WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
'ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ'
ਹਰਜਿੰਦਰ ਸਿੰਘ ਲਾਲ                        (05/01/2024)

lall

02ਭਾਵੇਂ ਇਹ ਕਥਨ ਕਿ 'ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ' ਸਦੀਆਂ ਤੋਂ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਹਿੱਸਾ ਹੈ ਪਰ ਇਹ ਸ਼ਬਦ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਫਰਵਰੀ, 2014 ਨੂੰ ਜਦੋਂ ਅਜੇ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੀ ਸਨ, ਨੇ ਚੇਨਈ ਵਿਚ ਸ.ਰ.ਮ  ਵਿਸ਼ਵ-ਵਿਦਿਆਲੇ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੁਹਰਾਏ ਸਨ।

ਪਰ ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਉਪੰਰਤ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ, ਉਹ ਇਹ ਪ੍ਰਭਾਵ ਦੇਣ ਲੱਗ ਪਿਆ ਹੈ ਕਿ ਸ੍ਰੀ ਮੋਦੀ ਇਕ ਵਾਰ ਜਿਸ ਗੱਲ ਦਾ ਫ਼ੈਸਲਾ ਲੈ ਲੈਂਦੇ ਹਨ, ਫਿਰ ਉਸ ਤੋਂ ਪਿੱਛੇ ਨਹੀਂ ਹਟਦੇ। ਹਾਲਾਂਕਿ ਕਈ ਵਾਰ ਅਜਿਹਾ ਹੋਇਆ ਹੈ ਕਿ ਉਨ੍ਹਾਂ ਨੂੰ ਪਿੱਛੇ ਹਟਣਾ ਵੀ ਪਿਆ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਕਿਸਾਨ ਅੰਦੋਲਨ ਨੂੰ ਮੰਨਿਆ ਜਾਂਦਾ ਰਿਹਾ ਹੈ ਜਿਸ ਕਾਰਨ ਭਾਰਤ ਸਰਕਾਰ ਨੂੰ ਕਿਸਾਨੀ ਤੇ ਵਪਾਰ ਸੰਬੰਧੀ ਬਣਾਏ 3 ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਪਰ ਇਹ ਕਰੀਬ ਸਵਾ-ਡੇਢ ਸਾਲ ਚੱਲੇ ਲੰਬੇ ਸੰਘਰਸ਼ ਤੋਂ ਬਾਅਦ ਹੀ ਸੰਭਵ ਹੋ ਸਕਿਆ ਸੀ। ਇਸ ਦਰਮਿਆਨ ਸੈਂਕੜੇ ਕਿਸਾਨਾਂ ਦੀਆਂ ਜਾਨਾਂ ਵੀ ਗਈਆਂ ਪਰ ਕਿਸਾਨਾਂ ਦੀਆਂ ਬਾਕੀ ਮੰਗਾਂ ਅਜੇ ਤੱਕ ਵੀ ਲਟਕ ਰਹੀਆਂ ਹਨ।
 
ਪਰ ਬੀਤੇ ਦਿਨੀਂ ਟਰੱਕ ਚਾਲਕਾਂ ਨੇ ਦਿਖਾ ਦਿੱਤਾ ਕਿ ਉਹਨਾਂ ਕਿਸਾਨ ਮੋਰਚੇ ਤੋਂ ਸਹੀ ਸਬਕ ਸਿੱਖਿਆ ਹੈ। ਉਹਨਾਂ ਦੇ ਅੰਦੋਲਨ ਨੇ ਸਿਰਫ਼ ਇਕ ਦਿਨ ਵਿਚ ਹੀ ਬਿਨਾਂ ਇੱਕ ਵੀ ਜਾਨ ਗਵਾਏ, ਬਿਨਾਂ ਕਿਸੇ ਭੰਨ-ਤੋੜ ਦੇ ਕੇਂਦਰ ਸਰਕਾਰ ਨੂੰ ਪਿੱਛੇ ਹਟਣ ਜਾਂ ਝੁਕਣ ਲਈ ਮਜਬੂਰ ਕਰਕੇ ਇਕ ਨਵੀਂ ਤੇ ਵੱਡੀ ਏਕਤਾ ਅਤੇ ਜਿੱਤ ਦਾ ਸਬੂਤ ਦਿੱਤਾ ਹੈ ਕਿ ਏਕਤਾ ਵਿਚ ਕਿੰਨੀ ਤਾਕਤ ਹੈ। ਅਬੁਲ ਮੁਜ਼ਾਹਿਦ ਦੇ ਸ਼ਬਦਾਂ ਵਿਚ:

ਏਕ ਹੋ ਜਾਏਂ ਤੋ ਬਨ
ਸਕਤੇ ਹੈਂ ਖੁਰਸ਼ੀਦ-ਏ-ਮੁਬੀਂ,
ਵਰਨਾ ਇਨ ਬਿਖਰੇ ਹੂਏ ਤਾਰੋਂ,
ਸੇ ਕਯਾ ਕਾਮ ਬਨੇ।


ਭਾਵ ਏਕਤਾ ਤੁਹਾਨੂੰ ਚੜ੍ਹਦਾ ਸੂਰਜ ਬਣਾ ਦਿੰਦੀ ਹੈ, ਜਦਕਿ ਫੁੱਟ ਨਾਲ ਵੱਡੀ ਤੋਂ ਵੱਡੀ ਤਾਕਤ ਵੀ ਖੇਰੂੰ ਖੇਰੂੰ ਹੋ ਜਾਂਦੀ ਹੈ। ਖ਼ੈਰ ਟਰੱਕ ਡਰਾਈਵਰਾਂ ਦੀ ਇੱਕ ਦਿਨ ਦੀ ਹੜਤਾਲ ਨੇ ਹੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਦੀ ਇਸ ਜਿੱਤ ਦੇ ਪਿੱਛੇ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ, ਜੋ ਪਾਠਕਾਂ ਨਾਲ ਸਾਂਝੀ ਕਰਨੀ ਬਣਦੀ ਹੈ। 
 
ਸਾਡੀ ਜਾਣਕਾਰੀ ਅਨੁਸਾਰ ਟਰੱਕਾਂ ਵਾਲਿਆਂ ਦੀ ਸੰਸਥਾ "ਸਰਬ ਭਾਰਤੀ ਮੋਟਰ ਟ੍ਰਾਂਸਪੋਰਟ ਸਭਾ" (ਸ:ਭਾ:ਮੋ:ਟ:ਸ) ਦੇ ਪ੍ਰਧਾਨ ਅੰਮ੍ਰਿਤ ਲਾਲ ਮਦਾਨ ਦੀ ਅਗਵਾਈ ਹੇਠ ਇਸ ਸੰਸਥਾ ਨੇ 27 ਦਸੰਬਰ, 2023 ਨੂੰ ਹੀ ਇਸ ਦੇ ਖਿਲਾਫ਼ ਸਰਕਾਰ, ਸਾਰੀਆਂ ਵਿਰੋਧੀ ਪਾਰਟੀਆਂ ਤੇ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਨੂੰ ਇਸ ਦੇ ਖਿਲਾਫ਼ ਲਿਖਿਆ। ਪਰ ਇਕ ਜਨਵਰੀ, 2024 ਨੂੰ ਜਦੋਂ ਇਸ ਦੇ ਵਿਰੋਧ ਵਿਚ ਭਾਰਤ ਭਰ ਵਿਚ ਹੜਤਾਲ ਕੀਤੀ ਗਈ ਤਾਂ ਕਰੀਬ 70 ਫ਼ੀਸਦੀ ਟਰੱਕਾਂ ਦਾ ਪਹੀਆ ਜਾਮ ਕਰ ਦਿੱਤਾ ਗਿਆ ਅਤੇ ਸਰਕਾਰੀ ਏਜੰਸੀਆਂ ਨੇ ਇਸ ਹੜਤਾਲ ਦੇ ਹੋਰ ਫੈਲਣ ਤੇ ਇਸ ਦੇ ਅਸਰਾਂ ਬਾਰੇ, ਖਾਸ ਕਰ ਆਮ ਚੋਣਾਂ ਨੇੜੇ ਹੋਣ ਕਾਰਨ ਇਸ ਦੇ ਰਾਜਨੀਤਕ ਅਸਰਾਂ ਬਾਰੇ ਸੰਕੇਤ ਦਿੱਤੇ ਤਾਂ ਭਾਰਤ ਦੇ ਗ੍ਰਹਿ ਸਕੱਤਰ 'ਅਜੇ ਭੱਲਾ' ਨੇ ਅੰਮ੍ਰਿਤ ਲਾਲ ਮਦਾਨ ਨੂੰ ਫ਼ੋਨ ਕੀਤਾ ਕਿ 2 ਜਨਵਰੀ ਨੂੰ 11 ਵਜੇ ਦਿੱਲੀ ਮੀਟਿੰਗ ਵਿਚ ਪਹੁੰਚੋ। ਅੰਮ੍ਰਿਤ ਲਾਲ ਮਦਾਨ ਨੇ ਕਿਹਾ ਕਿ ਉਹ ਮੁੰਬਈ ਵਿਚ ਹਨ, 9 ਵਜੇ ਦੀ ਉੜਾਨ ਰਾਹੀਂ ਦਿੱਲੀ ਆਉਣ ਤਾਂ ਉਹ 12 ਵਜੇ ਪੁੱਜਣਗੇ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਸੰਸਥਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨੀ ਪਵੇਗੀ, ਉਸ ਤੋਂ ਬਾਅਦ ਹੀ ਮੀਟਿੰਗ ਕੀਤੀ ਜਾ ਸਕਦੀ ਹੈ। 
 
ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਅਨੁਸਾਰ ਜਦੋਂ ਉਹ ਦਿੱਲੀ ਪੁੱਜੇ ਤਾਂ 'ਖੁਫੀਆ ਵਿਭਾਗ' ਦੇ ਕੁਝ ਉੱਚ ਅਧਿਕਾਰੀ ਉਨ੍ਹਾਂ ਨੂੰ ਮਿਲੇ ਜਿਸ ਕਾਰਨ ਵਿਭਾਗ ਦੇ 'ਪੰਡਾਰਾ ਰੋਡ' ਸਥਿਤ ਦਫ਼ਤਰ ਵਿਚ ਮਦਾਨ ਅਤੇ ਟਰੱਕ ਚਾਲਕਾਂ ਦੇ ਹੋਰ ਨੇਤਾਵਾਂ ਦੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਇਹ ਸੰਕੇਤ ਦੇ ਦਿੱਤਾ ਗਿਆ ਕਿ ਸਰਕਾਰ ਵਲੋਂ 'ਮਾਰਕੇ ਦੌੜਨ' ('ਹਿੱਟ ਐਂਡ ਰਨ') ਦਾ ਨਵਾਂ ਕਾਨੂੰਨ ਵਾਪਸ ਲਏ ਜਾਂ ਰੋਕੇ ਬਿਨਾਂ ਹੜਤਾਲ ਨਹੀਂ ਰੁਕੇਗੀ। ਇਸ ਤੋਂ ਬਾਅਦ ਭਾਰਤੀ 'ਮੋਟਰ ਟ੍ਰਾਂਸਪੋਰਟ ਸਭਾ' (ਭਾ:ਮੋ:ਟ:ਸ) ਦੇ ਨੇਤਾਵਾਂ ਦੀ ਇਕ ਬੈਠਕ 'ਚੈਮਸਫੋਰਡ ਕਲੱਬ' ਵਿਚ ਹੋਈ, ਜਿਸ ਵਿਚ ਸੰਸਥਾ ਦੇ ਕੋ-ਕਨਵੀਨਰ  ਮਲਕੀਤ ਸਿੰਘ ਬੱਲ ਤੇ ਜਸਪਾਲ ਸਿੰਘ ਦਿੱਲੀ ਸਮੇਤ 12 ਨੇਤਾ ਸ਼ਾਮਿਲ ਹੋਏ ਤੇ ਇਕ ਆਨਲਾਈਨ 'ਜ਼ੂਮ' ਮੀਟਿੰਗ ਰਾਹੀਂ ਦੇਸ਼ ਭਰ ਦੇ ਸੂਬਾ ਅਹੁਦੇਦਾਰਾਂ ਨਾਲ ਮੀਟਿੰਗ ਕਰੀਬ ਡੇਢ ਵਜੇ ਦੁਪਹਿਰ ਵੇਲੇ ਹੋਈ। ਮੀਟਿੰਗ ਵਿਚ ਪੂਰੀ ਏਕਤਾ ਨਾਲ ਆਪਣੀ ਗੱਲ 'ਤੇ ਡਟੇ ਰਹਿਣ ਦਾ ਫ਼ੈਸਲਾ ਹੋਇਆ। ਇਸ ਦਰਮਿਆਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀ ਅੰਮ੍ਰਿਤ ਲਾਲ ਮਦਾਨ ਨਾਲ ਟੈਲੀਫੋਨ 'ਤੇ ਗੱਲਬਾਤ ਹੋਣ ਦਾ ਚਰਚਾ ਹੈ, ਜਿਸ ਵਿਚ ਅੰਮ੍ਰਿਤ ਲਾਲ ਨੇ ਗ੍ਰਹਿ ਮੰਤਰੀ ਨੂੰ ਇਹ ਕਾਨੂੰਨ ਰੋਕੇ ਜਾਣ ਜਾਂ ਵਾਪਸ ਲਏ ਜਾਣ ਤੋਂ ਬਿਨਾਂ ਹੜਤਾਲ ਵਾਪਸ ਲੈਣ ਤੋਂ ਅਸਮਰੱਥਾ ਪ੍ਰਗਟਾਈ। 
 
ਪਰ ਪਤਾ ਲੱਗਾ ਹੈ ਕਿ ਗ੍ਰਹਿ ਮੰਤਰੀ ਨੇ ਮਦਾਨ ਨੂੰ ਕਿਹਾ ਕਿ ਹੁਣ ਮੀਟਿੰਗ ਸ਼ਾਮ ਨੂੰ 7 ਵਜੇ ਹੈ, ਤੁਸੀਂ ਉਸ ਵਿਚ ਜ਼ਰੂਰ ਆਓ। ਸ਼ਾਮ 7 ਵਜੇ ਨਾਰਥ ਬਲਾਕ ਵਿਚ ਮੀਟਿੰਗ ਹੋਈ, ਜਿਸ ਵਿਚ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਮਹਿਕਮਿਆਂ ਦੇ ਉੱਚ ਅਧਿਕਾਰੀ ਵੀ ਸ਼ਾਮਿਲ ਹੋਏ। ਭਾ.ਮੋ.ਟ.ਸ ਨੇਤਾ 'ਹਿੱਟ ਐਂਡ ਰਨ' ਦੀ ਨਵੀਂ ਕਲਾਜ਼ ਨਵੇਂ ਕਾਨੂੰਨ ਵਿਚੋਂ ਹਟਾਉਣ 'ਤੇ ਅੜੇ ਰਹੇ। ਪਤਾ ਲੱਗਾ ਹੈ ਕਿ ਇਸ ਦਰਮਿਆਨ ਭਾਰਤ ਦੇ ਗ੍ਰਹਿ ਸਕੱਤਰ ਅਜੇ ਭੱਲਾ ਮੀਟਿੰਗ ਵਿਚੋਂ ਉਠ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਗਏ ਤੇ ਇਕ ਲਿਖਤੀ ਨੋਟ ਲੈ ਕੇ ਆਏ ਕਿ ਤੁਹਾਡੀ ਸਹਿਮਤੀ ਬਿਨਾਂ ਇਹ ਕਾਨੂੰਨ ਲਾਗੂ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਤੇ ਐਲਾਨ ਕੀਤਾ ਗਿਆ ਕਿ ਅਜੇ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ।

ਇਸ ਤੋਂ ਬਾਅਦ ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਸ:ਭਾ:ਮੋ:ਟ:ਸ ਦੇ ਨੇਤਾਵਾਂ ਨੂੰ ਵਪਾਰ ਤੇ ਉਦਯੋਗ ਮੰਤਰਾਲੇ ਦੇ 'ਵਾਣਿਜਆ ਭਵਨ' ਵਿਚ ਰਾਤ ਦੇ ਖਾਣੇ 'ਤੇ ਸੱਦਿਆ ਤੇ ਇਸ ਦਰਮਿਆਨ ਰਾਤ ਦੇ 12 ਵਜੇ ਤੱਕ ਗ਼ੈਰ-ਰਸਮੀ ਗੱਲਬਾਤ ਵਿਚ ਟਰੱਕ ਪ੍ਰਚਾਲਕਾਂ  ਦੀਆਂ ਹੋਰ ਮੰਗਾਂ 'ਤੇ ਵਿਚਾਰ ਹੁੰਦੀ ਰਹੀ, ਜਿਨ੍ਹਾਂ ਵਿਚੋਂ ਬਹੁਤੀਆਂ ਮੰਗਾਂ ਮੰਨਣ ਦੇ ਜ਼ੁਬਾਨੀ ਭਰੋਸੇ ਵੀ ਮਿਲੇ ਦੱਸੇ ਜਾਂਦੇ ਹਨ। ਭਾਵ ਇਹੀ ਹੈ ਕਿ 'ਦੁਨੀਆ ਝੁਕਦੀ ਹੈ, ਜਦੋਂ ਕੋਈ ਝੁਕਾਉਣ ਵਾਲਾ' ਆ ਜਾਂਦਾ ਹੈ ਪਰ ਸ਼ਰਤ ਸਿਰਫ਼ ਆਪਸੀ ਏਕਤਾ ਦੀ ਹੁੰਦੀ ਹੈ।

ਸਿੱਖ ਕੌਮ ਦੀ ਆਪਸੀ ਫੁੱਟ

ਏਕਾ ਹੈ ਤੋ ਜੀਤ ਤੁਮਹਾਰੀ ਪੱਕੀ ਹੈ,
ਫੂਟ ਪੜੀ ਤੋ ਕਿਸਮਤ ਭੀ ਫਿਰ ਫੂਟ ਗਈ।
    (ਲਾਲ ਫ਼ਿਰੋਜ਼ਪੁਰੀ)br>
ਸਸਿੱਖਾਂ ਦੀ ਕਿਸਮਤ ਪਹਿਲਾਂ ਦਿੱਲੀ ਉੱਤੇ ਕਬਜ਼ੇ ਵੇਲੇ ਪਈ ਜਰਨੈਲਾਂ ਦੀ ਫੁੱਟ ਵੇਲੇ ਫੁੱਟੀ, ਫਿਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਈ ਫੁੱਟ, ਵੈਸੇ ਇਸ ਤੋਂ ਵੀ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਵੀ ਸਿੱਖਾਂ ਦੀ ਆਪਸੀ ਫੁੱਟ ਕਾਰਨ ਹੀ ਖੁਰ ਗਿਆ ਸੀ। ਪਰ ਆਜ਼ਾਦ ਭਾਰਤ ਵਿਚ 'ਅਕਾਲੀ ਦਲ' ਵਿਚ ਮਾ. ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਦੀ ਧੜੇਬਾਜ਼ੀ ਜੋ ਸਿੱਖਾਂ ਦੀ ਆਪਸੀ ਲੜਾਈ ਬਣ ਗਈ ਤੇ ਜੱਟ-ਭਾਪੇ ਦਾ ਸਵਾਲ ਖੜ੍ਹਾ ਕਰ ਗਈ, ਨੇ ਸਿੱਖਾਂ ਦੀ ਕਿਸਮਤ ਖ਼ਰਾਬ ਕਰਨ ਦਾ ਮੁੱਢ ਬੰਨ੍ਹਿਆ।

ਉਪਰੰਤ ਜਦੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਬੰਦੂਕਾਂ ਤੇ ਹਥਿਆਰਾਂ ਦੇ ਬਲ ਨਾਲ ਜਥੇਦਾਰ ਮੋਹਨ ਸਿੰਘ ਤੁੜ ਤੋਂ ਅਕਾਲੀ ਦਲ ਦੀ ਪ੍ਰਧਾਨਗੀ ਖੋਹ ਲਈ ਤਾਂ ਮਝੈਲ ਤੇ ਮਲਵਈ ਦਾ ਝਗੜਾ ਵੀ ਸ਼ੁਰੂ ਹੋਇਆ। ਇਸ ਤੋਂ ਬਾਅਦ ਭਾਵੇਂ ਅਕਾਲੀ ਦਲ ਨੇ ਰਾਜ ਤਾਂ ਕੀਤਾ ਪਰ ਉਨ੍ਹਾਂ ਵਿਚ ਅੰਦਰੂਨੀ ਫੁੱਟ ਕਾਇਮ ਰਹੀ। ਕਦੇ ਬਾਦਲ-ਟੌਹੜਾ-ਤਲਵੰਡੀ ਤੇ ਕਦੇ ਕੁਝ ਹੋਰ।

ਇਸ ਦਰਮਿਆਨ ਖਾੜਕੂ ਧਿਰਾਂ ਵਿਚ ਵੀ ਆਪਸੀ ਫੁੱਟ ਹੀ ਸਿੱਖਾਂ ਦਾ ਵੱਡਾ ਨੁਕਸਾਨ ਕਰਦੀ ਰਹੀ। ਸਰਕਾਰ ਤਾਂ ਭਲਾ ਸਿੱਖਾਂ ਦੇ ਸਦਾ ਖਿਲਾਫ਼ ਹੀ ਰਹੀ। 1984 ਦਾ ਕਤਲੇਆਮ ਤੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਿਸੇ ਵੀ ਸਿੱਖ ਲੀਡਰ ਨੂੰ ਬਰੀ-ਉਲ-ਜਿੰਮਾ ਨਹੀਂ ਕਰਦਾ। ਗ਼ਲਤੀਆਂ ਸਭ ਨੇ ਕੀਤੀਆਂ, ਜਿਨ੍ਹਾਂ ਕੋਲ ਹਕੂਮਤ ਸੀ, ਕੁਦਰਤੀ ਉਨ੍ਹਾਂ ਦੀਆਂ ਗ਼ਲਤੀਆਂ ਵੱਡੀਆਂ ਮੰਨੀਆਂ ਜਾਂਦੀਆਂ ਹਨ। ਸਿਮਰਨਜੀਤ ਸਿੰਘ ਮਾਨ ਦੇ ਉਭਾਰ ਵੇਲੇ ਵੀ ਏਕਤਾ ਨਹੀਂ ਹੋਈ, ਸਿਰਫ਼ ਡਰਾਮੇ ਹੀ ਹੋਏ। ਕਈ ਲੋਕ ਜੋ ਉਸ ਵੇਲੇ ਬਾਦਲ ਦਲ ਦੀ ਹਕੂਮਤ ਵਿਚ ਸਨ, ਹੁਣ ਅਕਾਲੀ ਦਲ ਤੋਂ ਬਾਹਰ ਜਾ ਕੇ ਸਿਰਫ਼ ਬਾਦਲ ਨੂੰ ਦੋਸ਼ ਦੇ ਰਹੇ ਹਨ ਇਹ ਜਾਇਜ਼ ਨਹੀਂ ਹਨ। ਉਨ੍ਹਾਂ ਜੇਕਰ ਪਾਰਟੀ ਦੇ ਅੰਦਰ ਕੋਈ ਵਿਰੋਧ ਕੀਤਾ ਵੀ ਹੈ ਤਾਂ ਉਸ ਦਾ ਕੋਈ ਮੁੱਲ ਇਸ ਲਈ ਨਹੀਂ ਕਿਉਂਕਿ ਉਹ ਹਕੂਮਤ ਨੂੰ ਲਗਾਤਾਰ ਮਾਣਦੇ ਵੀ ਰਹੇ। ਇਸ ਦਰਮਿਆਨ ਜਦੋਂ ਵੀ ਅਕਾਲੀ ਦਲ ਵਿਚ ਏਕਤਾ ਹੋਈ ਤਾਂ ਇਹ ਏਕਤਾ ਸਿਰਫ਼ ਵਕਤੀ ਤੌਰ 'ਤੇ ਸਮਾਂ ਆਉਣ 'ਤੇ ਦੂਜੇ ਧੜੇ ਨੂੰ ਠਿੱਬੀ ਮਾਰਨ ਦੀ ਨੀਅਤ ਨਾਲ ਹੀ ਹੁੰਦੀ ਰਹੀ। ਅਸੀਂ ਸਮਝਦੇ ਹਾਂ ਕਿ ਗ਼ਲਤੀਆਂ ਸਭ ਨੇ ਕੀਤੀਆਂ ਹਨ, ਕਿਸੇ ਨੇ ਘੱਟ ਤੇ ਕਿਸੇ ਨੇ ਵੱਧ।

ਅੱਜ ਸਥਿਤੀ ਇਹ ਹੈ ਕਿ ਸਿੱਖਾਂ ਕੋਲ ਕੋਈ ਸਰਵ ਪ੍ਰਵਾਨਿਤ ਨੇਤਾ ਨਹੀਂ, ਬੇਸ਼ੱਕ ਅਜੇ ਵੀ ਸਭ ਤੋਂ ਵੱਧ ਤਾਕਤਵਰ ਧੜਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੀ ਹੈ। ਭਾਵੇਂ ਇਸ ਦਰਮਿਆਨ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਸੀਟ ਜਿੱਤਣ ਦਾ ਮਾਅਰਕਾ ਵੀ ਮਾਰਿਆ ਹੈ, ਪਰ ਉਹ ਅਜੇ ਵੀ ਹਾਸ਼ੀਏ 'ਤੇ ਹੀ ਚੱਲ ਰਹੇ ਹਨ।

ਇਕ ਘਟਨਾ ਯਾਦ ਆ ਰਹੀ ਹੈ।

ਮਾਰਚ 1947 ਦੀ ਗੱਲ ਹੈ। ਉਸ ਵੇਲੇ ਪੰਜਾਬ ਦੇ ਪ੍ਰਧਾਨ ਮੰਤਰੀ (ਮੁੱਖ ਮੰਤਰੀ) ਮਲਿਕ ਖ਼ਿਜ਼ਰ ਹਯਾਤ ਖ਼ਾਨ ਸਨ, ਜੋ ਸਿੱਖਾਂ ਅਤੇ ਹਿੰਦੂ ਵਿਧਾਇਕਾਂ ਦੀ ਮਦਦ ਨਾਲ ਮੁੱਖ ਮੰਤਰੀ ਬਣੇ ਸਨ। ਉਸ ਵੇਲੇ ਮੁਸਲਿਮ ਲੀਗ  ਕੋਲ 69 ਵਿਧਾਇਕ ਸਨ ਤੇ ਖਿਜ਼ਰ ਹਯਾਤ ਦੀ ਯੂਨੀਅਨਿਸਟ ਪਾਰਟੀ ਕੋਲ ਸਿਰਫ਼ 10 ਵਿਧਾਇਕ ਸਨ। ਖਿਜ਼ਰ ਹਯਾਤ ਨੇ ਮੁਸਲਿਮ ਲੀਗ ਦੇ ਦਬਾਅ ਅਤੇ ਸਿੱਖ ਵਿਧਾਇਕਾਂ ਵਲੋਂ ਸਮਰਥਨ ਵਾਪਸ ਲੈਣ ਦੇ ਖ਼ਤਰੇ ਦੇ ਮੱਦੇਨਜ਼ਰ ਅਸਤੀਫ਼ਾ ਦੇ ਦਿੱਤਾ। ਗ਼ੌਰਤਲਬ ਹੈ ਕਿ ਖਿਜ਼ਰ ਹਯਾਤ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਵਰਗੀ ਪ੍ਰਧਾਨ ਮੰਤਰੀ ਪੰਜਾਬ ਸਰ ਸਿਕੰਦਰ ਹਯਾਤ ਖ਼ਾਨ ਦੀ ਯੂਨੀਅਨਿਸਟ ਪਾਰਟੀ ਲਗਾਤਾਰ ਅਖੰਡ ਭਾਰਤ ਦੇ ਹੱਕ ਵਿਚ ਤੇ ਪਾਕਿਸਤਾਨ ਦੇ ਵਿਰੋਧ ਵਿਚ ਰਹੇ ਸਨ। ਪਰ ਗ਼ੌਰ ਕਰੋ ਕਿ ਉਸ ਵੇਲੇ ਲਾਹੌਰ ਵਿਚ ਮੁਸਲਿਮ ਲੀਗ ਦਾ ਇਜਲਾਸ ਚੱਲ ਰਿਹਾ ਸੀ ਤੇ ਜਦੋਂ ਖਿਜ਼ਰ ਹਯਾਤ ਖ਼ਾਨ ਦੇ ਅਸਤੀਫ਼ੇ ਦੀ ਗੱਲ ਪੁੱਜੀ, ਇਸ ਨੂੰ ਪਾਕਿਸਤਾਨ ਦੀ ਕਾਇਮੀ ਲਈ ਵੱਡੀ ਗੱਲ ਸਮਝਦਿਆਂ ਸਟੇਜ ਤੋਂ ਨਾਅਰੇ ਲਾਏ ਗਏ:

ਨਈ ਖ਼ਬਰ ਯੇ ਆਈ ਹੈ।
ਖਿਜ਼ਰ ਹਮਾਰਾ ਭਾਈ ਹੈ।


ਸਾਫ਼ ਹੈ ਕਿ ਪਾਕਿਸਤਾਨ ਦੇ ਹਾਮੀ ਮੁਸਲਮਾਨਾਂ ਨੇ ਸਾਰੀ ਉਮਰ ਪਰਿਵਾਰ ਵਲੋਂ ਪਾਕਿਸਤਾਨ ਦਾ ਵਿਰੋਧ ਕਰਨ ਵਾਲੇ ਖਿਜ਼ਰ ਨੂੰ ਵਾਪਸ ਪਰਤਣ 'ਤੇ ਆਪਣਾ ਭਾਈ ਕਰਾਰ ਦੇ ਦਿੱਤਾ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਅਸੀਂ ਇਤਿਹਾਸ ਦੇ ਸਿੱਖ ਲੀਡਰਸ਼ਿਪ ਦੀ ਅਣਹੋਂਦ ਦੇ ਸਭ ਤੋਂ ਭਿਆਨਕ ਦੌਰ ਵਿਚੋਂ ਲੰਘ ਰਹੇ ਹਾਂ ਤਾਂ ਅਸੀਂ ਏਕਤਾ ਕਿਉਂ ਨਹੀਂ ਕਰ ਸਕਦੇ। ਅਸੀਂ ਸਮਝਦੇ ਹਾਂ ਕਿ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਆਪਣੀਆਂ ਗ਼ਲਤੀਆਂ ਦੀ ਮੁਆਫ਼ੀ ਮੰਗ ਕੇ ਚਾਹੇ ਮਜਬੂਰੀਵੱਸ ਹੀ ਸਹੀ, ਸਿੱਖ ਮੰਗਾਂ ਅਤੇ ਸਿੱਖ ਰਵਾਇਤਾਂ ਵੱਲ ਪਰਤ ਰਹੇ ਹਨ ਤਾਂ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ। ਕਿਉਂਕਿ ਸਾਡੇ ਕੋਲ ਅਜੇ ਕੋਈ ਅਜਿਹੀ ਹੋਰ ਜਥੇਬੰਦੀ ਨਹੀਂ ਜਿਸ ਕੋਲ ਬਾਦਲ ਦਲ ਜਿੰਨੀ ਤਾਕਤ ਵੀ ਬਚੀ ਹੋਵੇ। ਨੋਟ ਕਰਨ ਵਾਲੀ ਗੱਲ ਹੈ ਕਿ ਜੇਕਰ ਅਸੀਂ ਬਾਦਲ ਦਲ ਨੂੰ ਖ਼ਤਮ ਕਰ ਦਿੰਦੇ ਹਾਂ ਤਾਂ ਸਾਡੇ ਕੋਲੋਂ ਕੋਈ ਵੀ ਨਵੀਂ ਲੀਡਰਸ਼ਿਪ ਵੀ ਨਹੀਂ ਉੱਭਰਦੀ ਤਾਂ ਇਹ ਸਥਿਤੀ ਸਿੱਖ ਕੌਮ ਨੂੰ ਹੋਰ ਵੀ ਰਸਾਤਲ ਵੱਲ ਲੈ ਜਾਵੇਗੀ।

ਇਸ ਦਰਮਿਆਨ ਪਤਾ ਲੱਗਾ ਹੈ ਕਿ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੀ ਕੱਲ੍ਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਹੈ। ਚਰਚਾ ਹੈ ਕਿ ਸ਼ਾਹ ਨੇ ਅਕਾਲੀ ਦਲ ਬਾਦਲ ਨਾਲ ਕਿਸੇ ਸਮਝੌਤੇ ਦੀ ਸੰਭਾਵਨਾ ਤੋਂ ਫਿਰ ਇਨਕਾਰ ਕਰ ਦਿੱਤਾ ਹੈ
 
1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

 

 
 
 
02'ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ'
ਹਰਜਿੰਦਰ ਸਿੰਘ ਲਾਲ
01ਪੰਜਾਬ ਵਿੱਚ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਭਾਜਪਾ ਦਾ ਰੁੱਖ ਬਦਲਿਆ/a>
ਉਜਾਗਰ ਸਿੰਘ
62ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਦਭਾਗਾ
ਹਰਜਿੰਦਰ ਸਿੰਘ ਲਾਲ
61ਬੁੱਧ ਚਿੰਤਨ
ਸ਼ਬਦ ਸਮੁੰਦਰ ਦੀ ਗਹਿਰਾਈ 
ਬੁੱਧ ਸਿੰਘ ਨੀਲੋਂ
60ਹਾਰ ਬਾਅਦ ਹੀ ਸੁਰਤ ਅਤੇ ਅਕਲ ਆਉਂਦੀ ਹੈ
ਹਰਜਿੰਦਰ ਸਿੰਘ ਲਾਲ
592024 ਦੀਆਂ ਲੋਕ ਸਭਾ ਚੋਣਾਂ ਅਜੇ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ ਕਾਂਗਰਸ
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

   
     
 

Terms and Conditions
Privacy Policy
© 1999-2024, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2024, 5abi.com