WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 48

ਸਮੁੰਦਰ ਮੰਥਨ (PDF, 568KB)    


ਪੰਜਾਬ ਵਿੱਚ ਅਰਾਜਕਤਾ ਵਧਣ ਕਾਰਨ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਾ ਰਹੀ। 29 ਜੂਨ 1984 ਨੂੰ ਪੰਜਾਬ ਦੇ ਗਵਰਨਰ ਬੀ ਡੀ ਪਾਂਡੇ ਨੇ ਅਤੇ ਇੰਨਸਪੈਟਰ ਜਨਰਲ ਪੁਲੀਸ ਪੀ ਐੱਸ ਭਿੰਡਰ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਜਾਂ ਕਹਿ ਲਵੋ ਕਿ ਕੇਂਦਰ ਸਰਕਾਰ ਨੇ ਜ਼ਬਰਦਸਤੀ ਉਨ੍ਹਾਂ ਨੂੰ ਅਸਤੀਫੇ ਦੇਣ ਲਈ ਮਜ਼ਬੂਰ ਕਰ ਦਿੱਤਾ। ਕਿਉਂਕਿ ਸਿਆਸੀ ਸ਼ਤਰੰਜ਼ ਦੀਆਂ ਚਾਲਾਂ ਖੇਡਕੇ ਸਰਕਾਰ ਅਪਰੇਸ਼ਨ ਬਲਿਊ ਸਟਾਰ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਸੀ।
ਇੱਕ ਜੁਲਾਈ 1984 ਨੂੰ ਐੱਲ ਐੱਮ ਕਾਤਰੇ ਪੰਜਾਬ ਦੇ ਨਵੇਂ ਗਵਰਨਰ ਥਾਪੇ ਗਏ। ਉਸੇ ਦਿਨ ਜੰਮੂ ਕਸ਼ਮੀਰ ਵਿੱਚ ਫਾਰੂਕ ਅਬਦੁੱਲਾ ਦੀ ਸਰਕਾਰ ਦਾ ਤਖਤਾ ਵੀ ਪਲਟ ਦਿੱਤਾ ਗਿਆ। ਜਿੱਥੇ ਮੁਸਲਮਾਨ ਵੱਖਵਾਦੀ ਵਖਰੇ ਰਾਜ ਦੀ ਮੰਗ ਕਰ ਰਹੇ ਸਨ। ਸ਼ਾਇਦ ਕੇਂਦਰ ਸਰਕਾਰ ਨੂੰ ਦੋਹਾਂ ਸੂਬਿਆਂ ਵਿੱਚ ਚੱਲ ਰਹੀ ਵੱਖਵਾਦੀ ਲਹਿਰ ਵਿੱਚ ਕੋਈ ਇੱਕੋ ਕਿਸਮ ਦੀ ਸਾਜਿਸ਼ ਨਜ਼ਰ ਆ ਰਹੀ ਹੋਵੇ। ਕੁੱਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਪਾਕਿਸਤਾਨ ਸਰਕਾਰ ਭਾਰਤ ਨਾਲੋਂ ਇਹ ਸੂਬੇ ਵੱਖ ਕਰਵਾਕੇ ਉਸੇ ਤਰ੍ਹਾਂ ਦਾ ਬਦਲਾ ਲੈਣਾ ਚਾਹੁੰਦਾ ਹੈ, ਜਿਵੇਂ ਭਾਰਤ ਨੇ ਪਾਕਿਸਤਾਨ ਨਾਲੋਂ ਬੰਗਲਾ ਦੇਸ਼ ਨੂੰ ਵੱਖ ਕਰਵਾਇਆ ਸੀ।

ਬਚਨ ਕੌਰ ਨੂੰ ਅਜਿਹੀਆਂ ਖ਼ਬਰਾਂ ਸੁਣ ਸੁਣ ਕੇ 1947 ਦੇ ਰੌਲ਼ਿਆਂ ਦੀ ਯਾਦ ਆ ਰਹੀ ਸੀ। ਉਦੋਂ ਵੀ ਹੁਣ ਵਾਂਗ ਹੀ ਮੁਸਲਮਾਨਾਂ ਨੇ ਵੱਖਰੇ ਦੇਸ਼ ਦੀ ਮੰਗ ਕੀਤੀ ਸੀ। ਉਹ ਡਰਦੀ ਸੀ ਕਿ ਹੁਣ ਕਿਤੇ ਫੇਰ ਉਹੋ ਜਿਹੇ ਦੰਗੇ ਹੀ ਨਾ ਸ਼ੁਰੂ ਹੋ ਜਾਣ। ਜਿਵੇਂ ਪੰਜਾਬ ਵਿੱਚ ਸਿੱਖ ਅੱਤਵਾਦੀ, ਬੱਸਾਂ ਜਾਂ ਦੁਕਾਨਾਂ ਵਿੱਚੋਂ ਕੱਢ ਕੱਢ ਕੇ ਹਿੰਦੂਆਂ ਨੂੰ ਮਾਰ ਰਹੇ ਸਨ ਤੇ ਏਹੋ ਇਹੋ ਅੱਗ ਸਿੱਖਾਂ ਖਿਲਾਫ ਵੀ ਤਾਂ ਭੜਕ ਸਕਦੀ ਸੀ। ਉਸਦਾ ਖ਼ਬਰਾਂ ਸੁਣ ਸੁਣ ਦਿਲ ਦਹਿਲਦਾ। ਰਾਤਾਂ ਨੂੰ ਨੀਂਦ ਨਾ ਆਂਉਦੀ। ਕਦੀ ਵੀ ਭੂਤਰੇ ਹੋਏ ਪੁਲਸ ਵਾਲੇ ਉਸਦੇ ਮੁੰਡਿਆਂ ਨੂੰ ਚੁੱਕ ਕੇ, ਝੂਠਾ ਪੁਲਿਸ ਮੁਕਾਬਲਾ ਬਣਾ ਸਕਦੇ ਸਨ। ਜਾਂ ਫੇਰ ਅੱਤਵਾਦੀ ਦਗੜ ਦਗੜ ਕਰਦੇ ਰੋਟੀ ਖਾਣ, ਜਾਂ ਪਨਾਹ ਲੈਣ ਲਈ ਕਹਿ ਸਕਦੇ ਸਨ। ਉਨ੍ਹਾਂ ਦੀ ਜਾਨ ਵੀ ਬਾਕੀ ਲੋਕਾਂ ਵਾਂਗ ਦੋ ਪੁੜ੍ਹਾਂ ਵਿਚਕਾਰ ਫਸੀ ਹੋਈ ਸੀ।

ਹੁਣ ਤਾਂ ਦਲੇਰ ਸਿੰਘ ਦੀ ਬੰਦੂਕ ਵੀ ਪੁਲਿਸ ਵਾਲੇ ਲੈ ਗਏ ਸਨ। ਉਹ ਤਾਂ ਆਪਣੀ ਰਾਖੀ ਵੀ ਖੁਦ ਨਹੀਂ ਸੀ ਕਰ ਸਕਦੇ। ਉਹ ਸਾਰੀ ਰਾਤ ਜਾਗਦੀ ਤੇ ਆਪਣੇ ਮੁੰਡਿਆਂ ਦੇ ਸਰਾਹਣੇ ਬੈਠੀ ਬਿੜਕਾਂ ਲੈਂਦੀ ਰਹਿੰਦੀ। ਫੇਰ ਪੰਜ ਜੁਲਾਈ ਨੂੰ ਰੇਡੀਉ ਤੋਂ ਇਹ ਖ਼ਬਰ ਆਈ ਕਿ ਕੁੱਝ ਅੱਤਵਾਦੀ ਸਿੱਖਾਂ ਨੇ, ਇੱਕ ਇੰਡੀਅਨ ਏਅਰ ਲਾਈਨ ਦਾ ਜਹਾਜ਼ ਅਗਵਾ ਕਰ ਲਿਆ ਹੈ। ਜੋ ਜੰਮੂ ਤੋਂ ਦਿੱਲੀ ਜਾ ਰਿਹਾ ਸੀ। ਬਚਨ ਕੌਰ ਹੋਰ ਵੀ ਡਰ ਗਈ। ਉਸ ਨੇ ਦੂਸਰੇ ਦਿਨ ਮਨਦੀਪ ਨੂੰ ਰਣੀਏ ਜਾ ਕੇ ਆਪਣੀ ਮਾਂ ਮਹਿਤਾਬ ਕੌਰ ਨੂੰ ਲੈ ਆਉਣ ਲਈ ਕਿਹਾ।

ਮਹਿਤਾਬ ਕੌਰ ਦੇ ਆਉਣ ਨਾਲ ਬਚਨ ਕੌਰ ਨੂੰ ਕੁੱਝ ਹੌਸਲਾ ਹੋ ਗਿਆ। ਹੁਣ ਉਹ ਆਪਣੀ ਮਾਂ ਨਾਲ ਗੱਲਾਂ ਕਰਕੇ ਢਿੱਡ ਹੌਲਾ ਕਰ ਸਕਦੀ ਸੀ। ਦਲੇਰ ਸਿੰਘ ਤਾਂ ਜ਼ਿਆਦਾ ਤਰ ਚੁੱਪ ਹੀ ਰਹਿੰਦਾ ਅਤੇ ਜਾਂ ਫੇਰ ਡਿਊਟੀ ਤੇ ਚਲਾ ਜਾਂਦਾ। ਫੇਰ ਖ਼ਬਰ ਆਈ ਕਿ ਭਾਰਤ ਸਰਕਾਰ ਵਲੋਂ ਕੁੱਝ ਸ਼ਰਤਾਂ ਮੰਨਣ ਤੇ ਅਗਵਾਹਕਾਰਾਂ ਨੇ ਲਹੌਰ ਦੇ ਹਵਾਈ ਅੱਡੇ ਤੇ 264 ਮੁਸਾਫਰਾਂ ਨੂੰ ਛੱਡ ਦਿੱਤਾ ਹੈ। ਹੁਣ ਇਹ ਵੀ ਪਤਾ ਲੱਗਾ ਕਿ ਅਗਵਾਹਕਾਰਾਂ ਦੀ ਗਿਣਤੀ ਅੱਠ ਸੀ। ਪੰਜਾਬ ਵਿੱਚ ਲਹੂ ਦੀ ਹਨੇਰੀ ਤਾਂ ਝੁੱਲ ਹੀ ਰਹੀ ਸੀ ਪਰੰਤੂ 9 ਜੁਲਾਈ ਨੂੰ ਇੱਕ ਜ਼ਬਰਦਸਤ ਕੁਦਰਤੀ ਤੂਫਾਨ ਵੀ ਝੁੱਲਿਆ। ਜਿਸ ਨੇ ਘਰਾਂ ਦੀਆਂ ਛੱਤਾਂ ਉਡਾ ਦਿੱਤੀਆਂ ਅਤੇ ਹਜ਼ਾਰਾਂ ਦਰਖਤ ਪੁੱਟ ਸੁੱਟੇ। ਇੱਕ ਅਜਿਹਾ ਹੀ ਸਿਆਸੀ ਤੂਫਾਨ ਭਾਰਤ ਦੀ ਪਾਰਲੀਮੈਂਟ ਵਿੱਚ ਝੁੱਲ ਰਿਹਾ ਸੀ। ਵਿਰੋਧੀ ਧਿਰ ਇੰਦਰਾ ਸਰਕਾਰ ਨੂੰ ਸਾਕਾ ਨੀਲਾ ਤਾਰਾ ਬਾਰੇ ਵਾਈਟ ਪੇਪਰ ਜ਼ਾਰੀ ਕਰਨ ਲਈ ਮਜ਼ਬੂਰ ਕਰ ਰਹੀ ਸੀ। ਜੋ ਕਿ ਸਰਕਾਰ ਨੇ ਗਿਆਰਾਂ ਜੁਲਾਈ ਨੂੰ ਜ਼ਾਰੀ ਕਰ ਦਿੱਤਾ। ਪੰਜਾਬ ਦੇ ਲੋਕ ਹੁਣ ਅਜਿਹੇ ਅਨੇਕਾਂ ਤੂਫਾਨਾ ਵਿੱਚ ਘਿਰੇ ਹੋਏ ਮਹਿਸੂਸ ਕਰ ਰਹੇ ਸਨ।

ਫੇਰ ਮਨਦੀਪ ਨੇ ਵਕਤ ਪਾਸ ਕਰਨ ਲਈ ਦੋ ਖਰਗੋਸ਼ ਪਾਲ਼ ਲਏ। ਉਨ੍ਹਾਂ ਲਈ ਵਿਹੜੇ ਦੀ ਇੱਕ ਨੁੱਕਰ ਵਿੱਚ ਖੁੱਡਾ ਬਣਾਇਆ। ਦਲੇਰ ਸਿੰਘ ਨੂੰ ਮਨਦੀਪ ਦਾ ਖਰਗੋਸ਼ ਪਾਲਣਾ ਵੀ ਚੰਗਾ ਨਹੀਂ ਸੀ ਲੱਗਿਆ। ਇੱਕ ਦਿਨ ਉਸ ਨੇ ਬਚਨ ਕੌਰ ਨੂੰ ਕਿਹਾ “ਕੀ ਇਹਨੇ ਇਹ ਵਿਹਲੜਾ ਵਾਲੇ ਕੰਮ ਫੜ ਲਏ ਨੇ? ਸਹੇ ਰੱਖਣੇ, ਸੂਰ ਰੱਖਣੇ, ਮੁਰਗ਼ੇ ਪਾਲਣੇ ਜਾਂ ਕਬੂਤਰ ਰੱਖਣ,ੇ ਕੀ ਭਲਾਂ ਸ਼ੋਭਾ ਦਿੰਦੇ ਨੇ? ਹੁਣ ਪੜ੍ਹਾਈ ਤਾਂ ਏਹਨੇ ਚੱਜ ਨਾਲ ਕੀਤੀ ਨੀ… ਤੇ ਆਹ ਲੰਡਰਾਂ ਵਾਲੇ ਕੰਮ ਫੜ ਲਏ। ਇਹ ਨੂੰ ਕਹਿ ਕੋਈ ਨੌਕਰੀ ਨੂਕਰੀ ਲੱਭੇ। ਮੈਂ ਕਿੰਨਾ ਕੁ ਚਿਰ ਕਮਾਈ ਜਾਊਂ? ਸਾਰੀ ਉਮਰ ਤਾਂ ਫੌਜ ਵਿੱਚ ਗਾਲ਼ਤੀ। ਹੁਣ ਰਿਟਾਇਰਮੈਂਟ ਲੈ ਕੇ ਵੀ ਮੈਨੂੰ ਟੇਕ ਨੀ”

“ਕੋਈ ਨਾ ਮੈਂ ਕਹਿ ਦਮਾਂਗੀ। ਜੇ ਨੌਕਰੀ ਕਿਤੇ ਮਿਲੂ ਤਾਂ ਹੀ ਉਹ ਵਿਚਾਰਾ ਕਰੂ …। ਉੱਤੋਂ ਇਹ ਰੌਲ਼ੇ ਰੱਪੇ ਪਏ ਹੋਏ ਨੇ। ਘੱਟੋ ਘੱਟ ਉਹ ਘਰ ਅੱਖਾਂ ਸਾਹਮਣੇ ਤਾਂ ਰਹਿੰਦਾ ਹੈ। ਜੇ ਤੰਗ ਹੋਇਆ ਅੱਤਵਾਦੀ ਮੁੰਡਿਆਂ ਨਾ ਜਾ ਰਲ਼ਿਆ ਫੇਰ ਕੀ ਕਰਲਾਂਗੇ? ਤੇ ਦੂਜਿਆਂ ਦੀ ਵੀ ਜ਼ਿੰਦਗੀ ਖਰਾਬ ਹੋਜੂ। ਮਨਦੀਪ ਦੇ ਬਾਪੂ ਤੂੰ ਢਕਿਆ ਰਹਿ ਅਜੇ। ਮੁੰਡੇ ਨੂੰ ਮੈ ਆਪੇ ਕਹਿ ਦਊਂ….”

ਫੇਰ ਦਲੇਰ ਸਿੰਘ ਦਾ ਵੀ ਗਰਗੋਸ਼ਾਂ ਵਿੱਚ ਮੋਹ ਜਾਗ ਪਿਆ। ਉਹ ਉਨ੍ਹਾਂ ਨੂੰ ਰੋਟੀ ਤੋੜ ਤੋੜ ਖੁਆਇਆ ਕਰੇ। ਬਚਨ ਕੌਰ ਨੂੰ ਵਕਤ ਪਾਸ ਕਰਨ ਦਾ ਵਸੀਲਾ ਮਿਲ ਗਿਆ। ਛੋਟੇ ਵੀ ਉਨ੍ਹਾਂ ਨਾਲ ਖੇਡਿਆ ਕਰਨ। ਵਿਹੜੇ ਵਿੱਚ ਠੁਮਕ ਠੁਮਕ ਕਰਦੇ ਫਿਰਦੇ ਉਹ ਬਹੁਤ ਹੀ ਸੋਹਣੇ ਲੱਗਿਆ ਕਰਨ। ਇੱਕ ਚਿੱਟਾ ਨਿਸ਼ੋਹ ਖਰਗੋਸ਼ ਤਾਂ ਜਿਵੇਂ ਰੂੰ ਦੀ ਲੱਪ ਹੋਵੇ ਤੇ ਦੂਸਰਾ ਚਿੱਟਾ ਭੂਰਾ ਜਿਹਾ। ਲਾਲਾਂ ਵਾਂਗ ਦਗਦੀਆਂ ਉਨ੍ਹਾਂ ਦੀਆਂ ਖੂਬਸੂਰਤ ਅੱਖਾਂ ਵੇਖ ਕੇ ਜਾਣੋ ਭੁੱਖ ਲਹਿੰਦੀ। ਮਨਦੀਪ ਨੇ ਗਰਗੋਸ਼ਾਂ ਦੇ ਇਹ ਨਿੱਕੇ ਬੱਚੇ ਆਪਣੇ ਕਿਸੇ ਦੋਸਤ ਕੋਲੋ ਲਏ ਸਨ। ਹੁਣ ਤਾਂ ਇਹ ਜਿਵੇਂ ਪਰਿਵਾਰ ਦਾ ਹਿੱਸਾ ਹੀ ਬਣ ਗਏ ਸਨ।

ਇਸੇ ਤਰ੍ਹਾਂ ਮਨਦੀਪ ਨੂੰ ਉਸਦੇ ਦੋਸਤ ਕ੍ਰਿਸ਼ਨ ਕੌਸ਼ਲ ਨੇ ਇੱਕ ਨਿੱਕਾ ਜਿਹਾ ਕਤੂਰਾ ਦਿੱਤਾ ਸੀ। ਜਿਸ ਦਾ ਨਾਂ ਟੋਮੀ ਸੀ। ਟੋਮੀ ਵੀ ਹੁਣ ਵੱਡਾ ਹੋ ਗਿਆ ਸੀ। ਵੱਡੀ ਗੱਲ ਤਾਂ ਇਹ ਸੀ ਕਿ ਟੋਮੀ ਨੇ ਵੀ ਗਰਗੋਸ਼ਾਂ ਨੂੰ ਆਪਣੇ ਸਮਝ ਲਿਆ ਸੀ। ਤਿੰਨੋ ਰਲ਼ ਕੇ ਵਿਹੜੇ ਵਿੱਚ ਖੇਡਦੇ। ਉਹ ਟੋਮੀ ਦੀ ਕਦੇ ਪੂਛ ਖਿੱਚਦੇ ਤੇ ਕਦੀ ਲਾਡ ਕਰਦੇ। ਉਹ ਸਾਰੇ ਜਿਵੇਂ ਇੱਕੋ ਪਰਿਵਾਰ ਦਾ ਹਿੱਸਾ ਸਨ। ਟੋਮੀ ਕਿਸੇ ਬਿੱਲੀ ਨੂੰ ਦੇਖ ਲੈਂਦਾ ਤਾਂ ਖਰਗੋਸ਼ਾਂ ਨੂੰ ਬਚਾਉਣ ਲਈ ਉਸ ਦੇ ਮਗਰ ਪੈ ਜਾਂਦਾ। ਮਨਦੀਪ ਸੋਚੀਂ ਪੈ ਜਾਂਦਾ ਕਿ “ਕਾਸ਼ ਬੰਦਾ ਕੁੱਝ ਜਾਨਵਰਾਂ ਤੋਂ ਹੀ ਸਿੱਖ ਲਵੇ”

ਹ 27 ਜੁਲਾਈ ਦੀ ਸਵੇਰ ਸੀ। ਇੱਕ ਬਿੱਲੀ ਆਪਣਾ ਦਾਅ ਲਾਉਣ ਵਿੱਚ ਕਾਮਯਾਬ ਹੋ ਗਈ। ਪਤਾ ਉਦੋਂ ਹੀ ਲੱਗਿਆ ਜਦੋਂ ਖੁੱਡੇ ਵਿੱਚ ਦੋਨੋ ਖਰਗੋਸ਼ ਮਾਰ ਕੇ ਬਿੱਲੀ ਖਾਅ ਗਈ। ਬਿਲਕੁੱਲ ਉਸੇ ਤਰ੍ਹਾਂ ਜਿਵੇਂ ਅੱਤਵਾਦੀ ਅਤੇ ਪੰਜਾਬ ਪੁਲੀਸ ਵਾਲੇ ਦਾਅ ਲਾਂਉਂਦੇ ਸਨ। ਮਨਦੀਪ ਦੀ ਉਦਾਸੀ ਦੀ ਕੋਈ ਹੱਦ ਨਾ ਰਹੀ। ਬਚਨ ਕੌਰ ਨੇ ਉਸ ਦਿਨ ਰੋਟੀ ਨਾ ਖਾਧੀ ਅਤੇ ਟੋਮੀ ਵਾਰ ਵਾਰ ਖੁੱਡੇ ਅੱਗੇ ਜਾ ਕੇ ਆਪਣੇ ਦੋਸਤਾਂ ਨੂੰ ਲੱਭਦਾ ਅਤੇ ਰੋਂਦਾ ਰਿਹਾ। ਪਰ ਮਨੁੱਖਾਂ ਵਿੱਚ ਤਾਂ ਇਹ ਭਾਵਨਾਵਾਂ ਜਿਵੇਂ ਮਰ ਹੀ ਚੁੱਕੀਆਂ ਸਨ। ਜੀਵਨ ਦਾ ਕੋਈ ਮੁੱਲ ਹੀ ਨਹੀਂ ਸੀ ਰਹਿ ਗਿਆ।

ਪੰਜਾਬ ਸਰਕਾਰ ਨੇ ਮੁਲਤਵੀ ਹੋਏ ਪੇਪਰ ਫੇਰ ਤੋਂ ਸ਼ੁਰੂ ਕਰਵਾ ਦਿੱਤੇ। ਜਿਸ ਦਿਨ ਖਰਗੋਸ਼ ਮਾਰੇ ਗਏ ਮਨਦੀਪ ਦਾ ਉਸੇ ਦਿਨ ਪਹਿਲਾ ਪਰਚਾ ਸੀ। ਪਰ ਉਸਦਾ ਮਨ ਬੇਹੱਦ ਖਰਾਬ ਹੋਣ ਕਾਰਨ ਪੇਪਰ ਵਿੱਚ ਵੀ ਦਿਲ ਨਹੀਂ ਸੀ ਲੱਗਿਆ। ਉਧਰ 28 ਜੁਲਾਈ ਨੂੰ ਲਾਂਸ ਏਂਜਲਜ਼ ਅਮਰੀਕਾ ਤੋਂ ਉਲੰਪਿਕ ਖੇਡਾਂ ਦਾ ਪ੍ਰਸਾਰਣ ਸ਼ੁਰੂ ਹੋ ਗਿਆ। ਤਾਂ ਕਿਤੇ ਜਾਕੇ ਉਸਦੀ ਉਦਾਸੀ ਨੂੰ ਮੋੜ ਪਿਆ।

ਮਨਦੀਪ ਦੀ ਹਾਕੀ ਵਿੱਚ ਬੇਹੱਦ ਦਿਲਚਸਪੀ ਸੀ, ਪਰ ਮਨ ਦੀ ਪੀੜ ਘਟਣ ਦਾ ਨਾਂ ਨਹੀਂ ਸੀ ਲੈ ਰਹੀ। ਇਸੇ ਦਿਨ ਜਲੰਧਰ ਤੋਂ ਨਿੱਕਲਦੇ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਸਾਧੂ ਸਿੰਘ ਹਮਦਰਦ ਦੀ ਵੀ ਮੌਤ ਹੋ ਗਈ। ਮਨਦੀਪ ਸੋਚਦਾ ਸੀ ਪੰਜਾਬ ਵਿੱਚ ਅੱਗ ਦਾ ਭਾਂਬੜ ਬਾਲਣ ਲਈ ਅਤੇ ਹਿੰਦੂ ਸਿੱਖਾਂ ਵਿੱਚ ਨਫਰਤ ਦੀ ਲਕੀਰ ਖਿੱਚਣ ਲਈ ਜਲੰਧਰ ਦੀਆਂ ਦੋ ਅਖਬਾਰਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਉਹ ਦੋਨੋ ਸੰਪਾਦਕ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਬਾਲੇ ਭਾਂਬੜ ਜ਼ਾਰੀ ਸਨ।

ਇੱਕ ਦਿਨ ਮਨਦੀਪ ਰੇਡੀਉ ਤੋਂ ਭਾਰਤ ਅਤੇ ਅਮਰੀਕਾ ਵਿਚਕਾਰ ਹੋ ਰਹੇ ਹਾਕੀ ਮੈਚ ਦੀ ਕੂਮੈਂਟਰੀ ਸੁਣ ਰਿਹਾ ਸੀ। ਜਸਦੇਵ ਸਿੰਘ ਸਿੰਘ ਅਤੇ ਯੋਗਾ ਰਾਉ ਬਹੁਤ ਹੀ ਕਮਾਲ ਦੀ ਕੁਮੈਂਟਰੀ ਕਰ ਰਹੇ ਸਨ। ਜਸਦੇਵ ਸਿੰਘ ਜਿਸ ਦਾ ਤਾਂ ਕੁਮੈਂਟਰੀ ਕਰਨ ਵਿੱਚ ਕੋਈ ਸਾਹਨੀ ਹੀ ਨਹੀਂ ਸੀ। ਉਸਨੇ ਉਥੋਂ ਦਾ ਪੂਰਾ ਮਹੌਲ ਸਿਰਜ ਦਿੱਤਾ। ਜਿਵਂੇ ਸਰੋਤੇ ਖੁਦ ਹੀ ਲਾਸ ਏਜਲਜ਼ ਦੇ ਸਟੁਡੀਉ ਵਿੱਚ ਬੈਠੇ ਹੋਣ। ਉਹ ਉੱਥੋਂ ਦੇ ਮੌਸਮ ਦੇ ਨਾਲ ਨਾਲ ਸ਼ਹਿਰ ਦੀ ਆਬਾਦੀ, ਸੜਕਾਂ, ਆਵਾਜਾਈ ਦੱਸ ਕੇ ਇੱਕ ਸਫਰਨਾਮੇ ਦਾ ਸਵਾਦ ਵੀ ਦੇ ਰਿਹਾ ਸੀ। ਅੰਤ ਨੂੰ ਭਾਰਤ ਪੰਜ ਗੋਲਾਂ ਨਾਲ ਜਿੱਤਾ ਗਿਆ। ਮਨਦੀਪ ਵਿੱਚ ਵੀ ਅੱਜ ਦੇਸ਼ ਭਗਤੀ ਦੀ ਭਾਵਨਾ ਸ਼ਿਖਰ ਤੇ ਸੀ। ਉਸ ਨੂੰ ਵੀ ਆਪਣਾ ਮੁਲਕ ਜਿੱਤਦਾ ਚੰਗਾ ਲੱਗਦਾ ਸੀ। ਪਰ ਖਾੜਕੂਆਂ ਨੂੰ ਹੁਣ ਇਹ ਮੁਲਕ ਆਪਣਾ ਨਹੀਂ ਸੀ ਲੱਗ ਰਿਹਾ। ਉਹ ਉਸ ਨੂੰ ਤੋੜ ਮਰੋੜ ਦੇਣਾ ਚਾਹੁੰਦੇ ਸਨ ਤੇ ਇੱਕ ਨਵਾਂ ਮੁਲਕ ਸਿਰਜਣਾ ਚਾਹੁੰਦੇ ਸਨ। ਪਰ ਇਹ ਸਾਰੇ ਸਿੱਖਾਂ ਦੀ ਮੰਗ ਨਹੀਂ ਸੀ।

ਫੇਰ ਇੱਕ ਅਗਸਤ ਦੇ ਮੈਚ ਵਿੱਚ ਭਾਰਤ ਨੇ ਮਲੇਸ਼ੀਆ ਨੂੰ ਤਿੰਨ ਇੱਕ ਦੇ ਮੁਕਾਬਲੇ ਨਾਲ ਹਰਾ ਦਿੱਤਾ। ਤੇ ਦੂਸਰੇ ਦਿਨ ਸਪੇਨ ਨੂੰ ਵੀ ਚਾਰ ਤਿੰਨ ਨਾਲ ਮਾਤ ਦੇ ਦਿੱਤੀ। ਭਾਰਤ ਦੀਆਂ ਜਿੱਤਾਂ ਲਈ ਪੰਜਾਬ ਦੀ ਜਨਤਾਂ ਵੀ ਬਾਕੀ ਦੇਸ਼ ਵਾਂਗੂੰ ਹੀ ਦੁਆਵਾਂ ਕਰਦੀ ਸੀ। ਸਾਰਾ ਦੇਸ਼ ਇੱਕ ਹੋ ਰਿਹਾ, ਵੱਖਵਾਦੀਆਂ ਨੂੰ ਇਹ ਚੰਗਾ ਨਹੀਂ ਸੀ ਲੱਗ ਰਿਹਾ। ਤਿੰਨ ਅਗਸਤ ਨੂੰ ਉਨ੍ਹਾਂ ਮਦਰਾਸ ਏਅਰ ਪੋਰਟ ਤੇ ਜ਼ਬਰਦਸਤ ਬੰਬ ਧਮਾਕਾ ਕਰਾ ਦਿੱਤਾ। ਜਿਸ ਵਿੱਚ 29 ਲੋਕ ਮਾਰੇ ਗਏ। ਖੇਡਾਂ ਤੇ ਫੋਕਸ ਹੋਇਆ ਮੀਡੀਆ ਇੱਕ ਦਮ ਫੇਰ ਅੱਤਵਾਦ ਵਲ ਮੋੜ ਕੱਟ ਗਿਆ। ਖਿਡਾਰੀਆਂ ਦਾ ਧਿਆਨ ਵੀ ਤਾਂ ਦੇਸ਼ ਵਲ ਪਰਤਿਆ ਹੋਵੇਗਾ। ਜਾਂ ਫੇਰ ਇਸ ਫਿਕਰ ਨੇ ਮਾਨਸਿਕਤਾ ਨੂੰ ਕਮਜ਼ੋਰ ਕੀਤਾ ਹੋਊ। ਸੱਤ ਅਗਸਤ ਦੇ ਮੈਚ ਵਿੱਚ ਭਾਰਤ ਦੀ ਟੀਮ ਵਧੀਆ ਪ੍ਰਦਰਸ਼ਨ ਨਾ ਕਰ ਸਕੀ ਤੇ ਮੈਚ ਜਰਮਨ ਨਾਲ ਬਰਾਬਰ ਰਹਿ ਗਿਆ। ਹੁਣ ਕਰੋ ਜਾਂ ਮਰੋ ਵਾਲੀ ਸਥਿਤੀ ਪੈਦਾ ਹੋ ਗਈ। ਪਰ ਅੰਕਾਂ ਦੇ ਆਧਾਰ ਤੇ ਭਾਰਤ ਸੈਮੀਫਾਈਨਲ ਵਿੱਚੋਂ ਬਾਹਰ ਹੋ ਗਿਆ। ਬਾਕੀ ਭਾਰਤੀਆਂ ਵਾਂਗ ਮਨਦੀਪ ਦਾ ਦਿਲ ਵੀ ਟੁੱਟ ਗਿਆ। ਇਸੇ ਸਮੇਂ ਦੌਰਾਨ ਉਸਦੇ ਸਲਾਨਾ ਪੇਪਰ ਵੀ ਖਤਮ ਹੋ ਗਏ। ਪਰ ਅੱਤਵਾਦੀਆ ਦਾ ਹੌਸਲਾ ਬਿਲਕੁੱਲ ਨਹੀਂ ਟੁੱਟਿਆ ਤੇ ਨਾਂ ਹੀ ਜ਼ਬਰ ਦਾ ਦੌਰ ਖਤਮ ਹੋਇਆ।

ਫੇਰ 14 ਅਗਸਤ ਦੀ ਦੀ ਸ਼ਾਮ ਨੂੰ, ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਜਦੋਂ ਰਾਸ਼ਟਰਪਤੀ ਨੇ ਦੇਸ਼ ਦੇ ਨਾਂ ਆਪਣਾ ਸੰਦੇਸ਼ ਪੜ੍ਹਿਆ ਤਾਂ ਉਸ ਦੀ ਆਵਾਜ਼ ਵਿੱਚ ਪਹਿਲਾਂ ਵਾਲੀ ਤਰੋ ਤਾਜ਼ਗੀ ਨਹੀਂ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਦਾ ਲਿਖਵਾਇਆਂ ਭਾਸ਼ਨ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਜ਼ਬਰਦਸਤੀ ਪੜ੍ਹਾਇਆ ਜਾ ਰਿਹਾ ਹੋਵੇ। ਗਿਆਨੀ ਜ਼ੈਲ ਸਿੰਘ ਅੱਜ ਕੋਈ ਕਠਪੁਤਲੀ ਜਾਪ ਰਹੇ ਸਨ। ਤੇ ਸਰੁੱਖਿਆ ਫੋਰਸਾਂ ਦੇ ਜਮਘਟੇ ਵਿੱਚ ਮਨਾਇਆ ਜਾ ਰਿਹਾ ਆਜ਼ਾਦੀ ਦਿਵਸ ਇੱਕ ਡਰਾਮਾ ਲੱਗ ਰਿਹਾ ਸੀ। ਕਿੱਥੇ ਸੀ ਆਜ਼ਾਦੀ? ਸਮਾਂ ਸਵਾਲ ਕਰਦਾ ਰਿਹਾ।

14 ਅਕਤੂਬਰ 1984 ਨੂੰ ਮਨਦੀਪ ਦੇ ਚਾਚੇ ਹਰਮੀਤ ਸਿੰਘ ਦੇ ਘਰੇ ਆਖੰਡਪਾਠ ਖੁਲਵਾਇਆ ਗਿਆ, ਕਿਉਂਕਿ ਉਸੇ ਹਫਤੇ ਉਸ ਨੇ ਬਿਦੇਸ਼ ਨੂੰ ਪਰਤਣਾ ਸੀ। ਪਰ ਰਿਸ਼ਤੇਦਾਰਾ ਦੀ ਆਮਦ ਫਿੱਕੀ ਰਹੀ। ਕਰਫਿਊ ਕਦੋਂ ਲੱਗ ਜਾਵੇ ਜਾਂ ਕਦੋਂ ਬੱਸਾਂ ਬੰਦ ਹੋ ਜਾਣ ਕੋਈ ਪਤਾ ਨਹੀਂ ਸੀ। ਲੋਕ ਡਰਦੇ ਘਰਾਂ ਤੋਂ ਬਾਹਰ ਨਾ ਨਿੱਕਲਦੇ।
ਫੇਰ ਮਨਦੀਪ ਅਤੇ ਉਸਦਾ ਪਿਤਾ ਦਲੇਰ ਸਿੰਘ ਹਰਮੀਤ ਨੂੰ ਦਿੱਲੀ ਏਅਰ ਪੋਰਟ ਤੇ ਛੱਡਣ ਗਏ। ਬੱਸ ਵਿੱਚ ਉਹ ਸਿਰਫ ਤਿੰਨੋ ਜਾਣੇ ਪੱਗਾਂ ਵਾਲੇ ਸਨ। ਜਦੋਂ ਉਨ੍ਹਾਂ ਨੇ ਦੋਰਾਹਾ ਬੱਸ ਅੱਡੇ ਤੋਂ ਦਿੱਲੀ ਲਈ ਹਰਿਆਣਾ ਰੋਡਵੇਜ਼ ਦੀ ਬੱਸ ਪਕੜੀ ਸੀ ਤਾਂ ਸਰੱਖਿਆ ਕਰਮਚਾਰੀਆਂ ਦੇ ਨਾਲ ਨਾਲ ਸਵਾਰੀਆਂ ਦੀ ਅੱਗ ਬਰਸਾਉਂਦੀ ਨਜ਼ਰ ਉਨ੍ਹਾਂ ਤੇ ਘੁੰਮੀ। ਜਿਵੇਂ ਹਰ ਪੱਗ ਵਾਲਾ ਸਿੱਖ ਹੀ ਅੱਤਵਾਦੀ ਹੋਵੇ। ਭਾਰਤੀ ਮੀਡੀਆਂ ਨੇ ‘ਸਿੱਖ ਅੱਤਵਾਦੀ’ ਕਹਿ ਕਹਿ ਕੇ ਇਹ ਪੱਕਾ ਵੀ ਤਾਂ ਕਰ ਦਿੱਤਾ ਸੀ।

ਬੱਸ ਚੜ੍ਹਨ ਤੋਂ ਪਹਿਲਾਂ ਹਰਮੀਤ ਨੇ, ਵਿੱਛੜ ਜਾਣ ਦੇ ਸੋਗ ਵਿੱਚ, ਵਿਦਾ ਕਰਨ ਆਏ ਮਹਿਮਾਨਾਂ ਨਾਲ, ਦਾਰੂ ਵੀ ਪੀਤੀ ਸੀ। ਜਿਸ ਕਰਕੇ ਇੱਕ ਜਗਾ ਉਸ ਨੂੰ ਪਿਸ਼ਾਬ ਦਾ ਜ਼ੋਰ ਪੈ ਗਿਆ। ਉਸ ਨੇ ਕੰਡਕਟਰ ਨੂੰ ਆਪਣੀ ਸਮੱਸਿਆ ਦੱਸੀ ਅਤੇ ਬੱਸ ਰੋਕਣ ਲਈ ਕਿਹਾ। ਪਰ ਕੰਟਕਟਰ ਉਸ ਨੂੰ ਬਹੁਤ ਗਲਤ ਬੋਲਿਆ ਸੀ।“ਕਿ ਸਾਲੇ, ਆਪ ਨੇ ਪੰਜਾਬ ਸਮਝ ਰੱਖਾ ਹੈ ਕਿ ਜਹਾ ਚਾਹਾ ਬੱਸ ਕੋ ਰੋਕ ਡਾਲਾ…? ਯਹ ਤੇਰੇ ਬਾਪ ਕੀ ਬੱਸ ਹੈ ਕਿਆ? ਕਿ ਕਹੀ ਵੀ ਰੋਕ ਲੀ। ਮੰਨੇ ਅਗਰ ਸੀ ਆਰ ਪੀ ਕੋ ਕਹਿ ਦੀਆ ਤੋ ਤੇਰੀ ਖੈਰ ਨੀ। ਮੂਤਰ ਵੀ ਪੈਂਟ ਮੇਂ ਹੀ ਨਿਕਲੇਗਾ ਸਮਝਾ…” ਅੜ੍ਹਬ ਹਰਮੀਤ ਅੱਜ ਬੇਵਸ ਹੋਇਆ ਖੁਦ ਨੂੰ ਹੀ ਲਾਹਣਤਾ ਪਾ ਰਿਹਾ ਸੀ ਉਸ ਰਾਤ ਨੂੰ ਦਿੱਲੀ ਜਾਕੇ ਉਨ੍ਹਾਂ ਪਹਾੜ ਗੰਜ ਵਿੱਚ ਕਮਰਾ ਲੈਣਾ ਸੀ, ਪਰ ਸਭ ਹੋਟਲਾਂ ਵਾਲੇ ਉਨ੍ਹਾਂ ਨੂੰ ਸ਼ੱਕੀ ਸਮਝ ਕੇ ਕਮਰਾ ਦੇਣ ਤੋਂ ਸਿਰ ਫੇਰ ਗਏ ਸਨ। ਇਹ ਉਹ ਹੀ ਦੇਸ਼ ਸੀ ਜਿਸ ਲਈ ਦਲੇਰ ਸਿੰਘ ਨੇ ਸਾਰੀ ਉਮਰ ਨੌਕਰੀ ਕੀਤੀ ਤੇ ਜਿਸ ਦੀ ਰੱਖਿਆ ਲਈ ਤਿੰਨ ਜੰਗਾਂ ਲੜ੍ਹੀਆਂ ਸਨ। ਕੀ ਅੱਜ ਉਸੇ ਦੇਸ਼ ਲਈ ਉਹ ਗ਼ਦਾਰ ਹੋ ਗਿਆ ਸੀ? ਦਿੱਲੀ ਵਿੱਚ ਥਾਂ ਥਾਂ ਸ਼ੱਕੀ ਅੱਤਵਾਦੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਏਹੋ ਜਿਹੇ ਮਹੌਲ ਵਿੱਚ ਤਾਂ ਸ਼ਹਿਰ ਵਿੱਚ ਘੁੰਮਣਾ ਵੀ ਜਾਨ ਖਤਰੇ ਵਿੱਚ ਪਾਉਣ ਵਾਲੀ ਗੱਲ ਸੀ। ਹਰਮੀਤ ਸਿੰਘ ਨੇ ਦੂਸਰੇ ਦਿਨ ਛੇ ਵਜੇ ਜਹਾਜ਼ ਚੜ੍ਹਨਾ ਸੀ। ਉਨ੍ਹਾਂ ਨੂੰ ਮਜ਼ਬੂਰਨ ਗੁਰਦੁਵਾਰਾ ਸ਼ੀਸ਼ ਗੰਜ ਸਾਹਿਬ ਦੀ ਸਰਾਂ ਵਿੱਚ ਹੀ ਰਾਤ ਕੱਟਣੀ ਪਈ।

ਇਹ ਉਹ ਹੀ ਸਥਾਨ ਸੀ ਜਿੱਥੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਬਚਾਉਣ ਲਈ ਕੁਰਬਾਨੀ ਦਿੱਤੀ ਸੀ। ਉਸੇ ਚਾਂਦਨੀ ਚੌਂਕ ਦੁਆਲੇ ਬਣੇ ਹੋਟਲਾਂ ਵਿੱਚ ਇੱਕ ਸਧਾਰਨ ਸਿੱਖ ਨੂੰ ਕੋਈ ਕਿਰਾਏ ਦਾ ਕਮਰਾ ਦੇਣ ਲਈ ਵੀ ਤਿਆਰ ਨਹੀਂ ਸੀ।

21 ਅਕਤੂਬਰ ਦੀ ਸਵੇਰ ਨੂੰ ਇਸ਼ਨਾਨ ਕਰ, ਗੁਰਦੁਵਾਰਾ ਸਾਹਿਬ ਮੱਥਾ ਟੇਕ, ਤੜਕੇ ਤਿੰਨ ਵਜੇ ਉਹ ਇੱਕ ਆਟੋ ਰਿਕਸ਼ੇ ਨੂੰ ਦੁੱਗਣੇ ਪੈਸੇ ਦੇ ਕੇ, ਮਸਾਂ ਹੀ ਉਹ ਅੰਤਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ। ਵਿਛੜਨ ਲੱਗੇ ਹਰਮੀਤ ਨੇ ਮਨਦੀਪ ਨੂੰ ਕਿਹਾ ਸੀ “ਨਿੱਕਲ ਜਾ ਏਸ ਮੁਲਕ ‘ਚੋਂ ਹੁਣ ਏਥੇ ਰਹਿਣ ਦਾ ਕੋਈ ਹੱਜ ਨਹੀਂ। ਮੈਂ ਕਰਾਂਗਾ ਤੇਰੀ ਮੱਦਦ” ਤੇ ਦਲੇਰ ਸਿੰਘ ਦੇ ਮਨ ਵਿੱਚ ਵੀ ਪੁੱਤ ਨੂੰ ਸਮੁੰਦਰੋਂ ਪਾਰ ਭੇਜਣ ਦੀ ਰੀਝ ਉੱਸਲਵੱਟੇ ਲੈਣ ਲੱਗੀ।

ਹਰਮੀਤ ਨੂੰ ਜਹਾਜ਼ ਚੜ੍ਹਾ ਕੇ, ਉਹ ਖੁਦ ਬੱਸ ਚੜਾ੍ਹ ਪਿੰਡ ਪਰਤ ਆਏ। ਤੇ ਸ਼ੁਕਰ ਕੀਤਾ ਕਿ ਉਹ ਇੱਕ ਦਹਿਸ਼ਤ ਦਾ ਸਮੁੰਦਰ ਪਾਰ ਕਰਕੇ ਸਹੀ ਸਲਾਮਤ ਘਰ ਪਰਤ ਆ ਗਏ ਹਨ। ਰਸਤੇ ਵਿੱਚ ਤਾਂ ਹਰ ਪਾਸੇ ਹੀ ਸ਼ੱਕ ਦੀ ਅਗਨੀ ਪ੍ਰਚੰਡ ਸੀ। ਮਨਦੀਪ ਨੇ ਏਸੇ ਨੂੰ ਆਧਾਰ ਬਣਾ ਕੇ ਇੱਕ ਕਹਾਣੀ ਲਿਖੀ ‘ਤੱਤੀਆਂ ਹਵਾਵਾਂ’। ਇਹ ਕਹਾਣੀ ਉਸ ਨੇ ਕ੍ਰਿਸ਼ਨ ਕੌਸ਼ਲ ਨੂੰ ਸੁਣਾਈ। ਜੋ ਹੁਣ ਉਸ ਨੇ ਅਗਲੀ ਸਾਹਿਤਕ ਮੀਟਿੰਗ ਵਿੱਚ ਪੜ੍ਹਨੀ ਸੀ।

ਇਹ 31 ਅਕਤੂਬਰ ਦੀ 1984 ਦੀ ਸਵੇਰ ਸੀ। ਸਮਾਂ ਤਕਰੀਬਨ ਗਿਆਰਾਂ ਕੁ ਵਜੇ ਦਾ। ਮਨਦੀਪ ਆਪਣੀ ਬੈਠਕ ਵਿੱਚ, ਸੜਕ ਵਲ ਦੀ ਬਾਰੀ ਖੋਹਲ ਕੇ ਕੋਈ ਸਾਹਿਤਕ ਕਿਤਾਬ ਪੜ੍ਹ ਰਿਹਾ ਸੀ। ਅਚਾਨਕ ਭਜਨੇ ਦਾ ਦੀਪਾ ਬਾਰੀ ਅੱਗੇ ਬਾਘੀਆਂ ਪਾਉਂਦਾ ਆਇਆ। ਉਹ ਕਹਿ ਰਿਹੳ ਸੀ “ਮੁਬਾਰਕਾਂ ਮਨਦੀਪ ਚੱਕ ਦਿੱਤੀ ਫੇਰ ਸਿੰਘਾਂ ਨੇ ਵਾਹ…ਲੈ ਲਿਆ ਬਦਲਾ”

ਮਨਦੀਪ ਨੇ ਪੁੱਛਿਆ ਕੀ ਹੋਇਆ? ਕੌਣ ਚੱਕਤੀ? “ਇੰਦਰਾਂ ਗਾਂਧੀ ਚੱਕਤੀ…ਬੀ ਬੀ ਸੀ ਲਾ ਹੁਣੇ…। ਸੁਣ ਖਬਰਾਂ…। ਅੱਜ ਤਾਂ ਲੱਡੂ ਵੰਡਣ ਨੂੰ ਜੀ ਕਰਦਾ ਏ ਉਏ ਜੱਟ ਦਾ…।ਯਾਰ ਇਹ ਤਾਂ ਕੋਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੰਮ ਪਏ। ਜਿਵੇਂ ਉਨ੍ਹਾਂ ਮੱਸੇ ਰੰਘੜ ਨੂੰ ਸੋਧਿਆ ਸੀ, ਬੱਸ ਓਸੇ ਤਰ੍ਹਾਂ ਸੋਧ ਤੀ ਸਿੰਘਾਂ ਨੇ” ਉਹ ਅਜੇ ਵੀ ਬਾਘੀਆਂ ਪਾ ਰਿਹਾ ਸੀ। ਪਰ ਮਨਦੀਪ ਤਾਂ ਸੁਣਕੇ ਹਿੱਲ ਗਿਆ ਅਤੇ ਉਦਾਸੀ ਵਿੱਚ ਡੁੱਬ ਗਿਆ।

ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਇਸ ਨਾਲ ਤਾਂ ਅੱਗ ਹੋਰ ਭੜਕੇਗੀ। ਆਖਰ ਉਹ ਦੇਸ਼ ਦੀ ਪ੍ਰਧਾਨ ਮੰਤਰੀ ਸੀ। ਸਾਰੀ ਦੁਨੀਆਂ ਉਸ ਦੀਦੀ ਕਦਰ ਕਰਦੀ ਸੀ। ਹਾਂ ਠੀਕ ਹੈ ਉਸਦੇ ਘਟੀਆ ਸਲਾਹਕਾਰਾਂ ਅਤੇ ਚਾਪਲੂਸਾਂ ਨੇ ਉਸ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਕਸਾਇਆ। ਪਰ ਉਹ ਖੁਦ ਫ੍ਰਿਕਾਪ੍ਰਸਤ ਨਹੀਂ ਸੀ। ਜੇ ਹੁੰਦੀ ਤਾਂ ਕਦੇ ਵੀ ਆਪਣੀ ਨਿੱਜੀ ਸੁਰੱਖਿਆ ਵਿੱਚ ਸਿੱਖਾਂ ਨੂੰ ਨਾ ਰੱਖਦੀ।

ਉਸ ਨੂੰ ਅਜਿਹਾ ਕਰਨ ਲਈ ਖੁਫੀਆ ਏਜੰਸੀਆਂ ਨੇ ਕਿਹਾ ਵੀ ਸੀ। ਪਰ ਉਹ ਕਹਿਣ ਲੱਗੀ “ਜੇ ਮੈਂ ਦੇਸ਼ ਦੀ ਪ੍ਰਧਾਨ ਮੰਤਰੀ ਹੀ ਕਿਸੇ ਇੱਕ ਧਰਮ ਦੇ ਲੋਕਾਂ ਬਾਰੇ ਇਉਂ ਸੋਚਾਂਗੀ ਤਾਂ ਬਾਕੀ ਲੋਕ ਕੀ ਸੋਚਣਗੇ?” ਪਰ ਅੱਜ ਉਸ ਦਾ ਕਤਲ ਹੋ ਗਿਆ ਸੀ। ਉਸ ਦੇ ਅੱਠ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀ ਮੌਤ ਦੀ ਖਬਰ ਨੌ ਵੱਜ ਕੇ ਚਾਲੀ ਮਿੰਟ ਤੇ ਬੀ ਬੀ ਸੀ ਸਭ ਤੋਂ ਪਹਿਲਾਂ ਨਸ਼ਰ ਕਰ ਦਿੱਤੀ ਸੀ। ਖ਼ਬਰਾਂ ਵਿੱਚ ਇਹ ਵੀ ਦੱਸਿਆ ਗਿਆ ਕਿ ਮਾਰਨ ਵਾਲੇ ਦੋਨੋ ਸਿੱਖ ਸਨ। ਫੇਰ ਇਹ ਖ਼ਬਰ ਪੂਰੇ ਦੇਸ਼ ਵਿੱਚ ਅੱਗ ਵਾਂਗੂੰ ਫੈਲ ਗਈ। ਪਰ ਭਾਰਤੀ ਮੀਡੀਏ ਨੇ ਇਸ ਨੂੰ ਬਾਅਦ ਦੁਪਹਿਰ ਦੋ ਵਜੇ ਨਸ਼ਰ ਕੀਤਾ।

ਖ਼ਬਰ ਸੁਣਨ ਸਾਰ ਹੀ ਰਾਜੀਵ ਗਾਂਧੀ ਆਪਣਾ ਬੰਗਾਲ ਦਾ ਦੌਰਾ ਵਿਚਕਾਰ ਹੀ ਛੱਡ ਦਿੱਲੀ ਪਹੁੰਚ ਗਿਆ। ਤ੍ਰੀਮੂਰਤੀ ਭਵਨ ਜਿੱਥੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਰੱਖੀ ਗਈ ਸੀ, ਉਥੇ ਉਨ੍ਹਾਂ ਨੂੰ ਦੇਖਣ ਲਈ ਇੱਕ ਵੱਡੀ ਭੀੜ ਉਮੜ ਪਈ। ਲੋਕ ਖ਼ੂਨ ਕਾ ਬਦਲਾ ਖ਼ੂਨ ਦੇ ਨਾਹਰੇ ਲਗਾ ਰਹੇ ਸਨ। ਇੱਕ ਨਵੰਬਰ ਦੀਆਂ ਖ਼ਬਰਾਂ ਵਿੱਚ ਕਾਤਲਾਂ ਦੇ ਨਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੱਸੇ ਗਏ ਸਨ।

ਜਦੋਂ ਗਿਆਨੀ ਜ਼ੈਲ ਸਿੰਘ ਜਿਨਾਂ ਤੁਰੰਤ ਰਾਜੀਵ ਗਾਂਧੀ ਨੂੰ ਕੈਬਨਿਟ ਦੀ ਹੰਗਾਮੀ ਮੀਟਿੰਗ ਬੁਲਾ ਕੇ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਘੋਸ਼ਿਤ ਕਰ ਦਿੱਤਾ ਸੀ, ਤਾਂ ਭੀੜ ਨੇ ਉਸ ਨੂੰ ਵੀ ਨਹੀ ਬਖਸ਼ਿਆ। ਰਾਸ਼ਟਰਪਤੀ ਇੱਕ ਸਿੱਖ ਸੀ। ਇਸ ਕਰਕੇ ਜਨੂੰਨੀਆਂ ਨੇ ਪੱਥਰ ਮਾਰ ਕੇ ਉਸ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਸੁੱਟੇ। ਤੇ ਫੇਰ ਇਹ ਸਿੱਖ ਵਿਰੋਧੀ ਦੰਗੇ ਸਾਰੀ ਦਿੱਲੀ ਵਿੱਚ ਹੀ ਫੈਲ ਗਏ। ਮਨਦੀਪ ਲਗਾਤਰ ਟੀ ਵੀ ਦੇਖ ਰਿਹਾ ਸੀ। ਦਿੱਲੀ ਵਿੱਚ ਅੱਗਾਂ ਲੱਗ ਰਹੀਆਂ ਸਨ ਜਿਨਾਂ ਦਾ ਧੂੰਆਂ ਟੀ ਵੀ ਤੇ ਵੀ ਨਜ਼ਰ ਆ ਰਿਹਾ ਸੀ।

ਸਾੜ ਫੂਕ ਦੀਆਂ ਖ਼ਬਰਾਂ ਦੀ ਪੁਸ਼ਟੀ ਗੈਰ ਸਰਕਾਰੀ ਮੀਡੀਆ ਕਰ ਰਿਹਾ ਸੀ। ਜਿਸ ਨੇ ਦੋ ਨਵੰਬਰ ਨੂੰ ਦੱਸਿਆ ਕਿ ਦਿੱਲੀ ਵਿੱਚ ਵਿੱਚ ਦਾੜੀ ਜਾਂ ਪੱਗਾਂ ਵਾਲੇ ਦੋ ਸੌ ਲੋਕ ਮਾਰ ਦਿੱਤੇ ਗਏ ਨੇ ਅਤੇ ਹਜ਼ਾਰ ਦੇ ਕਰੀਬ ਲੋਕਾਂ ਨੂੰ ਅਪਾਹਿਜ਼ ਕਰ ਦਿੱਤਾ ਗਿਆ ਹੈ। ਜਦੋਂ ਪੱਤਰਕਾਰਾਂ ਨੇ ਨਵੇ ਬਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਇਹ ਕਤਲੋ ਗਾਰਤ ਰੋਕਣ ਲਈ ਕਿਹਾ ਤਾਂ ਉਨ੍ਹਾਂ ਅੱਗੋਂ ਜਵਾਬ ਦਿੱਤਾ ਕਿ ‘ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਤਾਂ ਹਿੱਲਦੀ ਹੀ ਹੈ’ ਮਨਦੀਪ ਨੂੰ ਜਾਪਿਆ ਜਿਵੇਂ ਉਸ ਨੇ ਜਾਣ ਬੁੱਝ ਕੇ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਲਈ, ਕਾਤਲਾਂ ਨੂੰ ਪੂਰੀ ਖੁੱਲ ਦੇ ਦਿੱਤੀ ਹੋਵੇ। ਉਸਦੇ ਏਸ ਬਿਆਨ ਨੂੰ ਦਿੱਲੀ ਦੂਰਦਰਸ਼ਨ ਵਾਰ ਵਾਰ ਨਸ਼ਰ ਕਰ ਰਿਹਾ ਸੀ।

ਤਿੰਨ ਨਵੰਬਰ ਨੂਂ ਬਾਕੀ ਭਾਰਤੀਆਂ ਦੀ ਤਰ੍ਹਾਂ ਸਿੱਖ ਵੀ ਆਪਣੇ ਘਰਾਂ ਵਿੱਚ ਦੁਬਕੇ ਟੈਲੀਵੀਯਨ ਵੇਖ ਰਹੇ ਸਨ। ਅੱਜ ਇੰਦਰਾ ਗਾਂਧੀ ਦੇ ਅੰਤਮ ਸਸਕਾਰ ਦਾ ਲਾਈਵ ਪ੍ਰਸਾਰਣ ਹੋ ਰਿਹਾ ਸੀ। ਤ੍ਰੀਮੂਰਤੀ ਭਵਨ ਤੋਂ ਉਸਦੀ ਦੇਹ ਨੂੰ ਸ਼ਾਂਤੀ ਬਣ ਤੱਕ ਲਿਜਾਇਆ ਜਾਣਾ ਸੀ। ਇਸ ਮੌਕੇ ਤੇ ਜਿੱਥੇ ਸੌ ਦੇਸ਼ਾਂ ਦੇ ਪ੍ਰਤੀਨਿੱਧ ਪਹੁੰਚੇ ਹੋਏ ਸਨ, ਉੱਥੇ ਰਾਜੀਵ ਗਾਂਧੀ ਦੇ ਨਾਲ ਨਾਲ ਤਿੰਨੋ ਸੈਨਾਵਾਂ ਦੇ ਮੁੱਖੀਆਂ ਨੇ ਵੀ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਮਨਦੀਪ ਜਦੋਂ ਇੰਦਰਾ ਦੀ ਇਹ ਅੰਤਿਮ ਯਾਤਰਾ ਦੇਖ ਰਿਹਾ ਸੀ ਤਾਂ ਉਸ ਨੂੰ ਦਿੱਲੀ ਵਿੱਚੋਂ ਉੱਠ ਰਿਹਾ ਧੂੰਆਂ ਵੀ ਦਿਖਾਈ ਦੇ ਰਿਹਾ ਸੀ। ਬਾਅਦ ਵਿੱਚ ਇਹ ਵੀ ਪਤਾ ਲੱਗਿਆ ਕਿ ਉੱਥੇ ਉਦੋਂ ਕਾਨੂੰਨ ਨਿਪੁੰਸਕ ਹੋ ਗਿਆ ਸੀ। ਤੇ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਸੀ। ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਗਲ਼ਾ ਵਿੱਚ ਟਾਇਰ ਪਾ, ਅੱਗ ਲਗਾ ਕੇ ਜਾਂ ਕੋਹ ਕੋਹ ਕੇ ਮਾਰ ਦਿੱਤਾ ਗਿਆ ਸੀ। ਤੇ ਹਜ਼ਾਰਾਂ ਨਾਬਾਲਿਗ ਲੜਕੀਆਂ ਦੇ ਬਲਾਤਕਾਰ ਹੋਏ ਸਨ।

ਦੇਸ਼ ਦੀ ਆਜ਼ਾਦੀ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲਿਆ ਨੂੰ ਸਰਕਾਰ ਵਲੋਂ ਇਹ ਇਨਾਮ ਦਿੱਤਾ ਗਿਆ ਸੀ। ਹੋਰ ਤਾਂ ਹੋਰ ਫੇਰ ਦਲੇਰ ਸਿੰਘ ਦਾ ਮਨ ਵੀ ਡੋਲ ਗਿਆ। ਉਹ ਸੋਚਣ ਲੱਗਿਆ ਕਿ ਜੇ ਅੱਜ ਮੇਰਾ ਪੁੱਤ ਵੀ ਦਿੱਲੀ ਵਿੱਚ ਹੁੰਦਾ ਹੁੰਦਾ ਉਹ ਵੀ ਮਾਰ ਦਿੱਤਾ ਜਾਂਦਾ। ਅਜੇ ਪਿਛਲੇ ਮਹੀਨੇ ਹੀ ਤਾਂ ਉਹ ਹਰਮੀਤ ਨੂੰ ਛੱਡਣ ਦਿੱਲੀ ਗਏ ਸਨ, ਜੇ ਉਦੋਂ ਇਹ ਘਟਨਾ ਵਾਪਰ ਜਾਂਦੀ ਤਾਂ ਉਹ ਵੀ ਕਦੀ ਵਾਪਿਸ ਘਰ ਨਾ ਪਰਤਦੇ। ‘ਕੀ ਇਹ ਹੀ ਹੈ ਭਾਰਤ ਮਹਾਨ? ਜੋ ਉਸ ਨੂੰ ਸਿਖਾਇਆ ਜਾਂਦਾ ਰਿਹਾ ਸੀ?’ ਉਹ ਸੋਚਦਾ ਰਿਹਾ।

ਛੇ ਨਵੰਬਰ ਤੱਕ ਜਦੋਂ ਕਾਤਲਾਂ ਦੀ ਬੇਵਾਹ ਹੋ ਗਈ, ਬਲਾਤਕਾਰੀਆਂ ਦਾ ਬਲ ਮੁੱਕ ਗਿਆ ਉਦੋਂ ਤੱਕ ਹਾਲਾਤ ਕਾਬੂ ਤੋਂ ਬਾਹਰ ਹੀ ਰਹੇ। ਸਰਕਾਰ ਸਿੱਖਾਂ ਨੂੰ ਸਬਕ ਸਿਖਾਉਣ ਦੀ ਅੜੀ ਵਿੱਚ ਘੇਸਲ ਮਾਰਕੇ ਬੈਠੀ ਰਹੀ। ਸਰਕਾਰੀ ਪ੍ਰਸਾਸ਼ਨ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਕਾਤਲ ਬਣ ਗਏ। ਕਿਸੇ ਵੀ ਥਾਣੇ ਨੇ ਕੋਈ ਰੋਲ ਅਦਾ ਨਾ ਕੀਤਾ।

ਅੱਠ ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ ਪਰ ਦਿੱਲੀ ਦੇ ਗੁਰਦੁਵਾਰੇ ਕਿਸ ਤਰ੍ਹਾਂ ਮਨਾਉਂਦੇ? ਕਈ ਗੁਰਦੁਵਾਰਿਆਂ ਨੂੰ ਤਾਂ ਅੱਗਾਂ ਲਗਾ ਦਿੱਤੀਆਂ ਗਈਆਂ ਸਨ। ਜਿਨਾਂ ਵਿੱਚੋਂ ਬੇਕਸੂਰ ਲੋਕਾਂ ਨੂੰ ਬਾਹਰ ਧੂ ਧੂ ਕੇ ਮਾਰਿਆ ਗਿਆ। ਇਨ੍ਹਾਂ ਖ਼ਬਰਾਂ ਦਾ ਪ੍ਰਭਾਵ ਏਨਾਂ ਤਿੱਖਾ ਸੀ ਕਿ ਜਦੋਂ ਗਿਆਰਾਂ ਨਵੰਬਰ ਨੂੰ ਉਰਦੂ ਦੇ ਪ੍ਰਸਿੱਧ ਲੇਖਕ ਰਾਜਿੰਦਰ ਸਿੰਘ ਬੇਦੀ ਦੀ ਕੈਂਸਰ ਨਾਲ ਮੌਤ ਹੋਈ ਤਾਂ ਇਨਾਂ ਖ਼ਬਰਾਂ ਥੱਲੇ ਹੀ ਦੱਬ ਕੇ ਰਹਿ ਗਈ। ਅੱਤਵਾਦ ਦੀਆਂ ਖ਼ਬਰਾਂ ਨੇ ਬਾਕੀ ਵੱਡੀਆਂ ਖ਼ਬਰਾਂ ਨੂੰ ਵੀ ਨਿੱਕੀਆਂ ਡੱਬੀਆਂ ਤੱਕ ਸੀਮਿਤ ਕਰ ਦਿੱਤਾ ਜਾਂ ਕਹਿ ਲਵੋ ਕਿ ਰੋਲ਼ ਦਿੱਤਾ ਸੀ। 12 ਨਵੰਬਰ ਤੱਕ ਇੰਦਰਾ ਗਾਂਧੀ ਦੀ ਮੌਤ ਦੇ ਸ਼ੋਕ ਵਿੱਚ ਸਰਕਾਰੀ ਝੰਡੇ ਝੁਕੇ ਰਹੇ।

ਇਹ ਦਿਨ ਮਨਦੀਪ ਲਈ ਸਭ ਤੋਂ ਔਖੇ ਸਨ। ਇਹ ਦੇਸ਼ ਹੁਣ ਉਸ ਨੂੰ ਆਪਣਾ ਨਹੀਂ ਸੀ ਲੱਗਦਾ। ਕਿੱਤੇ ਹੋਰ ਭੱਜ ਜਾਣ ਨੂੰ ਦਿਲ ਕਰਦਾ ਸੀ। ਜ਼ਿੰਦਗੀ ਜਿਵੇਂ ਮੂਰਛਿਤ ਗਈ ਹੋਵੇ। 19 ਨਵੰਬਰ ਨੂੰ ਉਹ ਆਪਣੇ ਦੋਸਤ ਕ੍ਰਿਸ਼ਨ ਕੌਸ਼ਲ ਕੋਲ ਗਿਆ। ਉਸ ਨੂੰ ਲੱਗਿਆ ਜਿਵੇਂ ਕਦੇ ਹਰਮੰਦਿਰ ਸਾਹਿਬ ਤੇ ਹੋਏ ਹਮਲੇ ਦਾ ਦੁੱਖ, ਸਿੱਖ ਹੋਣ ਦੇ ਨਾਤੇ ਕ੍ਰਿਸ਼ਨ ਕੌਸ਼ਲ ਨੇ ਉਸ ਨਾਲ ਸਾਂਝਾਂ ਕੀਤਾ ਸੀ ਤੇ ਉਹ ੜ ਿਅੱਜ ਉਸੇ ਤਰ੍ਹਾਂ ਇੰਦਰਾਂ ਗਾਂਧੀ ਦੀ ਮੌਤ ਦਾ ਦੁੱਖ ਇੱਕ ਹਿੰਦੂ ਹੋਣ ਦੇ ਨਾਤੇ ਕ੍ਰਿਸ਼ਨ ਕੌਸ਼ਲ ਨਾਲ ਸਾਝਾਂ ਕਰ ਰਿਹਾ ਹੋਵੇ। ਪਤਾ ਨਹੀ ਹਾਲਾਤਾਂ ਨੇ ਕਦੋਂ ਉਨ੍ਹਾਂ ਨੂੰ ਸਿੱਖਾਂ ਹਿੰਦੂਆਂ ਵਿੱਚ ਵੰਡ ਦਿੱਤਾ ਸੀ। ਪਰ ਤਾਂ ਵੀ ਕੋਈ ਮਾਨਸਿਕ ਸਾਂਝ ਬਣੀ ਹੋਈ ਸੀ।

ਮਨ ਨੂੰ ਹਲਕਾ ਕਰਨ ਲਈ ਉਹ ਲੁਧਿਆਣੇ ਦੇ ਸੁਸਾਇਟੀ ਸਿਨਮੇਂ ਵਿੱਚ ਲੱਗੀ ਫਿਲਮ ਗਾਈਡ ਦੇਖਣ ਚਲੇ ਗਏ ਸਨ। ਦਲੇਰ ਸਿੰਘ ਨੇ ਵੀ ਆਪਣਾ ਮਨ ਦਿੱਲੀ ਦੰਗਿਆ ਤੋਂ ਪਾਸੇ ਹਟਾਉਣ ਲਈ ਘਰ ਵਿੱਚ ਰਾਜ ਮਿਸਤਰੀ ਲਾ ਲਿਆ। ਉਹ ਆਪਣੇ ਘਰ ਦੀਆਂ ਸ਼ੈਲਫਾਂ ਤਾਂ ਬਣਾਉਂਦਾ ਪਰ ਜਦੋਂ ਅਖ਼ਬਾਰ ਚੁੱਕਦਾ ਤਾਂ ਇਹ ਖ਼ਬਰਾਂ ਹੁੰਦੀਆਂ ਕਿ ਦਿੱਲੀ ਤੋਂ ਇਲਾਵਾਂ ਕਾਨਪੁਰ ਅਤੇ ਬੋਕਾਰੋ ਵਿੱਚ ਵੀ ਸਿੱਖਾ ਦੇ ਹਜ਼ਾਰਾਂ ਘਰ ਫੂਕ ਦਿੱਤੇ ਗਏ ਹਨ। ਫੇਰ ਉਹ ਉੱਜੜ ਗਏ ਘਰਾਂ ਬਾਰੇ ਸੋਚਣ ਲੱਗ ਜਾਂਦਾ।

ਸਿੱਖ ਤਾਂ ਦਲੇਰ ਸਿੰਘ ਵੀ ਸੀ। ਕੀ ਹੁਣ ਉਸਦਾ ਸਿੱਖ ਹੋਣਾ ਕੋਈ ਅਪਰਾਧ ਸੀ? ਜੇ ਅਪਰਾਧ ਸੀ ਤਾਂ ਹੁਣ ਜੋ ਘਰ ਉਹ ਭਾਰਤ ਦੀ ਧਰਤੀ ਤੇ ਬਣਾ ਰਿਹਾ ਸੀ, ਉਹ ਕਦੇ ਵੀ ਫੂਕਿਆ ਜਾ ਸਕਦਾ ਸੀ। ਦਲੇਰ ਸਿੰਘ ਜਿਸ ਦਾ ਸਕਾ ਭਰਾ 1947 ਵਿੱਚ ਏਸੇ ਦੇਸ਼ ਦੀ ਭਗਤੀ ਕਾਰਨ ਮੁਸਲਮਾਨ ਜਨੂੰਨੀਆਂ ਨੇ ਮਾਰ ਮੁਕਾਇਆ ਸੀ, ਅੱਜ ਉਹ ਹੀ ਦੇਸ਼ ਉਸਦੇ ਪੁੱਤਰਾਂ ਲਈ ਖਤਰਾ ਬਣਿਆ ਖੜਾ ਸੀ।

ਮਨਦੀਪ ਦੇ ਦੋਸਤ ਅਸਵਨੀ ਦਾ ਪਰਿਵਾਰ ਜੋ ਪਹਿਲਾਂ ਪੰਜਾਬ ਵਿਚੋਂ ਹਿਜ਼ਰਤ ਕਰਨ ਦੀ ਸੋਚ ਰਿਹਾ ਸੀ। ਉਸ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੀਆਂ ਏਨ੍ਹਾਂ ਘਟਨਾਵਾਂ ਤੋਂ ਬਾਅਦ ਪਤਾ ਨਹੀਂ ਕਿਵੇਂ ਸੋਚ ਲਿਆ ਕਿ ਪੰਜਾਬ ਵਿੱਚ ਹੁਣ ਕਦੇ ਵੀ ਅੱਤਵਾਦ ਸਿਰ ਨਹੀਂ ਚੁਕ ਸਕਦਾ। ਤੇ ਆਪਣਾ ਬਿਜ਼ਨਸ ਫੇਰ ਖੋਹਲ ਲਿਆ ਸੀ। ਪਰ ਇਨ੍ਹਾਂ ਘਟਨਾਵਾਂ ਨੇ ਤਾਂ ਸਗੋਂ ਬਲਦੀ ਤੇ ਤੇਲ ਪਾ ਦਿੱਤਾ ਸੀ।

20 ਨਵੰਬਰ ਨੂੰ ਪ੍ਰਸਿੱਧ ਪਾਕਸਤਾਨੀ ਲੇਖਕ ਫੈਜ਼ ਅਹਿਮਦ ਫੈਜ਼ ਦੀ ਮੌਤ ਹੋ ਗਈ ਜਿਸਦੀਆਂ ਗ਼ਜ਼ਲਾਂ ਦੇ ਹਜ਼ਾਰਾਂ ਹਿੰਦੋਸਤਾਨੀ ਵੀ ਦਿਵਾਨੇ ਸਨ। ਪਰ ਇਹ ਖ਼ਬਰ ਵੀ ਬੁਰੀ ਤਰ੍ਹਾਂ ਰੁਲ਼ ਗਈ।

ਮਨਦੀਪ ਦੇ ਦੋ ਦੋਸਤ ਦੀਪਾ ਅਤੇ ਮਹਿਤੋਂ ਖਾਲਿਸਤਾਨ ਦੇ ਮੁੱਦੇ ਤੇ ਕਦੇ ਵੀ ਉਸ ਨੂੰ ਵਾਰੇ ਨਾ ਆਉਣ ਦਿੰਦੇ। ਇਹ ਵੀ ਆਖ ਦਿੰਦੇ ਕਿ ਖਾਲਿਸਤਾਨ ਤਾਂ ਹੁਣ ਬਣਨ ਹੀ ਵਾਲਾ ਹੈ। ਉਹ ਇਹ ਵੀ ਕਹਿ ਦਿੰਦੇ ਕਿ ਤੇਰੇ ਵਰਗੇ ਕਾਮਰੇਡਾਂ ਦਾ ਉਸ ਵਿੱਚ ਕੋਈ ਵੀ ਨਸਥਾਨ ਨਹੀਂ ਹੋਣਾ। ਪਰ ਮਨਦੀਪ ਤਾਂ ਕਾਮਰੇਡ ਵੀ ਨਹੀਂ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੌਣ ਹੈ? ਤੇ ਉਸ ਦਾ ਦੇਸ਼ ਕਿਹੜਾ ਹੈ?

ਐੱਮ ਸੀ ਭਾਰਦਵਾਜ ਨੂੰ ਅਕਾਲੀ ਇੱਕ ਪੱਤੇ ਵਜੋਂ ਵਰਤ ਰਹੇ ਸਨ। ਪਹਿਲਾਂ ਉਸ ਨੇ ਆਨੰਦਪੁਰ ਦਾ ਮਤਾ ਲਿਖਿਆ ਤੇ ਫੇਰ ‘ਇਹ ਹੈ ਸਾਡਾ ਹਿੰਦੋਸਤਾਨ’ ਵਿੱਚ ਭਾਰਤ ਨੂੰ ਅੱਤ ਦਰਜੇ ਦਾ ਘਟੀਆ ਸਾਬਤ ਕੀਤਾ। ਕੀ ਇਹ ਹਿੰਦੂ ਪਰਿਵਾਰ ਵਿੱਚ ਜਨਮਿਆ ਕਾਮਰੇਡ ਵਿਚਾਰਾਂ ਵਾਲਾ ਬੰਦਾ ਖਾਲਿਸਤਾਨ ਚਾਹੁੰਦਾ ਸੀ ਜਾਂ ਸਭ ਕੁੱਝ ਇੱਕ ਸਸਤੀ ਸ਼ੋਹਰਤ ਹਾਸਲ ਕਰਨ ਲਈ ਕਰ ਰਿਹਾ ਸੀ? ਮਨਦੀਪ ਨੂੰ ਸਮਝ ਨਾ ਪੈਂਦਾ।

25 ਨਵੰਬਰ ਨੂੰ ਮਨਦੀਪ ਦੇ ਕਾਲਜ ਵਾਲੇ ਦੋਸਤ ਜੈਲੇ ਦਾ ਵਿਆਹ ਸੀ। ਉੱਥੇ ਲੋਕ ਸ਼ਰਾਬ ਪੀਂਦੇ ਵੀ ਦੋ ਧੜਿਆਂ ਵਿੱਚ ਵੰਡੇ ਰਹੇ। ਕੁੱਝ ਖਾਲਿਸਤਾਨ ਦੇ ਪੱਖੀ ਤੇ ਕੁੱਝ ਵਿਰੋਧੀ। ਜਿੱਥੇ ਬਰਾਤ ਗਈ, ਪਤਾ ਲੱਗਿਆ ਕਿ ਉਹ ਟੱਬਰ ਵੀ ਸੰਤ ਭਿੰਡਰਾਂ ਵਾਲਿਆਂ ਦੇ ਜ਼ਿਆਦਾ ਨੇੜੇ ਹੋਣ ਕਾਰਨ ਦਮਦਮੀ ਟਕਸਾਲ ਦੀਆਂ ਰਹੁ ਰੀਤਾਂ ਨੂੰ ਵਧੇਰੇ ਮੰਨਦਾ ਸੀ, ਤਾਂ ਹੀ ਤਾਂ ਆਨੰਦ ਕਾਰਜ ਸਮੇਂ ਉਨ੍ਹਾਂ ਦੇ ਸਾਰੇ ਤੌਰ ਤਰੀਕੇ ਵੱਖਰੇ ਸਨ। ਜਿਵੇਂ ਕੋਈ ਜੁਰਾਬਾਂ ਪਾਕੇ ਮਹਾਰਾਜ ਦੀ ਹਜ਼ੂਰੂ ਵਿੱਚ ਕੋਈ ਨਾ ਆਵੇ। ਲਾਵਾਂ ਦੇ ਨਾਲ ਫੇਰੇ ਕਰਵਾਉਣੇ ਹਿੰਦੂ ਮੱਤ ਹੈ। ਉਨ੍ਹਾਂ ਜੈਲੇ ਨੂੰ ਵੀ ਤਾਂ ਸਿੰਘ ਬਣਨ ਲਈ ਕਿਹਾ ਸੀ। ਉਨ੍ਹਾਂ ਦੀ ਨਜ਼ਰ ਵਿੱਚ ਬਾਕੀ ਬਰਾਤ ਆਏ ਲੋਕ ਤਾਂ ਜਿਵੇਂ ਕਾਲੀਆਂ ਭੇਡਾਂ ਹੀ ਸਨ। ਖਤਰਨਾਕ ਅੱਤਵਾਦੀ ਭਿੰਦਾ ਨਿਜ਼ਾਮਪੁਰੀਆ ਵੀ ਏਸੇ ਪਿੰਡ ਦਾ ਵਾਸੀ ਸੀ। ਜਿਸ ਨੇ ਬਰਾਤ ਨੂੰ ਸ਼ਰਾਬ ਅਤੇ ਮੀਟ ਦੀ ਵਰਤੋਂ ਨਾ ਕਰਨ ਲਈ ਅਤੇ ਕੋਈ ਵੀ ਦਾਜ ਦਹੇਜ਼ ਨਾ ਲੈਣ ਦੀ ਸਖਤ ਹਦਾਇਤ ਵੀ ਭੇਜੀ ਸੀ।

26 ਨਵੰਬਰ ਨੂੰ ਭਾਰਤ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਵਾਈ ਵੀ ਚੌਹਾਨ ਦੀ ਮੌਤ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਦੋ ਦਸੰਬਰ ਨੂੰ ਭੂਪਾਲ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਵਾਪਰ ਗਿਆ। ਜਦੋਂ ਇਕ ਅਮਰੀਕਣ ਕੰਪਨੀ ‘ਯੂਨੀਅਨ ਕਾਰਬਈਡ’ ਦੇ ਪਲਾਂਟ ‘ਚੋਂ ਜ਼ਹਿਰੀਲੀ ਗੈਸ ਰਿਸਣ ਨਾਲ ਲੱਖਾਂ ਲੋਕ ਮਾਰੇ ਗਏ। ਇਹ ਘਟਨਾ ਰਾਤ ਨੂੰ ਇੱਕ ਵਜੇ ਵਾਪਰੀ, ਜਦੋਂ ਬਹੁਤੇ ਲੋਕ ਆਪਣੇ ਘਰਾਂ ਵਿੱਚ ਸੌਂ ਰਹੇ ਸਨ।

ਪਤਾ ਨਹੀਂ ਕਿਉਂ ਮਨਦੀਪ ਦੇ ਮਨ ਤੇ ਹੁਣ ਏਨੀਆਂ ਵੱਡੀਆਂ ਖ਼ਬਰਾਂ ਅਸਰ ਕਰਨੋਂ ਹਟ ਗਈਆਂ ਸਨ। 15 ਦਸੰਬਰ ਨੂੰ ਮਨਦੀਪ ਦੇ ਪਿੰਡ ਨਹਿਰ ਦੀ ਘਾਟ ਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਇੱਕ ਕਿਸ਼ਤੀ ਲਾਈ ਗਈ। ਜਿਸ ਤੇ ਹੋਏ ਖਰਚੇ ਦੇ ਪੈਸੇ ਪੰਚਾਇਤ ਨੇ ਪਿੰਡ ਪਾਸੋਂ ਉਘਰਾਉਣੇ ਸਨ। ਪਰ ਲੋਕਾਂ ਨੂੰ ਖੁਸ਼ੀ ਨਹੀ ਸੀ ਤੇ ਉਹ ਪੈਸੇ ਦੇਣ ਲਈ ਵੀ ਤਿਆਰ ਨਹੀ ਸਨ। ਕਿਉਂਕਿ ਨਹਿਰ ਪਾਰ ਤੋਂ ਅੱਤਵਾਦੀ ਕਿਸ਼ਤੀ ਰਾਹੀ ਆ ਕੇ ਏਧਰ ਵਾਰਦਾਤ ਕਰ ਸਕਦੇ ਸਨ। ਤੇ ਭੁਗਤਣਾ ਸਾਰੇ ਪਿੰਡ ਨੂੰ ਪੈਣਾ ਸੀ। ਪਰ ਦਲੇਰ ਸਿੰਘ ਨੇ ਲੋਕਾਂ ਦੀ ਇਸ ਚੁੰਝ ਚਰਚਾ ਵਿੱਚ ਪੈਣ ਨਾਲੋਂ ਆਪਣਾ ਹਿੱਸਾ ਦੇਣਾ ਹੀ ਬੇਹਤਰ ਸਮਝਿਆ ਸੀ।

ਇਨ੍ਹਾਂ ਸਾਰੀਆਂ ਘਟਨਾਵਾਂ ਦਾ ਲਗਾਤਾਰ ਅਸਰ ਹੋਣ ਨਾਲ ਦਲੇਰ ਸਿੰਘ ਮਾਨਸਿਕ ਤੌਰ ਤੇ ਬਿਮਾਰ ਪੈ ਗਿਆ। ਪੰਜ ਦਸੰਬਰ ਨੂੰ ਉਸਦੇ ਸਾਲੇ ਦੇ ਮੁੰਡੇ ਭਿੰਦਰ ਨੂੰ ਸ਼ਗਨ ਪੈਣਾ ਸੀ ਤਾਂ ਉਹ ਉੱਥੇ ਵੀ ਨਾ ਗਿਆ। ਅੱਠ ਦਸੰਬਰ ਨੂੰ ਉਸਦੇ ਸਾਢੂ ਦੀ ਮਾਂ ਮਰ ਗਈ ਪਰ ਉਹ ਤਾਂ ਵੀ ਨਾ ਗਿਆ। ਡਾਕਟਰਾਂ ਨੇ ਉਸ ਨੂੰ ਚੈੱਕ ਅੱਪ ਤੋਂ ਬਾਅਦ ਸ਼ਹਿਰ ਦੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ। ਪਰ ਉਹ ਤਾਂ ਸੋਚੀ ਹੀ ਜਾ ਰਿਹਾ ਸੀ ਕਿ ਉਸਦਾ ਦੇਸ਼ ਕਿਹੜਾ ਹੈ? ਬਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਦੇ ਪੁੱਤਰਾਂ ਦਾ ਭਵਿੱਖ ਹੁਣ ਕੀ ਹੋਵੇਗਾ?

ਉਸ ਨੂੰ ਆਪਣੀ ਅਜਾਂਈਂ ਗਵਾ ਦਿੱਤੀ ਜ਼ਿੰਦਗੀ ਤੇ ਅਫਸੋਸ ਹੋਣ ਲੱਗਾ। ਦਰਅਸਲ ਦਰਬਾਰ ਸਾਹਿਬ ਤੇ ਹੋਏ ਹਮਲੇ ਨੇ ਤੇ ਅਤੇ ਫੇਰ ਨਵੰਬਰ ‘ਚੋ ਹੋਏ ਦਿੱਲੀ ਦੰਗਿਆ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਸ ਨੂੰ ਅਹਿਸਾਸ ਹੋਣ ਲੱਗ ਪਿਆ ਕਿ ਜਿਸ ਮੁਲਕ ਲਈ ਉਹ ਲੜਦਾ ਰਿਹਾ ਸੀ ਉਹ ਤਾਂ ਅਸਲ ਵਿੱਚ ਉਸਦਾ ਹੈ ਹੀ ਨਹੀਂ ਸੀ। ਇਹ ਤਾਂ ਬਹੁਗਿਣਤੀ ਵਾਲਿਆਂ ਦਾ ਦੇਸ਼ ਸੀ ਜਿਨਾਂ ਤੋ ਵੋਟਾਂ ਪ੍ਰਾਪਤ ਕਰਨ ਲਈ ਉਹਦੇ ਵਰਗੇ ਲੱਖਾਂ ਲੋਕਾਂ ਦਾ ਲਹੂ ਕਦੇ ਵੀ ਵਹਾਇਆ ਜਾ ਸਕਦਾ ਸੀ। ਫੇਰ ਉਹ ਗੰਭੀਰਤਾ ਨਾਲ ਸੋਚਣ ਲੱਗਿਆ ਕਿ ਉਹ ਵੀ ਆਪਣੇ ਮੁੰਡੇ ਕਿਸੇ ਹੋਰ ਮੁਲਕ ਵਿੱਚ ਭੇਜ ਦੇਵੇ। ਹੋਰ ਨਹੀਂ ਤਾਂ ਉੱਥੇ ਲਾਅ ਐਂਡ ਆਰਡਰ ਤਾਂ ਚੰਗਾ ਹੋਵੇਗਾ। ਘੱਟੋ ਘੱਟ ਜਾਨ ਦੀ ਸਲਾਮਤੀ ਤਾਂ ਹੋਊ। ਉਹ ਚੈੱਕ ਅੱਪ ਦੌਰਾਨ ਕਈ ਦਿਨ ਹਸਪਤਾਲ ਪਿਆ ਇਹ ਹੀ ਗੱਲ ਸੋਚਦਾ ਰਿਹਾ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com