'ਪਾਕਿਸਤਾਨ
ਗੁਰਦੁਆਰਾ ਪ੍ਰਬੰਧਕ ਕਮੇਟੀ' ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਮੰਤਰੀ ਸ. ਰਮੇਸ਼
ਸਿੰਘ ਨਾਲ 'ਅਜੀਤ' ਦੇ ਪ੍ਰਤੀਨਿਧ ਹਰਜਿੰਦਰ ਸਿੰਘ ਲਾਲ ਦੀ ਵਿਸ਼ੇਸ਼ ਮੁਲਾਕਾਤ।
ਪਾਕਿਸਤਾਨ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ
ਪਾਕਿਸਤਾਨੀ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਨੇ 'ਅਜੀਤ' ਦੇ ਪ੍ਰਤੀਨਿਧ
ਹਰਜਿੰਦਰ ਸਿੰਘ ਲਾਲ ਨਾਲ ਇਕ ਵਿਸ਼ੇਸ਼ ਇੰਟਰਵਿਊ ਵਿਚ ਕਿਹਾ ਕਿ ਪਾਕਿਸਤਾਨ ਵਿਚ ਘੱਟ
ਗਿਣਤੀਆਂ ਨੂੰ ਸਤਿਕਾਰ ਅਤੇ ਬਰਾਬਰਤਾ ਦਿੱਤੀ ਜਾ ਰਹੀ ਹੈ। ਪਾਕਿਸਤਾਨ ਗੁਰਦੁਆਰਾ
ਪ੍ਰਬੰਧਕ ਕਮੇਟੀ ਸਿੱਖ ਪੰਥ ਵਿਚ ਕਲੰਡਰ ਅਤੇ ਹੋਰ ਕਈ ਦੁਬਿਧਾਵਾਂ ਦੇ ਹੱਲ ਲਈ
ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ, ਜਿਨ੍ਹਾ ਵਿਚ ਸ਼੍ਰੋਮਣੀ ਕਮੇਟੀ, ਦਿੱਲੀ
ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਕਮੇਟੀ ਵੀ ਸ਼ਾਮਿਲ ਹੈ , ਨੂੰ ਸੱਦਾ ਦਿੰਦੀ
ਹੈ ਜੇ ਇਹ ਸਿੱਖ ਸੰਸਥਾਵਾਂ ਇਨ੍ਹਾਂ ਦੁਬਿਧਾਵਾਂ ਦੇ ਸਾਂਝੇ ਹੱਲ ਲਈ ਮਿਲ ਬੈਠਣ ਲਈ
ਤਿਆਰ ਹੋਣ ਤਾਂ ਉਹ ਇਸ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ
ਸਿੱਖਾਂ ਲਈ ਤੇ ਹੋਰ ਘੱਟ ਗਿਣਤੀਆਂ ਲਈ ਵੀਜ਼ਾ ਸ਼ਰਤਾਂ ਨਰਮ ਕਰਨ ਦੀ ਗੱਲ ਚੱਲ ਰਹੀ
ਹੈ। ਅਸੀਂ ਬਰਾਬਰਤਾ ਦੇ ਆਧਾਰ 'ਤੇ ਭਾਰਤ ਨਾਲ ਦੋਸਤਾਨਾ ਸੰਬੰਧਾਂ ਦੇ ਵੀ ਹਮਾਇਤੀ
ਹਾਂ। ਵਪਾਰ ਖੋਲ੍ਹਣਾ ਚਾਹੁੰਦੇ ਹਾਂ। ਇਹੀ ਦੋਵਾਂ ਦੇਸ਼ਾਂ ਦੇ ਹੱਕ ਵਿਚ ਹੈ। ਉਨ੍ਹਾਂ
ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ।
ਜੂਨ 2024 ਤੱਕ ਪਾਕਿਸਤਾਨ ਵਿਚ 'ਸਿੱਖ ਮੈਰਿਜ ਐਕਟ', 'ਹਿੰਦੂ ਮੈਰਿਜ ਐਕਟ' ਅਤੇ
'ਕ੍ਰਿਸਚੀਅਨ ਮੈਰਿਜ ਐਕਟ' ਲਾਗੂ ਹੋ ਜਾਣ ਦੀ ਆਸ ਹੈ। ਪੇਸ਼ ਹੈ ਉਨ੍ਹਾਂ ਨਾਲ ਅਜੀਤ
ਵਲੋਂ ਕੀਤੀ ਗਈ ਇਸ ਵਿਸ਼ੇਸ਼ ਗੱਲਬਾਤ ਦੇ ਕੁੱਝ ਅੰਸ਼:
ਸਤਿ ਸ੍ਰੀ
ਅਕਾਲ ਜੀ! ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਅਤੇ
ਲਹਿੰਦੇ ਪੰਜਾਬ ਦੀ ਸਰਕਾਰ ਵਿਚ ਮੰਤਰੀ ਬਣਨ 'ਤੇ ਅਜੀਤ ਅਤੇ ਸੰਸਾਰ ਭਰ ਦੇ ਸਿੱਖਾਂ
ਵੱਲੋਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ
ਕੀ ਫਤਹਿ॥
ਭਾਈ ਸਾਹਿਬ ਤੁਹਾਡੇ ਵਲੋਂ ਪਾਕਿਸਤਾਨ ਵਿੱਚ ਗੁਰਦੁਆਰਾ
ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਬਣਨ 'ਤੇ ਵਧਾਈ
ਦੇਣ ਲਈ ਧੰਨਵਾਦ। ਮੇਰੇ ਲਈ ਅਰਦਾਸ ਕਰਨਾ ਕਿ ਜਿਹੜੀ ਸੇਵਾ ਮੇਰੇ ਜ਼ਿੰਮੇ ਲੱਗੀ ਹੈ,
ਉਸ ਨੂੰ ਨਿਭਾਅ ਸਕਾਂ। ਗੁਰੂ ਨਾਨਕ ਪਾਤਸ਼ਾਹ ਦਾ ਧੰਨਵਾਦੀ ਹਾਂ ਅਤੇ ਆਪਣੀ ਮਾਂ ਦਾ
ਵੀ ਧੰਨਵਾਦੀ ਹਾਂ, ਜੋ ਮੇਰੇ ਲਈ ਹਮੇਸ਼ਾ ਅਰਦਾਸ ਕਰਦੇ ਹਨ। ਪੰਜਾਬ ਦੇ ਮੁੱਖ ਮੰਤਰੀ
'ਮਰੀਅਮ ਨਵਾਜ਼' ਸਾਹਿਬਾ ਦਾ ਵੀ ਧੰਨਵਾਦ ਕਿ ਉਨ੍ਹਾਂ ਨੇ ਇਕ ਸਿੱਖ ਨੂੰ ਪਹਿਲੀ ਵਾਰ
ਵਜ਼ਾਰਤ ਵਿਚ ਸ਼ਾਮਿਲ ਕੀਤਾ।
ਸਵਾਲ: ਜਦੋਂ ਤੁਸੀਂ
ਐਮ. ਐਲ. ਏ. ਬਣੇ ਸੀ ਤਾਂ ਤੁਸੀਂ ਪਾਕਿਸਤਾਨ ਵਿਚ 'ਸਿੱਖ ਮੈਰਿਜ ਐਕਟ' ਪਾਸ
ਕਰਵਾਉਣ ਲਈ ਕੰਮ ਕੀਤਾ ਸੀ। ਪਰ ਹੁਣ ਤੱਕ ਪਾਕਿਸਤਾਨ ਵਿਚ ਇਸ ਨੂੰ ਲਾਗੂ ਨਹੀਂ ਕੀਤਾ
ਗਿਆ ਅਤੇ ਨਾ ਹੀ ਨਿਯਮ-ਕਾਨੂੰਨਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ?
ਜਵਾਬ: ਗੁਰੂ ਨਾਨਕ ਸਾਹਿਬ ਦੀ ਕ੍ਰਿਪਾ ਸਦਕਾ ਮੈਂ 2013 ਵਿਚ
ਪਹਿਲੀ ਵਾਰ ਲਹਿੰਦੇ ਪੰਜਾਬ ਵਿਚ ਐਮ. ਐਲ. ਏ. ਬਣਿਆ ਸਾਂ। ਇਸ ਵਿਚ ਕੋਈ
ਸ਼ੱਕ ਨਹੀਂ ਕਿ ਮੈਂ 2018 ਵਿਚ 'ਸਿੱਖ ਮੈਰਿਜ ਐਕਟ' ਦਾ ਪ੍ਰਾਈਵੇਟ ਬਿੱਲ ਪੇਸ਼ ਕੀਤਾ
ਸੀ, ਜੋ ਪੰਜਾਬ ਅਸੈਂਬਲੀ ਵਿਚ ਆਮ ਸਹਿਮਤੀ ਨਾਲ ਪਾਸ ਹੋਇਆ ਸੀ। ਪਰ ਬਦਕਿਸਮਤੀ ਨਾਲ
ਇਹ ਲਾਗੂ ਨਹੀਂ ਹੋ ਸਕਿਆ ਅਤੇ ਇਸ ਦੇ ਨਿਯਮ ਕਾਨੂੰਨ ਨਹੀਂ ਬਣ ਸਕੇ। ਪਰ ਹੁਣ ਮੈਂ
ਮੰਤਰੀ ਬਣਦਿਆਂ ਸਾਰ ਹੀ ਪਹਿਲੀ ਹਦਾਇਤ ਇਹ ਕੀਤੀ ਹੈ ਕਿ 'ਸਿੱਖ ਮੈਰਿਜ ਐਕਟ',
'ਹਿੰਦੂ ਮੈਰਿਜ ਐਕਟ' ਅਤੇ 'ਕ੍ਰਿਸਚੀਅਨ ਮੈਰਿਜ ਐਕਟ' ਜਲਦੀ ਤੋਂ ਜਲਦੀ ਪਾਸ ਕਰਵਾ
ਕੇ ਲਾਗੂ ਕੀਤੇ ਜਾਣ। 'ਸਿੱਖ ਮੈਰਿਜ ਐਕਟ' ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇ ਸਿੱਖਾਂ ਦੀ ਸਲਾਹ ਨਾਲ ਜੂਨ ਤੋਂ ਪਹਿਲਾਂ ਪਹਿਲਾਂ ਲਾਗੂ ਹੋ ਜਾਵੇਗਾ ਅਤੇ
ਪਾਕਿਸਤਾਨ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜਿੱਥੇ ਸਿੱਖ ਮੈਰਿਜ ਐਕਟ ਲਾਗੂ
ਹੋਵੇਗਾ।
ਸਵਾਲ: ਸਮੁੱਚੀ ਸਿੱਖ ਕੌਮ ਧੰਨਵਾਦੀ ਹੈ ਕਿ
ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨਿਰਮਾਣ ਹੋਇਆ ਹੈ। ਪਰ ਇਸ ਦਾ ਪ੍ਰਬੰਧ ਇੱਕ ਵੱਖਰੀ
ਏਜੰਸੀ ਦੇ ਅਧੀਨ ਹੈ, ਜਦੋਂ ਕਿ ਬਾਕੀ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ 'ਪਾਕਿਸਤਾਨ
ਗੁਰਦੁਆਰਾ ਪ੍ਰਬੰਧਕ ਕਮੇਟੀ' ਦੁਆਰਾ ਕੀਤਾ ਜਾਂਦਾ ਹੈ। ਕੀ ਤੁਹਾਨੂੰ ਨਹੀਂ ਲਗਦਾ ਕਿ
ਕਰਤਾਰਪੁਰ ਸਾਹਿਬ ਦਾ ਪ੍ਰਬੰਧ ਵੀ ਗੁਰਦੁਆਰਾ ਕਮੇਟੀ ਦੇ ਅਧੀਨ ਹੋਣਾ ਚਾਹੀਦਾ ਹੈ?
ਜਵਾਬ: ਗੁਰਦੁਆਰਾ ਕਰਤਾਰਪੁਰ ਸਾਹਿਬ ਪਹਿਲੀ ਵਾਰ ਮੀਆਂ
'ਨਵਾਜ਼ ਸ਼ਰੀਫ਼' ਦੀ ਹਕੂਮਤ ਵੇਲੇ ਦਰਸ਼ਨਾਂ ਲਈ 1999-2000 ਵਿਚ ਖੁੱਲ੍ਹਿਆ ਸੀ।
ਅਮਰੀਕਾ ਦੇ ਸਿੰਘ ਜੇ. ਬੀ. ਸਿੰਘ ਨੇ ਕਾਰ ਸੇਵਾ ਸ਼ੁਰੂ ਕੀਤੀ ਸੀ। ਮੇਰੇ ਵੱਡੇ ਭਰਾ
ਜੀ ਉੱਥੇ ਪਹਿਲੀ ਵਾਰ ਮੁੱਖ ਗ੍ਰੰਥੀ ਵਜੋਂ ਉੱਥੇ ਗਏ ਸਨ। ਸੰਗਤਾਂ ਦੀ ਅਰਦਾਸ ਸੀ ਕਿ
ਖੁੱਲ੍ਹੇ ਦਰਸ਼ਨ ਦੀਦਾਰ ਕੀਤੇ ਜਾਣ, ਇੱਥੇ ਜਾਣ ਦਾ ਰਸਤਾ ਬਹੁਤ ਔਖਾ ਸੀ। ਇੱਥੇ ਰਸਤੇ
ਵਿਚ ਸਿਰਫ਼ ਜੰਗਲ ਹੀ ਜੰਗਲ ਸਨ। ਕੋਈ ਵਸੋਂ ਨਹੀਂ ਸੀ। ਉਸ ਵੇਲੇ ਗੁਰਦੁਆਰਾ ਸਾਹਿਬ
ਤੋਂ ਟੈਲੀਫ਼ੋਨ ਕਰਨ ਲਈ ਵੀ 18 ਕਿੱਲੋਮੀਟਰ ਦੂਰ ਜਾਣਾ ਪੈਦਾ ਸੀ। ਹੁਣ ਗੁਰਦੁਆਰਾ
ਸਾਹਿਬ ਦੇ ਪ੍ਰਬੰਧ ਵਾਸਤੇ ਵੱਖਰੀ ਏਜੰਸੀ ਨਹੀਂ ਹੈ। ਇਹ ਵੀ 'ਇਵੈਕੂਈ ਟਰੱਸਟ ਬੋਰਡ'
ਦੇ ਅਧੀਨ ਹੀ ਹੈ। ਇਹ ਇਕ 'ਪ੍ਰਾਜੈਕਟ ਮੈਨੇਜਮੈਂਟ' ਹੈ। ਸਾਰਾ ਕੰਮ ਪਾਕਿਸਤਾਨ
ਗੁਰਦੁਆਰਾ ਪ੍ਰਬੰਧਕ ਕਮੇਟੀ, ਇਵੈਕੂਈ ਟਰੱਸਟ ਪ੍ਰਾਪਟੀ ਬੋਰਡ ਅਤੇ ਪ੍ਰਾਜੈਕਟ
ਮੈਨੇਜਮੈਂਟ ਮਿਲ ਕੇ ਕਰ ਰਹੇ ਹਨ। ਗੁਰਦੁਆਰਾ ਸਾਹਿਬ ਦੇ ਅੰਦਰ ਦੇ ਸਾਰੇ ਪ੍ਰਬੰਧ ਤੇ
ਯਾਤਰੀਆਂ ਦੀ ਸੇਵਾ ਸੰਭਾਲ ਪਾਕਿਸਤਾਨ ਗੁਰਦੁਆਰਾ ਕਮੇਟੀ ਹੀ ਕਰਦੀ ਹੈ। ਸਾਰੇ ਅਦਾਰੇ
ਮਿਲ ਕੇ ਹੀ ਕੰਮ ਕਰ ਰਹੇ ਹਨ।
ਸਵਾਲ: ਲਹਿੰਦੇ ਪੰਜਾਬ
ਵਿਚ ਹਿੰਦੂਆਂ ਅਤੇ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਦੇ ਕਾਨੂੰਨ ਹਨ। ਭਾਵੇਂ ਕੌਮੀ
ਪੱਧਰ 'ਤੇ ਪਾਕਿਸਤਾਨ ਵਿਚ ਵੀ ਕਾਨੂੰਨ ਹਨ, ਪਰ ਸਿੰਧ ਅਤੇ ਹੋਰ ਸੂਬਿਆਂ ਵਿਚ
ਨਾਬਾਲਗ ਲੜਕੀਆਂ ਦੇ ਜਬਰੀ 'ਧਰਮ ਪਰਿਵਰਤਨ' ਅਤੇ ਅਗਵਾ ਕਰਨ ਦੀਆਂ ਘਟਨਾਵਾਂ ਵਧ
ਰਹੀਆਂ ਹਨ। ਭਾਵੇਂ ਇਹ ਗੱਲ ਤੁਹਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ, ਪਰ ਕੀ ਸਿੱਖ
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਅਜਿਹੀਆਂ ਘਟਨਾਵਾਂ ਨੂੰ ਰੁਕਵਾਉਣ ਲਈ
ਕੋਸ਼ਿਸ਼ਾਂ ਕਰਨਾ ਤੁਹਾਡਾ ਫ਼ਰਜ਼ ਨਹੀਂ? ਤੁਹਾਡੀ ਮੁੱਖ ਮੰਤਰੀ ਮਰੀਅਮ ਨਵਾਜ਼ ਸਾਹਿਬਾ
ਪ੍ਰਧਾਨ ਮੰਤਰੀ ਦੀ ਭਤੀਜੀ ਹਨ। ਤੁਹਾਡੇ ਕੋਲ ਕੇਂਦਰ ਸਰਕਾਰ ਨਾਲ ਇਸ ਮੁੱਦੇ 'ਤੇ
ਚਰਚਾ ਕਰਨ ਦੀ ਸਮਰੱਥਾ ਹੈ। ਸਾਰੇ ਸਿੱਖ ਅਤੇ ਹਿੰਦੂ ਇਸ ਬਾਰੇ ਕੁੱਝ ਕਰਨ ਦੀ
ਤੁਹਾਡੇ ਤੋਂ ਕੁੱਝ ਆਸ ਰੱਖਦੇ ਹਨ?
ਜਵਾਬ: ਰਿਆਸਤੇ
ਪਾਕਿਸਤਾਨ ਦਾ ਸੰਵਿਧਾਨ ਹਰ ਪਾਕਿਸਤਾਨੀ ਨੂੰ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ,
ਬਰਾਬਰੀ ਦਾ ਅਧਿਕਾਰ ਦਿੰਦਾ ਹੈ। ਸਾਡੀ ਮੁੱਖ ਮੰਤਰੀ ਮਰੀਅਮ ਨਵਾਜ਼ ਸਾਹਿਬਾ ਨੇ ਖ਼ੁਦ
ਕਿਹਾ ਹੈ ਕਿ ਘੱਟ ਗਿਣਤੀਆਂ ਸਾਡੇ ਸਿਰ ਦਾ ਤਾਜ ਹਨ। ਮੈਂ ਆਪਣੀ ਪੂਰੀ ਟੀਮ ਨੂੰ
ਹਦਾਇਤ ਕੀਤੀ ਹੈ ਕਿ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ। ਰਹੀ ਗੱਲ ਸਿੰਧ ਅਤੇ ਹੋਰ
ਸੂਬਿਆਂ ਵਿਚ ਨਾਬਾਲਗਾਂ ਨਾਲ ਕੁੱਝ ਜ਼ਿਆਦਤੀ ਦੇ ਕੇਸ ਸਾਹਮਣੇ ਆਏ ਹਨ। ਪਰ ਸਰਕਾਰ ਇਸ
ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਦੀ ਹੈ ਅਤੇ ਘੱਟ ਗਿਣਤੀਆਂ ਨਾਲ ਜ਼ਿਆਦਤੀ ਕਰਨ ਦਾ
ਵਾਲਿਆਂ ਖ਼ਿਲਾਫ਼ ਕਾਰਵਾਈ ਹੁੰਦੀ ਹੈ। ਮੈਂ ਇਸ ਮਾਮਲੇ ਵਿਚ ਜੋ ਕਰ ਸਕਦਾ ਹਾਂ ਜ਼ਰੂਰ
ਕਰਾਂਗਾ। ਨਾਨਕਸ਼ਾਹੀ ਕਲੰਡਰ ਸੰਬੰਧੀ ਦੁਬਿਧਾ ਦੂਰ ਕਰਨ ਲਈ -
ਪਾਕਿਸਤਾਨ ਗੁਰਦੁਆਰਾ ਕਮੇਟੀ ਪਹਿਲਕਦਮੀ ਲਈ ਤਿਆਰ !
ਸਵਾਲ: ਕੀ ਤੁਸੀਂ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ, ਹਿੰਦੂਆਂ ਅਤੇ ਹੋਰ
ਘੱਟ ਗਿਣਤੀ ਭਾਈਚਾਰਿਆਂ ਦੀ ਬਿਹਤਰੀ ਲਈ ਕੁੱਝ ਨਵਾਂ ਕਰਨ ਦੀ ਯੋਜਨਾ ਬਣਾ ਰਹੇ ਹੋ?
ਜਵਾਬ: ਤੁਹਾਡਾ ਸਵਾਲ ਬੜਾ ਵਧੀਆ ਹੈ ਮੇਰੇ ਲਈ ਇਹ
ਸੱਚਮੁੱਚ ਚੁਣੌਤੀ ਪੂਰਨ ਹੈ ਕਿ ਮੈਂ ਘੱਟ ਗਿਣਤੀਆਂ ਦਾ ਮੰਤਰੀ ਹੋਣ ਦੇ ਨਾਤੇ ਘੱਟ
ਗਿਣਤੀਆਂ ਲਈ ਕੀ ਕੰਮ ਕਰਾਂਗਾ। ਮੈਂ ਇਕ 5 ਸਾਲਾ ਰੋਡ ਮੈਪ ਬਣਾ ਰਿਹਾ ਹਾਂ ਜਿਸ ਵਿਚ
ਸਾਰੀਆਂ ਧਿਰਾਂ ਨੂੰ ਸ਼ਾਮਿਲ ਕਰਕੇ ਘੱਟ ਗਿਣਤੀਆਂ ਦੇ ਸਾਰੇ ਮਸਲੇ ਹੱਲ ਕਰਨ ਲਈ ਕੰਮ
ਕਰਾਂਗਾ। ਉਨ੍ਹਾਂ ਨੂੰ ਧਰਮ ਕਾਰਨ ਮੁਸ਼ਕਿਲ ਨਾ ਆਏ। ਉਨ੍ਹਾਂ ਨਾਲ ਕਿਤੇ ਵੀ ਧੱਕਾ ਨਾ
ਹੋਵੇ, ਇਸ ਲਈ ਲੋਕਾਂ ਦੇ ਰਵੱਈਏ ਨੂੰ ਬਦਲਣਾ ਪੈਣਾ ਹੈ। ਮੇਰਾ ਮੰਤਰਾਲਾ ਇਸ ਲਈ
ਸਮਰਪਿਤ ਹੈ। ਅੰਤਰ-ਧਰਮ ਸਦਭਾਵਨਾ ਸਹਿਮਤੀ ਬਣਾਉਣਾ, ਪੰਜਾਬ ਵਿਚ ਵਸਦੀਆਂ ਘੱਟ
ਗਿਣਤੀਆਂ ਲਈ ਸਮਾਜਿਕ ਨਿਆਂ, ਨੌਕਰੀਆਂ ਅਤੇ ਸਕੂਲਾਂ ਕਾਲਜਾਂ ਵਿਚ ਇਕੋ ਜਿਹੇ
ਬਰਾਬਰੀ ਦੇ ਮੌਕੇ ਦੇਣ ਲਈ ਅਸੀਂ 5 ਸਾਲਾਂ ਵਿਚ ਪੂਰੀ ਮਿਹਨਤ ਕਰਾਂਗੇ ਅਤੇ ਕੋਸ਼ਿਸ਼
ਕਰਾਂਗੇ ਕਿ ਇਹ ਰੋਡ ਮੈਪ ਪੱਕੇ ਤੌਰ 'ਤੇ ਲਾਗੂ ਰਹੇ।
ਸਵਾਲ:
ਭਾਵੇਂ ਤੁਸੀਂ ਇੱਕ ਰਾਜ ਵਿਚ ਮੰਤਰੀ ਹੋ, ਕੀ ਇੱਕ ਸੱਤਾਧਾਰੀ ਪਾਰਟੀ ਦੇ ਆਗੂ ਵਜੋਂ
ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਸੁਧਾਰਨ ਵਿਚ ਤੁਹਾਡੀ ਕੋਈ ਭੂਮਿਕਾ ਹੋ
ਸਕਦੀ ਹੈ?
ਜਵਾਬ: ਪਾਕਿਸਤਾਨ ਦੀ ਨੀਤੀ ਹੈ ਕਿ ਗੁਆਂਢੀ
ਮੁਲਕਾਂ ਨਾਲ ਸਬੰਧ ਚੰਗੇ ਹੋਣ। ਸਾਡੇ ਕਾਇਦ ਨਵਾਜ਼ ਸ਼ਰੀਫ਼ ਨੇ ਵੀ ਕਈ ਵਾਰ ਕਿਹਾ ਹੈ
ਕਿ ਅਸੀਂ ਗੁਆਂਢੀ ਮੁਲਕ (ਭਾਰਤ) ਨਾਲ ਚੰਗੇ ਸੰਬੰਧਾਂ ਦੇ ਹਾਮੀ ਹਾਂ, ਹੁਣ ਵਾਲੀ
ਸਰਕਾਰ ਵੀ ਇਹੀ ਚਾਹੁੰਦੀ ਹੈ। ਪਰ ਇਹ ਬਰਾਬਰੀ ਦੇ ਆਧਾਰ 'ਤੇ ਹੀ ਹੋ ਸਕਦਾ ਹੈ।
ਅਸੀਂ ਚਾਹੁੰਦੇ ਹਾਂ ਕਿ ਭਾਰਤ ਨਾਲ ਵਪਾਰ ਹੋਵੇ, ਲੋਕਾਂ ਦਾ ਆਉਣ ਜਾਣ ਹੋਵੇ। ਪਰ ਜੇ
ਇਹ ਦੋਵਾਂ ਪਾਸਿਓਂ ਹੋਵੇ ਤਾਂ ਹੀ ਹੋ ਸਕਦਾ ਹੈ। ਖ਼ਾਸ ਕਰ ਭਾਰਤ ਤੇ ਪਾਕਿਸਤਾਨ ਲਈ
ਸਭ ਤੋਂ ਵੱਡੀ ਚੁਣੌਤੀ ਗਰੀਬੀ ਹੈ ਤੇ ਇਸ ਗਰੀਬੀ ਨੂੰ ਖ਼ਤਮ ਕਰਨ ਲਈ ਦੋਸਤੀ ਦੀ
ਜ਼ਰੂਰਤ ਹੈ। ਪਰ ਇਹ ਨਹੀਂ ਹੋ ਸਕਦਾ ਕਿ ਕੋਈ ਕਹੇ ਕਿ ਮੈਂ ਵੱਡਾ ਹਾਂ ਤੇ ਛੋਟੇ ਨੂੰ
ਦਬਾਅ ਸਕਦਾ ਹਾਂ ਅਤੇ ਛੋਟਾ ਇਹ ਮਹਿਸੂਸ ਕਰੇ ਕਿ ਮੈਨੂੰ ਵੱਖਰਾ ਤੇ ਇਕੱਲਾ ਕਰਨ ਲਈ
ਕੋਈ ਰਣਨੀਤੀ ਬਣਾਈ ਗਈ ਹੈ। ਅਸੀਂ ਸਿਰਫ਼ ਭਾਰਤ ਨਾਲ ਹੀ ਨਹੀਂ ਬਾਕੀ ਗੁਆਂਢੀ ਦੇਸ਼ਾਂ
ਨਾਲ ਵੀ ਚੰਗੇ ਸੰਬੰਧਾਂ ਲਈ ਕੰਮ ਕਰ ਰਹੇ ਹਾਂ। ਮੈਂ ਜਿੰਨੀ ਕੁ ਭੂਮਿਕਾ ਨਿਭਾਅ
ਸਕਦਾ ਹਾਂ, ਨਿਭਾਅ ਰਿਹਾ ਹਾਂ।
ਸਵਾਲ: ਪੂਰੀ ਦੁਨੀਆ
ਵਿਚ ਕੋਈ ਵੀ ਧਾਰਮਿਕ ਸਥਾਨ ਪੂਜਾ ਲਈ ਫ਼ੀਸ ਨਹੀਂ ਲੈਂਦਾ। ਸ੍ਰੀ ਕਰਤਾਰਪੁਰ ਸਾਹਿਬ
ਦੇ ਦਰਸ਼ਨਾਂ ਲਈ ਦੂਜੇ ਦੇਸ਼ਾਂ ਦੇ ਨਿਵਾਸੀਆਂ ਤੋਂ ਫ਼ੀਸ ਵਸੂਲਣ ਦਾ ਵਿਚਾਰ ਤਾਂ ਸਮਝ
ਵਿਚ ਆਉਂਦਾ ਹੈ, ਪਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਪਾਕਿਸਤਾਨੀ
ਨਾਗਰਿਕਾਂ ਤੋਂ ਇਹ ਕਿਉਂ?
ਜਵਾਬ: ਕਰਤਾਰਪੁਰ ਸਾਹਿਬ
ਬਹੁਤ ਵੱਡਾ ਲਾਂਘਾ ਹੈ - ਇਹ 175 ਏਕੜ ਦਾ ਹੈ। ਅਸੀਂ ਕੁੱਝ ਅਜਿਹੇ ਕਦਮ ਚੁੱਕੇ ਹਨ
ਕਿ ਇਹ ਪ੍ਰਾਜੈਕਟ ਚਲਦਾ ਰਹੇ। ਇੱਥੇ 17 ਅਰਬ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਅਸਲ
ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਕੋਈ ਫ਼ੀਸ ਨਹੀਂ। ਗੁਰੂ ਦਰਬਾਰ ਸਭ ਲਈ
ਸਾਂਝਾ ਹੈ, ਕਿਸੇ ਤੇ ਰੋਕ ਨਹੀਂ। ਬਾਹਰੋਂ ਵੀਜ਼ਾ ਲੈ ਕੇ ਆਉਣ ਵਾਲੇ ਸਿੱਖਾਂ ਲਈ ਇਥੇ
ਆਉਣ ਦੀ ਫ਼ੀਸ ਵੀ ਖ਼ਤਮ ਕਰ ਦਿੱਤੀ ਗਈ ਹੈ। ਪਰ ਸਥਾਨਕ ਲੋਕ ਕੰਪਲੈਕਸ ਵਿਚ ਆ ਕੇ ਉੱਥੇ
ਬਣੇ ਵਪਾਰਕ ਅਤੇ ਮਨੋਰੰਜਕ ਅਦਾਰਿਆਂ ਵਿਚ ਵੀ ਜਾਂਦੇ ਹਨ। ਇਹ ਫ਼ੀਸ ਉਨ੍ਹਾਂ ਕਾਰਨ ਹੀ
ਲਈ ਜਾਂਦੀ ਹੈ। ਗੁਰਦੁਆਰਾ ਸਾਹਿਬ, ਤੇ ਕੋਈ ਫ਼ੀਸ ਨਹੀਂ ਹੈ।
ਸਵਾਲ: ਕੀ ਤੁਸੀਂ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਲੈਣ ਦੀ ਪ੍ਰੇਸ਼ਾਨੀ ਤੋਂ
ਬਿਨਾਂ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਵੀਜ਼ਾ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਨਾਲ
ਗੱਲਬਾਤ ਕਰੋਗੇ? ਸਿਰਫ਼ ਖ਼ਾਸ ਮੌਕਿਆਂ 'ਤੇ ਹੀ ਨਹੀਂ, ਸਗੋਂ ਪੂਰਾ ਸਾਲ ਕਿਸੇ ਵੇਲੇ
ਵੀ ਵੀਜ਼ੇ ਮਿਲਣ?
ਜਵਾਬ: ਸਾਡੀ ਵੀਜ਼ਾ ਨੀਤੀ ਬਹੁਤ ਨਰਮ
ਹੈ। ਅਸੀਂ ਧਾਰਮਿਕ ਅਤੇ ਸਭਿਆਚਾਰਕ ਟੂਰਿਜ਼ਮ ਨੂੰ ਵਧਾਉਣਾ ਚਾਹੁੰਦੇ ਹਾਂ। ਸਾਡੀ
ਮੁੱਖ ਮੰਤਰੀ ਮਰੀਅਮ ਨਵਾਜ਼ ਸਾਹਿਬਾ ਇਸਤੇ ਖ਼ਾਸ ਧਿਆਨ ਦੇ ਰਹੇ ਹਨ। ਦੁਨੀਆ ਭਰ ਦੇ
ਕਿਸੇ ਵੀ ਦੇਸ਼ ਵਿਚ ਰਹਿੰਦੇ ਸਿੱਖ ਦਾ ਦਿਲ ਪਾਕਿਸਤਾਨ ਲਈ ਧੜਕਦਾ ਹੈ। ਕਿਉਂਕਿ ਗੁਰੂ
ਨਾਨਕ ਸਾਹਿਬ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਜੋਤੀ ਜੋਤਿ ਸਮਾਉਣ ਦਾ ਅਸਥਾਨ
ਕਰਤਾਰਪੁਰ ਸਾਹਿਬ ਹੈ। ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਤੇ ਗੁਰੂ ਅਰਜਨ ਸਾਹਿਬ ਦਾ
ਸ਼ਹੀਦੀ ਅਸਥਾਨ ਅਤੇ ਹੋਰ ਬਹੁਤ ਸਾਰੇ ਗੁਰਦੁਆਰੇ ਪਾਕਿਸਤਾਨ ਵਿਚ ਹਨ। ਸਿੱਖਾਂ ਲਈ
ਵੀਜ਼ਾ ਸ਼ਰਤਾਂ ਹੋਰ ਨਰਮ ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ
ਭਾਰਤ ਵਿਚੋਂ ਇੱਥੇ ਆ ਕੇ ਸਿੱਖ ਵਿਰਾਸਤ ਸੰਭਾਲਣ ਤੇ ਇਸ ਦੀ ਕਾਰ ਸੇਵਾ ਕਰਨ। ਸਾਡੇ
ਵੱਲ ਮਹਿੰਜੋਦੜੋ, ਹੜੱਪਾ ਵਰਗੀਆਂ ਥਾਵਾਂ ਲਈ ਵੀ ਵੀਜ਼ਾ ਪਾਲਿਸੀ ਨਰਮ ਕੀਤੀ ਜਾ ਰਹੀ
ਹੈ, ਮੈਂ ਸਰਕਾਰ ਨੂੰ ਆਪਣੇ ਸੁਝਾਅ ਵੀ ਦੇ ਰਿਹਾ ਹਾਂ।
ਸਵਾਲ:
ਗੁਰਪੁਰਬ ਮਨਾਉਣ ਦੇ ਸੰਬੰਧ ਵਿਚ, ਪਾਕਿਸਤਾਨ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ
ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵੱਖੋ-ਵੱਖਰੇ ਕਲੰਡਰਾਂ ਦੀ ਪਾਲਣਾ ਕਰ ਰਹੀਆਂ ਹਨ, ਕੀ
ਤੁਸੀਂ ਇੱਕ ਆਮ ਸਹਿਮਤੀ ਤੱਕ ਪਹੁੰਚਣ ਲਈ ਯਤਨ ਕਰੋਗੇ?
ਜਵਾਬ:
ਜਿਸ ਦਿਨ ਮੈਂ ਪਾਕਿਸਤਾਨ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਿਆ ਸੀ, ਮੈਂ ਉਸ ਦਿਨ ਹੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ
ਗੁਰਦੁਆਰਾ ਕਮੇਟੀ ਤੇ ਸਾਰੀ ਦੁਨੀਆਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ
ਆਓ, ਬੈਠ ਕੇ ਗੱਲ ਕਰੀਏ ਤੇ ਨਿੱਕੇ ਨਿੱਕੇ ਵਖਰੇਵੇਂ ਮਿਟਾ ਲਈਏ। ਅਸੀਂ 2003 ਤੋਂ
ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਿਤ ਨਾਨਕਸ਼ਾਹੀ ਕਲੰਡਰ ਲਾਗੂ ਕੀਤਾ ਹੋਇਆ
ਹੈ।
ਸਵਾਲ: ਪੰਜਾਬ ਸਰਕਾਰ ਦੇ ਮੰਤਰੀ ਹੋਣ ਅਤੇ
ਪਾਕਿਸਤਾਨ ਭਰ ਦੇ ਸਿੱਖਾਂ ਦੇ ਨੁਮਾਇੰਦੇ ਹੋਣ ਦੇ ਨਾਤੇ, ਕੀ ਤੁਹਾਡੇ ਕੋਲ ਦੁਨੀਆ
ਭਰ ਦੇ ਸਿੱਖਾਂ ਲਈ ਕੋਈ ਸੰਦੇਸ਼ ਹੈ?
ਜਵਾਬ: ਪਾਕਿਸਤਾਨ
ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ ਲਈ ਮੀਟਿੰਗ ਦੀ
ਮੇਜ਼ਬਾਨੀ ਕਰਨ ਲਈ ਤਿਆਰ ਹੈ। ਜਿੱਥੇ ਬੈਠ ਕੇ ਪੰਥਕ ਦੁਬਿਧਾਵਾਂ ਬਾਰੇ ਵਿਚਾਰ ਕੀਤੀ
ਜਾ ਸਕਦੀ ਹੈ। ਪਾਕਿਸਤਾਨ ਵਿਚ ਕੋਈ ਡੇਰਾ ਨਹੀਂ। ਕੋਈ ਦੇਹਧਾਰੀ ਗੁਰੂ ਨਹੀਂ। ਅਸੀਂ
ਅਕਾਲ ਤਖ਼ਤ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੇ ਹਾਂ। ਆਓ ਸਾਰੇ ਮਿਲ ਕੇ ਪੰਥਕ
ਦੁਬਿਧਾਵਾਂ ਖ਼ਤਮ ਕਰੀਏ ਤੇ ਇਕ ਹੋਈਏ। ਫੋਨ
ਨੰ: +91 92168-60000
|