ਇਸ
ਕਦਰ ਹਮ ਕੋ ਡਰਾਨਾ ਨਹੀਂ ਅੱਛਾ 'ਅਤਹਰ', ਕਯਾ ਪਤਾ ਹਮ ਕੋ ਕਿਸੀ ਚੀਜ਼ ਕਾ ਫਿਰ
ਡਰ ਹੀ ਨ ਹੋ।
'ਮਿਰਜ਼ਾ ਅਤਹਰ ਜ਼ਿਆ' ਦਾ ਇਹ ਸ਼ਿਅਰ ਡਰਾਉਣ
ਦੀ ਇੰਤਹਾ ਦੇ ਅਸਰ ਦੀ ਤਰਜ਼ਮਾਨੀ ਕਰਦਾ ਹੈ ਕਿ ਜਦੋਂ ਡਰਾਉਣ ਦੀ ਹੱਦ ਪਾਰ ਹੋ ਜਾਂਦੀ
ਹੈ ਤਾਂ ਡਰ ਹੀ ਖ਼ਤਮ ਹੋ ਜਾਂਦਾ ਹੈ। ਖ਼ੈਰ, ਅੱਜ ਅਸੀਂ ਇਸ ਵਾਰ 18ਵੀਂ ਲੋਕ ਸਭਾ ਦੇ
ਪਹਿਲੇ ਇਜਲਾਸ ਵਿਚ ਜੋ ਕੁਝ ਵਾਪਰਿਆ ਹੈ, ਉਸ ਦੇ ਪ੍ਰਭਾਵ ਦੀ ਗੱਲ ਕਰਨੀ ਚਾਹੁੰਦੇ
ਹਾਂ। ਸਚਾਈ ਇਹ ਹੈ ਕਿ ਇਸ ਵਾਰ ਲੋਕ ਸਭਾ ਵਿਚ ਇਹ ਗੱਲ ਬਹੁਤ ਜ਼ੋਰ-ਸ਼ੋਰ ਨਾਲ ਉੱਠੀ
ਹੈ ਕਿ 'ਡਰੋ ਮਤ-ਡਰਾਓ ਮਤ।' ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਿੰਦੂ ਧਰਮ
ਦੇ ਪ੍ਰਮੁੱਖ ਦੇਵਤਾ ਸ਼ਿਵਜੀ ਮਹਾਰਾਜ ਜਾਂ ਮਹਾਂਦੇਵ ਦੀ ਤਸਵੀਰ ਲੋਕ ਸਭਾ ਵਿਚ ਦਿਖਾਈ
ਤੇ ਕਿਹਾ ਕਿ ਇਹ ਤਸਵੀਰ ਸ਼ਿਵਜੀ ਦੀ ਅਭੈ (ਨਿਡਰਤਾ) ਦੀ ਮੁਦਰਾ ਦੀ ਤਸਵੀਰ ਹੈ। ਉਹ
ਤਸਵੀਰ ਵਿਚ ਘਣੇ ਸੱਪ ਨੂੰ ਡਰ ਦਾ ਪ੍ਰਤੀਕ ਕਹਿੰਦੇ ਹਨ ਤੇ ਸ਼ਿਵਜੀ ਦੇ ਖੱਬੇ ਹੱਥ
ਤ੍ਰਿਸ਼ੂਲ ਨੂੰ ਵੀ ਅਹਿੰਸਾ ਦਾ ਪ੍ਰਤੀਕ ਦੱਸਦੇ ਹਨ।
ਰਾਹੁਲ ਨੇ ਸ੍ਰੀ ਗੁਰੂ
ਨਾਨਕ ਦੇਵ ਜੀ ਦੀ ਤਸਵੀਰ, ਮੁਸਲਿਮ ਦੁਆ ਵਿਚ ਉੱਠੇ ਹੱਥਾਂ ਦੀ ਤਸਵੀਰ ਅਤੇ ਇਸਾਈਅਤ
ਦੀ ਤਸਵੀਰ ਦਿਖਾਉਣ ਦੇ ਨਾਲ-ਨਾਲ ਮਹਾਤਮਾ ਬੁੱਧ ਅਤੇ ਜੈਨ ਧਰਮ ਦੀ ਗੱਲ ਵੀ ਕੀਤੀ ਤੇ
ਕਿਹਾ ਕਿ ਹਰ ਧਰਮ ਇਹੀ ਸਿਖਾਉਂਦਾ ਹੈ ਕਿ 'ਡਰੋ ਮਤ-ਡਰਾਓ ਮਤ।' ਰਾਹੁਲ ਗਾਂਧੀ ਨੇ
ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਦੇਸ਼ਾਂ ਤੇ ਕਈ ਵੱਖ-ਵੱਖ ਧਾਰਮਿਕ
ਅਸਥਾਨਾਂ ਦਾ ਦੌਰਾ ਕੀਤਾ। ਉਹ ਕਿਤੇ ਵੀ ਡਰੇ ਨਹੀਂ ਤੇ ਕਿਤੇ ਵੀ ਹਿੰਸਾ ਦਾ ਰਸਤਾ
ਨਹੀਂ ਅਪਣਾਇਆ। ਅਸੀਂ ਇਥੇ ਨਾ ਤਾਂ ਧਰਮ ਦੇ ਵਖਰੇਵਿਆਂ 'ਤੇ ਬਹਿਸ ਕਰ ਰਹੇ ਹਾਂ ਤੇ
ਨਾ ਹੀ ਰਾਜਨੀਤਕ ਖੇਤਰ 'ਚ ਹਾਰ-ਜਿੱਤ 'ਤੇ ਬਹਿਸ ਕਰ ਰਹੇ ਹਾਂ। ਸਾਨੂੰ ਇਸ ਗੱਲ ਦਾ
ਨਿਰਣਾ ਕਰਨ ਦੀ ਵੀ ਲੋੜ ਨਹੀਂ ਕਿ ਕਿਸ ਦਾ ਭਾਸ਼ਨ ਜ਼ਿਆਦਾ ਜ਼ੋਰਦਾਰ ਸੀ ਤੇ ਰਾਹੁਲ
ਗਾਂਧੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚੋਂ ਕੌਣ ਆਪਣੀ ਗੱਲ ਕਹਿਣ ਦੇ ਜ਼ਿਆਦਾ
ਸਮਰੱਥ ਦਿਖਾਈ ਦਿੱਤੇ ਸਨ, ਪਰ ਸਾਨੂੰ ਇਕ ਗੱਲ ਦੀ ਖ਼ੁਸ਼ੀ ਜ਼ਰੂਰ ਹੈ ਕਿ ਇਸ ਵਾਰ ਲੋਕ
ਸਭਾ ਵਿਚ ਇਕ ਭਾਰਤੀ ਧਰਮ ਦਰਸ਼ਨ ਦੀ ਗੱਲ ਤੁਰੀ ਹੈ ਕਿ ਨਾ ਡਰੋ ਨਾ - ਨਾ ਡਰਾਓ !
ਸਲੋਕ ਮਹੱਲਾ ਨੌਵਾਂ ਦੇ ਸਲੋਕਾਂ ਵਿਚ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ
ਬਹਾਦਰ ਸਾਹਿਬ ਜੀ ਤਾਂ ਨਾ ਡਰਨ ਤੋਂ ਵੀ ਪਹਿਲਾਂ ਨਾ ਡਰਾਉਣ ਦੀ ਗੱਲ ਕਰਦੇ ਹਨ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨਿ ਰੇ
ਮਨਾ ਗਿਆਨੀ ਤਾਹਿ ਬਖਾਨਿ
(ਅੰਗ : ੧੪੨੭)
ਇਹ ਇਕ ਕਦਮ ਹੋਰ ਵੀ ਅੱਗੇ ਹੈ ਕਿ ਜਿਹੜਾ ਮਨੁੱਖ ਕਿਸੇ ਨੂੰ ਡਰਾਵੇ ਨਾ
ਅਤੇ ਨਾ ਹੀ ਕਿਸੇ ਤੋਂ ਡਰੇ, ਨਾਨਕ ਕਹਿ ਰਹੇ ਹਨ ਕਿ, ਹੇ ਮਨ ਉਸ ਨੂੰ ਹੀ ਆਤਮਿਕ
ਸੂਝ ਵਾਲਾ ਸਮਝ। ਅਸੀਂ ਸਮਝਦੇ ਹਾਂ ਕਿ ਨਾ ਡਰਨ ਅਤੇ ਨਾ ਡਰਾਉਣ ਦੀ ਗੱਲ ਦੇ ਪ੍ਰਚਾਰ
ਦੀ ਭਾਰਤ ਅਤੇ ਦੁਨੀਆਂ ਦੇ ਲੋਕਾਂ ਨੂੰ ਬਹੁਤ ਸਖ਼ਤ ਲੋੜ ਹੈ। ਸਿਰਫ਼ ਰਾਜਨੀਤੀ ਵਿਚ ਹੀ
ਨਹੀਂ ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿਚ। ਜਦੋਂ ਅਸੀਂ ਭਾਰਤੀ ਦਰਸ਼ਨ ਦੀ ਇਹ ਗੱਲ ਅਪਣਾ
ਲਵਾਂਗੇ ਅਤੇ ਸਾਡੀ ਇਹ ਧਾਰਨਾ ਬਣ ਜਾਵੇਗੀ ਕਿ ਨਾ ਤਾਂ ਕਿਸੇ 'ਤੇ ਜ਼ੁਲਮ ਕਰਨਾ ਹੈ
ਅਤੇ ਨਾ ਹੀ ਕਿਸੇ ਹਾਲਤ ਵਿਚ ਜ਼ੁਲਮ ਸਹਿਣਾ ਹੈ ਤਾਂ ਸੱਚਮੁੱਚ ਹੀ ਉਸ ਦਿਨ ਇਹ ਦੁਨੀਆ
ਸਵਰਗ ਬਣ ਜਾਵੇਗੀ, ਕਿਉਂਕਿ ਜਦੋਂ ਅਸੀਂ ਇਸ ਅਸੂਲ ਨੂੰ ਅਪਣਾ ਲਵਾਂਗੇ ਤਾਂ ਜ਼ਬਰ ਤੇ
ਜ਼ੁਲਮ ਦਾ ਖ਼ਾਤਮਾ ਹੋ ਜਾਵੇਗਾ। ਨਾ-ਬਰਾਬਰੀ ਭਾਵ ਊਚ-ਨੀਚ ਦੀ ਜੜ੍ਹ ਹੀ ਪੁੱਟੀ
ਜਾਵੇਗੀ। ਵੈਸੇ ਇਹ ਡਰਨਾ ਤੇ ਡਰਾਉਣਾ ਹੀ ਦੁਨੀਆ ਦੇ ਦੇਸ਼ਾਂ ਵਿਚ ਜੰਗਾਂ ਦਾ ਕਾਰਨ
ਬਣ ਰਿਹਾ ਹੈ।
ਜ਼ਿੰਦਾ ਰਹਨਾ ਹੈ ਤੋ ਹਾਲਾਤ ਸੇ ਡਰਨਾ ਕੈਸਾ, ਜੰਗ
ਲਾਜ਼ਿਮ ਹੋ ਤੋ ਲਸ਼ਕਰ ਨਹੀਂ ਦੇਖੇ ਜਾਤੇ।
(ਮੇਰਾਜ਼ ਫ਼ੈਜ਼ਾਬਾਦੀ)
ਪੰਜਾਬੀ ਸੰਸਦ ਮੈਂਬਰ ਇਕੱਠੇ ਨਹੀਂ
ਹੋ ਰਹੇ
ਅਸੀਂ ਵਾਰ-ਵਾਰ ਲਿਖਿਆ ਹੈ ਕਿ ਰਾਜਨੀਤਕ ਪਾਰਟੀਆਂ ਆਪਣੀ
ਥਾਂ ਹਨ, ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਜੰਮ-ਜੰਮ ਇਕ-ਦੂਜੇ ਦੀ ਪਾਰਟੀ ਦਾ
ਵਿਰੋਧ ਕਰਨ, ਪਰ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਘੱਟੋ-ਘੱਟ
ਪੰਜਾਬ ਦੀਆਂ ਸਾਂਝੀਆਂ ਮੰਗਾਂ ਜਿਨ੍ਹਾਂ ਵਿਚ ਪੰਜਾਬ ਦੇ ਪਾਣੀਆਂ ਦੀ ਮਾਲਕੀ ਦਾ
ਫ਼ੈਸਲਾ ਅਤੇ ਉਸ ਦੀ ਕੀਮਤ ਜਾਂ ਰਾਇਲਟੀ ਲੈਣ ਦਾ ਮਾਮਲਾ, ਪੰਜਾਬ ਵਿਚ
ਧਰਤੀ ਹੇਠਲਾ ਮੁੱਕਦਾ ਜਾ ਰਿਹਾ ਪਾਣੀ, ਪਾਕਿਸਤਾਨ ਨਾਲ ਮੁੰਬਈ ਅਤੇ ਗੁਜਰਾਤ ਦੀਆਂ
ਬੰਦਰਗਾਹਾਂ ਰਾਹੀਂ ਹੁੰਦੇ ਵਪਾਰ ਦੇ ਮੁਕਾਬਲੇ ਕਿਤੇ ਸਸਤੇ ਰਸਤੇ ਹੁਸੈਨੀਵਾਲਾ ਤੇ
ਵਾਹਗਾ-ਅਟਾਰੀ ਸਰੱਹਦਾਂ ਦੇ ਰਸਤੇ ਵਪਾਰ ਖੋਲ੍ਹਣਾ ਜੋ ਸਿਰਫ਼ ਪਾਕਿਸਤਾਨ ਲਈ ਹੀ ਨਹੀਂ
ਸਗੋਂ ਅਫ਼ਗਾਨਿਸਤਾਨ, ਈਰਾਨ ਤੇ ਯੂਰਪੀਨ ਦੇਸ਼ਾਂ ਲਈ ਵੀ ਲਾਭਦਾਇਕ ਸਾਬਤ ਹੋ ਸਕਦਾ ਹੈ,
ਫ਼ਸਲਾਂ ਦੀ ਕਾਨੂੰਨੀ ਐਮ.ਐਸ.ਪੀ. ਜੋ ਪੰਜਾਬ ਨੂੰ ਝੋਨੇ ਤੇ ਕਣਕ ਦੇ ਫ਼ਸਲੀ
ਚੱਕਰ ਵਿਚੋਂ ਕੱਢ ਸਕਦੀ ਹੈ, ਮਜ਼ਦੂਰਾਂ ਨੂੰ 40-42 ਦਿਨ ਦੇ ਮਗਨਰੇਗਾ
ਅਧੀਨ ਕੰਮ ਦੀ ਥਾਂ ਘੱਟੋ-ਘੱਟ 100 ਦਿਨ ਦੇ ਕੰਮ ਦੀ ਗਾਰੰਟੀ, ਚੰਡੀਗੜ੍ਹ ਪੰਜਾਬ ਦੇ
ਹਵਾਲੇ ਕਰਨਾ ਆਦਿ ਤੋਂ ਇਲਾਵਾ ਹੋਰ ਵੀ ਕਈ ਸਾਂਝੀਆਂ ਮੰਗਾਂ ਹਨ, ਲਈ ਇਕ ਮੀਟਿੰਗ
ਕਰਕੇ ਇਕ ਸਾਂਝੀ ਪਹੁੰਚ ਬਣਾਉਣੀ ਚਾਹੀਦੀ ਹੈ। ਕੋਈ ਸ਼ੱਕ ਨਹੀਂ ਕਿ 'ਆਪ' ਦੇ ਰਾਜ
ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਤਾਂ ਪੰਜਾਬ ਦੇ ਪੱਖ ਤੋਂ ਪਹਿਲਾਂ ਹੀ ਮਹਾਂ
ਨਿਰਾਸ਼ਾਜਨਕ ਹੈ, ਕਿਉਂਕਿ ਉਨ੍ਹਾਂ ਦੀ ਚੋਣ ਕਿਵੇਂ ਹੋਈ, ਬਾਰੇ ਪਹਿਲਾਂ ਹੀ ਬਹੁਤ
ਚਰਚੇ ਹੋ ਰਹੇ ਹਨ। ਪਰ ਘੱਟੋ-ਘੱਟ ਲੋਕ ਸਭਾ ਦੇ 13 ਮੈਂਬਰ ਤਾਂ ਲੋਕਾਂ ਦੇ ਚੁਣੇ
ਹੋਏ ਮੈਂਬਰ ਹਨ, ਉਹ ਤਾਂ ਪਾਰਟੀ ਲਾਈਨ ਤੋਂ ਉੱਪਰ ਉਠ ਕੇ ਪੰਜਾਬ ਦੀਆਂ ਮੰਗਾਂ ਲਈ
ਬੋਲ ਹੀ ਸਕਦੇ ਹਨ। ਪਰ ਹੈਰਾਨੀ ਤੇ ਦੱਖ ਵੀ ਕਿ ਇਸ ਮਾਮਲੇ 'ਚ ਕੋਈ ਪਹਿਲ ਨਹੀਂ ਹੋ
ਰਹੀ। ਖ਼ੁਸ਼ੀ ਦੀ ਗੱਲ ਹੈ ਕਿ ਇਸ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ
ਸਿੰਘ ਰਾਜਾ ਵੜਿੰਗ ਅਤੇ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਨੇ ਪੰਜਾਬ ਦੀਆਂ ਮੰਗਾਂ
ਲੋਕ ਸਭਾ ਵਿਚ ਉਠਾਈਆਂ ਹਨ। ਰਾਜਾ ਨੇ ਸਹੀ ਕਿਹਾ ਕਿ ਸਰਕਾਰ ਕਿਵੇਂ ਪੰਜਾਬ ਦੀ ਹੋਂਦ
ਅਤੇ ਦੇਸ਼ ਦੇ ਵਿਕਾਸ ਵਿਚ ਪੰਜਾਬ ਦੇ ਯੋਗਦਾਨ ਨੂੰ ਅਣਗੌਲ਼ਿਆਂ ਕਰ ਰਹੀ ਹੈ। 'ਆਪ'
ਦੇ 'ਮੀਤ ਹੇਅਰ' ਨੇ ਵੀ ਥੋੜ੍ਹੀ-ਬਹੁਤ ਗੱਲ ਤੋਰੀ ਹੈ। ਪਰ ਅਫਸੋਸ ਰਾਸ਼ਟਰਪਤੀ ਦੇ
ਭਾਸ਼ਨ ਦੇ ਧੰਨਵਾਦ ਮਤੇ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ
ਦੀਆਂ ਮੰਗਾਂ 'ਤੇ ਮੁਕੰਮਲ ਚੁੱਪ ਹੀ ਵੱਟੀ ਰੱਖੀ। ਇਹ ਗੱਲ ਹੋਰ ਵੀ ਸਾਬਿਤ ਕਰਦੀ ਹੈ
ਕਿ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਪੰਜਾਬ ਦੀਆਂ ਮੰਗਾਂ ਉਠਾਉਣ ਲਈ ਆਪਸ ਵਿਚ ਮਿਲ
ਕੇ ਹੀ ਸਾਂਝੀ ਰਣਨੀਤੀ ਬਣਾਉਣ ਦੀ ਲੋੜ ਨਹੀਂ, ਸਗੋਂ ਉਨ੍ਹਾਂ ਨੂੰ ਸਮੁੱਚੀ ਵਿਰੋਧੀ
ਧਿਰ ਅਤੇ ਹੁਕਮਰਾਨ ਧਿਰ ਦੇ ਸੰਸਦ ਮੈਂਬਰਾਂ ਤੱਕ ਵੀ ਸਾਂਝੇ ਰੂਪ ਵਿਚ ਪਹੁੰਚ ਕਰਕੇ
ਪੰਜਾਬ ਦੀਆਂ ਮੰਗਾਂ ਦੇ ਹੱਕ ਬਜਾਨਬ ਹੋਣ ਦੀ ਗੱਲ ਪਹੁੰਚਾਉਣੀ ਚਾਹੀਦੀ ਹੈ ਅਤੇ
ਇਨਸਾਫ਼ ਦੇ ਨਾਂਅ 'ਤੇ ਸਾਥ ਦੇਣ ਦੀ ਮੰਗ ਕਰਨੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਦੀ
ਗੱਲ ਅਣਗੌਲ਼ੀ ਨਾ ਕੀਤੀ ਜਾ ਸਕੇ। ਏਕਤਾ ਵਿੱਚ ਹੀ ਬਰਕਤ ਪੈਂਦੀ ਹੈ। ਗੁਰੂ ਸਾਹਿਬਾਨ
ਨੇ ਵੀ 'ਹੋਵੋ ਇਕਤਰ ਮਿਲੋ ਮੇਰੇ ਭਾਈ' ਦਾ ਸੰਦੇਸ਼ ਦਿੱਤਾ ਹੈ। ਅਫ਼ਸੋਸ
ਉਮਰ ਕਟ ਗਈ ਰੰਜ-ਓ-ਮਲਾਲ ਮੇ, ਦੇਖਾ ਨਾ ਖ਼ਵਾਬ ਮੇਂ ਭੀ ਜੋ ਕੁਛ ਥਾ ਖਯਾਲ ਮੇਂ।
(ਇਮਦਾਦ ਇਮਾਮ ਅਸਰ)
ਦਲਬਦਲੀ: ਰਾਜਨੀਤੀ ਦੀ ਕੈਂਸਰ
ਹੁਣ ਜਲੰਧਰ ਵਿਚ ਜਲੰਧਰ ਪੱਛਮੀ
ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਰਹੀ ਹੈ। ਇਹ ਚੋਣ ਦਲਬਦਲੀਆਂ ਦੇ ਪੱਖ ਤੋਂ ਹੋ
ਰਹੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਜਲੰਧਰ ਜਿਵੇਂ ਦਲਬਦਲੀ ਦੇ ਸਾਰੇ ਰਿਕਾਰਡ
ਤੋੜ ਰਿਹਾ ਹੈ ਪਰ ਜੋ ਕੁਝ ਪਹਿਲਾਂ ਸਾਬਕ ਲੋਕ ਸਭਾ ਮੈਂਬਰ 'ਸੁਸ਼ੀਲ ਕੁਮਾਰ ਰਿੰਕੂ'
ਨੇ ਕੀਤਾ ਤੇ ਹੁਣ ਅਕਾਲੀ ਦਲ ਦੀ ਉਮੀਦਵਾਰ 'ਬੀਬੀ ਸੁਰਜੀਤ ਕੌਰ' ਨੇ ਕੀਤਾ ਹੈ, ਉਹ
ਤਾਂ ਕਮਾਲ ਹੀ ਹੈ। ਜੋ ਕੁਝ ਨੇਤਾ ਕਰ ਰਹੇ ਹਨ ਉਹ ਆਪਣੀ ਜਗ੍ਹਾ, ਪਰ ਇਸ ਦਲਬਦਲੀ ਨੇ
ਲਗਭਗ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਪਾਰਟੀਆਂ ਦੀ ਅਸੂਲ-ਪ੍ਰਸਤੀ ਦਾ ਸਾਰਾ
ਹੀਜ਼-ਪਿਆਜ਼ ਪੂਰੀ ਤਰ੍ਹਾਂ ਨੰਗਾ ਕਰ ਕੇ ਰੱਖ ਦਿੱਤਾ ਹੈ, ਕਿਉਂਕਿ ਅਸਲ ਵਿਚ ਦਲਬਦਲੀ
ਕਰਨ ਵਾਲੇ ਨੇਤਾ ਦਲਬਦਲੀ ਤਦ ਹੀ ਕਰਦੇ ਹਨ, ਜਦੋਂ ਉਨ੍ਹਾਂ ਨੂੰ ਦਲਬਦਲੀ ਕਰਵਾਉਣ
ਵਾਲੀ 'ਦੁੱਧ-ਧੋਤੀ' ਪਾਰਟੀ ਦੇ 'ਦੁੱਧ ਧੋਤੇ' ਨੇਤਾ ਡਰ ਜਾਂ ਲਾਲਚ ਦਿਖਾ ਕੇ
ਦਲਬਦਲੀ ਲਈ ਉਕਸਾਉਂਦੇ ਹਨ। ਇਸ ਵੇਲੇ 'ਜਲੰਧਰ ਪੱਛਮੀ' ਦੇ ਭਾਜਪਾ ਨੇਤਾ
'ਸ਼ੀਤਲ ਅੰਗੁਰਾਲ' ਪਹਿਲਾਂ ਭਾਜਪਾ ਵਿਚ ਸਨ ਪਰ 2022 ਵਿਚ ਉਹ 'ਆਪ' ਵਿਚ ਸ਼ਾਮਿਲ ਹੋ
ਕੇ ਵਿਧਾਇਕ ਬਣ ਗਏ ਸਨ। ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਕਾਂਗਰਸ ਵਿਚ ਸਨ, ਰਾਤੋ-ਰਾਤ
'ਆਪ' ਵਿਚ ਸ਼ਾਮਿਲ ਹੋਏ ਅਤੇ ਲੋਕ ਸਭਾ ਮੈਂਬਰ ਬਣ ਗਏ, ਪਰ ਇਸ ਵਾਰ ਲੋਕ ਸਭਾ ਚੋਣਾਂ
ਵਿਚ ਭਾਜਪਾ ਉਮੀਦਵਾਰ ਸਨ ਅਤੇ ਹਾਰ ਦਾ ਮੂੰਹ ਦੇਖਣਾ ਪਿਆ।
ਜਲੰਧਰ ਪੱਛਮੀ
ਤੋਂ ਹੁਣ 'ਆਪ' ਦੇ ਉਮੀਦਵਾਰ 'ਮਹਿੰਦਰ ਭਗਤ' ਵੀ ਪਹਿਲਾਂ ਭਾਜਪਾ ਵਿਚ ਸਨ, ਉਹ
ਸਾਬਕਾ ਭਾਜਪਾ ਮੰਤਰੀ 'ਭਗਤ ਚੁੰਨੀ ਲਾਲ' ਦੇ ਪੁੱਤਰ ਹਨ। ਅਕਾਲੀ ਉਮੀਦਵਾਰ ਬੀਬੀ
ਸੁਰਜੀਤ ਕੌਰ ਬਾਰੇ ਚਰਚਾ ਹੈ ਕਿ ਪਹਿਲਾਂ ਉਹ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ
ਧੜੇ ਵੱਲ ਆ ਕੇ 'ਬਸਪਾ' ਦੇ ਹੱਕ ਵਿਚ ਬੈਠਣ ਲਈ ਤਿਆਰ ਹੋ ਗਏ ਸਨ ਪਰ ਫਿਰ ਉਹ ਬਾਗ਼ੀ
ਅਕਾਲੀਆਂ ਵੱਲ ਹੋ ਗਈ, ਕਿਉਂਕਿ ਅਕਾਲੀ ਦਲ ਉਸ ਤੋਂ ਪਿੱਛੇ ਹਟ ਗਿਆ ਸੀ। ਪਰ ਅਖੀਰ
ਉਹ 'ਆਪ' ਵਿਚ ਸ਼ਾਮਿਲ ਹੋ ਗਏ, ਪਰ ਸ਼ਾਮ ਤੱਕ ਫਿਰ ਵਾਪਸ ਘਰ ਵਾਪਸੀ ਹੋ ਗਈ ਤੇ ਉਹ ਇਸ
ਸਮੇਂ ਅਕਾਲੀ ਦਲ ਦੇ ਬਾਗ਼ੀ ਧੜੇ ਨੇ ਉਸਨੂੰ ਉਮੀਦਵਾਰ ਚੁਣ ਲਿਆ ਹੈ।
ਪਿਛਲੇ ਸਾਲ ਸਾਬਕਾ ਵਿਧਾਇਕ 'ਸੁਰਿੰਦਰ ਚੌਧਰੀ' 'ਆਪ' ਵਿਚ ਚਲੇ ਗਏ, ਪਰ ਬਾਅਦ
ਵਿਚ ਘਰ ਵਾਪਸੀ ਹੋ ਗਈ। ਮਹਿੰਦਰ ਸਿੰਘ ਕੇ.ਪੀ. ਜੋ ਪੰਜਾਬ ਕਾਂਗਰਸ ਦੇ
ਪ੍ਰਧਾਨ ਵੀ ਰਹੇ, ਟਿਕਟ ਨਾ ਮਿਲਣ 'ਤੇ ਦਲਬਦਲੀ ਕਰ ਗਏ। ਇਕ ਸਾਬਕਾ ਵਿਧਾਇਕ 'ਜਗਬੀਰ
ਸਿੰਘ ਬਰਾੜ' ਸ਼ਾਇਦ 4 ਜਾਂ 5 ਵਾਰ ਪਾਰਟੀਆਂ ਬਦਲ ਗਏ। ਹੋਰ ਵੀ ਕਈ ਹਨ ਤੇ ਦੂਸਰੀ
ਕਤਾਰ ਦੇ ਨੇਤਾਵਾਂ ਦਾ ਤਾਂ ਜ਼ਿਕਰ ਕਰਨਾ ਹੀ ਸੰਭਵ ਨਹੀਂ। ਉਂਜ ਇਹ ਦਲਬਦਲੀ ਦੀ
ਬਿਮਾਰੀ ਪੂਰੇ ਭਾਰਤ ਵਿਚ ਹੈ ਪਰ ਪੰਜਾਬ ਇਸ ਵਾਰ ਇਸ ਦੀ ਸਭ ਤੋਂ ਜ਼ਿਆਦਾ ਲਪੇਟ ਵਿਚ
ਹੈ।
ਉਂਜ ਖ਼ੁਸ਼ੀ ਦੀ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ
ਦਲਬਦਲੂਆਂ ਦੀ ਵੱਡੀ ਗਿਣਤੀ ਨੂੰ ਲੋਕਾਂ ਨੇ ਨਕਾਰ ਕੇ ਕੱਖੋਂ ਹੌਲ਼ੇ ਕਰ ਦਿੱਤਾ ਸੀ।
ਹੁਣ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿਚ ਕੀ ਹੁੰਦਾ ਹੈ, ਦੇਖਣ ਵਾਲੀ ਗੱਲ ਹੋਵੇਗੀ?
ਹਰ ਵੋਟਰ ਵੀ ਸ਼ਾਇਦ ਸਾਡੇ ਵਾਂਗ ਹੀ ਸੋਚਦਾ ਹੈ ਕਿ ਇਹਨਾਂ ਦਲ ਬਦਲੂ ਆਗੂਆਂ ਨੂੰ
ਕਦੋਂ ਸ਼ਰਮ ਜਾਂ ਆਪਣੀ ਇਸ ਬਿਮਾਰੀ ਦਾ ਕਦ ਅਹਿਸਾਸ ਹੋਵਗੇ? ਇਸ ਮੌਕੇ ਪ੍ਰਸਿੱਧ ਸ਼ਾਇਰ
ਮਿਰਜ਼ਾ 'ਗਾਲਿਬ' ਦਾ ਇਕ ਸ਼ਿਅਰ ਬਹੁਤ ਯਾਦ ਆ ਰਿਹਾ ਹੈ:
ਕਾਅਬਾ ਕਿਸ
ਮੂੰਹ ਸੇ ਜਾਓਗੇ 'ਗ਼ਾਲਿਬ', ਸ਼ਰਮ ਤੁਮ ਕੋ ਮਗ਼ਰ ਨਹੀਂ ਆਤੀ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
hslall@ymail.com
|