ਪੰਜਾਬੀ
ਯੂਨੀਵਰਸਿਟੀ ਦੀ 'ਪੰਜਾਬੀ ਵਿਕਾਸ ਕਾਨਫਰੰਸ' ਦੇ ਮਿਤੀ 10 ਦਸੰਬਰ 2024 ਦੇ
ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਦੀ ਮੌਜੂਦਗੀ ਵਿੱਚ
ਕੀਤੀਆਂ ਕੁੱਝ ਗੱਲਾਂ:
ਮਾਨਯੋਗ ਸਪੀਕਰ ਸਾਹਿਬ ਅਤੇ ਸਾਰੀਆਂ
ਵਿਦਵਾਨ ਸ਼ਖ਼ਸੀਅਤਾਂ ਨੂੰ ਮੇਰਾ ਨਮਨ।
ਡਾ. ਰਾਜੇਸ਼
ਗਿੱਲ ਨੇ ਆਪਣੇ ਮੁੱਖ ਭਾਸ਼ਣ ਵਿੱਚ ਮੁਕੰਮਲ ਕੰਗਾਲੀ ਅਤੇ ਮੰਦਹਾਲੀ ਵੱਲ ਵਧ ਰਹੇ
ਪੰਜਾਬ ਨਾਲ ਜੁੜੇ ਕਈ ਮੁੱਦਿਆਂ ਦੀ ਚਰਚਾ ਕੀਤੀ ਹੈ। ਡਾ. ਰਵੇਲ ਸਿੰਘ ਨੇ ਵੀ ਆਪਣੇ
ਭਾਸ਼ਣ ਵਿੱਚ ਉਹਨਾਂ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਮਾਨਯੋਗ ਸਪੀਕਰ ਸਾਹਿਬ, ਆਪ
ਨੇ ਦੋਨਾਂ ਪੰਜਾਬਾਂ ਵਿੱਚ ਜੁਦਾਈ ਦੇ ਦਰਦ ਅਤੇ ਇੱਕ ਦੂਸਰੇ ਨੂੰ ਮਿਲਣ ਦੀ ਤਾਂਘ ਦੀ
ਗੱਲ ਕੀਤੀ ਤਾਂ ਮੈਂ ਸੋਚ ਰਿਹਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋਇਆ ਅਸੀਂ
ਪੰਜਾਬ-ਪੰਜਾਬ ਖੇਡਣ ਦੀ ਬਜਾਏ ਭਾਵ ਦੇਸ਼ ਪੰਜਾਬ ਦੀ ਗੱਲ ਕਰਨ ਦੀ ਬਜਾਏ ਹਿੰਦੂ
ਮੁਸਲਮਾਨ ਦੀ ਖੇਡ ਖੇਡਣ ਲੱਗੇ। ਤੁਸੀਂ ਪੰਜਾਬ ਵਿਰੋਧੀ ਸਾਜਿਸ਼ਾਂ ਦੀ ਗੱਲ ਕੀਤੀ।
ਸਰੀਰ ਦਾ ਕੋਈ ਇੱਕ ਅੰਗ ਪੈਰ ਵੱਢਿਆ ਜਾਵੇ ਤਾਂ ਉਹ ਜੁੜ ਸਕਦਾ ਹੈ ਜਾਂ ਨਕਲੀ ਅੰਗ
ਲਗ ਸਕਦਾ ਹੈ। ਪ੍ਰੰਤੂ ਪੰਜਾਬ ਨੂੰ ਵਿਚਾਲਿਓਂ ਵੱਢਿਆ ਗਿਆ। ਵਿਚਾਲਿਓਂ ਵੱਢਿਆ ਹੋਇਆ
ਨਾ ਜੁੜ ਸਕਦਾ ਹੈ ਨਾ ਬਚ ਸਕਦਾ ਹੈ। ਵੱਢਿਆ ਇਸ ਕਰਕੇ ਗਿਆ ਕਿਉਂਕਿ ਅਸੀਂ ਇਸ ਨੂੰ
ਵੱਢ ਹੋਣ ਦਿੱਤਾ। ਪੰਜਾਬ ਦੀ ਹੋਂਦ ਹਸਤੀ ਮਿਟਣ ਦੇ ਜਸ਼ਨ ਵਜੋਂ ਇਸਦੇ ਵਿਚਾਲੇ ਫੇਰੀ
ਗਈ ਆਰੀ ਦੇ ਚੀਰ ਤੇ ਖੜ੍ਹ ਕੇ ਰੋਜ਼ਾਨਾ ਦੋ ਵੇਲੇ ਝੰਡੇ ਝੁਲਾਉਣ ਅਤੇ ਲਾਹੁਣ ਦੇ
ਨਾਂ ਤੇ ਸਿਰੋਂ ਉੱਚੇ ਪੈਰ ਕਰ ਕਰਕੇ ਬੂਟ ਖੜਕਾਏ ਜਾਂਦੇ ਹਨ। ਦੁੱਖ ਦੀ ਗੱਲ ਹੈ ਕਿ
ਸਮਝ ਅਸੀਂ ਅਜੇ ਵੀ ਨਹੀਂ ਰਹੇ। ਅਗਲਿਆਂ ਦਾ ਜਦੋਂ ਜੀ ਕਰਦਾ ਸਾਨੂੰ ਹਿੰਦੂ ਸਿੱਖ ਦੀ
ਖੇਡ ਖੇਡਣ ਲਾ ਦਿੰਦੇ ਤੇ ਅਸੀਂ ਬਹੁਤ ਸ਼ਿੱਦਤ ਨਾਲ ਉਹ ਖੇਡਾਂ ਖੇਡਦੇ ਜ। ਅਸੀਂ
ਪੰਜਾਬ ਪੰਜਾਬ ਕਦੋਂ ਖੇਡਣਾ ਹੈ? ਇਸ ਪ੍ਰਥਾਏ ਮੈ ਮੁੱਖ ਤੌਰ 'ਤੇ ਸਿਰਫ ਇੱਕ ਨੁਕਤੇ
ਵੱਲ ਹੀ ਸੰਖੇਪ ਵਿੱਚ ਧਿਆਨ ਦਿਵਾਉਣਾ ਹੈ।
ਦੁਨੀਆਂ ਦਾ ਸਭ ਤੋਂ ਪਹਿਲਾ
ਗ੍ਰੰਥ ਰਿਗਵੇਦ ਸਾਡੇ ਪੰਜਾਬ ਦੀ ਧਰਤੀ 'ਤੇ ਰਚਿਆ ਗਿਆ।ਗੁਰੂ ਨਾਨਕ ਨੇ ਆਪਣੀਆਂ ਚਾਰ
ਉਦਾਸੀਆਂ ਦੌਰਾਨ ਚਾਰੇ ਦਿਸ਼ਾਵਾਂ ਵਿੱਚ ਇਲਮ ਅਤੇ ਚਿੰਤਨ ਦੇ ਵੱਖ-ਵੱਖ ਕੇਂਦਰਾਂ
'ਤੇ ਜਾ ਕੇ ਉਹਨਾਂ ਤੋਂ ਪਹਿਲਾਂ ਹੋਏ ਸੁਖਨਵਰਾਂ ਜਿਵੇਂ ਕਬੀਰ ਜੀ, ਰਵਿਦਾਸ ਜੀ,
ਨਾਮਦੇਵ ਜੀ, ਧੰਨਾ ਜੀ, ਪੀਪਾ ਜੀ, ਰਾਮਾਨੰਦ ਜੀ, ਜੈਦੇਵ ਜੀ, ਸਦਨਾ ਜੀ ਆਦਿ ਦੀ
ਬਾਣੀ ਇਕੱਠੀ ਕਰਕੇ ਪੰਜਾਬ ਲਿਆਂਦੀ। ਇੰਜ ਪੰਜਾਬ ਨੂੰ ਉਸ ਸਾਰੇ ਗਿਆਨ ਅਤੇ ਚਿੰਤਨ
ਦਾ ਮਿਲਣ-ਬਿੰਦੂ ਬਣਾ ਦਿੱਤਾ। ਦੂਜੇ ਸ਼ਬਦਾਂ ਵਿੱਚ ਸਮੁੱਚੇ ਪੰਜਾਬ ਦੀ ਧਰਤ ਨੂੰ
ਵਲਗਣ ਰਹਿਤ ਵਿਸ਼ਾਲ ਵਿਦਿਆਲੇ ਦਾ ਰੂਪ ਦੇ ਦਿੱਤਾ। ਇਸ ਬਾਣੀ ਦੀ ਸਾਂਭ-ਸੰਭਾਲ ਦੇ
ਮਹਾਨ ਕਾਰਜ ਨੂੰ ਗੁਰੂ ਅਰਜਨ ਸਾਹਿਬ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ
ਅੰਤਮ ਰੂਪ ਦਿੱਤਾ। ਇੰਜ ਦੁਨੀਆਂ ਦਾ ਸਭ ਤੋਂ ਵੱਡਾ ਸੰਪਾਦਿਤ ਅਤੇ ਮਹਾਨਤਮ ਗ੍ਰੰਥ
ਵੀ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੀ ਧਰਤੀ 'ਤੇ ਹੀ ਤਿਆਰ ਹੋਇਆ। ਗੁਰੂ ਸਾਹਿਬ ਨੇ
ਇਸ ਗ੍ਰੰਥ ਨੂੰ ਪੰਜਾਬ ਦੇ ਕੇਂਦਰੀ ਸਥਾਨ ਵਿਖੇ ਬਹੁਤ ਵਿਸ਼ਾਲ ਤੇ ਰਮਣੀਕ ਜਲ ਭੰਡਾਰ
ਦੇ ਵਿਚਾਲੇ ਬਹੁਤ ਸੁੰਦਰ ਮੰਦਰ (ਇਮਾਰਤ) ਉਸਾਰ ਕੇ ਉਸਦੇ ਐਨ ਵਿਚਾਲੇ ਸਥਾਪਿਤ
ਕੀਤਾ। ਇਸ ਤਰ੍ਹਾਂ ਸਾਡੇ ਮਹਾਨ ਪੁਰਖਿਆਂ ਨੇ ਗਿਆਨ, ਚਿੰਤਨ ਅਤੇ ਵਿੱਦਿਆ ਨੂੰ ਸਾਡੇ
ਪੰਜਾਬੀਆਂ ਦੇ ਜੀਵਨ ਦਾ ਕੇਂਦਰ ਹੋਣ ਦਾ ਐਲਾਨ ਅਤੇ ਕਾਰਜ ਕੀਤਾ।
ਇਸ ਤੋਂ
ਇਹ ਗੱਲ ਸਾਨੂੰ ਸਪਸ਼ਟ ਸਮਝ ਆਉਂਦੀ ਹੈ ਕਿ ਵਿਦਿਆ ਦੇ ਵਿਕਾਸ ਤੋਂ ਬਿਨਾਂ ਪੰਜਾਬ ਦੇ
ਹੰਡਣਸਾਰ ਵਿਕਾਸ ਦੀ ਗੱਲ ਸੋਚੀ ਨਹੀਂ ਜਾ ਸਕਦੀ। ਦੂਸਰਾ, ਦੁਨੀਆਂ ਦੇ ਸਾਰੇ ਵਿਕਸਿਤ
ਭਾਈਚਾਰਿਆਂ ਨੇ ਆਪਣੀ ਤਰੱਕੀ ਦਾ ਮਾਰਗ ਆਪੋ ਆਪਣੀਆਂ ਬੋਲੀਆਂ ਰਾਹੀਂ ਹੀ ਅਪਣਾਇਆ
ਹੈ। ਜਿੱਥੇ ਅੰਗਰੇਜ਼ਾਂ ਨੇ ਆਪਣੀ ਤਰੱਕੀ ਅੰਗਰੇਜ਼ੀ ਭਾਸ਼ਾ ਰਾਹੀਂ ਕੀਤੀ ਉਥੇ
ਫਰਾਂਸੀਸੀਆਂ ਨੇ ਫਰੈਂਚ, ਜਰਮਨਾਂ ਨੇ ਜਰਮਨ, ਸਪੇਨੀਆਂ ਨੇ ਸਪੈਨਿਸ਼, ਜਪਾਨੀਆਂ ਨੇ
ਆਪਣੀ ਭਾਸ਼ਾ ਜਪਾਨੀ, ਚੀਨਿਆਂ ਨੇ ਚੀਨੀ ਅਤੇ ਰੂਸੀਆਂ ਨੇ ਰੂਸੀ ਭਾਸ਼ਾ ਵਿੱਚ ਤਰੱਕੀ
ਦੀ ਰਫ਼ਤਾਰ ਫੜੀ। ਇਸ ਤੋਂ ਇਹ ਬਹੁਤ ਸਪਸ਼ਟ ਹੈ ਕਿ ਜੇ ਪੰਜਾਬ ਨੇ ਸ੍ਵੈ-ਮਾਣ
ਨਿਰਭਰਤਾ ਵਰਗੀ ਕਿਸੇ ਹੰਢਣਸਾਰ ਤਰੱਕੀ ਦਾ ਭਾਗੀ ਬਣਨਾ ਹੈ ਤਾਂ ਉਸ ਦਾ ਰਸਤਾ
ਪੰਜਾਬੀ ਭਾਸ਼ਾ ਵਿੱਚੋਂ ਹੀ ਹੋ ਕੇ ਜਾਣਾ ਹੈ। ਆਜ਼ਾਦੀ ਤੋਂ ਬਾਅਦ ਸਾਡੇ ਆਗੂਆਂ ਨੇ
ਇਸੇ ਗੱਲ ਨੂੰ ਸਮਝਦਿਆਂ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ ਅਤੇ ਹਰ
ਪ੍ਰਕਾਰ ਦੀ ਪੜ੍ਹਾਈ ਪੰਜਾਬੀ ਵਿੱਚ ਕਰਨ ਕਰਾਉਣ ਲਈ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ
ਵਰਗਾ ਅਦਾਰਾ ਬਣਾਇਆ ਸੀ।
ਗੁਰੂ ਨਾਨਕ ਸਾਹਿਬ ਦਾ ਇਹ ਬੋਲ-
"ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ।"
ਦੂਸਰਿਆਂ ਜਾਂ
ਹੁਕਮਰਾਨਾ ਦੀ ਬੋਲੀ ਦੇ ਸਿਰ 'ਤੇ ਤਰੱਕੀ ਕਰਨ ਦਾ ਭਰਮ ਪਾਲਣ ਵਾਲਿਆਂ ਦੀ ਖਿੱਲੀ
ਉਡਾਉਂਦਾ ਹੈ।
ਇਸ ਤਰ੍ਹਾਂ ਇਹ ਗੱਲ ਚਿੱਟੇ ਦਿਨ ਤੋਂ ਵੀ ਵੱਧ ਸਾਫ਼ ਹੈ ਕਿ
ਵਿਦਿਅਕ ਖੇਤਰ ਦੀ ਸਾਵੀਂ ਤਰੱਕੀ ਲਈ ਸੁਹਿਰਦ ਹੋਏ ਬਿਨਾਂ ਪੰਜਾਬ ਦੀ ਤਰੱਕੀ ਬਾਰੇ
ਸੋਚਿਆ ਨਹੀਂ ਜਾ ਸਕਦਾ। ਪੰਜਾਬੀ ਬੋਲੀ ਦੀ ਸੰਭਾਲ ਕੀਤੇ ਬਿਨਾਂ ਪੰਜਾਬ ਨੂੰ
ਸੰਭਾਲਿਆ ਨਹੀਂ ਜਾ ਸਕਦਾ। ਆਪਣੀ ਬੋਲੀ ਦੇ ਵਿਕਾਸ ਬਿਨਾਂ ਆਪਣੇ ਲੋਕਾਂ ਦੇ ਵਿਕਾਸ
ਦੀ ਗੱਲ ਪ੍ਰਮਾਣਿਕ ਨਹੀਂ ਹੋਏਗੀ। ਪਰੰਤੂ ਹਾਲਾਤ ਇਹ ਹੈ ਕਿ ਅਕਤੂਬਰ ਮਹੀਨੇ
ਵਿੱਚ ਅਸੀਂ ਭਾਸ਼ਾ ਵਿਭਾਗ ਵੱਲੋਂ ਬਾਬਾ ਫ਼ਰੀਦ ਮੇਲਾ ਕਰਾਉਣ ਦੇ ਸੰਬੰਧ ਵਿੱਚ
ਫ਼ਰੀਦਕੋਟ ਗਏ ਤਾਂ ਪ੍ਰਿੰਸੀਪਲ ਮਨਜੀਤ ਸਿੰਘ ਤੋਂ ਪਤਾ ਲੱਗਾ ਕਿ ਉਥੋਂ ਦੇ ਸਰਕਾਰੀ
ਬਰਜਿੰਦਰਾ ਕਾਲਜ ਵਿੱਚ ਅਧਿਆਪਕਾਂ ਦੀਆਂ ਕੁੱਲ 74 ਪੋਸਟਾਂ ਵਿੱਚੋਂ ਕੇਵਲ ਪੰਜ ਹੀ
ਪੱਕੇ ਅਧਿਆਪਕਾਂ ਨਾਲ ਭਰੀਆਂ ਹੋਈਆਂ ਹਨ। ਨਵੰਬਰ ਦੇ ਪੰਜਾਬੀ ਮਾਹ ਦੇ ਇੱਕ ਰਾਜ
ਪੱਧਰੀ ਪ੍ਰੋਗਰਾਮ ਵਿੱਚ ਲੁਧਿਆਣੇ ਦੇ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਗਏ ਤਾਂ
ਉਥੋਂ ਦੀ ਪ੍ਰਿੰਸੀਪਲ ਸਾਹਿਬਾ ਤੋਂ ਪਤਾ ਲੱਗਾ ਕਿ ਕਾਲਜ ਦੇ ਪੰਜਾਬੀ ਵਿਭਾਗ ਵਿੱਚ
ਇੱਕ ਵੀ ਪੱਕੀ ਅਧਿਆਪਕ ਨਹੀਂ ਹੈ। ਪੰਜਾਬੀ ਦੇ ਮੁਖੀ ਦਾ ਕੰਮ ਵੀ ਅੰਗਰੇਜ਼ੀ ਵਿਭਾਗ
ਦੀ ਮੁਖੀ ਨੂੰ ਹੀ ਦੇਖਣਾ ਪੈਂਦਾ ਹੈ। ਨਵੰਬਰ ਮਹੀਨੇ ਵਿੱਚ ਹੀ ਪਾਕਿਸਤਾਨ ਦੇ ਸ਼ਹਿਰ
ਲਾਹੌਰ ਵਿਚਲੇ ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ ਜਾਣ ਦਾ ਮੌਕਾ ਮਿਲਿਆ। ਫ਼ਰਕ
ਦੇਖੋ, ਇਥੋਂ ਦੀ ਪ੍ਰਿੰਸੀਪਲ ਡਾ. ਨਬੀਲਾ ਰਹਿਮਾਨ ਤੋਂ ਪਤਾ ਲੱਗਾ ਕਿ ਉਹਨਾਂ ਦੇ
ਕਾਲਜ ਵਿੱਚ ਅਧਿਆਪਕਾਂ ਦੀਆਂ ਲਗਭਗ 100 ਪੋਸਟਾਂ ਹਨ ਅਤੇ ਉਹਨਾਂ ਵਿੱਚੋਂ ਇੱਕ ਵੀ
ਖਾਲੀ ਨਹੀਂ ਹੈ।
ਸਾਡੇ ਆਪਣੇ ਭਾਸ਼ਾ ਵਿਭਾਗ ਵਿੱਚ ਪੰਜਾਬੀ ਵਿੱਚ ਕੰਪਿਊਟਰ
ਟਾਈਪ ਸਿਖਾਉਣ ਵਾਲੇ ਕੰਪਿਊਟਰ ਅਧਿਆਪਕਾਂ ਦੀਆਂ 28 ਵਿੱਚੋਂ 26 ਪੋਸਟਾਂ ਖਾਲੀ ਹਨ।
ਭਾਸ਼ਾਈ ਖੋਜ ਸਹਾਇਕਾਂ ਦੀਆਂ 50 ਵਿੱਚੋਂ 42 ਪੋਸਟਾਂ ਖਾਲੀ ਹਨ। 21ਵੀਂ
ਸਦੀ ਦੇ ਚੜ੍ਹਨ ਤੋਂ ਲੈ ਕੇ ਹੁਣ ਤੱਕ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਦੀਆਂ
ਸਾਰੀਆਂ ਸਰਕਾਰਾਂ ਨੇ ਪੰਜਾਬ ਵਿੱਚ ਪੜ੍ਹਾਈ ਖਾਸ ਤੌਰ ਤੇ ਪੰਜਾਬੀ ਦੀ ਪੜ੍ਹਾਈ ਅਤੇ
ਪੰਜਾਬੀ ਦੇ ਵਿਕਾਸ ਸਬੰਧੀ ਜੋ ਅਣਗਹਿਲੀ ਦਿਖਾਈ ਹੈ ਉਹ ਲਾਸਾਨੀ ਅਪਰਾਧ ਵਰਗੀ
ਹੈ।ਪੰਜਾਬ ਦੀ ਮੰਦਹਾਲੀ ਲਈ ਬਾਹਰਲੀਆਂ ਸਾਜਿਸ਼ਾਂ ਨੂੰ ਦੋਸ਼ ਦੇਣਾ ਸਾਡੇ ਲਈ ਆਮ
ਗੱਲ ਹੈ ਪ੍ਰੰਤੂ ਮੈਨੂੰ ਇਸ ਵੇਲੇ ਸਰਦਾਰ ਪੰਛੀ ਜੀ ਦਾ ਇਹ ਸ਼ਿਅਰ ਚੇਤੇ ਆ ਰਿਹਾ
ਹੈ:
ਕੋਈ ਦੂਜਾ ਹਮੇਂ ਬਰਬਾਦ ਕਰ ਸਕਤਾ ਨਹੀਂ, ਜਬ ਤੱਕ ਅਪਨੀ
ਬਰਬਾਦੀਓਂ ਮੇਂ ਹਮ ਖ਼ੁਦ ਸ਼ਾਮਿਲ ਨਾ ਹੋਂ।
ਯੂਨੀਵਰਸਿਟੀ ਟੈਕਸਟ
ਬੁੱਕ ਬੋਰਡ ਦਾ ਕਈ ਸਾਲ ਪਹਿਲਾਂ ਭੋਗ ਪਾ ਦਿੱਤਾ ਗਿਆ। ਪਟਿਆਲੇ ਵਿੱਚ ਪੰਜਾਬੀ ਦੇ
ਨਾਂ ਤੇ ਬਣੀ ਇਸ ਯੂਨੀਵਰਸਿਟੀ ਦਾ ਜੋ ਹਾਲ ਹੈ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ।
ਜਿਸ ਤਰ੍ਹਾਂ ਕਿਸੇ ਐਮ.ਪੀ, ਐਮ.ਐਲ.ਏ. ਦੇ ਅਹੁਦਾ ਛੱਡਣ, ਸਰੀਰ ਛੱਡਣ ਜਾਂ
ਸਬੰਧਤ ਹਾਊਸ ਦੇ ਭੰਗ ਹੋਣ ਨਾਲ ਉਸ ਦੀ ਸੀਟ ਖਾਲੀ ਹੋ ਜਾਣ 'ਤੇ ਚੋਣ ਕਮਿਸ਼ਨ ਫੌਰੀ
ਤੌਰ 'ਤੇ ਦੁਬਾਰਾ ਚੋਣ ਕਰਾ ਕੇ ਇਸ ਨੂੰ ਭਰਨ ਲਈ ਤੱਤਪਰ ਹੋ ਜਾਂਦਾ ਹੈ ਉਸੇ ਤਰ੍ਹਾਂ
ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਤੇ ਹੋਰ ਅਦਾਰਿਆਂ ਵਿੱਚ
ਵਿਗਿਆਨੀਆਂ, ਤਕਨੀਕੀ ਮਾਹਿਰਾਂ, ਖੋਜਕਾਰਾਂ, ਪ੍ਰਬੰਧਕਾਂ ਅਤੇ ਹੋਰ ਕਾਮਿਆਂ ਦੀਆਂ
ਪੋਸਟਾਂ ਖਾਲੀ ਹੋਣ 'ਤੇ ਇਹਨਾਂ ਨੂੰ ਦੁਬਾਰਾ ਭਰਨ ਲਈ ਇਹਨਾਂ ਦੀ ਚੋਣ ਅਤੇ ਨਿਯੁਕਤੀ
ਨੂੰ ਨਾਲ ਦੀ ਨਾਲ ਯਕੀਨੀ ਬਣਾਉਣਾ ਚਾਹੀਦਾ ਹੈ। ਮਾਨਯੋਗ ਸਪੀਕਰ ਸਾਹਿਬ,
ਇਸ ਸਮੇਂ ਤੁਹਾਡੀ ਹਸਤੀ ਸਾਰੀਆਂ ਸਿਆਸੀ ਪਾਰਟੀਆਂ ਅਤੇ ਇੱਥੋਂ ਤੱਕ ਕਿ ਸਰਕਾਰ
ਤੋਂ ਵੱਡੀ ਹੈ। ਇਸ ਲਈ ਤੁਹਾਨੂੰ ਮਿੰਨਤ ਕਰਨ ਵਰਗੀ ਬੇਨਤੀ ਹੈ ਕਿ ਪੰਜਾਬ ਦੀ ਸਿਆਸੀ
ਲੀਡਰਸ਼ਿਪ ਨੂੰ ਰੱਬ ਦਾ ਵਾਸਤਾ ਪਾ ਕੇ ਕਿਹਾ ਜਾਵੇ ਕਿ ਉਹ ਪੰਜਾਬ ਦੀ ਵਿਦਿਆ ਤੇ
ਭਾਸ਼ਾ ਦਾ ਸੱਚੀਂ ਮੁੱਚੀਂ ਕੁਝ ਫ਼ਿਕਰ ਕੀਤਾ ਜਾਵੇ।
ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ, ਭਾਸ਼ਾ ਵਿਭਾਗ,
ਪੰਜਾਬ
|