ਮੁਲਕ
ਤੋ ਮੁਲਕ ਘਰੋਂ ਪਰ ਭੀ ਕਬਜ਼ਾ ਹੈ ਉਸ ਕਾ, ਅਬ ਤੋ ਘਰ ਭੀ ਨਹੀਂ ਚਲਤੇ ਹੈਂ ਸਿਆਸਤ
ਕੇ ਬਗ਼ੈਰ।
'ਜ਼ਿਆ ਜ਼ਮੀਰ' ਦਾ ਇਹ ਸ਼ਿਅਰ ਮੈਨੂੰ ਉਸ
ਵੇਲੇ ਯਾਦ ਆਇਆ ਜਦੋਂ ਅੱਜ ਦੀ ਲਗਭਗ ਹਰ ਵੱਡੀ ਅਖ਼ਬਾਰ ਦੀ ਸੁਰਖੀ ਇਹ ਪ੍ਰਭਾਵ ਦਿੰਦੀ
ਦਿਸ ਰਹੀ ਹੈ ਕਿ ਬੱਸ 'ਇੰਡੀਆ' ਗੱਠਜੋੜ ਦਾ ਭੋਗ ਪੈ ਗਿਆ ਹੈ। ਸਾਰੀਆਂ ਅਖ਼ਬਾਰਾਂ ਤੇ
ਸੰਚਾਰ ਮਾਧਿਅਮ ਘਰਾਣੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪੰਜਾਬ
ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੰਗਾਲ ਅਤੇ ਪੰਜਾਬ ਵਿਚ ਸਾਰੀਆਂ ਲੋਕ ਸਭਾ ਸੀਟਾਂ
ਤੋਂ ਚੋਣ ਲੜਨ ਦੇ ਐਲਾਨ ਨੂੰ ਇਸ ਤਰ੍ਹਾਂ ਪ੍ਰਚਾਰ ਰਹੇ ਹਨ ਕਿ ਜਿਵੇਂ ਹੁਣ 'ਇੰਡੀਆ'
ਗੱਠਜੋੜ ਦਾ ਕੋਈ ਵਜੂਦ ਹੀ ਨਹੀਂ ਰਹੇਗਾ।
ਉਪਰੋਂ 'ਕੋਹੜ ਵਿੱਚ ਖਾਜ' ਦੀ
ਕਹਾਵਤ ਅਨੁਸਾਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਬਿਆਨ ਦੇ ਕੁੱਝ ਉਹ
ਟੁਕੜੇ ਉਛਾਲੇ ਜਾ ਰਹੇ ਹਨ, ਜੋ ਇਹ ਪ੍ਰਭਾਵ ਦਿੰਦੇ ਹਨ ਕਿ ਨਿਤਿਸ਼ ਕੁਮਾਰ ਨੇ
ਪਰਿਵਾਰਵਾਦ ਬਾਰੇ ਬੋਲ ਕੇ ਲਾਲੂ ਯਾਦਵ ਪਰਿਵਾਰ 'ਤੇ ਹਮਲਾ ਬੋਲ ਦਿੱਤਾ ਹੈ, ਜਦੋਂ
ਕਿ ਭਾਰਤ ਸਰਕਾਰ ਦੇ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਸਨਮਾਨ ਦੇਣ ਦੇ ਫ਼ੈਸਲੇ ਨੂੰ ਵੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਤਿਸ਼ ਕੁਮਾਰ ਵਿਚਕਾਰ ਕਿਸੇ ਗੁਪਤ ਸਮਝੌਤੇ
ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ
ਜਿਵੇਂ ਨਿਤਿਸ਼ ਕੁਮਾਰ 'ਇੰਡੀਆ' ਗੱਠਜੋੜ ਛੱਡ ਕੇ ਭਾਜਪਾ ਦੀ ਅਗਵਾਈ ਵਾਲੇ ਕੌਮੀ
ਜਮਹੂਰੀ ਗੱਠਜੋੜ (ਕੌ: ਜ: ਗੱ) ਵਿਚ ਪਰਤਣ ਦੀ ਤਿਆਰੀ ਵਿਚ ਹੋਣ।
ਇਸ ਤੋਂ
ਪਹਿਲਾਂ ਹੀ ਰਾਮ ਮੰਦਰ ਦੇ ਨਿਰਮਾਣ ਤੇ ਰਾਮ ਲੱਲਾ ਦੀ ਮੂਰਤੀ ਦੀ 'ਪ੍ਰਾਣ
ਪ੍ਰਤਿਸ਼ਠਾ' ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੇ ਪ੍ਰਚਾਰ ਨਾਲ ਭਾਰਤੀ
'ਮਾਧਿਅਮ' ਵਿਚ ਪ੍ਰਭਾਵ ਬਣਾ ਰਿਹਾ ਹੈ ਕਿ ਇਸ ਵਾਰ ਭਾਜਪਾ 400 ਤੋਂ ਵਧੇਰੇ ਸੀਟਾਂ
'ਤੇ ਜਿੱਤੇਗੀ। ਸੋ, ਜੇਕਰ ਰਾਮ ਮੰਦਰ ਦੇ ਪ੍ਰਭਾਵ ਨਾਲ ਭਾਜਪਾ ਦੇ 400 ਤੋਂ ਵਧੇਰੇ
ਸੀਟਾਂ ਜਿੱਤਣ ਦੀ ਗੱਲ ਠੀਕ ਮੰਨ ਲਈਏ ਤਾਂ 'ਇੰਡੀਆ' ਗੱਠਜੋੜ ਵਿਚ ਨਵੀਆਂ ਤਰੇੜਾਂ
ਨੂੰ ਜਿਸ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ, ਉਸ ਹਿਸਾਬ ਨਾਲ ਤਾਂ ਭਾਜਪਾ ਲਈ
450 ਸੀਟਾਂ ਤੋਂ ਵੀ ਵਧੇਰੇ 'ਤੇ ਜਿੱਤਣਾ ਮਾਮੂਲੀ ਜਿਹੀ ਗੱਲ ਹੋਣੀ ਚਾਹੀਦੀ ਹੈ।
ਪਰ ਨਹੀਂ, ਅਸਲੀਅਤ ਇਹ ਨਹੀਂ ਹੈ।
ਅਸੀਂ ਸਮਝਦੇ ਹਾਂ ਕਿ ਮਮਤਾ
ਬੈਨਰਜੀ ਅਤੇ ਭਗਵੰਤ ਮਾਨ ਦੇ ਬਿਆਨਾਂ ਵਿਚ ਕੁਝ ਵੀ ਨਵਾਂ ਨਹੀਂ ਹੈ। ਜਿਥੋਂ ਤੱਕ
ਬੰਗਾਲ ਦਾ ਸੰਬੰਧ ਹੈ, ਮਮਤਾ ਬੈਨਰਜੀ ਸ਼ੁਰੂ ਤੋਂ ਹੀ ਪੱਛਮੀ ਬੰਗਾਲ ਦੀਆਂ 42 ਵਿਚੋਂ
40 ਸੀਟਾਂ 'ਤੇ ਖ਼ੁਦ ਲੜਨਾ ਚਾਹੁੰਦੀ ਹੈ ਤੇ ਉਹ 'ਇੰਡੀਆ' ਗੱਠਜੋੜ ਜਾਂ ਕਾਂਗਰਸ ਲਈ
ਸਿਰਫ਼ 2 ਸੀਟਾਂ ਹੀ ਛੱਡਣ ਦੀ ਗੱਲ ਕਰ ਰਹੀ ਹੈ, ਕਿਉਂਕਿ ਉਹ ਨਹੀਂ ਚਾਹੁੰਦੀ ਕਿ
ਭਾਜਪਾ ਨੂੰ ਹਰਾਉਣ ਦੇ ਨਾਂਅ 'ਤੇ ਉਹ ਕਾਂਗਰਸ ਜਾਂ ਖੱਬੇਪੱਖੀ ਦਲਾਂ ਨੂੰ ਮੁੜ ਤੋਂ
ਬੰਗਾਲ ਵਿਚ ਖੜ੍ਹਾ ਹੋਣ ਦਾ ਕੋਈ ਹੋਰ ਮੌਕਾ ਦੇਵੇ, ਪਰ ਭਾਜਪਾ ਉਸ ਲਈ ਵੱਡਾ ਖ਼ਤਰਾ
ਵੀ ਹੈ। ਇਸ ਲਈ ਕਾਂਗਰਸੀ ਨੇਤਾਵਾਂ ਦੇ ਬਿਆਨ ਹੋਣ ਜਾਂ ਮਮਤਾ ਦੇ, ਇਹ ਸਾਰੇ ਬਿਆਨ
ਸਿਆਸੀ ਦਾਅ-ਪੇਚ ਤੋਂ ਵੱਧ ਕੇ ਕੁਝ ਨਹੀਂ ਹਨ ਤੇ ਦੋਵਾਂ ਧਿਰਾਂ ਦੀ ਆਪਣੀ ਹੋਂਦ ਲਈ
'ਇੰਡੀਆ' ਗੱਠਜੋੜ ਵਿਚ ਰਹਿਣਾ ਜ਼ਰੂਰੀ ਹੈ, ਬਸ ਇਕ ਕੋਸ਼ਿਸ਼ ਹੈ ਕਿ ਕੁਝ ਵਧ ਸੀਟਾਂ
ਮਿਲ ਜਾਣ ਅਤੇ ਇਸ ਤੋਂ ਇਲਾਵਾ ਕੁਝ ਖ਼ੇਤਰਾਂ ਵਿਚ ਟੀ.ਐਮ.ਸੀ. ਤੇ ਕਾਂਗਰਸ ਜਾਂ
ਖੱਬੇਪੱਖੀਆਂ ਵਿਚ ਦੋਸਤਾਨਾ ਮੁਕਾਬਲਾ ਇਸ ਲਈ ਵੀ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਜੇਕਰ
ਇਹ ਨਾ ਹੋਇਆ ਤਾਂ ਕੁਝ ਕਾਂਗਰਸ ਪੱਖੀ ਵੋਟ ਸਿੱਧੀ ਭਾਜਪਾ ਦੀ ਝੋਲੀ ਵਿਚ ਪੈ ਸਕਦੀ
ਹੈ।
ਜਿਥੋਂ ਤੱਕ ਪੰਜਾਬ ਦਾ ਸੰਬੰਧ ਹੈ, ਮੁੱਖ ਮੰਤਰੀ ਭਗਵੰਤ ਮਾਨ ਤਾਂ
ਪਿਛਲੇ ਕੁਝ ਹਫ਼ਤਿਆਂ ਤੋਂ ਹੀ 13 ਸੀਟਾਂ 'ਤੇ ਲੜਨ ਦਾ ਐਲਾਨ ਕਰਨ ਲੱਗੇ ਹਨ, ਜਦੋਂ
ਕਿ ਪੰਜਾਬ ਕਾਂਗਰਸ ਦੇ 80-90 ਫ਼ੀਸਦੀ ਵੱਡੇ ਨੇਤਾ ਤਾਂ ਸ਼ੁਰੂਆਤ ਤੋਂ ਹੀ 'ਆਪ' ਨਾਲ
ਸਮਝੌਤੇ ਦਾ ਠੋਕ ਕੇ ਵਿਰੋਧ ਕਰਦੇ ਆ ਰਹੇ ਹਨ, ਕਿਉਂਕਿ ਉਹ ਸਮਝਦੇ ਹਨ ਕਿ ਜੇਕਰ
'ਆਪ' ਨਾਲ ਸਮਝੌਤਾ ਕੀਤਾ ਤਾਂ ਕਾਂਗਰਸ ਆਪਣਾ ਵਿਰੋਧੀ ਪਾਰਟੀ ਦਾ ਪ੍ਰਭਾਵ ਗੁਆ
ਲਵੇਗੀ ਤੇ ਸਰਕਾਰ ਦੀ ਸਥਾਪਤੀ ਵਿਰੋਧੀ ਰੁਝਾਨ (ਪਦਧਾਰੀ ਵਿਰੋਧੀ) ਦੀ ਕੀਮਤ ਕਾਂਗਰਸ
ਨੂੰ ਚੁਕਾਉਣੀ ਪੈ ਸਕਦੀ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ
ਕੇਡਰ 'ਆਪ' ਨਾਲ ਜਾ ਰਲੇਗਾ। ਇਸ ਦਾ ਨਤੀਜਾ ਕਾਂਗਰਸ ਦੇ ਦਿੱਲੀ ਵਿਚ 'ਆਪ' ਨਾਲ
ਕੀਤੇ ਸਮਝੌਤੇ ਵਰਗਾ ਹੀ ਨਿਕਲੇਗਾ।
ਸੋ, ਅਸੀਂ ਸਮਝਦੇ ਹਾਂ ਕਿ ਭਗਵੰਤ ਮਾਨ
ਤਾਂ ਮਜਬੂਰੀ ਵਸ ਹੀ ਹੁਣ 13 ਸੀਟਾਂ 'ਤੇ ਲੜਨ ਅਤੇ ਜਿੱਤਣ ਦੇ ਲਲਕਾਰੇ ਮਾਰ ਰਹੇ
ਹਨ, ਨਹੀਂ ਤਾਂ ਉਹ 'ਆਪ' ਮੁਖੀ ਅਰਵਿੰਦ ਕੇਜਰੀਵਾਲ ਤਾਂ ਸੀਟਾਂ ਵੰਡ ਸੰਬੰਧੀ
ਸਮਝੌਤਾ ਕਰਨ ਲਈ ਹੀ 'ਇੰਡੀਆ' ਗੱਠਜੋੜ ਦੀਆਂ ਬੈਠਕਾਂ ਵਿਚ ਜਾਂਦੇ ਰਹੇ ਹਨ। ਹੁਣ ਵੀ
ਸਾਡੀ ਸੂਚਨਾ ਅਨੁਸਾਰ ਪੰਜਾਬ ਨੂੰ ਛੱਡ ਕੇ 'ਆਪ' ਅਤੇ ਕਾਂਗਰਸ ਵਿਚਕਾਰ ਦਿੱਲੀ,
ਹਰਿਆਣਾ, ਗੋਆ, ਗੁਜਰਾਤ ਅਤੇ ਕੁਝ ਹੋਰ ਰਾਜਾਂ ਵਿਚ ਸਮਝੌਤਾ ਲਗਭਗ ਸਿਰੇ ਚੜ੍ਹ
ਚੁੱਕਾ ਹੈ। ਉਂਜ ਵੀ ਪੰਜਾਬ ਵਿੱਚ 'ਆਪ' ਤੇ ਕਾਂਗਰਸ ਵਿਚਕਾਰ ਸਮਝੌਤਾ 'ਆਪ' ਦੇ
ਸਮਰਥਨ ਵਿਚ ਆਈ ਅਕਾਲੀ ਵੋਟ ਦੀ ਵਾਪਸੀ ਦਾ ਕਾਰਨ ਬਣ ਸਕਦਾ ਸੀ, ਕਿਉਂਕਿ ਕੁਝ ਅਕਾਲੀ
ਵੋਟ ਅਜੇ ਵੀ ਅਜਿਹੀ ਹੈ, ਜੋ ਕਿਸੇ ਵੀ ਕੀਮਤ 'ਤੇ ਕਾਂਗਰਸ ਨਾਲ ਭੁਗਤਣ ਲਈ ਤਿਆਰ
ਨਹੀਂ ਹੈ।
ਜੇਕਰ ਕਾਂਗਰਸ ਤੇ 'ਆਪ' ਵਿਚ ਸਮਝੌਤਾ ਹੋ ਜਾਵੇ ਤਾਂ ਇਹ ਸਥਿਤੀ
ਭਾਜਪਾ ਨੂੰ ਵੀ ਅਕਾਲੀ ਦਲ ਨਾਲ ਸਮਝੌਤੇ ਲਈ ਮਜਬੂਰ ਕਰ ਸਕਦੀ ਹੈ ਤੇ ਇਸ ਤਰ੍ਹਾਂ ਇਹ
ਸਿੱਧਾ ਦੋ ਧਿਰੀ ਮੁਕਾਬਲਾ ਬਣ ਸਕਦਾ ਹੈ। ਹੁਣ ਵੀ ਭਾਵੇਂ ਪੰਜਾਬ ਵਿਚ ਭਾਜਪਾ ਤੇ
ਅਕਾਲੀ ਦਲ ਵਿਚ ਸਮਝੌਤੇ ਦੇ ਆਸਾਰ ਨਾਂਹ ਦੇ ਬਰਾਬਰ ਹਨ, ਪਰ ਜੇਕਰ ਇਹ ਹੋ ਜਾਂਦਾ ਹੈ
ਤਾਂ ਤਿੰਨ ਧਿਰੀ ਮੁਕਾਬਲਾ ਕਾਫ਼ੀ ਸਖ਼ਤ ਹੋ ਸਕਦਾ ਹੈ। ਹਾਲਾਂਕਿ 4 ਧਿਰੀ ਮੁਕਾਬਲੇ
ਵਿਚ ਵੀ ਫਿਰੋਜ਼ਪੁਰ ਤੇ ਹੁਸ਼ਿਆਰਪੁਰ ਵਰਗੀਆਂ ਕੁਝ ਸੀਟਾਂ ਅਜਿਹੀਆਂ ਹਨ ਜਿਥੇ ਅਕਾਲੀ
ਦਲ ਤੇ ਭਾਜਪਾ ਸਖ਼ਤ ਟੱਕਰ ਦੇ ਸਕਦੇ ਹਨ।
ਉਂਜ ਇਕ ਗੱਲ ਹੋਰ ਨੋਟ ਕਰਨ ਵਾਲੀ
ਹੈ ਕਿ ਭਾਜਪਾ ਲਈ ਰਾਮ ਮੰਦਰ ਦਾ ਸਭ ਤੋਂ ਵੱਡਾ ਅਸਰ ਉੱਤਰੀ ਅਤੇ ਕੇਂਦਰੀ ਭਾਰਤ ਵਿਚ
ਹੀ, ਜਿਥੇ ਪਹਿਲਾਂ ਹੀ ਭਾਜਪਾ ਬਹੁਤ ਅੱਗੇ ਹੈ। ਇਥੇ ਹੋਰ ਸੀਟਾਂ ਵਧਾਉਣਾ ਏਨਾ ਸੌਖਾ
ਨਹੀਂ ਹੈ। ਦੱਖਣੀ ਭਾਰਤ ਤੇ ਪੂਰਬੀ ਭਾਰਤ ਵਿਚ ਰਾਮ ਮੰਦਰ ਦੇ ਨਿਰਮਾਣ ਦਾ ਓਨਾ
ਪ੍ਰਭਾਵ ਦਿਖਾਈ ਨਹੀਂ ਦਿੰਦਾ। ਅਸੀਂ ਸਮਝਦੇ ਹਾਂ ਕਿ ਇਹ ਮਮਤਾ ਬੈਨਰਜੀ ਅਤੇ ਅਰਵਿੰਦ
ਕੇਜਰੀਵਾਲ ਦੀ ਰਾਜਨੀਤਕ ਨੇੜਤਾ 'ਤੇ ਆਧਾਰਿਤ ਦਾਅ-ਪੇਚ ਹੀ ਹਨ ਕਿ ਮਮਤਾ ਅਤੇ ਭਗਵੰਤ
ਮਾਨ ਨੇ ਇਕੋ ਵੇਲੇ ਇਕੋ ਜਿਹੇ ਐਲਾਨ ਕੀਤੇ ਹਨ। ਉਂਜ ਲਿਆਕਤ ਜ਼ਾਫ਼ਰੀ ਦੇ ਲਫ਼ਜ਼ਾਂ ਵਿਚ:
ਜਿਸ ਕੋ ਤੁਮ ਚਾਹੋ ਕੋਈ ਔਰ ਨਾ ਚਾਹੇ ਉਸ ਕੋ, ਇਸ ਕੋ ਕਹਿਤੇ ਹੈਂ
ਮੁਹੱਬਤ ਮੇਂ ਸਿਆਸਤ ਕਰਨਾ।
ਭਾਵ ਮਮਤਾ ਬੈਨਰਜੀ ਨਹੀਂ ਚਾਹੁੰਦੀ ਕਿ
ਪੱਛਮੀ ਬੰਗਾਲ ਦੇ ਉਸ ਦੇ ਕਿਲ੍ਹੇ ਵਿਚ ਕਿਸੇ ਹੋਰ ਦੇ ਪੈਰ ਲੱਗ ਸਕਣ।
ਭਾਜਪਾ ਦੀਆਂ ਕਈ ਟਿਕਟਾਂ ਕੱਟਣਗੀਆਂ
ਫੂਲੋਂ ਕਾ
ਬਿਖਰਨਾ ਤੋ ਮੁਕੱਦਰ ਹੀ ਥਾ ਲੇਕਿਨ, ਕੁਛ ਇਸ ਮੇਂ ਹਵਾਓਂ ਕੀ ਸਿਆਸਤ ਭੀ ਬਹੁਤ
ਥੀ।
ਪ੍ਰਵੀਨ ਸ਼ਾਕਿਰ ਦਾ ਇਹ ਸ਼ਿਅਰ ਭਾਜਪਾ ਦੇ ਕਈ ਮੌਜੂਦਾ ਲੋਕ ਸਭਾ
ਮੈਂਬਰਾਂ ਦੀ ਕਿਸਮਤ 'ਤੇ ਇਸ ਵਾਰ ਬਹੁਤ ਢੁਕੇਗਾ, ਕਿਉਂਕਿ ਅਜਿਹੀ ਚਰਚਾ ਸੁਣਨ ਨੂੰ
ਮਿਲ ਰਹੀ ਹੈ ਕਿ ਇਸ ਵਾਰ ਭਾਜਪਾ ਲੋਕ ਸਭਾ ਚੋਣਾਂ ਵਿਚ ਕਰੀਬ 100 ਤੋਂ 150 ਨਵੇਂ
ਚਿਹਰੇ ਉਤਾਰਨ ਬਾਰੇ ਸੋਚ ਰਹੀ ਹੈ। ਇਸ ਲਈ ਜਿਨ੍ਹਾਂ ਪਿਛਲੀ ਵਾਰ ਦੇ ਜਿੱਤੇ ਜਾਂ
ਹਾਰੇ ਉਮੀਦਵਾਰਾਂ ਨੂੰ ਭਾਜਪਾ ਨੇ ਇਸ ਵਾਰ ਟਿਕਟ ਨਾ ਦਿੱਤੀ, ਉਨ੍ਹਾਂ ਦੇ ਮੁਕੱਦਰ
ਦੇ ਫੁੱਲਾਂ ਦਾ ਬਿਖਰਨਾ ਤਾਂ ਤੈਅ ਹੀ ਹੈ।
ਪਤਾ ਲੱਗਾ ਹੈ ਕਿ ਇਸ ਵਾਰ ਦੇਸ਼
ਦੇ ਬਾਕੀ ਹਿੱਸਿਆਂ ਦੇ ਨਾਲ-ਨਾਲ ਦਿੱਲੀ ਵਿਚ ਵੀ 3 ਜਾਂ 4 ਲੋਕ ਸਭਾ ਮੈਂਬਰਾਂ ਦੀਆਂ
ਟਿਕਟਾਂ ਬਦਲੀਆਂ ਜਾ ਸਕਦੀਆਂ ਹਨ, ਕਿਉਂਕਿ ਉਨ੍ਹਾਂ ਦੇ ਰਿਪੋਰਟ ਕਾਰਡ ਦੇ
ਮੁਤਾਬਿਕ ਉਨ੍ਹਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਘੱਟ ਦਿਖਾਈ ਦੇ ਰਹੀਆਂ ਹਨ। ਉਪਰੋਂ
ਦਿੱਲੀ ਵਿਚ ਕਾਂਗਰਸ ਅਤੇ 'ਆਪ' ਦੇ ਸਮਝੌਤੇ ਕਾਰਨ ਹਾਲਾਤ ਉਨੇ ਸੌਖੇ ਵੀ ਨਹੀਂ ਰਹੇ।
ਪੰਜਾਬ ਵਿਚ ਵੀ ਜੇ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਭਾਜਪਾ ਵਲੋਂ ਵੱਡੀ
ਗਿਣਤੀ ਵਿਚ ਬਾਹਰਲੀਆਂ ਪਾਰਟੀਆਂ 'ਚੋਂ ਲਿਆਂਦੇ ਨੇਤਾਵਾਂ ਦੇ ਬਾਵਜੂਦ ਰਾਹ ਕੋਈ
ਬਹੁਤਾ ਆਸਾਨ ਨਹੀਂ ਹੈ।
ਚਰਚਾ ਹੈ ਕਿ ਭਾਜਪਾ ਇਸ ਵਾਰ ਦਿੱਲੀ, ਚੰਡੀਗੜ੍ਹ,
ਹਰਿਆਣਾ ਤੇ ਪੰਜਾਬ ਵਿਚ ਸਾਬਕਾ ਨੌਕਰਸ਼ਾਹਾਂ, ਸਾਬਕਾ ਆਈ.ਏ.ਐਸ.,
ਆਈ.ਪੀ.ਐਸ., ਆਈ. ਐਫ.ਐਸ. ਅਤੇ ਕੁਝ ਵੱਡੀਆਂ ਨਾਮਵਰ ਹਸਤੀਆਂ ਨੂੰ
ਮੈਦਾਨ ਵਿਚ ਉਤਾਰਨ ਬਾਰੇ ਸੋਚ ਰਹੀ ਹੈ। ਇਨ੍ਹਾਂ ਵਿਚ ਅਮਰੀਕਾ ਵਿਚ ਭਾਰਤ ਦੇ
ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਨੂੰ ਵੀ ਚੋਣ ਮੈਦਾਨ ਵਿਚ ਉਤਾਰਨ ਦੀ ਚਰਚਾ ਚਲ
ਰਹੀ ਹੈ। ਜਦੋਂ ਕਿ ਚੰਡੀਗੜ੍ਹ ਨਾਲ ਸੰਬੰਧਿਤ ਇਕ ਵੱਡੇ ਵਿੱਦਿਅਕ ਅਦਾਰੇ ਦੇ ਮੁਖੀ
ਦੇ ਨਾਂਅ ਦੀ ਚਰਚਾ ਵੀ ਸੁਣਾਈ ਦੇ ਰਹੀ ਹੈ। ਹਾਲਾਂਕਿ ਉਨ੍ਹਾਂ ਦੇ ਸਲਾਹਕਾਰ ਉਨ੍ਹਾਂ
ਨੂੰ ਚੋਣ ਰਾਜਨੀਤੀ ਤੋਂ ਦੂਰ ਰਹਿ ਕੇ ਰਾਜ ਸਭਾ ਲਈ ਕੋਸ਼ਿਸ਼ ਕਰਨ ਦੀ ਸਲਾਹ ਦੇ ਰਹੇ
ਦੱਸੇ ਜਾਂਦੇ ਹਨ।
ਇਸ ਤੋਂ ਇਲਾਵਾ ਇਸ ਵਾਰ ਸਵਰਗੀ ਭਾਜਪਾ ਨੇਤਾਵਾਂ ਅਰੁਣ
ਜੇਤਲੀ, ਸੁਸ਼ਮਾ ਸਵਰਾਜ ਅਤੇ ਪੰਜਾਬ ਦੇ ਇਕ ਸਵਰਗੀ ਭਾਜਪਾ ਨੇਤਾ ਦੇ ਪਰਿਵਾਰਕ
ਮੈਂਬਰਾਂ ਨੂੰ ਵੀ ਲੋਕ ਸਭਾ ਟਿਕਟ ਦਿੱਤੇ ਜਾਣ 'ਤੇ ਵਿਚਾਰ ਕੀਤੇ ਜਾਣ ਦੀ ਚਰਚਾ
ਸੁਣਾਈ ਦੇ ਰਹੀ ਹੈ।
1044, ਗੁਰੂ ਨਾਨਕ
ਸਟਰੀਟ, ਸਮਰਾਲਾ ਰੋਡ, ਖੰਨਾ ਮੋਬਾਈਲ : 92168-60000
hslall@ymail.com
|