ਸਮੁੰਦਰ
ਯੇ ਤੇਰੀ ਖ਼ਾਮੋਸ਼ੀਆਂ ਕੁਸ਼ ਔਰ ਕਹਿਤੀ ਹੈਂ। ਮਗਰ ਸਾਹਿਲ ਪੇ ਟੂਟੀ ਕਸ਼ਤੀਆਂ ਕੁਝ
ਔਰ ਕਹਿਤੀ ਹੈਂ।
(ਖ਼ੁਸ਼ਬੀਰ ਸਿੰਘ ਸ਼ਾਦ)
ਰਾ:ਸ:ਸ:
ਮੁਖੀ ਮੋਹਨ ਭਾਗਵਤ ਦਾ ਬਿਆਨ ਕਿ ਹਰ ਦਿਨ ਮੰਦਰ-ਮਸਜਿਦ ਵਿਵਾਦ ਨਹੀਂ ਉਠਾਇਆ ਜਾਣਾ
ਚਾਹੀਦਾ। ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੁਝ ਲੋਕ ਮੰਨਦੇ ਹਨ ਕਿ
ਉਹ ਅਜਿਹੇ ਮੁੱਦੇ ਉਠਾ ਕੇ ਹਿੰਦੂਆਂ ਦੇ ਨੇਤਾ ਬਣ ਜਾਣਗੇ। ਇਸ ਬਿਆਨ ਤੋਂ ਬਾਅਦ
ਮੁੱਖ ਮਾਧਿਅਮ ਅਤੇ ਲੋਕ ਮਾਧਿਅਮ ਵਿਚ ਇਕ ਹੜਕੰਪ ਜਿਹਾ ਮਚਿਆ ਹੋਇਆ ਹੈ, ਜਿਵੇਂ ਸੰਘ
ਮੁਖੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਦੇ ਮੁੱਖ ਮੰਤਰੀ
'ਯੋਗੀ ਆਦਿੱਤਿਆਨਾਥ' ਵਿਚਕਾਰ ਕੋਈ 'ਜੰਗ' ਛਿੜ ਗਈ ਹੋਵੇ। ਦੂਸਰੀ ਕਤਾਰ ਦੇ ਭਾਜਪਾ
ਨੇਤਾ ਅਤੇ ਕਈ ਹੋਰ ਹਿੰਦੂ ਜਥੇਬੰਦੀਆਂ ਨਾਲ ਸੰਬੰਧਿਤ ਆਗੂ ਅਤੇ ਕਈ ਵੱਡੇ ਹਿੰਦੂ
ਸੰਤ ਮਹਾਤਮਾ ਭਾਗਵਤ 'ਤੇ ਹਮਲਾਵਰ ਹਨ। ਇਥੋਂ ਤੱਕ ਕਿ ਰਾ: ਸ: ਸ਼: ਦੇ ਆਪਣੇ
ਲੋਕ ਵੀ ਇਸ ਦਾ ਵਿਰੋਧ ਕਰ ਰਹੇ ਹਨ।
ਹਾਲਤ ਇਹ ਹੈ ਕਿ ਸੰਗੀਤ ਰਾਗੀ ਵਰਗੇ
ਰਾ: ਸ: ਸ਼: ਦੇ ਵਿਦਵਾਨ ਬੁਲਾਰੇ ਇਸ ਬਿਆਨ ਨੂੰ ਕਿਸ ਤਰ੍ਹਾਂ ਦਰਕਿਨਾਰ ਤੇ ਅਰਥਹੀਣ
ਬਣਾਉਂਦੇ ਹੋਏ ਕੁਤਰਕ ਕਰਦੇ ਹਨ, ਵੇਖਣ ਵਾਲਾ ਹੈ।
ਰਾਗੀ ਕਹਿੰਦੇ ਹਨ ਕਿ
ਭਾਗਵਤ ਜੀ ਨੇ ਮਸਜਿਦ ਹੇਠਾਂ ਸ਼ਿਵਲਿੰਗ ਖੋਜਣ ਤੋਂ ਰੋਕਿਆ ਹੈ, ਸਾਡੇ 33 ਕਰੋੜ
ਦੇਵਤੇ ਹਨ, ਅਸੀਂ ਉਨ੍ਹਾਂ ਦੇ ਮੰਦਰ ਤਾਂ ਖੋਜ ਹੀ ਸਕਦੇ ਹਾਂ। ਮਾਧਿਅਮ ਤੇ ਲੋਕ
ਮਾਧਿਅਮ ਵਿਚ ਜੋ ਜ਼ੋਰਦਾਰ ਬਹਿਸ ਚੱਲ ਰਹੀ ਹੈ, ਉਹ ਤਾਂ ਇਥੋਂ ਤੱਕ ਪ੍ਰਭਾਵ ਦੇ ਰਹੀ
ਹੈ ਜਿਵੇਂ ਸੰਘ ਤੇ ਭਾਜਪਾ ਵਿਚ ਤੋੜ-ਵਿਛੋੜਾ ਹੋ ਸਕਦਾ ਹੈ ਜਾਂ ਸੰਘ ਹੀ ਦੋਫਾੜ ਹੋਣ
ਵੱਲ ਵਧ ਸਕਦਾ ਹੈ, ਪਰ ਅਜਿਹਾ ਬਿਲਕੁਲ ਨਹੀਂ।
ਮੋਹਨ ਭਾਗਵਤ ਨੇ ਅਜਿਹਾ
ਬਿਆਨ ਪਹਿਲੀ ਵਾਰ ਨਹੀਂ ਦਿੱਤਾ। ਉਹ ਪਹਿਲਾਂ ਵੀ ਕਈ ਵਾਰ ਅਜਿਹੇ ਬਿਆਨ ਦੇ ਚੁੱਕੇ
ਹਨ ਤੇ ਵਕਤ ਆਉਣ 'ਤੇ ਉਹ ਇਸ ਤੋਂ 180 ਦਰਜੇ ਉਲਟ ਬਿਆਨ ਦੇਣ ਵਿਚ ਵੀ ਦੇਰ ਨਹੀਂ
ਲਾਉਂਦੇ। ਸਾਡੀ ਸਮਝ ਅਨੁਸਾਰ ਇਹ ਬਿਆਨ ਕਈ ਨਿਸ਼ਾਨੇ ਇਕੋ ਤੀਰ ਨਾਲ ਫੁੰਡਣ ਲਈ ਦਿੱਤਾ
ਗਿਆ ਹੈ। ਇਸ ਵਾਰ ਇਸ ਬਿਆਨ ਦਾ ਜ਼ੋਰ-ਸ਼ੋਰ ਨਾਲ ਵਿਰੋਧ ਅਤੇ ਉਸ ਦਾ ਪ੍ਰਚਾਰ ਮੁੱਖ
ਮਾਧਿਅਮ 'ਤੇ ਵੀ ਹੋਣਾ ਇਹ ਪ੍ਰਭਾਵ ਬਣਾਉਂਦਾ ਹੈ ਕਿ ਇਸ ਦੇ ਨਤੀਜਿਆਂ ਤੋਂ ਭਾਜਪਾ
ਤੇ ਰਾ: ਸ: ਸ: ਆਗੂ ਪੂਰੀ ਤਰ੍ਹਾਂ ਜਾਣੂ ਹੈ। ਨਹੀਂ ਤਾਂ ਮੁੱਖ ਮਾਧਿਅਮ ਭਾਜਪਾ ਦੇ
ਖ਼ਿਲਾਫ਼ ਇਸ ਹੱਦ ਤਕ ਜਾ ਸਕਦਾ ਮੰਨਣ ਤੋਂ ਬਾਹਰ ਦੀ ਗੱਲ ਜਾਪਦੀ ਹੈ। ਉਂਝ ਵੀ ਭਾਵੇਂ
ਹੇਠਲੇ ਪੱਧਰ 'ਤੇ ਭਾਗਵਤ ਦਾ ਜਿੰਨਾ ਮਰਜ਼ੀ ਵਿਰੋਧ ਹੋ ਰਿਹਾ ਹੈ, ਪਰ ਇਹ ਦੇਖਣ ਵਾਲੀ
ਗੱਲ ਹੈ ਕਿ ਜਦੋਂ ਭਾਗਵਤ ਕੁਝ ਸਖ਼ਤ ਬੋਲਦੇ ਹਨ, ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਚੁੱਪ ਰਹਿੰਦੇ ਹਨ ਤੇ ਜਦੋਂ ਮੋਦੀ ਬੋਲਦੇ ਹਨ ਤਾਂ ਉਸ ਵੇਲੇ ਭਾਗਵਤ ਕੁਝ ਨਹੀਂ
ਬੋਲਦੇ। ਅਸੀਂ ਸਮਝਦੇ ਹਾਂ ਕਿ ਇਸ ਬਹਿਸ ਦਾ ਅਸਲ ਮੰਤਵ ਰਾ: ਸ: ਸ: ਦੀ ਹਿੰਦੂ
ਰਾਸ਼ਟਰ ਵੱਲ ਵਧਣ ਦੀ ਇਕ ਸਾਰਥਕ ਕੋਸ਼ਿਸ਼ ਹੈ। ਉਂਜ ਵੀ ਇਕ ਵੀ ਪੱਤਰਕਾਰ ਜਾਂ ਜਾਣਕਾਰ
ਇਹ ਦਾਅਵਾ ਕਰਨ ਦੇ ਸਮਰੱਥ ਨਹੀਂ ਦਿਖਦਾ ਕਿ ਭਾਜਪਾ ਤੇ ਰਾ: ਸ: ਸ: ਦੀ ਹਿੰਦੂ
ਰਾਸ਼ਟਰ ਵੱਲ ਵਧਣ ਦੀ ਰਣਨੀਤੀ ਕੀ ਹੈ? ਪਰ ਤਾਂ ਵੀ ਅਜਿਹੇ ਬਿਆਨ ਕਿਸੇ ਉਦੇਸ਼ ਤੋਂ
ਬਿਨਾਂ ਨਹੀਂ ਹੁੰਦੇ।
ਇਸ ਵੇਲੇ ਇਸ ਬਿਆਨ 'ਤੇ ਮਚਿਆ ਹੜਕੰਪ ਭਾਜਪਾ ਲਈ
ਫੌਰੀ ਤੌਰ 'ਤੇ ਇਸ ਲਈ ਫਾਇਦੇਮੰਦ ਹੈ ਕਿ ਇਸ ਬਹਿਸ ਨੇ ਗ੍ਰਹਿ ਮੰਤਰੀ ਅੰਮਿਤ ਸ਼ਾਹ
ਵਲੋਂ ਸੰਸਦ ਵਿਚ ਡਾ. ਅੰਬੇਡਕਰ ਬਾਰੇ ਕੀਤੀ ਟਿੱਪਣੀ 'ਤੇ ਕਾਂਗਰਸ ਤੇ ਵਿਰੋਧੀ ਧਿਰ
ਵਲੋਂ ਪਾਏ ਜਾ ਰਹੇ ਸ਼ੋਰ ਨੂੰ ਪਿੱਛੇ ਧੱਕ ਦਿੱਤਾ ਹੈ। ਜੇ ਇਹ ਲਹਿਰ ਚਰਚਾ ਵਿਚ
ਰਹਿੰਦੀ ਹੈ ਤਾਂ ਭਾਜਪਾ ਨੂੰ ਦਲਿਤਾਂ ਤੋਂ ਦੂਰ ਕਰਨ ਦਾ ਕਾਰਨ ਬਣ ਸਕਦੀ ਸੀ, ਜੋ
ਦੇਸ਼ ਵਿਚ 17 ਤੋਂ 18 ਫ਼ੀਸਦੀ ਹਨ। ਇਸ ਰਣਨੀਤੀ ਨੂੰ ਚੋਣ ਵਿਸ਼ਲੇਸ਼ਕ ਅਮਿਤਾਭ ਤਿਵਾਰੀ
ਦੇ ਨਜ਼ਰੀਏ ਤੋਂ ਵੀ ਸਮਝਿਆ ਜਾ ਸਕਦਾ ਹੈ।
ਉਹ ਕਹਿੰਦੇ ਹਨ ਕਿ ਦੇਸ਼ ਵਿਚ
ਕੱਟੜ ਹਿੰਦੂਤਵ ਦੇ ਹਾਮੀ ਕਰੀਬ 27 ਫ਼ੀਸਦੀ ਹਨ, ਜੋ ਭਾਜਪਾ ਸਮਰਥਕ ਹਨ ਤੇ ਰਾ: ਸ:
ਸ: ਇਹ ਸਮਝ ਚੁੱਕਾ ਹੈ ਕਿ ਨਰਮ ਹਿੰਦੂਤਵ ਦੇ ਹਾਮੀਆਂ ਦੀਆਂ ਵੋਟਾਂ ਜੋ ਦਲਿਤਾਂ
ਸਮੇਤ 53 ਫ਼ੀਸਦੀ ਹਨ, ਨੂੰ ਨਾਲ ਲਏ ਬਿਨਾਂ ਅਗਲੀਆਂ ਚੋਣਾਂ ਜਿੱਤਣਾ ਤੇ ਹਿੰਦੂ
ਰਾਸ਼ਟਰ ਬਣਾਉਣਾ ਸੰਭਵ ਨਹੀਂ। ਗੌਰਤਲਬ ਹੈ ਕਿ ਇਹ ਬਿਆਨ ਭਾਗਵਤ ਨੇ ਭਾਰਤ ਦੇ ਵਿਸ਼ਵ
ਗੁਰੂ ਬਣਨ ਸੰਬੰਧੀ ਭਾਸ਼ਨ ਵਿਚ ਦਿੱਤਾ ਹੈ।
ਉਹ ਚੰਗੀ ਤਰ੍ਹਾਂ ਸਮਝਦੇ ਹਨ
ਕਿ ਦੇਸ਼ ਵਿਚ ਸ਼ਾਂਤੀ ਤੇ ਸਦਭਾਵਨਾ ਦੇ ਸੰਦੇਸ਼ ਬਿਨਾਂ ਭਾਰਤ ਵਿਸ਼ਵ ਨੇਤਾ ਨਹੀਂ ਬਣ
ਸਕਦਾ। ਸੰਘ ਦਾ ਆਖਰੀ ਨਿਸ਼ਾਨਾ ਤਾਂ ਹਿੰਦੂ ਰਾਸ਼ਟਰ ਹੀ ਸਮਝਿਆ ਜਾਂਦਾ ਹੈ ਤੇ ਹੋਰ ਤਦ
ਹੀ ਬਣ ਸਕਦਾ ਹੈ ਜੇਕਰ ਦੇਸ਼ ਵਿਚ ਵਸਦੀਆਂ 20 ਫ਼ੀਸਦੀ ਘੱਟ-ਗਿਣਤੀਆਂ ਵਿਰੋਧ ਵਿਚ ਨਾ
ਖੜ੍ਹਨ। ਭਾਜਪਾ ਤੇ ਰਾ: ਸ: ਸ: ਸਿੱਖਾਂ ਨਾਲ ਰਿਸ਼ਤੇ ਠੀਕ ਰੱਖਣ ਦੀ ਕੋਸ਼ਿਸ਼ ਤਾਂ
ਕਰਦੇ ਹੀ ਰਹਿੰਦੇ ਹਨ ਪਰ ਦੇਸ਼ ਦੇ 20 ਕਰੋੜ ਮੁਸਲਮਾਨਾਂ ਨੂੰ ਸਾਧੇ ਬਿਨਾਂ ਇਹ ਮਕਸਦ
ਪੂਰਾ ਨਹੀਂ ਹੋ ਸਕਦਾ।
ਸਮਝਿਆ ਜਾ ਸਕਦਾ ਹੈ ਕਿ ਇਸ ਮੰਤਵ ਲਈ ਇਕ ਪਾਸੇ
ਭਾਜਪਾ ਤੇ ਉਸ ਦੇ ਸਮਰਥਕ ਕੱਟੜ ਹਿੰਦੂਵਾਦੀ ਸੰਗਠਨ ਮੁਸਲਮਾਨਾਂ ਦਾ ਮਨੋਬਲ ਤੋੜਨ
ਦੀਆਂ ਨੀਤੀਆਂ 'ਤੇ ਚਲਦੇ ਹਨ ਤੇ ਦੂਸਰੇ ਪਾਸੇ ਸੰਘ ਮੁਖੀ ਉਨ੍ਹਾਂ ਨੂੰ ਸਾਧਣ ਲਈ ਹੀ
ਹਮਦਰਦਾਨਾ ਰਵੱਈਆ ਅਪਣਾ ਰਹੇ ਹਨ। ਉਂਝ ਵੀ ਦੇਸ਼ ਵਿਚ ਵਧਦੀ ਕੱਟੜਤਾ ਦੁਨੀਆ ਭਰ ਵਿਚ
ਭਾਰਤ ਦੇ ਖਿਲਾਫ਼ ਆਲੋਚਨਾ ਨੂੰ ਉਭਾਰ ਰਹੀ ਹੈ ਤੇ ਮੋਹਨ ਭਾਗਵਤ ਹਮੇਸ਼ਾ ਭਾਜਪਾ ਦੀਆਂ
ਪ੍ਰੇਸ਼ਾਨੀਆਂ ਦੂਰ ਕਰਨ ਲਈ ਹਰ ਸੰਭਵ ਯਤਨ ਕਰਦੇ ਰਹਿੰਦੇ ਹਨ। ਇਸ ਚਰਚਾ ਨੇ ਵਿਰੋਧੀ
ਧਿਰ ਵੱਲੋਂ ਅਡਾਨੀ ਵਿਰੁੱਧ ਉਠਾਈ ਜਾ ਰਹੀ ਆਵਾਜ਼ ਨੂੰ ਵੀ ਦਬਾ ਦਿੱਤਾ ਹੈ।
ਇਸ ਸਭ ਕੁਝ ਦੇ ਬਾਵਜੂਦ ਭਾਗਵਤ ਦੇ ਇਸ ਬਿਆਨ ਦੀ ਸ਼ਲਾਘਾ ਕਰਨੀ ਬਣਦੀ ਹੈ, ਖ਼ਾਸ ਕਰਕੇ
ਇਕ ਘੱਟ-ਗਿਣਤੀ ਵਜੋਂ ਸਿੱਖਾਂ ਲਈ ਇਸ ਬਿਆਨ ਨੂੰ 'ਜੀ ਆਇਆਂ' ਕਹਿੰਦਿਆਂ ਹੋਇਆਂ ਵੀ
ਇਸ ਪਿਛਲੀ ਰਣਨੀਤੀ ਨੂੰ ਸਮਝਣਾ ਜ਼ਰੂਰੀ ਹੈ। ਪਰ ਅਫ਼ਸੋਸ ਹੈ ਕਿ ਸਿੱਖ ਰਾਜਨੀਤਕ ਤੇ
ਧਾਰਮਿਕ ਆਗੂਆਂ ਕੋਲ ਭਵਿੱਖ ਦੇ ਅਗਲੇ 10-20 ਸਾਲਾਂ ਜਾਂ 50 ਸਾਲਾਂ ਲਈ ਸੋਚਣ ਲਈ
ਸਮਾਂ ਹੀ ਨਹੀਂ ਹੈ। ਹਾਂ ਇਹ ਪੱਕਾ ਹੈ ਕਿ ਰੌਲਾ ਜਿੰਨਾ ਮਰਜ਼ੀ ਪਈ ਜਾਵੇ, ਨਾ ਤਾਂ
ਭਾਜਪਾ ਤੇ ਰਾ: ਸ: ਸ: ਵਿਚ ਕੋਈ ਤੋੜ-ਵਿਛੋੜਾ ਹੋਵੇਗਾ ਤੇ ਨਾ ਹੀ ਰਾ: ਸ: ਸ: ਵਿਚ
ਕੋਈ ਦੋਫਾੜ ਹੀ ਹੋਵੇਗਾ।
ਲਗਤਾ ਹੈ ਪੇਚ-ਓ-ਤਾਬ ਕੇ ਆਗੇ ਕੁਛ ਔਰ ਹੈ।
ਇਸ ਸ਼ੋਰ-ਏ-ਇਨਕਲਾਬ ਕੇ ਆਗੇ ਕੁਛ ਔਰ ਹੈ।
(ਖ਼ੁਰਸ਼ੀਦ ਤਲਬ)
ਪੁਲਿਸ ਮੁਕਾਬਲੇ 'ਤੇ ਉੱਠਦੇ ਸਵਾਲ
ਜੀਵਨ ਦੇਨਾ ਜਿਸ ਕੇ ਬਸ
ਮੇਂ ਲੇਨਾ ਭੀ ਅਧਿਕਾਰ ਉਸੀ ਕਾ, ਤੁਮ ਕਿਸ ਹਕ ਸੇ ਬਾਗ਼-ਏ-ਦੁਨੀਆ ਕੀ
ਕਲਿਉਂ ਕੋ ਨੋਚ ਰਹੇ ਹੋ?
ਦੁਨੀਆ ਭਰ ਦੇ 144 ਦੇਸ਼ਾਂ ਵਿਚ ਫ਼ਾਂਸੀ ਜਾਂ
ਸਜ਼ਾ-ਏ-ਮੌਤ ਦੇਣਾ ਵਰਜਿਤ ਹੋ ਚੁੱਕਾ ਹੈ। ਇਸ ਦਾ ਸਾਫ਼ ਭਾਵ ਹੈ ਕਿ ਦੁਨੀਆ ਦੇ
ਮੁਹੱਜਬ ਲੋਕ ਇਹ ਸਮਝਦੇ ਹਨ ਕਿ ਕਿਸੇ ਨੂੰ ਮਾਰ ਦੇਣ ਦਾ ਹੱਕ ਉਨ੍ਹਾਂ ਕੋਲ ਨਹੀਂ
ਹੈ। ਅਸਲ ਵਿਚ ਗੁਨਾਹ ਕਰਨ ਵਾਲੇ ਲਈ ਕਿਸੇ ਸਜ਼ਾ ਦੀ ਵਿਵਸਥਾ ਇਸ ਲਈ ਕੀਤੀ ਜਾਂਦੀ ਹੈ
ਕਿ ਉਹ ਅਤੇ ਉਸ ਵਰਗੇ ਹੋਰ ਲੋਕ ਇਹ ਸਮਝ ਸਕਣ ਕਿ ਉਨ੍ਹਾਂ ਨੇ ਜੋ ਕੀਤਾ, ਉਹ ਠੀਕ
ਨਹੀਂ ਸੀ। ਪਰ ਜੇ ਕਿਸੇ ਨੂੰ ਸਜ਼ਾ ਵਜੋਂ ਮਾਰ ਹੀ ਦਿੱਤਾ ਜਾਂਦਾ ਹੈ, ਤਾਂ ਉਸ ਦੇ
ਸੁਧਰਨ ਦੀਆਂ ਸੰਭਾਵਨਾਵਾਂ ਵੀ ਉਸ ਦੇ ਨਾਲ ਹੀ ਖ਼ਤਮ ਹੋ ਜਾਂਦੀਆਂ ਹਨ, ਪਰ ਅਜਿਹੀ
ਸਥਿਤੀ ਉਸ ਦੇ ਬੇਗੁਨਾਹ ਨਜ਼ਦੀਕੀਆਂ ਲਈ ਸਜ਼ਾ ਜ਼ਰੂਰ ਬਣ ਜਾਂਦੀ ਹੈ। ਅਸਲ ਵਿਚ ਕਿਸੇ
ਸਜ਼ਾ ਦਾ ਅਸਲ ਮੰਤਵ ਚੰਗੇ ਸਮਾਜ ਦੀ ਉਸਾਰੀ ਹੋਣਾ ਚਾਹੀਦਾ ਹੈ, ਹੋਰ ਕੁਝ ਨਹੀਂ।
ਸਾਨੂੰ ਇਹ ਭੂਮਿਕਾ ਪੀਲੀਭੀਤ ਦੇ ਪੂਰਨਪੁਰ ਵਿੱਚ ਇਕ ਕਥਿਤ ਪੁਲਿਸ ਮੁਕਾਬਲੇ
ਵਿਚ ਮਾਰੇ ਗਏ 3 ਪੰਜਾਬੀ ਸਿੱਖ ਨੌਜਵਾਨਾਂ ਬਾਰੇ ਗੱਲ ਕਰਨ ਲਈ ਲਿਖਣੀ ਪਈ ਹੈ।
ਬੇਸ਼ੱਕ ਅਸੀਂ ਨਹੀਂ ਕਹਿੰਦੇ ਕਿ ਉਹ ਤਿੰਨੇ ਨੌਜਵਾਨ ਜਾਂ ਉਨ੍ਹਾਂ ਦੇ ਹੋਰ ਸਾਥੀ
ਥਾਣਿਆਂ ਦੇ ਬਾਹਰ ਖਾਲੀ ਥਾਵਾਂ 'ਤੇ ਕੀਤੇ ਕਥਿਤ ਧਮਾਕਿਆਂ ਨਾਲ ਜੁੜੇ ਹੋਏ ਨਹੀਂ
ਹੋਣਗੇ। ਇਹ ਤਾਂ ਜਾਂਚ ਦਾ ਵਿਸ਼ਾ ਹੈ। ਜਿਸ ਤਰ੍ਹਾਂ ਇਸ ਮੁਕਾਬਲੇ ਦੀ ਕਹਾਣੀ ਸਾਹਮਣੇ
ਆਈ ਹੈ, ਉਸ 'ਤੇ ਕਈ ਸਵਾਲ ਤਾਂ ਉਠਦੇ ਹੀ ਹਨ, ਪਰ ਇਸ ਮੁਕਾਬਲੇ 'ਤੇ ਸਵਾਲ ਉਠਾਉਣ
ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕਿਉਂ ਉਹ ਨੌਜਵਾਨ ਅਜਿਹੇ ਰਸਤੇ ਵੱਲ ਆਕਰਸ਼ਿਤ
ਹੋਏ ਹੋਣਗੇ।
ਇਸ ਦੇ 3 ਮੁੱਖ ਕਾਰਨ ਸਾਹਮਣੇ ਹਨ।
ਪਹਿਲਾ ਅਨਪੜ੍ਹਤਾ ਜਾਂ ਘੱਟ
ਪੜ੍ਹੇ-ਲਿਖੇ ਹੋਣਾ, ਦੂਸਰਾ ਗ਼ਰੀਬੀ ਤੇ ਤੀਸਰਾ ਕਾਰਨ ਬੇਰੁਜ਼ਗਾਰੀ ਹੈ। ਇਨ੍ਹਾਂ
ਤਿੰਨਾਂ ਵਿਚੋਂ ਉਪਜਿਆ ਚੌਥਾ ਕਾਰਨ ਹੋ ਸਕਦਾ ਹੈ ਚੰਗੇ ਜੀਵਨ ਦਾ ਲਾਲਚ ਮਿਲਣਾ ਕਿ
ਤੁਹਾਨੂੰ ਭਾਰਤ ਤੋਂ ਬਾਹਰ ਵਸਾ ਦਿੱਤਾ ਜਾਵੇਗਾ, ਕਿਉਂਕਿ ਇਸ ਮੁਕਾਬਲੇ ਵਿਚ ਮਾਰੇ
ਗਏ ਤਿੰਨੇ ਨੌਜਵਾਨ ਹੀ ਨਾ ਤਾਂ ਹੁਲੀਏ ਤੋਂ, ਨਾ ਪਹਿਰਾਵੇ ਤੋਂ ਅਤੇ ਨਾ ਹੀ ਉਨ੍ਹਾਂ
ਦੀ ਪਹਿਲੀ ਜੀਵਨ ਸ਼ੈਲੀ ਤੋਂ ਉਹ ਕਿਸੇ ਲਹਿਰ ਜਾਂ ਸੋਚ ਨਾਲ ਜੁੜੇ ਹੋਏ ਲਗਦੇ ਹਨ।
ਉਨ੍ਹਾਂ ਦਾ ਅਜਿਹਾ ਖਤਰਨਾਕ ਕੰਮ ਕਰਨ ਦਾ ਸਪੱਸ਼ਟ ਕਾਰਨ ਉਨ੍ਹਾਂ ਦਾ ਬੁਰੀ ਆਰਥਿਕ ਤੇ
ਸਮਾਜਿਕ ਹਾਲਤ ਵਿਚੋਂ ਨਿਕਲਣ ਦਾ ਲਾਲਚ ਹੀ ਹੋਵੇਗਾ।
ਸਾਡੀਆਂ ਸਰਕਾਰਾਂ ਦਾ
ਫ਼ਰਜ਼ ਹੈ ਕਿ ਉਹ ਅਜਿਹੇ ਹਾਲਾਤ ਨੂੰ ਖ਼ਤਮ ਕਰਨ ਜਿਹੜੇ ਨੌਜਵਾਨਾਂ ਨੂੰ ਮੌਤ ਦੇ ਮੂੰਹ
ਵਿਚ ਜਾਣ ਲਈ ਮਜ਼ਬੂਰ ਕਰਦੇ ਹਨ ਨਾ ਕਿ ਅਜਿਹੇ ਹਾਲਾਤ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ
ਖਤਮ ਕਰਨ ਦੀ ਗੱਲ ਕਰੇ। ਕਾਨੂੰਨ ਤੇ ਇਨਸਾਫ ਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨ
ਦਿੱਤਾ ਜਾਣਾ ਚਾਹੀਦਾ ਹੈ।ਇਸ ਗੱਲ ਦਾ ਇਸ਼ਾਰਾ ਉਨ੍ਹਾਂ ਦੇ ਪੰਜਾਬ ਤੋਂ ਪੂਰਨਪੁਰ ਵੱਲ
ਜਾਣ ਤੋਂ ਵੀ ਮਿਲਦਾ ਹੈ, ਕਿਉਂਕਿ ਪੂਰਨਪੁਰ ਤੋਂ ਨਿਪਾਲ ਦੀ ਸਰਹੱਦ ਸਿਰਫ਼ 345
ਕਿਲੋਮੀਟਰ ਦੀ ਦੂਰੀ 'ਤੇ ਹੀ ਰਹਿ ਜਾਂਦੀ ਹੈ ਤੇ ਅਜਿਹੇ ਕੇਸਾਂ ਵਿਚ ਫਸੇ ਭਾਰਤੀ
ਲੋਕਾਂ ਲਈ ਦੇਸ਼ ਵਿਚੋਂ ਨਿਕਲਣ ਤੇ ਅੱਗੇ ਜਾਣ ਲਈ ਨਿਪਾਲ ਤੋਂ ਵਧੀਆ ਕੋਈ ਹੋਰ ਰਸਤਾ
ਨਹੀਂ ਹੈ।
ਸਮੇਂ ਦੀ ਸਿਤਮ ਜ਼ਰੀਫੀ ਦੇਖੋ ਕਿ ਜਦੋਂ ਇਕ ਪਾਸੇ ਅਦਾਲਤ 1992
ਵਿਚ ਦੋ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਸਜ਼ਾ ਇਕ
ਅਧਿਕਾਰੀ ਸਮੇਤ 3 ਪੁਲਿਸ ਕਰਮਚਾਰੀਆਂ ਨੂੰ ਦਿੰਦੀ ਹੈ, ਉਸੇ ਵੇਲੇ ਹੀ ਇਸ ਮੁਕਾਬਲੇ
ਦੀ ਖ਼ਬਰ ਵੀ ਆ ਜਾਂਦੀ ਹੈ। ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਇਹ ਮੁਕਾਬਲਾ ਝੂਠਾ ਹੈ,
ਪਰ ਕੁਝ ਸਵਾਲ ਜ਼ਰੂਰ ਹਨ ਜੋ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਹਨ।
ਉਂਝ
ਤਾਂ ਭਾਰਤ ਵਿਚ ਪੁਲਿਸ ਹੱਥੋਂ ਮਾਰੇ ਗਏ ਹਰ ਮਾਮਲੇ 'ਤੇ ਭਾਰਤ ਸਮੇਤ ਦੁਨੀਆਂ ਦੇ
ਕਰੀਬ 50 ਮੁਲਕਾਂ ਵਿਚ ਜਾਂਚ ਹੋਣਾ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ। ਭਾਰਤ ਵਿਚ
ਹਰ ਮੁਕਾਬਲੇ ਦੀ ਮੈਜਿਸਟ੍ਰੇਟੀ ਜਾਂਚ ਹੁੰਦੀ ਹੈ ਪਰ ਅਜਿਹੇ ਮਾਮਲੇ ਜੋ
ਅੰਤਰਰਾਸ਼ਟਰੀ ਏਜੰਸੀਆਂ ਨਾਲ ਜੁੜੇ ਹੋਏ ਹੋਣ ਦੀ ਜਾਂਚ ਵੱਡੀ ਤੇ ਜ਼ਿਆਦਾ ਵਿਸ਼ਵਾਸਯੋਗ
ਅਧਿਕਾਰੀਆਂ ਰਾਹੀਂ ਹੋਣੀ ਜ਼ਰੂਰੀ ਜਾਪਦੀ ਹੈ।
ਸਭ ਤੋਂ ਪਹਿਲਾ ਸਵਾਲ ਤਾਂ
ਇਹ ਹੈ ਕਿ ਪੰਜਾਬ ਅਤੇ ਉੱਤਰ ਪ੍ਰਦੇਸ਼ ਦੋਵਾਂ ਰਾਜਾਂ ਦੀ ਪੁਲਿਸ ਦਾ ਅਕਸ ਝੂਠੇ
ਪੁਲਿਸ ਮੁਕਾਬਲਿਆਂ ਬਾਰੇ ਦਾਗ਼ਦਾਰ ਹੈ। ਦੂਸਰਾ ਪੰਜਾਬ ਪੁਲਿਸ ਨੇ ਅਜੇ ਤੱਕ ਇਸ ਬਾਰੇ
ਸਿਰਫ਼ ਇਕਪਾਸੜ ਬਿਆਨ ਹੀ ਦਿੱਤਾ ਹੈ। ਇਸ ਬਾਰੇ ਵਿਸਥਾਰ ਦੇਣ ਤੋਂ ਕਿਉਂ ਬਚਿਆ ਜਾ
ਰਿਹਾ ਹੈ, ਜਿਵੇਂ ਕਿ ਮਾਰੇ ਗਏ ਨੌਜਵਾਨਾਂ ਦੇ ਪਹਿਲਾਂ ਪਾਏ ਕੱਪੜਿਆਂ ਤੇ ਮਰਨ ਵੇਲੇ
ਪਾਏ ਕੱਪੜਿਆਂ ਦਾ ਇਕੋ ਜਿਹੇ ਹੋਣ ਬਾਰੇ ਅਤੇ ਕੁਝ ਹੋਰ ਸਵਾਲ ਵੀ ਜਵਾਬ ਤਾਂ ਮੰਗਦੇ
ਹੀ ਹਨ।
ਉਂਝ ਇਹ ਵੀ ਵਿਚਾਰਨਯੋਗ ਹੈ ਕਿ ਇਨ੍ਹਾਂ ਧਮਾਕਿਆਂ ਦਾ ਉਦੇਸ਼ ਕੀ
ਹੈ? ਕਿਉਂਕਿ ਇਹ ਤਾਂ ਸਪੱਸ਼ਟ ਹੈ ਕਿ ਇਹ ਧਮਾਕੇ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣ
ਲਈ ਨਹੀਂ ਸਨ ਕੀਤੇ ਗਏ, ਕਿਉਂਕਿ ਇਹ ਥਾਣਿਆਂ ਦੇ ਬਾਹਰ ਖਾਲੀ ਸੁਨਸਾਨ ਥਾਵਾਂ 'ਤੇ
ਕੀਤੇ ਗਏ ਸਨ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਨੌਜਵਾਨ ਕਿਸੇ ਵਿਦੇਸ਼ੀ ਏਜੰਸੀ ਦੇ
ਪ੍ਰਚਾਰ ਦੇ ਹਿੱਸੇ ਵਜੋਂ ਕੰਮ ਕਰ ਰਹੇ ਸਨ। ਚਾਹੇ ਉਹ (ਸਿੱਖਸ ਫ਼ਾਰ ਜਸਟਿਸ, ਜਿਸ ਨੇ
ਇਸ ਦੀ ਜ਼ਿੰਮੇਵਾਰੀ ਲਈ) ਹੋਵੇ ਜਾਂ ਫਿਰ ਕਥਿਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਹੋਵੇ
ਜਾਂ ਕੋਈ ਹੋਰ ਏਜੰਸੀ, ਪਰ ਸਾਨੂੰ ਤਾਂ ਇਹ ਡਰ ਸਤਾ ਰਿਹਾ ਹੈ ਕਿ ਕਿਤੇ ਹੌਲੀ-ਹੌਲੀ
ਅਜਿਹੀਆਂ ਘਟਨਾਵਾਂ ਤੇ ਪੁਲਿਸ ਮੁਕਾਬਲੇ ਪੰਜਾਬ ਨੂੰ ਇਕ ਵਾਰ ਫਿਰ 1992 ਵਰਗੇ ਕਾਲੇ
ਦੌਰ ਵੱਲ ਨਾ ਧੱਕ ਦੇਣ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਦਾ
ਸਹੋਮੋਟੋ (ਆਪਣੇ-ਆਪ) ਨੋਟਿਸ ਲੈ ਕੇ ਇਸ ਦੀ ਜਾਂਚ ਕਰਵਾਏ। 1992 ਦੀ ਹਾਲਤ 'ਤੇ
ਪੰਜਾਬੀ ਦੇ ਪ੍ਰਮੁੱਖ ਸ਼ਾਇਰ ਗੁਰਭਜਨ ਗਿੱਲ ਦੇ ਇਸ ਟੱਪੇ ਦਾ ਜ਼ਿਕਰ ਰੂਹ ਨੂੰ ਕੰਬਾ
ਰਿਹਾ ਹੈ।
ਖੰਭ ਖਿੱਲਰੇ ਨੇ ਕਾਵਾਂ ਦੇ ਰੋਕ ਲਉ ਨਿਸ਼ਾਨੇ-ਬਾਜ਼ੀਆਂ,
ਪੁੱਤ ਮੁੱਕ ਚੱਲੇ ਮਾਵਾਂ ਦੇ।
1044,
ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਮੋਬਾਈਲ : 92168-60000 E.
mail : hslall@ymail.com
|