ਦੂਰਦਰਸ਼ਨ
ਜਲੰਧਰ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿ ਮਾਂ ਬੋਲੀ ਪੰਜਾਬੀ ਨੂੰ ਉਤਸ਼ਾਹਿਤ
ਕਰੇਗਾ। ਇਥੋਂ ਬਹੁਤ ਸਾਰੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਪੰਜਾਬੀ ਭਾਸ਼ਾ,
ਸਾਹਿਤ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੁੰਦੇ ਰਹੇ ਹਨ। ਇਸ ਦੂਰਦਰਸ਼ਨ ਨੇ ਬਹੁਤ
ਸਾਰੇ ਕਲਾਕਾਰਾਂ ਨੂੰ ਸਟਾਰ ਕਲਾਕਾਰ ਵੀ ਬਣਾਇਆ ਸੀ।
ਜਦੋਂ ਦੂਰਦਰਸ਼ਨ ਬਣਿਆ ਸੀ ਤਾਂ ਉਸ ਵੇਲ਼ੇ ਮਨੋਰੰਜਨ ਦਾ ਇਹੋ ਦੂਜਾ ਸਾਧਨ ਸੀ, ਇਸ
ਤੋਂ ਪਹਿਲਾਂ ਜਲੰਧਰ ਰੇਡੀਓ ਦੇ ਬਹੁਤ ਸਾਰੇ ਪ੍ਰੋਗਰਾਮ ਲੋਕਾਂ ਦੇ ਵਿੱਚ
ਹਰਮਨ ਪਿਆਰੇ ਹੋਏ ਸਨ। ਇਸੇ ਤਰ੍ਹਾਂ ਦੂਰਦਰਸ਼ਨ ਜਲੰਧਰ ਦੇ ਹਫਤਾਵਾਰੀ
ਪ੍ਰੋਗਰਾਮ ਲੋਕਾਂ ਦੀ ਉਡੀਕ ਦਾ ਹਿੱਸਾ ਬਣੇ ਸਨ। ਹੌਲੀ ਹੌਲੀ ਇਸ ਦੇ ਉਪਰ
ਹਿੰਦੀ ਭਾਸ਼ਾ ਦਾ ਅਸਰ ਹੋਣ ਲੱਗਿਆ ਸੀ, ਉਦੋਂ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ
ਦਿੱਤਾ। ਪਰ ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਇਸ ਦੇ ਹਰ ਪ੍ਰੋਗਰਾਮ ਦੇ
ਵਿੱਚ ਹਿੰਦੀ ਦੇ ਸ਼ਬਦ ਜਾਣਬੁੱਝ ਕੇ ਪਰੋਸੋ ਜਾਣ ਲੱਗੇ।
ਗੀਤ ਸੰਗੀਤ,
ਖਬਰਾਂ ਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਦੇ ਮੰਚ ਸੰਚਾਲਕ ਹਿੰਦੀ,
ਅੰਗਰੇਜ਼ੀ ਤੇ ਪੰਜਾਬੀ ਦੀ ਖਿੱਚੜੀ ਬਣਾਉਣ ਲੱਗ ਪਏ ਸਨ। ਹੁਣ ਤਾਂ ਸਭ ਹੱਦਾਂ ਪਾਰ
ਕਰ ਗਈਆਂ ਹਨ। ਬੁਲਾਰਿਆਂ ਦੇ ਸੰਵਾਦ ਵਿਚੋਂ ਪੰਜਾਬੀ ਭਾਸ਼ਾ ਦੇ ਸ਼ਬਦ ਲੱਭਣੇ ਪੈਂਦੇ
ਹਨ।
ਸਾਡੇ ਬਹੁਤ ਸਤਿਕਾਰਯੋਗ ਹਰਬੀਰ ਸਿੰਘ ਭੰਵਰ ਸਾਬਕਾ ਪੱਤਰਕਾਰ ਨੇ ਇਹ
ਮਸਲਾ ਬਹੁਤ ਵਾਰ ਗੰਭੀਰਤਾ ਨਾਲ ਉਭਾਰਿਆ ਪਰ ਜਲੰਧਰ ਦੂਰਦਰਸ਼ਨ ਦੇ ਅਧਿਕਾਰੀਆਂ ਦੇ
ਕੰਨਾਂ ਉੱਤੇ ਜੂੰ ਨਹੀਂ ਸਰਕੀ। ਉਹਨਾਂ ਨੇ ਬਹੁਤ ਸਾਰੇ ਹਿੰਦੀ ਦੇ ਸ਼ਬਦ ਦੱਸੇ
ਜਿਹੜੇ ਖਬਰਾਂ ਤੇ ਕਿਸੇ ਪ੍ਰੋਗਰਾਮ ਦੌਰਾਨ ਬੋਲੇ ਜਾਂਦੇ ਹਨ।
ਉਹਨਾਂ ਜਿਹੜੇ ਸ਼ਬਦਾਂ ਨੂੰ ਨੋਟ ਕੀਤਾ ਹੈ, ਉਹਨਾਂ ਦਾ ਇਥੇ ਜ਼ਿਕਰ ਕਰ
ਰਹੇ ਹਾਂ।
ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਨਾਂਅ ਉੱਤੇ ਬਹੁਤ
ਸਾਰੀਆਂ ਜੱਥੇਬੰਦੀਆਂ ਹਨ, ਜਿਹੜੀਆਂ ਇਹ ਦਾਅਵਾ ਕਰਦੀਆਂ ਹਨ ਕਿ ਉਹ ਮਾਂ ਬੋਲੀ
ਪੰਜਾਬੀ ਦੇ ਪੁੱਤ ਹਨ ਤੇ ਉਸ ਦੀ ਸੇਵਾ ਕਰਦੇ ਹਨ। ਹਕੀਕਤ ਵਿੱਚ ਉਹ ਪੰਜਾਬੀ ਮਾਂ
ਬੋਲੀ ਦੇ ਨਾਮ ਹੇਠ ਆਪਣੀਆਂ ਰੋਟੀਆਂ ਸੇਕਦੇ ਹਨ। ਸੋ ਇਹਨਾਂ ਮਾਂ ਬੋਲੀ ਪੰਜਾਬੀ ਦੇ
ਵਾਰਸਾਂ ਨੂੰ ਅਪੀਲ ਕਰਦਾ ਕਿ ਉਹ ਇਸ ਮਸਲੇ ਨੂੰ ਲੋਕ ਮਸਲਾ ਬਣਾਉਣ ਤਾਂ ਕਿ ਪੰਜਾਬੀ
ਮਾਂ ਬੋਲੀ ਦੀ ਹੋ ਰਹੀ ਦੁਰਗਤੀ ਨੂੰ ਰੋਕਿਆ ਜਾ ਸਕੇ।
'ਪ੍ਰਸਾਰ ਭਾਰਤੀ'
ਨੇ ਦੋ ਕੁ ਸਾਲ ਪਹਿਲਾਂ ਤੋਂ ਹਰ ਰਾਜ ਲਈ ਉਹਨਾਂ ਦੇ ਖਾਸ ਚੈਨਲ ਸਥਾਪਿਤ
ਕੀਤੇ ਹਨ। ਜਲੰਧਰ ਦੂਰਦਰਸ਼ਨ ਤੋਂ ਇਸ ਦਾ ਨਾਮ ਬਦਲ ਕੇ "ਦੂਰਦਰਸ਼ਨ ਪੰਜਾਬੀ" ਹੋ
ਗਿਆ ਹੈ ਜਾਨੀ ਕਿ ਪੰਜਾਬੀ ਮਾਂ ਬੋਲੀ ਦਾ ਪਸਾਰ ਤੇ ਪ੍ਰਚਾਰ। ਪਰ ਪੰਜਾਬੀ ਮਾਂ ਬੋਲੀ
ਤੇ ਇੱਕ ਇਹ ਹਮਲਾ ਹੈ ਕਿ ਹਰ ਰੋਜ਼ 'ਦੂਰਦਰਸ਼ਨ ਚੰਡੀਗੜ੍ਹ' ਦਾ ਪ੍ਰਸਾਰਨ ਡੇਢ ਘੰਟੇ
ਦਾ ਪ੍ਰਸਾਰਣ ਦੂਰਦਰਸ਼ਨ ਪੰਜਾਬੀ ਤੋਂ ਕੀਤਾ ਜਾ ਰਿਹਾ ਹੈ ਜੋ ਕਿ ਹਿੰਦੀ ਭਾਸ਼ਾ ਤੇ
ਆਧਾਰਤ ਹੈ। 'ਪ੍ਰਸਾਰ ਭਾਰਤੀ' ਦਾ ਸਾਡੇ ਨਾਲ ਬਹੁਤ ਵੱਡਾ ਧੱਕਾ ਅਤੇ ਅਨਿਆਏ ਹੈ।
ਸਾਹਿਤ ਸਭਾਵਾਂ ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ ਵਿਭਾਗ ਪੰਜਾਬ ਇਹ ਮਾਂ
ਬੋਲੀ ਪੰਜਾਬੀ ਦੇ ਨਾਹਰੇ ਤਾਂ ਮਾਰਦੇ ਹਨ ਕੀ ਉਹਨਾਂ ਨੂੰ ਦੂਰਦਰਸ਼ਨ ਪੰਜਾਬੀ ਦੇ
ਪ੍ਰੋਗਰਾਮ ਵਿਖਾਈ ਨਹੀਂ ਦੇ ਰਹੇ। ਇੱਕੋ ਇੱਕ ਸਾਡੀ ਮਾਂ ਬੋਲੀ ਪੰਜਾਬੀ ਦਾ
ਚੈਨਲ ਹੈ 'ਅੰਨੀ ਪੀਹ ਰਹੀ ਹੈ ਕੁੱਤਾ ਚੱਟ ਰਿਹਾ ਹੈ' ਸਾਡੀਆ ਸਰਕਾਰਾਂ
ਸੁੱਤੀਆਂ ਪਈਆਂ ਹਨ। ਕੌਣ ਹੈ ਸਾਡੀ ਮਾਂ ਬੋਲੀ ਪੰਜਾਬੀ ਦਾ ਪਹਿਰੇਦਾਰ?
ਹਰਬੀਰ ਸਿੰਘ ਭੰਵਰ ਹੋਰਾਂ ਵਲੋਂ ਨੋਟ ਕੀਤੇ ਗਏ ਹਿੰਦੀ ਭਾਸ਼ਾ ਦੇ ਸ਼ਬਦ:
ਡੀ ਡੀ ਪੰਜਾਬੀ ਤੇ ਪੰਜਾਬੀ ਪੱਤਰਕਾਰੀ ਵਿਚ ਹਿੰਦੀ ਸ਼ਬਦਾਂ ਦੀ ਘੁਸਪੈਠ,
ਗੁਹਾਰ (ਫਰਿਆਦ), ਚਪੇਟ (ਲਪੇਟ), ਅੰਨਸ਼ਨ (ਵਰਤ), ਪਕਸ਼ੀ (ਪੰਛੀ), ਲੁਭਾਉਣਾ
(ਭਰਮਾਉਣਾ, ਪ੍ਰਲੋਭਣ (ਲਾਲਚ), ਵਰਿਧੀ (ਵਾਧਾ), ਗਾਜ਼ (ਗੁੱਸਾ, ਨਜ਼ਲਾ), ਅਵਗਤ
(ਜਾਣੂ), ਕਗਾਰ (ਕੰਢੇ), ਦਿੱਗਜ਼ (ਦਿਓਕੱਦ, ਪ੍ਰਮੁੱਖ), ਸ਼ੇਤਰ (ਖੇਤਰ), ਛਮਾ
(ਖਿਮਾ), ਚਰਨ (ਗੇੜ), ਆਹਵਾਨ (ਸੱਦਾ), ਸਮੁਦਾਏ (ਭਾਈਚਾਰਾ), ਅਨੂਮਤੀ (ਮਨਜ਼ੂਰੀ),
ਲੁਪਤ (ਗਾਇਬ), ਸ਼ਮਤਾ (ਸਮੱਰਥਾ), ਛਾਤਰ (ਵਿਦਿਆਰਥੀ), ਛੱਵੀ (ਅਕਸ), ਸੰਪਨ
(ਸਮਾਪਤ, ਖਤਮ), ਕਗਾਰ (ਕੰਢੇ), ਸ਼ਿਵਰ (ਕੈਂਪ), ਵਿਵਾਹ (ਵਿਆਹ, ਸ਼ਾਦੀ),
ਅਧਿਅਕਸ਼ (ਪ੍ਰਧਾਨ), ਅਨੁਵਾਰੀਆ (ਜ਼ਰੂਰੀ, ਲਾਜ਼ਮੀ), ਦੁੱਖਦ (ਦੁੱਖਦਾਈ), ਸ਼ਿਖਸ਼ਾ
(ਸਿੱਖਿਆ), ਸ਼ਵ (ਲਾਸ਼), ਵਿਪੱਕਸ਼ (ਵਿਰੋਧੀ), ਪ੍ਰਯਟਨ (ਸੈਰ ਸਪਾਟਾ), ਰਾਜਯ ਸਭਾ
(ਰਾਜ ਸਭਾ), ਵਿੱਤੀਅ (ਵਿਤੀ, ਮਾਲੀ), ਲਾਂਛਨ (ਇਲਜ਼ਾਮ), ਬਿਮਾਨ (ਜਹਾਜ਼),
ਸਤੱਰਕ (ਚੇਤੰਨ), ਘੱਟਕ ਦਲ (ਭਾਈਵਾਲ ਦਲ), ਨਿਸ਼ਕਾਸ਼ਿਤ (ਬਾਹਰ ਕੱਢਣਾ), ਜਨਾਦੇਸ਼
(ਫਤਵਾ, ਫ਼ੈਸਲਾ), ਆਮੰਤਰਨ (ਸੱਦਾ, ਬੁਲਾਵਾ) ਉਪਰੋਕਤ ਸ਼ਬਦਾਂ ਦਾ ਹਵਾਲਾ
ਦੇ ਕੇ ਮੈਂ ਡੀ.ਡੀ. ਪੰਜਾਬੀ ਨੂੰ ਪਿਛਲੇ 4/5 ਸਾਲਾਂ ਤੋਂ ਪੱਤਰ ਲਿਖ
ਰਿਹਾ ਹਾਂ, ਕਈ ਪੰਜਾਬੀ ਲੇਖਕ ਸਭਾਵਾਂ ਤੋਂ ਪੱਤਰ ਲਿਖਵਾਏ ਹਨ, ਪਰ ਕੋਈ ਅਸਰ ਹੀ
ਨਹੀਂ। ਪੰਜਾਬੀਓ ਜਾਗੋ: ਇਹ ਸਭ ਕੁੱਝ ਪੰਜਾਬ
ਦੇ ਸੁਚੇਤ ਤੇ ਸਮਝਦਾਰ ਲੋਕਾਂ ਦੀ ਨਲਾਇਕੀ ਉਜਾਗਰ ਕਰਦਾ ਹੈ ਕਿ ਇੱਕ ਦੂਜੇ ਦੇ
ਖਿਲਾਫ ਤਾਂ ਹਰ ਵੇਲੇ ਸਿੰਗ ਫਸਾ ਕੇ ਲੜਦੇ ਹਨ, ਪਰ ਬੁੱਕਲ ਵਿੱਚ ਬੈਠੇ ਸੱਪਾਂ ਨੂੰ
ਦੁੱਧ ਪਿਆਉਣ ਦੇ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਪੰਜਾਬ ਦੇ ਵਿੱਚ ਚਾਲੀ
ਕਾਮਰੇਡਾਂ ਦੇ ਗਰੁੱਪ ਹਨ, ਅਠਾਰਾਂ ਸ਼੍ਰੋਮਣੀ ਅਕਾਲੀ ਦਲ ਹਨ, ਛੱਤੀ ਕਿਸਾਨ
ਜਥੇਬੰਦੀਆਂ ਇਸ ਤੋਂ ਇਲਾਵਾ ਸੈਂਕੜੇ ਹੋਰ ਜੱਥੇਬੰਦੀਆਂ ਦੇ ਪਿੰਡਾਂ ਤੋਂ ਲੈ ਕੇ
ਸ਼ਹਿਰਾਂ ਵਿੱਚ ਸੰਸਥਾਵਾਂ ਹਨ। ਪੰਜਾਬੀ ਭਾਸ਼ਾ ਦੇ ਨਾਂ ਉੱਤੇ ਦੋ ਕੇਂਦਰੀ ਪੰਜਾਬੀ
ਲੇਖਕ ਸਭਾਵਾਂ ਹਨ, ਹਜ਼ਾਰਾਂ ਸਾਹਿਤ ਸੰਸਥਾਵਾਂ ਬਣੀਆਂ ਹੋਈਆਂ ਹਨ। ਸਭ ਦੇ ਮੂੰਹ
ਨੂੰ ਛਿੱਕਲੀਆਂ ਲੱਗੀਆਂ ਹੋਈਆਂ ਹਨ। ਦੁਸ਼ਮਣ ਘਰ ਪੁਜ ਗਿਆ ਐ, ਇਹ ਭਰਾ ਮਾਰੂ ਜੰਗ
ਦੇ ਵਿੱਚ ਉਲ਼ਝੇ ਹੋਏ ਹਨ।
ਇਹਨਾਂ ਨੇ ਕੀ ਲੈਣਾ ਐ ਦੂਰਦਰਸ਼ਨ ਜਲੰਧਰ ਕੀ
ਗ਼ੁਲ ਖਿਲਾਰੀ ਜਾ ਰਿਹਾ ਐ, ਇਹਨਾਂ ਦਾ ਤੋਰੀ ਫੁਲਕਾ ਤੇ ਖਾਣ ਪੀਣ ਚੱਲਦਾ ਐ। ਪਰ
ਕਦੌ ਤੱਕ ਇਸ ਤਰ੍ਹਾਂ ਪੰਜਾਬ ਦੇ ਲੋਕ ਮੂੰਹ ਵਿੱਚ ਘੁੰਘਣੀਆਂ ਪਾ ਕੇ ਬੈਠੇ ਰਹਿਣਗੇ
। ਹਿੰਦੀ ਭਾਸ਼ਾ ਤੁਹਾਡੇ ਖੂਨ ਦੇ ਵਿੱਚ ਵਾੜ ਦਿੱਤੀ ਹੈ ਤੇ ਤੁਸੀਂ ਪਿੱਠ ਦਿਖਾ ਕੇ
ਵਿਦੇਸ਼ਾਂ ਨੂੰ ਦੌੜ ਪਏ ਓ। ਸ਼ਾਬਸ਼ੇ ਸੂਰਮਿਆਂ ਦੇ ਬਹਾਦਰ ਜਵਾਨਾਂ ਦੇ। ਉਹ ਦਿਨ
ਦੂਰ ਨਹੀਂ ਜਦੋਂ ਮੱਛੀਆਂ ਪੱਥਰ ਚੱਟ ਕੇ ਮੁੜਨਗੀਆਂ ਤੇ ਇਥੇ ਪਾਣੀ ਹੋਣਾ ਹੀ ਨਹੀਂ।
ਉਹ ਹਫ ਹਫ ਕੇ ਦਮ ਤੋੜ ਜਾਣਗੀਆਂ, ਪਰ ਢੀਠ ਪੰਜਾਬੀਆਂ 'ਤੇ ਫੇਰ ਵੀ ਕੋਈ ਅਸਰ ਨਹੀਂ
ਹੋਣਾ - ਮਹਾਂ ਅਫਸੋਸਨਾਕ ਪੰਜਾਬ ਦੇ ਘੋੜੇ ਸਵਾਰ ਬਦਲੇ ਪਰ
ਬੇਅਸਰ: ਇਸ ਸਮੇਂ ਪੰਜਾਬ ਵੱਖ ਵੱਖ ਸੰਕਟਾਂ ਦੇ ਵਿੱਚੋਂ ਗੁਜ਼ਰ
ਰਿਹਾ ਹੈ, ਇਸੇ ਕਰਕੇ ਪੰਜਾਬ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ,
ਜਿਨ੍ਹਾਂ ਦੀਆਂ ਕਿਆਸ ਅਰਾਈਆਂ ਵੀ ਨਹੀਂ ਲਗਾਈਆਂ ਜਾ ਸਕਦੀਆਂ। ਸੰਕਟ ਦਿਨੋ ਦਿਨ
ਗਹਿਰਾ ਹੁੰਦਾ ਜਾ ਰਿਹਾ ਹੈ। ਪੰਜਾਬ ਦੀਆਂ ਸੰਸਥਾਵਾਂ ਟੁੱਟ ਰਹੀਆਂ ਹਨ, ਸਮਾਜ ਵਿੱਚ
ਉਸਦੇ ਆਪਣੇ ਹੀ ਖਿਲਾਫ ਰੋਹ ਦਾ ਪੈਦਾ ਹੋ ਰਿਹਾ ਹੈ।
ਅਖੌਤੀ ਲੋਕਤੰਤਰ
ਪ੍ਰਣਾਲ਼ੀ ਆਪਣੇ ਢੰਗ ਦੇ ਨਾਲ ਪੰਜਾਬ ਨੂੰ ਵਿਕਾਸ ਵੱਲ ਨਹੀਂ ਬਲਕਿ ਵਿਨਾਸ਼
ਵੱਲ ਤੋਰਨ ਲਈ ਯਤਨਸ਼ੀਲ ਹੈ। ਪੰਜਾਬ ਦੇ ਲੋਕਾਂ ਨੇ 'ਆਮ ਆਦਮੀ ਪਾਰਟੀ' ਨੂੰ ਬਹੁਮਤ
ਦੇ ਕੇ ਪੰਜਾਬ ਦੇ ਭਵਿੱਖ ਲਈ ਸੁਨਹਿਰੀ ਸੁਪਨੇ ਸੋਚੇ ਸਨ ਪਰ ਮੌਜੂਦਾ ਸਰਕਾਰ ਨੇ
ਉਹਨਾਂ ਸੁਪਨਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਪੰਜਾਬ ਦੇ ਲੋਕ ਆਪਣੇ ਆਪ ਨੂੰ
ਠੱਗੇ ਮਹਿਸੂਸ ਕਰ ਰਹੇ ਹਨ।
ਪੰਜਾਬ ਦੇ ਵਿੱਚ ਬਦਲਾਅ ਤਾਂ ਕੋਈ ਨਹੀਂ ਆਇਆ
ਪਰ ਜਿਹੜੇ 'ਦੋ ਨੰਬਰ' ਦੇ ਕਾਰੋਬਾਰ ਪਹਿਲਾਂ 'ਅਕਾਲੀ' ਅਤੇ 'ਕਾਂਗਰਸੀ' ਆਗੂ ਕਰਦੇ
ਸਨ, ਹੁਣ ਉਹਨਾਂ ਉੱਪਰ 'ਆਮ ਆਦਮੀ ਪਾਰਟੀ' ਦੇ ਆਗੂਆਂ ਦਾ ਕਬਜ਼ਾ ਹੋ ਗਿਆ
ਹੈ। ਬਦਲਿਆ ਕੁਝ ਨਹੀਂ ਹੈ, ਦਫਤਰਾਂ ਵਿੱਚ ਰਿਸ਼ਵਤ ਓਦਾ ਹੀ ਜਾਰੀ ਹੈ। ਨਸ਼ਿਆਂ ਦੇ
ਨਾਲ ਨੌਜਵਾਨ ਦਿਨੋਂ ਦਿਨ ਮੜੀਆਂ ਵੱਲ ਜਾ ਰਹੇ ਹਨ।
ਪੰਜਾਬ ਪੁਲਿਸ ਨਸ਼ਿਆਂ
ਨੂੰ ਰੋਕਣ ਲਈ ਪਿੰਡਾਂ ਵਿੱਚ ਤਲਾਸ਼ੀਆਂ ਲੈ ਰਹੀ ਹੈ ਪਰ ਨਸ਼ਿਆਂ ਦੇ ਤਸਕਰਾਂ ਨੂੰ
ਅਦਾਲਤਾਂ ਜਮਾਨਤਾਂ ਦੇਈ ਜਾ ਰਹੀਆਂ ਹਨ । ਲੋਕਾਂ ਦਾ ਲੋਕ ਤੰਤਰ ਦੇ ਚਾਰੇ ਥੰਮਾਂ
ਤੋਂ ਭਰੋਸਾ ਉੱਠ ਗਿਆ ਹੈ। ਲੋਕਾਂ ਨੂੰ ਸਮਝ ਨਹੀਂ ਲੱਗਦੀ ਕਿ ਉਹ ਆਪਣਾ ਭਵਿੱਖ
ਬਚਾਉਣ ਲਈ ਵਰਤਮਾਨ ਵਿੱਚ ਕਿਹੜੀ ਰਣਨੀਤੀ ਅਪਣਾਉਣ। ਇਹ ਪੰਜਾਬ ਦੀ ਕਮਜ਼ੋਰੀ ਹੈ ਜਾਂ
ਇਸ ਦੀ ਹੋਣੀ ਜੋ ਵੀ ਆਉਂਦਾ ਹੈ, ਵਰਤ ਕੇ ਅਗਾਂਹ ਲੰਘ ਜਾਂਦਾ ਹੈ।
ਪੰਜਾਬ
ਦੇ ਲੋਕਾਂ ਨੇ 'ਵਾਰਸ ਪੰਜਾਬ' ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ
ਨੂੰ ਜਿਤਾ ਕੇ ਵੀ ਵੇਖ ਲਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਜਿਸ ਤਰ੍ਹਾਂ ਆਪਣੇ
ਪਹਿਲੇ ਅਜੰਡੇ ਤੋਂ ਪਾਸਾ ਪਲ਼ਟਿਆ ਹੈ, ਇਸ ਨੇ ਪੰਜਾਬ ਦੇ ਹੀ ਨਹੀਂ ਦੁਨੀਆਂ ਭਰ ਦੇ
ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਨੂੰ ਲੋਕਾਂ ਦੇ ਚੁਣੇ
ਹੋਏ ਨੁਮਾਇੰਦੇ ਨਹੀਂ ਸਗੋਂ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਘੋੜੇ 'ਤੇ ਬਿਠਾਏ ਹੋਏ
ਉਹ ਸ਼ਾਹ ਅਸਵਾਰ ਚਲਾ ਰਹੇ ਹਨ ਜਿਨਾਂ ਨੂੰ ਪੰਜਾਬ ਦੀ ਰਾਜਨੀਤੀ, ਸਮਾਜਿਕ ਬਣਤਰ,
ਸੱਭਿਆਚਾਰਕ ਅਤੇ ਭੂਗੋਲਿਕ ਸਥਿਤੀ ਦਾ ਭੋਰਾ ਵੀ ਗਿਆਨ ਨਹੀਂ। ਇਸ ਕਰਕੇ ਪੰਜਾਬ ਅੱਜ
ਚੁਰਾਹੇ ਵਿੱਚ ਖੜਾ ਆਪਣੇ ਆਪ ਨੂੰ ਲਾਵਾਰਸ ਸਮਝ ਰਿਹਾ ਹੈ। ਸਿਆਣੇ ਕਹਿੰਦੇ ਜਦੋਂ
ਆਪਣਾ ਪੈਸਾ ਈ ਖੋਟਾ ਹੋਵੇ, ਬਾਣੀਏ ਦਾ ਕੀ ਦੋਸ਼ ਦੇਈਏ! ਫੇਰ ਬਾਣੀਏ ਨਾਲ਼ ਝਗੜਾ
ਨਹੀਂ ਕਰਨਾ ਚਾਹੀਦਾ। ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਜਰੂਰਤ ਹੁੰਦੀ ਹੈ।
ਅਸੀਂ ਅਕਸਰ ਪਸ਼ੂਆਂ ਵਾਂਗੂੰ ਬੇਗਾਨੀਆਂ ਖੁਰਲੀਆਂ ਵਿੱਚ ਮੂੰਹ ਮਾਰਦੇ ਰਹਿੰਦੇ
ਹਾਂ। ਆਪਣੇ ਮੂਹਰੇ ਪਾਏ ਪੱਠਿਆਂ ਨੂੰ ਸਦਾ ਹੀ ਨਜ਼ਰ ਅੰਦਾਜ਼ ਕਰਦੇ ਹਾਂ। ਮਨੁੱਖਾ
ਬਿਰਤੀ ਤਿਤਲੀਆਂ ਵਰਗੀ ਹੁੰਦੀ ਹੈ। ਤਿੱਤਲੀ ਦਾ ਢਿੱਡ ਭਾਂਵੇਂ ਛੋਟਾ ਹੁੰਦਾ ਪਰ
ਹਾਜ਼ਮਾ ਵੱਡਾ ਹੁੰਦਾ ਹੈ, ਤਾਂ ਹੀ ਉਹ ਇਕ ਫੁੱਲ ਤੋਂ ਦੂਜੇ ਤੇ ਦੂਜੇ ਤੋਂ ਤੀਜੇ
'ਤੇ ਮੰਡਰਾਉਂਦੀ ਰਹਿੰਦੀ ਹੈ। ਉਸਦੇ ਜੀਵਨ ਦਾ ਸਫ਼ਰ ਵੀ ਥੋੜ੍ਹਾ ਹੁੰਦਾ ਹੈ ਪਰ ਉਹ
ਹਰ ਤਰ੍ਹਾਂ ਦਾ ਰਸ ਤੇ ਰੰਗ ਮਾਣਦੀ ਹੈ। ਉਹ ਕਿਸੇ ਇੱਕ ਫੁੱਲ ਉਪਰ ਕਬਜ਼ਾ ਕਰਕੇ
ਨਹੀਂ ਬੈਠ ਜਾਂਦੀ ਸਗੋਂ ਰਸ ਚੂਸ ਕੇ ਅਗਾਂਹ ਕਿਸੇ ਹੋਰ ਵਾਦੀ ਵੱਲ ਉਡਾਰੀ ਮਾਰ
ਜਾਂਦੀ ਹੈ ਪਰ ਮਨੁੱਖੀ ਸੁਭਾਅ ਹਮੇਸ਼ਾ ਹੀ ਕਬਜ਼ਾ ਕਰਨ ਦਾ ਆਦੀ ਹੈ।
ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦਾ ਕਥਨ ਹੈ- "ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ!"
ਪ੍ਰੰਤੂ ਮਨੁੱਖ ਜਾਣ-ਪਹਿਚਾਣ ਕੱਢ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਬੇਗਾਨੀ
ਜ਼ਮੀਨ ਜਾਂ ਜ਼ਮੀਰ 'ਤੇ ਕਬਜ਼ਾ ਕਰਨਾ ਤੇ ਕਬਜ਼ੇ ਨੂੰ ਬਰਕਰਾਰ ਰੱਖਣਾ ਸੌਖਾ ਨਹੀਂ
ਹੁੰਦਾ। ਇਹ ਬਹੁਤ ਮੁਸ਼ਕਲਾਂ ਭਰਿਆ ਕੰਮ ਹੈ। ਜਿਵੇਂ ਕੰਮ ਕੋਈ ਵੀ ਚੰਗਾ ਤੇ ਮਾੜਾ
ਨਹੀਂ ਹੁੰਦਾ ਪਰ ਮਨੁੱਖ ਦੀ ਸੋਚ ਸਮਝ ਚੰਗੀ ਤੇ ਮਾੜੀ ਹੋ ਸਕਦੀ ਹੈ। ਸ਼ਲੀਲ/ਅਸ਼ਲੀਲ
ਕੁਝ ਨਹੀਂ ਹੁੰਦਾ, ਇਹ ਤਾਂ ਮਨੁੱਖ ਦੀ ਸੋਚ 'ਤੇ ਨਿਰਭਰ ਕਰਦਾ ਹੈ। ਹਰ
ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਸੋਨਾ ਨਾ ਚਮਕਦਾ ਤੇ ਨਾ ਹੀ ਲਿਸ਼ਕਦਾ ਹੈ। ਸੁਰਮਾ
ਹਰ ਕੋਈ ਪਾਉਂਦਾ ਹੈ ਪਰ ਮਟਕਾਉਣਾ ਕੋਈ ਕੋਈ ਜਾਣਦਾ ਹੈ। ਜਿਵੇਂ ਗਿਆਨ ਤੇ ਸਮਾਜ
ਪ੍ਰਤੀ ਸਮਝ ਡਿਗਰੀਆਂ ਹਾਸਲ ਕਰਕੇ ਨਹੀਂ ਆਉਦੀ, ਇਹ ਤਾਂ ਜ਼ਿੰਦਗੀ ਦੀਆਂ
ਤਲਖ ਹਕੀਕਤਾਂ ਨਾਲ਼ ਮੱਥਾ ਲਾਉਣ ਨਾਲ ਆਉਂਦੀ ਹੈ।
ਕਿਤਾਬ ਕੋਈ ਚੰਗੀ ਜਾਂ
ਮਾੜੀ ਨਹੀਂ ਹੁੰਦੀ। ਕਿਤਾਬ ਪੜ੍ਹਨ ਵਾਲ਼ੇ ਦੀ ਸੋਚ ਚੰਗੀ ਮਾੜੀ ਹੋ ਸਕਦੀ ਹੈ।
ਮਨੁੱਖ ਹੀ ਕਿਤਾਬਾਂ ਨਹੀਂ ਪੜ੍ਹਦਾ ਸਗੋਂ ਕਿਤਾਬਾਂ ਵੀ ਮਨੁੱਖਾਂ ਨੂੰ ਪੜ੍ਹਦੀਆਂ
ਹਨ। ਤੁਰਨ ਨਾਲ਼ ਸਫ਼ਰ ਮੁੱਕਦਾ ਹੈ। ਕਿਸੇ ਦੇ ਨਾਲ਼ ਜੁੜ ਕੇ ਨਵੀਂ ਸਿਰਜਣਾ ਹੋ
ਸਕਦੀ ਹੈ। ਬਿਜਲੀ ਦੀ ਇੱਕਲੀ ਤਾਰ ਵਿੱਚ ਕਰੰਟ ਹੋਣ 'ਤੇ ਵੀ ਉਹ ਓਦੋਂ ਤੱਕ ਨਕਾਰਾ
ਹੁੰਦੀ ਹੈ ਜਦ ਤੱਕ ਉਸਨੂੰ ਅਰਥ ਨਹੀਂ ਮਿਲ਼ਦਾ, ਉਹ ਨਿਕੰਮੀ ਤਾਰ ਹੀ ਰਹਿ ਜਾਂਦੀ
ਹੈ।
ਰੋਸ਼ਨੀ ਪੈਦਾ ਕਰਨ ਲਈ ਠੰਡੀ ਤੇ ਗਰਮ, ਦੋ ਤਾਰਾਂ ਦਾ ਹੋਣਾ ਲਾਜ਼ਮੀ
ਹੈ। ਦੀਵਾ ਇਕੱਲਾ ਹੀ ਰੋਸ਼ਨੀ ਪੈਦਾ ਕਰ ਸਕਦਾ ਹੈ। ਪਰ ਉਸ ਵਿੱਚ ਤੇਲ, ਬੱਤੀ ਤੇ
ਅੱਗ ਦਾ ਹੋਣਾ ਜਰੂਰੀ ਹੁੰਦਾ ਹੈ। ਬਹੁਗਿਣਤੀ ਲੋਕਾਂ ਕੋਲ਼ ਭਾਂਵੇਂ ਸਭ ਕੁਝ ਹੁੰਦਾ
ਹੈ ਪਰ ਉਨ੍ਹਾਂ ਕੋਲ਼ ਚਾਨਣ ਕਰਨ ਵਾਲ਼ੀ ਸੋਚ ਨਹੀਂ ਹੁੰਦੀ ਜਿਸ ਨਾਲ਼ ਲੋਕਾਈ ਅਤੇ
ਸਮਾਜ ਦਾ ਹਨੇਰਾ ਦੂਰ ਕੀਤਾ ਜਾ ਸਕੇ। ਦੀਵੇ ਦੇ ਤੇਲ ਅਤੇ ਬੱਤੀ ਦੇ ਨਾਲ਼ ਨਾਲ਼
ਬੰਦੇ ਦੀ ਸੋਚ ਵੀ ਜਲੇ ਤਾਂ ਗਿਆਨ ਦੀ ਰੋਸ਼ਨੀ ਹੁੰਦੀ ਹੈ। ਜਿਵੇਂ ਨੀੰਦ ਮਖ਼ਮਲੀ
ਬਿਸਤਰਿਆਂ 'ਤੇ ਹੀ ਨਹੀਂ, ਸੂਲ਼ਾਂ ਉਤੇ ਵੀ ਆ ਸਕਦੀ ਹੈ। ਮਾਛੀਵਾੜੇ ਦੇ ਜੰਗਲ਼ਾਂ
ਵਿੱਚ ਸੂਲ਼ਾਂ ਉੱਤੇ ਛਵੀਆਂ ਦੀ ਛਾਂ ਹੇਠਾਂ ਕੋਈ ਵਿਰਲਾ ਮਹਾਂ ਮਾਨਵ ਹੀ ਸੌਂ ਸਕਦਾ
ਹੈ। 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ...' ਗਾਉਣ ਵਾਲ਼ਾ ਕੋਈ ਸ਼ਹਿਨਸ਼ਾਹ
ਹੀ ਹੋ ਸਕਦਾ ਹੈ। ਆਪਣੇ ਨੈਣ ਮੈਨੂੰ ਤੂੰ ਦੇ ਦੇ ਤੇ ਅੱਖ ਮਟਕਾਉਂਦੀ ਫਿਰ... ਬੇਅਕਲ
ਬੰਦਾ ਦੂਜਿਆਂ ਨੂੰ ਨੈਣ ਹੀ ਨਹੀਂ, ਸੋਚ ਵੀ ਦੇਂਦਾ ਹੈ। ਇਸੇ ਕਰਕੇ ਸਮਾਜ ਉੱਪਰ
ਅਕਲਹੀਣ ਬੰਦੇ ਰਾਜ ਕਰਦੇ ਹਨ। ਅਕਲਾਂ ਤੇ ਸ਼ਕਲਾਂ ਵਾਲ਼ੇ ,ਭੁੱਖ ਨੰਗ ਨਾਲ਼ ਘੁਲ਼ਦੇ
ਹਨ। ਹੁਣ ਸਾਡੀ ਤੇ ਪੰਜਾਬ ਦੀ ਹਾਲਤ ਵੀ ਇਹੋ ਜਿਹੀ ਹੀ ਬਣ ਗਈ ਹੈ। ਵਿਆਹ
ਕਿਸੇ ਹੋਰ ਦਾ ਹੋਇਆ ਹੁੰਦਾ ਹੈ ਤੇ ਨਜ਼ਾਰੇ ਕੋਈ ਹੋਰ ਲੈਂਦੇਂ ਹਨ। ਪੈਸਾ ਲੋਕਾਂ
ਦਾ, ਹੈਲੀਕਾਪਟਰ ਪੰਜਾਬ ਸਰਕਾਰ ਦਾ ਪਰ ਨਜ਼ਾਰੇ ਹਰਿਆਣੇ ਤੇ ਦਿੱਲੀ ਦੇ ਮੁੱਖ ਮੰਤਰੀ
ਲੈਂਦੇ ਫਿਰਦੇ ਹਨ। ਭਗਵੰਤ ਸਿੰਘ ਮਾਨ ‘ਝੰਡਾ' ਬਣ ਕੇ ਤਲੀਆਂ ਝੱਸਣ ਜੋਗਾ ਰਹਿ ਗਿਆ
ਹੈ।
ਪੰਜਾਬ ਦੇ ਲੋਕਾਂ ਨੇ ਦਿਨ ਰਾਤ ਇੱਕ ਕਰਕੇ ਰਿਵਾਇਤੀ ਸਿਆਸੀ ਪਾਰਟੀਆਂ
ਦਾ ਬੋਰੀਆ ਬਿਸਤਰਾ ਗੋਲ਼ ਕੀਤਾ ਅਤੇ ਭਗਵੰਤ ਮਾਨ ਨੂੰ ਬਹੁਗਿਣਤੀ ਨਾਲ਼ ਜਿਤਾਇਆ। ਪਰ
ਉਸਨੇ ਤਾਂ ਸ਼ਹੀਦ ਭਗਤ ਸਿੰਘ ਦੀ ਖਾਧੀ ਸਹੁੰ ਦਾ ਲਿਹਾਜ਼ ਵੀ ਨਾ ਰੱਖਿਆ। ਆਪਣੇ
ਹੱਥੀਂ ਆਪਣੀ ਇੱਜ਼ਤ ਬੇਗਾਨਿਆਂ ਹੱਥ ਫੜਾ ਦਿੱਤੀ। ਹੁਣ ਭਗਵੰਤ ਸਿੰਘ ਮਾਨ ਨਹੀਂ
ਬੋਲਦਾ ਇਹਦੇ ਵਿੱਚੋਂ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਬੋਲਦਾ ਹੈ।
ਪੰਜਾਬ ਨੂੰ ਹੁਣ ਦਿੱਲੀ ਦੇ ਉਹ ਲੋਕ ਚਲਾ ਰਹੇ ਹਨ, ਜਿਹੜੇ ਇਹ ਚਾਹੁੰਦੇ ਹਨ ਕਿ
ਪੰਜਾਬ ਫਿਰ ਤੋਂ ਬਲ਼ਦੀ ਦੇ ਬੂਥੇ ਚਲੇ ਜਾਵੇ ਤਾਂ ਕਿ ਉਹ ਆਪਣੀਆਂ ਸਿਆਸੀ ਰੋਟੀਆਂ
ਸੇਕਦੇ ਰਹਿਣ। ਪੰਜਾਬ ਵੀ ਅੱਗ ਵਿੱਚ ਸੜਨ ਲਈ ਪੱਬਾਂ ਭਾਰ ਹੋਇਆ ਫਿਰਦੈ। ਕੀ ਬਣੇਗਾ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਦਿੱਲੀ ਦਰਬਾਰ ਜਾਣਦਾ ਹੈ ਪਰ ਪੰਜਾਬ ਆਪਣੀ
ਖ਼ਾਕ ਛਾਣਦਾ ਹੈ। ਬੁੱਧ ਸਿੰਘ ਨੀਲੋਂ
+91 94643 70823
|