ਭਾਰਤ
ਨੂੰ ਹਿੰਦੂਤਤਵ ਦਾ ਦੇਸ਼ ਬਣਾਉਣ ਦਾ ਸਪਨਾ ਲੈਣ ਵਾਲੀ 'ਭਾਰਤੀ ਜਨਤਾ ਪਾਰਟੀ' ਨੇ
ਦਿੱਲੀ ਦੀ ਸਰਹੱਦ ‘ਤੇ ਕਿਸਾਨ ਅੰਦੋਲਨ ਦੀ ਸਫ਼ਲਤਾ ਤੋਂ ਬਾਅਦ ਪੰਜਾਬੀਆਂ ਅਤੇ
ਸਿੱਖਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਬਦਲ ਲਿਆ ਹੈ। ਪੰਜਾਬ ਦੀ ਭਾਰਤੀ ਜਨਤਾ
ਪਾਰਟੀ ਦੀ ਰਾਜ ਪੱਧਰ ਦੀ ਇਕਾਈ ਅਤੇ ਜਿਲ੍ਹਾ ਇਕਾਈਆਂ ਵਿੱਚ ਪੰਜਾਬ ਦੀ ਬੈਕ
ਬੋਨ ਸਮਝੀ ਜਾਣ ਵਾਲੀ ਸਿੱਖ ਕੌਮ ਨੂੰ ਵਰਣਨਯੋਗ ਪ੍ਰਤੀਨਿਧਤਾ ਦੇ ਕੇ
ਦਿਹਾਤੀ ਲੋਕਾਂ ਦੀਆਂ ਵੋਟਾਂ ਵਟੋਰਨ ਦਾ ਤਜਰਬਾ ਕੀਤਾ ਹੈ। ਇਸ ਮੰਤਵ ਲਈ ਪੰਜਾਬ
ਵਿੱਚ 'ਭਾਰਤੀ ਜਨਤਾ ਪਾਰਟੀ' ਪੱਬਾਂ ਭਾਰ ਹੋਈ ਪਈ ਹੈ।
ਸੁਨੀਲ ਕੁਮਾਰ
ਜਾਖੜ ਲਈ 2024 ਦੀਆਂ ਲੋਕ ਸਭਾ ਚੋਣਾਂ ਉਸ ਦਾ ਭਵਿਖ ਤਹਿ ਕਰਨਗੀਆਂ। ਭਾਰਤੀ ਜਨਤਾ
ਪਾਰਟੀ ਨੇ ਸੁਨੀਲ ਕੁਮਾਰ ਜਾਖੜ ਦੇ ਹੱਥ ਪੰਜਾਬ ਇਕਾਈ ਦੀ ਪ੍ਰਧਾਨਗੀ ਦੀ ਵਾਗ ਡੋਰ
ਦੇ ਕੇ ਸ਼ਤਰੰਜ ਦੀ ਚਾਲ ਚਲਦਿਆਂ ਸਿਆਸੀ ਪੱਤਾ ਖੇਡਿਆ ਹੈ।
ਸੁਨੀਲ ਕੁਮਾਰ
ਜਾਖੜ ਹਰ ਰੋਜ ਕਿਸੇ ਨਾ ਕਿਸੇ ਸਥਾਨ ‘ਤੇ ਵਰਕਰਾਂ ਦੇ ਸਮਾਗਮ ਕਰਨ ਵਿੱਚ ਰੁਝਿਆ
ਹੋਇਆ। ਕਈ ਵਾਰੀ ਤਾਂ ਲੋਕਾਂ ਦੇ ਘਰਾਂ ਵਿੱਚ ਹੀ ਮੀਟਿੰਗ ਕਰਕੇ ਬੁਤਾ ਸਾਰ ਲੈਂਦੇ
ਹਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾਵਾਂ ਨੇ ਵੀ ਸਬਰ ਦਾ ਘੁੱਟ ਭਰ
ਲਿਆ ਹੈ। ਇੰਡੀਆ ਗਠਜੋੜ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਮਈ
2024 ਦੀਆਂ ਲੋਕ ਸਭਾ ਚੋਣਾ ਹਰ ਹੀਲੇ ਜਿੱਤਣ ਲਈ ਦੇਸ਼ ਵਿੱਚ ਨਵੀਂ ਰਣਨੀਤੀ ਬਣਾਉਣੀ
ਸ਼ੁਰੂ ਕਰ ਦਿੱਤੀ, ਉਸ ਰਣਨੀਤੀ ਅਧੀਨ ਆਯੁਧਿਆ ਵਿਖੇ ਸ੍ਰੀ ਰਾਮ ਜਨਮ ਭੂਮੀ ‘ਤੇ ਰਾਮ
ਮੰਦਰ ਦਾ ਉਦਘਾਟਨ 22 ਜਨਵਰੀ 2024 ਨੂੰ ਕਰਨ ਦਾ ਪ੍ਰੋਗਰਾਮ ਤਹਿ ਕਰ ਲਿਆ।
ਉਸੇ ਲੜੀ ਅਧੀਨ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਖੰਭ ਖਿਲਾਰਨੇ ਸ਼ੁਰੂ ਕਰ
ਦਿੱਤੇ ਹਨ। ਪਾਰਟੀ ਦੇ ਰਣਨੀਤੀਕਾਰਾਂ ਨੇ ਪੰਜਾਬ ਦੀਆਂ 13 ਸੀਟਾਂ ਵਿੱਚੋਂ ਵੱਧ ਤੋਂ
ਵੱਧ ਸੀਟਾਂ ਨੂੰ ਜਿੱਤਣ ਦੀ ਯੋਜਨਾ ਬਣਾਈ ਹੈ। 'ਸ਼ਰੋਮਣੀ ਅਕਾਲੀ ਦਲ' ਨਾਲੋਂ ਕਿਸਾਨ
ਮੋਰਚੇ ਦੌਰਾਨ ਨਾਤਾ ਤੋੜਨ ਕਰਕੇ ਇਕੱਲਿਆਂ ਚੋਣ ਲੜਨ ਦੀ ਮੁਸ਼ਕਲ ਨੂੰ ਹਲ ਕਰਨ ਦੇ
ਇਰਾਦੇ ਨਾਲ 'ਅਕਾਲੀ ਦਲ' ਦੀ ਵੋਟ ਬੈਂਕ ਦੀ ਭਰਪਾਈ ਕਰਨ ਦੀ ਸਕੀਮ ਬਣਾਈ
ਗਈ। ਉਸ ਸਕੀਮ ਅਧੀਨ ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਉਨ੍ਹਾਂ ਦੀਆਂ
ਪਾਰਟੀਆਂ ਵਿੱਚੋਂ ਅਸਤੀਫ਼ੇ ਦਿਵਾ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕੀਤਾ ਜਾ
ਰਿਹਾ ਹੈ।
ਇਸੇ ਲੜੀ ਵਿੱਚ ਪਾਰਟੀ ਸੰਗਠਨ ਨੂੰ ਹੋਰ ਵਧੇਰੇ ਸੁਚੱਜੇ ਢੰਗ
ਨਾਲ ਸਰਗਰਮ ਕਰਨ ਲਈ 29 ਦਸੰਬਰ ਨੂੰ ਪੰਜਾਬ ਦੇ 35 ਜਿਲ੍ਹਾ ਪ੍ਰਧਾਨਾ ਦੀ ਸੂਚੀ
ਜ਼ਾਰੀ ਕੀਤੀ ਗਈ, ਜਿਸ ਵਿੱਚ ਬਹੁਤ ਸਾਰੇ ਪੁਰਾਣੇ ਪ੍ਰਧਾਨ ਬਦਲਕੇ ਕੈਪਟਨ ਅਮਰਿੰਦਰ
ਸਿੰਘ ਦੇ ਧੜੇ ਦੇ ਪੁਰਾਣੇ ਕਾਂਗਰਸੀਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ। ਇਸ ਤੋਂ
ਇਲਾਵਾ ਪਿੰਡਾਂ ਵਿੱਚੋਂ ਜੱਟ ਸਿੱਖ ਭਾਈਚਾਰੇ ਦੀਆਂ ਵੋਟਾਂ ਲੈਣ ਲਈ 35 ਜਿਲ੍ਹਾ
ਪ੍ਰਧਾਨਾ ਵਿੱਚੋਂ 17 ਪ੍ਰਧਾਨ ਜੱਟ ਸਿੱਖ ਭਾਈਚਾਰੇ ਦੇ ਬਣਾਏ ਗਏ ਹਨ। 18 ਪ੍ਰਧਾਨ
ਹਿੰਦੂ ਵਰਗ ਨਾਲ ਸੰਬੰਧਤ ਹਨ।
ਵਿੰਗਾਂ ਅਤੇ ਸੈਲਾਂ
ਦੇ 13 ਮੁੱਖੀਆਂ ਵਿੱਚ ਵੀ ਸਿੱਖ ਭਾਈਚਾਰੇ ਦੇ ਤਿੰਨ ਮੈਂਬਰ ਲਏ ਗਏ ਹਨ। ਇਸ ਦਾ ਅਰਥ
ਹੈ ਕਿ ਸਿੱਖ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਦੇ ਬਰਾਬਰ ਪ੍ਰਤੀਨਿਧਤਾ ਦਿੱਤੀ ਗਈ
ਹੈ।
ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵਿੱਚ ਕੀਤੀ
ਗਈ ਤਬਦੀਲੀ ਦੌਰਾਨ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ 33 ਫ਼ੀ ਸਦੀ ਸੀ। ਇਹ ਵੀ ਕੈਪਟਨ
ਅਮਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਜਾਖੜ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ
ਹੋਣ ਕਰਕੇ ਹੋਈ ਸੀ। ਇਸ ਤੋਂ ਪਹਿਲਾਂ ਤਾਂ ਗਿਣਵੇਂ ਚੁਣਵੇਂ ਸਿੱਖ ਹੀ ਭਾਰਤੀ ਜਨਤਾ
ਪਾਰਟੀ ਦੇ ਸੰਗਠਨ ਵਿੱਚ ਹੁੰਦੇ ਸਨ। ਇਸ ਸੂਚੀ ਵਿੱਚ ਕਾਂਗਰਸ ਪਾਰਟੀ ਵਿੱਚੋਂ ਆਏ
ਨੇਤਾਵਾਂ ਨੂੰ ਵਿਸ਼ੇਸ਼ ਪ੍ਰਮੁੱਖਤਾ ਦਿੱਤੀ ਗਈ ਹੈ। ਪਿੰਡਾਂ ਵਿੱਚ ਪਾਰਟੀ ਦਾ
ਬੋਲਬਾਲਾ ਬਣਾਉਣ ਲਈ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਖ਼ੋਰਾ ਲਗਾਉਣ ਲਈ ਭਾਰਤੀ
ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਜੁਲਾਈ 2023 ਵਿੱਚ ਪੰਜਾਬ
ਕਾਂਗਰਸ ਦੇ ਪ੍ਰਧਾਨ ਰਹੇ ਸੁਨੀਲ ਕੁਮਾਰ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਦੀ ਪੰਜਾਬ
ਇਕਾਈ ਦਾ ਪ੍ਰਧਾਨ ਬਣਾ ਦਿੱਤਾ ਸੀ।
ਸੁਨੀਲ ਕੁਮਾਰ ਜਾਖੜ ਦੀ ਨਿਯੁਕਤੀ ਉਪਰ
ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾਵਾਂ ਨੇ ਕਿੰਤੂ ਪ੍ਰੰਤੂ ਵੀ ਕੀਤਾ ਸੀ ਪ੍ਰੰਤੂ
ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਦੇ ਇਤਰਾਜ਼ ਨੂੰ ਇਸ ਆਸ ਨਾਲ ਦਰਕਿਨਾਰ ਕਰ ਦਿੱਤਾ ਸੀ
ਕਿ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਵਿੱਚ ਬਗਾਬਤ ਕਰਵਾਕੇ ਭਾਰਤੀ ਜਨਤਾ ਪਾਰਟੀ
ਵਿੱਚ ਨੇਤਾਵਾਂ ਤੇ ਵਰਕਰਾਂ ਨੂੰ ਸ਼ਾਮਲ ਕਰਵਾ ਲੈਣਗੇ।
ਪਹਿਲੇ ਸੱਟੇ ਕੁਝ
ਦਿਗਜ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ ਦੀ ਬਾਂਹ ਫੜ ਲਈ ਸੀ ਪ੍ਰੰਤੂ ਬਾਅਦ ਵਿੱਚ
ਕੁਝ ਵਾਪਸ ਕਾਂਗਰਸ ਵਿੱਚ ਚਲੇ ਗਏ। ਕਹਿਣ ਤੋਂ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਦਾ
ਦਾਰੋਮਦਾਰ ਦੂਜੀਆਂ ਪਾਰਟੀਆਂ ਵਿੱਚੋਂ ਆਏ ਨੇਤਾਵਾਂ ਅਤੇ ਸਿੱਖ ਭਾਈਚਾਰੇ ‘ਤੇ
ਜ਼ਿਆਦਾ ਟਿਕਿਆ ਹੋਇਆ ਹੈ। ਇਸ ਤੋਂ ਬਾਅਦ ਸਤੰਬਰ 2023 ਵਿੱਚ ਉਨ੍ਹਾਂ ਨੂੰ ਭਾਰਤੀ
ਜਨਤਾ ਪਾਰਟੀ ਦੇ ਅਹੁਦੇਦਾਰਾਂ ਦੀ ਸੂਚੀ ਦੀ ਪ੍ਰਵਾਨਗੀ ਦਿੱਤੀ। ਉਸ ਸੂਚੀ ਵਿੱਚ
ਕਾਂਗਰਸ ਪਾਰਟੀ ਵਿੱਚੋਂ ਆਏ ਸਾਬਕਾ ਮੰਤਰੀਆਂ ਨੂੰ ਰਾਜ ਪੱਧਰ ਦੇ ਅਹੁਦਿਆਂ ਨਾਲ
ਨਿਵਾਜਿਆ ਗਿਆ।
ਭਾਰਤੀ ਜਨਤਾ ਪਾਰਟੀ ਨੂੰ ਹਿੰਦੂ ਵਰਗ ਤੇ ਵਿਓਪਾਰੀਆਂ ਦੀ
ਪਾਰਟੀ ਕਿਹਾ ਜਾਂਦਾ ਸੀ। ਪ੍ਰੰਤੂ ਰਾਜ ਇਕਾਈ ਦੀ ਨਵੀਂ ਸੂਚੀ ਵਿੱਚ ਸਿੱਖ ਭਾਈਚਾਰੇ
ਨੂੰ ਵਧੇਰੇ ਪ੍ਰਤੀਨਿਧਤਾ ਦੇ ਕੇ ਦਿਹਾਤੀ ਇਲਾਕਿਆਂ ਵਿੱਚ ਜਾਲ ਵਿਛਾਉਣ ਦੀ ਕਾਰਵਾਈ
ਸ਼ੁਰੂ ਕੀਤੀ ਗਈ ਹੈ, ਕਿਉਂਕਿ ਸ਼ਹਿਰਾਂ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦਾ ਆਧਾਰ
ਮਜ਼ਬੂਤ ਸੀ ਪ੍ਰੰਤੂ ਪਿੰਡਾਂ ਵਿੱਚ ਉਨ੍ਹਾਂ ਦੀਆਂ ਵੋਟਾਂ ਨਾਮਾਤਰ ਹੀ ਸਨ। ਅਕਾਲੀ ਦਲ
ਨਾਲ ਭਾਈਵਾਲੀ ਸਮੇਂ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚੋਂ ਵੱਧ ਤੋਂ ਵੱਧ
4 ਸੀਟਾਂ ਹੀ ਜਿੱਤ ਸਕੀ ਹੈ। ਪੰਜਾਬ ਇਕਾਈ ਦੇ 12 ਉਪ ਪ੍ਰਧਾਨ ਬਣਾਏ ਗਏ ਜਿਨ੍ਹਾਂ
ਵਿੱਚੋਂ 6 ਜੱਟ ਸਿੱਖ ਭਾਈਚਾਰੇ ਵਿੱਚੋਂ ਹਨ। ਇਸ ਤਰ੍ਹਾਂ 21 ਮੈਂਬਰੀ
ਕੋਰ ਕਮੇਟੀ ਵਿੱਚ 7 ਜੱਟ ਸਿੱਖ ਅਤੇ ਪੰਜ ਸੈਲਾਂ ਦੇ ਮੁੱਖੀਆਂ ਵਿੱਚੋਂ 2
ਸਿੱਖ ਭਾਈਚਾਰੇ ਵਿੱਚੋਂ ਲਏ ਗਏ ਸਨ।
ਅਕਾਲੀ ਦਲ ਨਾਲੋਂ ਵੱਖ ਹੋਣ ਕਰਕੇ
ਭਾਰਤੀ ਜਨਤਾ ਪਾਰਟੀ ਦਾ ਸਿੱਖ ਭਾਈਚਾਰੇ ਵਿੱਚ ਆਪਣਾ ਆਧਾਰ ਬਣਾਉਣਾ ਜ਼ਰੂਰੀ ਸੀ।
ਭਾਰਤੀ ਜਨਤਾ ਪਾਰਟੀ ਇਨ੍ਹਾਂ ਅਹੁਦੇਦਾਰੀਆਂ ਦੇਣ ਤੋਂ ਬਾਅਦ ਪਿੰਡਾਂ ਵਿੱਚ ਬੂਥ
ਲਗਾਉਣ ਵਿੱਚ ਸਫਲ ਹੋਵੇਗੀ। ਇਸ ਸੂਚੀ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ
ਕਿ ਸ਼ਹਿਰੀ ਜਿਲਿ੍ਹਆਂ ਜਿਨ੍ਹਾਂ ਵਿੱਚ ਹਰਵਿੰਦਰ ਸਿੰਘ ਅੰਮਿ੍ਰਤਸਰ ਸ਼ਹਿਰੀ,
ਯਾਦਵਿੰਦਰ ਸਿੰਘ ਸ਼ੰਟੀ ਬਰਨਾਲਾ, ਹਰਸਿਮਰਨ ਸਿੰਘ ਵਾਲੀਆ ਨੂੰ ਬਟਾਲਾ, ਦੀਦਾਰ ਸਿੰਘ
ਭੱਟੀ ਫ਼ਤਿਹਗੜ੍ਹ ਸਾਹਿਬ, ਸੁਖਵਿੰਦਰ ਪਾਲ ਸਿੰਘ ਕਾਕਾ ਫ਼ਾਜ਼ਿਲਕਾ, ਸ਼ਮਸ਼ੇਰ ਸਿੰਘ
ਫੀਰੋਜਪੁਰ, ਇੰਦਰਪਾਲ ਸਿੰਘ ਧਾਲੀਵਾਲ ਜਗਰਾਓਂ, ਰਣਜੀਤ ਸਿੰਘ ਪਰਮਾਰ ਜਲੰਧਰ
ਉੱਤਰ, ਰਣਜੀਤ ਸਿੰਘ ਖੋਜੇਵਾਲ ਕਪੂਰਥਲਾ, ਭੁਪਿੰਦਰ ਸਿੰਘ ਚੀਮਾ ਖੰਨਾ, ਰਾਜਵਿੰਦਰ
ਸਿੰਘ ਲੱਕੀ ਨਵਾਂ ਸ਼ਹਿਰ, ਜਸਪਾਲ ਸਿੰਘ ਗਗਰੌਲੀ ਪਟਿਆਲਾ ਉੱਤਰ, ਅਜੇਵੀਰ
ਸਿੰਘ ਲਾਲਪੁਰਾ ਰੋਪੜ, ਧਰਮਿੰਦਰ ਸਿੰਘ ਸੰਗਰੂਰ 1 ਅਤੇ ਅੰਮਿ੍ਰਤ ਸਿੰਘ ਚੱਠਾ
ਨੂੰ ਸੰਗਰੂਰ 2 ਸ਼ਾਮਲ ਹਨ, ਨੂੰ ਭਾਰਤੀ ਜਨਤਾ ਪਾਰਟੀ ਨੇ ਸਿੱਖ ਭਾਈਚਾਰੇ ਦੇ ਨੌਜਵਾਨ
ਪ੍ਰਧਾਨ ਬਣਾਏ ਹਨ।
ਪਟਿਆਲਾ ਜਿਲ੍ਹਾ ਤਾਂ ਸਾਰਾ ਹੀ ਕੈਪਟਨ ਅਮਰਿੰਦਰ ਸਿੰਘ
ਦੇ ਹਵਾਲੇ ਕਰ ਦਿੱਤਾ ਹੈ। ਸੰਜੀਵ ਸ਼ਰਮਾ ਬਿੱਟੂ ਨੂੰ ਪਟਿਆਲਾ ਸ਼ਹਿਰੀ ਦਾ ਪ੍ਰਧਾਨ
ਬਣਾਇਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੀ 'ਰਾਸਸ' ਵਰਗੀ 'ਸਿੱਖ ਸਟੂਡੈਂਟ
ਫ਼ੈਡਰੇਸ਼ਨ' ਦੇ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਿੰਦੂ ਵਰਗ ਦੇ
ਭਗਤ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਭਾਰਤੀ ਜਨਤਾ ਪਾਰਟੀ ਲਈ ਤਿਆਰ
ਵਰ ਤਿਆਰ ਬੈਠੇ ਹਨ।
ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਉਤੇਜਤ ਕਰਕੇ
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਿੰਦੂ ਵੋਟਰ ਨੂੰ ਚੁਸਤ ਫਰੁਸਤ ਕਰਨ ਲਈ
ਭਾਰਤੀ ਜਨਤਾ ਪਾਰਟੀ ਨੇ ਕੇਂਦਰੀ ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਹੈ। ਉਸੇ ਲੜੀ
ਵਿੱਚ ਗਜੇਂਦਰ ਸਿੰਘ ਸ਼ੇਖਾਵਤ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਮੀਟਿੰਗਾਂ ਦਾ ਸਿਲਸਿਲਾ
ਸ਼ੁਰੂ ਕਰ ਦਿੱਤਾ ਹੈ।
‘ਭਾਰਤ ਵਿਕਾਸ ਸੰਕਲਪ’ ਯਾਤਰਾ ਵਾਲੀਆਂ ਗੱਡੀਆਂ
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਕੇਂਦਰ ਸਰਕਾਰ ਦੀਆਂ ਵੈਲਫੇਅਰ
ਸਕੀਮਾ ਦੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਗਾਹ ਪਾ ਰਹੀਆਂ ਹਨ। ਭਾਰਤੀ ਜਨਤਾ
ਪਾਰਟੀ ਦੀ ਯੋਜਨਾ ਹੈ ਕਿ ਦੂਜੇ ਪੜਾਅ ਵਿੱਚ ਪਹਿਲਾਂ ਪ੍ਰਮੁੱਖ ਸ਼ਹਿਰਾਂ ਅਤੇ ਪਿੰਡਾਂ
ਅਤੇ ਤੀਜੇ ਫੇਜ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਸੰਕਲਪ ਯਾਤਰਾ ਦੀਆਂ
ਗੱਡੀਆਂ ਰਾਹੀਂ ਪ੍ਰਚਾਰ ਕੀਤਾ ਜਾਵੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ
6 ਰੇਲ ਗੱਡੀਆਂ ਦਾ ਆਗਾਜ਼ ਕੀਤਾ ਹੈ, ਇਸ ਈਵੈਂਟ ਨੂੰ ਭਾਰਤੀ ਜਨਤਾ ਪਾਰਟੀ
ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਰੇਲਵੇ ਸਟੇਸ਼ਨਾ ਤੇ ਇਕੱਠ ਕਰ ਰਹੀ ਹੈ। ਇਨ੍ਹਾਂ
ਵਿੱਚੋਂ ਇਕ ਰੇਲ ਗੱਡੀ ਅੰਮਿ੍ਰਤਸਰ ਦਿੱਲੀ ਵੀ ਹੈ। ਇਸ ਦੇ ਸਵਾਗਤ ਲਈ ਪੰਜਾਬ ਦੇ
ਰਾਜ ਪਾਲ ਅੰਮਿ੍ਰਤਸਰ ਪਹੁੰਚੇ ਹਨ, ਜਿਥੇ ਪਾਰਟੀ ਦੇ ਵਰਕਰਾਂ ਦਾ ਇਕੱਠ ਰੱਖਿਆ ਗਿਆ
ਹੈ। ਜਿਸ ਸਟੇਸ਼ਨ ਤੋਂ ਪੰਜਾਬ ਵਿੱਚ ਗੱਡੀ ਲੰਘੀ ਹੈ, ਉਥੇ ਪਾਰਟੀ ਦੇ ਵਰਕਰਾਂ ਨੇ
ਸਵਾਗਤ ਕੀਤਾ ਹੈ। ਕੇਂਦਰੀ ਰੇਲਵੇ ਵਿਭਾਗ ਵੱਲੋਂ ਅੰਮਿ੍ਰਤਸਰ ਲਈ ਇਕ ਬੁਲਟ
ਟਰੇਟ ਚਲਾਉਣ ਦੀ ਤਜਵੀਜ ਵੀ ਹੈ।
ਭਾਰਤੀ ਜਨਤਾ ਪਾਰਟੀ ਦੇ ਵਰਕਰਾਂ
ਦਾ ਉਤਸ਼ਾਹ ਵਧਾਉਣ ਲਈ ਸ੍ਰੀ ਰਾਮ ਜਨਮ ਭੂਮੀ ਮੰਦਰ ਦੇ ਉਦਘਾਟਨ ਨੂੰ ਵੀ ਸਿਆਸੀ
ਹਿਤਾਂ ਲਈ ਵਰਤਿਆ ਜਾ ਰਿਹਾ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਯਾਤਰਾ ਲਈ ਸੱਦਾ ਪੱਤਰ
ਪੰਜਾਬ ਵਿਚਲੇ ਸਾਰੇ ਮੰਦਰਾਂ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ‘ਅਕਸ਼ਤ ਕਲਸ’
ਅਤੇ ‘ਸ੍ਰੀ ਰਾਮ ਜਨਮ ਭੂਮੀ ਮੰਦਰ ਦੀ ਤਸਵੀਰ’ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ
ਮੰਦਰਾਂ ਲਈ ਭੇਜੀ ਗਈ ਹੈ। ਜਿਸ ਇਲਾਕੇ ਵਿੱਚ ਮੰਦਰ ਸਥਿਤ ਹਨ, ਉਨ੍ਹਾਂ ਦੇ
ਆਲੇ ਦੁਆਲੇ ਦੇ ਸਾਰੇ ਘਰਾਂ ਵਿੱਚ 1 ਜਨਵਰੀ ਤੋਂ 15 ਜਨਵਰੀ ਤੱਕ ਅਕਸ਼ਤ ਕਲਸ
ਅਤੇ ਸ੍ਰੀ ਰਾਮ ਜਨਮ ਭੂਮੀ ਮੰਦਰ ਦੀਆਂ ਤਸਵੀਰਾਂ ਵੰਡੀਆਂ ਜਾਣਗੀਆਂ। ਇਹ ਸਾਰਾ ਕੰਮ
ਸ੍ਰੀ ਰਾਮ ਤੀਰਥ ਖੇਤਰ ਟਰੱਸਟ ਆਯੋਧਿਆ ਵੱਲੋਂ ਕੀਤਾ ਜਾ ਰਿਹਾ ਹੈ।
ਸ੍ਰੀ
ਰਾਮ ਜਨਮ ਭੂਮੀ ਮੰਦਰ ਦਾ ਉਦਘਾਟਨ 22 ਜਨਵਰੀ 2024 ਨੂੰ ਕੀਤਾ ਜਾਵੇਗਾ। ਇਸ ਸਮਾਗਮ
ਨੂੰ ਆਨ ਲਾਈਨ ਵੇਖਣ ਲਈ ਭਾਰਤੀ ਜਨਤਾ ਪਾਰਟੀ ਨੇ ਸਾਰੇ ਮੰਦਰਾਂ ਵਿੱਚ ਪ੍ਰਬੰਧ ਕੀਤਾ
ਹੈ ਤਾਂ ਜੋ ਭਾਰਤੀ ਜਨਤਾ ਪਾਰਟੀ ਦੀ ਵੋਟ ਬੈਂਕ ਨੂੰ ਮਜ਼ਬੂਤ ਕੀਤਾ ਜਾ
ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
|