ਯੇ
ਏਕ ਬਾਤ ਸਮਝਨੇ ਮੇਂ ਰਾਤ ਹੋ ਗਈ ਹੈ। ਮੈਂ ਉਸ ਸੇ ਜੀਤ ਗਯਾ ਹੂੰ ਕਿ ਮਾਤ ਹੋ ਗਈ
ਹੈ। ਤਹਿਜ਼ੀਬ ਹਾਫ਼ੀ
ਇਹ
ਸ਼ਾਇਦ ਦੇਸ਼ ਦੀ ਪਹਿਲੀ ਅਜਿਹੀ ਚੋਣ ਸੀ, ਜਿਸ ਵਿਚ ਨਤੀਜੇ ਸਾਹਮਣੇ ਆਉਣ ਤੋਂ ਕੁਝ
ਘੰਟੇ ਤਕ ਤਾਂ ਜਿੱਤਣ ਵਾਲੇ ਹੀ ਇਸ ਨੂੰ ਹਾਰ ਸਮਝਦੇ ਰਹੇ ਤੇ ਹਾਰਨ ਵਾਲੇ ਸੀਟਾਂ
ਵਿਚ ਵਾਧੇ ਨੂੰ ਜਿੱਤ ਵਾਂਗ ਮਹਿਸੂਸ ਕਰਦੇ ਰਹੇ। ਵੈਸੇ ਇਹ ਸੱਚ ਵੀ ਹੈ ਕਿ ਭਾਵੇਂ
'ਭਾਜਪਾ' ਦਾ ਐਨ.ਡੀ.ਏ. ਗੱਠਜੋੜ ਤੀਸਰੀ ਵਾਰ ਸਰਕਾਰ ਬਣਾ ਰਿਹਾ ਹੈ, ਪਰ
ਇਹ ਭਾਜਪਾ ਦੀ ਜਿੱਤ ਵੀ ਇਕ ਤਰ੍ਹਾਂ ਨਾਲ ਹਾਰ ਹੀ ਹੈ। ਇੱਥੋਂ ਤੱਕ ਕਿ
ਅੰਤਰਰਾਸ਼ਟਰੀ ਮਾਧਿਅਮ ਨੇ ਵੀ ਇਸਨੂੰ ਮੋਦੀ ਲਈ ਵੱਡੀ ਨਮੋਸ਼ੀ ਹੀ ਗਰਦਾਨਿਆ ਹੈ,
ਕਿਉਂਕਿ ਭਾਜਪਾ ਲਗਾਤਾਰ ਦੋ ਵਾਰ ਇਕੱਲਿਆਂ ਹੀ ਬਹੁਮਤ ਨਾਲੋਂ ਵੱਧ ਸੀਟਾਂ ਜਿੱਤਦੀ
ਰਹੀ ਹੈ ਤੇ ਇਸ ਵਾਰ ਉਹ ਇਕੱਲਿਆਂ ਬਹੁਮਤ ਤੋਂ ਪਿੱਛੇ ਰਹਿ ਗਈ।
ਤਿੰਨ ਕੁ
ਹਫਤੇ ਪਹਿਲਾਂ, 17 ਮਈ, 2024 ਦੇ 'ਅਜੀਤ' ਵਿੱਚ ਛਪੀਆਂ 'ਸਰਗੋਸ਼ੀਆਂ' ਦਾ ਮੁੱਖ
ਵਿਸ਼ਾ ਹੀ ਇਹ ਸੀ ਕਿ ਲੋਕ ਸਭਾ ਚੋਣਾਂ ਵਿਚ ਮੁੱਖਧਾਰਾ ਦਾ ਟੀ.ਵੀ. ਮਾਧਿਅਮ ਜੋ
ਭਾਜਪਾ ਤੇ ਐਨ.ਡੀ.ਏ. ਨੂੰ ਲਗਾਤਾਰ 400 ਪਾਰ ਜਾਂ 400 ਦੇ ਆਸ-ਪਾਸ
ਸੀਟਾਂ ਜਿੱਤਦਾ ਦਿਖਾ ਰਿਹਾ ਸੀ, ਚੋਣ ਨਤੀਜਿਆਂ ਤੋਂ ਬਾਅਦ ਸ਼ਰਮਸਾਰ ਹੋਵੇਗਾ ਜਾਂ
ਯੂ-ਟਿਊਬ ਮਾਧਿਅਮ ਜੋ ਭਾਜਪਾ ਦੀਆਂ ਸੀਟਾਂ 250 ਤੋਂ ਘੱਟ ਆਉਂਦੀਆਂ ਵਿਖਾ ਰਿਹਾ ਸੀ,
ਉਸ ਨੂੰ ਸ਼ਰਮਸਾਰ ਹੋਣਾ ਪਵੇਗਾ। ਜਦੋਂ ਅਸੀਂ ਭਾਜਪਾ ਦੀ ਪ੍ਰਮੁੱਖ ਨੇਤਾ ਤੇ ਭਾਰਤ ਦੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਅਤੇ ਦੇਸ਼ ਦੇ ਪ੍ਰਸਿੱਧ ਅਰਥ ਸ਼ਾਸਤਰੀ ਪਰਕਲਾ
ਪ੍ਰਭਾਕਰ ਦੀ ਇਕ ਇੰਟਰਵਿਊ ਦਾ ਜ਼ਿਕਰ ਕੀਤਾ ਕਿ ਉਨ੍ਹਾਂ ਅਨੁਸਾਰ ਤਾਂ ਭਾਜਪਾ ਆਪਣੇ
ਤੌਰ 'ਤੇ 200 ਤੋਂ 220 ਦੇ ਵਿਚਕਾਰ ਹੀ ਸੀਟਾਂ ਜਿੱਤ ਸਕਦੀ ਹੈ ਤਾਂ ਬਹੁਤ ਸਾਰੇ
ਦੋਸਤ ਤੇ ਪਾਠਕ ਨਾਰਾਜ਼ ਵੀ ਹੋਏ ਕਿ ਤੁਸੀਂ ਭਾਜਪਾ ਦੀਆਂ 250 ਤੋਂ ਘੱਟ ਸੀਟਾਂ ਆਉਣ
ਬਾਰੇ ਸੋਚ ਵੀ ਕਿਵੇਂ ਸਕਦੇ ਹੋ? ਤੁਸੀਂ ਇਸ ਸੋਚ ਤੇ ਇਸ ਗੱਲ ਨੂੰ ਅਹਿਮੀਅਤ ਹੀ
ਕਿਉਂ ਦੇ ਰਹੇ ਹੋ? ਇਸ ਵੇਲੇ ਇਸ ਲੇਖ ਵਿਚ ਲਿਖੇ ਸ਼ਿਅਰ ਨੂੰ ਦੁਹਰਾਉਣਾ ਜ਼ਰੂਰੀ ਜਾਪ
ਰਿਹਾ ਹੈ, ਜੋ ਕਿ ਉਸ ਵੇਲੇ ਮੁੱਖਧਾਰਾ ਦੇ ਮੀਡੀਆ ਤੇ ਯੂ-ਟਿਊਬ ਮੀਡੀਆ ਵਿਚੋਂ ਕਿਸੇ
ਇਕ ਦੀ ਹਾਲਤ 'ਤੇ ਸਟੀਕ ਬੈਠ ਰਿਹਾ ਸੀ।
ਇਬਤਦਾ ਯੇ ਥੀ ਕਿ ਮੈਂ ਥਾ ਔਰ
ਦਾਅਵਾ ਇਲਮ ਕਾ, ਇੰਤਹਾ ਯੇ ਹੈ ਕਿ ਇਸ ਦਾਅਵੇ ਪੇ ਸ਼ਰਮਾਇਆ ਬਹੁਤ।
ਜਦੋਂ ਪਹਿਲੀ ਜੂਨ ਨੂੰ ਵੋਟਾਂ ਪੈਣ ਉਪ੍ਰੰਤ ਸ਼ਾਮ ਨੂੰ 'ਭੁਗਤਾਨ ਪੌਲ' ਦੇ ਅਨੁਮਾਨ
ਆਏ ਤਾਂ ਉਨ੍ਹਾਂ ਹੀ ਦੋਸਤਾਂ ਨੇ ਫਿਰ ਕਿਹਾ ਕਿ ਦੇਖ ਲਵੋ ਕਿ ਤੁਹਾਨੂੰ ਕਿਹਾ ਸੀ ਕਿ
ਇਹ ਹੋ ਹੀ ਨਹੀਂ ਸਕਦਾ ਕਿ ਭਾਜਪਾ 250 ਤੋਂ ਹੇਠਾਂ ਜਾਵੇ। ਪਰ ਜਦੋਂ ਅਸਲ ਨਤੀਜੇ ਆਏ
ਤਾਂ ਲਗਭਗ ਸਭ ਕੁਝ ਉਸ ਤਰ੍ਹਾਂ ਹੀ ਵਾਪਰਿਆ, ਜਿਸ ਤਰ੍ਹਾਂ ਦਾ ਅੰਦਾਜ਼ਾ ਯੂ-ਟਿਊਬ
ਮਾਧਿਅਮ ਲਾ ਰਿਹਾ ਸੀ। ਇਨ੍ਹਾਂ ਨਤੀਜਿਆਂ ਨੇ ਮੁੱਖ ਧਾਰਾ ਦੇ ਮਾਧਿਅਮ ਨੂੰ ਬੁਰੀ
ਤਰ੍ਹਾਂ ਗ਼ਲਤ ਸਾਬਤ ਕਰ ਦਿੱਤਾ। ਹੁਣ ਵਿਚਾਰ ਕਰਨ ਵਾਲੀ ਗੱਲ ਇਹ ਨਹੀਂ ਕਿ ਕਿਹੜੀ
ਧਿਰ ਕਿਉਂ ਤੇ ਕਿਵੇਂ ਜਿੱਤੀ। ਹੁਣ ਵਿਚਾਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਬੇਸ਼ੱਕ
ਹੁਣ ਐਨ.ਡੀ.ਏ. ਕੋਲ ਬਹੁਮਤ ਹੈ ਤੇ ਅਗਲਾ ਪ੍ਰਧਾਨ ਮੰਤਰੀ ਵੀ ਭਾਜਪਾ ਦਾ
ਹੀ ਹੋਵੇਗਾ ਤੇ ਸੰਭਾਵਿਤ ਤੌਰ 'ਤੇ ਸ੍ਰੀ ਨਰਿੰਦਰ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ,
ਪਰ ਕੀ ਇਹ ਸਰਕਾਰ 5 ਸਾਲ ਪੂਰੇ ਕਰੇਗੀ?
ਸਾਡੀ ਸਮਝ ਅਨੁਸਾਰ ਭਾਜਪਾ ਦੀ
ਅਗਵਾਈ ਵਿਚ ਬਣਨ ਵਾਲੀ ਇਹ ਸਰਕਾਰ 5 ਸਾਲ ਸਿਰਫ਼ ਇਕ ਸੂਰਤ ਵਿਚ ਹੀ ਪੂਰੇ ਕਰ ਸਕਦੀ
ਹੈ ਜੇਕਰ ਭਾਜਪਾ ਕਿਸੇ ਤਰ੍ਹਾਂ ਭੰਨਤੋੜ ਕਰਕੇ ਆਪਣੇ 'ਸੰਸਦ ਸਦੱਸਾਂ' (ਸਾਂਸਦਾਂ)
ਦੀ ਗਿਣਤੀ ਵਧਾ ਕੇ ਪੂਰਨ ਬਹੁਮਤ ਭਾਵ 272 ਜਾਂ ਉਸ ਤੋਂ ਵਧੇਰੇ ਕਰ ਲਵੇ। ਸਾਡੀ
ਜਾਣਕਾਰੀ ਅਨੁਸਾਰ ਤਾਂ ਇਹ 'ਕਾਰਾ ਬਹੁਮਤ' ਸ਼ੁਰੂ ਹੋ ਵੀ ਚੁੱਕਾ ਹੈ, ਕਿਉਂਕਿ ਇਹ
ਪੱਕਾ ਹੈ ਕਿ ਜਿਸ ਤਰ੍ਹਾਂ ਭਾਜਪਾ ਭਾਰਤ 'ਤੇ ਹਿੰਦੂਤਵ ਨੂੰ ਲਾਗੂ ਕਰਨਾ ਚਾਹੁੰਦੀ
ਹੈ, ਉਹ ਗੱਠਜੋੜ ਦੇ ਤਰਸ 'ਤੇ ਚਲ ਰਹੀ ਹਕੂਮਤ ਲਈ ਤਾਂ ਸੰਭਵ ਹੀ ਨਹੀਂ। ਫਿਰ ਜਿਸ
ਤਰ੍ਹਾਂ ਮਨਮਰਜ਼ੀ ਤੇ ਅਚਾਨਕ ਨਵੇਂ-ਨਵੇਂ ਕਾਨੂੰਨ ਲਾਗੂ ਕਰਨ ਦਾ ਸੁਭਾਅ ਸ੍ਰੀ ਮੋਦੀ
ਦਾ ਹੈ, ਉਸ ਲਈ ਭਾਜਪਾ ਤੇ ਨਰਿੰਦਰ ਮੋਦੀ ਲਈ ਬਹੁਮਤ ਜ਼ਰੂਰੀ ਹੈ। ਨਹੀਂ ਤਾਂ ਪ੍ਰਧਾਨ
ਮੰਤਰੀ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਮਿਲਣ ਵਾਲੀਆਂ ਚੁਣੌਤੀਆਂ ਨਾਲ ਹੀ ਨਿਪਟਦੇ
ਰਹਿ ਜਾਣਗੇ। ਸਭ ਦੇ ਸਹਮਣੇ ਹੈ ਕਿ ਜਨਤਾ ਦਲ (ਯੂ) ਦੇ ਨੇਤਾ ਨੇ ਕੁਝ ਸ਼ਰਤਾਂ ਰੱਖ
ਵੀ ਦਿੱਤੀਆਂ ਹਨ, ਜਿੰਨਾ ਵਿਚ ਅਗਨੀਵੀਰ ਸਕੀਮ ਦੀ ਵਾਪਸੀ ਅਤੇ ਕੁਝ ਹੋਰ ਭਾਜਪਾ ਦੀ
ਬਹੁਗਿਣਤੀ ਦੇ ਧਰੁਵੀਕਰਨ ਲਈ ਜਰੂਰੀ ਸਕੀਮਾਂ ਲਾਗੂ ਨਾ ਕਰਨ ਤੇ ਵਿਚਾਰ ਕਰਨ ਦੀ ਮੰਗ
ਕਰ ਵੀ ਦਿੱਤੀ ਗਈ ਹੈ। ਸੋ ਸਾਡੀ ਜਾਣਕਾਰੀ ਅਨੁਸਾਰ ਭਾਜਪਾ ਨੇ ਆਪਣਾ
ਬਹੁਮਤ ਬਣਾਉਣ ਲਈ ਸਭ ਤੋਂ ਪਹਿਲਾਂ ਧਿਆਨ ਆਜ਼ਾਦ ਜਾਂ ਗ਼ੈਰ ਐਨ.ਡੀ.ਏ. ਤੇ
ਗ਼ੈਰ-'ਇੰਡੀਆ' ਗੱਠਜੋੜ ਦੀਆਂ ਪਾਰਟੀਆਂ ਦੇ ਸਾਂਸਦਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਨ
ਦੀਆਂ ਸੰਭਾਵਨਾਵਾਂ 'ਤੇ ਕੇਂਦਰਿਤ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਬਾਅਦ ਵਿਚ
'ਇੰਡੀਆ ਗੱਠਜੋੜ' ਦੀਆਂ ਛੋਟੀਆਂ ਪਾਰਟੀਆਂ ਦੇ ਸਾਂਸਦ ਵੱਲ ਧਿਆਨ ਦਿੱਤਾ ਜਾਵੇਗਾ।
ਜਾਣਕਾਰ ਤਾਂ ਇਹ ਵੀ ਕਹਿੰਦੇ ਹਨ ਕਿ ਭਾਜਪਾ ਆਪਣਾ ਬਹੁਮਤ ਬਣਾਉਣ ਲਈ ਐਨ.ਡੀ.ਏ.
ਵਿਚ ਸ਼ਾਮਿਲ ਪਾਰਟੀਆਂ ਵਿਚ ਵੀ ਕੋਈ ਭੰਨ-ਤੋੜ ਕਰ ਸਕਦੀ ਹੈ। ਇਥੇ ਵਰਨਣਯੋਗ ਹੈ ਕਿ
ਸ਼ਾਇਦ ਇਹ ਚਰਚਾ ਵੀ ਇਸ ਲਈ ਹੀ ਗਰਮ ਹੈ ਕਿ ਐਨ.ਡੀ.ਏ.ਦੀ ਇਕ ਪ੍ਰਮੁੱਖ
ਪਾਰਟੀ 'ਤੇਲਗੂ ਦੇਸ਼ਮ' ਨੇ ਸਪੀਕਰ ਆਪਣਾ ਬਣਾਉਣ ਦੀ ਮੰਗ ਰੱਖੀ ਹੈ। ਸ਼ਾਇਦ ਓਹ ਸਮਝਦੇ
ਹਨ ਕਿ ਜੇ ਸਪੀਕਰ ਉਨ੍ਹਾਂ ਦਾ ਹੋਵੇਗਾ ਤਾਂ ਉਨ੍ਹਾਂ ਦੀ ਪਾਰਟੀ ਦੇ ਸਾਂਸਦ ਭਾਜਪਾ
ਵਿਚ ਸ਼ਾਮਿਲ ਕਰਨ ਸੌਖੇ ਨਹੀਂ ਹੋ ਸਕਣਗੇ।
ਪਰ ਤਸਵੀਰ ਦਾ ਦੂਜਾ ਪੱਖ ਵੀ ਹੈ
ਕਿ ਜੇਕਰ ਐਨ.ਡੀ.ਏ. ਗੱਠਜੋੜ ਦੀਆਂ ਪਾਰਟੀਆਂ ਨੂੰ ਇਹ ਅਹਿਸਾਸ ਹੋਇਆ ਕਿ
ਭਾਜਪਾ ਆਪਣਾ ਬਹੁਮਤ ਬਣਾਉਣ ਵੱਲ ਕਦਮ ਉਠਾ ਰਹੀ ਹੈ ਤਾਂ ਅਜਿਹਾ ਹੋਣ ਦੀ ਸੂਰਤ
ਉਨ੍ਹਾਂ ਪਾਰਟੀਆਂ ਦੀ ਮਹੱਤਤਾ ਤੇ ਤਾਕਤ ਭਾਜਪਾ ਦੀ ਹਕੂਮਤ ਲਈ ਜ਼ੀਰੋ ਹੋ ਜਾਵੇਗੀ,
ਤਾਂ ਅਜਿਹੀ ਸਥਿਤੀ ਵਿਚ ਇਕ ਦੋ ਸਾਂਸਦ ਭਾਜਪਾ ਵਿਚ ਸ਼ਾਮਿਲ ਹੁੰਦੇ ਸਾਰ ਹੀ, ਇਹ
ਪਾਰਟੀਆਂ ਭਾਜਪਾ ਤੋਂ ਦੂਰ ਵੀ ਹੋ ਸਕਦੀਆਂ ਹਨ। ਸੋ, ਆਉਣ ਵਾਲੇ ਦਿਨਾਂ ਵਿਚ ਭਾਰਤੀ
ਰਾਜਨੀਤੀ ਇਕ ਨਵੇਂ ਤਰ੍ਹਾਂ ਦੇ ਜੋੜ-ਤੋੜ ਦੇ ਦੌਰ ਵਿਚੋਂ ਗੁਜ਼ਰੇਗੀ ਅਤੇ ਕਿਸੇ ਹੱਦ
ਤੱਕ ਅਸਥਿਰਤਾ ਦਾ ਦੌਰ ਜਾਂ ਚੁੰਝ ਚਰਚਾ ਤਾਂ ਚਲਦੀ ਹੀ ਰਹੇਗੀ।
ਪੰਜਾਬ ਦੇ ਨਤੀਜੇ ਆਸ ਮੁਤਾਬਿਕ ਪੰਜਾਬ ਦੇ ਚੋਣ ਨਤੀਜੇ ਤਾਂ ਬਿਲਕੁਲ
ਹੀ ਆਸ ਮੁਤਾਬਿਕ ਆਏ। ਕੋਈ ਹੈਰਾਨੀਜਨਕ ਨਹੀਂ। ਸਿਰਫ਼ 'ਅਕਾਲੀ ਦਲ' ਦੀ ਵੋਟ ਪ੍ਰਤੀਸ਼ਤ
ਆਸ ਤੋਂ ਜ਼ਿਆਦਾ ਘਟੀ ਹੈ ਪਰ ਉਸ ਦਾ ਵੀ ਵੱਡਾ ਕਾਰਨ ਦੋ ਆਜ਼ਾਦ ਪੰਥਕ ਉਮੀਦਵਾਰਾਂ ਦਾ
ਅਚਾਨਕ ਹੋਇਆ ਉਭਾਰ ਹੈ, ਜਦੋਂ ਕਿ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਵੀ ਆਸ ਤੋਂ ਸਵਾ
ਤਿੰਨ ਫ਼ੀਸਦੀ ਜ਼ਿਆਦਾ ਵਧੀ ਹੈ। ਹਾਂ, ਕਾਂਗਰਸ ਲੋਕ ਸਭਾ ਸੀਟਾਂ ਤਾਂ ਆਸ ਮੁਤਾਬਿਕ
ਨੇੜੇ-ਤੇੜੇ ਹੀ ਜਿੱਤੀ ਹੈ ਪਰ ਉਸ ਦੀ ਵੋਟ ਪ੍ਰਤੀਸ਼ਤਤਾ ਉਮੀਦ ਤੋਂ ਘੱਟ ਵਧੀ ਹੈ।
ਗ਼ੌਰਤਲਬ ਹੈ ਕਿ ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 42 ਫ਼ੀਸਦੀ
ਤੋਂ ਵਧੇਰੇ ਵੋਟਾਂ ਲੈ ਕੇ ਗਈ ਸੀ ਤੇ ਉਸ ਨੇ 92 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ
ਉਸ ਦੀ ਵੋਟ ਪੱਧਰ ਕਰੀਬ 26 ਪ੍ਰਤੀਸ਼ਤ ਹੀ ਰਹਿ ਗਈ ਹੈ ਤੇ ਉਹ ਸਿਰਫ਼ 32 ਵਿਧਾਨ ਸਭਾ
ਸੀਟਾਂ 'ਤੇ ਹੀ ਅੱਗੇ ਰਹਿ ਸਕੀ ਹੈ। ਜਦੋਂ ਕਿ ਮੁਕਾਬਲੇ ਵਿਚ ਕਾਂਗਰਸ ਦੀ ਵੋਟ
ਫ਼ੀਸਦੀ ਜੋ 2022 ਵਿਚ 23 ਫ਼ੀਸਦੀ ਦੇ ਕਰੀਬ ਸੀ, ਉਹ ਹੁਣ ਸਿਰਫ਼ ਸਵਾ 3 ਫ਼ੀਸਦੀ ਦੇ
ਵਾਧੇ ਨਾਲ 26.30 ਫ਼ੀਸਦੀ 'ਤੇ ਪਹੁੰਚ ਪਾਈ ਹੈ। ਪਰ ਦੇਖਣ ਵਾਲ਼ੀ ਗੱਲ ਇਹ ਕਿ 2022
ਵਿਚ ਜਿੱਤੀਆਂ ਵਿਧਾਨ ਸਭਾ ਦੀਆਂ 18 ਸੀਟਾਂ ਦੇ ਮੁਕਾਬਲੇ ਇਸ ਵਾਰ ਕਾਂਗਰਸ ਪੰਜਾਬ
ਵਿਚ 38 ਵਿਧਾਨ ਸਭਾ ਸੀਟਾਂ 'ਤੇ ਅੱਗੇ ਰਹਿਣ ਵਿਚ ਸਫਲ ਰਹੀ ਹੈ। ਜਦੋਂ ਕਿ ਭਾਜਪਾ
ਜੋ ਵਿਧਾਨ ਸਭਾ ਚੋਣਾਂ ਵਿਚ ਸਿਰਫ਼ 6.6 ਫ਼ੀਸਦੀ ਵੋਟਾਂ ਹੀ ਲੈ ਸਕੀ ਸੀ ਅਤੇ ਸਿਰਫ 2
ਸੀਟਾਂ 'ਤੇ ਹੀ ਜੇਤੂ ਰਹੀ ਸੀ, ਪਰ ਇਸ ਵਾਰ ਕਰੀਬ 3 ਗੁਣਾਂ ਭਾਵ 18.56 ਫ਼ੀਸਦੀ
ਵੋਟਾਂ ਲੈ ਗਈ ਤੇ ਉਹ 2022 ਵਿਚ ਸਿਰਫ 2 ਵਿਧਾਨ ਸਭਾ ਸੀਟਾਂ ਜਿੱਤਣ ਦੇ ਮੁਕਾਬਲੇ
ਇਸ ਵਾਰ 23 ਸੀਟਾਂ 'ਤੇ ਅੱਗੇ ਰਹੀ ਹੈ। ਪਰ ਭਾਜਪਾ ਲਈ ਮਹਾਂ ਨਿਰਾਸ਼ਾ ਦੀ
ਗੱਲ ਇਹ ਰਹੀ ਕਿ ਲੋਕ ਸਭਾ ਵਿਚ ਭਾਜਪਾ ਕੋਈ ਸੀਟ ਨਹੀਂ ਜਿੱਤ ਸਕੀ। ਅਕਾਲੀ ਦਲ ਲਈ
ਜਿੱਥੇ ਇਹ ਕੁੱਝ ਕੁ ਤਸੱਲੀ ਦੀ ਗੱਲ ਰਹੀ ਕਿ ਉਹ ਪਿਛਲੀ ਵਾਰ ਜਿੱਤੀਆਂ 2 ਲੋਕ ਸਭਾ
ਸੀਟਾਂ ਵਿਚੋਂ ਇਕ ਬਚਾਉਣ ਵਿਚ ਸਫਲ ਰਿਹਾ, ਉਥੇ ਉਸ ਦੀ ਵੋਟ ਫ਼ੀਸਦੀ 27.8 ਤੋਂ ਘਟ
ਕੇ 13.42 ਫ਼ੀਸਦੀ ਹੀ ਰਹਿ ਗਈ ਤੇ ਉਹ 2022 ਵਿਚ ਜਿੱਤੀਆਂ 3 ਵਿਧਾਨ ਸਭਾ ਸੀਟਾਂ ਦੇ
ਮੁਕਾਬਲੇ ਇਸ ਵਾਰ 9 ਵਿਧਾਨ ਸਭਾ ਸੀਟਾਂ 'ਤੇ ਅੱਗੇ ਰਹਿਣ ਵਿਚ ਸਫਲ ਰਿਹਾ ਹੈ। ਇਸ
ਵਾਰ ਅਚਾਨਕ ਆਪ ਮੁਹਾਰੇ ਲੋਕਾਂ ਦੀ ਪਸੰਦ ਬਣ ਗਏ ਐਨ.ਐਸ.ਏ. ਅਧੀਨ ਜੇਲ੍ਹ
ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸਭ ਤੋਂ ਵੱਧ ਵੋਟਾਂ ਦੇ ਫ਼ਰਕ
ਨਾਲ ਜਿੱਤੇ ਅਤੇ ਫ਼ਰੀਦਕੋਟ ਤੋਂ ਸਪੱਸ਼ਟ ਰੂਪ ਵਿਚ ਅੱਗੇ ਚੱਲ ਰਹੇ 'ਆਪ' ਦੇ ਕਰਮਜੀਤ
ਅਨਮੋਲ ਦੇ ਮੁਕਾਬਲੇ ਆਖਰੀ 2 ਹਫ਼ਤਿਆਂ ਵਿਚ ਅਚਾਨਕ ਉਭਰੇ ਲੋਕ ਉਭਾਰ ਦੇ ਕਾਰਨ ਭਾਈ
ਬੇਅੰਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਵੀ ਵੱਡੇ ਫ਼ਰਕ ਨਾਲ ਜੇਤੂ ਰਹੇ।
ਇਹ ਦੋਵੇਂ ਆਜ਼ਾਦ ਉਮੀਦਵਾਰ ਵੀ ਵਿਧਾਨ ਸਭਾ ਦੀਆਂ 15 ਸੀਟਾਂ 'ਤੇ ਅੱਗੇ ਰਹੇ।
ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਦੋਵੇਂ ਆਜ਼ਾਦ ਪਰ ਪੰਥਕ ਜੇਤੂ ਲੋਕ ਸਭਾ ਮੈਂਬਰਾਂ
ਤੇ ਅਕਾਲੀ ਦਲ ਦੀ ਇਕੋ ਇਕ ਜੇਤੂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਐਨ.ਡੀ.ਏ.
ਵੱਲ ਜਾਂਦੇ ਹਨ ਜਾਂ ਨਿਰਪੱਖ ਰਹਿੰਦੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਆਜ਼ਾਦ ਜਿੱਤੇ
ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਅਤੇ ਭਾਈ ਸਰਬਜੀਤ ਸਿੰਘ ਪੰਜਾਬ ਵਿਚ ਇਕ ਨਵੀਂ
ਪਾਰਟੀ ਬਣਾਉਣ ਦੇ ਸੰਕੇਤ ਦੇ ਰਹੇ ਹਨ। ਉਹ ਪ੍ਰਭਾਵ ਦੇ ਰਹੇ ਹਨ ਕਿ ਉਹ ਪਹਿਲਾਂ
ਹੁਣੇ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਉਪ-ਚੋਣਾਂ ਵਿਚ ਜ਼ੋਰ ਅਜ਼ਮਾਈ ਕਰਨਗੇ, ਫਿਰ
ਸ਼੍ਰੋਮਣੀ ਕਮੇਟੀ ਚੋਣਾਂ ਅਤੇ ਉਨ੍ਹਾਂ ਦਾ ਅਗਲਾ ਨਿਸ਼ਾਨਾ 2027 ਦੀਆਂ ਵਿਧਾਨ ਸਭਾ
ਚੋਣਾਂ ਹੋਣਗੀਆਂ। ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਦੋਵੇਂ ਮਿਲ ਕੇ ਚਲਦੇ ਵੀ
ਹਨ ਜਾਂ ਨਹੀਂ? ਅਜੇ ਇਹ ਵੀ ਦੇਖਣਾ ਹੋਵੇਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ
ਵਿਚੋਂ ਬਾਹਰ ਆਉਂਦੇ ਹਨ ਜਾਂ ਨਹੀਂ? ਇਹ ਵੀ ਕਿ ਇਨ੍ਹਾਂ ਦੀ ਸੰਭਾਵਿਤ ਨਵੀਂ ਪਾਰਟੀ
ਦੇ 'ਸੈਨਾਪਤੀ' ਕੌਣ ਹੋਣਗੇ? ਕੀ ਉਹ ਉਹੀ ਲੋਕ ਹੋਣਗੇ ਜੋ ਪੰਜਾਬ ਵਿਚ ਪਹਿਲਾਂ ਹੀ
ਵੱਖ-ਵੱਖ ਅਕਾਲੀ ਦਲਾਂ ਦੇ ਨਾਂਅ 'ਤੇ ਪੰਥਕ ਧਿਰਾਂ ਵਜੋਂ ਵਿਚਰ ਰਹੇ ਹਨ ਜਾਂ ਇਸ
ਪਾਰਟੀ ਵਿਚ ਕੋਈ ਨਵੇਂ ਆਗੂ ਉਭਾਰੇ ਜਾਣਗੇ? ਇਨ੍ਹਾਂ ਦੋਵਾਂ ਨਵੇਂ ਲੋਕ ਸਭਾ
ਮੈਂਬਰਾਂ ਨੂੰ ਖ਼ਾਲਿਸਤਾਨ ਪ੍ਰਤੀ ਆਪਣਾ ਨਜ਼ਰੀਆ ਵੀ ਸਪੱਸ਼ਟ ਕਰਨਾ ਪਵੇਗਾ।
ਲੋਕ ਜਿਨ੍ਹਾਂ ਨੇ ਆਪ ਮੁਹਾਰੇ ਇਨ੍ਹਾਂ ਨੂੰ ਜਿਤਾਇਆ ਹੈ ਉਹ ਇਹ ਆਸ ਵੀ ਜ਼ਰੂਰ ਕਰਨਗੇ
ਕਿ ਇਹ ਦੋਵੇਂ ਲੋਕ ਸਭਾ ਵਿਚ ਸਿੱਖਾਂ ਅਤੇ ਪੰਜਾਬ ਦੇ ਮਸਲਿਆਂ ਨੂੰ ਸਪੱਸ਼ਟ ਤੇ
ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ। ਹੁੰਦਾ ਕੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਹ
ਸਪੱਸ਼ਟ ਹੈ ਕਿ:
ਜ਼ਰਾ ਸਾ ਠਹਿਰ ਯੇ ਤੋ ਵਕਤ ਹੀ ਬਤਾਇਗਾ, ਕਿ ਸਚ
ਮੇਂ ਕੌਣ ਹੋ ਕੈਸੇ ਹੋ ਔਰ ਕਯਾ ਤੁਮ ਹੋ।
ਲਾਲ ਫਿਰੋਜ਼ਪੁਰੀ
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 E. mail :
hslall@ymail.com
|