WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 9

ਸਮੁੰਦਰ ਮੰਥਨ (PDF, 568KB)    


ਪਿੰਡ ਰਾਮਪੁਰਾ ਨਹਿਰ ਸਰਹਿੰਦ ਦੇ ਕੰਢੇ ਵਸਿਆ ਹੋਇਆ ਸੀ। ਇਸ ਪਿੰਡ ਦੀ 750 ਏਕੜ ਜ਼ਮੀਨ ਨਹਿਰ ਸਰਹਿੰਦ ਹੇਠਾਂ ਆ ਗਈ ਸੀ। ਤੇ ਅੱਠ ਕੁ ਸੌ ਏਕੜ ਜੋ ਬਚੀ ਸੀ, ਉਹ ਗਰਦਾਵਰੀ ਵੇਲੇ ਲੋਕਾਂ ਵਿੱਚ ਮੁੜ ਤੋਂ ਤਕਸੀਮ ਕਰ ਦਿੱਤੀ ਗਈ। ਇਸ ਕੰਮ ਲਈ ਪਾਲੇ ਪਟਵਾਰੀ ਨੇ ਪਿੰਡ ਵਿੱਚ ਹੀ ਡੇਰਾ ਲਾ ਲਿਆ ਸੀ। ਪੜ੍ਹਨ ਲਿਖਣ ਦਾ ਗਿਆਨ ਹੋਣ ਕਰਕੇ ਪਿੰਡ ਵਾਸੀਆਂ ਨੇ ਚੰਦ ਸਿੰਘ ਨੂੰ ਪਟਵਾਰੀ ਦੀ ਮੱਦਦ ਲਈ, ਉਸ ਨਾਲ ਲਾ ਦਿਤਾ। ਉਹ ਜ਼ਰੀਵ ਨਾਲ ਮਿਣਤੀਆਂ ਵੀ ਕਰਵਾਂਉਦਾ ਤੇ ਲਿਖਤ ਪੜ੍ਹਤ ਦਾ ਕੰਮ ਵੀ ਕਰਦਾ। ਇਸੇ ਕਰਕੇ ਪਟਵਾਰੀ ਦੇ ਉਹ ਬਹੁਤ ਨੇੜੇ ਹੋ ਗਿਆ। ਹੁਣ ਕਈ ਲੋਕ ਦੋ ਸੰਗਲੀਆਂ ਜ਼ਮੀਨ ਏਧਰ ਉਧਰ ਕਰਵਾਉਣ ਲਈ, ਪਟਵਾਰੀ ਦੇ ਨਾਲ ਨਾਲ ਉਸ ਦੀਆਂ ਵੀ ਮਿਨਤਾਂ ਕਰਦੇ।

ਚੰਦ ਸਿੰਘ ਨੇ ਪਟਵਾਰੀ ਨੂੰ ਆਪਣੇ ਵਿਹਲੇ ਪਏ ਘਰ ਵਿੱਚ ਹੀ ਰੱਖ ਲਿਆ। ਉਦੋਂ ਉਸ ਨੇ ਦੇਖਿਆ ਕਿ ਲੋਕ ਚੰਗੀ ਜ਼ਮੀਨ ਲੈਣ ਲਈ, ਪਟਵਾਰੀ ਦੇ ਰੋਟੀ ਪਾਣੀ ਤੋਂ ਲੈ ਕੇ ਹਰ ਤਰ੍ਹਾਂ ਦੀ ਸੇਵਾ ਕਰਦੇ ਸਨ। ਦਾਰੂ ਮੁਰਗ਼ੇ ਦਾ ਪ੍ਰਬੰਧ ਵੀ ਕਰੀ ਰੱਖਦੇ। ਉਸ ਨੇ ਜ਼ਮੀਨ ਦੇ ਲਾਲਚ ਵਿੱਚ ਕਈ ਲੋਕਾਂ ਨੂੰ ਬੇਹੱਦ ਡਿੱਗਦੇ ਹੋਏ ਵੀ ਦੇਖਿਆ ਸੀ। ਕਈ ਤਾਂ ਪਟਵਾਰੀ ਨੂੰ ਰੋਟੀ ਦੇਣ ਬਹਾਨੇ ਆਪਣੀਆਂ ਸੋਹਣੀਆਂ ਸੁਨੱਖੀਆਂ ਤੀਵੀਂਆਂ ਵੀ ਭੇਜ ਦਿੰਦੇ। ਜੱਟ ਜ਼ਮੀਨ ਲਈ ਕੁੱਝ ਵੀ ਕਰ ਸਕਦੇ ਸਨ। ਸ਼ਾਮ ਸਵੇਰੇ ਪਟਵਾਰੀ ਹਰਪਾਲ ਕੋਲ ਮੇਲਾ ਲੱਗਿਆ ਰਹਿੰਦਾ।

ਹੌਲ਼ੀ ਹੌਲ਼ੀ ਚੰਦ ਸਿੰਘ ਸਭ ਕਾਸੇ ਤੋਂ ਉਕਤਾਉਣ ਲੱਗਿਆ। ਪਾਲੇ ਪਟਵਾਰੀ ਨੂੰ ਛੇ ਮਹੀਨੇ ਉਸ ਨੇ ਆਪਣੇ ਘਰ ਹੀ ਰੱਖਿਆ ਸੀ। ਫੇਰ ਇੱਕ ਦਿਨ ਪਟਵਾਰੀ ਕਹਿਣ ਲੱਗਾ “ਬਈ ਚੰਦ ਸਿਆਂ ਤੇਰਾ ਫਾਇਦਾ ਮੈਂ ਜਰੂਰ ਕਰਨਾ ਏਂ। ਤੂੰ ਵੀ ਕੀ ਯਾਦ ਕਰੇਂਗਾ? ਕਿ ਕੋਈ ਪਟਵਾਰੀ ਆਇਆ ਤੀ। ਬੋਲ ਕਿਹੜੀ ਜ਼ਮੀਨ ਤੇਰੇ ਨਾਂ ਚਾੜ ਦਿਆਂ?” ਫੇਰ ਉਸ ਨੇ ਆਪ ਹੀ ਪਿੰਡ ਨਾਲ ਲੱਗਦੀ ਨਿਆਂਈ ਵਾਲੀ ਜ਼ਮੀਨ ਦੇ ਅੱਠ ਕਿੱਲੇ ਦੋਹਾਂ ਭਰਾਵਾਂ ਦੇ ਨਾਂ ਲਿਖ ਦਿੱਤੇ। ਤੇ ਕਿਹਾ ਸੀ ਕਿ “ਥੋਨੂ ਸਾਰੀ ਉਮਰ ਦਾ ਸੁੱਖ ਦੇ ਚੱਲਿਆ ਹਾਂ”

ਪਰ ਸ਼ਰੀਕਾਂ ਤੋਂ ਇਹ ਗੱਲ ਬ੍ਰਦਾਸ਼ਤ ਨਾਂ ਹੋਈ। ਉਨ੍ਹਾਂ ਆਨੀ ਬਹਾਨੀ ਚੰਦ ਸਿੰਘ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪਟਵਾਰੀ ਦੇ ਜਾਣ ਤੋਂ ਬਾਅਦ ਤਾਂ ਪਿੰਡ ਦੇ ਹਾਲਾਤ ਹੋਰ ਵੀ ਵਿਗੜ ਗਏ। ਉਹ ਆਪ ਹੀ ਰੋਟੀ ਬਣਾਉਂਦਾ। ਗੁਲਾਬ ਸਿੰਘ ਫੌਜ ਚੋਂ ਉਸ ਨੂੰ ਖਤ ਲਿਖਵਾ ਕੇ ਭੇਜਦਾ ਕਿ ‘ਸ਼ਰੀਕਾਂ ਤੋਂ ਬਚ ਕੇ ਰਹੀਂ’ ਇਕ ਦਿਨ ਛੁੱਟੀ ਆਏ ਗੁਲਾਬ ਸਿੰਘ ਨੂੰ ਉਹ ਕਹਿਣ ਲੱਗਿਆ ਕਿ “ਏਹਦੇ ਨਾਲੋਂ ਤਾਂ ਤੂੰ ਮੈਨੂੰ ਵੀ ਭਰਤੀ ਕਰਾ ਦੇ। ਘੱਟੋ ਘੱਟ ਰੋਟੀ ਤਾਂ ਪੱਕੀ ਪਕਾਈ ਮਿਲੂ” ਬੱਸ ਫੇਰ ਉਹ ਵੀ ਫੋਜ ਵਿੱਚ ਭਰਤੀ ਹੋ ਗਿਆ।

ਫੌਜ ਵਲੋਂ ਉਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਦੀ ਵਫਾਦਾਰੀ ਦਾ ਪਾਠ ਪੜ੍ਹਾਇਆ ਗਿਆ। ਦੁਨੀਆਂ ਤੇ ਹਕੂਮਤ ਕਰਨ ਵਾਲੀ ਮਹਾਂਸ਼ਕਤੀ ਦੇ ਚਿਰੰਜੀਵੀ ਹੋਣ ਸਬੰਧੀ ਅਰਦਾਸਾਂ ਕਰਵਾਈਆਂ ਜਾਂਦੀਆਂ। ਪਰ ਦੂਸਰੇ ਪਾਸੇ ਦੇਸ਼ ਭਗਤਾਂ ਦੀ ਸੋਚ ਇਹ ਸਭ ਕਾਸੇ ਨੂੰ ਨਕਾਰਦੀ ਸੀ ਅਤੇ ਆਜ਼ਾਦੀ ਦੀ ਮੰਗ ਕਰਦੀ ਸੀ। ਅਮਰੀਕਾ ਤੋਂ ਨਿੱਕਲਿਆ ਪਰਚਾ ‘ਗ਼ਦਰ ਦੀ ਗੂੰਜ’ ਲੁਕਵੇਂ ਢੰਗ ਨਾਲ ਪਿੰਡਾਂ ਵਿੱਚ ਪਹੁੰਚਣ ਲੱਗਿਆ। ਤੇ ਨੌਜਵਾਨ ਵੀ ਇਸ ਲਹਿਰ ਵਿੱਚ ਸ਼ਾਮਲ ਹੋਣ ਲੱਗੇ। ਪਤਾ ਲੱਗਣ ਦੇ ਅੰਗਰੇਜ਼ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਫੜ ਕੇ ਜੇਲਾਂ ਵਿੱਚ ਸੁੱਟਣ ਲੱਗੀ।

1857 ਵਿੱਚ ਮਹਾਰਾਣੀ ਝਾਂਸੀ ਦੀ ਮੌਤ ਤੋਂ ਬਾਅਦ ਛਿੜੇ ਗ਼ਦਰ ਨੇ, ਇਹ ਚਿੰਗਾੜੀ ਸਾਰੇ ਹੀ ਹਿੰਦੋਸਤਾਨ ਵਿੱਚ ਸੁਲਗਣ ਲਾ ਦਿੱਤੀ। ਉਨ੍ਹਾਂ ਦੇ ਨਾਲ ਲੱਗਦੇ ਪਿੰਡ ਭੈਣੀ ਸਾਹਿਬ ਤੋਂ ਬਾਬਾ ਰਾਮ ਸਿੰਘ ਸਿੰਘ ਵਲੋਂ ਚਲਾਇਆ ਬਿਦੇਸ਼ੀ ਵਸਤਾਂ ਦੇ ਬਾਈਕਾਟ ਦਾ ਅੰਦੋਲਨ ਬੜਾ ਹੀ ਕਾਰਗਰ ਸਾਬਤ ਹੋਇਆ ਸੀ। ਹੋਰ ਤਾਂ ਹੋਰ ਉਨ੍ਹਾਂ ਨੇ ਤਾਂ ਡਾਕ ਵੀ ਆਪਣੀ ਚਲਾ ਦਿੱਤੀ ਸੀ। ਚੰਦ ਸਿੰਘ ਨੇ ਇਹ ਵੀ ਸੁਣਿਆ ਸੀ ਕਿ ਡਰੀ ਹੋਈ ਹਕੂਮਤ ਨੇ ਬਾਬਾ ਜੀ ਨੂੰ ਕਾਲ਼ੇ ਪਾਣੀ ਭੇਜ ਦਿੱਤਾ ਸੀ। ਭਾਵੇ ਬਾਬਾ ਜੀ ਅਕਾਲ ਚਲਾਣਾ ਕਰ ਗਏ ਪਰ ਉਨ੍ਹਾਂ ਦੀ ਚਲਾਈ ਲਹਿਰ ਨੂੰ ਗੋਰੀ ਹਕੂਮਤ ਦਬਾ ਨਾ ਸਕੀ ਤੇ ਇਹ ਚੰਦ ਸਿੰਘ ਦੇ ਸਮੇਂ ਤੱਕ ਭਾਂਬੜ ਬਣ ਗਈ।

ਸਰਾਭੇ ਪਿੰਡ ਦਾ ਮੁੱਛ ਫੁੱਟ ਗਭਰੂ ਕਰਤਾਰ ਸਿੰਘ ਜੋ ਅਮਰੀਕਾ ਦੇ ਸੁੱਖ ਨੂੰ ਤਿਆਗ ਕੇ ਵਤਨ ਲਈ ਫਾਂਸੀ ਚੜ ਗਿਆ ਸੀ, ਨੌਜਵਾਨਾ ਲਈ ਪ੍ਰੇਰਣਾ ਸਰੋਤ ਬਣ ਗਿਆ। ਤੇ ਫੇਰ ਕਿੰਨੀਆਂ ਹੀ ਹੋਰ ਲਹਿਰਾਂ ਦਾ ਜਨਮ ਹੋ ਗਿਆ। ਚੰਦ ਸਿੰਘ ਦੀ ਸੋਚ ਕਈ ਵਾਰ ਉਲਝ ਜਾਂਦੀ।

ਪੰਜਾਬ ਵਿੱਚ ਬਬਰ ਅਕਾਲੀ, ਸਿੰਘ ਸਭਾ ਲਹਿਰ, ਆਰੀਆ ਸਮਾਜੀ, ਇੰਡੀਅਨ ਨੈਸਨਲ ਕਾਂਗਰਸ ਅਤੇ ਭਾਰਤੀ ਨੌਜਵਾਨ ਸਭਾ ਵਰਗੀਆਂ ਅਨੇਕਾਂ ਜਥੇਬੰਦੀਆਂ ਇੱਕੋ ਕਾਜ ਲਈ ਲੜ ਰਹੀਆਂ ਸਨ। ਵੀਹਵੀ ਸਦੀ ਦੇ ਪਹਿਲੇ ਦੋ ਦਹਾਕਿਆਂ ਨੇ ਭਾਰਤ ਵਿੱਚ ਅੰਗਰੇਜ ਹਕੂਮਤ ਦੇ ਤਖਤ ਦੀਆਂ ਚੂਲ਼ਾਂ ਢਿੱਲੀਆਂ ਕਰ ਦਿੱਤੀਆਂ। ਅਕਤੂਬਰ 1917 ਵਿੱਚ ਵਾਪਰੀ ਰੂਸੀ ਕ੍ਰਾਂਤੀ ਨੇ ਪੂਰੇ ਵਿਸ਼ਵ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। 1914 ‘ਚ ਛਿੜੀ ਪਹਿਲੀ ਸੰਸਾਰ ਜੰਗ ਨੇ ਹੀ ਬ੍ਰਿਟਿਸ਼ ਸਲਤਨਤ ਨੂੰ ਕਮਜ਼ੋਰ ਕਰ ਦਿੱਤਾ ਸੀ। ਇਸ ਤੋਂ ਬਾਅਦ ਤਾਂ ਵਿਸ਼ਵ ਦੋ ਧੜਿਆ ਵਿੱਚ ਵੰਡਿਆ ਗਿਆ। ਤੇ ਬਹੁਤੇ ਦੇਸ਼, ਸਾਮਰਾਜ ਦੇ ਜੂਲੇ ਨੂੰ ਉਤਾਰਨ ਲਈ ਮਰਨ ਮਾਰਨ ਤੇ ਉੱਤਰ ਆਏ।

ਅੰਗਰੇਜ਼ ਸਾਮਰਾਜੀ ਹੁਣ ਅੰਦਰੂਨੀ ਤੇ ਬਾਹਰੀ ਲੜਾਈ ਲੜ ਰਹੇ ਸਨ। ਪਰ ਚੰਦ ਸਿੰਘ ਮਜ਼ਬੂਰੀ ਵਸ ਉਸੇ ਹਕੂਮਤ ਦਾ ਸਿਪਾਹੀ ਬਣ ਗਿਆ ਜਿਸ ਨੇ ਉਸ ਦੇ ਦੇਸ਼ ਨੂੰ ਗ਼ੁਲਾਮ ਬਣਾ ਰੱਖਿਆ ਸੀ। ਉਹ ਏਸੇ ਅੰਗਰੇਜ਼ ਸਰਕਾਰ ਪ੍ਰਤੀ ਵਫਾਦਾਰ ਸੀ। ਤੇ ਇਹਨਾਂ ਸਾਹਬ ਲੋਕਾਂ ਲਈ ਕੁੱਝ ਵੀ ਕਰ ਸਕਦਾ ਸੀ।

ਅੰਗਰੇਜ਼ ਆਪਣੇ ਵਫਾਦਾਰਾਂ ਨੂੰ ਰਾਏ ਸਾਹਿਬ, ਰਾਏ ਬਹਾਦਰ, ਜ਼ੈਲਦਾਰ, ਜਗੀਰਦਾਰ ਵਰਗੇ ਮਾਣ ਦੇ ਕੇ ਸਨਮਾਨਦੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇ ਰਹਿ ਚੁੱਕੇ ਸਰਦਾਰਾਂ ਨੂੰ ਫਿਰ ਤੋਂ ਮਾਣ ਤਾਣ ਦੇ ਕੇ ਸਰਕਾਰ ਨੇ ਆਪਣੇ ਨਾਲ ਜੋੜ ਲਿਆ। ਇਸ ਸਰਕਾਰੀ ਪ੍ਰਤੀਨਿੱਧਤਾ ਦੀ ਇੱਕ ਨਿੱਕੀ ਜਿਹੀ ਇਕਾਈ ਪਿੰਡ ਦਾ ਲੰਬੜਦਾਰ ਵੀ ਸੀ। ਸੰਤਾ ਸਿੰਘ ਵੀ ਉਸੇ ਨਿੱਕੀ ਤੰਦ ਨਾਲ ਜੁੜਿਆ ਇੱਕ ਸਰਕਾਰੀ ਬੰਦਾ ਹੀ ਸੀ। ਜੋ ਸੂਹੀਆ ਹੋਣ ਦੇ ਨਾਲ ਨਾਲ ਸਰਕਾਰ ਲਈ ਮਾਮਲਾ ਵੀ ਉਗਰਾਹੁੰਦਾ। ਹੁਣ ਦੋਨੋ ਕੁੜਮ ਇਕੱਠੇ ਹੋ ਕੇ ਗੋਰਿਆਂ ਦਾ ਖੂਬ ਗੁਣ ਗਾਨ ਕਰਦੇ।

ਦਲੇਰ ਸਿੰਘ ਨੂੰ ਆਪਣੀ ਬੇਬੇ ਦੀ ਸੁਣਾਈ ਇੱਕ ਹੋਰ ਗੱਲ ਯਾਦ ਆਈ। ਜਦੋਂ ਲਹੌਰ ਵਿੱਚ ਉਸਦਾ ਚੰਦ ਸਿੰਘ ਨਾਲ ਵਿਆਹ ਹੋਇਆ ਸੀ, ਤਾਂ ਉਦੋਂ ਉਹ ਸਿਰਫ ਤੇਰਾਂ ਵਰਿਆਂ ਦੀ ਨਿਆਣੀ ਸੀ। ਜਿਸ ਨੂੰ ਵਿਆਹ ਦਾ ਕੁੱਝ ਵੀ ਪਤਾ ਨਹੀਂ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇੱਕ ਓਪਰੇ ਮੁੰਡੇ ਨਾਲ, ਉਸਦੇ ਬੇਬੇ ਬਾਪੂ ਕਿਉਂ ਤੋਰ ਰਹੇ ਨੇ? ਉਹ ਇਸੇ ਕਰਕੇ ਬਹੁਤ ਰੋਂਦੀ ਰਹੀ। ਫੇਰ ਉਹ ਮੁੰਡਾ ਉਸ ਨੂੰ ਤਾਂਗੇ ਵਿੱਚ ਬਿਠਾ ਕੇ ਰੇਲਵੇ ਸਟੇਸ਼ਨ ਤੇ ਲੈ ਆਇਆ। ਉਸਦੀ ਬੇਬੇ ਨੇ ਉਸ ਨੂੰ ਦੱਸਿਆ ਕਿ ਉਦੋਂ ਉਸ ਨੇ ਪਹਿਲੀ ਵਾਰੀ ਧੂੰਆਂ ਛੱਡਦੀ, ਕੂਕਾਂ ਮਾਰਦੀ ਤੇ ਸੱਪ ਵਾਂਗੂੰ ਮੇਹਲਦੀ, ਐਨੀ ਵੱਡੀ ਗੱਡੀ ਦੇਖੀ ਸੀ। ਜਿਸ ਵਿੱਚ ਉਸ ਨੂੰ ਗੁਲਾਬ ਸਿੰਘ ਤੇ ਚੰਦ ਸਿੰਘ ਨੇ ਰੋਂਦੀ ਨੂੰ ਧੂਅ ਕੇ ਹੀ ਬਿਠਾਇਆ ਸੀ। ਫੇਰ ਉਹ ਹੱਸ ਕੇ ਆਖਦੀ ‘ਭਾਈ ਕਾਹਦਾ ਵਿਆਹ ਤੀ? ਨਾਂ ਕੋਈ ਬਰਾਤ ਢੁੱਕੀ, ਨਾਂ ਹੀ ਅਸੀਂ ਕਿਸੇ ਰਥ ‘ਚ ਬੈਠੇ’। ਦੋਰਾਹੇ ਤੋਂ ਪਿੰਡ ਤੱਕ ਜਦੋਂ ਉਸ ਤੋਂ ਤੁਰਿਆ ਨਾਂ ਗਿਆ ਤਾਂ ਗੁਲਾਬ ਸਿੰਘ ਉਸ ਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਪਿੰਡ ਲੈ ਆਇਆ। ਪਿੰਡ ਵਿੱਚ ਰੌਲਾ ਪੈ ਗਿਆ ਕਿ ਸੇਢਾ ਸਿੰਘ ਦਾ ਛੋਟਾ ਮੁੰਡਾ ਬਹੂ ਲੈ ਆਇਆ ਏ” ਦਲੇਰ ਸਿੰਘ ਆਪਣੇ ਪਰਿਵਾਰ ਦੇ ਇਤਿਹਾਸ ਨੂੰ ਚੇਤੇ ਕਰਦਾ ਰਿਹਾ।

ਉਸ ਦੀ ਬੇਬੇ ਬੇਅੰਤ ਕੁਰ ਤਾਂ ਇਹ ਵੀ ਦੱਸਦੀ ਸੀ ਕਿ ‘ਜਦੋਂ ਪਿੰਡ ਦੀਆਂ ਤੀਵੀਆਂ ਉਸ ਨੂੰ ਦੇਖਣ ਆਈਆਂ ਤਾਂ ਉਹ ਬੈਠੀ ਗੀਟੀਆਂ ਖੇਡ ਰਹੀ ਤੀ’ ਉਹ ਕਹਿੰਦੀ ‘ਫੇਰ ਅਮਰੋ ਚਾਚੀ ਨੇ ਮੈਨੂੰ ਸੋਹਣੇ ਕੱਪੜੇ ਪੁਵਾ ਕੇ ਮੰਜੇ ਤੇ ਬੈਠਾ ਤਾ ਕਿ ਲੋਕਣੀਆਂ ਕੀ ਕਹਿਣਗੀਆਂ? ਮੇਰੇ ਝੱਲਣ ਨੂੰ ਇੱਕ ਸ਼ੀਸ਼ਿਆਂ ਵਾਲੀ ਪੱਖੀ ਵੀ ਦੇ ਦਿੱਤੀ। ਪਰ ਮੈਨੂੰ ਨਿਆਣੀ ਨੂੰ ਕੀ ਮੱਤ ਤੀ? ਮੈਂ ਬੈਠੀ ਬੈਠੀ ਨੇ ਉਸ ਪੱਖੀ ਦੇ ਸਾਰੇ ਸ਼ੀਸ਼ੇ ਤੋੜ ਕੇ ਖੀਸੇ ਵਿੱਚ ਪਾ ਲਏ’। ਉਸਦੀ ਬੇਬੇ ਇਹ ਗੱਲ ਸੁਣਾਉਂਦੀ ਆਪਣੀ ਨਿਆਣੀ ਮੱਤ ਤੇ ਅਕਸਰ ਸ਼ਰਮਸ਼ਾਰ ਹੋ ਜਾਂਦੀ।

ਹੁਣ ਉਹੋ ਬੇਬੇ ਬੇਅੰਤ ਕੁਰ ਇੱਕ ਨੰਨੇ ਜਿਹੇ ਪੋਤੇ ਦੀ ਦਾਦੀ ਬਣ ਗਈ ਸੀ। ਇਨ੍ਹਾਂ ਸੋਚਾਂ ਵਿੱਚ ਡੁੱਬੇ ਦਲੇਰ ਸਿੰਘ ਨੂੰ ਨੀਂਦ ਹੀ ਨਹੀਂ ਸੀ ਆ ਰਹੀ। ਲੱਗਦਾ ਸੀ ਜਿਵੇਂ ਫੌਜੀ ਬੈਰਕ ਕੋਈ ਪਿੰਜਰਾ ਹੋਵੇ, ਜਿਸ ਨੂੰ ਤੋੜ ਕੇ ਉਹ ਉੱਡ ਜਾਣਾ ਚਾਹੁੰਦਾ ਸੀ, ਆਪਣੇ ਪਿਆਰੇ ਪੰਜਾਬ। ਜਿੱਥੇ ਉਸ ਦੀ ਪਤਨੀ ਬਚਨੋ ਨੇ, ਉਸ ਦੇ ਪੁੱਤਰ ਨੂੰ ਜਨਮ ਦਿੱਤਾ ਸੀ। ਉਹ ਨੂੰ ਤਾਂ ਅਜੇ ਵੀ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਹ ਹੁਣ ਬਾਪ ਬਣ ਗਿਆ ਹੈ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com