ ਪਹਿਲੀ ਚੇਤ ਨੂੰ ਤਾਂ ਅਜੇ ਕਿਸ਼ਤੀ ਦਾ ਮੇਲਾ ਵੀ ਹੈ। ਕਿਸ਼ਤੀ ਜੋ ਨਹਿਰ
ਸਰਹਿੰਦ ਬਣਨ ਤੋਂ ਬਾਅਦ ਇੱਕ ਚੇਤ ਨੂੰ ਲਗਾਈ ਗਈ ਸੀ, ਕਿਹੜੇ ਸਨ ਵਿੱਚ, ਇਹ ਕੋਈ ਵੀ
ਨਹੀਂ ਸੀ ਜਾਣਦਾ।
ਰਣੀਏ ਪਿੰਡ ਦੀ ਜ਼ਮੀਨ ਤੇ ਨਹਿਰ ਨਿੱਕਲਣ ਨਾਲ ਭਾਂਵੇਂ ਕੋਈ
ਅਸਰ ਨਹੀਂ ਸੀ ਪਿਆ, ਪਰ ਝਾਂਡੇ ਪਿੰਡ ਵਾਲਿਆਂ ਦੀਆਂ ਜ਼ਮੀਨਾਂ ਦੇ ਕੁੱਝ ਹਿੱਸੇ ਰਣੀਏ
ਵਾਲੇ ਪਾਸੇ ਰਹਿ ਗਏ ਸਨ। ਕਿਸ਼ਤੀ ਲੱਗਣ ਨਾਲ ਮੁੜ ਤੋਂ ਉਨ੍ਹਾਂ ਦਾ ਆਪਣੀਆਂ ਪਾਰ ਰਹਿ
ਗਈਆਂ ਜ਼ਮੀਨਾਂ ਨਾਲ ਨਾਤਾ ਜੁੜ ਗਿਆ। ਉਹ ਹਲ਼ ਪੰਜਾਲੀਆਂ ਬਲਦ ਸਭ ਕੁੱਝ ਹੀ ਕਿਸ਼ਤੀ ਤੇ
ਚੜ੍ਹਾ ਲੈਂਦੇ। ਆਲੇ ਦੁਆਲੇ ਦੇ ਪਿੰਡਾਂ ਤੇ ਸ਼ਹਿਰਾਂ ਨੂੰ ਜਾਣ ਵਾਲੇ ਲੋਕ ਵੀ ਕਿਸ਼ਤੀ
ਰਾਹੀਂ ਹੀ ਨਹਿਰ ਪਾਰ ਕਰਦੇ। ਲੋਕਾਂ ਨੂੰ ਡਰ ਵੀ ਰਹਿੰਦਾ ਕਿ ਕਿਤੇ ਕਿਸ਼ਤੀ ਡੁੱਬ ਹੀ
ਨਾ ਜਾਵੇ। ਉਹ ਡਰਦੇ ਖੁਆਜ਼ਾ ਦੀ ਅਰਾਧਨਾ ਕਰਦੇ। ਜਿਸ ਨੂੰ ਪੰਜਾਬ ਵਿੱਚ ਪਾਣੀ ਦਾ
ਦੇਵਤਾ ਮੰਨਿਆ ਜਾਂਦਾ ਸੀ।ਬਔਰਤਾਂ ਖੁਆਜ਼ੇ ਦੀ ਕੜ੍ਹਾਹੀ ਕਰਕੇ ਚੌਲਾਂ ਦਾ ਮੱਥਾ ਟੇਕਣ
ਅਤੇ ਦੇਸੀ ਘਿਉ ਦਾ ਹਵਨ ਕਰਨ ਨਹਿਰ ਦੇ ਘਾਟ ਤੇ ਅਕਸਰ ਆਉਦੀਆ। ਬਇਸੇ ਗੱਲ ਨੂੰ ਲੈ
ਕੇ ਹਰ ਸਾਲ ਇੱਕ ਚੇਤਰ ਨੂੰ ਏਥੇ ਨਿੱਕਾ ਜਿਹਾ ਮੇਲਾ ਲੱਗਦਾ ਅਤੇ ਦੁਕਾਨਾਂ ਵੀ
ਸਜਦੀਆਂ।
ਆਖਿਰ ਇੱਕ ਚੇਤ ਵੀ ਆ ਗਿਆ। ਮੇਲੇ ਵਾਲੇ ਦਿਨ ਸੰਤਾ ਸਿੰਘ,
ਮਨਦੀਪ ਅਤੇ ਧਰਮਾ ਕਿਸ਼ਤੀ ਦਾ ਮੇਲਾ ਵੇਖਣ ਗਏ। ਅੱਜ ਉਨ੍ਹਾਂ ਦੇ ਨਾਲ ਬਲਕਾਰ ਸਿੰਘ
ਵੀ ਸੀ। ਸੰਤਾ ਸਿੰਘ ਨੇ ਜਿੱਥੇ ਰਸਤੇ ਖੁਆਜ਼ਾ ਦੀ ਮੰਨਤ ਬਾਰੇ ਦੱਸਿਆ ਉੱਥੇ ਬਲਕਾਰ
ਸਿੰਘ ਨੇ ਨਹਿਰ ਸਰਹਿੰਦ ਬਾਰੇ ਕਿਸੇ ਪੁਸਤਕ ਵਿੱਚੋਂ ਪੜ੍ਹੀ ਜਾਣਕਾਰੀ ਵੀ ਸਾਂਝੀ
ਕੀਤੀ।ਜਦੋਂ ਉਹ ਦੱਸ ਰਿਹਾ ਸੀ ਤਾਂ ਮਨਦੀਪ ਬੜੇ ਧਿਆਨ ਨਾਲ ਸੁਣਦਾ ਰਿਹਾ ਕਿ “1854
ਵਿੱਚ ਅੰਗਰੇਜ਼ਾਂ ਨੇ ਮਾਰੂ ਜ਼ਮੀਨ ਨੂੰ ਸੇਂਜੂ ਵਿੱਚ ਬਦਲਣ ਲਈ ਇਸ ਨਹਿਰ ਦਾ ਸਰਵੇਅ
ਕਰਵਾਇਆ। ਪਰ 1857 ਦੇ ਪਹਿਲੇ ਗ਼ਦਰ ਕਾਰਨ ਇਹ ਪ੍ਰੋਜੈਕਟ ਵਿੱਚੇ ਲਟਕ ਗਿਆ। 1876
ਵਿੱਚ ਲਾਰਡ ਰਿਪਨ ਦੇ ਵਕਤ ਇਹ ਫੇਰ ਸ਼ੁਰੂ ਕੀਤਾ ਗਿਆ। ਨਹਿਰ ਦੀ ਖੁਦਾਈ ਤੇ ਉਸ ਵਕਤ
ਚਾਰ ਕਰੋੜ ਸੱਤ ਲੱਖ ਰੁਪਏ ਖਰਚ ਹੋਏ ਸਨ। ਜਿਸ ਦੇ ਨਿਕਲਣ ਨਾਲ ਮਾਲਵੇ ਦੀ ਕਾਇਆਂ ਹੀ
ਪਲਟ ਗਈ।
ਫਸਲੀ ਸਿੰਜਾਈ ਦੇ ਨਾਲ ਨਾਲ ਹੜ੍ਹਾਂ ਦੀ ਰੋਕ ਥਾਮ ਵੀ ਹੋ
ਗਈ। ਬੰਜ਼ਰ ਅਤੇ ਰੇਤਲੀਆਂ ਜ਼ਮੀਨਾਂ ਵਿੱਚ ਹਾੜੀ ਸਾਉਣੀ ਦੀ ਭਰਪੂਰ ਫਸਲ ਹੋਣ ਲੱਗੀ।
ਇਸ ਦੇ ਨਾਲ ਨਾਲ ਕੁੱਝ ਮੁਸ਼ਕਲਾਂ ਵੀ ਆਈਆਂ। ਪਿੰਡ ਰਣੀਆ ਨਾਲ ਲੱਗਦੇ ਸ਼ਹਿਰਾਂ ਜਿਵੇਂ
ਮਾਛੀਵਾੜਾ ਅਤੇ ਸਮਰਾਲੇ ਤੋਂ ਕੱਟਿਆ ਗਿਆ। ਲੋਕਾਂ ਨੂੰ ਸੌਦੇ ਪੱਤੇ ਲਿਆਉਣੇ ਅਤੇ
ਫਸਲਾਂ ਵੇਚਣੀਆਂ ਮੁਸ਼ਕਲ ਹੋ ਗਈਆਂ। ਨਾਲਦੇ ਪਿੰਡਾਂ ਵਿੱਚ ਵੀ ਹਾਹਾਕਾਰ ਮੱਚ ਗਈ।
ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਸਰਕਾਰ ਨੇ ਇਹ ਕਿਸ਼ਤੀ ਦੀ ਸਹੂਲਤ ਦਿੱਤੀ ਸੀ। ਗੜ੍ਹੀ
ਅਤੇ ਨੀਲੋਂ ਪਿੰਡਾਂ ਕੋਲ ਆਵਾਜਾਈ ਲਈ ਪੁਲ਼ ਬਣਵਾਏ। ਉਦੋਂ ਤੋਂ ਹੀ ਕਿਸੇ ਨਾ ਕਿਸੇ
ਰੂਪ ਵਿੱਚ ਇਹ ਕਿਸ਼ਤੀ ਦਾ ਮੇਲਾ ਲੱਗਦਾ ਆ ਰਿਹਾ ਸੀ। ਮਨਦੀਪ ਜਦ ਵੀ ਆਪਣੇ ਪਿੰਡ
ਰਾਮਪੁਰੇ ਨੂੰ ਜਾਂਦਾ ਤਾਂ ਇਸੇ ਕਿਸ਼ਤੀ ਤੋਂ ਲੰਘ ਕੇ ਜਾਣਾ ਪੈਂਦਾ ਸੀ।
ਗੱਲਾਂ ਕਰਦੇ ਕਰਦੇ, ਉਹ ਨਹਿਰ ਦੇ ਘਾਟ ਤੇ ਜਾ ਪਹੁੰਚੇ।ਦੇਖਾ
ਦੇਖੀ ਕਈ ਪਿੰਡਾਂ ਦਾ ਇਕੱਠ ਜੁੜਨਾ ਸ਼ੁਰੂ ਹੋ ਗਿਆ ਸੀ। ਅੱਜ ਵੀ ਏਥੇ ਬਹੁਤ ਸਾਰੀਆਂ
ਦੁਕਾਨਾਂ ਲੱਗੀਆਂ ਹੋਈਆਂ ਸਨ। ਕੇਲੇ ਸੇਬ ਸੰਤਰੇ ਵੇਚਣ ਵਾਲੇ, ਪਕੌੜੇ ਤੇ ਵੰਗਾਂ
ਵੇਚਣ ਵਾਲੇ, ਲੋਕਾਂ ਨੂੰ ਹੋਕਰੇ ਮਾਰ ਮਾਰ ਬੁਲਾ ਰਹੇ ਸਨ। ਇੱਕ ਪਾਸੇ ਘੂੰ ਘੂੰ
ਕਰਦੀ ਮਸ਼ੀਨ ਤੋਂ ਮੁੰਡੇ ਪੱਟਾਂ ਤੇ ਮੋਰਨੀਆਂ ਪਵਾ ਰਹੇ ਸਨ ਤੇ ਕੋਈ ਫੁੱਲ ਖੁਦਵਾ
ਰਿਹਾ ਸੀ। ਇੱਕ ਪਾਸੇ ਕੁਲਫੀਆਂ ਤੇ ਰਗੜੀ ਹੋਈ ਬਰਫ ਵੇਚੀ ਜਾ ਰਹੀ ਸੀ। ਸੰਤਾ ਸਿੰਘ
ਨੇ ਗਰਮ ਗਰਮ ਪਕੌੜੇ ਸਭ ਨੂੰ ਖੁਆਏ ਤੇ ਖੀਸੇ ਵਿੱਚੋਂ ਪੈਸੇ ਕੱਢਕੇ ਸਭ ਨੂੰ ਦਿੰਦਾ
ਬੋਲਿਆ ਲਉ ਦੇਖੋ ਮੇਲਾ।
ਮਨਦੀਪ ਨੂੰ ਆਪਣੇ ਪਿੰਡ ਜਾਣ ਦੇ ਖਿਆਲ ਨੇ ਮੇਲਾ ਵੀ ਫਿੱਕਾ
ਲੱਗਣ ਲਾ ਦਿੱਤਾ ਸੀ। ਉਹ ਸੋਚਦਾ ਸੀ ਕਿ ਜੇ ਮੈਨੂੰ ਕੋਈ ਮੁੜਕੇ ਰਣੀਏ ਲੈ ਕੇ ਹੀ ਨਾ
ਆਇਆ? ਫੇਰ ਉਹ ਸੋਚਦਾ ਤਾਂ ਮੈਂ ਆਪੇ ਹੀ ਸਾਈਕਲ ਚਲਾ ਕੇ ਆ ਜਾਇਆ ਕਰਾਂਗਾ। ਕਦੇ ਉਹ
ਸੋਚਦਾ ਕਿ ਜੇ ਉਸ ਵਕਤ ਕੋਈ ਕਿਸ਼ਤੀ ਪਾਉਣ ਵਾਲਾ ਏਥੇ ਨਾ ਹੋਇਆ ਤਾਂ ਫੇਰ ਮੈਂ ਕੀ
ਕਰਾਂਗਾ? ਤੇ ਫੇਰ ਆਪ ਹੀ ਅੰਦਰੋ ਜਵਾਬ ਆਂਉਦਾ ਖੁਦ ਹੀ ਪਾ ਲਿਆ ਕਰਾਂਗਾ। ਪਰ ਮਨ
ਕਹਿੰਦਾ ਤੈਨੂੰ ਤਾਂ ਇਹ ਪਾਉਣੀ ਹੀ ਨਹੀ ਆਉਂਦੀ? ਅੰਦਰੋਂ ਜਵਾਬ ਆਂਉਦਾ ‘ਹੁਣੇ ਸਿੱਖ
ਲੈ’।
ਮੇਲਾ ਦੋਹੀਂ ਪਾਸੀਂ ਲੱਗਿਆ ਹੋਇਆ ਸੀ। ਜਦੋਂ ਉਹ ਪਰਲੇ ਪਾਰ
ਵਾਲਾ ਮੇਲਾ ਵੇਖਣ ਗਏ ਤਾਂ ਮਨਦੀਪ ਬਹੁਤ ਧਿਆਨ ਨਾਲ ਦੇਖਦਾ ਰਿਹਾ ਕਿ ਕਿਵੇਂ ਕੀਤੂ
ਮਲ੍ਹਾਹ ਨੇ ਪਹਿਲਾਂ ਹੋੜਾ ਲਾ ਕਿਸ਼ਤੀ ਥੋੜੀ ਅਗਾਂਹ ਕੀਤੀ, ਫੇਰ ਸੰਗਲ ਕਸ ਕੇ ਉਸਦੀ
ਹੁੱਕ ਜਿਹੀ ਜੰਗਲੇ ਵਿੱਚ ਫਸਾਈ। ਤਾਂ ਤਾਰ ਤੇ ਭੌਣੀ ਆਪੇ ਰਿੜਨੀ ਸ਼ੁਰੂ ਹੋ ਗਈ ਤੇ
ਕਿਸ਼ਤੀ ਚੱਲਣ ਲੱਗੀ। ਉਹ ਦੂਸਰੇ ਪਾਰ ਜਾ ਉੱਤਰੇ । ਮੁੜਦਿਆਂ ਹੋਇਆ ਨੂੰ ਕਿਸ਼ਤੀ ਨੂੰ
ਹੋੜਾ ਲਾ ਕੇ ਕੀਤੂ ਮਲ੍ਹਾਹ ਸੰਗਲ ਦੀ ਹੁੱਕ ਕੱਢ ਦਿੱਤੀ ਤੇ ਹੁਣ ਉਹ ਦੂਸਰੇ ਪਾਸੇ
ਵਲ ਨੂੰ ਦੌੜੀ ਜਾ ਰਹੀ ਸੀ। ਮਨਦੀਪ ਨੇ ਸੋਚਿਆ ਇਹ ਕੰਮ ਤਾਂ ਸੌਖਾ ਹੀ ਹੈ। ਫੇਰ
ਮੁੜਕੇ ਉਹ ਸਾਰਾ ਸਮਾਂ ਇਸ ਵਾਰੇ ਹੀ ਸੋਚਦਾ ਰਿਹਾ।
ਉਸ ਨੇ ਆਪਣੀ ਇਹ ਸਮੱਸਿਆ ਘਰ ਜਾ ਕੇ ਨਾਨੀ ਨਾਲ ਵੀ ਸਾਂਝੀ
ਕੀਤੀ ਤਾਂ ਉਹ ਬੋਲੀ ਇੱਕ ਵਾਰ ਆਪਣੇ ਮਾਮੇ ਨਾਲ ਜਾ ਕੇ ਚੰਗੀ ਤਰ੍ਹਾਂ ਦੇਖ ਆਵੀਂ।
ਤੇਰੀ ਬੀਬੀ ਨੇ ਰੁੜਕੀ ਤੋਂ ਪੰਦਰਾਂ ਕੁ ਦਿਨਾਂ ਨੂੰ ਆ ਹੀ ਜਾਣਾ ਹੈ। ਨਾਲੇ ਮਿਲ
ਆਇਉ ਨਾਲੇ ਕਿਸ਼ਤੀ ਦੇਖ ਆਇਉ।
31 ਮਾਰਚ ਨੂੰ ਅੱਠਵੀਂ ਦਾ ਨਤੀਜਾ ਨਿੱਕਲਿਆ ਤਾਂ ਮਨਦੀਪ ਅਤੇ
ਧਰਮੂ ਦੋਨੋਂ ਪਾਸ ਹੋ ਗਏ। ਰਿਜ਼ਲਟ ਨਿੱਕਲਣ ਤੋਂ ਕੁੱਝ ਦਿਨ ਪਹਿਲਾਂ ਪੰਜਾਬ ਵਿੱਚ
ਭਾਰੀ ਮੀਂਹ ਪੈਣ ਦਾ ਨਾਲ ਨਾਲ ਇੱਕ ਜਬਰਦਸਤ ਝੱਖੜ ਵੀ ਝੁੱਲਿਆ। ਮਕਸੂਦੜੇ ਪਿੰਡ
ਕੋਲੋਂ ਇੱਕ ਵਾਵਰੋਲਾ ਤਬਾਹੀ ਮਚਾਂਉਦਾ ਉੱਠਿਆ ਜਿਸ ਨੇ ਵੱਡੇ ਵੱਡੇ ਦਰਖਤ ਜੜੋਂ ਹੀ
ਪੁੱਟ ਦਿੱਤੇ। ਇਹ ਤੂਫਾਨ ਘਰਾਂ ਦੀਆਂ ਛੱਤਾਂ ਉਡਾ ਕੇ ਲੈ ਗਿਆ। ਗਾਰਡਰ ਤੱਕ ਦੂਹਰੇ
ਕਰ ਦਿੱਤੇ। ਮਸ਼ਿਨਰੀ, ਟਰਾਲੀਆਂ ਗੱਡੀਆਂ ਸਭ ਮੂਧੀਆਂ ਮਾਰ ਦਿੱਤੀਆਂ। ਬਹੁਤ ਸਾਰੀਆਂ
ਕੰਧਾਂ ਡਿੱਗ ਪਈਆਂ। ਪਿੰਡ ਜਟਾਣਾ ਤਾਂ ਪੂਰਾ ਢਹਿ ਢੇਰੀ ਹੋ ਗਿਆ। ਪੰਦਰਾਂ ਦੇ ਕਰੀਬ
ਮੌਤਾਂ ਇਸੇ ਪਿੰਡ ਵਿੱਚ ਹੋਈਆ।
ਰਾਮਪੁਰੇ ਪਿੰਡ ਦਾ ਇੱਕ ਪਾਸਾ ਵੀ ਇਸ ਝੱਖੜ ਦਾ ਸ਼ਿਕਾਰ ਹੋ
ਗਿਆ। ਜਟਾਣੇ ਪਿੰਡ ਹੋਈ ਤਬਾਹੀ ਨੂੰ ਲੋਕ ਦੂਰੋਂ ਦੂਰੋਂ ਦੇਖਣ ਆ ਰਹੇ ਸਨ। ਕੋਈ ਇਸ
ਨੂੰ ਅਸਮਾਨੀ ਬਿਜਲੀ ਦੀ ਕਰੋਪੀ ਦੱਸਦਾ, ਕੋਈ ਭੂਤਾਂ ਦਾ ਨਾਚ ਤੇ ਕੋਈ ਕਹਿੰਦਾ ਕਿ
ਕਿਸੇ ਨੇ ਮਕਸੂਦੜੇ ਦੀ ਢੱਕੀ ਵਿੱਚ ਗਊ ਨੂੰ ਮਾਰਿਆ ਗਿਆ ਸੀ ਤਾਂ ਕਿਸੇ ਸਾਧ ਨੇ
ਸਰਾਪ ਦੇ ਦਿੱਤਾ। ਲੋਕ ਪਿੰਡਾਂ ਦੀਆਂ ਸੱਥਾਂ ਵਿੱਚ ਬਹਿ ਬਹਿਕੇ ਅਜਿਹੀਆਂ ਗੱਲਾਂ
ਕਰਦੇ। ਇਕ ਦਿਨ ਬਲਕਾਰ ਕਹਿੰਦਾ ਚੱਲ ਭਾਣਜਿਆ ਨਾਲੇ ਤੈਨੂੰ ਤੇਰੇ ਪਿੰਡ ਮਿਲਾ
ਲਿਆਂਉਦਾ ਹਾਂ ਚੱਲ ਨਾਲੇ ਆਪਾਂ ਵੀ ਜਟਾਣਾ ਵੇਖ ਆਉਂਦੇ ਹਾਂ। ਤੇ ਦੂਸਰੇ ਦਿਨ ਉਹ ਦੋ
ਸਾਈਕਲ ਲੈ ਕੇ ਘਰੋਂ ਨਿੱਕਲ ਪਏ।
ਰਸਤੇ ਵਿੱਚ ਉਨ੍ਹਾਂ ਨਵੀਆਂ ਨਕੋਰ ਬੁਰਜ਼ੀਆਂ ਦੇਖੀਆਂ ਜਿਨਾਂ
ਤੇ ‘ਗੁਰੂ ਗੋਬਿੰਦ ਸਿੰਘ ਮਾਰਗ’ ਲਿਖਿਆ ਹੋਇਆ ਸੀ। ਬੇਲਦਾਰ ਥਾਂ ਥਾਂ ਝਾੜੀਆਂ ਕੱਟ
ਰਹੇ ਸਨ ਤੇ ਸੜਕ ਨੂੰ ਸੁੰਦਰ ਬਣਾਇਆ ਜਾ ਰਿਹਾ ਸੀ। ਦਰਖਤਾਂ ਨੂੰ ਕਲੀ ਕੀਤੀ ਜਾ ਰਹੀ
ਸੀ। ਕਈ ਥਾਂ ਪੱਕੀਆਂ ਪੰਧੀਆਂ ਤੇ ਵੱਡੇ ਵੱਡੇ ਇਸ਼ਿਤਿਹਾਰ ਲੱਗੇ ਹੋਏ ਸਨ। ਜਿਨ੍ਹਾਂ
ਤੇ ਲਿਖਿਆਂ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਮਾਰਗ ਦੇ ਉਦਘਾਟਨ ਸਮੇਂ 10 ਅਪਰੈਲ
ਤੋਂ 13 ਅਪਰੈਲ ਤੱਕ ਇੱਕ ਮਹਾਨ ਤੋਂ ਇੱਕ ਮਹਾਨ ਨਗਰ ਕੀਰਤਣ ਕੱਢਿਆ ਜਾ ਰਿਹਾ ਹੈ
ਜਿਸ ਅਗਵਾਈ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ ਕਰਨਗੇ।
ਪੰਜਾਬ ਵਿੱਚ ਹਰੇ ਇਨਕਲਾਬ ਦੇ ਬੋਲ ਬਾਲੇ ਨੇ ਲੋਕਾਂ ਨੂੰ
ਸਫੈਦੇ ਲਾਉਣ ਲਈ ਪ੍ਰੇਰਿਆ ਸੀ। ਬੇਲਦਾਰ ਟੋਏ ਕੱਢ ਕੇ ਨਹਿਰ ਤੇ ਧੜਾ ਧੜ ਸਫੈਦੇ ਲਾ
ਰਹੇ ਸਨ। ਲੋਕਾਂ ਵਿੱਚ ਵੀ ਖੇਤਾਂ ਦਿਆਂ ਵੱਟਾਂ ਬੰਨਿਆਂ ਤੇ ਸਫੈਦੇ ਲਾਉਣ ਦਾ ਰੁਝਾਨ
ਬਹੁਤ ਵਧਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਮਾਰਗ਼ ਦਾ ਸੁਪਨਾ, ਪੰਜਾਬ ਦੇ ਮੁੱਖ
ਮੰਤਰੀ ਨੇ ਲਿਆ ਸੀ। ਜੋ ਮਾਰਗ ਗੁਰੂ ਜੀ ਨਾਲ ਸਬੰਧਤ ਸਾਰੇ ਅਸਥਾਨਾ ਨੂੰ ਇੱਕ
ਸ਼ਾਨਦਾਰ ਸੜਕ ਨਾਲ ਜੋੜੇ। ਹੁਣ ਉਸਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਸੀ। ਜਿਸ ਦਾ
ਉਦਘਾਟਨ ਇੱਕ ਵਿਸ਼ਾਲ ਨਗਰ ਕੀਰਤਣ ਨਾਲ ਹੋਣ ਜਾ ਰਿਹਾ ਸੀ।
ਬਲਕਾਰ ਸਿੰਘ ਤੇ ਮਨਦੀਪ ਰਾਮਪੁਰੇ ਪਰਿਵਾਰ ਨੂੰ ਮਿਲਣ ਤੋਂ
ਬਾਅਦ ਜਟਾਣੇ ਦੀ ਬਰਬਾਦੀ ਖੁਦ ਅੱਖੀਂ ਦੇਖ ਕੇ ਦੰਗ ਰਹਿ ਗਏ। ਪੰਜਾਬ ਵਿੱਚ ਅਜਿਹਾ
ਪਹਿਲੀ ਵਾਰ ਵਾਪਰਿਆ ਸੀ। ਹਰ ਜਗਾ ਬੱਸ ਦੋ ਹੀ ਗੱਲਾਂ ਚਰਚਾ ਵਿੱਚ ਸਨ, ਜਟਾਣਿਆਂ ਦੀ
ਬਰਬਾਦੀ ਅਤੇ ਅਤੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਨਿੱਕਲਣ ਵਾਲਾ ਵਿਸ਼ਾਲ ਨਗਰ ਕੀਰਤਣ।
ਜਿਸ ਨੇ ਰਾਮਪੁਰੇ ਦੀ ਘਾਟ ਤੇ ਰੁਕ ਕੇ ਲੰਗਰ ਛਕਣਾ ਸੀ ਅਤੇ ਫੇਰ ਗੁਰਦੁਵਾਰਾ ਦੇਗਸਰ
ਸਾਹਿਬ ਜਾ ਕੇ ਇੱਕ ਵਿਸ਼ਾਲ ਪੰਡਾਲ ਸਜਣਾ ਸੀ। ਇਸ ਨਗਰ ਕੀਰਤਨ ਨੂੰ ਦੇਖਣ ਦੀ ਉਨ੍ਹਾਂ
ਵਿੱਚ ਉਤਸੁਕਤਾ ਵਧ ਗਈ। ਬਲਕਾਰ ਸਿੰਘ ਨੇ ਕਿਹਾ ਕਿ ਉਹ ਵੀ ਨਹਿਰ ਕੰਢੇ ਕਿਸ਼ਤੀ ਕੋਲ
ਖੜੋ ਕੇ ਇਸਦਾ ਅਦਭੁਤ ਨਜ਼ਾਰਾ ਵੇਖਣਗੇ।
ਦਸ ਅਪਰੈਲ 1973 ਨੂੰ ਇਹ ਨਗਰ ਕੀਰਤਣ ਹਜ਼ਾਰਾ ਗੱਡੀਆਂ
ਮੋਟਰਾਂ ਦੇ ਕਾਫਲੇ ਨਾਲ ਤਖਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ।
ਸ਼ੀਸਿਆਂ ਵਾਲੀਆਂ ਗੱਡੀਆਂ ਵਿੱਚ ਗੁਰੂ ਸਾਹਿਬ ਦੇ ਸ਼ਾਸ਼ਤਰ ਸਜਾਏ ਗਏ। ਇੱਕ ਗੱਡੀ ਵਿੱਚ
ਗੁਰੂ ਜੀ ਦੇ ਨੀਲੇ ਘੋੜੇ ਦੀ ਦੁਰਲੱਭ ਨਸਲ ਵਿੱਚੋਂ, ਨਾਦੇੜ ਸਾਹਿਬ ਤੋਂ ਦੋ ਘੋੜੇ
ਲਿਆ ਕੇ ਸ਼ਾਮਲ ਕੀਤੇ ਗਏ। ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੇ ਹੋਏ ਸਨ।
ਇਹ ਨਗਰ ਕੀਰਤਣ ਭੱਠਾ ਸਾਹਿਬ, ਚਮਕੌਰ ਸਾਹਿਬ, ਝਾੜ ਸਾਹਿਬ ਅਤੇ ਮਾਛੀਵਾੜੇ ਤੋਂ
ਹੁੰਦਾ ਹੋਇਆ ਨਹਿਰੋ ਨਹਿਰ ਅਗਲੇ ਪੜਾਵਾਂ ਵਲ ਜਾ ਰਿਹਾ ਸੀ। ਜਿਸ ਨੇ 13 ਅਪਰੈਲ
ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਾਕੇ ਸਮਾਪਤ
ਹੋਣਾ ਸੀ।
ਨਗਰ ਕੀਰਤਨ ਵਾਲੇ ਦਿਨ ਸੰਤਾ ਸਿੰਘ ਅਤੇ ਬਲਕਾਰ ਸਿੰਘ
ਪਿੰਡੋਂ ਰੇੜ੍ਹੀ ਜੋੜਕੇ, ਸਾਰੇ ਟੱਬਰ ਨੂੰ ਇਹ ਨਗਰ ਕੀਰਤਣ ਦਿਖਾਉਣ ਲਈ ਲਿਆਏ, ਜੋ
ਕਿ ਇੱਕੀ ਕਿਲੋਮੀਟਰ ਤੱਕ ਲੰਬਾ ਸੀ। ਸ਼ਾਇਦ ਪੰਜਾਬ ਵਿੱਚ ਐਨਾ ਵੱਡਾ ਨਗਰ ਕੀਰਤਣ ਕਦੀ
ਵੀ ਨਾ ਨਿਕਲਿਆ ਹੋਵੇ। ਕੇਸਰੀ ਦਸਤਾਰਾਂ ਤੇ ਦੁੱਪਟਿਆਂ ਦਾ ਹੜ੍ਹ ਆਇਆ ਪਿਆ ਸੀ ਅਤੇ
ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਰਹੇ ਸਨ। ਲਾਗਲੇ ਪਿੰਡਾਂ ਵਲੋਂ ਨਹਿਰ
ਸਰਹਿੰਦ ਤੇ ਥਾਂ ਥਾਂ ਲੰਗਰ ਲਗਾਏ ਗਏ ਸਨ। ਟੈਲੀਵਯਨ ਕੈਮਿਰਿਆਂ ਵਾਲੇ ਤੇ ਅਖ਼ਬਰਾਂ
ਵਾਲੇ ਇਸ ਨੂੰ ਕਵਰ ਕਰ ਰਹੇ। ਜਦੋਂ ਸੰਤਾ ਸਿੰਘ ਨੂੰ ਪਤਾ ਲੱਗਾ ਕਿ ਇਹ ਅੱਜ ਸ਼ਾਮ
ਨੂੰ ਟੈਲੀਵੀਯਨ ਤੇ ਖ਼ਬਰਾਂ ਵਿੱਚ ਵੀ ਦਿਖਾਇਆ ਜਾਣਾ ਹੈ ਤਾਂ ਉਹ ਵੀ ਪਹਿਲੀ ਵਾਰ
ਕਿਸੇ ਦੇ ਘਰ ਜਾ ਕੇ ਟੈਲੀਵੀਯਨ ਦੇਖਣ ਲਈ ਰਾਜ਼ੀ ਹੋ ਗਿਆ।
ਸ਼ਾਮ ਨੂੰ ਟੈਲੀਵੀਯਨ ਤੇ ਖਬਰਾਂ ਵਿੱਚ ਨਗਰ ਕੀਰਤਣ ਦੀਆਂ
ਝਲਕੀਆਂ ਵੇਖਕੇ ਸੰਤਾ ਸਿੰਘ ਹੈਰਾਨ ਰਹਿ ਗਿਆ। ਉਸ ਦਾ ਦਿਲ ਕੀਤਾ ਕਿ ਇਹ ਤਾਂ ਬੜੇ
ਕੰਮ ਦੀ ਚੀਜ਼ ਹੈ, ਇਸ ਨੂੰ ਘਰ ਲਵਾ ਲੈਣਾ ਚਾਹੀਦਾ ਹੈ। ਪਰ ਫੇਰ ਉਹ ਸੋਚਦਾ ਕਿ ਅਗਰ
ਉਹ ਹੀ ਡੋਲ ਗਿਆ ਤਾਂ ਬਾਕੀ ਟੱਬਰ ਤਾਂ ਹੋਰ ਵੀ ਆਜ਼ਾਦੀ ਭਾਲੇਗਾ? ਪਰ ਇਸੇ ਸਾਲ ਉਸ
ਦੀਆਂ ਅੱਖਾਂ ਵਿੱਚ ਕਾਲਾ ਮੋਤੀਆਂ ਉੱਤਰ ਆਇਆ। ਉਹ ਮੱਥੇ ਤੇ ਹੱਥ ਧਰਕੇ ਬੜੀ ਮੁਸ਼ਕਲ
ਨਾਲ ਬੰਦਾ ਪਛਾਨਣ ਲੱਗਿਆ। ਮਸਾਂ ਅਗਲੇ ਦੀ ਆਵਾਜ਼ ਸੁਣ ਕੇ ਹੀ ਅੰਦਾਜ਼ਾ ਲਾਉਂਦਾ ਕਿ
ਬੋਲਣ ਵਾਲਾ ਕੌਣ ਹੈ।
ਅਜੇ ਪਿੰਡਾਂ ਵਿੱਚ ਵਿਰਲੇ ਟਾਵੇਂ ਹੀ ਅੱਖਾਂ ਦੇ ਕੈਂਪ ਵੀ
ਲੱਗਦੇ ਸਨ। ਬਥੇਰੇ ਲੋਕਾਂ ਨੇ ਕਿਹਾ ਕਿ ਲੰਬੜਦਾਰਾ ਅਪਰੇਸ਼ਨ ਕਰਵਾ ਲੈ। ਪਰ ਉਸ ਨੂੰ
ਤਾਂ ਅਪਰੇਸ਼ਨ ਦੇ ਨਾਂ ਤੋਂ ਹੀ ਭੈਅ ਆਂਉਦਾ । ਤੇ ਅੱਖ ਅੱਗੇ ਹਰੀ ਜਿਹੀ ਪੱਟੀ ਲਟਕਾ
ਕੇ ਰੱਖਣੀ ਤਾਂ ਉਸ ਤੋਂ ਵੀ ਮੁਸ਼ਕਲ ਜਾਪਦੀ ਸੀ। ਉਹ ਟਾਲ਼ ਮਟੋਲ਼ ਹੀ ਕਰਦਾ ਰਿਹਾ।
ਕਹਿੰਦਾ ਰਹਿੰਦਾ ‘ਤੇਰਾ ਭਾਣਾ ਮੀਠਾ ਲਾਗੇ’ ਜੋ ਰੱਬ ਨੂੰ ਮਨਜੂਰ ਹ,ੈ ਬੱਸ ਮੈਂ ਤਾਂ
ਉਸੇ ਦੀ ਰਜ਼ਾ ਵਿੱਚ ਰਹਿਣਾ ਹੈ। ਇੱਕ ਅੱਖ ਥੋੜੀ ਜਿਹੀ ਠੀਕ ਸੀ। ਫੇਰ ਬਹੁਤਾ ਕਹਿਣ
ਤੇ ਉਸ ਨੇ ਐਨਕਾਂ ਲਗਵਾ ਲਈਆਂ। ਹੁਣ ਤਾਂ ਉਸ ਦੇ ਹੱਥ ਖੂੰਡੀ ਵੀ ਆ ਗਈ। ਅਸਲ ਵਿੱਚ
ਉਹ ਬੁੱਢਾ ਹੋ ਗਿਆ ਸੀ। ਹੁਣ ਉਹ ਆਪਣੀਆਂ ਐਨਕਾਂ ਅਤੇ ਖੂੰਡੀ ਦਾ ਰਤਾ ਵੀ ਵਿਸਾਹ ਨਾ
ਕਰਦਾ।
ਉਸ ਨੇ ਸੌਦੇ ਪੱਤੇ ਲਿਆਉਣੇ ਵੀ ਛੱਡ ਦਿੱਤੇ ਅਤੇ ਸ਼ਹਿਰ ਵੀ
ਨਾ ਜਾਂਦਾ। ਇਸ ਵਰੇ ਤਾਂ ਉਹ ਦੀਵਾਲੀ ਦਾ ਸਮਾਨ ਬੰਬ ਪਟਾਕੇ ਤੇ ਮਠਿਆਈਆਂ ਲੈਣ ਵੀ
ਨਾ ਗਿਆ, ਜਿਸ ਦਾ ਉਸ ਨੂੰ ਬਹੁਤ ਚਾਅ ਹੋਇਆ ਕਰਦਾ ਸੀ। ਉਸਦੀ ਲਾਣੇਦਾਰੀ ਖੁੱਸ ਰਹੀ
ਸੀ। ਲਾਣੇਦਾਰੀ ਕੌਣ ਸੰਭਾਲੇ? ਕੌਣ ਬਣੇ ਉਸ ਦਾ ਵਾਰਿਸ ਅਤੇ ਟੱਬਰ ਦਾ ਸਰਵਰਾਹ, ਕੋਈ
ਸਮਝ ਨਹੀਂ ਸੀ ਆ ਰਿਹਾ। ਉਹ ਕਦੇ ਵੀ ਅੱਖਾਂ ਮੀਟ ਸਕਦਾ ਸੀ। ਹਰਜੀਤ ਸਿੰਘ ਅਤੇ
ਬਲਕਾਰ ਨੇ ਪ੍ਰਸ਼ਨ ਉਠਾਇਆ ਕਿ “ਬਾਪੂ ਆਪਣੇ ਬੈਠੇ ਬੈਠੇ ਵੰਡੀਆਂ ਪਾ ਦੇ ਨਹੀਂ ਤਾਂ
ਬਾਅਦ ‘ਚ ਰੌਲੇ ਪੈਂਦੇ ਫਿਰਨਗੇ। ਅਸੀਂ ਵੀ ਆਪਣੇ ਘਰਾਂ ਦੀ ਲਾਣੇਦਾਰੀ ਕਰ ਕੇ ਵੇਖ
ਲਵਾਂਗੇ, ਤੂੰ ਤਾਂ ਇਹ ਜੀਂਦੇ ਜੀ ਛੱਡਣੀ ਨਹੀਂ”
ਅਜਿਹੀਆਂ ਗੱਲਾਂ ਸੁਣ ਉਸਦਾ ਕਾਲਜਾ ਵਿੰਨਿਆ ਜਾਂਦਾ। ਗੁਰਜੀਤ
ਵੱਡਾ ਸੀ ਲੰਬੜਦਾਰੀ ਤੇ ਲਾਣੇਦਾਰੀ ਉਸ ਨੂੰ ਹੀ ਮਿਲਣੀ ਚਾਹੀਦੀ ਸੀ। ਪਰ ਉਹ ਸੰਤ
ਸੁਭਾ ਹੋਣ ਕਾਰਨ, ਕੰਨਾ ਨਹੀਂ ਸੀ ਧਰਵਾਂਉਦਾ। ਉਸ ਤੋਂ ਬਾਅਦ ਬਲਕਾਰ ਸਿੰਘ ਦਾ ਨੰਬਰ
ਸੀ ਪਰ ਬਲਕਾਰ ਤੇ ਹਰਜੀਤ ਨੂੰ ਮੁਖੀਆ ਬਣਾਉਣ ਦੇ ਉਹ ਹੱਕ ਵਿੱਚ ਨਹੀਂ ਸਨ। ਭਰਾਵਾਂ
ਵਿੱਚ ਕਲੇਸ਼ ਵਧਣ ਲੱਗਿਆ। ਉੱਚੇ ਬੋਲ ਕੰਧਾਂ ਤੋਂ ਪਾਰ ਜਾਣ ਲੱਗੇ। ਤੇ ਫਿਰ ਇੱਕ
ਸਮਾਂ ਇਹ ਵੀ ਆ ਗਿਆ ਜਦੋਂ ਉਨ੍ਹਾਂ ਦਾ ਸਯੁੰਕਤ ਪਰਿਵਾਰ ਟੁੱਟਣ ਕਿਨਾਰੇ ਆ ਖੜਾ
ਹੋਇਆ।
ਤੇ ਫੇਰ ਪਰਿਵਾਰਕ ਕਲੇਸ਼ ਵਧਦਾ ਹੀ ਚਲਾ ਗਿਆ। ਲੋਕ ਭਾਂਵੇ
ਅੱਡ ਹੋਣ ਵਾਲਿਆਂ ਨੂੰ ਬਹੁਤਾ ਸਤਿਕਾਰ ਦੀ ਨਜ਼ਰ ਨਾਲ ਨਹੀਂ ਸਨ ਵੇਖਦੇ। ਪਰ ਸੰਤਾ
ਸਿੰਘ ਕੋਲ ਹੋਰ ਹੱਲ ਵੀ ਤਾਂ ਕੋਈ ਨਹੀਂ ਸੀ ਰਿਹਾ। ਹੁਣ ਉਹ ਅਕਸਰ ਉਦਾਸੀ ‘ਚ ਡੁੱਬ
ਜਾਂਦਾ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ। ਜਿਸ ਨੂੰ ਉਹ ਆਖਦਾ ਕਿ ‘ਹੁਣ ਨਾ ਮੈਨੂੰ
ਬੁਲਾਇਉ ਮੇਰਾ ਪੱਖਾ ਚੱਲ ਪਿਆ ਹੈ’।
ਹਰਜੀਤ ਜੇ ਛੁੱਟੀ ਆਇਆ ਹੁੰਦਾ ਤਾਂ ਆਖਦਾ ‘ਲੈ ਬਾਪੂ ਦਵਾਈ
ਪੀ ਲੈ ਤੇ ਅਰਾਮ ਕਰ’ ਉਹ ਰੱਮ ਦਾ ਪੈੱਗ ਉਸ ਨੂੰ ਕੋਸੇ ਪਾਣੀ ਵਿੱਚ ਪਾ ਕੇ ਦਿੰਦਾ।
ਕਈ ਵਾਰ ਸ਼ਾਮ ਨੂੰ ਉਹ ਪੈੱਗ ਲੱਗੇ ਹੋਏ ਵਿੱਚ ਹੀ ਰਹਿਰਾਸ ਦਾ ਪਾਠ ਵੀ ਕਰ ਲੈਂਦਾ ਤੇ
ਆਖਦਾ ਹੁਣ ਮੇਰੇ ਅੰਦਰ ਦੋ ਨਸ਼ੇ ਇਕੱਠੇ ਹੋ ਗਏ ਨੇ। ਨਾਮ ਖੁਮਾਰੀ ਨੂੰ ਵੀ ਉਹ ਨਸ਼ਾ
ਹੀ ਦੱਸਦਾ।
ਫੇਰ ਉਸਦਾ ਪੱਖਾ ਹਰ ਦੂਜੇ ਤੀਜੇ ਦਿਨ ਚੱਲਣ ਲੱਗ ਪਿਆ। ਪਿੰਡ
ਦੇ ਇੱਕ ਡਾਕਟਰ ਨੇ ਦੱਸਿਆ ਕਿ ਉਸਦਾ ਬਲੱਡ ਪ੍ਰੈੱਸ਼ਰ ਬਹੁਤ ਵਧ ਜਾਂਦਾ ਹੈ। ਉਹ ਆਖਦਾ
ਇਨ੍ਹਾਂ ਮੁੰਡਿਆਂ ਨੇ ਤਾਂ ਮੇਰਾ ਲਹੂ ਤਾਂ ਸੁਕਾ ਦਿੱਤਾ ਹੈ। ਇਹ ਘਰ ਨੂੰ ‘ਅਠੀਖੰਡ’
ਕਰਨ ਤੇ ਤੁਲੇ ਹੋਏ ਨੇ। ਬਲੈੱਡ ਨੀ ਮੇਰੀ ਚਿੰਤਾ ਵਧੀ ਹੋਈ ਆ। ਕਹਿੰਦੇ ਨੇ ਚਿੰਤਾ
ਚਿਖਾ ਸਮਾਨ ਹੈ। ਇਨ੍ਹੀ ਹੀ ਦਿਨੀ ਹਰਜੀਤ ਫੌਜ ਵਿੱਚੋਂ ਅਰਲੀ ਰੀਟਾਇਰਮੈਂਟ ਲੈ ਕੇ ਆ
ਗਿਆ। ਉਹ ਆਖਦਾ ਮੈਂ ਪੰਜ ਸਾਲ ਲਈ ਰਿਜ਼ਰਵ ਆਇਆ ਹਾਂ ਜੇ ਬਹੁਤ ਲੋੜ ਪਈ ਤਾਂ ਉਹ
ਮੈਨੂੰ ਫੇਰ ਬੁਲਾ ਲੈਣਗੇ ਪਰ ਪੱਕੀ ਪੈਨਸ਼ਨ ਪੰਜ ਸਾਲ ਤੱਕ ਹੀ ਮਿਲੂ। ਹੁਣ ਸੰਤਾਂ
ਸਿੰਘ ਦਾ ਰੋਜ਼ ਦਾ ਪੈੱਗ ਪੱਕਾ ਹੋ ਗਿਆ। ਤੇ ਉਹ ਛੋਟੇ ਮੁੰਡੇ ਹਰਜੀਤ ਵਲ ਨੂੰ ਝੁਕਣ
ਲੱਗਿਆ।
ਜ਼ਮੀਨ ਦੀ ਵੰਡ ਵੇਲੇ ਉਸ ਨੇ ਪਿੰਡ ਦੇ ਨਾਲ ਲੱਗਦੀ ਨਿਆਂਈ
ਵਾਲੀ ਜ਼ਮੀਨ ਦੇ ਹਿੱਸੇ ਬਹਿੰਦੇ ਚਾਰ ਕਿੱਲੇ ਇਹ ਕਹਿ ਕੇ ਹਰਜੀਤ ਦੇ ਗੁਣੇ ਪਾ ਦਿੱਤੇ
ਕਿ ਵੱਡਿਆਂ ਦੇ ਨਿਆਣੇ ਸਾਂਝੇ ਪਰਿਵਾਰ ਵਿੱਚ ਪਲ਼ੇ ਨੇ ਉਸ ਨੇ ਤਾਂ ਅਜੇ ਨਿਆਣੇ
ਪਾਲਣੇ ਨੇ। ਵੱਡਿਆਂ ਨੇ ਛੱਤੇ ਛਤਾਏ ਘਰਾਂ ਵਿੱਚੋਂ ਹਿੱਸਾ ਲੈ ਲਿਆ ਪਰ ਛੋਟਾ ਚੁੱਪ
ਰਿਹਾ। ਪਤਾ ਉਦੋਂ ਹੀ ਲੱਗਿਆ ਜਦੋਂ ਸੰਤਾ ਸਿੰਘ ਨੇ ਕਿਹਾ ਕਿ ਹਵੇਲੀ ਦੇ ਅੱਧੇ ਪਏ
ਖਾਲੀ ਹਿੱਸੇ ਵਿੱਚ ਉਹ ਹਰਜੀਤ ਨੂੰ ਨਵਾਂ ਅਤੇ ਪੱਕਾ ਘਰ ਬਣਾ ਕੇ ਦੇਵੇਗਾ।ਇਸ ਨਾਲ
ਕਲੇਸ਼ ਹੋਰ ਵਧ ਗਿਆ।
ਦੂਸਰੇ ਕਹਿ ਰਹੇ ਸਨ ਕਿ ਛੋਟੇ ਨੇ ਸ਼ਰਾਬ ਪਿਲਾ ਪਿਲਾ ਕੇ
ਬਾਪੂ ਨੂੰ ਹੱਥ ਹੇਠ ਕਰ ਲਿਆ ਹੈ। ਫੇਰ ਇੱਕ ਦਿਨ ਪਸ਼ੂ, ਭਾਂਡੇ ਟੀਂਡੇ, ਦਾਣਾ ਫੱਕਾ
ਤੇ ਹੋਰ ਸਮਾਨ ਸਾਰਾ ਕੁੱਝ ਹੀ ਵੰਡ ਲਿਆ ਗਿਆ। ਹਰਜੀਤ ਨੇ ਕਿਹਾ ਕਿ “ਬਾਪੂ ਮੇਰੇ
ਨਾਲ ਰਹੇਗਾ ਤੇ ਬਾਪੂ ਦਾ ਹਿੱਸਾ ਵੀ ਵੰਡੋ”
ਬਲਕਾਰ ਬੋਲਿਆ “ਜੇ ਤੇਰੇ ਨਾਲ ਬਾਪੂ ਰਹੂ ਤਾਂ ਮੈਂ ਬੇਬੇ
ਨੂੰ ਰੱਖਦਾ ਹਾਂ। ਬਾਪੂ ਦੇ ਬਰਾਬਰ ਦਾ ਹਿੱਸਾ ਬੇਬੇ ਦਾ ਵੀ ਆ ਉਹ ਨੂੰ ਵੀ ਵੰਡੋ?”
ਸੋ ਬੇਬੇ ਬਾਪੂ ਵੀ ਵੰਡ ਲਏ ਗਏ। ਜਿਸ ਨੇ ਮਹਿਤਾਬ ਕੌਰ ਨੂੰ ਧੁਰ ਅੰਦਰ ਤੱਕ ਝੰਜੋੜ
ਸੁੱਟਿਆ।
ਪਰ ਮਨਦੀਪ ਤਾਂ ਸਭ ਦੀ ਸਾਂਝੀ ਬਿੱਲੀ ਸੀ। ਉਸ ਦਾ ਗੁਣਾ
ਪਾਉਣ ਦੀ ਏਸ ਕਰਕੇ ਜਰੂਰਤ ਹੀ ਨਹੀਂ ਸੀ ਸਮਝੀ ਗਈ ਕਿ ਉਸ ਨੇ ਤਾਂ ਆਪਣੇ ਪਿੰਡ ਹੀ
ਚਲੇ ਹੀ ਜਾਣਾ ਹੈ। ਪਰ ਇਸ ਵੰਡੀ ਨੇ ਉਸ ਨੂੰ ਕਈ ਵਾਰ ਰੋਣ ਤੇ ਮਜਬੂਰ ਕਰ ਦਿੱਤਾ।
ਜੇ ਉਹ ਕਿਸੇ ਇੱਕ ਮਾਮੇ ਦਾ ਵੱਧ ਕਰਦਾ ਤਾਂ ਦੂਸਰਾ ਮੂੰਹ ਵੱਟ ਲੈਂਦਾ। ਹੁਣ ਉਸਦਾ
ਵੀ ਏਥੋਂ ਭੱਜ ਜਾਣ ਲਈ ਦਿਲ ਕਰਦਾ ਸੀ।ਅਖਿਰ ਭਰਾਵਾਂ ਨੇ ਮਿਲਣ ਵਰਤਣ ਲਈ ਚਾਰੇ
ਭੈਣਾਂ ਵੀ ਵੰਡ ਲਈਆਂ। ਬਚਨੋ ਬਲਕਾਰ ਸਿੰਘ ਦੇ ਹਿੱਸੇ ਆ ਗਈ। ਉਸ ਦੀਆਂ ਨਾਨਕਸ਼ੱਕਾਂ,
ਸੰਧਾਰੇ ਅਤੇ ਦੇਣ ਲੈਣ ਹੁਣ ਉਸਦੇ ਜਿੰਮੇ ਸਨ। ਅਸਲ ਵਿੱਚ ਮਨਦੀਪ ਵੀ ਹੁਣ ਉਸੇ ਦੇ
ਹਿੱਸੇ ਵਿੱਚ ਸੀ।
ਫਿਰ ਉਸੇ ਹਾੜੀ ਦੀ ਫਸਲ ਤੋਂ ਬਾਅਦ ਜ਼ਮੀਨਾਂ ਤੇ ਘਰ ਵੰਡ ਲਏ
ਗਏ। ਸਮਾਨ ਏਧਰ ਉਧਰ ਢੋਏ ਜਾਣ ਲੱਗੇ। ਮਹਿਤਾਬ ਕੌਰ ਨੂੰ ਇੱਕ ਵਾਰ ਫੇਰ 1947 ਦੇ
ਹੱਲੇ ਗੁੱਲੇ ਯਾਦ ਆ ਗਏ। ਉਹ ਅੱਖਾਂ ਭਰ ਲੈਂਦੀ ਪਰ ਮੂੰਹੋਂ ਕੁੱਝ ਨਾ ਬੋਲਦੀ। ਜਿਸ
ਦਿਨ ਮਨਦੀਪ ਅੱਠਵੀਂ ਦਾ ਸਰਟੀਫਿਕੇਟ ਲੈ ਕੇ ਆਪਣੇ ਪਿਤਾ ਦਲੇਰ ਸਿੰਘ ਨਾਲ ਜਾਣ
ਲੱਗਿਆ ਤਾਂ ਮਹਿਤਾਬ ਕੌਰ ਦੀਆਂ ਧਾਹਾਂ ਨਿੱਕਲ ਗਈਆਂ। ਜਿਵੇਂ ਉਸਦਾ ਕਾਲਜਾ ਪਾਟ ਗਿਆ
ਹੋਵੇ। ਉਸ ਨੂੰ ਲੱਗਦਾ ਹੀ ਨਹੀਂ ਸੀ ਸੰਤਾ ਸਿੰਘ ਉਸਦੀ ਏਸ ਤਰ੍ਹਾਂ ਵੰਡੀ ਪਾਵੇਗਾ।
ਪਰ ਵੰਡੀ ਤਾਂ ਪੈ ਗਈ ਸੀ। ਉਸ ਦੀ ਰੂਹ ਦੋਫਾੜ ਹੋ ਗਈ। ਉਹ ਮਾਲ਼ਾ ਫੇਰਦੀ ਆਖਦੀ ‘ਹੇ
ਰੱਬ ਸੱਚਿਆ ਹੁਣ ਤਾਂ ਮੈਨੂੰ ਚੱਕ ਹੀ ਲੈ…ਜੀਣ ਦਾ ਕੀ ਹੱਜ ਰਹਿ ਗਿਆ? ਮਨਦੀਪ ਲਈ
ਜਿਵੇਂ ਇੱਕ ਯੁੱਗ ਦਾ ਅੰਤ ਹੋ ਗਿਆ ਸੀ। ਤੇ ਉਹ ਟੁੱਟੇ ਪਰਿਵਾਰ ਨੂੰ ਛੱਡ ਆਪਣੇ
ਪਿੰਡ ਲਈ ਰਵਾਨਾ ਹੋ ਗਿਆ।
|