WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਭਾਰਤੀ ਸਿੱਖਾਂ ਲਈ ਸੋਚਣ ਦੀ ਘੜੀ
ਹਰਜਿੰਦਰ ਸਿੰਘ ਲਾਲ                        (05/04/2024)

lall

 11ਯੇ ਜ਼ਰਦ ਪੱਤੋਂ ਕੀ ਬਾਰਿਸ਼ ਮੇਰਾ ਜ਼ਵਾਲ ਨਹੀਂ।
ਕਿਸੀ ਨੇ ਕਤਲ ਕੀਆ ਹੈ ਯੇ ਇੰਤਕਾਲ ਨਹੀਂ।
  (ਬਸ਼ੀਰ ਬਦਰ)

ਜਦੋਂ ਸਿੱਖ ਰਾਜਨੀਤੀ ਵੱਲ ਨਿਗਾਹ ਮਾਰਦੇ ਹਾਂ ਤਾਂ ਨਵੇਂ ਉਤਰਾਅ-ਚੜ੍ਹਾਅ ਨਜ਼ਰ ਪੈਂਦੇ ਹਨ। ਵੈਸੇ ਤਾਂ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਵਕਤ ਦੀ ਰਾਜਨੀਤੀ ਬਾਰੇ ਬਹੁਤ ਸੁਚੇਤ ਸਨ ਤੇ ਉਨ੍ਹਾਂ ਨੇ ਜ਼ੁਲਮ ਤੇ ਨਾਇਨਸਾਫ਼ੀ ਦੇ ਖਿਲਾਫ਼ ਬੋਲਣ ਤੋਂ ਗੁਰੇਜ਼ ਨਹੀਂ ਸੀ ਕੀਤਾ ਪਰ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਤਾਂ ਸਿੱਖ ਕੌਮ ਨੇ ਆਪਣੇ ਕਦਮ ਬਾਕਾਇਦਾ ਰੂਪ ਵਿਚ ਹੀ ਰਾਜਨੀਤੀ ਵਿਚ ਰੱਖ ਲਏ ਸਨ।

ਬੇਸ਼ੱਕ 10ਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਕਾਇਦਾ ਕੋਈ ਰਾਜ ਜਾਂ ਸਟੇਟ ਨਹੀਂ ਐਲਾਨੀ, ਪਰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਉਸਾਰੀ ਆਪਣੇ-ਆਪ ਵਿਚ ਸਿੱਖ ਰਾਜ ਦਾ ਪਹਿਲਾ ਨਿਸ਼ਾਨ ਸੀ, ਜਿਸ ਦੀ ਚੜ੍ਹਤ ਤੋਂ ਡਰਦੇ ਪਹਾੜੀ ਰਾਜਿਆਂ ਨੇ ਆਪਣਾ ਜ਼ੋਰ ਨਾ ਚਲਦਾ ਵੇਖ ਕੇ ਮੁਗ਼ਲ ਹਕੂਮਤ ਨੂੰ ਸਿੱਖਾਂ ਦੇ ਖ਼ਾਤਮੇ ਲਈ ਚੜ੍ਹਾਅ ਲਿਆਂਦਾ ਸੀ। ਪਰ ਉਸ ਤੋਂ ਬਾਅਦ ਵੀ ਸਿੱਖਾਂ ਨੇ ਏਨੇ ਉਤਰਾਅ-ਚੜ੍ਹਾਅ ਦੇਖੇ ਹਨ ਕਿ ਕਈ ਵਾਰ ਤਾਂ ਇਤਿਹਾਸ ਖ਼ੁਦ ਵੀ ਕੰਬ ਜਾਂਦਾ ਹੋਵੇਗਾ।

ਆਜ਼ਾਦ ਭਾਰਤ ਵਿਚ ਸਿੱਖ 'ਕੌਮ' ਲਈ ਬੜੇ ਸ਼ਾਨਦਾਰ ਵੇਲੇ ਵੀ ਆਏ ਤੇ ਬੜੇ ਖ਼ਤਰਨਾਕ ਵੀ। ਖ਼ਾਸ ਕਰ ਕੇ 1984 ਦਾ ਆਪ੍ਰੇਸ਼ਨ ਦਰਬਾਰ ਸਾਹਿਬ (ਬਲਿਊ ਸਟਾਰ) ਅਤੇ 1984 ਦਾ ਸਿੱਖ ਕਤਲੇਆਮ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਘੱਲੂਘਾਰਾ ਸੀ ਪਰ ਇਸ ਦੇ ਬਾਵਜੂਦ ਸਿੱਖ ਰਾਜਨੀਤੀ ਕਈ ਮੱਲਾਂ ਮਾਰਦੀ ਰਹੀ। ਇਸ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਸਿੱਖ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫ਼ੌਜ ਮੁਖੀ, ਸੁਪਰੀਮ ਕੋਰਟ  ਦੇ ਮੁੱਖ ਜੱਜ ਤੇ ਵੱਡੇ ਮੰਤਰਾਲਿਆਂ ਦੇ ਮੰਤਰੀ ਬਣਦੇ ਰਹੇ। ਕੇਂਦਰੀ ਸਕੱਤਰੇਤ ਵਿਚ ਅੱਧੀ-ਅੱਧੀ ਦਰਜਨ ਵੱਡੇ ਸਿੱਖ ਅਫ਼ਸਰ, ਰਾਜਪਾਲ ਅਤੇ ਕਈ ਹੋਰਾਂ ਵਿਚ ਵੱਖ-ਵੱਖ ਸਮਿਆਂ 'ਤੇ ਸਿੱਖ ਵੱਡੀਆਂ ਪਾਰਟੀਆਂ ਦੇ ਲੋਕ ਸਭਾ ਅਤੇ ਵਿਧਾਨ ਸਭਾ ਦੇ ਉਮੀਦਵਾਰ ਹੀ ਨਹੀਂ ਬਣੇ ਸਗੋਂ ਕਈ ਵਾਰ ਜਿੱਤਦੇ ਵੀ ਰਹੇ। 
 
ਪਰ ਸ਼ਾਇਦ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਸ ਵਾਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਤੋਂ ਬਾਹਰ ਕਿਸੇ ਵੀ ਵੱਡੀ ਪਾਰਟੀ ਨੇ ਕਿਸੇ ਵੀ ਸਿੱਖ ਨੂੰ ਉਮੀਦਵਾਰ ਨਹੀਂ ਬਣਾਇਆ। ਇਸ ਤਰ੍ਹਾਂ ਜਾਪਦਾ ਹੈ ਕਿ ਦੇਸ਼ ਵਿਚ ਸਿੱਖ ਰਾਜਨੀਤੀ ਇਸ ਵੇਲੇ ਸਭ ਤੋਂ ਹੇਠਲੇ ਦੌਰ ਵਿਚੋਂ ਗੁਜ਼ਰ ਰਹੀ ਹੈ। ਹਾਲਾਂਕਿ ਇਸ ਦੇ ਉਲਟ ਦੁਨੀਆ ਭਰ ਦੀ ਰਾਜਨੀਤੀ ਵਿਚ ਵੱਖ-ਵੱਖ ਦੇਸ਼ਾਂ ਵਿਚ ਸਿੱਖਾਂ ਦਾ ਬੋਲਬਾਲਾ ਵਧ ਰਿਹਾ ਹੈ।

ਕੈਨੇਡਾ ਵਿਚ ਤਾਂ ਇਕ ਰਾਸ਼ਟਰੀ ਪਾਰਟੀ ਦਾ ਮੁਖੀ ਹੀ ਇਕ ਸਿੱਖ ਹੈ, ਕਿੰਨੇ ਕੇਂਦਰੀ ਵਜ਼ੀਰ ਤੇ ਐਮ.ਪੀ. ਸਿੱਖ ਹਨ, ਬਰਤਾਨੀਆ (ਯੂ.ਕੇ.) ਦੀ ਰਾਜਨੀਤੀ ਵਿਚ ਵੀ ਸਿੱਖਾਂ ਦੀ ਚੜ੍ਹਤ ਵਧ ਰਹੀ ਹੈ। ਸੰਭਾਵਿਤ ਰੂਪ ਵਿਚ ਅਗਲੀ ਸਰਕਾਰ ਵਿਚ ਤਨਮਨਜੀਤ ਸਿੰਘ ਢੇਸੀ ਯੂ.ਕੇ. ਦੇ ਪ੍ਰਮੁੱਖ ਵਜ਼ੀਰ ਹੋਣਗੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਰਾਜਨੀਤੀ ਵਿਚ ਵੀ ਸਿੱਖ ਰਾਜਨੀਤੀ ਦੇ ਖੇਤਰ ਵਿਚ ਤਰੱਕੀ ਕਰ ਰਹੇ ਹਨ, ਯੂਰਪ ਵਿਚਲੇ ਕੁਝ ਦੇਸ਼ਾਂ ਵਿਚ ਵੀ ਸਿੱਖ ਲਾਬੀ ਮਜ਼ਬੂਤ ਹੋ ਰਹੀ ਹੈ। ਸਿੰਘਾਪੁਰ ਵਿਚ ਤਾਂ ਵਿਰੋਧੀ ਧਿਰ ਦਾ ਨੇਤਾ ਹੀ ਇਕ ਸਿੱਖ ਪਰਿਵਾਰ ਦਾ ਵਿਅਕਤੀ ਹੈ, ਸਿੰਘਾਪੁਰ ਦਾ ਚੀਫ਼ ਜਸਟਿਸ ਇਕ ਸਿੱਖ ਰਿਹਾ ਹੈ। ਕਈ ਪਾਰਲੀਮੈਂਟ ਮੈਂਬਰ ਵੀ ਰਹੇ, ਉਥੋਂ ਦੀ ਨੇਵੀ  ਅਤੇ ਫ਼ੌਜ ਦੇ ਮੁਖੀ ਵੀ ਸਿੱਖ ਰਹੇ। ਅਮਰੀਕਾ ਵਿਚ ਵੀ ਸਿੱਖ ਲਾਬੀ ਮਜ਼ਬੂਤ ਹੋ ਰਹੀ ਹੈ। ਮਲੇਸ਼ੀਆ ਵਿਚ ਵੀ ਕਈ ਐਮ.ਪੀ. ਸਿੱਖ ਰਹੇ ਹਨ ਅਤੇ ਹੁਣ ਵੀ ਸਿੱਖਾਂ ਦਾ ਤਕੜਾ ਰਾਜਨੀਤਕ ਧੜਾ ਹੈ।

ਯੂਗਾਂਡਾ ਵਿਚ ਸਿੱਖ ਚੰਗੀ ਪੁਜ਼ੀਸ਼ਨ  ਵਿਚ ਰਹੇ ਹਨ। ਹੋਰ ਤਾਂ ਹੋਰ ਹੁਣੇ-ਹੁਣੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਘੱਟ-ਗਿਣਤੀਆਂ ਦੇ ਮਾਮਲਿਆਂ ਸੰਬੰਧੀ ਇਕ ਵਜ਼ੀਰ ਰਮੇਸ਼ ਸਿੰਘ ਬਣਿਆ ਹੈ। ਅਫ਼ਗਾਨਿਸਤਾਨ ਦੀ ਪਾਰਲੀਮੈਂਟ ਵਿਚ ਸਿੱਖ ਮੈਂਬਰ ਰਹੇ ਹਨ। ਹੁਣ ਭਾਵੇਂ ਇਸ ਵੇਲੇ ਅਫ਼ਗਾਨਿਸਤਾਨ ਵਿਚ ਰਹਿੰਦੇ ਸਿੱਖਾਂ ਦੀ ਗਿਣਤੀ ਸੌ ਵੀ ਨਹੀਂ ਰਹੀ ਪਰ ਉਥੋਂ ਦੀ ਅਫ਼ਗਾਨ ਹਕੂਮਤ ਵਲੋਂ ਸਿੱਖਾਂ ਨੂੰ ਵਾਪਸ ਬੁਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਚਰਚਾ ਹੈ ਕਿ ਕਿਸੇ ਸਿੱਖ ਨੂੰ ਪਾਰਲੀਮੈਂਟ ਮੈਂਬਰ ਨਾਮਜ਼ਦ ਕੀਤਾ ਜਾ ਸਕਦਾ ਹੈ। 
 
ਬੇਸ਼ੱਕ ਹੁਣੇ ਮੋਦੀ ਸਰਕਾਰ ਨੇ ਵੀ ਇਕ ਸਿੱਖ ਨੂੰ ਨਾਮਜ਼ਦ ਰਾਜ ਸਭਾ ਮੈਂਬਰ ਬਣਾਇਆ ਹੈ ਪਰ ਉਹ ਵੀ ਪੰਜਾਬ ਦਾ ਰਹਿਣ ਵਾਲਾ ਹੈ, ਗੱਲ ਤਾਂ ਪੰਜਾਬੋਂ ਬਾਹਰ ਰਹਿੰਦੇ ਸਿੱਖਾਂ ਦੀ ਦੇਸ਼ ਦੀ ਰਾਜਨੀਤੀ 'ਤੇ ਘਟਦੀ ਪਕੜ ਦੀ ਹੈ। ਸੋਚਣ ਵਾਲੀ ਗੱਲ ਹੈ ਕਿ ਸਿੱਖ ਵਿਸ਼ਵ ਭਰ ਦੇ ਦੇਸ਼ਾਂ ਦੀ ਰਾਜਨੀਤੀ ਵਿਚ ਤਾਂ ਇਕ ਤਾਕਤ ਵਜੋਂ ਉਭਰ ਰਹੇ ਹਨ, ਫਿਰ ਭਾਰਤ ਵਿਚ ਹੀ ਸਿੱਖ ਰਾਜਨੀਤੀ ਵਿਚ ਕਿਉਂ ਪੱਛੜ ਰਹੇ ਹਨ?

ਇਸ ਦੇ ਸੈਂਕੜੇ ਹੋਰ ਕਾਰਨ ਹੋਣਗੇ ਪਰ ਸਾਨੂੰ ਯਾਦ ਹੈ ਕਿ ਮਾ. ਤਾਰਾ ਸਿੰਘ ਦੀ ਅਗਵਾਈ ਵੇਲੇ ਉਹ ਵੱਖ-ਵੱਖ ਰਾਜਾਂ ਦੇ ਸਿੱਖਾਂ ਨੂੰ ਆਪੋ-ਆਪਣੇ ਰਾਜ ਦੀ ਰਾਜਨੀਤਕ ਸਥਿਤੀ ਅਨੁਸਾਰ ਚੱਲਣ ਲਈ ਕਿਹਾ ਕਰਦੇ ਸਨ ਅਤੇ ਸਥਾਨਕ ਹਾਲਾਤ ਅਨੁਸਾਰ ਹੀ ਫ਼ੈਸਲੇ ਲੈਣ ਲਈ ਉਤਸ਼ਾਹਿਤ ਕਰਦੇ ਸਨ। ਸੋ, ਸਮਝ ਵਿਚ ਪੈਂਦਾ ਹੈ ਕਿ ਸਿੱਖ ਉਥੋਂ ਦੀਆਂ ਸਥਿਤੀਆਂ ਮੁਤਾਬਿਕ ਰਾਜਨੀਤੀ ਅਪਣਾਉਂਦੇ ਰਹੇ ਹਨ ਪਰ 1984 ਤੋਂ ਬਾਅਦ ਸਿੱਖਾਂ ਦੀ ਪੰਜਾਬ ਦੀ ਲੀਡਰਸ਼ਿਪ ਨੇ ਜਿਵੇਂ ਸਾਰੀ ਦੇਸ਼ ਦੀ ਸਿੱਖ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਨੂੰ ਪੰਜਾਬ ਮੁਤਾਬਿਕ ਚੱਲਣ ਲਈ ਕਿਹਾ, ਜਿਸ ਦਾ ਨਤੀਜਾ ਸਾਰਥਿਕ ਨਹੀਂ ਨਿਕਲਿਆ। ਫਿਰ ਪੰਜਾਬ ਵਿਚ ਵੀ ਸਿੱਖ ਰਾਜਨੀਤੀ ਦਾ ਜਵਾਲ ਉਨ੍ਹਾਂ ਲਈ ਘਾਤਕ ਸਿੱਧ ਹੋਇਆ। ਜਦੋਂ ਕਿ ਭਾਜਪਾ ਦੀ ਬਹੁਲਤਾਵਾਦ ਦੀ ਰਾਜਨੀਤੀ ਨੇ ਵੀ ਸਿੱਖਾਂ ਦੀ ਰਾਜਨੀਤੀ ਵਿਚ ਪਕੜ ਨੂੰ ਕਮਜ਼ੋਰ ਕੀਤਾ ਹੈ। ਭਾਵੇਂ ਮੋਦੀ ਸਰਕਾਰ ਸਿੱਖਾਂ ਪ੍ਰਤੀ ਜ਼ਬਾਨੀ ਜਮ੍ਹਾਂ ਖਰਚ ਤਾਂ ਬਹੁਤ ਕਰਦੀ ਹੈ, ਕੁਝ ਚੰਗੇ ਕੰਮ ਵੀ ਕੀਤੇ ਗਏ ਹਨ, ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਸਿੱਖਾਂ ਦੀ ਪੰਜਾਬ ਤੋਂ ਬਾਹਰ ਦੀ ਰਾਜਨੀਤਕ ਪੁਜ਼ੀਸ਼ਨ ਖ਼ਤਮ ਕਰਨ ਵਿਚ ਉਸ ਦਾ ਵੀ ਆਪਣਾ ਰੋਲ ਹੈ, ਭਾਵੇਂ ਉਹ ਸੁਚੇਤ ਰੋਲ ਨਾ ਵੀ ਹੋਵੇ।

ਸਿੱਖ ਕੀ ਕਰਨ?
ਸੋਚਣ ਵਾਲੀ ਗੱਲ ਹੈ ਕਿ ਪੰਜਾਬ ਤੋਂ ਬਾਹਰਲੇ ਸਿੱਖ ਆਪੋ-ਆਪਣੇ ਸੂਬਿਆਂ ਵਿਚ ਤੇ ਦੇਸ਼ ਦੀ ਰਾਜਨੀਤੀ ਵਿਚ ਪ੍ਰਾਸੰਗਿਕ ਹੋਣ ਲਈ ਕੀ ਕਰਨ?

ਅਸੀਂ ਸਮਝਦੇ ਹਾਂ ਕਿ ਇਕ ਤਾਂ ਉਹ ਆਪਣੀਆਂ ਸੂਬਾ ਪੱਧਰ ਦੀਆਂ ਗ਼ੈਰ-ਰਾਜਨੀਤਕ ਜਥੇਬੰਦੀਆਂ ਬਣਾਉਣ ਜੋ ਧਾਰਮਿਕ ਤੇ ਸਮਾਜਿਕ ਕੰਮ ਕਰਨ, ਪਰ ਮੌਕਾ ਪੈਣ 'ਤੇ ਸਿੱਖ ਲਾਬੀ ਵਾਂਗ 'ਦਬਾਅ ਗਰੁੱਪ' ਵਜੋਂ ਕੰਮ ਕਰ ਸਕਣ ਅਤੇ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਕਿ ਉਹ ਯੂ.ਪੀ.ਐਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਅਤੇ ਸਟੇਟਾਂ ਦੇ ਸਰਵਿਸ ਇਲੈਕਸ਼ਨ ਬੋਰਡਾਂ ਦੇ ਇਮਤਿਹਾਨਾਂ ਲਈ ਸਿੱਖ ਬੱਚਿਆਂ ਨੂੰ ਤਿਆਰ ਕਰਨ ਲਈ ਸ਼ਾਨਦਾਰ ਤੇ ਨਤੀਜੇ ਦੇਣ ਵਾਲੇ ਕੋਚਿੰਗ ਕੇਂਦਰ ਬਣਾਉਣ। ਬੇਸ਼ੱਕ ਸਮਾਂ ਲੱਗੇਗਾ ਪਰ ਜੇਕਰ ਸਿੱਖ, ਆਈ.ਏ.ਐਸ., ਆਈ.ਪੀ.ਐਸ. ਤੇ ਹੋਰ ਅਜਿਹੇ ਅਹੁਦਿਆਂ 'ਤੇ ਵੱਡੀ ਗਿਣਤੀ ਵਿਚ ਤਾਇਨਾਤ ਹੋ ਜਾਣ ਤਾਂ ਉਨ੍ਹਾਂ ਨੂੰ ਦੁਬਾਰਾ ਰਾਜਨੀਤੀ ਵਿਚ ਪ੍ਰਭਾਵਸ਼ਾਲੀ ਰੋਲ ਨਿਭਾਉਣ ਤੋਂ ਕੋਈ ਤਾਕਤ ਨਹੀਂ ਰੋਕ ਸਕੇਗੀ। ਵੈਸੇ ਦੁਨੀਆ ਦੀ ਹਰ ਕੌਮ ਉਤਰਾਅ-ਚੜ੍ਹਾਅ ਵਿਚੋਂ ਗੁਜ਼ਰਦੀ ਹੈ। ਜਿਹੜੀਆਂ ਸੁਚੇਤ ਕੌਮਾਂ ਹੁੰਦੀਆਂ ਹਨ, ਉਹ ਡਿਗ-ਡਿਗ ਕੇ ਵੀ ਉੱਠ ਪੈਂਦੀਆਂ ਹਨ, ਜੋ ਸੁਚੇਤ ਨਹੀਂ ਹੁੰਦੀਆਂ ਉਹ ਖ਼ਤਮ ਹੋ ਜਾਂਦੀਆਂ ਹਨ। ਸਿੱਖ ਤਾਂ ਪਹਿਲਾਂ ਵੀ ਖ਼ਾਤਮੇ ਦੇ ਨੇੜੇ ਜਾ ਕੇ ਉਠਦੇ ਰਹੇ ਹਨ। ਅਜੇ ਤਾਂ ਬਹੁਤ ਤਾਕਤ ਹੈ ਦੇਸ਼ ਦੇ ਸਿੱਖਾਂ ਕੋਲ:

ਕਿਸ ਕੌਮ ਕੇ ਦਿਲ ਮੇ ਨਹੀਂ ਜਜ਼ਬਾਤ-ਏ-ਤਰੱਕੀ,
ਕਿਸ ਕੌਮ ਕੋ ਉਤਰਾਅ ਸੇ ਗੁਜ਼ਰਨਾ ਨਹੀਂ ਪੜਤਾ?
 (ਲਾਲ ਫਿਰੋਜ਼ਪੁਰੀ)

ਡਾ. ਮਨਮੋਹਨ ਸਿੰਘ ਦੀ ਪਾਰੀ ਦਾ ਖ਼ਤਮਾ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 33 ਸਾਲ ਬਾਅਦ ਰਾਜ ਸਭਾ ਤੋਂ ਪੱਕੇ ਤੌਰ 'ਤੇ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਵਲੋਂ ਕੀਤੇ ਕੰਮ ਸਦਾ ਯਾਦ ਰਹਿਣਗੇ। ਉਹ ਚਿੱਕੜ ਵਿਚ ਕਮਲ ਵਾਂਗ ਨਿਰਲੇਪ ਰਹੇ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਹੀ ਉਹ ਅਰਥ-ਸ਼ਾਸਤਰ ਵਿਚ ਆਪਣੀ ਖਾਸ ਪਹਿਚਾਣ ਬਣਾ ਚੁੱਕੇ ਸਨ। 1966 ਵਿਚ ਉਹ ਯੂ.ਐਨ.ਓ. ਦੀ ਇਕ ਇਕਾਈ ਵਪਾਰ ਵਿੰਗ ਦੇ ਮੁਖੀ ਬਣੇ। 1971 ਵਿਚ ਉਹ ਭਾਰਤ ਦੇ ਵਿਦੇਸ਼ੀ ਵਪਾਰ ਮਾਮਲਿਆਂ ਦੇ ਸਲਾਹਕਾਰ ਬਣੇ। 1976 ਵਿਚ ਰਿਜ਼ਰਵ ਬੈਂਕ ਤੇ ਆਈ.ਡੀ.ਬੀ.ਆਈ. ਦੇ ਡਾਇਰੈਕਟਰ ਅਤੇ ਇਸ ਦਰਮਿਆਨ ਹੀ ਉਹ ਏਸ਼ੀਅਨ ਡਿਵੈਲਪਮੈਂਟ ਬੈਂਕ ਮਨੀਲਾ ਦੇ ਬੋਰਡ ਆਫ਼ ਗਵਰਨਰਜ਼ ਵਿਚ ਸ਼ਾਮਿਲ ਹੋਏ।

1977 ਵਿਚ ਭਾਰਤ ਦੇ ਵਿੱਤ ਮੰਤਰਾਲੇ ਦੇ ਸਕੱਤਰ ਅਤੇ 1982 ਵਿਚ ਰਿਜ਼ਰਵ ਬੈਂਕ ਦੇ ਪਹਿਲੇ ਸਿੱਖ ਗਵਰਨਰ ਵੀ ਬਣੇ। 1985 ਵਿਚ ਭਾਰਤੀ ਪਲਾਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਤੇ 1990 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਬਣ ਗਏ।

21 ਜੂਨ, 1991 ਨੂੰ ਜਦੋਂ ਉਹ ਭਾਰਤ ਦੇ ਵਿੱਤ ਮੰਤਰੀ ਬਣੇ ਤਾਂ ਉਹ ਸਿੱਧੇ ਰਾਜਨੀਤੀ ਦੇ ਖੇਤਰ ਵਿਚ ਦਾਖਲ ਹੋ ਗਏ। ਅਕਤੂਬਰ 1991 ਨੂੰ ਰਾਜ ਸਭਾ ਦੇ ਮੈਂਬਰ ਬਣ ਗਏ। 1998 ਵਿਚ ਉਹ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ। 22 ਮਈ, 2004 ਨੂੰ ਉਹ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ। 10 ਸਾਲ ਲਗਾਤਾਰ ਉਨ੍ਹਾਂ ਨੇ ਜੋ ਕੰਮ ਕੀਤੇ ਉਹ ਭਾਰਤ ਦੇ ਇਤਿਹਾਸ ਖ਼ਾਸ ਕਰਕੇ ਭਾਰਤ ਦੀ ਆਰਥਿਕ ਤਰੱਕੀ ਦੇ ਇਤਿਹਾਸ ਵਿਚ ਸਦਾ ਯਾਦ ਰੱਖੇ ਜਾਣਗੇ। ਖਿਰਾਜ਼-ਏ-ਅਕੀਦਤ ਲਫ਼ਜ਼ ਆਮ ਤੌਰ 'ਤੇ ਕਿਸੇ ਵਿਅਕਤੀ ਦੇ ਤੁਰ ਜਾਣ ਤੋਂ ਬਾਅਦ ਵਰਤਿਆ ਜਾਂਦਾ ਹੈ ਕਿ ਇਨ੍ਹਾਂ ਸ਼ਰਧਾ ਦੇ ਫੁੱਲਾਂ 'ਤੇ ਉਸ ਵਿਅਕਤੀ ਦਾ ਹੱਕ ਹੈ।

ਪਰ ਅਸੀਂ ਸਮਝਦੇ ਹਾਂ ਕਿ ਡਾ. ਮਨਮੋਹਨ ਸਿੰਘ ਭਾਰਤੀ ਰਾਜਨੀਤੀ ਅਤੇ ਭਾਰਤੀ ਆਰਥਿਕਤਾ ਦੇ ਨਾਲ-ਨਾਲ ਆਪਣੀ ਇਮਾਨਦਾਰੀ, ਸੂਝ-ਬੂਝ ਤੇ ਆਪਣੀ ਨਿਮਰਤਾ ਕਾਰਨ ਜਿਊਂਦੇ ਜੀਅ ਹੀ ਇਕ ਲੀਜੈਂਡ (ਦਿੱਵਿਆ ਚਰਿੱਤਰ ਜਾਂ ਲੋਕ ਗਾਥਾਵਾਂ ਦਾ ਨਾਇਕ) ਬਣ ਚੁੱਕੇ ਹਨ। ਇਸ ਲਈ ਉਨ੍ਹਾਂ ਦਾ ਰਾਜ ਸਭਾ ਦੇ ਮੈਂਬਰ ਵਜੋਂ ਸਫ਼ਰ ਖ਼ਤਮ ਹੋਣ ਮੌਕੇ ਉਨ੍ਹਾਂ ਨੂੰ ਦਿਲੋਂ ਅਕੀਦਤ ਭੇਟ ਕਰਦੇ ਹੋਏ ਇਹ ਗੱਲ ਯਾਦ ਕਰ ਰਹੇ ਹਾਂ ਕਿ ਉਨ੍ਹਾਂ ਨੇ 10 ਸਾਲ ਪ੍ਰਧਾਨ ਮੰਤਰੀ ਹੁੰਦਿਆਂ ਕਦੇ ਇਹ ਭਰਮ ਨਹੀਂ ਪਾਲਿਆ ਕਿ ਉਹ ਵਕਤ ਦੇ ਰੱਬ ਬਣ ਗਏ ਹਨ ਜਾਂ ਹੰਕਾਰੇ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਉਨ੍ਹਾਂ ਲਈ ਲਿਖਿਆ ਆਪਣਾ ਇਕ ਸ਼ਿਅਰ ਸਮਰਪਿਤ ਕਰ ਰਿਹਾ ਹਾਂ:

ਹੋ ਤਖ਼ਤ ਪੇ ਹਰ ਸ਼ਖ਼ਸ ਕੋ ਵਹਿਮ-ਏ-ਖ਼ੁਦਾਈ ਬਾਰਹਾ,
ਸਦ ਸ਼ੁਕਰ ਕਿ ਹਮ ਨੇ ਨਹੀਂ ਇਸ ਤਖ਼ਤ ਪੇ ਪਾਲੀ ਅਨਾ।

 
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com
 

 
 
 
  11ਭਾਰਤੀ ਸਿੱਖਾਂ ਲਈ ਸੋਚਣ ਦੀ ਘੜੀ
ਹਰਜਿੰਦਰ ਸਿੰਘ ਲਾਲ
10ਪੰਜਾਬ ਵਿੱਚ ਸਾਵਣ ਮਹੀਨੇ ਤੋਂ ਪਹਿਲਾਂ ਦਲ ਬਦਲੀਆਂ ਦੀ ਬਰਸਾਤ
ਉਜਾਗਰ ਸਿੰਘ  
09ਖੇਤੀਬਾੜੀ ਨੂੰ ਸੱਨਅਤ ਦਾ ਦਰਜਾ ਕਿਉਂ ਨਹੀਂ?
ਉਜਾਗਰ ਸਿੰਘ
08ਕਿਸਾਨ ਅੰਦੋਲਨ: ਹਰਿਆਣਾ ਪੁਲਿਸ ਦਾ ਗ਼ੈਰ-ਕਨੂੰਨੀ ਧੱਕਾ
ਹਰਜਿੰਦਰ ਸਿੰਘ ਲਾਲ
07ਕਿਸਾਨ ਅੰਦੋਲਨ ਅਤੇ ਲੋਕ ਸਭਾ ਚੋਣਾਂ
ਹਰਜਿੰਦਰ ਸਿੰਘ ਲਾਲ
06'ਇੰਡੀਆ' ਗੱਠਜੋੜ ਭੰਬਲ਼ਭੂਸਾ ਅਤੇ ਪੰਜਾਬ
ਹਰਜਿੰਦਰ ਸਿੰਘ ਲਾਲ
05ਪੰਜਾਬ ਦੀ ਨਵੀਂ ਪੀੜ੍ਹੀ ਅਤੇ ਪੰਜਾਬ ਸਰਕਾਰ
 ਹਰਜਿੰਦਰ ਸਿੰਘ ਲਾਲ
04ਪੰਜਾਬੀ ਮਾਨਸਿਕਤਾ ਦੀ ਲਖਾਇਕ: ਕਾਂਗਰਸ ਦੀ ਅੰਦਰੂਨੀ ਫੁੱਟ
ਹਰਜਿੰਦਰ ਸਿੰਘ ਲਾਲ  
03ਸਰਬ ਭਾਰਤੀ ਕਾਂਗਰਸ: ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ 
ਉਜਾਗਰ ਸਿੰਘ
02'ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ'
ਹਰਜਿੰਦਰ ਸਿੰਘ ਲਾਲ
01ਪੰਜਾਬ ਵਿੱਚ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਭਾਜਪਾ ਦਾ ਰੁੱਖ ਬਦਲਿਆ/a>
ਉਜਾਗਰ ਸਿੰਘ
62ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਦਭਾਗਾ
ਹਰਜਿੰਦਰ ਸਿੰਘ ਲਾਲ
61ਬੁੱਧ ਚਿੰਤਨ
ਸ਼ਬਦ ਸਮੁੰਦਰ ਦੀ ਗਹਿਰਾਈ 
ਬੁੱਧ ਸਿੰਘ ਨੀਲੋਂ
60ਹਾਰ ਬਾਅਦ ਹੀ ਸੁਰਤ ਅਤੇ ਅਕਲ ਆਉਂਦੀ ਹੈ
ਹਰਜਿੰਦਰ ਸਿੰਘ ਲਾਲ
592024 ਦੀਆਂ ਲੋਕ ਸਭਾ ਚੋਣਾਂ ਅਜੇ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ ਕਾਂਗਰਸ
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

   
     
 

Terms and Conditions
Privacy Policy
© 1999-2024, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2024, 5abi.com