ਇਹ
ਹਕੀਕਤ ਉਨ੍ਹਾਂ ਦਿਨਾਂ ਦੀ ਹੈ ਜਦੋਂ ਪੰਜਾਬ ਸੁਸਰੀ ਵਾਂਗ ਸੁੱਤਾ ਪਿਆ ਸੀ। ਪੁਲਿਸ
ਤੇ ਅੱਤਵਾਦੀਆਂ ਨੇ ਲੋਕਾਂ ਦੀ ਜਾਨ ਮੁੱਠੀ ਵਿਚ ਕੀਤੀ ਹੋਈ ਸੀ। ਪੰਜਾਬ ਦੀ ਜੁਆਨੀ
ਨੂੰ ਬਲੀ ਦਾ ਬੱਕਰਾ ਬਣਾ ਕੇ ਨਿੱਤ ਜਿਬਾ ਕੀਤਾ ਜਾ ਰਿਹਾ ਸੀ। ਲੋਕਾਂ ਦੀ ਹਾਲਤ ਦੋ
ਪੁੜਾਂ ਵਿਚਾਲੇ ਦਾਣਿਆਂ ਵਰਗੀ ਸੀ। ਮੌਤ ਦਾ ਤਾਂਡਵ ਨਾਚ ਹੋ ਰਿਹਾ ਸੀ। ਸਿਵਿਆਂ ਨੂੰ
ਜਾਂਦੀਆਂ ਅਰਥੀਆਂ ਪੰਜਾਬ ਦੀ ਹੋਣੀ ਬਣ ਗਈਆਂ ਸਨ। ਪੰਜਾਬ ਭੱਠੀ ਤੇ ਬਾਲਣ ਲੋਕ ਬਣ
ਗਏ ਸਨ। ਖੇਤਾਂ ਵਿੱਚ ਫਸਲਾਂ ਦੀ ਥਾਂ ਹਥਿਆਰ ਉਗਦੇ ਸਨ ਤੇ ਲਾਸ਼ਾਂ ਦਾ ਵਪਾਰ ਹੁੰਦਾ
ਸੀ। ਥਾਣਿਆਂ ਵਿੱਚ ਬੋਲੀ ਲਗਦੀ ਸੀ। ਪੁਲਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਭਿੱਜੀਆਂ
ਅਖਬਾਰਾਂ ਆਉਦੀਆਂ ਸਨ। ਲੋਕ ਆਪਣਿਆਂ ਦੇ ਨਾਂ ਭਾਲਦੇ ਬੌਰੇ ਹੋਏ ਫਿਰ ਰਹੇ ਸਨ।
ਸਿਵਿਆਂ ਵਿੱਚ ਸੜਦੀਆਂ ਲਾਸ਼ਾਂ ਨੂੰ ਆਪਣੇ ਹੀ ਘਰਾਂ ਦੇ ਸਿਰਨਾਵੇਂ ਭੁੱਲ ਗਏ ਸਨ।
ਹੱਸਦੇ ਵਸਦੇ ਘਰਾਂ ਦੇ ਜਾਏ ਲਾਵਾਰਿਸ ਲਾਸ਼ਾਂ ਬਣ ਗਏ ਸਨ। ਦੋਵੇਂ ਪਾਸੇ ਮਾਰਨ
ਵਾਲਿਆਂ ਦੀਆਂ ਤਰੱਕੀਆਂ ਹੁੰਦੀਆਂ ਸਨ। ਲੋਕ ਆਪਣੀਆਂ ਜਾਨਾਂ ਬਚਾਉਦੇ ਕਮਲੇ ਹੋਏ ਅੱਕ
ਫਲਾਹੀ ਹੱਥ ਮਾਰਦੇ ਮੁਹਾਜਰ ਬਣ ਸੁਰੱਖਿਅਤ ਪਨਾਹਾਂ ਭਾਲਦੇ ਫਿਰਦੇ ਸਨ। ਹੱਸਦੇ
ਗਾਉਦੇ ਪੰਜਾਬ ਨੂੰ ਨਜ਼ਰ ਲੱਗ ਗਈ ਸੀ।
ਕਾਬਲ ਕੰਧਾਰ ਤੱਕ ਰਾਜ ਕਰਨ ਵਾਲਾ
ਪੰਜਾਬ ਮਜਬੂਰ, ਲਾਚਾਰ ਤੇ ਏਨਾ ਬੇਵੱਸ ਕਿਉਂ ਹੋ ਗਿਆ ਸੀ? ਇਸ ਦਾ ਅਜੇ ਤੱਕ ਕਿਸੇ
ਨੇ ਵਿਸ਼ਲੇਸ਼ਣ ਨਹੀਂ ਕੀਤਾ। ਉਸ ਨੂੰ ਆਪਣਾ ਇਤਿਹਾਸ ਭੁੱਲ ਗਿਆ ਸੀ ਜਾਂ ਫਿਰ ਉਸ ਨੂੰ
ਇਤਿਹਾਸ ਭੁੱਲ ਜਾਣ ਲਈ ਪ੍ਰੇਰਿਆ ਜਾ ਰਿਹਾ ਸੀ? ਇਹ ਸਵਾਲ ਅਜੇ ਵੀ ਅਣਸੁਲਝੇ ਪਏ ਹਨ।
ਸਮਾਜ ਦੇ ਸਾਸ਼ਤਰ-ਅਚਾਰੀਆ ਚੁੱਪ ਸਨ। ਸਵਾ ਲੱਖ ਨਾਲ ਲੜਣ ਵਾਲਾ ਮਾਦਾ
ਕਿਧਰੇ ਗੁਆਚ ਗਿਆ ਸੀ? ਇਹ ਸਵਾਲ ਸਮੁੰਦਰ ਦੀਆਂ ਲਹਿਰਾਂ ਵਾਂਗ ਮਨਾਂ ਵਿਚ ਉਠਦੇ ਤੇ
ਮਨਾਂ ਵਿਚ ਹੀ ਗੁਆਚ ਰਹੇ ਸਨ। 'ਆਪਾਂ ਕੀ ਲੈਣਾ ' ਦੀ ਵਿਚਾਰਧਾਰਾ ਦਾ ਲੋਕਾਂ ਦੇ
ਮਨਾਂ ਵਿਚ ਭਰਤ ਪੈ ਗਿਆ ਸੀ। ਹਾਂ ਕੁੱਝ ਕੁ ਸਨ ਜਿਹੜੇ ਜੰਗ ਲੜਦੇ ਮਰ ਸਨ ਪਰ ਉਹ
ਜੰਗ ਕਿਸ ਲਈ ਲੜ ਰਹੇ ਸਨ? ਇਹ ਵੀ ਸਵਾਲ ਅਜੇ ਅਣਸੁਲਝਿਆ ਪਿਆ ਹੈ। ਅਜੇ ਕਈ 'ਹਰਿਓ
ਬੂਟ' ਜਿਉਦੇ ਜਾਗਦੇ ਸਨ, ਜਿਹੜੇ ਪੰਜਾਬ ਦੀ ਸੁਖ ਮੰਗਦੇ ਸਨ।
ਜੰਮਣਾ ਮਰਨਾ
ਕੁਦਰਤ ਦੇ ਵੱਸ ਹੈ ਪਰ ਮੌਤ ਦੇ ਬੂਹੇ 'ਤੇ ਖੁਦ ਜਾਣਾ ਪੰਜਾਬੀਆਂ ਨੂੰ ਵਿਰਸੇ ਵਿਚੋਂ
ਮਿਲਿਆ ਹੈ। ਚਾਂਦਨੀ ਚੌਂਕ ਦਾ ਸਾਕਾ ਉਨ੍ਹਾਂ ਨੂੰ ਯਾਦ ਸੀ, ਜਿਹੜੇ ਸ਼ਬਦ ਗੁਰੂ ਨਾਲ
ਧੁਰ ਤੋ ਜੁੜੇ ਹੋਏ ਹਨ। ਜਿਹੜੇ ਪੰਜਾਬ ਵਿਚ ਸ਼ਬਦ ਸੱਭਿਆਚਾਰ ਪੈਦਾ ਕਰਨ ਲਈ ਸ਼ਬਦ,
ਸੰਗੀਤ ਤੇ ਸੁਰ ਤਾਲ ਦਾ ਬੀਜ ਲੈ ਕੇ ਤੁਰੇ ਸਨ। ਇਸ ਮਕਤਲ ਤੱਕ ਜਾਣ ਦੀ ਪ੍ਰਥਾ ਨੂੰ
ਅੱਗੇ ਤੋਰਨ ਵਾਲਿਆਂ ਵਿਚ ਸ਼ਬਦ ਗੁਰੂ ਤੋਂ ਲੈ ਕੇ ਹੁਣ ਤੱਕ ਦੇ ਯੋਧਿਆਂ ਦੀ ਲੰਮੀ
ਕਤਾਰ ਹੈ। ਮਰਨ ਵਾਲਿਆਂ ਵਿਚ ਇਹ ਫਰਕ ਹੈ ਕਿ ਉਹਨਾਂ ਸ਼ਹਾਦਤ ਕਿਸ ਕਾਜ ਲਈ ਦਿੱਤੀ
ਹੈ? ਪਰ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਮਕਸਦ ਨਿੱਜੀ ਨਹੀਂ ਕੌਮੀ ਹੈ, ਲੋਕ
ਹਿੱਤਾਂ ਲਈ ਹੈ ਤਾਂ ਉਦੋਂ ਮੌਤ ਵੀ ਪਾਸਾ ਵੱਟ ਕੇ ਲੰਘ ਜਾਂਦੀ ਹੈ। ਉਦੋਂ ਕਈ ਵਾਰ
ਮੌਤ ਪਾਸਾ ਵੱਟ ਕੇ ਲੰਘਦੀ ਰਹੀ, ਇਸ ਨੂੰ ਕੀ ਸਮਝਿਆ ਜਾਵੇ? ਇਹ ਤਾਂ ਮਨੋਵਿਗਿਆਨੀ
ਹੀ ਦੱਸ ਸਕਦੇ ਹਨ। ਦਹਿਸ਼ਤ ਦੇ ਦਿਨਾਂ ਵਿਚ, ਬੰਦੂਕਾਂ ਦੇ ਸਾਏ ਹੇਠ
ਬਾਲਪ੍ਰੀਤ ਮਿਲਣੀ ਕਾਫ਼ਲਾ ਪੂਰੇ ਪੰਜ ਸਾਲ ਪੰਜਾਬ ਦੇ ਵਿਚ ਚਾਨਣ ਦਾ ਛਿੱਟਾ ਦੇਂਦਾ
ਰਿਹਾ। ਸ਼ਬਦ ਤੇ ਸੰਗੀਤ ਦੇ ਰਾਹੀ ਆਪਣੇ ਵਿਰਸੋ ਤੇ ਵਿਰਾਸਤ ਦੀ ਯਾਦ ਦਿਵਾਉਂਦਾ ਰਿਹਾ
ਹੈ। ਬੰਦੂਕਾਂ ਵਾਲਿਆਂ ਦੇ ਗੜੁ ਵਿਚ ਵੀ ਇਹ ਮੁਹੱਬਤ ਦਾ ਤੇ ਮਨੁੱਖਤਾ ਦਾ ਹੋਕਾ
ਦੇਂਦਾ ਰਿਹਾ ਹੈ। ਕਾਫਲਾ ਪਹਿਲਾਂ ਪੰਜਾਬ ਦੇ ਹਰ ਜਿਲਾ ਮੁਕਾਮ 'ਤੇ ਫਿਰ
ਇਕ ਇਕ ਜਿਲ੍ਹੇ ਵਿਚ ਗਿਆ। ਜੂਨ 1990 ਵਿਚ ਇਸ ਕਾਫਲੇ ਨੇ ਆਪਣਾ ਪਹਿਲਾ ਕਦਮ ਪ੍ਰੀਤ
ਨਗਰ, ਜਿਲਾ ਅੰਮ੍ਰਿਤਸਰ ਪ੍ਰੀਤਾਂ ਦੇ ਪਹਿਰੇਦਾਰ ਦੀ ਧਰਤੀ ਤੋਂ ਚੁੱਕਣਾ ਸੀ। ਪੰਜਾਬ
ਦੀ ਜੁਆਨੀ ਹੱਥਾਂ ਵਿਚ ਹਥਿਆਰ ਲਈ ਮੌਤਾਂ ਵੰਡ ਰਹੀ ਸੀ। ਧਮਕੀਆਂ ਭਰੇ ਖਤ ਤੇ ਫੋਨ
ਸਾਹ ਸੁਕਾ ਰਹੇ ਸਨ। ਤੁਰੀਏ ਨ ਤੁਰੀਏ ਤੇ ਕੀ ਕਰੀਏ ਦੀ ਵਿਚਾਰ ਚਰਚਾ ਹਰ ਰੋਜ਼ ਹੁੰਦੀ
ਸੀ। ਬੰਦੂਕਾਂ ਵਾਲਿਆਂ ਨੂੰ ਸ਼ਬਦ ਦੀ ਭਾਸ਼ਾ ਭੁੱਲ ਗਈ ਸੀ, ਉਨਾ ਸ਼ਬਦ ਗੁਰੂ ਵੱਲ ਪਿੱਠ
ਕਰ ਲਈ ਸੀ ਜਾਂ ਫਿਰ ਉਨ੍ਹਾਂ ਦਾ ਕੰਟਰੋਲ ਕਿਤੇ ਹੋਰ ਦੇ ਹੱਥ ਸੀ? ਉਸ ਸਮੇਂ ਤਾਂ ਇਹ
ਗਿਆਨ ਨਹੀਂ ਸੀ ਪਰ ਹੁਣ ਤਾਂ ਸਭ ਕੁੱਝ ਸਪਸ਼ਟ ਹੋ ਗਿਆ ਹੈ ਕਿ ਤਾਰ ਕਿਥੋਂ ਖੜਕਦੀ
ਸੀ।
ਪਰ ਪੰਜਾਬ ਨੂੰ ਅਜੇ ਵੀ ਸਮਝ ਨਹੀਂ ਲੱਗ ਰਹੀ ਕਿ ਉਸ ਦੇ ਨਾਲ ਇਹ ਧੱਕਾ
ਹੋਇਆ ਹੈ। ਸਿਆਸੀ ਲੋਕ ਅਜੇ ਵੀ ਇਥੇ ਅੱਗਾਂ ਲਾਉਣ ਨੂੰ ਪੱਬਾਂ ਭਾਰ ਹੋਏ ਫਿਰਦੇ ਹਨ।
ਸਿਆਸੀ ਆਗੂ ਜਿਹੜੇ ਹੁਣ ਚੋਧਰੀ ਬਣੇ ਫਿਰਦੇ ਹਨ ਪਰ ਉਸ ਸਮੇਂ ਅੱਖ ਵਿਚ ਪਾਏ ਵੀ
ਰੜਕੇ ਨਹੀਂ। ਹੁਣ ਗਿੱਦੜ ਭੱਬਕੀਆਂ ਜਿੰਨੀਆਂ ਮਰਜ਼ੀ ਮਾਰੀ ਜਾਣ। ਹੁਣ ਲੋਕ ਉਨਾ ਦੀਆਂ
ਗੱਲਾਂ ਵਿਚ ਨਹੀਂ ਆ ਰਹੇ। ਖੈਰ, ਆਪਾਂ ਕੀ ਲੈਣਾ ਏ। ਉਹ ਆਪਣਾ ਹੀ ਬੀਜਿਆ ਵੱਢ ਰਹੇ
ਹਨ। ਇਸ ਕਾਫਲੇ ਵਿਚ ਮੁੱਖ ਤੌਰ 'ਤੇ ਡਾ. ਰਮਾ ਰਤਨ, ਡਾ. ਬ. ਸ. ਰਤਨ,
ਗੁਰਸ਼ਰਨ ਭਾਅ ਜੀ, ਹਿਰਦੇਪਾਲ ਸਿੰਘ, ਪਰਵੀਨ ਕੌਰ, ਅਮਰਜੀਤ ਕੌਰ, ਡਾ. ਕੰਵਲਜੀਤ ਕੌਰ
ਢਿੱਲੋਂ, ਹਰਲੀਨ ਕੋਹਲੀ, ਕਮਲਜੀਤ ਸਿੰਘ ਨੀਲੋਂ, ਬੁੱਧ ਸਿੰਘ ਨੀਲੋਂ, ਕੇਵਲ
ਧਾਲੀਵਾਲ, ਹਰਮੀਤ ਵਿਦਿਆਰਥੀ, ਡਾ. ਬਲਦੇਵ ਸਿੰਘ ਬੱਦਨ, ਮਿਸਰਦੀਪ ਭਾਟੀਆ, ਮਦਨ
ਵੀਰਾ, ਟੋਨੀ ਬਾਤਿਸ਼, ਮਰਕਸ ਪਾਲ, ਲਲਿਤ ਬਾਵਾ, ਆਸ਼ਾ ਸਕਲਾਨੀ, ਸੁਰਿੰਦਰ ਚੱਕੀਪੱਖੀ,
ਦੇਸ ਰਾਜ ਛਾਜਲੀ, ਜਸਵਿੰਦਰ ਸੁੱਖੀ, ਬਲਜਿੰਦਰ ਮਾਨ, ਧਰਮ ਸਿੰਘ, ਪਰਵਿੰਦਰ ਰਤਨ,
ਦਲਜਿੰਦਰ ਕੌਰ, ਸੁਰਿੰਦਰ, ਬਲਜੀਤ ਕੌਰ ਨੀਲੋਂ, ਮਾਹਿਲਪੁਰ, ਖੰਨਾ, ਅੰਮ੍ਰਿਤਸਰ ਦੇ
ਸਕੂਲਾਂ ਦੇ ਵਿਦਿਆਰਥੀ, ਕਲਾਕਾਰ ਤੇ ਸਰਕਾਰੀ, ਗੈਰ ਸਰਕਾਰੀ ਪ੍ਰਕਾਸ਼ਕ ਸ਼ਾਮਿਲ ਸਨ।
ਕਾਫ਼ਲਾ ਸ਼ਬਦ-ਸੰਗੀਤ ਤੇ ਕਿਤਾਬਾਂ ਦੇ ਨਾਲ ਤੁਰਿਆ ਸੀ। ਕਾਫ਼ਲੇ ਦੀ ਸਮੁੱਚੀ
ਵਿਚਾਰਧਾਰਾ ਨੂੰ ਕਮਲਜੀਤ ਨੀਲੋਂ ਨੇ ਗੀਤਾਂ ਦੇ ਰਾਹੀ ਮਣਕਿਆਂ ਦੇ ਵਿਚ ਪਰੋ ਕੇ
ਬੱਚਿਆਂ ਦੀ ਮੱਦਦ ਦੇ ਨਾਲ ਇਕ ਮਾਲਾ ਵਿਚ ਪਰੋ ਦਿੱਤਾ ਸੀ। ਸੰਗੀਤ 'ਤੇ ਸਾਥ ਦੇ ਲਈ
ਕ੍ਰਿਸ਼ਨ ਲਾਲ ਬੱਗਾ, ਜੀਲਾ, ਨੀਲਾ ਤੇ ਧਰਮ ਸਿੰਘ ਸਨ। ਭਾਵੇਂ ਹਰ ਸਾਲ ਨਵੇਂ ਲੋਕ
ਜੁੜਦੇ ਤੇ ਕਿਰਦੇ ਗਏ। ਪਰ ਕਾਫਲੇ ਦੀ ਟੀਮ ਪੰਜ ਸਾਲ ਸਿਰ ਸੁਟ ਕੇ ਨਾਲ ਤੁਰਦੀ ਰਹੀ।
ਉਦੋਂ ਮਨਾਂ ਵਿਚ ਡਰ ਵੀ ਸੀ ਤੇ ਨਹੀਂ ਵੀ। ਪੰਜਾਬ ਤਾਂ ਦੋ ਪੁੜਾਂ ਹੇਠ ਪਿਸ
ਰਿਹਾ ਅਸੀਂ ਵੀ ਪਿਸਣ ਦੇ ਲਈ ਤੁਰੇ ਸੀ ਕਿ ਮਰਨਾ ਤਾਂ ਇਕ ਹੀ ਦਿਨ ਹੈ। ਚੰਗੇ ਕਾਜ
ਲਈ ਮਰਾਂਗੇ ਦੇਖੀ ਜਾਊ ਕਾਫ਼ਲਾ ਰੋਕਣਾ ਨਹੀਂ। ਦੋਵੇ ਪਾਸੇ ਪੰਜਾਬੀ ਮਰ ਰਹੇ ਸਨ।
ਦੋਵੇ ਧਿਰਾਂ ਆਪਣੀ–ਆਪਣੀ ਹਿੱਕ ਥਾਪੜ ਰਹੀਆਂ ਸਨ। ਭਰਮ ਦੀ ਫ਼ਸਲ ਬੀਜੀ ਜਾ ਰਹੀ ਸੀ।
ਥਾਣਿਆਂ ਤੇ ਮੜ੍ਹੀਆਂ ਵਿਚ ਲੋਕ ਬੇਵਸੀ ਦੇ ਹੰਝੂ ਵਹਾਅ ਰਹੇ ਸਨ। ਕਿਸੇ ਦੀ ਕਿਤੇ ਵੀ
ਕੋਈ ਸੁਣਵਾਈ ਨਹੀਂ ਸੀ। ਡਰ ਦੇ ਨਾਲ ਘਰਾਂ ਦੀਆਂ ਜੁੜੀਆਂ ਕੰਧਾਂ ਵੀ ਹਉਕੇ ਭਰਦੀਆਂ
ਘਰਦੇ ਜੀਆਂ ਦੀ ਖੈਰ ਮੰਗਦੀਆਂ ਸਨ। ਪਰ ਖੈਰ 'ਚ ਹੰਝੂ ਪੈਂਦੇ ਸਨ।
ਕਾਫ਼ਲੇ
ਦੀ ਤਿਆਰੀ ਸਾਲ ਪਹਿਲਾਂ ਸ਼ੁਰੂ ਕਰ ਲਈ ਸੀ। ਸਕੂਲਾਂ ਵਿਚ ਸਾਹਿਤ ਦੀ ਹਰ ਵੰਨਗੀ ਦੇ
ਮੁਕਾਬਲੇ ਕਰਵਾ ਲਏ ਸਨ। ਹੁਣ ਤਾਂ ਵਿਦਿਆਰਥੀਆਂ ਨੂੰ ਇਨਾਮ ਵੰਡਣੇ ਸਨ ਤੇ ਕਿਤਾਬਾਂ
ਦੇ ਇਹ ਇਨਾਮ ਸਨ। ਜੇਤੂ ਵਿਦਿਆਰਥੀਆਂ ਨੂੰ ਕੂਪਨ ਦੇਣੇ ਸੀ ਉਨਾ ਨੇ ਆਪਣੀ ਮਰਜ਼ੀ
ਦੀਆਂ ਕਿਤਾਬਾਂ ਲੈਣੀਆਂ ਸਨ। ਗੀਤ ਸੰਗੀਤ ਦਾ ਆਨੰਦ ਲੈਣਾ ਸੀ। ਕਾਫ਼ਲੇ ਤੇ ਸਥਾਨਕ
ਲੋਕ ਤਾਂ ਪ੍ਰਬੰਧਕ ਸਨ।
ਕਾਫ਼ਲੇ ਵਾਲੇ ਇਕ ਦਿਨ ਪਹਿਲਾਂ ਪ੍ਰੀਤ ਨਗਰ ਪੁੱਜ
ਗਏ। ਉਥੇ ਵੀ ਧਮਕੀਆਂ ਦੇ ਖਤਾਂ ਦੀ ਮੋਟੀ ਫਾਈਲ ਬਣ ਗਈ ਸੀ। ਪਰ ਬੱਚਿਆਂ,
ਅਧਿਆਪਕਾਂ, ਸਥਾਨਕ ਪ੍ਰਬੰਧਕਾਂ ਤੇ ਲੋਕਾਂ ਵਿਚ ਪੂਰਾ ਉਤਸ਼ਾਹ, ਜਜ਼ਬਾ, ਲਗਨ, ਹਿੰਮਤ,
ਦਲੇਰੀ ਤੇ ਕੁਝ ਕਰਨ ਦਾ ਚਾਅ ਸੀ। ਕਿਵੇਂ ਪੰਜ ਵਰ੍ਹੇ ਲੰਘੇ, ਕਿਵੇਂ ਖੱਜਲ ਖੁਆਰ
ਹੋਏ ਪਰ ਕਾਫ਼ਲਾ ਆਪਣੀ ਮੰਜ਼ਿਲ ਵਧਦਾ ਹੀ ਗਿਆ। ਪ੍ਰੀਤ ਨਗਰ ਵਿਚ ਹਿਰਦੇਪਾਲ ਸਿੰਘ ਦਾ
ਪਰਿਵਾਰ ਕਾਫ਼ਲੇ ਨੂੰ ਨਾ ਤੋਰਨ ਦੀਆਂ ਦਲੀਲਾਂ ਦੇ ਰਿਹਾ ਸੀ, ਕਿ ਉਹ ਤਾਂ ਪਹਿਲਾਂ
ਸੁਮੀਤ ਸਿੰਘ ਨੂੰ ਗੁਆ ਬੈਠੇ ਸਨ। ਸਾਡੀਆਂ ਦਲੀਲਾਂ ਨੇ ਉਨਾਂ ਨੂੰ ਹੌਸਲਾ ਦਿੱਤਾ।
ਦੂਜੇ ਦਿਨ ਜਿਉ ਹੀ ਦਿਨ ਚੜਿਆ ਪ੍ਰੀਤ ਨਗਰ ਵਿਚ ਤਿੱਲ ਸੁਟਣ ਜੋਗੀ ਥਾਂ ਨਾ ਬਚੀ।
ਚਾਰੇ ਹੀ ਪਾਸੇ ਲੋਕਾਂ ਦਾ ਹੜ੍ਹ ਆ ਗਿਆ। ਵਿਦਿਆਰਥਣ ਦੀਆਂ ਚਿੱਟੀਆਂ ਚੁੰਨੀਆਂ ਕਿਸੇ
ਸੋਗ ਦਾ ਦ੍ਰਿਸ਼ ਲੱਗ ਰਹੀਆਂ ਸਨ। ਜਿਉ ਹੀ ਕਾਫ਼ਲਾ ਤੁਰਿਆ ਅਸਮਾਨ ਬੱਚਿਆਂ ਦੇ
ਨਾਅਰਿਆਂ ਦੇ ਨਾਲ ਗੂੰਜਣ ਲੱਗਾ।
'ਪਾਪਾ ਨਾ ਤੁਸੀਂ ਪੀਓ ਸ਼ਰਾਬ, ਮੈਨੂੰ ਲੈ
ਦਿਓ ਇੱਕ ਕਿਤਾਬ' 'ਪੁਸਤਕ ਸੱਭਿਆਚਾਰ ਆਏਗਾ, ਹੱਸਦਾ ਪੰਜਾਬ ਮੋੜ
ਲਿਆਏਗਾ'
ਸਥਾਨਕ ਸਕੂਲ ਵਿੱਚ ਸਮਾਗਮ ਹੋਣਾ ਸੀ। ਸਟੇਜ ਉਤੇ ਹਜ਼ਾਰਾ ਸਿੰਘ
ਆਜੜੀ ਸੀ, ਜਿਹੜੇ ਬਹੁਤ ਹੀ ਉਤਸ਼ਾਹ ਦੇ ਨਾਲ ਨਾਅਰੇ ਲਵਾ ਰਹੇ ਸਨ। ਪੰਡਾਲ ਵਿਚ
ਪੁੱਜਦਿਆਂ ਹੀ ਡਾ. ਬ. ਸ. ਰਤਨ ਤੇ ਡਾ. ਰਮਾ ਨੇ ਕਾਫ਼ਲੇ ਦੇ ਮਕਸਦ ਬਾਰੇ ਵਿਸਥਾਰ
ਵਿਚ ਤਕਰੀਰ ਕੀਤੀ। ਜਿਉ ਹੀ ਕਮਲਜੀਤ ਨੀਲੋਂ ਤੇ ਬੱਚਿਆਂ ਨੇ ਸਟੇਜ ਸੰਭਾਲੀ ਤਾਂ ਗੀਤ
ਦੇ ਬੋਲ ਗੂੰਜੇ-
"ਆਏ ਨੇ ਕਾਫਲੇ ਵਾਲੇ ਕਿਤਾਬਾਂ ਨਾਲ ਲਿਆਏ ਨੇ, ਆਓ ਬੱਚਿਓ ਭੱਜ ਕੇ
ਕਿਤਾਬਾਂ ਨੇ ਬੁਲਾਉਂਦੀਆਂ।" ਦੋ ਘੰਟੇ ਕਿਵੇਂ ਲੰਘ ਗਏ ਪਤਾ ਹੀ ਨਾ ਲੱਗਾ।
ਚਾਰੇ ਪਾਸੇ ਭਾਵੇਂ ਪੁਲਸ ਦਾ ਪਹਿਰਾ ਸੀ ਪਰ ਧਮਾਕੇ ਦਾ ਡਰ ਸੀ। ਪਰ ਕੁਝ ਵੀ ਨਾ
ਹੋਇਆ। ਪ੍ਰੋਗ਼੍ਰਾਮ ਖਤਮ ਹੋਣ ਵੇਲੇ ਦਾ ਗੀਤ 'ਚੰਗਾ ਤਾਰਿਓ ਆਪਾਂ ਫੇਰ ਵੀ ਮਿਲਾਂਗੇ
'ਤੋਂ ਬਾਅਦ ਸਭ ਘਰਾਂ ਨੂੰ ਪਰਤ ਗਏ। ਅਸੀਂ ਜੰਗ ਜਿੱਤ ਕੇ ਜਰਨੈਲ ਵਾਂਗ ਹਿੱਕ ਤਾਣ
ਕੇ ਤੁਰ ਰਹੇ ਸੀ। ਧਮਕੀਆਂ ਦੇਣ ਵਾਲੇ ਚੁੱਪ ਸਨ। ਰਾਤ ਫੇਰ ਇਥੇ ਹੀ ਰੁਕਣਾ ਸੀ, ਡਰ
ਅਜੇ ਸੀ ਪਰ ਘੱਟ ਸੀ। ਰਾਤ ਦਾ ਡਰ ਸੀ। ਹਮਲਾ ਰਾਤ ਨੂੰ ਵੀ ਹੋ ਸਕਦਾ ਪਰ ਸਭ ਨੂੰ
ਸੁਚੇਤ ਰਹਿਣ ਦਾ ਪਾਠ ਤਾਂ ਇੱਕ ਦਿਨ ਪਹਿਲਾਂ ਹੀ ਪੜ੍ਹਾ ਦਿੱਤਾ ਸੀ। ਮੁੱਢੀਰ ਤਾਂ
ਖੌਰੂ ਪਾ ਰਹੀ ਸੀ। ਜਿੱਤ ਦਾ ਜਸ਼ਨ ਸੀ। ਜਿਸ ਥਾਂ ਅਸੀਂ ਠਹਿਰੇ ਸੀ, ਸਾਡੇ ਨਾਲ ਕਈ
ਪੰਜਾਬ ਤੋਂ ਬਾਹਰ ਦੇ ਕਲਾਕਾਰ ਵੀ ਸਨ।
ਮਹਾਂਭਾਰਤ ਸੀਰੀਅਲ ਵਿਚ
ਹਰ ਹਰ ਮਹਾਂਦੇਵ ਦਾ ਨਾਅਰਾ ਦੇਣ ਵਾਲਾ ਕਲਾਕਾਰ ਸੀ ਜਿਸ ਦੀ ਆਵਾਜ਼ ਵਿਚ ਹਜ਼ਾਰਾਂ ਦੀ
ਆਵਾਜ਼ ਦਾ ਭੁਲੇਖਾ ਪੈਂਦਾ ਸੀ। ਪਰ ਉਸ ਦਿਨ ਏ ਨਾਅਰਾ ਤਾਂ ਨਹੀਂ ਸੀ ਲਗਾਇਆ ਪਰ ਉਸ
ਨੇ ਆਪਣੀ ਆਵਾਜ਼ ਦਾ ਜਾਦੂ ਜਰੂਰ ਬਖੇਰਿਆ ਸੀ। ਜਦੋਂ ਉਹ ਸਟੇਜ ਤੇ ਹੁੰਦਾ ਤਾਂ ਇੰਜ
ਲਗਦਾ ਕਈ ਹਜ਼ਾਰਾਂ ਦੀ ਆਵਾਜ਼ ਹੈ। ਰਾਤ 12 ਕੁ ਵਜੇ ਤੱਕ ਲਾਈਟ ਆਈ ਨਹੀਂ
ਸੀ, ਗਰਮੀ ਨੇ ਜਾਨ ਕੱਢੀ ਪਈ ਸੀ। ਅਸੀਂ ਅੰਦਰੋਂ ਜਾਲੀ ਵਾਲਾ ਕੁੰਡਾ ਲਾ ਕੇ ਪਏ ਸੀ
ਤਾਂ ਅਚਾਨਕ ਦਰਵਾਜ਼ੇ 'ਤੇ ਜੋਰ ਦੀ ਪਈ ਲਾਈਟ ਨੇ ਸਾਰਿਆਂ ਦੇ ਸਾਹ ਸੁਕਾ ਦਿੱਤੇ,
ਦਰਵਾਜ਼ੇ ਦੇ ਨਾਲ ਮੈਂ ਤੇ ਬੱਗਾ ਪਏ ਸੀ। ਬਾਹਰੋਂ ਕਾਫੀ ਲੋਕਾਂ ਦੀਆਂ ਆਵਾਜ਼ਾਂ ਆ
ਰਹੀਆਂ ਸਨ;
'ਭਾਅ ਮੈਂ ਮੁਖਾ ਆਂ, ਨੀਲੋਂ ਏਥੇ ਜੇ? ਬਾਹਰੋਂ ਆਵਾਜ਼ ਆਈ।
'ਨਹੀਂ'। ਬੱਗਾ ਮਸਾਂ ਹੀ ਬੋਲਿਆ ਸੀ। ਮੈਂ ਚੁੱਪ ਸੀ। 'ਬੁੱਧ ਸਿਆਂ ਸਿਆਣਦਾ ਕਿਉਂ ਨਹੀਂ।' ਉਸ ਨੇ ਮੇਰਾ ਲੈ ਕੇ ਉਚੀ
ਦੇਣੇ ਕਿਹਾ। ਮੈਂ ਕੁਝ ਬੋਲਦਾ ਤਾਂ ਬੱਗਾ ਬੋਲਿਆ 'ਪਹਿਲਾਂ ਆਹ ਲਾਈਟ ਬੰਦ ਕਰ।'
'ਸੌਂ ਜਾ ਬੱਬੂਆ ਵਾਲਾ ਨੀਲੋਂ ਕਿਥੇ ਜੇ'? ' ਉਹ ਤਾਂ ਦੂਜੇ ਪਾਸੇ ਕੋਠੀ 'ਚ ਪਿਆ
ਏ।' 'ਦਾਰ ਜੀ ਆਂਹਦੇ ਏਥੇ ਆ, ਤੁਸੀਂ ਆਂਹਦੇ ਹੋ ਏਥੇ ਨਹੀਂ, ਮੇਰੇ ਨਾਲ ਪਿੰਡ
ਦੀਆਂ ਔਰਤਾਂ ਨੇ ਜਿਹੜੀਆਂ ਕੱਲ ਦੀਆਂ ਲੰਗਰ ਬਣਾ ਰਹੀਆਂ ਨੇ ਉਹਨਾਂ ਨੇ ਨੀਲੋਂ ਨੂੰ
ਸੁਣਨਾ ਜੇ'। ਬਾਹਰੋਂ ਆਵਾਜ਼ ਆਈ।
ਕਮਲਜੀਤ ਵੀ ਨੇੜੇ ਆ ਗਿਆ, ਬਸ ਫੇਰ ਕੀ
ਅੱਧੀ ਰਾਤ ਨੂੰ ਨੀਲੋਂ ਨੇ ਆਪਣੀ ਡਫ਼ਲੀ ਨਾਲ ਕਈ ਗੀਤ ਸੁਣਾਏ। ਉਹ ਤਾੜੀਆਂ ਮਾਰ ਕੇ
ਘਰਾਂ ਨੂੰ ਚਲੇ ਗਏ। ਪਰ ਅਸੀਂ ਇੱਕ ਦੂਜੇ ਨੂੰ ਬੋਲਦੇ ਰਹੇ। ਨੀਂਦ ਕਿੱਥੇ ਆਉਣੀ ਸੀ।
ਡਰ ਵੀ ਲੱਗ ਰਿਹਾ ਸੀ। ਕਦੇ ਦੂਰੋਂ ਗੋਲੀਆਂ ਤੇ ਕੁੱਤਿਆਂ ਦੀ ਆਵਾਜ਼ ਇਸ ਡਰ ਨੂੰ ਹੋਰ
ਵੀ ਸੰਘਣਾ ਕਰਦੀ ਸੀ। ਹੁੰਮਸ ਵੀ ਬਹੁਤ ਸੀ। ਨੀਂਦ ਖੰਭ ਲਾ ਕੇ ਉਡ ਗਈ ਸੀ।
'ਯਾਰ ਤੇਰੇ ਬੱਬੂਏ ਨੇ ਜਰੂਰ ਮਰਾ ਦੇਣੇ ਆ'। ਬੱਗਾ ਗੁੱਸੇ ਨਾਲ ਬੋਲਿਆ। ਫੇਰ
ਸਾਰਿਆਂ ਨੂੰ ਪੈ ਜਾਣ ਲਈ ਬੱਗੇ ਨੇ ਕਿਹਾ। ਕਈ ਤਾਂ ਡਰਦੇ ਬਿਸਤਰਿਆਂ 'ਤੇ ਪਏ ਹੱਸੀ
ਜਾਣ। ਪਲ ਪਲ ਸਾਲ ਵਾਂਗ ਲੰਘ ਰਿਹਾ ਸੀ। 'ਭਾਅ ਕੀ ਟੈਮ ਹੋਇਆ'?
'ਨਾ ਤੈਂ ਬਰਾਤੇ ਜਾਣੈਂ?' 'ਬਰਾਤੇ ਤਾਂ ਨੀ
ਜਾਣਾ ਲੱਗਦਾ ਸਵੇਰ ਤੱਕ ............... ।'
ਸਾਰੇ ਜਣੇ ਹੱਸਣ ਲੱਗੇ
ਅੰਦਰੋ ਵੀ ਹਾਸੇ ਦੀਆਂ ਆਵਾਜ਼ਾਂ ਆਈਆਂ। ਏ ਕੌਣ ਸੀ ਪਤਾ ਨੀ ਲੱਗਾ। ਰਾਤ ਪਲ ਪਲ ਜੂੰ
ਵਾਂਗ ਸਰਕ ਰਹੀ ਸੀ। ਫੇਰ ਪੈੜ ਚਾਲ ਦੀ ਆਵਾਜ਼ ਆਉਣ ਲੱਗੀ, ਸਾਰੇ ਸਾਹ ਰੋਕ ਕੇ ਪੈ
ਗਏ। ਹੌਲੀ-ਹੌਲੀ ਆਵਾਜ਼ ਨੇੜੇ ਆ ਰਹੀ ਸੀ। ਥੋੜੀ ਦੇਰ ਬਾਅਦ ਜਮਾਂ ਹੀ ਦਰਾਂ ਮੂਹਰੇ
ਦੀ ਲੰਘ ਗਈ। ਪਰ ਸਾਰਿਆਂ ਦੇ ਸਾਹ ਸੂਤੇ ਗਏ। ਅਸੀਂ ਵੀ ਦਰਾਂ ਤੋਂ ਪਰੇ ਹੋ ਗਏ ਪਰ
ਕੰਨ ਬਾਹਰ ਸਨ। ਬਾਹਰ ਇੱਕ ਡੰਗਰ ਸਣੇ ਸੰਗਲ ਲੰਘ ਗਿਆ। ਸਾਰੇ ਉਚੀ ਉਚੀ ਹੱਸਣ ਲੱਗੇ।
ਉਦੋਂ ਤੱਕ ਪਾਠੀ ਬੋਲਣ ਲੱਗ ਗਏ ਸੀ। ਸਾਡੇ ਵਿੱਚੋਂ ਕਿਸੇ ਦੀ ਸਾਰੀ ਰਾਤ ਅੱਖ ਨਾ
ਲੱਗੀ। ਜਿਉਂ ਹੀ ਦਿਨ ਚੜਿਆ ਜਾਣ ਦੀ ਤਿਆਰੀ ਹੋ ਗਈ। ਫੇਰ ਸਾਰੇ ਦਿਨ ਉਸ ਰਾਤ ਦੀ
ਚਰਚਾ ਹੁੰਦੀ ਰਹੀ। ਸਾਰੇ ਹੱਸ ਹੱਸ ਦੂਹਰੇ ਹੁੰਦੇ ਰਹੇ।
ਦਹਿਸ਼ਤ ਦੇ ਦਿਨਾਂ
ਵਿਚ ਮੌਤ ਵੱਲ ਤੁਰਨ ਦਾ ਨਜ਼ਾਰਾ ਹੀ ਹੋਰ ਸੀ। ਪਰ ਅਸੀਂ 'ਪਾਸ਼' ਦੀ ਕਵਿਤਾ 'ਅਸੀਂ
ਲੜਾਂਗੇ ਸਾਥੀ ' ਵਾਂਗ ਲੜਾਈ ਲੜੀ। ਸ਼ਬਦ-ਸੰਗੀਤ ਤੇ ਕਲਮ ਦੀ ਤਾਕਤ ਹਥਿਆਰਾਂ 'ਤੇ
ਭਾਰੂ ਪਈ। ਉਨਾ ਇਹ ਗੱਲ ਮੰਨੀ ਕਿ ਤੁਸੀਂ ਠੀਕ ਦਿਸ਼ਾ ਵੱਲ ਤੁਰ ਰਹੇ ਹੋ। ਅਸੀਂ
ਪ੍ਰੀਤ ਨਗਰ ਵਿਚ ਕਾਫ਼ਲੇ ਨੂੰ ਰੋਕਣ ਦਾ ਪੂਰਾ ਪ੍ਰੁਬੰਧ ਕਰ ਲਿਆ ਸੀ ਪਰ ਹਿੰਮਤ ਨਹੀਂ
ਪਈ ਕਿ ਅਸੀਂ ਗੋਲੀਆਂ ਚਲਾਈਏ, ਧਮਾਕਾ ਕਰੀਏ। ਉਨ੍ਹਾਂ ਨੇ ਵੀ ਮੰਨਿਆ ਕਿ ਤੁਸੀਂ ਤਾਂ
ਗੀਤ ਸੰਗੀਤ ਦੇ ਰਾਹੀਂ ਲੋਕਾਂ ਦੀ ਮਰ ਗਈ ਚੇਤਨਾ ਤੇ ਸੰਵੇਦਨਾ ਨੂੰ ਜਗਾ ਰਹੇ ਹੋ।
ਲੋਕ ਸ਼ਬਦ ਗੁਰੂ ਦੇ ਵੱਲ ਪਿੱਠ ਕਰੀ ਖੜੇ ਹਨ।
ਕਾਫ਼ਲਾ ਪੰਜ ਵਰ੍ਹੇ ਤੁਰਦਾ
ਰਿਹਾ ਪਰ ਕੁਝ ਸਵਾਲ ਵੀ ਛੱਡ ਗਿਆ। ਪੰਜ ਵਰ੍ਹੇ ਸੰਗੀਨਾਂ ਦੀ ਨੋਕ 'ਤੇ ਕਾਫ਼ਲਾ
ਪੰਜਾਬ ਦੀ ਧਰਤੀ 'ਤੇ ਚਾਨਣ ਦੇ ਬੀਜ ਵਖੋਰਦਾ ਰਿਹਾ। ਇਹ ਵੀ ਸੱਚ ਹੈ ਪੰਜਾਬ ਦੇ
ਚੱਪੇ-ਚੱਪੇ 'ਤੇ ਬਿਨਾਂ ਕਿਸੇ ਡਰ ਭੈਅ ਦੇ ਸਫ਼ਰ ਕਰਦੇ ਰਹੇ। ਕਿੰਨੇ ਮਿਲੇ ਤੇ ਕਿੰਨੇ
ਵਿੱਛੜੇ ਇਸ ਦਾ ਹਿਸਾਬ ਕਦੇ ਫੇਰ ਕਰਾਂਗਾ। ਪੰਜਾਬ ਦੇ ਵਿਚ ਤੁਰੀ ਇਹ ਆਪਣੀ ਹੀ ਕਿਸਮ
ਦੀ ਵੱਖਰੀ ਲਹਿਰ ਸੀ ਜਿਸ ਇਸ ਫਿਰਕੂ ਮਾਹੌਲ ਵਿਚ ਸ਼ਾਂਤੀ ਦੇ ਬੀਜ, ਬੀਜੇ ਜਿਹੜੇ
ਸਟੇਟ ਨੂੰ ਤਾਂ ਸਮਝ ਆ ਗਏ ਪਰ ਲੋਕਾਂ ਨੂੰ ਅਜੇ ਤੱਕ ਸਮਝ ਨਹੀਂ ਆਏ। ਬਾਅਦ
ਵਿਚ ਸਟੇਟ ਨੇ ਇਹ ਗੱਲ ਸਵੀਕਾਰੀ ਕਿ ਗੋਲੀ ਦਾ ਜਵਾਬ ਗੋਲੀ ਨਹੀਂ ਹੁੰਦਾ।
ਬਾਅਦ ਵਿੱਚ ਸਰਕਾਰ ਬਣੀ ਤੇ ਪੰਜਾਬ ਦੇ ਲੋਕਾਂ ਨੂੰ ਘਰਾਂ ਵਿਚੋਂ ਕੱਢਣ ਲਈ
ਸੱਭਿਆਚਾਰਕ ਪ੍ਰੋਗ੍ਰਾਮ ਕਰਵਾਏ।
ਲੋਕ ਕਿਉਂ ਪੁਸਤਕ ਸੱਭਿਆਚਾਰ ਵੱਲ ਪਿੱਠ
ਕਰ ਖੜੇ ਗਏ ਹਨ?
ਸਾਧਨ ਵਾਲੇ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ
ਹਨ ਪਰ ਸਾਧਨਹੀਨ ਲੋਕ ਪਲ-ਪਲ ਮਰ ਰਹੇ ਹਨ। ਗੰਦੀ ਸਿਆਸਤ ਨੇ ਲੋਕਾਂ ਨੂੰ ਵੋਟਾਂ ਬਣਾ
ਕੇ ਰੱਖ ਦਿੱਤਾ ਹੈ। ਚੇਤਨਾ ਜਗਾਉਣ ਵਾਲੇ ਸੱਤਾ ਦੇ ਦਲਾਲ ਬਣਕੇ ਆਪਣੀਆਂ ਜ਼ਮੀਰਾਂ ਦੇ
ਸੌਦੇ ਕਰ ਰਹੇ ਹਨ। ਕੀ ਲੋਕ ਸਾਹਿਤ ਨੂੰ ਭੁੱਲ ਗਏ ਹਨ? ਨਹੀਂ ਪਰ ਸਾਹਿਤਕਾਰ ਹੀ ਲੋਕ
ਹਿਤੈਸ਼ੀ ਲਿਖਣਾ ਛੱਡ ਕੇ ਦੇਹ ਦਾ ਗੁਣਗਾਨ ਕਰ ਰਹੇ ਹਨ।
ਕਾਲੇ ਦਿਨਾਂ ਦੇ
ਵਿਚ ਅਸੀਂ ਕਾਫ਼ਲਾ ਤੋਰਣ ਵਾਲੇ ਤਾਂ ਮੁੱਠੀ ਭਰ ਸੀ ਤੇ ਕਾਫ਼ਲੇ ਨੇ ਲੋਕਾਂ ਸਾਹਿਤ ਤੇ
ਗੀਤ- ਸੰਗੀਤ ਦੇ ਨਾਲ ਜੋੜਿਆ ਸੀ ਪਰ ਕਾਫਲੇ ਦੀ ਲਹਿਰ ਨੂੰ ਬੂਰ ਨਹੀਂ ਪਿਆ। ਪੰਜਾਬ
ਵਿਚ ਪੁਸਤਕ ਸੱਭਿਆਚਾਰ ਨੀ ਪੈਦਾ ਹੋ ਸਕਿਆ। ਦੂਜੇ ਪਾਸੇ ਹੁਣ ਤਾਂ ਅੱਤਵਾਦ ਦੇ
ਸਿਰਜਕਾਂ ਤੇ ਪ੍ਰਬੰਧਕਾਂ ਦਾ ਪਰਦਾ ਖੁੱਲ ਗਿਆ ਹੈ। ਅਸੀਂ ਉਨ੍ਹਾਂ ਦਿਨਾਂ ਵਿਚ ਵੀ
ਚਾਨਣ ਦਾ ਹੋਕਾ ਦਿੰਦੇ ਰਹੇ ਜਦੋਂ ਦਿਨ ਵੇਲੇ ਹੀ ਪੰਜਾਬ ਦੇ ਵਿਚ ਰਾਤ ਪੈ ਜਾਂਦੀ
ਸੀ। ਉਦੋਂ ਸਿਰਾਂ ਤੇ ਕੱਫਨ ਬੰਨ੍ਹ ਕੇ ਤੁਰਨ ਦਾ ਸਾਨੂੰ ਜਨੂੰਨ ਸੀ ਜਾਂ ਸਾਡੀ ਅਜੇ
ਮੌਤ ਦੂਰ ਸੀ। ਇਹ ਤਾਂ ਪਤਾ ਨਹੀਂ ਪਰ ਮੌਤ ਦੇ ਸਾਏ ਹੇਠ ਕੱਟੇ ਪਲ- ਪਲ ਯਾਦ ਹਨ।
ਹੁਣ ਜਦੋਂ ਉਨਾਂ ਪਲਾਂ ਨੂੰ ਯਾਦ ਕਰਦਾ ਤਾਂ ਬਹੁਤ ਕੁਝ ਮਨ ਦੀ ਕੈਨਵਸ ਤੇ ਆ ਰਿਹਾ।
ਪਰ ਹੁਣ ਇਹ ਵੀ ਲਗਦਾ ਕਿ ਅਸੀਂ ਪਾਗਲ ਸੀ। ਸਾਡਾ ਇਹ ਪਾਗ਼ਲਪਣ ਕਿਸ ਕਿਸ ਨੂੰ ਰਾਸ
ਆਇਆ, ਕਿਸ ਕਿਸ ਨੇ ਰਸ ਗੁਆਇਆ, ਇਹ ਤਾਂ ਉਹ ਹੀ ਜਾਣਦੇ ਹਨ। ਪਰ ਇਹ ਜ਼ਿੰਦਗੀ ਦੇ
ਅਭੁੱਲ ਸੁਨਹਿਰੀ ਦਿਨ ਸਨ।
ਬੁੱਧ
ਸਿੰਘ ਨੀਲੋਂ 9464370823
|