ਸਿਆਸਤ
ਕਾ ਚਲਨ ਯੇ ਹੈ ਕਿ ਜੋ ਨਾ ਹੋ ਵਹੀ ਕਹੀਏ, ਅੰਧੇਰੇ ਕੋ ਉਜਾਲਾ ਕਹਿ ਸੁਬਹ ਕੋ
ਰਾਤ ਸਾਬਿਤ ਕਰ
(ਲਾਲ ਫਿਰੋਜ਼ਪੁਰੀ)
ਹਾਲਾਂਕਿ ਸਾਰੀ
'ਭਾਜਪਾ' ਵਿਰੋਧੀ ਭਾਰੂ 'ਲੋਕ ਮਾਧਿਅਮ' ਇਹ ਸਾਬਤ ਕਰਨ 'ਤੇ ਜ਼ੋਰ ਲਾ ਰਿਹਾ ਹੈ ਕਿ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ ਸੰਭਾਵਿਤ ਹਾਰ
ਨੂੰ ਦੇਖ ਕੇ ਘਬਰਾ ਗਏ ਹਨ ਅਤੇ ਇਸੇ ਕਰਕੇ ਹੀ ਉਹ ਕਾਂਗਰਸ ਦੇ ਚੋਣ ਘੋਸ਼ਣਾ ਪੱਤਰ
ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ 2006 ਵਿਚ ਦਿੱਤੇ ਇਕ
ਪੁਰਾਣੇ ਬਿਆਨ ਨਾਲ ਰਲਗੱਡ ਕਰਕੇ ਹਿੰਦੂ-ਮੁਸਲਿਮ ਰਾਜਨੀਤੀ ਕਰਨ 'ਤੇ ਉੱਤਰ ਆਏ ਹਨ।
ਹਾਲਾਂਕਿ 2006 ਵਿਚ ਡਾ. ਮਨਮੋਹਨ ਸਿੰਘ ਦਾ ਬਿਆਨ ਬਿਲਕੁਲ ਹੀ ਵੱਖਰੇ
ਸੰਦਰਭ ਵਿਚ ਸੀ ਤੇ ਫਿਰ ਉਸ ਤੋਂ ਬਾਅਦ ਲਗਾਤਾਰ 10 ਸਾਲ ਤੋਂ ਭਾਜਪਾ ਰਾਜ ਕਰਦੀ ਆ
ਰਹੀ ਹੈ। ਨਿੱਜੀ ਤੌਰ 'ਤੇ ਮੈਨੂੰ ਨਹੀਂ ਜਾਪਦਾ ਕਿ ਭਾਜਪਾ ਹਾਰ ਰਹੀ ਹੈ ਪਰ ਹਾਂ ਉਸ
ਦਾ 400 ਪਾਰ ਦਾ ਨਾਅਰਾ ਜ਼ਰੂਰ ਖੋਖਲਾ ਜਾਪ ਰਿਹਾ ਹੈ ਤੇ ਭਾਜਪਾ ਦੀਆਂ ਕੁਝ ਸੀਟਾਂ
ਘਟਣ ਦੇ ਅਸਾਰ ਵੀ ਜ਼ਰੂਰ ਨਜ਼ਰ ਆ ਰਹੇ ਹਨ। ਇਹ ਆਮ ਪ੍ਰਭਾਵ ਹੈ ਕਿ ਭਾਜਪਾ ਰਾ:ਸ:ਸ:
ਮਨੋਰਥ ਨੂੰ ਲਾਗੂ ਕਰ ਰਹੀ ਹੈ ਤੇ ਇਸ ਵਾਰ ਉਹ ਵੱਡੀ ਗਿਣਤੀ ਵਿਚ ਲੋਕ ਸਭਾ ਸੀਟਾਂ
ਜਿੱਤ ਕੇ ਭਾਰਤੀ ਸੰਵਿਧਾਨ ਵਿਚ ਕੁਝ ਬੁਨਿਆਦੀ ਤੇ ਵੱਡੇ ਫੇਰਬਦਲ ਕਰਨ ਦੀ ਗੁਪਤ
ਰਣਨੀਤੀ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ ਬਾਰੇ ਕਿਸੇ ਵੱਡੇ ਨੇਤਾ ਨੇ ਕਦੇ
ਕੁਝ ਨਹੀਂ ਕਿਹਾ।
ਪਰ ਇਹ ਵੀ ਸੱਚ ਹੈ ਕਿ ਜਿਵੇਂ ਭਾਜਪਾ ਨੇ ਪਹਿਲਾਂ ਰਾਮ
ਮੰਦਰ ਬਣਾਉਣ ਨੂੰ ਚੋਣਾਂ ਦਾ ਮੁੱਖ ਮੁੱਦਾ ਬਣਾਇਆ, ਪਰ ਬਾਅਦ ਵਿਚ ਉਸ ਦੀ ਜਗ੍ਹਾ
ਭਾਰਤ ਦੇ ਵਿਕਾਸ ਦੀ ਗੱਲ ਨੂੰ ਅੱਗੇ ਕੀਤਾ ਤੇ 2047 ਤੱਕ ਦਾ ਵਿਜ਼ਨ ਦਿੰਦਿਆਂ ਭਾਰਤ
ਦੇ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਨੂੰ ਚੋਣ ਮੁੱਦੇ ਵਜੋਂ
ਉਭਾਰਿਆ ਪਰ ਅਚਾਨਕ ਪਹਿਲੇ ਗੇੜ ਦੀਆਂ ਵੋਟਾਂ ਵਿਚ ਵੋਟਾਂ ਦੀ ਘੱਟ ਭੁਗਤਾਣ
ਤੋਂ ਬਾਅਦ ਕਾਂਗਰਸ ਦੇ ਕੁਝ ਹਫ਼ਤੇ ਪਹਿਲਾਂ ਜਾਰੀ ਹੋਏ ਚੋਣ ਘੋਸ਼ਣਾ ਪੱਤਰ 'ਤੇ
ਹਮਲਾਵਰ ਹੁੰਦਿਆਂ ਪ੍ਰਧਾਨ ਮੰਤਰੀ ਨੇ ਇਹ ਪ੍ਰਭਾਵ ਤਾਂ ਬਣਾਇਆ ਹੀ ਹੈ ਕਿ ਭਾਜਪਾ
ਵਿਚ ਕਿਤੇ ਨਾ ਕਿਤੇ ਘੱਟ ਵੋਟਾਂ ਪੈਣ ਕਾਰਨ ਘਬਰਾਹਟ ਦਾ ਆਲਮ ਜ਼ਰੂਰ ਹੈ। ਪ੍ਰਧਾਨ
ਮੰਤਰੀ ਨੇ ਖ਼ੁਦ ਇਹ ਪ੍ਰਚਾਰ ਕੀਤਾ ਕਿ ਜੇ ਵਿਰੋਧੀ ਧਿਰ ਜਿੱਤਦੀ ਹੈ ਤਾਂ ਉਹ ਤੁਹਾਡੀ
ਜਾਇਦਾਦ ਤੇ ਸੋਨਾ ਖੋਹ ਕੇ ਜ਼ਿਆਦਾ ਬੱਚੇ ਪੈਦਾ ਕਰਨ (ਅਸਿੱਧੇ ਰੂਪ ਵਿਚ ਮੁਸਲਮਾਨਾਂ)
ਵਾਲਿਆਂ ਨੂੰ ਦੇਵੇਗੀ।
ਅਸੀਂ ਸਮਝਦੇ ਹਾਂ ਕਿ ਰਾਜਨੀਤੀ ਵਿਚ ਅਨਹੋਣੀ ਬਾਤ
ਕਹਿਣੀ ਰਾਜਨੀਤੀ ਦਾ ਚਲਣ ਬਣ ਚੁੱਕਾ ਹੈ। ਕੇਜਰੀਵਾਲ ਦੀ 'ਆਮ ਆਦਮੀ ਪਾਰਟੀ' ਨੇ ਵੀ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤੇ ਹੁਣ ਕਾਂਗਰਸ ਨੇ ਵੀ ਕਈ ਅਜਿਹੀਆਂ
ਗਾਰੰਟੀਆਂ ਦਿੱਤੀਆਂ ਹਨ, ਜੋ ਜ਼ਮੀਨੀ ਧਰਾਤਲ 'ਤੇ ਅਨਹੋਣੀਆਂ ਹੀ ਹਨ। ਰਾਜਨੀਤੀਵਾਨ
ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਸਾਬਤ ਕਰਨ ਦੇ ਮਾਹਿਰ ਹੁੰਦੇ ਹਨ। ਪਰ ਗਹੁ ਕਰਨ
ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਵੀ
ਹੁੰਦਾ ਹੈ। ਪ੍ਰਧਾਨ ਮੰਤਰੀ ਪੱਧਰ ਦੇ ਕਿਸੇ ਵੀ ਵਿਅਕਤੀ ਵਲੋਂ ਅਜਿਹੇ ਬਿਆਨ ਨਹੀਂ
ਦਿੱਤੇ ਜਾਣੇ ਚਾਹੀਦੇ, ਜੋ ਦੇਸ਼ ਨੂੰ ਧਰਮ ਦੇ ਨਾਂਅ 'ਤੇ ਵੰਡਣ ਦਾ ਪ੍ਰਭਾਵ ਦਿੰਦੇ
ਹੋਣ। ਇਹ ਠੀਕ ਹੈ ਕਿ ਭਾਜਪਾ ਸੱਤਾ ਵਿਚ ਆਈ ਹੀ ਬਹੁਗਿਣਤੀ ਦੇ ਧਰੁਵੀਕਰਨ ਕਰਕੇ ਹੈ,
ਉਸ ਨੇ ਸਫਲਤਾ ਨਾਲ ਬਹੁਗਿਣਤੀ ਨੂੰ ਘੱਟ-ਗਿਣਤੀ ਤੋਂ ਡਰਾਉਣ ਦੀ ਖੇਡ ਖੇਡੀ ਹੈ। ਹੁਣ
ਵੀ ਪਹਿਲੇ ਗੇੜ ਦੀਆਂ ਵੋਟਾਂ ਤੋਂ ਬਾਅਦ ਭਾਜਪਾ ਵਾਪਸ ਉਸੇ ਖੇਡ 'ਤੇ ਉੱਤਰ ਆਈ ਹੈ।
ਭਾਵੇਂ ਅਜੇ ਵੀ ਕਾਂਗਰਸ ਤੇ 'ਇੰਡੀਆ' ਗੱਠਜੋੜ ਮੁੱਖਧਾਰਾ ਦੇ ਸੰਚਾਰ ਮਾਧਿਅਮ ਵਿਚ
ਭਾਜਪਾ ਤੋਂ ਕਿਤੇ ਪਿੱਛੇ ਹੈ ਪਰ ਫਿਰ ਵੀ ਉਹ ਇਸ ਵਾਰ ਲੋਕ ਮਾਧਿਅਮ ਰਾਹੀਂ ਜਵਾਬ
ਦੇਣ ਵਿਚ ਕਾਫੀ ਹਦ ਤੱਕ ਸਫਲ ਨਜ਼ਰ ਆ ਰਿਹਾ ਹੈ।
ਸਾਡੇ ਹਿਸਾਬ ਨਾਲ ਪ੍ਰਧਾਨ
ਮੰਤਰੀ ਦਾ ਇਹ ਤਿੱਖਾ ਵਾਰ ਵੀ ਇਸ ਵਾਰ ਅਜੇ ਓਨਾ ਕਾਰਗਰ ਨਜ਼ਰ ਨਹੀਂ ਆ ਰਿਹਾ,
ਕਿਉਂਕਿ ਇਸ ਵਾਰ ਮੁਸਲਿਮ ਘੱਟ-ਗਿਣਤੀ ਜਵਾਬੀ ਤੌਰ 'ਤੇ ਹਮਲਾਵਰ ਨਹੀਂ ਹੋਈ ਤੇ ਉਹ
ਚੁੱਪ ਹੈ, ਜਿਸ ਕਾਰਨ ਬਹੁਗਿਣਤੀ ਹਿੰਦੂ ਵੀ ਵੱਡੇ ਪੱਧਰ 'ਤੇ ਇਸ ਪ੍ਰਚਾਰ ਤੋਂ
ਪ੍ਰਭਾਵਿਤ ਨਜ਼ਰ ਨਹੀਂ ਆ ਰਿਹਾ। ਇਹੀ ਕਾਰਨ ਹੈ ਕਿ ਹੁਣ ਭਾਜਪਾ ਆਪਣੇ ਕੇਡਰ ਨੂੰ ਇਸ
ਚੋਣ ਘੋਸ਼ਣਾ ਪੱਤਰ ਦੇ ਵਿਰੋਧ ਵਿਚ ਵਿਖਾਵੇ ਕਰਨ ਲਈ ਮਜਬੂਰ ਕਰ ਰਹੀ ਹੈ।
ਜਿਸ ਤਰ੍ਹਾਂ ਦੀਆਂ 'ਸਰਗੋਸ਼ੀਆਂ' ਸੁਣਾਈ ਦੇ ਰਹੀਆਂ ਹਨ ਕਿ ਏਨੇ ਸਖ਼ਤ ਹਮਲੇ ਦੇ
ਬਾਵਜੂਦ ਬਹੁਗਿਣਤੀ ਦਾ ਧਰੁਵੀਕਰਨ ਹੁੰਦਾ ਨਜ਼ਰ ਨਹੀਂ ਆ ਰਿਹਾ ਅਤੇ ਇਸੇ ਕਾਰਨ ਭਾਜਪਾ
ਵਿਖਾਵੇ ਕਰਨ ਲੱਗ ਪਈ ਹੈ। ਸਾਨੂੰ ਡਰ ਲਗਦਾ ਹੈ ਕਿ ਜੇਕਰ ਦੂਜੇ ਅਤੇ ਤੀਜੇ ਚੋਣ ਗੇੜ
ਵਿਚ ਵੀ ਭਾਜਪਾ ਸ਼ਾਸਿਤ ਰਾਜਾਂ ਵਿਚ ਲੋਕਾਂ ਨੇ ਚੋਣਾਂ ਵਿਚ ਉਤਸ਼ਾਹ ਨਾ ਲਿਆ ਤੇ ਪੋਲ
ਫ਼ੀਸਦੀ ਘੱਟ ਹੀ ਰਹੀ ਤਾਂ ਭਾਜਪਾ ਬਹੁਗਿਣਤੀ ਦਾ ਧਰੁਵੀਕਰਨ ਕਰਨ ਲਈ ਕੋਈ ਹੋਰ ਤਿੱਖੇ
ਕਦਮ ਉਠਾਉਣ ਵੱਲ ਨਾ ਤੁਰ ਪਵੇ, ਜਿਸ ਦਾ ਨਤੀਜਾ ਦੇਸ਼ ਦੀ ਫ਼ਿਰਕੂ ਏਕਤਾ ਲਈ ਖ਼ਤਰਨਾਕ
ਨਿਕਲ ਸਕਦਾ ਹੈ। ਭਾਜਪਾ ਨੂੰ ਇੰਨਾ ਕੁ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਉਹ
ਹੁਕਮਰਾਨ ਹੈ ਤੇ ਦੇਸ਼ ਦੀ ਫ਼ਿਰਕੂ ਏਕਤਾ ਨੂੰ ਬਣਾਈ ਰੱਖਣ ਦੀ ਜ਼ਿਆਦਾ ਜ਼ਿੰਮੇਵਾਰੀ ਵੀ
ਉਸ ਦੀ ਹੀ ਹੈ। ਸਾਨੂੰ ਡਰ ਹੈ ਕਿ ਜੇਕਰ ਦੇਸ਼ ਦਾ ਫ਼ਿਰਕੂ ਤਾਣਾ-ਬਾਣਾ ਹਿੱਲਿਆ ਤੇ
ਗੱਲ ਕਿਸੇ ਤਰ੍ਹਾਂ ਫ਼ਿਰਕੂ ਦੰਗਿਆਂ ਵੱਲ ਵਧ ਗਈ ਤਾਂ ਚੋਣ ਅਮਲ ਨੂੰ ਪੁਰਅਮਨ ਢੰਗ
ਨਾਲ ਜਾਰੀ ਰੱਖਣ ਵਿਚ ਵੀ ਮੁਸ਼ਕਿਲ ਆ ਸਕਦੀ ਹੈ। ਇਸ ਲਈ ਸਾਰੀਆਂ ਰਾਜਨੀਤਕ ਪਾਰਟੀਆਂ
ਨੂੰ ਸੁਚੇਤ ਰੂਪ ਵਿਚ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਅਜਿਹਾ ਹੋਇਆ ਤਾਂ ਇਹ ਕਿਸੇ
ਦੇ ਵੀ ਹਿਤ ਵਿਚ ਨਹੀਂ ਹੋਵੇਗਾ, ਨਾ ਕਿਸੇ ਘੱਟ ਗਿਣਤੀ ਦੇ ਤੇ ਨਾ ਹੀ ਕਿਸੇ
ਬਹੁਗਿਣਤੀ ਦੇ। ਇਹ ਦੇਸ਼ ਦੇ ਲੋਕਤਾਂਤਰਿਕ ਢਾਂਚੇ ਲਈ ਵੀ ਖ਼ਤਰਨਾਕ ਹੀ ਸਾਬਤ ਹੋਵੇਗਾ।
ਅਸੀਂ ਤਾਂ ਦੁਆ ਕਰਦੇ ਹਾਂ ਕਿ ਸਾਡੇ ਮਨ ਦਾ ਡਰ ਤੇ ਭਰਮ ਗ਼ਲਤ ਹੀ ਸਾਬਤ ਹੋਵੇ।
ਜਹਾਂਗੀਰ ਨਾਯਾਬ ਦੇ ਸ਼ਬਦਾਂ ਵਿਚ:
ਜੈਸੇ ਕਿ ਹੋਨੇ ਵਾਲੀ ਹੈ ਅਨਹੋਨੀ
ਫਿਰ ਕੋਈ, ਹਰ ਪਲ ਤਵਹ-ਤੁਮਾਤ ਮੇਂ ਉਲਝਾ ਹੂਆ ਹੂੰ ਮੈਂ।
(ਤਵਹ-ਤੁਮਾਤ-ਫ਼ਿਕਰ,
ਡਰ, ਭਰਮ)
ਆਸ ਦੀ ਇਕ ਨਵੀਂ ਕਿਰਨ
ਕੋਈ ਜੁਗਨੂੰ ਸਾ ਜਗਾ ਹੈ ਕਿ ਸਿਤਾਰੇ ਕੀ ਚਮਕ ਹੈ, ਨਈ ਉਮੀਦ ਜਗੀ ਜਬ, ਤੋ
ਦੁਆ ਮਾਂਗ ਲੀ ਮੈਨੇ। (ਲਾਲ
ਫਿਰੋਜ਼ਪੁਰੀ)
ਯੂ.ਕੇ. ਦੇ ਸਿੱਖ ਜੱਜਾਂ, ਵਕੀਲਾਂ, ਬੈਰਿਸਟਰਾਂ ਤੇ
ਹੋਰ ਵਿਚਾਰਵਾਨਾਂ ਨੇ ਦੁਨੀਆ ਭਰ ਦੇ ਸਿੱਖਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਜਗਾਈ
ਹੈ। ਸਿੱਖਾਂ ਨੂੰ ਆਪਸੀ ਰੰਜਿਸ਼ਾਂ, ਧਾਰਮਿਕ ਝਗੜੇ ਤੇ ਸਮਾਜਿਕ ਮਸਲੇ ਹੱਲ ਕਰਨ ਦਾ
ਇਕ ਨਵਾਂ ਰਾਹ ਸੁਝਾਇਆ ਹੈ। ਸਿੱਖ ਕਾਨੂੰਨੀ ਮਾਹਿਰਾਂ ਵਲੋਂ ਯੂ. ਕੇ. ਵਿਚ 'ਸਿੱਖ
ਅਦਾਲਤ' ਦੀ ਸਥਾਪਨਾ ਕੀਤੀ ਗਈ ਹੈ, ਜੋ ਯੂ.ਕੇ. ਦੇ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼
ਇਲਾਕਿਆਂ ਵਿਚ ਸਿੱਖਾਂ ਦੇ ਆਪਸੀ ਝਗੜੇ ਖਤਮ ਕਰਨ ਲਈ ਕੰਮ ਕਰੇਗੀ। ਇਸ ਅਦਾਲਤ ਦੇ
ਜੱਜਾਂ ਨੇ ਸਹੁੰ ਚੁੱਕੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੀਆਂ
ਸਿੱਖਿਆਵਾਂ ਵਲੋਂ ਦਰਸਾਏ ਗਏ ਨਿਆਂ, ਬਰਾਬਰੀ ਅਤੇ ਅਖੰਡਤਾ ਦੇ ਅਸੂਲਾਂ ਨੂੰ ਕਾਇਮ
ਰੱਖਣਗੇ ਅਤੇ ਆਪਣੇ ਫ਼ਰਜ਼ਾਂ ਨੂੰ ਬਿਨਾਂ ਕਿਸੇ ਡਰ, ਪੱਖ ਜਾਂ ਮਾੜੀ ਇੱਛਾ ਦੇ ਅਦਾਲਤ
ਦੇ ਕਾਨੂੰਨਾਂ ਤੇ ਨਿਯਮਾਂ ਨੂੰ ਨਿਰਪੱਖਤਾ ਨਾਲ ਲਾਗੂ ਕਰਨਗੇ।
ਇਸ ਅਦਾਲਤ
ਨੇ ਆਪਣੀ ਵੈੱਬਸਾਈਟ ਵੀ ਬਣਾ ਦਿੱਤੀ ਹੈ।
www.sikhcourt.co.uk
ਨਾਂਅ ਦੀ ਇਹ ਵੈੱਬਸਾਈਟ 1 ਜੂਨ ਤੋਂ ਬਾਕਾਇਦਾ ਰੂਪ ਵਿਚ ਚਾਲੂ ਹੋ ਜਾਵੇਗੀ ਤੇ
ਅਦਾਲਤ ਵੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ
ਬੇਨਤੀ ਕਰਦੇ ਹਾਂ ਕਿ ਉਹ ਭਾਰਤ ਦੇ ਪ੍ਰਮੁੱਖ ਸੇਵਾਮੁਕਤ ਜੱਜਾਂ ਅਤੇ ਪ੍ਰਮੁੱਖ ਸਿੱਖ
ਵਕੀਲਾਂ ਤੱਕ ਪਹੁੰਚ ਕਰਨ ਕਿ ਉਹ ਵੀ ਭਾਰਤੀ ਸੰਵਿਧਾਨ ਦੇ ਘੇਰੇ ਵਿਚ ਰਹਿ ਕੇ
ਸਿੱਖਾਂ ਦੇ ਆਪਸੀ ਪਰਿਵਾਰਕ, ਸਮਾਜਿਕ, ਧਾਰਮਿਕ, ਝਗੜੇ ਨਿਬੇੜਨ ਲਈ ਅਜਿਹੀਆਂ ਸਾਲਸੀ
ਅਦਾਲਤਾਂ ਦੇਸ਼ ਦੇ ਹਰ ਸੂਬੇ ਵਿਚ ਕਾਇਮ ਕਰਨ ਅਤੇ ਇਕ ਵੱਡੀ ਦੇਸ਼ ਪੱਧਰੀ ਅਦਾਲਤ ਵੀ
ਬਣਾਉਣ, ਜਿਨ੍ਹਾਂ ਵਿਚ ਸਿੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਝਗੜੇ, ਸਿੱਖ
ਸਕੂਲਾਂ-ਕਾਲਜਾਂ ਦੀਆਂ ਕਮੇਟੀਆਂ ਤੇ ਜਾਇਦਾਦਾਂ ਦੇ ਝਗੜੇ ਬਿਨਾਂ ਕਿਸੇ ਦੇਰੀ ਤੋਂ
ਜ਼ਮੀਨੀ ਇਨਸਾਫ਼ ਨਾਲ ਹੱਲ ਹੋ ਸਕਣ ਅਤੇ ਅਜਿਹਾ ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ
ਦੁਨੀਆ ਦੇ ਹਰ ਉਸ ਦੇਸ਼ ਵਿਚ ਜਿਥੇ ਸਿੱਖ ਨਿਆਂਕਾਰ ਉਪਲੱਬਧ ਹਨ ਅਤੇ ਸਿੱਖ ਆਬਾਦੀ
ਹੈ, ਵਿਚ ਉਸ ਦੇਸ਼ ਦੇ ਕਾਨੂੰਨਾਂ, ਨਿਯਮਾਂ ਅਨੁਸਾਰ ਸਾਲਸੀ ਅਦਾਲਤਾਂ ਕਾਇਮ ਕੀਤੀਆਂ
ਜਾਣ। ਅਸੀਂ ਸਮਝਦੇ ਹਾਂ ਜੇ ਸਿੱਖ ਇਹ ਕਰ ਸਕਣ ਤਾਂ ਬਾਅਦ ਵਿਚ ਇਨ੍ਹਾਂ ਅਦਾਲਤਾਂ ਦੀ
ਕੋਈ ਵਰਲਡ ਕਨਫੈਡਰੇਸ਼ਨ ਵੀ ਹੋਂਦ ਵਿਚ ਆ ਸਕੇਗੀ ਤੇ ਇਹ ਸਿੱਖਾਂ ਲਈ ਦੁਨੀਆ ਭਰ ਵਿਚ
ਇਨਸਾਫ਼ ਦੀ ਝੰਡਾ ਬਰਦਾਰ ਵੀ ਬਣ ਸਕੇਗੀ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਮੋਬਾਈਲ : 92168-60000
E. mail : hslall@ymail.com
|