ਹਾਲਾਤ
ਕੀ ਤਸਵੀਰ ਬਦਲ ਜਾਏ ਤੋ ਅੱਛਾ, ਹਾਕਿਮ ਜੋ ਮੇਰਾ ਖ਼ੁਦ ਹੀ ਸੰਭਲ ਜਾਏ ਤੋ ਅੱਛਾ। (ਆਲੋਕ ਯਾਦਵ)
ਲੋਕ ਸਭਾ ਚੋਣਾਂ ਦੇ ਤਿੰਨ ਗੇੜ (ਪੜਾਅ) ਲੰਘ ਚੁੱਕੇ ਹਨ, ਭਾਵੇਂ ਅਜੇ
ਵੀ ਇਹ ਗੱਲ ਸਪੱਸ਼ਟ ਨਹੀਂ ਹੈ ਕਿ ਇਸ ਵਾਰ ਚੋਣ ਨਤੀਜੇ ਕੀ ਹੋਣਗੇ ਪਰ ਇਕ ਗੱਲ ਦਾ
ਅਹਿਸਾਸ ਬੜੀ ਸ਼ਿੱਦਤ ਨਾਲ ਹੋ ਰਿਹਾ ਹੈ ਕਿ ਇਸ ਵਾਰ 'ਭਾਜਪਾ' ਦੀਆਂ ਸੀਟਾਂ ਘਟਣ ਦੇ
ਆਸਾਰ ਬਹੁਤ ਜ਼ਿਆਦਾ ਹਨ। ਅਸਲ ਵਿਚ ਪਹਿਲਾਂ ਤਾਂ ਹਰ ਚੋਣ ਵਿਚ ਕਾਂਗਰਸ ਨੇਤਾ ਰਾਹੁਲ
ਗਾਂਧੀ ਖ਼ੁਦ ਹੀ ਕੋਈ ਨਾ ਕੋਈ ਅਜਿਹਾ ਬਿਆਨ ਦੇ ਬੈਠਦੇ ਸਨ, ਜੋ ਉਨ੍ਹਾਂ ਲਈ 'ਆਪਣੇ
ਸਿਰ ਆਪ ਗੋਲ਼' ਸਾਬਤ ਹੁੰਦਾ ਸੀ। ਕਈ ਵਾਰ ਤਾਂ ਉਨ੍ਹਾਂ ਦੀ ਠੀਕ ਗੱਲ ਨੂੰ ਵੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹਾ ਮੋੜ ਦੇ ਦਿੰਦੇ ਸਨ ਕਿ ਉਹ ਉਸ ਵਿਚ ਅਜਿਹਾ
ਫਸਦੇ ਸਨ ਕਿ ਲੋਕਾਂ ਤੱਕ ਉਨ੍ਹਾਂ ਦੀ ਅਸਲ ਗੱਲ ਤਾਂ ਘੱਟ ਪਹੁੰਚਦੀ ਸੀ ਤੇ ਪ੍ਰਧਾਨ
ਮੰਤਰੀ ਦਾ ਉਸ 'ਤੇ ਬਣਾਇਆ ਬਿਰਤਾਂਤ ਲੋਕਾਂ 'ਤੇ ਜ਼ਿਆਦਾ ਅਸਰ ਪਾਉਂਦਾ ਦਿਖਾਈ ਦਿੰਦਾ
ਸੀ। ਪਰ ਇਨ੍ਹਾਂ ਚੋਣਾਂ ਵਿਚ ਇਹ ਪਹਿਲੀ ਵਾਰ ਹੈ ਕਿ ਰਾਹੁਲ ਗਾਂਧੀ ਨੇ ਅਜੇ ਤੱਕ
ਅਜਿਹਾ ਕੋਈ ਬਿਆਨ ਜਾਂ ਨੁਕਤਾ ਨਹੀਂ ਦਿੱਤਾ, ਜਿਸ ਨੂੰ ਪ੍ਰਧਾਨ ਮੰਤਰੀ ਜਾਂ ਭਾਜਪਾ
ਉਸਨੂੰ 'ਆਪਣੇ ਸਿਰ ਆਪ ਗੋਲ਼ ਵਿਚ ਬਦਲਣ ਵਿੱਚ ਕਾਮਯਾਬ ਹੁੰਦੇ। ਹਾਲਾਂਕਿ ਇਕ-ਦੋ
ਕਾਂਗਰਸੀ ਨੇਤਾਵਾਂ ਦੇ ਬਿਆਨ ਜ਼ਰੂਰ ਅਜਿਹੇ ਸਨ, ਪਰ ਇਸ ਵਾਰ ਸੰਚਾਰ ਮਾਧਿਅਮ ਦਾ
ਬਹੁਤ ਵੱਡਾ ਹਿੱਸਾ ਭਾਜਪਾ ਸਮਰਥਕ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਮਨਮਰਜ਼ੀ ਦਾ
ਬਿਰਤਾਂਤ ਸਿਰਜਣ ਵਿਚ ਸਫਲ ਹੁੰਦੇ ਨਜ਼ਰ ਨਹੀਂ ਆ ਰਹੇ, ਸਗੋਂ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਨੂੰ ਵਾਰ-ਵਾਰ ਨਵੇਂ-ਨਵੇਂ ਬਿਆਨ ਦੇਣੇ ਪੈ ਰਹੇ ਹਨ।
ਵਿਰੋਧੀ ਧਿਰ
ਮੁੱਖ ਤੌਰ 'ਤੇ ਮਹਿੰਗਾਈ, ਆਰਥਿਕ ਨਾ ਬਰਾਬਰੀ, ਬੇਰੁਜ਼ਗਾਰੀ, ਜਾਤੀ ਜਨਗਣਨਾ ਅਤੇ 10
ਸਾਲ ਦੀਆਂ ਪ੍ਰਾਪਤੀਆਂ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਕਿ
ਪ੍ਰਧਾਨ ਮੰਤਰੀ ਅਤੇ ਹੋਰ ਪ੍ਰਮੁੱਖ ਭਾਜਪਾ ਨੇਤਾ ਵਾਰ-ਵਾਰ ਅਜਿਹੇ ਬਿਆਨ ਦੇ ਰਹੇ ਹਨ
ਜੋ ਹੈਰਾਨੀਜਨਕ ਹਨ, ਜਿਵੇਂ ਜੇ ਕਾਂਗਰਸ ਜਾਂ 'ਇੰਡੀਆ' ਗੱਠਜੋੜ ਦਾ ਰਾਜ ਆਇਆ ਤਾਂ
ਉਹ ਇਕ ਵਿਸ਼ੇਸ਼ ਵਰਗ ਦੇ ਲੋਕਾਂ ਦਾ ਸੋਨਾ ਜਾਂ ਮੱਝਾਂ ਖੋਲ੍ਹ ਕੇ ਦੂਸਰੇ ਵਰਗ ਦੇ
ਲੋਕਾਂ ਨੂੰ ਦੇ ਦੇਣਗੇ ਜਾਂ ਸ੍ਰੀ ਰਾਮ ਮੰਦਰ ਦਾ ਫੈਸਲਾ ਪਲਟ ਦਿੱਤਾ ਜਾਵੇਗਾ। ਹੱਦ
ਤਾਂ ਉਦੋਂ ਹੋ ਗਈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਹੁਲ ਗਾਂਧੀ ਵਲੋਂ ਪਿਛਲੇ ਕਈ
ਸਾਲਾਂ ਤੋਂ ਉਛਾਲੇ ਜਾ ਰਹੇ ਮੁੱਦੇ ਕਿ ਇਹ ਸਰਕਾਰ ਕੁਝ ਇਕ ਕਾਰਪੋਰੇਟ ਘਰਾਣਿਆਂ ਖ਼ਾਸ
ਕਰਕੇ 'ਅਡਾਨੀ' ਤੇ 'ਅੰਬਾਨੀ' ਘਰਾਣਿਆਂ ਨੂੰ ਅਮੀਰ ਬਣਾ ਰਹੀ ਹੈ ਤੇ ਲੋਕ ਗ਼ਰੀਬ ਹੋ
ਰਹੇ ਹਨ, ਨੂੰ ਵੀ ਉਲਟਾਉਣ ਦਾ ਯਤਨ ਕਰਦਿਆਂ ਇਹ ਕਹਿ ਦਿੱਤਾ ਕਿ ਅਡਾਨੀ-ਅੰਬਾਨੀ
ਖਿਲਾਫ਼ ਰਾਹੁਲ ਨੇ ਬੋਲਣਾ ਇਸ ਲਈ ਬੰਦ ਕਰ ਦਿੱਤਾ ਹੈ ਕਿ ਇਨ੍ਹਾਂ ਨੇ ਕਾਂਗਰਸ ਤੇ
'ਇੰਡੀਆ' ਗੱਠਜੋੜ ਨੂੰ ਚੋਣਾਂ ਲੜਨ ਲਈ ਕਾਲਾ ਧਨ ਦਿੱਤਾ ਹੈ। ਹਾਲਾਂਕਿ ਰਾਹੁਲ ਤਾਂ
ਪ੍ਰਧਾਨ ਮੰਤਰੀ ਉੱਪਰ ਇਥੋਂ ਤੱਕ ਇਲਜ਼ਾਮ ਲਾ ਚੁੱਕੇ ਹਨ ਕਿ ਮੋਦੀ ਰਾਜ ਹੀ ਇਨ੍ਹਾਂ
ਅਮੀਰ ਕਾਰਪੋਰੇਟਾਂ ਦੀ ਸਹੂਲੀਅਤ ਅਨੁਸਾਰ ਕੰਮ ਕਰ ਰਿਹਾ ਹੈ, ਪਰ ਇਸ
ਹਮਲੇ ਦਾ ਕਾਂਗਰਸ ਨੇ ਬੜੀ ਸੰਜੀਦਗੀ ਨਾਲ ਜਵਾਬ ਦਿੱਤਾ ਹੈ। ਰਾਹੁਲ
ਗਾਂਧੀ ਨੇ ਕਿਹਾ ਕਿ ਜੇਕਰ ਇਨ੍ਹਾਂ ਅਮੀਰ ਘਰਾਣਿਆਂ ਨੇ ਸਾਨੂੰ ਕੋਈ ਕਾਲਾ ਧਨ
ਦਿੱਤਾ ਹੈ ਤਾਂ ਤੁਹਾਡੀ ਸੀ.ਬੀ.ਆਈ. ਕੀ ਕਰ ਰਹੀ ਹੈ? ਅਸੀਂ ਸਮਝਦੇ ਹਾਂ
ਕਿ ਇਨ੍ਹਾਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਸੱਚਮੁੱਚ ਹੀ
'ਆਪਣੇ ਸਿਰ ਆਪ ਗੋਲ਼' ਸਾਬਤ ਹੋਇਆ ਹੈ, ਕਿਉਂਕਿ ਇਸ ਦਾ ਇਕ ਪ੍ਰਭਾਵ ਤਾਂ ਇਹ ਗਿਆ
ਹੈ ਕਿ ਅਡਾਨੀ ਤੇ ਅੰਬਾਨੀ ਨੂੰ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਕਿ ਇਸ ਵਾਰ ਭਾਜਪਾ
ਜਾਂ ਮੋਦੀ ਦੀ ਸਰਕਾਰ ਬਣਨੀ ਔਖੀ ਹੈ ਤੇ ਉਹ ਵਿਰੋਧੀ ਧਿਰ ਨੂੰ ਵੀ ਫੰਡ ਦੇ ਕੇ
ਸਥਿਤੀ ਨੂੰ ਸੰਤੁਲਨ ਬਣਾਉਣ ਦਾ ਯਤਨ ਕਰ ਰਹੇ ਹਨ। ਜੇ ਇਹ ਪ੍ਰਭਾਵ ਵਿਆਪਕ ਰੂਪ ਵਿਚ
ਫੈਲ ਗਿਆ ਤਾਂ ਇਸ ਦਾ ਭਾਜਪਾ ਨੂੰ ਆਉਣ ਵਾਲੇ 4 ਚੋਣ ਗੇੜਾਂ ਵਿਚ ਬਹੁਤ ਨੁਕਸਾਨ
ਹੋਵੇਗਾ। ਦੂਸਰਾ ਇਹ ਪ੍ਰਭਾਵ ਵੀ ਬਣ ਰਿਹਾ ਹੈ ਕਿ ਪ੍ਰਧਾਨ ਮੰਤਰੀ ਸ਼ਾਇਦ
ਕਾਰਪੋਰੇਟ ਘਰਾਣਿਆਂ ਨੂੰ 'ਕਾਂਗਰਸ' ਜਾਂ 'ਇੰਡੀਆ' ਗੱਠਜੋੜ ਦੀ ਮਦਦ ਕਰਨ ਤੋਂ
ਰੋਕਣ ਲਈ ਇਕ ਚਿਤਾਵਨੀ ਵੀ ਦੇ ਰਹੇ ਹਨ।
ਪਰ ਇਥੇ ਇਕ ਫ਼ਿਕਰਮੰਦੀ ਵਾਲੀ ਸੋਚ
ਇਹ ਵੀ ਉਭਰਦੀ ਹੈ ਕਿ ਜੇਕਰ ਸੱਚਮੁੱਚ ਹੀ ਭਾਜਪਾ ਤੇ 'ਰਾ.ਸੋ.ਸੰ' ਨੂੰ ਇਹ ਅਹਿਸਾਸ
ਹੋ ਗਿਆ ਹੈ ਕਿ ਉਹ ਇਹ ਚੋਣਾਂ ਹਾਰ ਸਕਦੇ ਹਨ (ਹਾਲਾਂਕਿ ਅਜਿਹਾ ਅਜੇ ਸੰਭਵ ਨਹੀਂ
ਲਗਦਾ) ਤਾਂ ਕੀ ਉਹ ਚੋਣਾਂ ਸਿਰੇ ਚੜ੍ਹਨ ਦੇਣਗੇ? ਇਹ ਪ੍ਰਭਾਵ ਪਹਿਲਾਂ ਹੀ ਬਣਾਇਆ ਜਾ
ਰਿਹਾ ਹੈ ਕਿ ਭਾਜਪਾ 400 ਪਾਰ ਸੀਟਾਂ ਜਿੱਤ ਕੇ ਸੰਵਿਧਾਨ ਵਿਚ ਵੱਡੀਆਂ ਤਬਦੀਲੀਆਂ
ਕਰਨਾ ਚਾਹੁੰਦੀ ਹੈ। ਇਹ ਪ੍ਰਭਾਵ ਵੀ ਬਣਾਇਆ ਜਾਂਦਾ ਰਿਹਾ ਹੈ ਕਿ ਭਾਜਪਾ ਤੇ
ਰਾ.ਸੋ.ਸੰ ਦੇਸ਼ ਵਿਚ ਪ੍ਰਧਾਨਗੀ ਤਰਜ਼ ਦਾ ਜਾਂ ਇਸ ਤੋਂ ਵੀ ਅੱਗੇ ਜਾ ਕੇ ਰੂਸੀ ਤਰਜ਼
ਦਾ ਸ਼ਾਸਨ ਲਾਗੂ ਕਰ ਸਕਦੀ ਹੈ। ਭਾਵੇਂ ਇਨ੍ਹਾਂ ਗੱਲਾਂ ਦੇ ਹੱਕ ਵਿਚ ਕੋਈ ਠੋਸ ਸਬੂਤ
ਨਹੀਂ। ਅਜੇ ਇਹ ਗੱਲਾਂ ਸਿਰਫ਼ ਗੱਲਾਂ ਜਾਂ ਅੰਦਾਜ਼ੇ ਹੀ ਹਨ ਪਰ ਅਜਿਹਾ ਦੁਨੀਆ ਦੇ ਕਈ
ਦੇਸ਼ਾਂ ਵਿਚ ਹੁੰਦਾ ਰਿਹਾ ਹੈ ਕਿ ਜਦੋਂ ਕੋਈ ਪਾਰਟੀ ਹਾਰਦੀ ਹੈ ਤਾਂ ਉਹ ਅਜਿਹੀ
ਕੋਸ਼ਿਸ਼ ਕਰਦੀ ਹੈ ਕਿ ਹਕੂਮਤ ਨਾ ਛੱਡੇ। 1975 ਵਿਚ ਉਸ ਵੇਲੇ ਦੀ ਪ੍ਰਧਾਨ
ਮੰਤਰੀ ਇੰਦਰਾ ਗਾਂਧੀ ਵਲੋਂ ਲਾਈ ਐਮਰਜੈਂਸੀ ਵੀ ਉਨ੍ਹਾਂ ਦੇ ਹੁਕਮਰਾਨ
ਬਣੇ ਰਹਿਣ ਦੀ ਇਕ ਕੋਸ਼ਿਸ਼ ਵਜੋਂ ਹੀ ਦੇਖੀ ਜਾਂਦੀ ਹੈ। ਪਰ ਕੁਝ ਹਲਕਿਆਂ ਵਿਚ ਇਕ ਡਰ
ਪੈਦਾ ਹੋ ਰਿਹਾ ਹੈ ਕਿ ਜੇਕਰ ਭਾਜਪਾ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਹ ਸੱਚਮੁੱਚ
ਹਾਰ ਸਕਦੀ ਹੈ ਤਾਂ ਕਿਤੇ ਉਹ ਇਨ੍ਹਾਂ ਚੋਣਾਂ ਨੂੰ ਅਧਵਾਟੇ ਹੀ ਛੱਡਣ ਬਾਰੇ ਤਾਂ
ਨਹੀਂ ਸੋਚੇਗੀ। ਹਾਲਾਂਕਿ ਅਸੀਂ ਇਹ ਸਮਝਦੇ ਹਾਂ ਕਿ ਭਾਰਤ ਵਰਗੇ ਦੇਸ਼ ਵਿਚ ਅਜਿਹਾ
ਸੰਭਵ ਨਹੀਂ ਹੈ ਅਤੇ ਨਾ ਹੀ ਭਾਜਪਾ ਨੇਤਾ ਅਜਿਹਾ ਸੋਚਣਗੇ। ਸੋ, ਅਸੀਂ ਤਾਂ ਇਹ ਦੁਆ
ਕਰਾਂਗੇ ਕਿ ਇਹ ਸਾਰੇ ਖ਼ਦਸ਼ੇ ਨਿਰਮੂਲ ਹੀ ਸਾਬਤ ਹੋਣ, ਪ੍ਰਸਿੱਧ ਕਵੀ ਦੇ ਸ਼ਬਦਾਂ ਵਿਚ:
ਦੇਖੋ ਆਹਿਸਤਾ ਚਲੋ ਔਰ ਭੀ ਆਹਿਸਤਾ ਜ਼ਰਾ, ਦੇਖਨਾ ਸੋਚ-ਸੰਭਲ ਕਰ ਜ਼ਰਾ
ਪਾਂਵ ਰੱਖਨਾ।
ਭਾਜਪਾ ਵਿਚ ਕੈਪਟਨ ਦੀ ਤੂਤੀ
ਜਿਸ ਤਰ੍ਹਾਂ ਭਾਜਪਾ ਨੇ ਹੁਣ 3 ਸੀਟਾਂ ਦੇ ਉਮੀਦਵਾਰ ਐਲਾਨੇ ਹਨ, ਉਨ੍ਹਾਂ 'ਤੇ
ਨਿਗ੍ਹਾ ਮਾਰਿਆਂ ਇਹ ਸਾਫ਼ ਪ੍ਰਭਾਵ ਬਣਦਾ ਹੈ ਕਿ ਭਾਜਪਾ ਵਿਚ ਖ਼ਾਸ ਕਰ ਪੰਜਾਬ ਦੇ
ਮਾਮਲਿਆਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤੂਤੀ ਬੋਲ ਰਹੀ ਹੈ।
ਇਨ੍ਹਾਂ 3 ਸੀਟਾਂ ਵਿਚੋਂ ਐਲਾਨੇ ਉਮੀਦਵਾਰਾਂ ਵਿਚੋਂ 2 ਕੈਪਟਨ ਦੇ ਨਜ਼ਦੀਕੀ ਹਨ।
ਪਹਿਲੇ ਸੰਗਰੂਰ ਤੋਂ ਐਲਾਨੇ ਉਮੀਦਵਾਰ ਅਰਵਿੰਦ ਖੰਨਾ, ਜੋ ਜਨਵਰੀ 2022 ਵਿਚ ਭਾਜਪਾ
ਵਿਚ ਸ਼ਾਮਿਲ ਹੋਏ ਸਨ ਤੇ ਦੂਸਰੇ ਹਨ ਫਿਰੋਜ਼ਪੁਰ ਸੀਟ ਤੋਂ ਸਾਬਕਾ ਮੰਤਰੀ ਰਾਣਾ
ਗੁਰਮੀਤ ਸਿੰਘ ਸੋਢੀ। ਇਥੇ ਇਹ ਵੀ ਵਰਨਣਯੋਗ ਹੈ ਕਿ ਰਾਣਾ ਸੋਢੀ ਤੇ ਪੰਜਾਬ ਭਾਜਪਾ
ਪ੍ਰਧਾਨ ਸੁਨੀਲ ਜਾਖੜ ਜਦੋਂ ਕਾਂਗਰਸ ਵਿਚ ਸਨ, ਉਨ੍ਹਾਂ ਦੀ ਇਸ ਸੀਟ ਕਾਰਨ ਹੀ ਆਪਸ
ਵਿਚ ਨਾਰਾਜ਼ਗੀ ਜੱਗ ਜ਼ਾਹਿਰ ਸੀ, ਭਾਵੇਂ ਉਸ ਵੇਲੇ ਵੀ ਜਾਖੜ ਤੇ ਰਾਣਾ ਸੋਢੀ ਦੋਵੇਂ
ਹੀ ਕੈਪਟਨ ਦੇ ਹਮਾਇਤੀ ਸਨ, ਅੱਜ ਵੀ ਹਨ। ਚਰਚਾ ਹੈ ਕਿ ਇਸ ਵਾਰ ਸ਼ਾਇਦ ਕੈਪਟਨ ਨੇ
ਰਾਣਾ ਸੋਢੀ ਨੂੰ ਟਿਕਟ ਦਿਵਾਉਣ ਲੱਗਿਆਂ ਸੋਢੀ ਤੇ ਜਾਖੜ ਵਿਚ ਕੋਈ ਸਮਝੌਤਾ ਵੀ
ਕਰਵਾਇਆ ਹੈ। ਉਂਜ ਵੀ ਫਿਰੋਜ਼ਪੁਰ ਸੀਟ ਤੋਂ ਚੰਗੀ ਲੜਾਈ ਦੇਣ ਲਈ ਰਾਣਾ ਸੋਢੀ ਨੂੰ
ਸੁਨੀਲ ਜਾਖੜ ਦੀ ਮਦਦ ਦੀ ਬਹੁਤ ਲੋੜ ਹੈ, ਪਰ ਇਨ੍ਹਾਂ ਟਿਕਟਾਂ ਦੀ ਵੰਡ ਨੇ ਪੰਜਾਬ
ਭਾਜਪਾ ਦੇ ਕਿਸੇ ਵੇਲੇ ਸਭ ਤੋਂ ਤਾਕਤਵਰ ਰਹੇ ਇਕ ਧੜੇ ਨੂੰ ਪੂਰੀ ਤਰ੍ਹਾਂ ਗੁੱਠੇ ਲਾ
ਦਿੱਤਾ ਹੈ। ਇਸ ਧੜੇ ਦੇ ਸ੍ਰੀ ਅਵਿਨਾਸ਼ ਰਾਏ ਖੰਨਾ, ਵਿਜੈ ਸਾਂਪਲਾ, ਹਰਜੀਤ ਸਿੰਘ
ਗਰੇਵਾਲ ਅਤੇ ਸੁਰਜੀਤ ਜਿਆਣੀ ਚਾਰੇ ਹੀ ਲੋਕ ਸਭਾ ਟਿਕਟਾਂ ਦੇ ਦਾਅਵੇਦਾਰ ਦੱਸੇ
ਜਾਂਦੇ ਸਨ ਪਰ ਇਨ੍ਹਾਂ ਵਿਚੋਂ ਕਿਸੇ ਇਕ ਨੂੰ ਵੀ ਟਿਕਟ ਨਹੀਂ ਮਿਲੀ। ਉਂਜ ਹੁਣ
ਐਲਾਨੀਆਂ 3 ਟਿਕਟਾਂ ਵਿਚੋਂ ਤੀਸਰੀ ਟਿਕਟ ਭਾਜਪਾ ਦੇ ਟਕਸਾਲੀ ਨੇਤਾ ਅਤੇ ਵਿਦਵਾਨ
ਆਗੂ ਡਾ. ਸੁਭਾਸ਼ ਸ਼ਰਮਾ ਨੂੰ ਦਿੱਤੀ ਗਈ ਹੈ। ਡਾ. ਸੁਭਾਸ਼ ਸ਼ਰਮਾ ਸਵਰਗੀ ਕਮਲ ਸ਼ਰਮਾ ਦੇ
ਨਜ਼ਦੀਕੀ ਸਨ ਤੇ ਹੁਣ ਵੀ ਇਸੇ ਗੁੱਟ ਜਿਸ ਵਿਚ ਤਰੁਣ ਚੁੱਘ ਅਤੇ ਤੀਕਸ਼ਨ ਸੂਦ ਵਰਗੇ
ਪ੍ਰਮੁੱਖ ਨੇਤਾ ਸ਼ਾਮਿਲ ਹਨ, ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਹਾਲਾਂਕਿ ਸ੍ਰੀ ਸ਼ਰਮਾ
ਖ਼ੁਦ ਵੀ ਭਾਜਪਾ ਹਾਈਕਮਾਨ ਵਿਚ ਤੇ ਆਰ.ਐੱਸ.ਐੱਸ. ਤੱਕ ਸਿੱਧੀ ਤੇ ਉੱਚੀ ਪਹੁੰਚ
ਰੱਖਦੇ ਹਨ।
ਪੰਜਾਬੋਂ ਬਾਹਰ ਦੇ ਸਿੱਖਾਂ ਦੀ ਸਭਾ
ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਦੀ
ਪਹਿਲ 'ਤੇ ਦਿੱਲੀ ਵਿਚ ਪੰਜਾਬੋਂ ਬਾਹਰਲੇ 20 ਰਾਜਾਂ ਦੇ ਸਿੱਖਾਂ ਦਾ ਇਕ ਵਿਸ਼ੇਸ਼
ਇਕੱਠ 'ਭਾਰਤੀ ਘੱਟ ਗਿਣਤੀ ਸੰਸਥਾ' ਵਲੋਂ ਕਰਵਾਇਆ ਗਿਆ। ਬੇਸ਼ੱਕ ਇਸ ਦਾ ਵਿਸ਼ਾ
'ਰਾਸ਼ਟਰ ਨਿਰਮਾਣ ਅਤੇ ਉੱਨਤੀ ਵਿਚ ਸਿੱਖ ਭਾਈਚਾਰੇ ਦੀ ਭੂਮਿਕਾ' ਸੀ ਪਰ ਇਸ ਵਿਚ ਦੇਸ਼
ਦੇ ਕਈ ਪ੍ਰਮੁੱਖ ਸਿੱਖ ਅਤੇ ਵੱਡੇ ਧਾਰਮਿਕ ਨੇਤਾ ਵੀ ਸ਼ਾਮਿਲ ਹੋਏ। ਪਰ ਇਸ ਦਾ ਨਤੀਜਾ
ਤੇ ਪ੍ਰਭਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਵਲੋਂ ਸਿੱਖਾਂ ਲਈ
ਕੀਤੇ ਕੰਮਾਂ ਦਾ ਗੁਣਗਾਣ ਕਰਨਾ ਸੀ ਅਤੇ ਇਸ ਆਲ ਇੰਡੀਆ ਸਿੱਖ ਕਾਨਕਲੇਵ
ਦੀ ਸਮਾਪਤੀ ਪ੍ਰਧਾਨ ਮੰਤਰੀ ਮੋਦੀ ਦੇ '2047 ਤੱਕ ਵਿਕਸਿਤ ਭਾਰਤ' ਦੇ ਨਜ਼ਰੀਏ ਦੇ
ਸਮਰਥਨ ਨਾਲ ਹੋਈ।
ਬੇਸ਼ੱਕ ਇਸ ਦਾ ਇਕ ਗੁਪਤ ਤੇ ਵੱਡਾ ਕਾਰਨ ਪੰਜਾਬੋਂ
ਬਾਹਰਲੇ ਸਿੱਖ ਭਾਈਚਾਰੇ ਨੂੰ ਭਾਜਪਾ ਦੇ ਹੱਕ ਵਿਚ ਵੋਟਾਂ ਲਈ ਲਾਮਬੰਦ ਕਰਨਾ ਹੀ
ਹੋਵੇ, ਕਿਉਂਕਿ ਇਹ ਐਨ ਚੋਣਾਂ ਦੇ ਦਰਮਿਆਨ ਕੀਤਾ ਗਿਆ ਹੈ ਪਰ ਅਸੀਂ ਇਸ ਵਿਚ ਕੋਈ
ਬੁਰਾਈ ਨਹੀਂ ਦੇਖਦੇ, ਕਿਉਂਕਿ ਅੱਜ ਦੀਆਂ ਸਥਿਤੀਆਂ ਵਿਚ ਕਿਸੇ ਵੀ ਘੱਟ-ਗਿਣਤੀ ਲਈ
ਬਿਨਾਂ ਕਾਰਨ ਹੁਕਮਰਾਨ ਪਾਰਟੀ ਨਾਲ ਸੰਬੰਧ ਵਿਗਾੜ ਕੇ ਰੱਖਣੇ ਠੀਕ ਰਾਜਨੀਤੀ ਨਹੀਂ।
ਫਿਰ ਸਰਕਾਰ ਤੁਹਾਡੇ ਹੱਕ ਵਿਚ ਜੋ ਚੰਗੇ ਕੰਮ ਕਰਦੀ ਹੈ, ਉਨ੍ਹਾਂ ਦੀ ਤਾਰੀਫ਼ ਕਰਨੀ
ਚਾਹੀਦੀ ਹੈ ਪਰ ਹਾਂ, ਸਿੱਖਾਂ ਨੂੰ ਕਿਸੇ ਇਕ ਪਾਰਟੀ ਦਾ ਵੋਟ ਬੈਂਕ ਨਹੀਂ
ਬਣਨਾ ਚਾਹੀਦਾ। ਸਗੋਂ ਸਿੱਖ ਕੌਮ ਦੇ ਮਹਾਨ ਨੇਤਾ ਰਹੇ ਮਾ. ਤਾਰਾ ਸਿੰਘ ਵਲੋਂ ਸੁਝਾਈ
ਨੀਤੀ 'ਤੇ ਹੀ ਚੱਲਣਾ ਚਾਹੀਦਾ ਹੈ, ਜਿਸ ਅਨੁਸਾਰ ਸਿੱਖਾਂ ਨੂੰ ਹਰ ਰਾਜ ਵਿਚ ਉਸ ਰਾਜ
ਦੀਆਂ ਸਥਿਤੀਆਂ ਮੁਤਾਬਿਕ ਇਕ ਦਬਾਅ ਗਰੁੱਪ ਵਜੋਂ ਕੰਮ ਕਰਨਾ ਚਾਹੀਦਾ ਹੈ। ਕਿਸੇ ਇਕ
ਰਾਜਨੀਤਕ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਕੋਈ ਬਹੁਤੀ ਸਿਆਣਪ ਵਾਲੀ ਨੀਤੀ
ਨਹੀਂ ਹੁੰਦੀ। ਭਾਜਪਾ ਨਾਲ ਸਿੱਖਾਂ ਦੇ ਕਈ ਵਖਰੇਵੇਂ ਹਨ, ਪਰ ਫਿਰ ਵੀ ਭਾਜਪਾ
ਸਿੱਖਾਂ ਨੂੰ ਨਾਲ ਲੈ ਕੇ ਚੱਲਣ ਦੇ ਸੁਚੇਤ ਯਤਨ ਕਰਦੀ ਹੈ। ਕਾਂਗਰਸ ਨਾਲ ਸਿੱਖਾਂ
ਨੂੰ 1984 ਦੇ ਜ਼ੁਲਮਾਂ ਕਾਰਨ ਬਹੁਤ ਵੱਡੀ ਨਾਰਾਜ਼ਗੀ ਹੈ। ਬੇਸ਼ੱਕ ਰਾਹੁਲ ਗਾਂਧੀ ਨੇ
ਨਿੱਜੀ ਤੌਰ 'ਤੇ ਇਸ ਨੂੰ ਘਟਾਉਣ ਦੇ ਯਤਨ ਤਾਂ ਕੀਤੇ ਹਨ ਪਰ ਕਾਂਗਰਸ ਨੇ ਸਿੱਖਾਂ
ਨੂੰ ਪਾਰਟੀ ਵਜੋਂ, ਆਪਣੇ ਫਿਰ ਤੋਂ ਨੇੜੇ ਲਿਆਉਣ ਲਈ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕੇ।
ਅਸੀਂ ਸਮਝਦੇ ਹਾਂ ਕਿ ਕਾਂਗਰਸ ਨੂੰ ਵੀ ਭਾਜਪਾ ਤੋਂ ਸਬਕ ਲੈ ਕੇ ਅਤੇ ਹੋਰ ਖੇਤਰੀ
ਪਾਰਟੀਆਂ ਨੂੰ ਵੀ ਸਿੱਖਾਂ ਪ੍ਰਤੀ ਆਪਣੀ ਨੀਤੀ ਹੋਰ ਸਪੱਸ਼ਟ ਕਰਨੀ ਚਾਹੀਦੀ ਹੈ।
ਸਿੱਖਾਂ ਲਈ ਵੀ ਜ਼ਰੂਰੀ ਹੈ ਕਿ ਉਨ੍ਹਾਂ ਦਾ ਹਰ ਰਾਜ ਵਿਚ ਏਨਾ ਮਹੱਤਵ ਹੋਵੇ ਕਿ ਹਰ
ਪਾਰਟੀ ਉਨ੍ਹਾਂ ਨੂੰ ਧਿਆਨ ਵਿਚ ਰੱਖੇ। ਸਿੱਖਾਂ ਨੂੰ ਆਪਣਾ ਪ੍ਰਭਾਵ ਅਲੋਕ
ਸ੍ਰੀਵਾਸਤਵ ਦੇ ਇਸ ਸ਼ਿਅਰ ਵਰਗਾ ਬਣਾਉਣਾ ਚਾਹੀਦਾ ਹੈ।
ਯੇ ਸੋਚਨਾ ਗ਼ਲਤ
ਹੈ ਕਿ ਤੁਮ ਪਰ ਨਜ਼ਰ ਨਹੀਂ, ਮਸਰੂਫ਼ ਹਮ ਬਹੁਤ ਹੈਂ ਮਗਰ ਬੇਖ਼ਬਰ ਨਹੀਂ।
1044, ਗੁਰੂ ਨਾਨਕ ਸਟਰੀਟ, ਸਮਰਾਲਾ
ਰੋਡ, ਖੰਨਾ ਮੋਬਾਈਲ : 92168-60000 E. mail :
hslall@ymail.com
|