ਪੰਜਾਬੀ
ਵਾਤਾਵਰਨ ਬਾਰੇ ਅਵੇਸਲੇ ਕਿਉਂ ਹਨ? ਜੇਕਰ ਹੁਣ ਤੱਕ ਦੇ ਭਾਰਤ ਦੇ ਇਤਿਹਾਸ ‘ਤੇ ਨਜ਼ਰ
ਮਾਰੀਏ ਤਾਂ ਪੰਜਾਬੀਆਂ ਨੇ ਹਮੇਸ਼ਾ ਹਰ ਪੱਖ ਵਿੱਚ ਮੋਹਰੀ ਦੀ ਭੂਮਿਕਾ ਨਿਭਾਈ ਹੈ।
ਦੇਸ਼ ਦੀ ਆਜ਼ਾਦੀ ਹੋਵੇ, ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣੀ
ਹੋਵੇ, ਦੇਸ਼ ਦੀ ਆਨਾਜ ਦੀ ਲੋੜ ਪੂਰੀ ਕਰਨੀ ਹੋਵੇ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ
ਕਰਨੀ ਹੋਵੇ ਆਪਣੀਆਂ ਜਾਨਾਂ ਵਾਰਨ ਲਈ ਤੱਤਪਰ ਰਹੇ ਹਨ, ਪ੍ਰੰਤੂ ਇਹ ਸਮਝ ਨਹੀਂ
ਆਉਂਦੀ ਪੰਜਾਬੀ, ਵਾਤਾਵਰਨ ਨੂੰ ਬਚਾਉਣ ਵਿੱਚ ਅਵੇਸਲੇ ਕਿਉਂ ਹਨ।
ਵਾਤਾਵਰਨ
ਦਾ ਮੁੱਦਾ ਅੱਜ ਕਲ੍ਹ ਬਹੁਤ ਮਹੱਤਵਪੂਰਨ ਬਣਿਆਂ ਹੋਇਆ ਹੈ। ਧਰਤੀ ਹੇਠਲਾ ਪਾਣੀ ਖ਼ਤਮ
ਹੋਣ ਕਿਨਾਰੇ ਹੈ, ਤਪਸ ਵੱਧ ਰਹੀ ਹੈ, ਵਾਰਸ਼ਾਂ ਘਟ ਗਈਆਂ ਹਨ। ਪੜ੍ਹਾਈ ਕਰਕੇ
ਲੋਕਾਂ ਵਿੱਚ ਜਾਗ੍ਰਤੀ ਬਥੇਰੀ ਆ ਚੁੱਕੀ ਹੈ। ਇਸ ਕਰਕੇ ਲੋਕਾਂ ਨੂੰ ਮਹਿਸੂਸ ਹੋ
ਰਿਹਾ ਹੈ, ਜ਼ਿੰਦਗੀ ਨੂੰ ਬਚਾਉਣ ਲਈ ਵਾਤਾਵਰਨ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਪ੍ਰੰਤੂ
ਫਿਰ ਵੀ ਲੋਕ ਵਾਤਾਵਰਨ ਨੂੰ ਦੂਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ।
ਅੱਧੀ ਸਦੀ ਪਹਿਲਾਂ ਜਦੋਂ ਭਾਰਤ ਦੇ ਲੋਕ ਬਹੁਤੇ
ਪੜ੍ਹੇ ਲਿਖੇ ਅਤੇ ਜਾਗ੍ਰਤ ਵੀ ਨਹੀਂ ਸਨ ਪ੍ਰੰਤੂ ਉਦੋਂ ਲੋਕ ਕੁਦਰਤ ਦੇ ਵਸੀਲਿਆਂ
ਅਤੇ ਕੁਦਰਤ ਦੀਆਂ ਰਹਿਮਤਾਂ ਦੀ ਸਾਂਭ ਸੰਭਾਲ ਵਿੱਚ ਦਿਲਚਸਪੀ ਲੈਂਦੇ ਸਨ। ਉਨ੍ਹਾਂ
ਦਾ ਆਨੰਦ ਵੀ ਮਾਣਦੇ ਸਨ। ਦੁੱਖ ਅਤੇ ਸੰਤਾਪ ਦੀ ਗੱਲ ਹੈ ਕਿ ਪੜ੍ਹਿਆ ਲਿਖਿਆ ਸਮਾਜ
ਵੀ ਕੁਦਰਤ ਦੇ ਵਸੀਲਿਆਂ ਨੂੰ ਨੁਕਸਾਨ ਪਹੁੰਚਾਉਣ ਲੱਗਿਆਂ ਭੋਰਾ ਵੀ ਸੋਚਦਾ ਨਹੀਂ।
ਉਹੀ ਦਰੱਖਤ, ਪਾਣੀ ਅਤੇ ਹਵਾ, ਜਿਹੜੇ ਇਨਸਾਨੀਅਤ ਦੀ ਜ਼ਿੰਦਗੀ ਹਨ, ਉਨ੍ਹਾਂ ਦੀ
ਬੇਕਿਰਕੀ ਨਾਲ ਦੁਰਵਰਤੋਂ ਕਰ ਰਹੇ ਹਨ।
ਹੋਰ ਨਵੇਂ ਰੁੱਖ ਲਗਾ ਨਹੀਂ ਰਹੇ,
ਸਗੋਂ ਦਰੱਖਤਾਂ ਨੂੰ ਵੱਢ ਕੇ ਆਧੁਨਿਕ ਢੰਗ ਦਾ ਫਰਨੀਚਰ ਤਿਆਰ ਕਰਕੇ ਸੁਖ
ਮਾਨਣ ਦੀ ਗੱਲ ਕਰਦੇ ਹਨ, ਅਸਲ ਵਿੱਚ ਉਹ ਆਪਣਾ ਤੇ ਆਪਣੀਆਂ ਪੀੜ੍ਹੀਆਂ ਦਾ ਭਵਿਖ ਵੱਢ
ਰਹੇ ਹਨ। ਸੰਸਾਰ ਵਿੱਚ 'ਭੂਮੀ ਤਪਸ਼' ਨਾਲ ਮਨੁੱਖਤਾ ਤ੍ਰਾਹ-ਤ੍ਰਾਹ ਕਰ ਰਹੀ ਹੈ।
ਆਧੁਨਿਕਤਾ ਨੇ ਮਾਨਵਤਾ ਨੂੰ ਬੇਸ਼ਕ ਸਹੂਲਤਾਂ ਦਿੱਤੀਆਂ ਹਨ ਪ੍ਰੰਤੂ ਨੁਕਸਾਨ ਵੀ ਬਹੁਤ
ਕੀਤਾ ਹੈ। ਪੁਰਾਣੇ ਸਮੇਂ ਵਿੱਚ ਕਿਸਾਨ ਆਪਣੇ ਖੂਹਾਂ ਦੇ ਤੌੜਾਂ ਵਿੱਚ ਰੁੱਖ
ਲਗਾਉਂਦੇ ਸਨ। ਖੇਤਾਂ ਦੇ ਆਲੇ ਦੁਆਲੇ ਘੱਟੋ ਘੱਟ ਖੇਤਾਂ ਦੇ ਕੋਨਿਆਂ ‘ਤੇ
ਨਿਸ਼ਾਨਦੇਹੀ ਲਈ ਦਰੱਖਤ ਲਗਾਉਂਦੇ ਸਨ। ਹੁਣ ਖੂਹ ਤੇ ਖੂਹਾਂ ਦੇ ਤੌੜ ਤਾਂ ਹੈ ਹੀ
ਨਹੀਂ। ਪਾਣੀ ਵਾਲੀਆਂ ਮੋਟਰਾਂ/ਇੰਜਣਾਂ ਲਈ ਹੁਣ ਤਾਂ ਕੋਠੇ ਵੀ ਨਹੀਂ ਬਣਾਉਂਦੇ,
ਦਰੱਖਤ ਤਾਂ ਕੀ ਲਗਾਉਣੇ ਹਨ।
ਇਸ ਤੋਂ ਇਲਾਵਾ ਸਾਂਝੀਆਂ ਥਾਵਾਂ ‘ਤੇ ਰੁੱਖ
ਲਗਾ ਕੇ ਉਥੇ ਮਹਿਫ਼ਲਾਂ ਲੱਗਦੀਆਂ ਸਨ। ਗਰਮੀ ਦੇ ਮੌਸਮ ਵਿੱਚ ਰੁੱਖਾਂ ਦੀ ਸੰਘਣੀ ਛਾਂ
ਦਾ ਆਨੰਦ ਮਾਣਦੇ ਸਨ। ਪਿੰਡਾਂ ਵਿੱਚ ਮੁਟਿਆਰਾਂ ਤੀਆਂ ਦੇ ਦਿਨਾ ਵਿੱਚ ਪੀਂਘਾਂ
ਪਾਉਂਦੀਆਂ ਸਨ। ਹੁਣ ਸਾਰਾ ਕੁਝ ਬਨਾਉਣੀ ਬਣ ਗਿਆ ਹੈ। ਪੀਂਘਾਂ ਪਾਉਣ ਲਈ ਦਰੱਖਤ ਹੀ
ਨਹੀਂ ਹਨ। ਮੇਰੇ ਪਿੰਡ ਕੱਦੋਂ ਦੇ ਲੋਕ ਰੁੱਖਾਂ ਦੀ ਅਹਿਮੀਅਤ ਸਮਝਣ ਵਾਲੇ ਹਨ
ਪ੍ਰੰਤੂ ਪਾਣੀ ਬਚਾਉਣ ਲਈ ਸੁਚੇਤ ਨਹੀਂ ਹਨ। ਰੇਤਲੇ ਟਿਬਿਆਂ ਨੂੰ ਪੱਧਰੇ ਕਰਕੇ ਜੀਰੀ
ਲਾ ਦਿੱਤੀ ਹੈ।
ਅੱਜ ਤੋਂ 64-65 ਸਾਲ ਪਹਿਲਾਂ 1960 ਦੀ ਗੱਲ ਹੈ, ਜਦੋਂ
ਮੈਂ ਅਜੇ ਪੰਜਵੀਂ-ਛੇਵੀਂ ਕਲਾਸ ਵਿੱਚ ਪੜ੍ਹਦਾ ਸੀ। ਮੈਨੂੰ ਅਜੇ ਕੁਦਰਤੀ ਵਸੀਲਿਆਂ,
ਕੁਦਰਤੀ ਨਿਹਮਤਾਂ, ਦੁਨੀਆਂਦਾਰੀ ਅਤੇ ਵਾਤਵਰਨ ਬਾਰੇ ਜਾਣਕਾਰੀ ਨਹੀਂ ਸੀ, ਜਿਵੇਂ ਆਮ
ਤੌਰ ‘ਤੇ ਬੱਚਿਆਂ ਨੂੰ ਖੇਡਣ ਮੱਲ੍ਹਣ ਦਾ ਸ਼ੌਕ ਹੁੰਦਾ ਹੈ। ਅਸੀਂ ਚਾਰ ਭਰਾ ਸੀ ਤੇ
ਮੈਂ ਸਭ ਤੋਂ ਛੋਟਾ ਹੋਣ ਕਰਕੇ ਪਰਿਵਾਰ ਦਾ ਲਾਡਲਾ ਸੀ। ਮੈਂ ਬੱਚਿਆਂ ਨਾਲ ਖੇਡਦਾ
ਰਹਿੰਦਾ ਸੀ। ਮੇਰਾ ਵੱਡਾ ਭਰਾ ਮਰਹੂਮ ਸ੍ਰ. ਧਰਮ ਸਿੰਘ ਪਟਿਆਲਾ ਵਿਖੇ ਆਬਕਾਰੀ ਤੇ
ਕਰ ਵਿਭਾਗ ਵਿੱਚ ਨੌਕਰੀ ਕਰਨ ਲਈ ਆ ਗਿਆ ਸੀ। ਉਨ੍ਹਾਂ ਤੋਂ ਛੋਟੇ ਭਰਾ ਮਰਹੂਮ ਸ੍ਰ.
ਚਰਨ ਸਿੰਘ ਅਤੇ ਮਰਹੂਮ ਦਰਸ਼ਨ ਸਿੰਘ ਮੇਰੇ ਪਿਤਾ ਜੀ ਨਾਲ ਖੇਤੀਬਾੜੀ ਦਾ ਕੰਮ ਕਰਦੇ
ਸਨ।
ਮੇਰੇ ਦੋਵੇਂ ਭਰਾ ਚਰਨ ਸਿੰਘ ਅਤੇ ਦਰਸ਼ਨ ਸਿੰਘ ਬਹੁਤੇ ਪੜ੍ਹੇ ਲਿਖੇ
ਤਾਂ ਨਹੀਂ ਸਨ ਪ੍ਰੰਤੂ ਉਦਮੀ ਅਤੇ ਸਮਝਦਾਰ ਬਹੁਤ ਸੀ। ਵਾਤਾਵਰਨ ਪ੍ਰੇਮੀ ਸੀ। ਸਾਡੇ
ਪਿੰਡ ਲਗਪਗ 20 ਏਕੜ ਥਾਂ ਵਿੱਚ ਸੰਘਣੇ ਰੁੱਖਾਂ ਵਾਲੀ ਇੱਕ ਝਿੜੀ ਹੈ, ਉਥੇ ਹੀ
ਸ਼ਮਸ਼ਾਨ ਘਾਟ ਹੈ। ਮੇਰੇ ਭਰਾ ਬਰਸਾਤਾਂ ਵਿੱਚ ਮੈਨੂੰ ਖੇਡਣ ਤੋਂ ਹਟਾ ਕੇ ਪਿੰਡ ਦੀ
ਸ਼ਮਸ਼ਾਨ ਘਾਟ ਵਾਲੀ ਝਿੜੀ ਵਿੱਚ ਆਪਣੇ ਨਾਲ ਲੈ ਜਾਂਦੇ ਸੀ। ਮੈਨੂੰ ਸ਼ਮਸ਼ਾਨ ਘਾਟ ਤੋਂ
ਡਰ ਵੀ ਲਗਦਾ ਸੀ ਪ੍ਰੰਤੂ ਉਹ ਮੈਨੂੰ ਆਪਣੇ ਨਾਲ ਜ਼ਰੂਰ ਲੈ ਕੇ ਜਾਂਦੇ ਸਨ। ਮੈਨੂੰ
ਯਾਦ ਹੈ, ਉਨ੍ਹਾਂ ਕੋਲ ਕਹੀਆਂ ਹੁੰਦੀਆਂ ਸਨ ਤੇ ਮੈਨੂੰ ਇੱਕ ਝੋਲਾ ਪਕੜਾ ਦਿੰਦੇ ਸੀ।
ਝੋਲੇ ਵਿੱਚ ਕਿਕਰਾਂ ਦੇ ਬੀਜ ਹੁੰਦੇ ਸਨ। ਉਹ ਟੋਆ ਪੁਟਦੇ ਹੁੰਦੇ ਤੇ ਮੈਨੂੰ ਉਸ
ਵਿੱਚ ਬੀਜ ਸੁੱਟਣ ਲਈ ਕਹਿੰਦੇ ਸੀ।
ਬਰਸਾਤਾਂ ਦੇ ਦਿਨ ਉਹ ਅਕਸਰ ਇੰਜ ਕਰਦੇ
ਰਹਿੰਦੇ ਸੀ। ਕਈ ਵਾਰੀ ਜਦੋਂ ਵਿਹਲ ਨਾ ਹੁੰਦੀ ਤਾਂ ਉਹ ਕਿਕਰਾਂ ਦੇ ਬੀਜਾਂ ਦਾ ਛੱਟਾ
ਹੀ ਦੇ ਦਿੰਦੇ ਸੀ। ਏਸੇ ਤਰ੍ਹਾਂ ਪਿੰਡ ਦੇ ਕੁਝ ਹੋਰ ਲੋਕ ਵੀ ਝਿੜੀ ਵਿੱਚ ਰੁੱਖ
ਲਗਾਉਂਦੇ ਸਨ। ਮੈਨੂੰ ਸਮਝ ਨਹੀਂ ਸੀ ਆਉਂਦੀ, ਉਹ ਇੰਜ ਕਿਉਂ ਕਰਦਾ ਹੈ। ਸ਼ਮਸ਼ਾਨ ਘਾਟ
ਦੀ ਝਿੜੀ ਬਹੁਤ ਸੰਘਣੀ ਸੀ। ਉਸ ਝਿੜੀ ਵਿੱਚ ਜਿਤਨੇ ਰੁੱਖ ਸਨ, ਉਨ੍ਹਾਂ ਨੂੰ ਕੋਈ
ਵੱਢ ਨਹੀਂ ਸਕਦਾ ਸੀ। ਝਿੜੀ ਵਿੱਚ ਬਾਬਾ ਸਿੱਧ ਅਤੇ ਸਤੀ ਮਾਤਾ ਦੀਆਂ ਸਮਾਧਾਂ ਹਨ।
ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਜਿਹੜਾ ਲੱਕੜ ਕੱਟੇਗਾ ਉਸ ਨੂੰ ਸਰਾਪ ਲੱਗੇਗਾ।
ਰੁੱਖਾਂ ਨੂੰ ਕੱਟਣ ਤੋਂ ਰੋਕਣ ਲਈ ਸਿਆਣਿਆਂ ਨੇ ਸਰਾਪ ਦਾ ਡਰਾਬਾ ਦਿੱਤਾ ਹੋਇਆ ਸੀ।
ਸਿਰਫ ਮੁਰਦਿਆਂ ਦੇ ਸਸਕਾਰ ਲਈ ਲੱਕੜ ਕੱਟ ਸਕਦੇ ਸਨ। ਇਹ ਪਰੰਪਰਾ ਅੱਜ ਤੱਕ
ਵੀ ਲਾਗੂ ਹੈ ਪ੍ਰੰਤੂ ਬ੍ਰਾਹਮਣ ਪਰਿਵਾਰ ਲੱਕੜ ਕੱਟ ਸਕਦੇ ਸਨ। ਵੈਸੇ ਲੱਕੜ ਵੱਢੀ
ਨਹੀਂ ਜਾਂਦੀ ਸੀ ਪ੍ਰੰਤੂ ਜਿਹੜੇ ਰੁੱਖ ਬਿਰਧ ਹੋ ਕੇ ਸੁੱਕ ਜਾਂਦੇ ਸਨ, ਉਨ੍ਹਾਂ ਦੀ
ਲੱਕੜ ਨਾਲ ਮੁਰਦਿਆਂ ਦੇ ਸਸਕਾਰ ਕੀਤੇ ਜਾਂਦੇ ਸਨ। ਅੱਜ ਕਲ੍ਹ ਵੀ ਇਹ ਪਰੰਪਰਾ ਚਾਲੂ
ਹੈ ਪ੍ਰੰਤੂ ਬਹੁਤੇ ਲੋਕ ਮੁਰਦਿਆਂ ਦੇ ਸਸਕਾਰ ਲਈ ਝਿੜੀ ਵਿੱਚੋਂ ਲੱਕੜ ਨਹੀਂ ਵਰਤਦੇ
ਸਗੋਂ ਬਾਜ਼ਾਰੋਂ ਮੁੱਲ ਲਿਆਉਂਦੇ ਹਨ। ਝਿੜੀ ਦੇ ਵਿਚਕਾਰ ਦੋ ਟੋਭੇ ਸਨ, ਇੱਕ ਟੋਭਾ
ਵੱਡਾ ਸੀ, ਉਨ੍ਹਾਂ ਟੋਭਿਆਂ ਵਿੱਚੋਂ ਪਾਣੀ ਲੈ ਕੇ ਝਿੜੀ ਵਿੱਚ ਲਗਾਏ ਜਾਣ ਵਾਲੇ
ਰੁੱਖਾਂ ਨੂੰ ਪਾਣੀ ਦਿੱਤਾ ਜਾਂਦਾ ਸੀ। ਇਹ ਟੋਭੇ ਹੁਣ ਸੁੱਕ ਚੁੱਕੇ ਹਨ ਪ੍ਰੰਤੂ
ਪਿੰਡ ਦੇ ਲੋਕ ਹੁਣ ਵੀ ਝਿੜੀ ਵਿੱਚ ਦਰੱਖਤ ਲਗਾਉਂਦੇ ਰਹਿੰਦੇ ਹਨ।
ਝਿੜੀ
ਵਿੱਚ ਅਨੇਕਾਂ ਕਿਸਮਾ ਦੇ ਦਰੱਖਤ ਸਨ। ਪਿਪਲ, ਬਰੋਟਾ, ਬੇਰੀ, ਕਿਕਰ, ਪਲਾਹ, ਟਾਹਲੀ,
ਤੂਤ ਅਤੇ ਕੇਸੂ ਦੇ ਰੁੱਖ ਹਨ। ਕੇਸੂ ਦੇ ਰੁੱਖਾਂ ਨੂੰ ਪੱਤੇ ਨਹੀਂ ਲੱਗਦੇ ਸਗੋਂ
ਫੁੱਲ ਹੀ ਲੱਗਦੇ ਹਨ, ਜਿਹੜੇ ਸੁਹਾਵਣਾ ਵਾਤਵਰਨ ਬਣਾਉਂਦੇ ਹਨ। ਜਦੋਂ ਮੈਂ ਆਪਣੇ
‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਪੁਸਤਕ ਲਿਖ ਰਿਹਾ ਸੀ ਤਾਂ ਪਿੰਡ ਦੇ ਬਜ਼ੁਰਗਾਂ
ਨਾਲ ਗੱਲ ਬਾਤ ਕਰਨ ਦਾ ਮੌਕਾ ਮਿਲਿਆ। ਮੈਨੂੰ ਦੱਸਿਆ ਗਿਆ ਕਿ ਪਿੰਡ ਦੇ ਦਰਜੀ ਨਾਥ
ਸਿੰਘ ਭੱਲਾ ਵਾਤਾਵਰਨ ਪ੍ਰੇਮੀ ਸਨ। ਉਹ ਦੋਰਾਹੇ ਕਪੜੇ ਸਿਉਣ ਦਾ ਕੰਮ ਕਰਦੇ ਸਨ
ਪ੍ਰੰਤੂ ਪਿੰਡ ਵਿੱਚ ਖਾਲੀ ਥਾਵਾਂ ‘ਤੇ ਦਰੱਖਤ ਲਗਾਉਂਦੇ ਰਹਿੰਦੇ ਸਨ। ਹਰ ਰੋਜ਼
ਸਵੇਰੇ ਜਦੋਂ ਦੋਰਾਹੇ ਨੂੰ ਆਪਣੀ ਕਪੜੇ ਸਿਉਣ ਵਾਲੀ ਮਸ਼ੀਨ ਸਿਰ ‘ਤੇ ਰੱਖਕੇ ਲੈ ਕੇ
ਜਾਂਦੇ ਤਾਂ ਰਸਤੇ ਵਿੱਚਲੇ ਰੁੱਖਾਂ ਨੂੰ ਪਾਣੀ ਦਿੰਦੇ ਜਾਂਦੇ ਸਨ।
ਦੋਰਾਹੇ
ਦੇ ਰਾਹ ਵਿੱਚ ਜਿੰਨੇ ਦਰੱਖਤ ਉਨ੍ਹਾਂ ਨੇ ਲਗਾਏ ਸਾਰਿਆਂ ਦੀ ਵੇਖ ਭਾਲ ਵੀ ਖੁਦ ਕਰਦੇ
ਸਨ। ਇਸ ਤਰ੍ਹਾਂ ਪਿੰਡ ਦੇ ਫ਼ੈਜ ਮੁਹੰਮਦ ਵੀ ਰੁੱਖਾਂ ਖਾਸ ਤੌਰ ‘ਤੇ ਪਿਪਲ ਅਤੇ
ਬਰੋਟਿਆਂ ਦੇ ਦਰਖਤ ਲਗਾਉਂਦੇ ਅਤੇ ਉਨ੍ਹਾਂ ਪਾਣੀ ਪਾ ਕੇ ਪਾਲਦੇ ਸਨ। ਆਧੁਨਿਕ ਸਮੇਂ
ਦੇ ਪੜ੍ਹੇ ਲਿਖੇ ਤੇ ਜਾਗ੍ਰਤ ਲੋਕਾਂ ਨੂੰ ਆਪਣੇ ਪਿੰਡ ਦੇ ਬਜ਼ੁਰਗਾਂ ਦੀ ਵਿਰਾਸਤ ਤੋਂ
ਕੁਝ ਤਾਂ ਸਿੱਖਣਾ ਬਣਦਾ ਹੈ। ਜੇਕਰ ਏਸੇ ਤਰ੍ਹਾਂ ਰੁੱਖਾਂ ਦੀ ਕਟਾਈ ਹੁੰਦੀ ਰਹੀ ਤਾਂ
ਅਸੀਂ ਆਪਣਾ ਭਵਿਖ ਆਪ ਖ਼ਰਾਬ ਕਰ ਲਵਾਂਗੇ। ਸਾਡੇ ਪਿੰਡ ਦੀਆਂ ਸਵੈਇੱਛਤ ਸੰਸਥਾਵਾਂ
‘ਕੱਦੋਂ ਨਿਸ਼ਕਾਮ ਸੇਵਾ ਸਸਾਇਟੀ’ ਨੇ ਰੁੱਖ ਲਗਾਉਣ ਤੋਂ ਇਲਾਵਾ ਸਾਰੇ ਪਿੰਡ ਦੀਆਂ
ਗਲੀਆਂ ਵਿੱਚ ਸਜਾਵਟੀ ਬੂਟੇ ਲਗਾਏ ਹੋਏ ਹਨ ਤਾਂ ਜੋ ਵਾਤਵਰਨ ਸਾਫ਼ ਸੁਥਰਾ ਰਹੇ ਅਤੇ
ਸਾਡੀ ਲਾਈਫ਼ ਲਾਈਨ ਬਰਕਰਾਰ ਰਹੇ। ਸੌਣ ਦੇ ਮਹੀਨੇ ਜੰਗਲਾਤ ਵਿਭਾਗ ਦਰਖਤ ਲਗਾਉਣ ਦੀ
ਮੁਹਿੰਮ ਤਾਂ ਚਲਾਉਂਦਾ ਹੈ ਪ੍ਰੰਤੂ ਦਰੱਖਤਾਂ ਦੀ ਵੇਖ ਭਾਲ ਨਹੀਂ ਕੀਤੀ ਜਾਂਦੀ।
ਸਵੈਇੱਛਤ ਸੰਸਥਾਵਾਂ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾਉਣ ਲਈ ਰੁੱਖ ਤਾਂ ਲਗਾਉਂਦੀਆਂ ਹਨ
ਪ੍ਰੰਤੂ ਮੁੜਕੇ ਉਨ੍ਹਾਂ ਦੀ ਵੇਖ ਭਾਲ ਨਹੀਂ ਕਰਦੇ।
ਜੀਰੀ ਲਗਾਕੇ ਧਰਤੀ
ਹੇਠਲਾ ਪਾਣੀ ਵੀ ਬੇਕਿਰਕੀ ਨਾਲ ਕੱਢਕੇ ਪੰਜਾਬੀ ਆਪਣਾ ਅਤੇ ਆਪਣੀ ਨਵੀਂ ਪੀੜ੍ਹੀ ਦਾ
ਭਵਿਖ ਦਾਅ ‘ਤੇ ਲਗਾ ਰਹੇ ਹਨ। ਪੰਜਾਬੀਆਂ ਨੂੰ ਜੀਰੀ ਲਗਾਉਣ ਵਿੱਚ ਪਹਿਲ ਕਰਕੇ
ਬਦਲਵੀਂਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ। ਉਹ ਜਿਵੇਂ ਹਰ ਖੇਤਰ ਵਿੱਚ ਮੋਹਰੀ ਹਨ,
ਉਨ੍ਹਾਂ ਨੂੰ ਵਾਤਾਵਰਨ ਬਚਾਉਣ ਲਈ ਵੀ ਮੋਹਰੀ ਬਣਨਾ ਚਾਹੀਦਾ ਹੈ। ਕਰਮਜੀਤ ਸਿੰਘ
‘ਜੀਤ ਕੱਦੋਂਵਾਲਾ’ ਗੀਤਕਾਰ ਨੇ ਪ੍ਰਵਾਸੀਆਂ ਨੂੰ ਸੁਝਾਅ ਦਿੱਤਾਹੈ ਕਿ ਉਹ ਆਪਣੀਆਂ
ਜ਼ਮੀਨਾ ਠੇਕੇ ‘ਤੇ ਸਿਰਫ ਉਨ੍ਹਾਂ ਨੂੰ ਹੀ ਦੇਣ ਜਿਹੜੇ ਜੀਰੀ ਨਾ ਬੀਜਣ। ਇੰਜ ਕਰਨ
ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਪਰਵਾਸੀਆਂ ਪੰਜਾਬ ਲਈ ਇਹ ਵੱਡਾ ਯੋਗਦਾਨ
ਸਾਬਤ ਹੋ ਸਕਦਾ ਹੈ। ਪੰਜਾਬੀਓ ਵਾਤਾਵਰਨ ਲਈ ਸੁਚੇਤ ਹੋ ਜਾਵੋ ਤਾਂ ਜੋ ਭਵਿਖ ਬਚਾਇਆ
ਜਾ ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ ਮੋਬਾਈਲ-94178 13072
ujagarsingh48@yahoo.com
|