ਤਦਬੀਰ
ਸੇ ਬਿਗੜੀ ਹੂਈ ਤਕਦੀਰ ਬਨਾ ਲੇ। ਅਪਨੇ ਪੇ ਭਰੋਸਾ ਹੈ ਤੋ ਇਕ ਦਾਂਵ ਲਗਾ ਲੇ। (ਸਾਹਿਰ
ਲੁਧਿਆਣਵੀ)
ਬਹੁਤ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਸਾਰੀਆਂ
ਰਾਜਸੀ ਪਾਰਟੀਆਂ ਸਿਰਫ਼ ਇਸ ਜੋੜ-ਤੋੜ ਵਿਚ ਲੱਗੀਆਂ ਹੋਈਆਂ ਹਨ ਕਿ ਜਿੱਤਣ ਵਾਲਾ
ਉਮੀਦਵਾਰ ਲਿਆਂਦਾ ਜਾਵੇ, ਭਾਵੇਂ ਉਸ ਦੀ ਵਿਚਾਰਧਾਰਾ ਕੋਈ ਵੀ ਹੋਵੇ ਜਾਂ ਭਾਵੇਂ
ਹੋਵੇ ਹੀ ਨਾ। ਇਸ ਮੰਤਵ ਲਈ ਸਾਰੇ ਅਸੂਲ ਛਿੱਕੇ ਟੰਗੇ ਜਾ ਰਹੇ ਹਨ। ਪੰਜਾਬ, ਕੌਮੀ
ਪਾਰਟੀਆਂ ਦੀ ਪਹਿਲ ਨਹੀਂ ਹੈ। ਪੰਜਾਬ ਦੀਆਂ ਲਟਕਦੀਆਂ ਮੰਗਾਂ ਜਿਨ੍ਹਾਂ ਵਿਚ ਪਾਣੀਆਂ
ਦੇ ਮਸਲੇ, ਚੰਡੀਗੜ੍ਹ ਅਤੇ ਹੋਰ ਦਰਜਨਾਂ ਮਾਮਲੇ ਕਿਸੇ ਵੀ ਪਾਰਟੀ ਦੇ ਧਿਆਨ ਵਿਚ
ਨਹੀਂ ਹਨ। ਸਿੱਖਾਂ ਦੀਆਂ ਮੰਗਾਂ, ਕਿਸਾਨ ਮੰਗਾਂ ਸਿਰਫ਼ ਜ਼ਬਾਨੀ ਜਮ੍ਹਾਂ ਖਰਚ ਵਿਚ
ਸ਼ਾਮਿਲ ਹਨ। ਚੋਣ ਮਨੋਰਥ ਪੱਤਰਾਂ - ਜਿਨ੍ਹਾਂ ਨੂੰ ਹੁਣ ਗਾਰੰਟੀਆਂ ਵੀ ਕਿਹਾ ਜਾਣ
ਲੱਗਾ ਹੈ - ਦਾ ਅਸਲ ਮਕਸਦ ਸਿਰਫ਼ ਲੋਕਾਂ ਨੂੰ ਠੱਗਣਾ ਹੀ ਹੈ।
ਪੰਜਾਬ ਦੇ
ਇਕ ਪ੍ਰਮੁੱਖ ਬੁੱਧੀਜੀਵੀ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ 'ਅੱਜ ਦੀ ਰਾਜਨੀਤੀ ਦਾ
ਸਭ ਤੋਂ ਵੱਡਾ ਗੁਰਮੰਤਰ ਹੈ ਝੂਠੇ ਬਿਰਤਾਂਤ ਦੀ ਸਿਰਜਣਾ', ਇਸ ਲਈ 'ਉੱਚ ਅਦਾਲਤ'
ਜਿਸ ਤੋਂ ਅਜੇ ਇਨਸਾਫ਼ ਦੀ ਕੁਝ ਉਮੀਦ ਬਾਕੀ ਹੈ, ਨੂੰ ਬੇਨਤੀ ਹੈ ਕਿ ਉਹ ਸੋਹੋ ਮੋਟੋ
ਅਧੀਨ ਆਪਣੇ-ਆਪ ਕਾਰਵਾਈ ਕਰਦੇ ਹੋਏ ਚੋਣ ਮਨੋਰਥ ਪੱਤਰਾਂ, ਗਾਰੰਟੀਆਂ
ਆਦਿ ਨੂੰ ਸੰਬੰਧਿਤ ਪਾਰਟੀ ਵਲੋਂ ਲੋਕਾਂ ਨਾਲ ਕੀਤਾ ਸਮਝੌਤਾ ਕਰਾਰ ਦੇਵੇ ਅਤੇ ਜੇਕਰ
ਜਿੱਤਣ ਵਾਲੀ ਪਾਰਟੀ ਵਾਅਦੇ ਪੂਰੇ ਨਾ ਕਰੇ ਤਾਂ ਉਸ ਦੇ ਅਹੁਦੇਦਾਰਾਂ ਖਿਲਾਫ਼ ਸਮਝੌਤਾ
ਤੋੜਨ ਅਤੇ ਠੱਗੀ ਕਰਨ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ
ਇਹ ਵੀ ਜ਼ਰੂਰੀ ਬਣਾਇਆ ਜਾਵੇ ਕਿ ਪਾਰਟੀ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਨੂੰ
ਪੂਰਾ ਕਰਨ ਲਈ ਪੈਸੇ ਤੇ ਸਾਧਨ ਕਿਵੇਂ ਤੇ ਕਿੱਥੋਂ ਜੁਟਾਏਗੀ, ਇਸ ਦਾ ਵੀ ਖ਼ੁਲਾਸਾ
ਪਹਿਲਾਂ ਹੀ ਕਰੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਚੋਣ ਮਨੋਰਥ ਪੱਤਰ ਜਾਂ
ਗਾਰੰਟੀਆਂ ਸਿਰਫ਼ ਲੋਕਾਂ ਨਾਲ ਠੱਗੀ ਤੋਂ ਇਲਾਵਾ ਕੋਈ ਕੀਮਤ ਨਹੀਂ ਰੱਖਦੇ।
ਜਿਥੋਂ ਤੱਕ ਪੰਜਾਬ ਦੀਆਂ ਮੰਗਾਂ, ਜ਼ਰੂਰਤਾਂ ਅਤੇ ਮੁਸ਼ਕਿਲਾਂ ਦਾ ਸੰਬੰਧ ਹੈ, ਉਹ
ਕਾਂਗਰਸ, ਭਾਜਪਾ, ਬਸਪਾ ਜਾਂ 'ਆਪ' ਵਰਗੀਆਂ ਕੌਮੀ ਪਾਰਟੀਆਂ ਲਈ ਕੋਈ ਬਹੁਤਾ ਮਹੱਤਵ
ਵੀ ਨਹੀਂ ਰੱਖਦੀਆਂ ਤੇ ਉਨ੍ਹਾਂ ਲਈ ਸਿੱਖ ਮੰਗਾਂ ਵੀ ਜ਼ਬਾਨੀ ਜਮ੍ਹਾਂ ਖਰਚ ਤੋਂ
ਵਧੇਰੇ ਕੁਝ ਵੀ ਨਹੀਂ ਹਨ। ਇਹ ਕੌਮੀ ਪਾਰਟੀਆਂ ਦੇਸ਼ ਦੇ ਸੰਘੀ ਢਾਂਚੇ ਦੇ ਹੱਕ ਵਿਚ
ਵੀ ਨਹੀਂ ਹਨ। ਇਨ੍ਹਾਂ ਨੂੰ ਕੇਂਦਰੀ ਹੀ ਸੂਤ ਬੈਠਦਾ ਹੈ।
ਪੰਜਾਬ ਦੀਆਂ ਦੋ
ਖੇਤਰੀ ਪਾਰਟੀਆਂ ਇਨ੍ਹਾਂ ਚੋਣਾਂ ਵਿਚ ਹਿੱਸਾ ਲੈ ਰਹੀਆਂ ਹਨ, ਪਹਿਲੀ ਤੇ ਪ੍ਰਮੁੱਖ
ਪਾਰਟੀ ਹੈ ਅਕਾਲੀ ਦਲ (ਬਾਦਲ) ਤੇ ਦੂਸਰੀ ਅਕਾਲੀ ਦਲ (ਅੰਮ੍ਰਿਤਸਰ) ਹੈ। ਅਕਾਲੀ ਦਲ
ਅੰਮ੍ਰਿਤਸਰ ਸਪੱਸ਼ਟ ਰੂਪ ਵਿਚ ਖ਼ਾਲਿਸਤਾਨ ਦਾ ਹਾਮੀ ਹੈ ਪਰ ਅਕਾਲੀ ਦਲ (ਬਾਦਲ) ਵਾਪਸ
'ਪੰਜਾਬ ਪਹਿਲਾਂ' ਦੀ ਨੀਤੀ 'ਤੇ ਪਰਤਣ ਦਾ ਐਲਾਨ ਕਰ ਚੁੱਕਾ ਹੈ। ਇਸ ਵਾਰ ਅਕਾਲੀ ਦਲ
ਬਾਦਲ ਦਾ ਭਾਜਪਾ ਨਾਲ ਸਮਝੌਤਾ ਵੀ ਨਹੀਂ ਹੈ। ਇਸ ਲਈ ਅਕਾਲੀ ਦਲ ਕੋਲ ਮੌਕਾ ਹੈ ਕਿ
ਉਹ ਪੰਜਾਬੀਆਂ ਤੇ ਸਿੱਖਾਂ ਦਾ ਫਿਰ ਤੋਂ ਵਿਸ਼ਵਾਸ ਜਿੱਤੇ ਤੇ ਇਹ ਸਪੱਸ਼ਟ ਕਰੇ ਕਿ ਉਹ
ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ 'ਤੇ ਕੀ ਸਟੈਂਡ ਲਵੇਗਾ ਤੇ ਉਹ
ਪੰਜਾਬ ਦਾ ਕੇਸ ਲੋਕ ਸਭਾ ਵਿਚ ਕਿਸ ਤਰ੍ਹਾਂ ਪੇਸ਼ ਕਰੇਗਾ? ਪੰਜਾਬ ਦੇ ਹੱਕ ਵਿਚ ਅਤੇ
ਪੰਜਾਬੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਉਹ
ਹੋਰ ਖੇਤਰੀ ਪਾਰਟੀਆਂ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਕਰੇਗਾ। ਜੇਕਰ ਅਕਾਲੀ ਦਲ
ਅਜਿਹਾ ਨਹੀਂ ਕਰਦਾ ਤਾਂ ਪੰਜਾਬ ਦੇ ਲੋਕ ਉਨ੍ਹਾਂ 'ਤੇ ਦੁਬਾਰਾ ਵਿਸ਼ਵਾਸ ਕਰਨ ਲਈ
ਸ਼ਾਇਦ ਸੋਚਣ ਵੀ ਨਾ:
ਗ਼ਰ ਚਾਹਤੇ ਹੋ ਫਿਰ ਸੇ ਉਠਨਾ, ਤੋ ਫਿਰ ਅਪਨੀ
ਤਕਦੀਰ ਲਿਖੋ। ਇਸ ਉਲਝਨ ਕੋ ਸੁਲਝਾਨੇ ਕੀ, ਕੌਨ ਸੀ ਹੈ ਤਦਬੀਰ ਲਿਖੋ।
(ਲਾਲ ਫਿਰੋਜ਼ਪੁਰੀ)
ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਇਸ ਵੇਲੇ ਪੰਜਾਬ ਦੀਆਂ 13 ਲੋਕ ਸਭਾ
ਸੀਟਾਂ ਤੋਂ ਕੁਝ ਪਾਰਟੀਆਂ ਕੁਝ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
ਕਰ ਚੁੱਕੀਆਂ ਹਨ ਤੇ ਕੁਝ ਦੇ ਸੰਭਾਵਿਤ ਉਮੀਦਵਾਰਾਂ ਦੇ ਨਾਂਅ ਚਰਚਾ ਵਿਚ ਹਨ।
ਪਾਠਕਾਂ ਲਈ ਤਾਜ਼ਾ ਸਥਿਤੀ ਦਾ ਜ਼ਿਕਰ ਜ਼ਰੂਰੀ ਹੈ, ਤਾਂ ਜੋ ਉਹ ਮੌਜੂਦਾ ਹਾਲਤ ਤੋਂ
ਜਾਣੂ ਹੋ ਸਕਣ।
ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ
ਵਿਚ ਐਮ.ਪੀ. ਗੁਰਜੀਤ ਸਿੰਘ ਔਜਲਾ ਅਤੇ ਓ.ਪੀ. ਸੋਨੀ ਦੇ ਨਾਂਅ ਹਨ। ਅਕਾਲੀ ਦਲ ਦੇ
ਉਮੀਦਵਾਰ ਸਾਬਕਾ ਮੰਤਰੀ ਅਨਿਲ ਜੋਸ਼ੀ ਹਨ ਤੇ 'ਆਪ' ਦੇ ਮੰਤਰੀ ਕੁਲਦੀਪ ਸਿੰਘ
ਧਾਲੀਵਾਲ ਹਨ, ਜਦੋਂ ਕਿ ਭਾਜਪਾ ਵਲੋਂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਹਨ।
ਬਠਿੰਡਾ ਹਲਕੇ ਤੋਂ ਕਾਂਗਰਸ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਪਤਨੀ ਅੰਮ੍ਰਿਤਾ
ਵੜਿੰਗ, ਜੀਤ ਮਹਿੰਦਰ ਸਿੰਘ ਸਿੱਧੂ ਅਤੇ ਅਜੀਤ ਇੰਦਰ ਸਿੰਘ ਮੋਫਰ ਦੇ ਨਾਂਅ ਹਨ,
ਭਾਜਪਾ ਵਲੋਂ ਸਾਬਕਾ ਆਈ.ਏ.ਐਸ. ਪਰਮਪਾਲ ਕੌਰ ਸਿੱਧੂ, 'ਆਪ' ਵਲੋਂ ਮੰਤਰੀ ਗੁਰਮੀਤ
ਸਿੰਘ ਖੁੱਡੀਆ ਅਤੇ ਅਕਾਲੀ ਦਲ ਵਲੋਂ ਮੌਜੂਦਾ ਐਮ.ਪੀ. ਬੀਬਾ ਹਰਸਿਮਰਤ ਕੌਰ ਬਾਦਲ
ਉਮੀਦਵਾਰ ਹੋਣਗੇ।
ਫਿਰੋਜ਼ਪੁਰ ਲੋਕ ਸਭਾ ਸੀਟ ਲਈ ਕਾਂਗਰਸ ਵਲੋਂ ਦਵਿੰਦਰ
ਸਿੰਘ ਘੁਬਾਇਆ ਅਤੇ ਰਮਿੰਦਰ ਸਿੰਘ ਆਵਲਾ ਦੇ ਨਾਂਅ ਚਰਚਾ ਵਿਚ ਹਨ। ਪਰ ਆਵਲਾ ਦਾ
ਨਾਂਅ ਭਾਜਪਾ ਦੀ ਸੂਚੀ ਵਿਚ ਹੋਣ ਦੀ ਵੀ ਚਰਚਾ ਹੈ। ਭਾਜਪਾ ਵਲੋਂ ਰਾਣਾ ਗੁਰਮੀਤ
ਸਿੰਘ ਸੋਢੀ ਅਤੇ ਸੁਰਜੀਤ ਕੁਮਾਰ ਜਿਆਣੀ ਦੇ ਨਾਂਅ ਵੀ ਹਨ, ਜਦੋਂ ਕਿ 'ਆਪ' ਵਲੋਂ
ਨਰਿੰਦਰ ਪਾਲ, ਕਰਨ ਗਲਹੋਤਰਾ ਤੇ ਅਰੁਨ ਨਾਰੰਗ ਦੇ ਨਾਂਅ ਹਨ। ਅਕਾਲੀ ਦਲ ਵਲੋਂ
ਨੌਜਵਾਨ ਆਗੂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਬੌਬੀ ਮਾਨ ਦੇ ਨਾਂਅ ਚਰਚਾ ਵਿਚ
ਹਨ।
ਫਰੀਦਕੋਟ ਸੀਟ ਤੋਂ ਅਕਾਲੀ ਦਲ ਵਲੋਂ ਰਾਜਵਿੰਦਰ ਸਿੰਘ ਅਤੇ ਹਰਪ੍ਰੀਤ
ਸਿੰਘ ਕੋਟ ਭਾਈ ਦੇ ਨਾਂਅ ਹਨ, ਜਦੋਂ ਕਿ ਭਾਜਪਾ ਵਲੋਂ ਹੰਸ ਰਾਜ ਹੰਸ ਐਲਾਨੇ ਜਾ
ਚੁੱਕੇ ਹਨ। 'ਆਪ' ਨੇ ਕਰਮਜੀਤ ਅਨਮੋਲ ਦਾ ਨਾਂਅ ਐਲਾਨਿਆ ਹੈ। ਕਾਂਗਰਸ ਵਲੋਂ ਭਾਵੇਂ
ਮੌਜੂਦਾ ਐਮ.ਪੀ. ਮੁਹੰਮਦ ਸਦੀਕ ਹਨ ਪਰ ਇਥੋਂ ਕੁਲਦੀਪ ਸਿੰਘ ਵੈਦ, ਸੁਖਵਿੰਦਰ ਸਿੰਘ
ਡੈਨੀ, ਬਲਦੇਵ ਸਾਹੋਕੇ ਅਤੇ ਕੁਝ ਹੋਰ ਨਾਂਅ ਵੀ ਚਰਚਾ ਵਿਚ ਹਨ।
ਲੁਧਿਆਣਾ
ਤੋਂ ਕਾਂਗਰਸ ਵਲੋਂ ਪਹਿਲੇ ਨੰਬਰ 'ਤੇ ਭਾਰਤ ਭੂਸ਼ਨ ਆਸ਼ੂ ਦਾ ਨਾਂਅ ਹੈ, ਜਦੋਂਕਿ
ਗੁਰਦੇਵ ਸਿੰਘ ਲਾਪਰਾਂ, ਰਾਕੇਸ਼ ਪਾਂਡੇ ਤੇ ਮਨੀਸ਼ ਤਿਵਾੜੀ ਵੀ ਪ੍ਰਮੁੱਖ ਹਨ। ਅਕਾਲੀ
ਦਲ ਵਲੋਂ ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, 'ਆਪ' ਵਲੋਂ ਜਸਬੀਰ ਸਿੰਘ
ਜੱਸੀ ਖੰਗੂੜਾ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਨਾਂਅ ਚਰਚਾ ਵਿਚ ਹਨ। ਭਾਜਪਾ
ਵਲੋਂ ਰਵਨੀਤ ਸਿੰਘ ਬਿੱਟੂ ਸਾਹਮਣੇ ਹਨ।
ਅਨੰਦਪੁਰ ਸਾਹਿਬ ਸੀਟ ਤੋਂ ਅਕਾਲੀ
ਟਿਕਟ ਲਈ ਦੋ ਵੱਡੇ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ
ਚੀਮਾ ਆਹਮੋ-ਸਾਹਮਣੇ ਹਨ। ਕਾਂਗਰਸ ਵਲੋਂ ਅਮਰੀਕਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ
ਮਹਿੰਦਰ ਸਿੰਘ ਗਿਲਜੀਆਂ, ਮੌਜੂਦਾ ਐਮ.ਪੀ. ਮਨੀਸ਼ ਤਿਵਾੜੀ, ਰਾਣਾ ਕੇ.ਪੀ. ਸਿੰਘ,
ਬਲਵੀਰ ਸਿੰਘ ਸਿੱਧੂ ਅਤੇ ਅੰਗਦ ਸਿੰਘ ਦੇ ਨਾਂਅ ਚਰਚਾ ਵਿਚ ਹਨ। 'ਆਪ' ਇਥੋਂ
ਮਾਲਵਿੰਦਰ ਸਿੰਘ ਕੰਗ ਨੂੰ ਅੱਗੇ ਕਰ ਚੁੱਕੀ ਹੈ। ਭਾਜਪਾ ਵਲੋਂ ਪ੍ਰਮੁੱਖ ਬੁੱਧੀਜੀਵੀ
ਸੁਭਾਸ਼ ਸ਼ਰਮਾ ਦੌੜ ਵਿਚ ਸਭ ਤੋਂ ਅੱਗੇ ਹਨ। ਵੈਸੇ ਅਜੈਵੀਰ ਸਿੰਘ ਲਾਲਪੁਰਾ ਦਾ ਨਾਂਅ
ਵੀ ਚਰਚਾ ਵਿਚ ਹੈ।
ਫਤਹਿਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਬਿਕਰਮਜੀਤ ਸਿੰਘ
ਖ਼ਾਲਸਾ ਦਾ ਨਾਂਅ ਲਗਭਗ ਸਪੱਸ਼ਟ ਹੈ। 'ਆਪ' ਵਲੋਂ ਗੁਰਪ੍ਰੀਤ ਸਿੰਘ ਜੀ.ਪੀ. ਹਨ।
ਕਾਂਗਰਸ ਵਲੋਂ ਡਾ. ਅਮਰ ਸਿੰਘ ਤੇ ਲਖਵੀਰ ਸਿੰਘ ਲੱਖਾ ਦੇ ਨਾਂਅ ਹਨ। ਉਂਜ ਚਰਚਾ
ਚਰਨਜੀਤ ਸਿੰਘ ਚੰਨੀ ਤੇ ਸ਼ਮਸ਼ੇਰ ਸਿੰਘ ਦੂਲੋਂ ਦੀ ਵੀ ਹੈ। ਭਾਜਪਾ ਵਲੋਂ ਇਥੋਂ ਇੰਦਰ
ਇਕਬਾਲ ਸਿੰਘ ਅਟਵਾਲ ਨੂੰ ਅੱਗੇ ਕੀਤਾ ਜਾ ਸਕਦਾ ਹੈ ਪਰ ਪਤਾ ਲੱਗਾ ਹੈ ਕਿ ਭਾਜਪਾ
ਇਥੋਂ ਕਿਸੇ 'ਸੈਲੀਬਰਿਟੀ' ਨੂੰ ਵੀ ਲਿਆ ਸਕਦੀ ਹੈ।
ਗੁਰਦਾਸਪੁਰ ਸੀਟ ਤੋਂ
ਅਕਾਲੀ ਦਲ ਵਲੋਂ ਕਵਿਤਾ ਖੰਨਾ ਜਾਂ ਸਵਰਨ ਸਲਾਰੀਆ ਵਿਚੋਂ ਕਿਸੇ ਇਕ ਨੂੰ ਉਮੀਦਵਾਰ
ਬਣਾਇਆ ਜਾ ਸਕਦਾ ਹੈ। ਕਾਂਗਰਸ ਵਲੋਂ ਬੀ.ਐਸ. ਪਾਹੜਾ, ਸੁਖਬਿੰਦਰ ਸਿੰਘ ਸੁੱਖ
ਸਰਕਾਰੀਆ, ਪ੍ਰਤਾਪ ਸਿੰਘ ਬਾਜਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਂਅ ਚਰਚਾ
ਵਿਚ ਹਨ। 'ਆਪ' ਵਲੋਂ ਸ਼ੈਰੀ ਕਲਸੀ ਤੇ ਲਾਲ ਚੰਦ ਕਟਾਰੂਚੱਕ ਜਦੋਂ ਕਿ ਭਾਜਪਾ ਦੇ
ਉਮੀਦਵਾਰ ਦਿਨੇਸ਼ ਬੱਬੂ ਹਨ।
ਹੁਸ਼ਿਆਰਪੁਰ ਸੀਟ ਤੋਂ ਕਾਂਗਰਸ ਵਲੋਂ ਅਰੁਣਾ
ਚੌਧਰੀ, ਪਵਨ ਆਸਿਆ, ਬਸਪਾ ਨੇਤਾ ਅਵਤਾਰ ਸਿੰਘ ਕਰੀਮਪੁਰੀ, ਮਹਿੰਦਰ ਸਿੰਘ ਕੇ.ਪੀ.
ਤੇ ਸ਼ਮਸ਼ੇਰ ਸਿੰਘ ਦੂਲੋਂ ਦੇ ਨਾਂਅ ਹਨ। ਅਕਾਲੀ ਦਲ ਵਲੋਂ ਸੋਹਨ ਸਿੰਘ ਠੰਡਲ, ਡਾ.
ਲਖਵੀਰ ਸਿੰਘ, ਭਾਜਪਾ ਵਲੋਂ ਵਿਜੈ ਸਾਂਪਲਾ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ
ਪਤਨੀ ਦੇ ਨਾਂਅ ਹਨ। 'ਆਪ' ਵਲੋਂ ਰਾਜ ਕੁਮਾਰ ਚੱਬੇਵਾਲ ਹਨ।
ਜਲੰਧਰ ਲੋਕ
ਸਭਾ ਹਲਕੇ ਵਿਚ 'ਆਪ' ਵਲੋਂ ਐਲਾਨੇ ਉਮੀਦਵਾਰ ਤੇ ਮੌਜੂਦਾ ਐਮ.ਪੀ. ਸੁਸ਼ੀਲ ਕੁਮਾਰ
ਰਿੰਕੂ ਭਾਜਪਾ ਵਿਚ ਚਲੇ ਗਏ ਹਨ, ਹੁਣ 'ਆਪ' ਵਿਚ ਬਲਕਾਰ ਸਿੰਘ ਦੇ ਨਾਂਅ ਦੀ ਚਰਚਾ
ਹੈ। ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਦਲ ਵਲੋਂ
ਪਵਨ ਟੀਨੂੰ ਉਮੀਦਵਾਰ ਹੋ ਸਕਦੇ ਹਨ।
ਪਟਿਆਲਾ ਹਲਕੇ ਤੋਂ ਭਾਜਪਾ ਦੀ
ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਹਨ, 'ਆਪ' ਦੇ ਡਾ. ਬਲਬੀਰ ਸਿੰਘ ਹਨ। ਕਾਂਗਰਸ
ਵਲੋਂ ਸਭ ਤੋਂ ਉੱਪਰ ਨਾਂਅ ਡਾ. ਧਰਮਵੀਰ ਗਾਂਧੀ ਦਾ ਹੈ ਪਰ ਵਿਜੈਇੰਦਰ ਸਿੰਗਲਾ ਤੇ
ਹਰਦਿਆਲ ਸਿੰਘ ਕੰਬੋਜ ਦੇ ਨਾਂਅ ਵੀ ਹਨ। ਅਕਾਲੀ ਦਲ ਵਲੋਂ ਐਨ.ਕੇ. ਸ਼ਰਮਾ ਦੇ
ਉਮੀਦਵਾਰ ਹੋਣ ਦੀ ਆਸ ਹੈ।
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ
ਵਲੋਂ ਸਭ ਤੋਂ ਪਹਿਲੇ ਨੰਬਰ 'ਤੇ ਰਾਣਾ ਗੁਰਜੀਤ ਸਿੰਘ ਦਾ ਨਾਂਅ ਹੈ ਪਰ ਇਥੋਂ ਹੀ
ਜਸਬੀਰ ਸਿੰਘ ਡਿੰਪਾ, ਰਮਨਜੀਤ ਸਿੰਘ ਸਿੱਕੀ, ਗੁਰਜੀਤ ਸਿੰਘ ਔਜਲਾ ਦੇ ਨਾਂਅ ਵੀ
ਪ੍ਰਮੁੱਖ ਹਨ। ਜਦੋਂ ਕਿ ਭਾਜਪਾ ਅਜੇ ਇਥੋਂ ਉਮੀਦਵਾਰ ਦੀ ਭਾਲ ਵਿਚ ਦੱਸੀ ਜਾਂਦੀ ਹੈ।
'ਆਪ' ਨੇ ਇਥੋਂ ਲਾਲਜੀਤ ਸਿੰਘ ਭੁੱਲਰ ਨੂੰ ਅੱਗੇ ਕੀਤਾ ਹੈ। ਅਕਾਲੀ ਦਲ ਵਲੋਂ ਵਿਰਸਾ
ਸਿੰਘ ਵਲਟੋਹਾ ਅਤੇ ਹਰਮੀਤ ਸਿੰਘ ਦੇ ਨਾਂਅ ਵੀ ਚਰਚਾ ਵਿਚ ਹਨ।
ਸੰਗਰੂਰ ਸੀਟ
ਤੋਂ ਅਕਾਲੀ ਦਲ ਵਲੋਂ ਸਾਬਕਾ ਖ਼ਜ਼ਾਨਾ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ
ਸਿੰਘ ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਅਤੇ ਇਕਬਾਲ ਸਿੰਘ ਝੂੰਦਾਂ ਵਿਚਕਾਰ
ਟਿਕਟ ਲਈ ਜ਼ੋਰ ਅਜ਼ਮਾਈ ਹੋ ਰਹੀ ਹੈ। 'ਆਪ' ਨੇ ਮੀਤ ਹੇਅਰ ਨੂੰ ਅੱਗੇ ਕੀਤਾ ਹੈ।
ਭਾਜਪਾ ਵਲੋਂ ਕੇਵਲ ਢਿੱਲੋਂ, ਹੌਬੀ ਧਾਲੀਵਾਲ (ਫ਼ਿਲਮੀ ਕਲਾਕਾਰ) ਅਤੇ ਅਰਵਿੰਦ ਖੰਨਾ
ਤੋਂ ਇਲਾਵਾ ਕੁਝ ਹੋਰ ਨਾਂਅ ਵੀ ਵਿਚਾਰੇ ਜਾ ਰਹੇ ਹਨ। ਜਦੋਂ ਕਿ ਕਾਂਗਰਸ ਵਲੋਂ
ਸੁਖਪਾਲ ਸਿੰਘ ਖਹਿਰਾ ਤੇ ਗੋਲਡੀ ਧੂਰੀ ਦੇ ਨਾਂਅ ਚਰਚਾ ਵਿਚ ਹਨ।
ਖ਼ੇਲ
ਜ਼ਿੰਦਗੀ ਕੇ ਤੁਮ ਖ਼ੇਲਤੇ ਰਹੋ ਯਾਰੋ, ਹਾਰ ਜੀਤ ਕੋਈ ਭੀ ਆਖ਼ਰੀ ਨਹੀਂ ਹੋਤੀ।
(ਹਸਤੀਮਲ ਹਸਤੀ)
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 E. mail :
hslall@ymail.com
|