ਆਦਤ
ਨਹੀਂ ਹਮਕੋ ਕਿ ਅੰਦਾਜ਼ ਬਦਲ ਜਾਏਂ ਹਰ ਕਦਮ ਵਹੀਂ ਅਪਨਾ, ਔ ਰਕਸ ਵਹੀ ਦੇਖੋ। - ਲਾਲ ਫ਼ਿਰੋਜ਼ਪੁਰੀ
ਭਾਵੇਂ ਇਸ ਵਾਰ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰ ਬਹੁਤ ਮਜ਼ਬੂਤ ਹੋ
ਕੇ ਨਿਕਲੀ ਹੈ ਅਤੇ ਭਾਜਪਾ ਕੋਲ ਆਪਣੇ ਦਮ 'ਤੇ ਪੂਰਨ ਬਹੁਮਤ ਵੀ ਨਹੀਂ ਹੈ ਪਰ ਜਿਸ
ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਮੰਤਰੀ ਮੰਡਲ ਬਣਾਇਆ, ਜਿਸ ਤਰ੍ਹਾਂ
ਉਨ੍ਹਾਂ ਨੇ ਮੰਤਰੀ ਮੰਡਲ ਵਿਚ 80 ਫੀਸਦੀ ਦੇ ਕਰੀਬ ਉਹੀ ਚਿਹਰੇ ਨਹੀਂ ਰੱਖੇ ਸਗੋਂ
ਸਾਰੇ ਪ੍ਰਮੁੱਖ ਮੰਤਰਾਲੇ ਵੀ ਪਹਿਲਾਂ ਵਾਲੇ ਮੰਤਰੀਆਂ ਨੂੰ ਹੀ ਦਿੱਤੇ, ਜਿਸ ਤਰ੍ਹਾਂ
ਲੱਖ ਵਿਰੋਧਾਂ ਤੇ ਗੱਲਾਂ ਦੇ ਬਾਵਜੂਦ ਉਨ੍ਹਾਂ ਨੇ ਓਮ ਬਿਰਲਾ ਨੂੰ ਹੀ ਲੋਕ ਸਭਾ ਦਾ
ਸਪੀਕਰ ਬਣਾਇਆ ਅਤੇ ਪਹਿਲੇ ਹੀ ਦਿਨ ਖ਼ੁਦ ਵੀ ਅਤੇ ਬਾਅਦ ਵਿਚ ਲੋਕ ਸਭਾ ਸਪੀਕਰ ਵਲੋਂ
ਵੀ ਕਾਂਗਰਸ ਨੂੰ ਘੇਰਨ ਲਈ ਐਮਰਜੈਂਸੀ ਦੇ ਕਰੀਬ 49 ਸਾਲ ਪੁਰਾਣੇ ਮਸਲੇ
ਨੂੰ ਉਭਾਰਿਆ, ਉਸ ਤੋਂ ਸਾਫ਼ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 10
ਸਾਲ ਪੁਰਾਣਾ ਅੰਦਾਜ਼ ਬਦਲਣ ਲਈ ਤਿਆਰ ਨਹੀਂ ਹਨ।
ਪ੍ਰਧਾਨ ਮੰਤਰੀ ਮੋਦੀ ਇਹ
ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦੀ ਮਜ਼ਬੂਤੀ ਦੀ ਕੋਈ
ਪ੍ਰਵਾਹ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਰਾ: ਸ: ਸ: ਮੁਖੀ ਮੋਹਨ ਭਾਗਵਤ
ਦੀ ਦਿੱਤੀ ਸਲਾਹ ਜਾਂ ਹਦਾਇਤ ਦੀ ਹੀ ਕੋਈ ਪ੍ਰਵਾਹ ਹੈ ਕਿ ਵਿਰੋਧੀ ਧਿਰ ਨੂੰ ਦੁਸ਼ਮਣ
ਨਹੀਂ 'ਪ੍ਰਤੀਪਕਸ਼' (ਵਿਰੋਧੀ ਧਿਰ) ਸਮਝਿਆ ਜਾਵੇ ਤੇ ਸਹਿਮਤੀ ਦੀ ਸਿਆਸਤ ਕੀਤੀ
ਜਾਵੇ। ਹਾਲਾਂਕਿ ਐਮਰਜੈਂਸੀ ਦੇ ਜ਼ਿਕਰ ਨੇ ਖ਼ੁਦ ਮੋਦੀ 'ਤੇ ਵੀ ਕਈ
ਸਵਾਲ ਖੜ੍ਹੇ ਕੀਤੇ ਹਨ ਤੇ ਰਾ: ਸ: ਸ: ਦੇ ਉਸ ਵੇਲੇ ਦੇ ਮੁਖੀ 'ਬਾਲਾ ਸਾਹਿਬ
ਦੇਵਰਸ' ਦੀ ਭੂਮਿਕਾ 'ਤੇ ਵੀ ਕਈ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ।
ਪਰ ਇਹ
ਪੱਕਾ ਹੈ ਕਿ ਪ੍ਰਧਾਨ ਮੰਤਰੀ ਨੂੰ ਪਾਸਾ ਪਲਟਣਾ ਆਉਂਦਾ ਹੈ, ਉਹ ਹਰ ਬਿਰਤਾਂਤ ਨੂੰ
ਉਲਟਾ ਕੇ ਆਪਣੇ ਹੱਕ ਵਿਚ ਵਰਤਣ ਦੇ ਸਮਰੱਥ ਹਨ, ਭਾਵੇਂ ਇਸ ਵਾਰ ਆਮ ਚੋਣਾਂ ਵਿਚ
ਉਨ੍ਹਾਂ ਦਾ ਜਾਦੂ ਪੂਰੀ ਤਰ੍ਹਾਂ ਨਹੀਂ ਚੱਲਿਆ, ਫਿਰ ਵੀ ਉਹ ਬਿਲਕੁਲ ਉਲਟ ਹਾਲਤਾਂ
ਵਿਚ ਵੀ ਸਰਕਾਰ ਬਣਾਉਣ ਵਿਚ ਸਫਲ ਰਹੇ ਹੀ ਹਨ। ਪਿਛਲੇ ਕੁਝ ਦਿਨਾਂ ਵਿਚ ਹੀ ਇਹ
ਸਪੱਸ਼ਟ ਹੋ ਗਿਆ ਹੈ ਕਿ ਉਹ ਆਪਣਾ ਰਾਜ ਕਰਨ ਦਾ ਅੰਦਾਜ਼ ਨਹੀਂ ਬਦਲਣਗੇ, ਸਗੋਂ ਵਿਰੋਧੀ
ਧਿਰ 'ਤੇ ਹੋਰ ਵੀ ਜ਼ਿਆਦਾਤਰ ਹਮਲਾਵਰ ਹੋਣਗੇ। ਜਾਣਕਾਰ ਹਲਕੇ ਤਾਂ ਇਹ ਵੀ ਕਹਿੰਦੇ ਹਨ
ਕਿ ਉਹ ਮਹਾਰਾਸ਼ਟਰ, ਹਰਿਆਣਾ ਅਤੇ ਕੁਝ ਹੋਰ ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ
ਪਹਿਲਾਂ ਭਾਜਪਾ ਦਾ ਬਹੁਮਤ ਪੂਰਾ ਕਰਨ ਦੀ ਵੀ ਪੂਰੀ-ਪੂਰੀ ਕੋਸ਼ਿਸ਼ ਕਰਨਗੇ। ਹੁੰਦਾ ਕੀ
ਹੈ, ਇਹ ਤਾਂ ਸਮਾਂ ਹੀ ਦੱਸੇਗਾ।
ਪੰਜਾਬ ਸੰਸਦੀ ਪ੍ਰਤੀਨਿਧੀਆਂ ਦੇ
ਗੋਚਰੇ ਖ਼ੁਦਾ ਕੇ ਵਾਸਤੇ ਏ ਹਮਦਮੋ ਅਬ ਕੁਛ ਤੋ ਬੋਲੋ ਤੁਮ,
ਤੁਮਾਹਰੇ ਸਰ ਪੇ ਕਰਜ਼ਾ ਬਹੁਤ ਹੈ ਮਾਟੀ ਤੁਮਾਰੀ ਕਾ।
-ਲਾਲ ਫ਼ਿਰੋਜ਼ਪੁਰੀ
ਭਾਵੇਂ ਇਸ ਵਾਰ
ਸਾਰੇ ਪੰਜਾਬੀ ਸਾਂਸਦਾਂ ਨੇ ਪੰਜਾਬੀ ਵਿਚ ਸਹੁੰ ਚੁੱਕੀ ਹੈ ਅਤੇ ਕੁਝ ਨੇ ਤਾਂ ਫਤਹਿ
ਵੀ ਬੁਲਾਈ ਹੈ। ਪਰ ਸਭ ਤੋਂ ਵੱਧ ਖ਼ੁਸ਼ੀ ਦੀ ਗੱਲ ਹੈ ਕਿ ਪ੍ਰੋ. ਵਿਸ਼ਵਾਨਾਥ ਤਿਵਾੜੀ
ਜੋ ਪੰਜਾਬੀ ਦੇ ਵਧੀਆ ਲਿਖਾਰੀ ਸਨ ਤੇ ਅੰਮ੍ਰਿਤ ਕੌਰ ਦੇ ਬੇਟੇ ਮਨੀਸ਼ ਤਿਵਾੜੀ ਜੋ
ਚੰਡੀਗੜ੍ਹ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਚੁਣੇ ਗਏ ਨੇ ਵੀ ਪੰਜਾਬੀ ਵਿਚ ਸਹੁੰ
ਚੁੱਕੀ ਹੈ। ਭਾਵੇਂ ਇਸ ਨਾਲ ਚੰਡੀਗੜ੍ਹ ਪੰਜਾਬ ਨੂੰ ਮਿਲ ਨਹੀਂ ਜਾਣਾ ਪਰ ਫਿਰ ਵੀ ਇਹ
ਖ਼ੁਸ਼ੀ ਦੀ ਗੱਲ ਹੈ ਕਿ ਇਕ ਪੰਜਾਬੀ ਨੇ ਪੰਜਾਬੀ ਹੋਣ ਨੂੰ ਤਰਜੀਹ ਦਿੱਤੀ ਹੈ।
ਹੁਣ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਮੌਕੇ ਸਾਰੀਆਂ ਰਾਜਸੀ ਪਾਰਟੀਆਂ ਨੂੰ
ਬੋਲਣ ਦਾ ਮੌਕਾ ਮਿਲੇਗਾ। ਇਸ ਵਾਰ ਕਾਂਗਰਸ ਦੇ 98 ਸਾਂਸਦ ਹਨ, ਇਸ ਲਈ ਕਾਂਗਰਸ ਨੂੰ
ਸਮਾਂ ਵੀ ਕਾਫੀ ਮਿਲੇਗਾ। ਕਾਂਗਰਸ ਦੇ ਪੰਜਾਬ ਤੋਂ ਹੀ 7 ਸਾਂਸਦ ਹਨ, ਸਾਡੀ ਬੇਨਤੀ
ਹੈ ਕਿ ਉਹ ਸੱਤੇ ਹੀ ਆਪਸ ਵਿਚ ਸਲਾਹ ਕਰਕੇ ਸਭ ਤੋਂ ਚੰਗਾ ਬੋਲਣ ਵਾਲਾ ਤੇ ਪੰਜਾਬ ਦੇ
ਮਸਲਿਆਂ ਦੀ ਸਮਝ ਰੱਖਣ ਵਾਲਾ ਇਕ ਵਿਅਕਤੀ ਚੁਣਨ ਅਤੇ ਆਪਣੇ ਨੇਤਾ ਰਾਹੁਲ ਗਾਂਧੀ ਨੂੰ
ਕਾਂਗਰਸ ਨੂੰ ਮਿਲੇ ਸਮੇਂ ਵਿਚੋਂ ਉਸ ਨੂੰ ਕੁਝ ਸਮਾਂ ਦੇਣ ਲਈ ਕਹਿਣ।
ਪੰਜਾਬ ਦੇ ਜਿਸ ਸਾਂਸਦ ਨੂੰ ਮੌਕਾ ਮਿਲੇ, ਉਹ ਪੰਜਾਬ ਦੇ ਮਸਲੇ, ਪੰਜਾਬ ਨਾਲ ਹੋ
ਰਹੀਆਂ ਬੇਇਨਸਾਫ਼ੀਆਂ ਤੇ ਮੰਗਾਂ ਬਾਰੇ ਤੱਥਾਂ ਤੇ ਦਲੀਲਾਂ ਸਹਿਤ ਮੁੱਦੇ ਉਠਾਏ,
ਜਿਨ੍ਹਾਂ ਵਿਚ ਪੰਜਾਬ ਦੇ ਪਾਣੀਆਂ, ਫ਼ਸਲਾਂ, ਚੰਡੀਗੜ੍ਹ, ਪੰਜਾਬ ਦੇ ਸਰਹੱਦੀ ਰਾਜ
ਹੋਣ ਕਾਰਨ ਹਿਮਾਚਲ ਵਰਗੀਆਂ ਵਪਾਰਕ ਰਿਆਇਤਾਂ ਦੇ ਮਾਮਲੇ ਉਠਾਏ ਜਾਣ। ਕਿਹਾ ਜਾ ਸਕਦਾ
ਹੈ ਕਿ ਬਹਿਸ ਤਾਂ ਰਾਸ਼ਟਰਪਤੀ ਦੇ ਭਾਸ਼ਨ 'ਤੇ ਹੋਣੀ ਹੈ। ਪਰ ਸਿਆਣੇ ਵਕਤਾ ਹਰ ਗੱਲ
ਨੂੰ ਹਰ ਸੰਦਰਭ ਨੂੰ ਆਪਣੀ ਸਿਆਣਪ ਵਰਤ ਕੇ ਆਪਣੀ ਗੱਲ ਕਹਿਣ ਲਈ ਵਰਤ ਹੀ ਜਾਂਦੇ ਹਨ।
ਸਾਡੇ ਸਾਹਮਣੇ ਹੈ ਕਿ ਜੰਮੂ-ਕਸ਼ਮੀਰ ਤੋਂ ਲੋਕ ਸਭ ਮੈਂਬਰ 'ਆਗਾ ਰੂਹੁਲਾਹ
ਮਹਿਦੀ' ਨੇ ਸਪੀਕਰ ਨੂੰ ਵਧਾਈ ਦਿੰਦੇ ਸਮੇਂ ਜਿਵੇਂ ਕਸ਼ਮੀਰ ਦੀ ਗੱਲ ਕੀਤੀ। ਉਸ ਦੀ
ਸ਼ਲਾਘਾ ਉਸ ਦੇ ਵਿਰੋਧੀ ਵੀ ਕਰ ਰਹੇ ਹਨ। ਉਸ ਨੇ ਦੇਸ਼ ਦੀਆਂ ਵੱਡੀਆਂ ਅਖ਼ਬਾਰਾਂ ਵਿਚ
ਚੰਗੀ ਜਗ੍ਹਾ ਵੀ ਲਈ ਹੈ। 'ਆਮ ਆਦਮੀ ਪਾਰਟੀ' ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਇਸ
ਮੌਕੇ ਬੋਲਦੇ ਥਿੜਕ ਗਏ ਤੇ ਆਪਣੀ ਗੱਲ ਨਹੀਂ ਕਹਿ ਸਕੇ। ਉਂਝ ਇੰਜ ਲਗਦਾ ਹੈ ਕਿ 'ਆਪ'
ਨੇ 2024 ਦੀਆਂ ਆਮ ਚੋਣਾਂ ਵਿਚ ਆਪਣੀ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ।
ਇਹ ਸਭ ਨੂੰ ਪਤਾ ਹੈ ਕਿ 2022 ਵਿਚ ਦੇਸ਼-ਵਿਦੇਸ਼ ਦੇ ਸਿੱਖਾਂ ਨੇ ਪੂਰਾ ਜ਼ੋਰ ਲਾ ਕੇ
ਪੰਜਾਬ ਵਿਚ 'ਆਪ' ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਇਕ ਵੱਡਾ ਰੋਲ ਨਿਭਾਇਆ ਸੀ। ਪਰ
ਦਿੱਲੀ ਵਿਚ 'ਆਪ' ਦਾ ਸਿੱਖਾਂ ਨੂੰ ਪ੍ਰਤੀਨਿਧਤਾ ਦੇਣ ਬਾਰੇ ਰਵੱਈਆ ਅਤੇ ਪੰਜਾਬ
ਸਰਕਾਰ ਵਿਚ ਵੀ ਸਿੱਖ ਮਸਲਿਆਂ ਨੂੰ ਅਣਗੌਲਿਆਂ ਕਰਨ ਦਾ ਹੀ ਇਹ ਨਤੀਜਾ ਹੈ ਕਿ ਜਿਹੜੇ
ਸਿੱਖਾਂ ਨੇ 1984 ਤੋਂ ਬਾਅਦ 40 ਸਾਲ ਤੱਕ ਕਾਂਗਰਸ ਨੂੰ ਵੋਟ ਨਹੀਂ ਪਾਈ ਸੀ,
ਉਨ੍ਹਾਂ ਵਿਚੋਂ ਵੀ ਕਈਆਂ ਨੇ ਇਸ ਵਾਰ ਕਾਂਗਰਸ ਨੂੰ ਵੋਟ ਪਾਈ ਹੈ। ਹੈਰਾਨੀ ਦੀ ਗੱਲ
ਹੈ ਕਿ 'ਆਪ' ਨੇ ਲੋਕ ਸਭਾ ਵਿਚ ਵੀ ਸ਼ਾਇਦ 'ਆਮ ਆਦਮੀ ਪਾਰਟੀ' ਦੀ ਕੌਮੀ ਰਾਜਨੀਤੀ
ਵਿਚ ਜਗ੍ਹਾ ਬਣਾਉਣ ਦੀ ਚਾਹ ਕਾਰਨ ਪਾਰਟੀ ਦੇ ਸਭ ਤੋਂ ਵਧੀਆ ਬੁਲਾਰੇ ਨੂੰ ਪਾਰਟੀ
ਮੁਖੀ ਨਹੀਂ ਬਣਾਇਆ।
ਖ਼ੈਰ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ,
ਅਸੀਂ ਇਸ ਬਾਰੇ ਆਪਣਾ ਪ੍ਰਭਾਵ ਤਾਂ ਲਿਖ ਸਕਦੇ ਹਾਂ ਪਰ ਕੋਈ ਸਲਾਹ ਨਹੀਂ ਦੇ ਸਕਦੇ।
ਪਰ 'ਆਪ' ਦੇ ਨੇਤਾਵਾਂ ਤੇ ਤਿੰਨੇ ਸੰਸਦ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਵੀ ਇਸ
ਵਾਰ ਬੋਲਣ ਵਾਲੇ ਆਪਣੇ ਸਾਥੀ ਨੂੰ ਪੰਜਾਬ ਦੇ ਮਸਲਿਆਂ ਬਾਰੇ ਬੋਲਣ ਲਈ ਤਿਆਰੀ ਕਰਕੇ
ਜਾਣ ਲਈ ਕਹਿਣ, ਬੇਸ਼ੱਕ ਉਹ ਆਪਣੇ ਨੇਤਾਵਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਵੀ ਉਠਾਉਣ ਪਰ
ਆਪਣੀ ਜਨਮ ਭੂਮੀ ਅਤੇ ਆਪਣੇ ਰਾਜ ਪ੍ਰਤੀ ਵੀ ਫ਼ਰਜ਼ ਜ਼ਰੂਰ ਨਿਭਾਉਣ। ਰਹੀ ਗੱਲ ਅਕਾਲੀ
ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਦੀ, ਉਹ ਪਾਰਟੀ ਦੇ ਇਕੱਲੇ ਮੈਂਬਰ ਹਨ,
ਉਨ੍ਹਾਂ ਨੂੰ ਸਮਾਂ ਵੀ ਥੋੜ੍ਹਾ ਹੀ ਮਿਲੇਗਾ, ਪਰ ਉਨ੍ਹਾਂ ਨੂੰ ਵੀ ਪਹਿਲਾਂ ਹੀ
ਤਿਆਰੀ ਕਰਕੇ ਜਾਣਾ ਚਾਹੀਦਾ ਹੈ ਤੇ ਪੰਜਾਬ ਦੇ ਮਸਲਿਆਂ ਦੇ ਨਾਲ ਹੀ ਭਾਈ
ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਦਾ ਮਸਲਾ ਵੀ ਮਨੁੱਖੀ ਅਧਿਕਾਰ ਵਜੋਂ ਉਠਾਉਣਾ
ਚਾਹੀਦਾ ਹੈ, ਭਾਵੇਂ ਕਿ ਉਨ੍ਹਾਂ ਦਾ ਅੰਮ੍ਰਿਤਪਾਲ ਨਾਲ ਸਿਆਸੀ ਵਿਰੋਧ ਹੈ। ਇਸ
ਤਰ੍ਹਾਂ ਦੀ ਬੇਨਤੀ ਆਜ਼ਾਦ 'ਪੰਥਕ' ਲੋਕ ਸਭਾ ਮੈਂਬਰ ਸਰਬਜੀਤ ਸਿੰਘ ਨੂੰ ਵੀ ਹੈ। ਉਂਜ
ਅਖ਼ਬਾਰਾਂ ਵਿਚ ਖ਼ਬਰਾਂ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਆਰਜ਼ੀ
ਰਿਹਾਈ ਦੀ ਇਜਾਜ਼ਤ ਪੰਜਾਬ ਸਰਕਾਰ ਨੇ ਦੇਣੀ ਹੈ, ਕੇਂਦਰ ਨੇ ਨਹੀਂ ਪਰ ਸਭ ਤੋਂ ਜ਼ਰੂਰੀ
ਹੈ ਕਿ ਪੰਜਾਬ ਦੇ ਮਸਲੇ ਲੋਕ ਸਭਾ ਵਿਚ ਉਭਾਰੇ ਜਾਣ।
ਅਕਾਲੀ ਦਲ
ਬਾਰੇ ਸਥਿਤੀ ਅਜੇ ਤੱਕ ਅਸਪੱਸ਼ਟ ਬੇਸ਼ੱਕ ਇਹ ਤਾਂ ਹੁਣ ਸਪੱਸ਼ਟ ਹੀ ਹੈ
ਕਿ ਅਕਾਲੀ ਦਲ ਬਾਦਲ ਦਾ ਦੋਫਾੜ ਹੋਣਾ ਤੈਅ ਹੈ। ਅਮਲੀ ਤੌਰ 'ਤੇ ਤਾਂ ਇਹ ਦੋਫਾੜ ਹੋ
ਹੀ ਚੁੱਕਾ ਹੈ। ਬੱਸ ਨਵੇਂ ਅਕਾਲੀ ਦਲ ਦਾ ਐਲਾਨ ਹੀ ਬਾਕੀ ਹੈ। ਭਾਵੇਂ ਇਹ ਇਸ ਵੇਲੇ
ਪੰਜਾਬ ਦਾ ਸਭ ਤੋਂ ਵੱਧ ਚਰਚਿਤ ਰਾਜਨੀਤਕ ਮਾਮਲਾ ਹੈ, ਪਰ ਇਸ ਦੇ ਬਾਵਜੂਦ ਅਜੇ ਇਸ
ਬਾਰੇ ਕੁਝ ਠੋਸ ਤੇ ਵਿਸਥਾਰ ਵਿਚ ਲਿਖਣਾ ਸੰਭਵ ਨਹੀਂ ਕਿ ਇਨ੍ਹਾਂ ਦੋਵਾਂ ਵਿਚੋਂ
ਕਿਹੜਾ ਧੜਾ ਕੀ ਰੁਖ਼ ਅਪਣਾਏਗਾ ਤੇ ਕਿਹੜਾ ਧੜਾ ਸਿੱਖਾਂ ਤੇ ਪੰਜਾਬੀਆਂ ਵਿਚ ਮਕਬੂਲ
ਹੋ ਸਕੇਗਾ।
ਇਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਇਸ ਗੱਲ 'ਤੇ ਅੜੇ
ਹੋਏ ਹਨ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਾਰੀ ਰਹੇ, ਭਾਵੇਂ ਹੁਣ ਦੀਆਂ
ਮੀਟਿੰਗਾਂ ਵਿਚ ਬਾਦਲ ਇਹ ਕਹਿ ਰਹੇ ਹਨ ਕਿ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ। ਜਦੋਂ ਕਿ
ਉਨ੍ਹਾਂ ਤੋਂ ਵੱਖ ਹੋਣ ਵਾਲਾ ਧੜਾ ਆਪਣੇ ਲਈ ਅਕਾਲੀ ਦਲ ਤੋਂ ਬਾਹਰੋਂ ਕਿਸੇ ਪ੍ਰਧਾਨ
ਦੀ ਭਾਲ ਵਿਚ ਲੱਗਾ ਹੋਇਆ ਹੈ। ਇਸ ਵੇਲੇ 2-3 ਸੰਤਾਂ ਦੇ ਨਾਂਅ, ਇਕ ਤਖ਼ਤ ਸਾਹਿਬ ਦੇ
ਜਥੇਦਾਰ ਸਾਹਿਬ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਦੇ ਨਾਵਾਂ ਤੋਂ
ਇਲਾਵਾ ਵੀ ਇਕ-ਦੋ ਹੋਰ ਨਾਵਾਂ 'ਤੇ ਵਿਚਾਰ ਚਰਚਾ ਜਾਰੀ ਹੈ ਜਦੋਂ ਕਿ ਇਸ ਦਰਮਿਆਨ
ਕੰਮ ਚਲਾਉਣ ਲਈ ਮੁਕਾਬਲਤਨ ਨੌਜਵਾਨ ਨੇਤਾਵਾਂ ਦੀ ਇਕ 5 ਮੈਂਬਰੀ ਸਭਾਪਤੀ ਮੰਡਲੀ
ਬਣਾਉਣ ਦੀ ਚਰਚਾ ਵੀ ਸੁਣਾਈ ਦੇ ਰਹੀ ਹੈ, ਜਿਸ ਵਿਚ ਗੁਰਪ੍ਰਤਾਪ ਸਿੰਘ ਵਡਾਲਾ,
ਪਰਮਿੰਦਰ ਸਿੰਘ ਢੀਂਡਸਾ, ਬੀਬੀ ਕਿਰਨਜੋਤ ਕੌਰ, ਚਰਨਜੀਤ ਸਿੰਘ ਬਰਾੜ ਅਤੇ ਪ੍ਰੋ.
ਪ੍ਰੇਮ ਸਿੰਘ ਚੰਦੂਮਾਜਰਾ ਦੇ ਬੇਟੇ ਦੇ ਨਾਂਵਾਂ ਦੀ ਮੈਂਬਰਾਂ ਵਜੋਂ ਚਰਚਾ ਹੋ ਰਹੀ
ਹੈ।
ਇਸ ਲਈ ਅਸੀਂ ਨਹੀਂ ਸਮਝਦੇ ਕਿ ਅਜੇ ਸਥਿਤੀ ਏਨੀ ਸਪੱਸ਼ਟ ਹੈ ਕਿ ਇਹ
ਲਿਖਿਆ ਜਾ ਸਕੇ ਕਿ ਕਿਹੜੀ ਧਿਰ ਕਾਮਯਾਬ ਰਹੇਗੀ। ਅਜੇ ਤਾਂ ਦਰਿਆ ਦਾ ਪਾਣੀ ਹੜ੍ਹ ਆਏ
ਹੜ੍ਹ ਵਾਂਗ ਗੰਧਲਾ ਹੈ। ਇਹ ਗੰਧਲਾਪਨ ਬੈਠਣ ਤੋਂ ਬਾਅਦ ਹੀ ਅਕਾਲੀ ਦਲ ਦੇ ਅਜੋਕੇ
ਮਾਮਲਿਆਂ ਬਾਰੇ ਸਪੱਸ਼ਟ ਰੂਪ ਵਿਚ ਕੁਝ ਲਿਖਿਆ ਜਾ ਸਕੇਗਾ। ਅਜੇ ਤਾਂ ਇਹ ਵੀ ਨਹੀਂ
ਪਤਾ ਕਿ ਕਿਹੜੀ ਧਿਰ ਦੂਜੀ ਧਿਰ ਦੇ ਕਿਹੜੇ ਆਗੂ ਨੂੰ ਤੋੜਨ ਵਿਚ ਸਫਲ ਹੋ ਜਾਵੇਗੀ।
ਉਠਾ ਕੇ ਪਹਿਲਾ ਕਦਮ ਅਰੇ ਨਾ ਇਤਰਾਓ, ਅਭੀ ਤੋ ਇਮਤਹਾਂ ਦਰ ਇਮਤਿਹਾਨ
ਬਾਕੀ ਹੈਂ। - ਲਾਲ ਫ਼ਿਰੋਜ਼ਪੁਰੀ
1044, ਗੁਰੂ ਨਾਨਕ ਸਟਰੀਟ, ਸਮਰਾਲਾ
ਰੋਡ, ਖੰਨਾ ਮੋਬਾਈਲ: 92168-60000 E. mail:
hslall@ymail.com
|