ਦੁਸ਼ਮਨੀ
ਜਮ ਕਰ ਕਰੋ ਮਗਰ ਯੇ ਗੁੰਜਾਇਸ਼ ਰਹੇ, ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ
ਨਾ ਹੋਂ।
ਪੰਜਾਬ ਕਾਂਗਰਸ ਵਿਚ ਫੁੱਟ ਇਸ ਵੇਲੇ
ਸਿਖ਼ਰ 'ਤੇ ਹੈ। ਪੰਜਾਬ ਕਾਂਗਰਸ ਦੇ ਕੁਝ ਨੇਤਾ ਪ੍ਰਸਿੱਧ ਸ਼ਾਇਰ ਬਸ਼ੀਰ ਬਦਰ ਦੀ ਇਸ
ਨੇਕ ਸਲਾਹ ਨੂੰ ਅਣਗੌਲਿਆਂ ਕਰਦੇ ਹੋਏ ਇਕੋ ਪਾਰਟੀ ਵਿਚ ਰਹਿੰਦਿਆਂ ਹੋਇਆਂ ਵੀ
ਇਕ-ਦੂਜੇ ਦੇ ਖ਼ਿਲਾਫ਼ ਅਜਿਹੇ ਲਫ਼ਜ਼ ਤੇ ਫ਼ਿਕਰੇ ਵਰਤ ਰਹੇ ਹਨ, ਜਿਨ੍ਹਾਂ ਤੋਂ ਇਹ ਪੱਕਾ
ਹੈ ਕਿ ਜੇਕਰ ਕਾਂਗਰਸ ਹਾਈਕਮਾਨ ਇਨ੍ਹਾਂ ਵਿਚਕਾਰ ਸਮਝੌਤਾ ਕਰਵਾਉਣ ਵਿਚ
ਸਫਲ ਵੀ ਰਹੀ ਤਾਂ ਵੀ ਜਦੋਂ ਇਹ ਦੁਬਾਰਾ ਇਕ-ਦੂਜੇ ਨੂੰ ਜੱਫੀ ਪਾਉਣਗੇ ਤਾਂ
ਅੰਦਰੋ-ਅੰਦਰੀਂ ਸ਼ਰਮਿੰਦਾ ਹੋਏ ਬਿਨਾਂ ਨਹੀਂ ਰਹਿ ਸਕਣਗੇ।
ਉਂਜ ਕਾਂਗਰਸ ਨੂੰ
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਗੂਆਂ ਦੀ ਆਪਸੀ ਫੁੱਟ ਹੀ ਲੈ ਬੈਠੀ ਸੀ,
ਜੇਕਰ ਹੁਣ ਵੀ ਕਾਂਗਰਸ ਹਾਈਕਮਾਨ ਇਸ ਫੁੱਟ 'ਤੇ ਕਾਬੂ ਪਾਉਣ ਵਿਚ ਅਸਫਲ
ਰਹੀ ਤਾਂ ਇਸ ਦਾ ਖਮਿਆਜ਼ਾ ਉਸ ਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਅਸਲ ਵਿਚ
ਜਦੋਂ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਇਹ ਸੰਕੇਤ ਮਿਲੇ ਕਿ ਪੰਜਾਬ ਕਾਂਗਰਸ ਦੇ
ਮੁਖੀਏ ਤੇ ਪ੍ਰਧਾਨ ਦੋਵੇਂ ਬਦਲੇ ਜਾ ਸਕਦੇ ਹਨ ਤਾਂ ਸਭ ਤੋਂ ਪਹਿਲਾਂ ਨਵਜੋਤ ਸਿੰਘ
ਸਿੱਧੂ ਸਰਗਰਮ ਹੋਏ ਤੇ ਉਹ ਆਪਣੀ ਤਾਕਤ ਦਾ ਵਿਖਾਵਾ ਕਰਨ ਲੱਗੇ। ਦੂਜੇ ਪਾਸੇ ਵਿਰੋਧੀ
ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਿੱਧੂ ਦੇ ਹੋਰ ਵਿਰੋਧੀ ਵੀ ਸਰਗਰਮ ਹੋ ਗਏ
ਕਿ ਕਿਤੇ ਕਾਂਗਰਸ ਹਾਈਕਮਾਨ ਸਿੱਧੂ ਨੂੰ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾ
ਦੇਵੇ।
ਪਹਿਲਾਂ ਬਾਜਵਾ ਤੇ ਸਿੱਧੂ ਵਿਚਕਾਰ ਇਸ਼ਾਰਿਆਂ-ਇਸ਼ਾਰਿਆਂ ਵਿਚ ਤਲਖ
ਕਲਾਮੀ ਸ਼ੁਰੂ ਹੋਈ, ਇਸ ਦਰਮਿਆਨ ਪੰਜਾਬ ਕਾਂਗਰਸ ਦਾ ਮੁਖੀ ਤਾਂ ਬਦਲ ਗਿਆ ਅਤੇ ਇਹ
ਸੰਕੇਤ ਵੀ ਦਿੱਤੇ ਗਏ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ 2024 ਦੀਆਂ ਲੋਕ ਸਭਾ ਚੋਣਾਂ
ਤੱਕ ਨਹੀਂ ਬਦਲਿਆ ਜਾਵੇਗਾ। ਨਵਜੋਤ ਸਿੰਘ ਸਿੱਧੂ ਭਾਵੇਂ ਇਹ ਦਾਅਵਾ ਕਰਦੇ ਹਨ ਕਿ ਉਹ
ਤਾਂ ਪੰਜਾਬ ਏਜੰਡੇ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦਾ ਹਰ ਕਦਮ ਤੇ ਹਰ ਟਿੱਪਣੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਅਸਿੱਧੇ ਤੌਰ 'ਤੇ ਕਮਜ਼ੋਰ ਕਰਨ ਅਤੇ ਨਾਲ ਹੀ ਇਹ
ਦੋਸ਼ ਲਾਉਣ ਵੱਲ ਸੇਧਤ ਹੈ ਕਿ ਉਹ ਹੁਕਮਰਾਨ ਪਾਰਟੀ ਨਾਲ ਗੁਪਤ ਸਮਝੌਤਾ ਕਰਕੇ ਚੱਲ
ਰਹੇ ਹਨ।
ਜਦੋਂ ਸਿੱਧੂ ਨੇ ਇਸ਼ਾਰਿਆਂ ਵਿਚ ਰਾਜਾ ਵੜਿੰਗ ਨੂੰ 'ਕਮਜ਼ੋਰ' ਕਿਹਾ
ਤਾਂ ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਨੂੰ ਕਮਜ਼ੋਰ ਨਾ ਸਮਝੋ, ਕਦੇ-ਕਦੇ
ਕਮਜ਼ੋਰ ਵੀ ਅਜਿਹਾ ਟੀਕਾ ਲਾਉਂਦਾ ਹੈ ਕਿ ਬੰਦਾ ਲੱਭਿਆਂ ਨਹੀਂ ਥਿਆਉਂਦਾ। ਇਸ ਦੇ
ਜਵਾਬ ਵਿਚ ਅੱਜ ਹੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਦਵਿੰਦਰ
ਯਾਦਵ ਨੂੰ ਮਿਲਣ ਜਾਣ ਤੋਂ ਪਹਿਲਾਂ ਇਕ ਵੀਡੀਓ ਟਿੱਪਣੀ ਕਰ ਮਾਰੀ ਤੇ ਕਿਹਾ:
'ਕੌੜੀ ਕੌੜੀ ਬਿਕੇ ਹੂਏ ਲੋਗ ਸਮਝੌਤਾ ਕਰ ਘੁਟਨੋਂ ਪੇ ਟਿਕੇ ਹੂਏ ਲੋਗ।
ਅਰੇ 'ਬਰਗ਼ਦ' ਕੀ ਬਾਤ ਕਰਤੇ ਹੈਂ, ਗ਼ਮਲੋਂ ਮੇਂ ਉਗੇ ਹੂਏ ਲੋਗ।'
ਨਵਜੋਤ ਸਿੱਧੂ ਦੇ ਇਹ ਸ਼ਿਅਰ ਭਾਵੇਂ ਗ਼ਜ਼ਲ ਲਿਖਣ ਦੇ ਵਿਧੀ ਵਿਧਾਨ 'ਇਲਮ-ਏ-ਅਰੂਜ਼' ਤੋਂ
ਕੋਹਾਂ ਦੂਰ ਹਨ, ਪਰ ਇਸ ਵਿਚ ਵਿਅੰਗ ਕਿਸੇ ਗਾਲ੍ਹ ਤੋਂ ਵੀ ਤਿੱਖਾ ਹੈ।
ਇਸ
ਤੋਂ ਬਾਅਦ ਪੰਜਾਬ ਕਾਂਗਰਸ ਦੇ ਮੁਖੀ ਦਵਿੰਦਰ ਯਾਦਵ ਨਾਲ ਮੁਲਾਕਾਤ ਕਰਕੇ ਜਦੋਂ ਉਹ
ਬਾਹਰ ਆਏ ਤਾਂ ਭਾਵੇਂ ਉਨ੍ਹਾਂ ਦਾ ਰਵੱਈਆ ਅਜੇ ਵੀ ਸਖ਼ਤ ਹੀ ਦਿਖਾਈ ਦੇ ਰਿਹਾ ਸੀ ਪਰ
ਉਨ੍ਹਾਂ ਦੇ ਬੋਲਾਂ ਦੇ ਅਰਥ 'ਐਕਸ' (ਹੁਣ ਟਵਿੱਟਰ) 'ਤੇ ਵੀਡੀਓ ਟਵੀਟ ਵਿਚ ਵੱਖਰੀ
ਤਰ੍ਹਾਂ ਦੇ ਸਨ। ਉਨ੍ਹਾਂ ਕਿਹਾ ਕਿ ਜੋ ਰੈਲੀਆਂ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਦੇ
ਲੱਗਣ ਤੋਂ ਪਹਿਲਾਂ ਰੱਖੀਆਂ ਹੋਈਆਂ ਸਨ, ਉਹ, ਉਹ ਜ਼ਰੂਰ ਕਰਨਗੇ ਪਰ ਨਾਲ ਹੀ ਉਨ੍ਹਾਂ
ਕਿਹਾ ਕਿ ਪ੍ਰਧਾਨ (ਰਾਜਾ ਵੜਿੰਗ) ਅਤੇ ਮੁਖੀ (ਦਵਿੰਦਰ ਯਾਦਵ) ਨੇ ਵੀ ਕਿਹਾ ਹੈ ਕਿ
ਲੋਕਾਂ ਵਿਚ ਜਾਣ 'ਤੇ ਕੋਈ ਇਤਰਾਜ਼ ਨਹੀਂ। ਭਾਵ ਉਹ ਰਾਜਾ ਵੜਿੰਗ ਨੂੰ ਪ੍ਰਧਾਨ ਮੰਨ
ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਾਈਕਮਾਨ ਦੇ ਹੁਕਮ ਨੂੰ ਮੰਨਣਾ ਸਾਡਾ
ਧਰਮ ਹੈ।
ਉਨ੍ਹਾਂ ਆਪਣੇ 'ਪੰਜਾਬ ਏਜੰਡੇ' ਦੀ ਗੱਲ ਕਰਦਿਆਂ ਕਿਹਾ ਕਿ
ਪੰਜਾਬ ਦੇ ਲੋਕਾਂ ਨੂੰ ਦੱਸਣਾ ਪਵੇਗਾ ਕਿ ਅਸੀਂ ਪੰਜਾਬ ਲਈ ਕੀ ਕਰਨਾ ਹੈ। ਉਨ੍ਹਾਂ
ਕਿਹਾ ਕਿ ਸੰਵਾਦ ਦੀ ਲੋੜ ਹੈ। ਸਿੱਧੂ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਇਕ ਹੋਰ
ਜ਼ਬਰਦਸਤ ਇਸ਼ਾਰਾ ਵੀ ਮਿਲਦਾ ਹੈ ਜੋ ਕਿ ਬਹੁਤ ਡੂੰਘੇ ਅਰਥ ਰੱਖਦਾ ਹੈ ਤੇ ਦਿਲਚਸਪ ਵੀ
ਹੈ। ਇਸ ਮੌਕੇ ਸਿੱਧੂ ਨੇ 25 ਸਾਲਾਂ ਦੀ ਲੁੱਟ ਦੀ ਗੱਲ ਕਰਦਿਆਂ ਪ੍ਰਕਾਸ਼ ਸਿੰਘ ਬਾਦਲ
ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਤਾਂ ਲਿਆ ਪਰ 'ਆਪ' ਦੇ ਕਿਸੇ ਨੇਤਾ ਦਾ ਨਾਂਅ
ਨਹੀਂ ਲਿਆ ਜੋ ਉਨ੍ਹਾਂ ਦੇ 'ਆਪ' ਪ੍ਰਤੀ ਨਰਮ ਹੁੰਦੇ ਵਤੀਰੇ ਦਾ ਸੰਕੇਤ ਹੈ ਤੇ ਇਸ
ਦੇ ਅਸਲੀ ਰਾਜਨੀਤਕ ਸੰਕੇਤ ਤਾਂ ਅਗਲੇ ਦਿਨਾਂ ਵਿਚ ਹੀ ਸਪੱਸ਼ਟ ਹੋ ਸਕਣਗੇ।
ਅਸੀਂ ਸਮਝਦੇ ਹਾਂ ਕਿ ਦਵਿੰਦਰ ਯਾਦਵ ਨੇ ਸਿੱਧੂ ਨੂੰ ਸਾਫ਼-ਸਾਫ਼ ਸਮਝਾ ਦਿੱਤਾ ਹੈ ਕਿ
ਤੁਸੀਂ ਪ੍ਰਸਤਾਵਿਤ ਰੈਲੀਆਂ ਤਾਂ ਕਰੋ ਪਰ ਪੰਜਾਬ ਕਾਂਗਰਸ ਤੇ ਹਾਈਕਮਾਨ
ਨਾਲ ਤਾਲਮੇਲ ਕਰਕੇ। ਹੁਣ ਮੋਗਾ ਤੇ ਕਰਤਾਰਪੁਰ ਸਾਹਿਬ ਵਿਚ ਸਿੱਧੂ ਦੀਆਂ ਫੇਰੀਆਂ
ਵਿਚ ਜੋ ਕੁਝ ਵੀ ਹੋਵੇਗਾ, ਉਸ ਤੋਂ ਪੰਜਾਬ ਕਾਂਗਰਸ ਦੀ ਫੁੱਟ ਖ਼ਤਮ ਹੋਣ ਜਾਂ ਵਧਣ ਦਾ
ਫ਼ੈਸਲਾ ਹੋ ਜਾਵੇਗਾ।
ਇਸ ਦਰਮਿਆਨ 26 ਦਸੰਬਰ ਨੂੰ ਪੰਜਾਬ ਦੇ ਕਾਂਗਰਸੀ
ਨੇਤਾਵਾਂ ਦੀ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਦੀਆਂ ਕੁਝ ਗੱਲਾਂ ਦਾ ਜ਼ਿਕਰ ਕਰਨਾ ਵੀ
ਜ਼ਰੂਰੀ ਹੈ। ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ 90 ਫ਼ੀਸਦੀ ਨੇਤਾ 'ਆਪ' ਨਾਲ
ਸਮਝੌਤੇ ਦੇ ਉਲਟ ਬੋਲੇ ਜਦੋਂ ਕਿ ਸਿੱਧੂ ਸਮਝੌਤੇ ਦੇ ਹੱਕ ਵਿਚ ਖੜ੍ਹਿਆ। ਸਮਝੌਤੇ ਦੇ
ਵਿਰੋਧ ਵਿਚ ਖੜ੍ਹਨ ਵਾਲੇ ਬਹੁਤੇ ਨੇਤਾ ਅੰਤ ਵਿਚ ਇਹ ਵੀ ਕਹਿੰਦੇ ਰਹੇ ਕਿ ਬਾਕੀ
ਹਾਈਕਮਾਨ ਜੋ ਫ਼ੈਸਲਾ ਕਰੇਗੀ, ਮਨਜ਼ੂਰ ਹੋਵੇਗਾ।
ਪਰ ਗੱਲਬਾਤ ਦੇ ਅੰਤ
ਵਿਚ ਬੋਲਣ ਵਾਲੇ ਪ੍ਰਤਾਪ ਸਿੰਘ ਬਾਜਵਾ ਦਾ ਰਵੱਈਆ 'ਆਪ' ਨਾਲ ਸਮਝੌਤਾ ਕਰਨ ਦੇ ਸਖ਼ਤ
ਵਿਰੁੱਧ ਸੀ, ਜਦੋਂ ਕਿ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਰਤ ਭੂਸ਼ਨ ਆਸ਼ੂ ਨੇ
ਤਾਂ ਰਾਹੁਲ ਗਾਂਧੀ ਦੇ ਸਾਹਮਣੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਕਿ ਸਾਨੂੰ
ਹਾਈਕਮਾਨ ਦਾ 'ਆਪ' ਨਾਲ ਸਮਝੌਤਾ ਮਨਜ਼ੂਰ ਨਹੀਂ ਹੋਵੇਗਾ। ਸਾਡੇ ਲਈ ਆਤਮ-ਸਨਮਾਨ
ਸਭ ਤੋਂ ਉੱਪਰ ਹੈ। ਸਾਨੂੰ ਚੋਰ ਕਹਿਣ ਤੇ ਜੇਲ੍ਹਾਂ ਵਿਚ ਭੇਜਣ ਵਾਲੀ 'ਆਪ' ਨਾਲ
ਅਸੀਂ ਕੋਈ ਸਮਝੌਤਾ ਨਹੀਂ ਮੰਨਾਂਗੇ। ਪਰ ਪੰਜਾਬ ਕਾਂਗਰਸ ਦੇ ਨੇਤਾਵਾਂ ਵਿਚ ਚਲ ਰਹੀ
ਤਕਰਾਰ ਖ਼ਤਮ ਹੁੰਦੀ ਹੈ ਜਾਂ ਨਹੀਂ, ਇਸ ਤੋਂ ਹੀ ਕਾਂਗਰਸ ਦੇ ਪੰਜਾਬ ਵਿਚਲੇ ਭਵਿੱਖ
ਦਾ ਕੋਈ ਫ਼ੈਸਲਾ ਹੋਵੇਗਾ। ਉਂਜ ਬੇਖ਼ੁਦ ਦੇਹਲਵੀ ਦੇ ਸ਼ਬਦ ਕਾਂਗਰਸੀ ਨੇਤਾਵਾਂ ਨੂੰ ਮੰਨ
ਲੈਣੇ ਚਾਹੀਦੇ ਹਨ:
ਭੂਲੇ ਸੇ ਕਹਾ ਮਾਨ ਭੀ ਲੇਤੇ ਹੈਂ ਕਿਸੀ ਕਾ,
ਹਰ ਬਾਤ ਮੇਂ ਤਕਰਾਰ ਕੀ ਆਦਤ ਨਹੀਂ ਅੱਛੀ।
ਰਾਮ ਮੰਦਰ ਤੇ
ਸ਼੍ਰੋਮਣੀ ਕਮੇਟੀ
ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰਾ ਟਰੱਸਟ
ਵਲੋਂ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸ਼ਾਮਿਲ ਹੋਣ ਲਈ ਸ੍ਰੀ ਅਕਾਲ ਤਖ਼ਤ
ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ
ਹਰਜਿੰਦਰ ਸਿੰਘ ਧਾਮੀ ਨੂੰ ਵੀ ਸੱਦਾ ਪੱਤਰ ਮਿਲੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਜਥੇਦਾਰ ਨੂੰ ਇਹ ਸੱਦਾ ਪੱਤਰ 'ਰਾਸ਼ਟਰੀ ਸਿੱਖ ਸੰਗਤ' ਦੇ ਜਨਰਲ ਸਕੱਤਰ ਸੰਦੀਪ ਸਿੰਘ
ਰਾਹੀਂ ਭੇਜਿਆ ਗਿਆ ਹੈ। ਬਾਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਵੀ ਸੱਦਾ ਪੱਤਰ
ਭੇਜੇ ਜਾ ਰਹੇ ਹਨ।
ਸਾਡੇ ਲਈ ਹੈਰਾਨੀ ਦੀ ਗੱਲ ਹੈ ਕਿ ਕਰੀਬ 2 ਸਾਲ ਬਾਅਦ
'ਰਾਸ਼ਟਰੀ ਸਿੱਖ ਸੰਗਤ' ਅਚਾਨਕ ਫਿਰ ਸਰਗਰਮ ਹੋ ਗਈ ਹੈ। ਸਾਡੀ ਜਾਣਕਾਰੀ ਅਨੁਸਾਰ ਰਾ:
ਸ: ਸ: ਮੁਖੀ ਮੋਹਨ ਭਾਗਵਤ ਨੂੰ ਕੁਝ ਸਿੱਖ ਦਾਨਿਸ਼ਵਰ ਮਿਲੇ ਸਨ, ਜਿਨ੍ਹਾਂ
ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ 'ਰਾਸ਼ਟਰੀ ਸਿੱਖ ਸੰਗਤ' ਨੂੰ 'ਧੀਰੇ ਚਲੋ' ਦਾ
ਸੰਦੇਸ਼ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ
ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਸਿੱਖਾਂ ਨਾਲ ਸਿੱਧਾ ਰਾਬਤਾ
ਬਣਾਉਣ ਲੱਗ ਪਏ ਸਨ। ਗੌਰਤਲਬ ਹੈ ਕਿ ਪਿਛਲੇ 2 ਸਾਲਾਂ ਦੇ ਭਾਜਪਾ ਜਾਂ ਭਾਜਪਾ ਸਰਕਾਰ
ਵਲੋਂ ਸਿੱਖਾਂ ਸੰਬੰਧੀ ਕੀਤੇ ਵੱਡੇ-ਵੱਡੇ ਸਮਾਗਮਾਂ ਤੇ ਪ੍ਰੋਗਰਾਮਾਂ ਵਿਚ 'ਰਾਸ਼ਟਰੀ
ਸਿੱਖ ਸੰਗਤ' ਕਿਤੇ ਵੀ ਵੱਡੀ ਸਰਗਰਮ ਭੂਮਿਕਾ ਵਿਚ ਨਜ਼ਰ ਨਹੀਂ ਆਈ, ਪਰ ਹੁਣ ਅਚਾਨਕ
ਇਸ ਨੀਤੀ ਵਿਚ ਕੀ ਤਬਦੀਲੀ ਆਈ ਹੈ, ਇਸ ਨੂੰ ਸਮਝਣ ਵਿਚ ਅਜੇ ਵਕਤ ਲੱਗੇਗਾ। ਉਂਜ ਵੀ
ਹੈਰਾਨੀ ਦੀ ਗੱਲ ਹੈ ਕਿ ਰਾਮ ਮੰਦਰ ਸਮਾਗਮ ਦਾ ਸੱਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ
ਦੇ ਜਥੇਦਾਰ ਨੂੰ ਦੇਣ ਲਈ 'ਰਾਸ਼ਟਰੀ ਸਿੱਖ ਸੰਗਤ' ਦੇ ਪ੍ਰਤੀਨਿਧ ਨੂੰ ਭੇਜਿਆ ਗਿਆ।
ਇਸ ਦਰਮਿਆਨ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਪ੍ਰੋਗਰਾਮ ਦੇ ਸੱਦਾ
ਪੱਤਰਾਂ ਨੂੰ ਵੇਖਦਿਆਂ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਬਾਰੇ ਗੰਭੀਰਤਾ ਨਾਲ ਵਿਚਾਰ
ਕਰ ਰਹੀ ਹੈ। ਸਾਡੀ ਜਾਣਕਾਰੀ ਅਨੁਸਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਇਸ ਬਾਰੇ ਜਥੇਦਾਰ
ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਚਾਰ ਕਰਨਗੇ ਅਤੇ ਹੋ ਸਕਦਾ ਹੈ ਕਿ ਜਥੇਦਾਰ ਪੰਜ
ਸਿੰਘ ਸਾਹਿਬਾਨ ਨਾਲ ਵੀ ਵਿਚਾਰ-ਵਟਾਂਦਰਾ ਕਰਨ। ਇਸ ਦਰਮਿਆਨ ਇਹ ਵੀ ਪਤਾ ਲੱਗਾ ਹੈ
ਕਿ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਕਰੀਬ 100 ਪ੍ਰਮੁੱਖ ਵਿਅਕਤੀਆਂ ਨੂੰ ਨਿੱਜੀ
ਸੱਦਾ ਪੱਤਰ ਵੀ ਭੇਜੇ ਗਏ ਹਨ, ਜਿਨ੍ਹਾਂ ਵਿਚ ਕੁਝ ਸਿੱਖ ਵੀ ਹਨ, ਜਿਨ੍ਹਾਂ ਵਿਚ
ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਸਾਬਕਾ ਚੇਅਰਮੈਨ
ਤਰਲੋਚਨ ਸਿੰਘ ਦਾ ਨਾਂਅ ਸਾਹਮਣੇ ਆਇਆ ਹੈ, ਪਰ ਪਤਾ ਲੱਗਾ ਹੈ ਕਿ ਕੁਝ ਹੋਰਾਂ ਨੂੰ
ਵੀ ਸੱਦਾ ਪੱਤਰ ਭੇਜੇ ਜਾ ਰਹੇ ਹਨ।
ਭਾਜਪਾ ਲਈ ਵੱਡੀ ਹਾਰ ਤੇ
ਵੱਡੇ ਸਵਾਲ
ਰਾਜਸਥਾਨ ਵਿਚ ਹੁਣੇ-ਹੁਣੇ ਵਿਧਾਨ ਸਭਾ ਵਿਚ ਭਾਜਪਾ
ਦੀ ਵੱਡੀ ਜਿੱਤ ਤੋਂ ਬਾਅਦ ਹੋਈ ਪਹਿਲੀ ਉਪ-ਚੋਣ ਵਿਚ ਭਾਜਪਾ ਨੂੰ ਪੰਜਾਬ ਨਾਲ ਲਗਦੇ
ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਸ੍ਰੀ ਕਰਨਪੁਰ ਵਿਧਾਨ ਸਭਾ ਦੀ ਉਪ-ਚੋਣ ਵਿਚ ਵੱਡੀ ਹਾਰ
ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਇਸ ਲਈ ਹੋਰ ਵੀ ਵੱਡੀ ਹੋ ਗਈ ਹੈ ਕਿਉਂਕਿ ਸਿੱਖ
ਪ੍ਰਭਾਵ ਵਾਲੇ ਇਸ ਹਲਕੇ ਵਿਚ ਭਾਜਪਾ 'ਚ ਸ਼ਾਮਿਲ ਸਿੱਖ ਨੇਤਾ ਵੀ ਭਾਜਪਾ ਲਈ ਪੂਰਾ
ਜ਼ੋਰ ਲਾਉਂਦੇ ਰਹੇ ਤੇ ਭਾਜਪਾ ਨੇ ਆਪਣੇ ਉਮੀਦਵਾਰ ਸੁਰਿੰਦਰਪਾਲ ਸਿੰਘ ਟੀ.ਟੀ. ਨੂੰ
ਜਿਤਾਉਣ ਲਈ ਰਿਵਾਇਤ ਦੇ ਉਲਟ ਜਾ ਕੇ ਬਿਨਾਂ ਕੋਈ ਪ੍ਰਵਾਹ ਕੀਤੇ ਚੋਣ ਮੁਹਿੰਮ ਦੇ
ਦਰਮਿਆਨ ਹੀ ਮੰਤਰੀ ਵੀ ਬਣਾ ਦਿੱਤਾ।
ਭਾਜਪਾ ਨੇ ਇਹ ਬ੍ਰਹਮ ਅਸਤਰ ਟੀ.ਟੀ.
ਨੂੰ ਜਿਤਾਉਣ ਲਈ ਚਲਾਇਆ ਤਾਂ ਜੋ ਹਲਕੇ ਦੇ ਲੋਕਾਂ ਨੂੰ ਲੱਗੇ ਕਿ ਜੇ ਭਾਜਪਾ
ਜਿੱਤੇਗੀ ਤਾਂ ਮੰਤਰੀ ਸਾਡਾ ਹੋਵੇਗਾ। ਪਰ ਹੋਇਆ ਇਹ ਕਿ ਕਾਂਗਰਸ ਉਮੀਦਵਾਰ ਰੁਪਿੰਦਰ
ਸਿੰਘ ਕੂਨਰ ਜੋ ਸਵਰਗੀ ਕਾਂਗਰਸੀ ਵਿਧਾਇਕ ਗੁਰਮੀਤ ਸਿੰਘ ਕੂਨਰ ਦੇ ਬੇਟੇ ਹਨ, 11000
ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਜਿੱਤ ਗਏ, ਜਦੋਂ ਕਿ ਕਾਂਗਰਸ ਦੇ ਵਿਰੋਧੀ ਧਿਰ ਵਿਚ
ਹੋਣ ਕਾਰਨ ਉਨ੍ਹਾਂ ਦੇ ਮੰਤਰੀ ਬਣਨ ਦਾ ਸਵਾਲ ਵੀ ਪੈਦਾ ਨਹੀਂ ਸੀ ਹੁੰਦਾ। ਗ਼ੌਰਤਲਬ
ਹੈ ਕਿ ਸ੍ਰੀ ਕਰਨਪੁਰ ਪੰਜਾਬ ਤੋਂ ਸਿਰਫ਼ 90 ਕੁ ਕਿੱਲੋਮੀਟਰ ਹੀ ਦੂਰ ਹੈ। ਇਥੇ ਕਰੀਬ
12 ਫ਼ੀਸਦੀ ਸਿੱਖ ਵੋਟ ਵੀ ਹੈ। ਦੋਵੇਂ ਉਮੀਦਵਾਰ ਸਿੱਖ ਘਰਾਣਿਆਂ ਦੇ ਹੀ ਸਨ। ਸੋ,
ਭਾਜਪਾ ਦੀ ਇਹ ਹਾਰ ਭਾਜਪਾ ਲਈ ਵੱਡੇ ਸਵਾਲ ਖੜ੍ਹੇ ਕਰ ਗਈ ਹੈ ਕਿ, ਕੀ ਸਿੱਖ ਅਤੇ
ਕਿਸਾਨ ਅਜੇ ਵੀ ਭਾਜਪਾ ਨਾਲ ਨਹੀਂ ਆਏ? ਕੀ ਇਹ ਹਾਰ ਭਾਜਪਾ ਲਈ ਸੰਕੇਤ ਹੈ ਕਿ ਵਿਧਾਨ
ਸਭਾ ਚੋਣਾਂ ਜਿੱਤਣ 'ਤੇ ਸਰਕਾਰ ਬਣਾਉਣ ਦੇ ਬਾਵਜੂਦ 2024 ਦੀਆਂ ਲੋਕ ਸਭਾ ਚੋਣਾਂ
ਵਿਚ ਰਾਜਸਥਾਨ ਵਿਚ 'ਇੰਡੀਆ ਗੱਠਜੋੜ' ਨਾਲ ਟੱਕਰ ਬਹੁਤੀ ਆਸਾਨ ਨਹੀਂ ਹੋਵੇਗੀ।
ਸੁਬ੍ਹਾ-ਏ-ਵਿਸਾਲ ਪੂਛ ਰਹੀ ਹੈ ਅਜਬ ਸਵਾਲ, ਵੋ ਪਾਸ ਆ ਗਿਆ ਕਿ ਬੁਹਤ
ਦੂਰ ਹੋ ਗਯਾ। (ਬਸ਼ੀਰ
ਬਦਰ)
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ,
ਖੰਨਾ ਮੋਬਾਈਲ : 92168-60000 hslall@ymail.com
|