ਤੂ
ਤੋ ਨਫ਼ਰਤ ਭੀ ਨ ਕਰ ਪਾਇਗਾ ਇਸ ਸ਼ਿੱਦਤ ਸਾਥ, ਜਿਸ ਬਲਾ ਕਾ ਪਿਆਰ ਤੁਝ ਸੇ
ਬੇ-ਖ਼ਬਰ ਮੈਨੇ ਕੀਆ।
'ਵਸੀਮ ਬਰੇਲਵੀ' ਦਾ ਇਹ ਸ਼ਿਅਰ ਅੱਜ
ਉਸ ਵੇਲੇ ਯਾਦ ਆ ਗਿਆ ਜਦੋਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ 'ਡੋਨਾਲਡ ਟਰੰਪ'
ਵਲੋਂ ਇਕ ਸਿੱਖ ਕਾਨੂੰਨਦਾਨ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਦੇ ਨਿਆਂ ਵਿਭਾਗ ਵਿਚ
ਸਹਾਇਕ ਅਟਾਰਨੀ ਜਨਰਲ (ਨਾਗਰਿਕ ਅਧਿਕਾਰ) ਲਾਉਣ ਦਾ ਐਲਾਨ ਕਰਨ ਤੋਂ ਬਾਅਦ
ਭਾਰਤੀ ਮੁੱਖ ਧਾਰਾ ਦੇ ਮਾਧਿਅਮ ਵਿਚ ਉਨ੍ਹਾਂ ਖਿਲਾਫ਼ ਇਕ ਤਰ੍ਹਾਂ ਨਾਲ ਨਫ਼ਰਤ ਦੀ
ਲਹਿਰ ਜਿਹੀ ਚਲਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਭਾਰਤ ਦੁਸ਼ਮਨ ਅਤੇ ਖ਼ਾਲਿਸਤਾਨ ਪੱਖੀ
ਕਰਾਰ ਦਿੱਤਾ ਜਾ ਰਿਹਾ ਹੈ। ਕਿਸੇ ਨੂੰ ਇਹ ਅਹਿਸਾਸ ਨਹੀਂ ਕਿ ਜਿੰਨਾ ਪਿਆਰ ਇਸ ਦੇਸ਼
ਨੂੰ ਸਿੱਖ ਕਰਦੇ ਹਨ ਹੋਰ ਕੋਈ ਵੀ ਨਹੀਂ ਕਰ ਸਕਦਾ। ਜਿੰਨੀਆਂ ਕੁਰਬਾਨੀਆਂ ਇਸ ਦੇਸ਼
ਦੀ ਆਜ਼ਾਦੀ ਲਈ ਸਿੱਖਾਂ ਨੇ ਕੀਤੀਆਂ ਹਨ, ਓਨੀ ਸ਼ਿੱਦਤ ਨਾਲ ਤਾਂ ਕਿਸੇ ਤੋਂ ਸਿੱਖਾਂ
ਨਾਲ ਨਫ਼ਰਤ ਵੀ ਨਹੀਂ ਹੋ ਸੱਕਣੀ।
ਗੌਰਤਲਬ ਹੈ ਹਰਮੀਤ ਕੌਰ ਢਿੱਲੋਂ ਉਹੀ
ਸ਼ਖ਼ਸੀਅਤ ਹਨ ਜੋ ਪਹਿਲਾਂ ਵੀ ਅਮਰੀਕਾ ਵਿਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਂਦੀ
ਰਹੀ ਹੈ। ਹਾਂ, ਉਸ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਉੱਤਰੀ ਅਮਰੀਕਾ ਵਿਚ
ਹੋਏ ਸਿੱਖ ਖਾੜਕੂਆਂ ਦੇ ਕਤਲਾਂ ਦੇ ਬਾਰੇ ਵਿਚ ਤਲਖ਼ ਟਿੱਪਣੀਆਂ ਵੀ ਕੀਤੀਆਂ ਸਨ।
ਰਾਸ਼ਟਰਪਤੀ ਟਰੰਪ ਨੇ ਖੁਦ ਕਿਹਾ ਹੈ ਕਿ ਹਰਮੀਤ ਕੌਰ ਦੇਸ਼ (ਅਮਰੀਕਾ) ਦੇ ਚੋਟੀ ਦੇ
ਵਕੀਲ ਹਨ। ਟਰੰਪ ਨੇ ਆਪਣੇ ਲੋਕ ਮਾਧਿਅਮ ਮੰਚ 'ਟਰੁੱਥ ਸੋਸ਼ਲ' 'ਤੇ ਕਿਹਾ ਕਿ ਉਹ
ਧਾਰਮਿਕ ਆਜ਼ਾਦੀ ਦੀ ਵਕਾਲਤ ਕਰਨ ਅਤੇ ਕਾਰਪੋਰੇਟ ਵਿਤਕਰੇ ਦਾ ਵਿਰੋਧ ਕਰਨ
ਸਮੇਤ ਨਾਗਰਿਕ ਆਜ਼ਾਦੀਆਂ ਦੀ ਰੱਖਿਆ ਲਈ ਢਿੱਲੋਂ (ਹਰਮੀਤ) ਵਲੋਂ ਕੀਤੇ ਕੰਮਾਂ ਦੀ
ਸ਼ਲਾਘਾ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਜਦੋਂ ਟਰੰਪ 3 ਹੋਰ ਭਾਰਤੀ ਮੂਲ ਦੇ
ਵਿਅਕਤੀਆਂ 'ਕਾਸ਼ ਪਟੇਲ', 'ਵਿਵੇਕ ਰਾਮਾਸਵਾਮੀ' ਅਤੇ 'ਡਾ. ਭੱਟਾਚਾਰੀਆ' ਨੂੰ
ਅਮਰੀਕੀ ਪ੍ਰਸ਼ਾਸਨ ਵਿਚ ਉੱਚ ਅਹੁਦਿਆਂ 'ਤੇ ਨਿਯੁਕਤ ਕਰਦੇ ਹਨ ਤਾਂ ਇਹੀ ਭਾਰਤੀ
ਮਾਧਿਅਮ ਇਸ ਦਾ ਸਵਾਗਤ ਕਰਦਾ ਨਹੀਂ ਥੱਕਦਾ। ਹਾਂ, ਇਹ ਠੀਕ ਹੈ ਕਿ ਅਮਰੀਕੀ ਰਾਜਨੀਤੀ
ਵਿਚ ਖ਼ਾਸ ਕਰ 'ਰਿਪਬਲਿਕਨ ਪਾਰਟੀ' ਵਿਚ ਸਿੱਖ ਲਾਬੀ ਨੂੰ ਕਾਫੀ ਕਮਜ਼ੋਰ
ਮੰਨਿਆ ਜਾਂਦਾ ਸੀ ਤੇ ਇਹ ਕੋਈ ਸੋਚਦਾ ਵੀ ਨਹੀਂ ਸੀ ਕਿ ਟਰੰਪ ਕਿਸੇ ਸਿੱਖ ਨੂੰ ਏਨਾ
ਵੱਡਾ ਅਹੁਦਾ ਦੇ ਕੇ ਨਿਵਾਜ ਦੇਣਗੇ, ਜੋ ਦੁਨੀਆ ਭਰ ਵਿਚ ਰਾਜਨੀਤੀਵਾਨਾਂ ਵਲੋਂ ਖੇਡੀ
ਜਾ ਰਹੀ ਨਫ਼ਰਤ ਦੀ ਖੇਡ ਤੇ ਮਨੁੱਖੀ ਅਧਿਕਾਰਾਂ ਦੇ ਸੋਸ਼ਣ ਦੇ ਖਿਲਾਫ਼ ਬੋਲਣ ਦੇ
ਸਮਰੱਥ ਹੋਵੇਗਾ।
ਪਰ ਹਾਂ ਇਹ ਨਿਯੁਕਤੀ ਭਾਰਤੀ ਮਾਧਿਅਮ ਜੋ ਸਾਫ਼ ਤੌਰ 'ਤੇ
ਫਿਰਕੂ ਲੀਹਾਂ 'ਤੇ ਨਫ਼ਰਤ ਦੀ ਮੁਹਿੰਮ ਚਲਾ ਰਿਹਾ ਹੈ, ਲਈ ਇਹ ਫ਼ਿਕਰ ਦੀ ਗੱਲ ਹੈ
ਕਿ ਕੋਈ ਭਾਰਤੀ ਮੂਲ ਦੀ ਸਿੱਖ, ਮਨੁੱਖੀ ਅਧਿਕਾਰ ਸੰਬੰਧੀ ਅਮਰੀਕਾ ਦੇ ਇਸ ਵੱਡੇ
ਅਹੁਦੇ 'ਤੇ ਬੈਠ ਗਈ ਹੈ। ਪਰ ਸਾਨੂੰ ਹਰਮੀਤ ਕੌਰ ਢਿੱਲੋਂ ਦੀ ਇਸ ਨਿਯੁਕਤੀ ਤੇ ਓਨਾ
ਹੀ ਮਾਣ ਹੈ, ਜਿੰਨਾ ਸਾਨੂੰ ਪਹਿਲਾਂ ਟਰੰਪ ਵਲੋਂ ਨਿਯੁਕਤ ਕੀਤੇ 3 ਭਾਰਤੀ ਮੂਲ ਦੇ
ਵਿਅਕਤੀਆਂ ਦੀ ਨਿਯੁਕਤੀ 'ਤੇ ਇਕ ਭਾਰਤੀ ਵਜੋਂ ਹੋਇਆ ਸੀ। ਗੌਰਤਲਬ ਹੈ ਕਿ ਹਰਮੀਤ ਉਹ
ਪਹਿਲੀ ਸਿੱਖ ਸ਼ਖ਼ਸੀਅਤ ਹੈ, ਜਿਸ ਨੇ ਟਰੰਪ 'ਤੇ ਹੋਏ ਜਾਨ ਲੇਵਾ ਹਮਲੇ ਤੋਂ ਬਚ ਜਾਣ
ਤੇ ਮਿਲਵਾਕੀ (ਅਮਰੀਕਾ) ਦੀ ਰਿਪਬਲਿਕਨ ਪਾਰਟੀ ਦੇ ਸਮਾਰੋਹ ਵਿਚ ਟਰੰਪ ਦੇ ਬਚ ਜਾਣ
ਦੇ ਸ਼ੁਕਰਾਨੇ ਵਜੋਂ ਸਟੇਜ ਤੋਂ ਸਿੱਖ ਅਰਦਾਸ ਕੀਤੀ ਸੀ। ਹਾਲਾਂ ਕਿ ਇਸ ਅਰਦਾਸ ਦੇ
ਮਾਮਲੇ 'ਤੇ ਵੀ ਜੋ ਵਿਰੋਧ ਦੀਆਂ ਆਵਾਜ਼ਾਂ ਉਠੀਆਂ ਸਨ, ਉਨ੍ਹਾਂ ਨੂੰ ਵੀ ਭਾਰਤੀ
ਮੁੱਖ ਧਾਰਾ ਦੇ ਮਾਧਿਅਮ ਨੇ ਵਿਸ਼ੇਸ਼ ਸਥਾਨ ਹੀ ਦਿੱਤਾ ਸੀ।
ਕੌਣ
ਹੈ ਹਰਮੀਤ ਕੌਰ ਢਿੱਲੋਂ? 55 ਸਾਲਾਂ ਦੀ ਹਰਮੀਤ ਕੌਰ ਢਿੱਲੋਂ ਦਾ ਜਨਮ
ਚੰਡੀਗੜ੍ਹ ਵਿਚ ਹੋਇਆ ਸੀ। ਉਹ 2 ਸਾਲ ਦੀ ਉਮਰ ਵਿਚ ਹੀ ਆਪਣੇ ਪਿਤਾ ਤੇਜਪਾਲ ਸਿੰਘ
ਤੇ ਮਾਤਾ ਪਰਮਿੰਦਰ ਕੌਰ ਨਾਲ ਅਮਰੀਕਾ ਚਲੀ ਗਈ ਸੀ। ਉਸ ਨੇ 'ਡਾਰਟਮਾਉਥ ਕਾਲਜ' ਤੋਂ
ਪਹਿਲਾਂ ਕਲਾਸੀਕਲ ਸਾਹਿਤ ਵਿਚ ਗਰੈਜੂਏਸ਼ਨ ਕੀਤੀ ਤੇ ਫਿਰ 'ਵਰਜੀਨੀਆ
ਯੂਨੀਵਰਸਿਟੀ' ਵਿਚ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ।
ਸਭ ਤੋਂ ਪਹਿਲਾਂ ਉਹ
ਅਮਰੀਕੀ ਅਪੀਲ ਅਦਾਲਤ ਵਿਚ ਜੱਜ ਪਾਲ ਵੀ. ਨੀਮੇਅਰ ਦੀ ਸਹਾਇਕ ਬਣੀ। 2006 ਵਿਚ
ਤਜਰਬਾ ਮਿਲਣ ਉਪਰੰਤ ਉਸ ਨੇ ਸਾਨਫਰਾਂਸਿਸਕੋ ਵਿਚ ਆਪਣੀ ਕਾਨੂੰਨੀ ਪ੍ਰੈਕਟਿਸ
ਸ਼ੁਰੂ ਕੀਤੀ ਸੀ। ਇਸ ਵੇਲੇ ਹੀ ਉਹ ਰਾਜਨੀਤੀ ਵਿਚ ਸਰਗਰਮ ਹੋਈ ਤੇ ਕੈਲੀਫੋਰਨੀਆ
ਰਿਪਬਲਿਕਨ ਪਾਰਟੀ ਦੀ ਉਪ ਪ੍ਰਧਾਨ ਬਣ ਗਈ।
ਬਾਅਦ ਵਿਚ ਉਹ ਰਿਪਬਲਿਕਨ ਕੌਮੀ
ਕਮੇਟੀ ਦੀ ਮੈਂਬਰ ਵੀ ਬਣੀ। 2016 ਵਿਚ ਉਨ੍ਹਾਂ ਨੂੰ ਪਹਿਲੀ ਅਮਰੀਕਨ ਭਾਰਤੀ ਔਰਤ
ਵਜੋਂ ਰਿਪਬਲਿਕਨ ਪਾਰਟੀ ਦੀ ਜੀ.ਓ.ਪੀ. ਵਿਚ ਸ਼ਾਮਿਲ ਹੋਣ ਦਾ ਮੌਕਾ
ਮਿਲਿਆ। ਉਹ ਵੋਮੈਨ ਫਾਰ ਟਰੰਪ ਸੰਸਥਾ ਦੀ ਕੋ-ਚੇਅਰਮੈਨ ਵੀ
ਬਣੀ। 2022 ਵਿਚ ਉਸ ਨੇ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਪਰਸਨ ਵਜੋਂ ਆਪਣੀ
ਦਾਅਵੇਦਾਰੀ ਪੇਸ਼ ਕੀਤੀ। ਇਥੇ ਵੀ ਉਸ ਨੂੰ ਸਿੱਖ ਹੋਣ ਕਾਰਨ ਇਕ 'ਕਾਨਾਫੂਸੀ'(
ਵਹਿਸਪਰ) ਵਿਰੋਧ ਮੁਹਿੰਮ ਦਾ ਸਾਹਮਣਾ ਕਰਨ ਪਿਆ ਸੀ। ਭਾਵੇਂ ਉਹ ਇਹ ਕੌਣ ਹਾਰ ਗਈ
ਸੀ, ਪਰ ਉਸ ਦਾ ਕੱਦ ਰਿਪਬਲਿਕਨ ਪਾਰਟੀ ਵਿਚ ਕਾਫੀ ਉੱਚਾ ਹੋ ਗਿਆ ਸੀ। ਹੁਣ ਉਸ ਦੀ
ਨਵੀਂ ਨਿਯੁਕਤੀ 'ਤੇ ਹਰ ਭਾਰਤੀ ਨੂੰ ਆਮ ਤੌਰ ਹਰ ਸਿੱਖ ਨੂੰ ਖਾਸ ਤੌਰ 'ਤੇ ਮਾਣ
ਹੋਣਾ ਚਾਹੀਦਾ ਹੈ। ਕਿਉਂਕਿ ਰਿਪਬਲਿਕਨ ਪਾਰਟੀ ਵਿਚ ਸਿੱਖ ਲਾਬੀ ਨੂੰ ਇਸ ਨਾਲ
ਵਿਸ਼ੇਸ਼ ਮਜ਼ਬੂਤੀ ਮਿਲੀ ਹੈ।
ਦੁਆ ਗੋ ਹੂੰ ਤੁਮਹਾਰੀ ਸ਼ਾਨ ਮੇਂ ਹਰ
ਦਿਨ ਇਜ਼ਾਫ਼ਾ ਹੋ, ਤੁਮਹਾਰੀ ਸ਼ਾਨ ਅਹਿਲ-ਏ-ਕੌਮ ਕੀ ਭੀ ਸ਼ਾਨ ਜਾਏ।
'-ਲਾਲ ਫਿਰੋਜ਼ਪੁਰੀ'
ਕੀ ਨਹੀਂ ਹੋਵੇਗੀ ਸ਼੍ਰੋ.ਗੁ.ਪ੍ਰ.ਕ ਦੇ ਮਤੇ ਦੀ ਪੁਸ਼ਟੀ? ਉਂਜ ਤਾਂ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ 2 ਦਸੰਬਰ, 2024 ਨੂੰ ਜੋ ਵਰਤਾਰਾ ਸਿੰਘ ਸਾਹਿਬਾਨ ਦੇ
ਫ਼ੈਸਲੇ ਵੇਲੇ ਵਰਤਦਾ ਦਿਖਾਈ ਦਿੱਤਾ ਸੀ, ਉਸ ਤੋਂ ਇਕ ਨਵੀਂ ਤੇ ਵੱਖਰੀ ਆਸ ਦੀ ਕਿਰਨ
ਦਿਖਾਈ ਦਿੱਤੀ ਸੀ। ਪਰ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਕੌਮ ਨੂੰ ਇਕ ਵਾਰ ਫਿਰ
'ਹੰਨੇ ਹੰਨੇ ਦੀ ਮੀਰੀ' ਦੀ ਲੜਾਈ (ਵਿਰੋਧੀ ਧੜਿਆਂ ਵਿਚ ਵੰਡ ਜਾਣ) ਵੱਲ ਧੱਕ ਰਹੀਆਂ
ਜਾਪਦੀਆਂ ਹਨ।
ਇਸ ਸਥਿਤੀ ਨੇ ਸਿੱਖ ਰਾਜਨੀਤੀ ਵਿਚ ਇਕ ਨਵੀਂ ਦੁਬਿਧਾ
ਖੜ੍ਹੀ ਕਰ ਦਿੱਤੀ ਹੈ। ਅਜੇ ਅਸੀਂ ਇਸ ਬਾਰੇ ਕੁਝ ਵੀ ਵਿਸਥਾਰ ਵਿਚ ਲਿਖਣ ਦੇ ਸਮਰੱਥ
ਨਹੀਂ ਹਾਂ, ਕਿਉਂਕਿ ਬਹੁਤ ਸਾਰੀਆਂ ਹਕੀਕਤਾਂ ਦਾ ਸੱਚ ਅਜੇ ਸਾਹਮਣੇ ਨਹੀਂ ਆਇਆ।
ਬੇਸ਼ੱਕ ਅਕਾਲੀ ਦਲ ਦੇ ਪ੍ਰਧਾਨ ਤੇ ਉਨ੍ਹਾਂ ਦੇ ਵਿਰੋਧੀ ਸ੍ਰੀ ਅਕਾਲ ਤਖ਼ਤ ਸਾਹਿਬ
ਵਲੋਂ ਲਾਈ ਸਜ਼ਾ (ਤਨਖਾਹ) ਨੂੰ ਪੂਰੀ ਸਿਦਕਦਿਲੀ ਨਾਲ ਨਿਭਾਅ ਰਹੇ ਹਨ। ਪਰ ਇਹ ਅਜੇ
ਵੀ ਸਪੱਸ਼ਟ ਨਹੀਂ ਕਿ ਅਗਲੇ ਦਿਨਾਂ ਵਿਚ ਉਹ ਰਾਜਨੀਤਕ ਤੌਰ 'ਤੇ ਕੀ ਕਦਮ ਚੁੱਕਦੇ
ਹਨ? ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ 7 ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦੇ
ਹਨ ਜਾਂ ਨਹੀਂ? ਇਸ ਸਥਿਤੀ ਵਿਚ ਪੰਜਾਬ ਅਤੇ ਖ਼ਾਸ ਕਰ ਸਿੱਖ ਰਾਜਨੀਤੀ ਕਿਸ ਪਾਸੇ
ਨੂੰ ਝੁਕਦੀ ਹੈ ਅਜੇ ਕੁਝ ਵੀ ਕਹਿਣਾ ਸੰਭਵ ਨਹੀਂ। ਪਰ ਇਸ ਦਰਮਿਆਨ ਸੁਖਬੀਰ ਸਿੰਘ
ਬਾਦਲ 'ਤੇ ਗੋਲੀ ਚਲਾਉਣ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਸਿੱਖ ਪੰਥ ਵਿਚੋਂ ਛੇਕਣ
(ਕੱਢਣ) ਲਈ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਤਾ ਪਾਸ ਕਰਕੇ
ਭੇਜਣ ਦੇ ਮਾਮਲੇ 'ਤੇ ਬਹਿਸ ਬਹੁਤ ਤਿੱਖੀ ਹੋ ਗਈ ਹੈ।
ਹਾਲਾਂਕਿ ਕੌਮ ਦੇ
ਹੱਕ ਵਿਚ ਤਾਂ ਇਹ ਗੱਲ ਸੀ ਕਿ ਬਹਿਸ ਦੇ ਕੇਂਦਰ ਵਿਚ ਅਕਾਲ ਤਖ਼ਤ ਸਾਹਿਬ ਵਲੋਂ 2
ਦਸੰਬਰ ਨੂੰ ਕੀਤੇ ਗਏ ਫ਼ੈਸਲੇ ਰਹਿੰਦੇ, ਭਾਵ ਉਨ੍ਹਾਂ ਫ਼ੈਸਲਿਆਂ ਨੂੰ ਵਧੇਰੇ
ਮਹੱਤਤਾ ਮਿਲਦੀ।
ਪਰ ਜੋ 'ਸਰਗੋਸ਼ੀਆਂ' ਸਾਨੂੰ ਸੁਣਾਈ ਦੇ ਰਹੀਆਂ ਹਨ,
ਉਨ੍ਹਾਂ ਅਨੁਸਾਰ ਇਨ੍ਹਾਂ ਸਥਿਤੀਆਂ ਵਿਚ ਸ਼੍ਰੋਮਣੀ ਕਮੇਟੀ ਹੁਣ ਚੌੜਾ ਬਾਰੇ ਪਾਸ
ਕੀਤੇ ਮਤੇ ਨੂੰ ਅਸਿੱਧੇ ਰੂਪ ਵਿਚ ਵੱਧ ਮਹੱਤਤਾ ਨਾ ਦੇਣ ਬਾਰੇ ਵਿਚਾਰ ਕਰ ਰਹੀ ਹੈ।
ਇਸ ਲਈ ਬਹੁਤ ਸੌਖਾ ਤਰੀਕਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿਧਾਨ ਮੁਤਾਬਿਕ ਜੇਕਰ
ਪਹਿਲੀ ਮੀਟਿੰਗ ਵਿਚ ਪਾਸ ਮਤੇ ਦੀ ਸ਼੍ਰੋਮਣੀ ਕਮੇਟੀ ਦੀ ਅਗਲੀ ਮੀਟਿੰਗ ਵਿਚ ਪੁਸ਼ਟੀ
ਨਹੀਂ ਕੀਤੀ ਜਾਂਦੀ ਤਾਂ ਉਹ ਮਤਾ ਆਪਣੇ-ਆਪ ਹੀ ਰੱਦ ਹੋ ਜਾਂਦਾ ਹੈ।ਸਾਨੂੰ ਮਿਲੀਆਂ
ਸੂਚਨਾਵਾਂ ਅਨੁਸਾਰ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਇਸ ਮਤੇ ਦੀ ਵੀ ਪੁਸ਼ਟੀ
ਨਹੀਂ ਕੀਤੀ ਜਾਵੇਗੀ।
ਕੀ ਮੋਦੀ-ਸ਼ਾਹ ਵਿਚ ਕੋਈ ਤਲਖ਼ੀ ਹੈ?
ਇਸ ਵੇਲੇ ਦਿੱਲੀ ਦੇ ਰਾਜਨੀਤਕ ਗਲਿਆਰਿਆਂ ਵਿਚ ਤੇ ਲੱਖਾਂ ਸਬਸਕਾਈਬਰਾਂ
ਵਾਲੇ ਲੋਕ ਮਾਧਿਅਮ ਧਾਰਾਵਾਂ 'ਤੇ ਇਕ ਸਵਾਲ ਆਮ ਉਠਾਇਆ ਜਾ ਰਿਹਾ ਹੈ ਕਿ ਕੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਰਮਿਆਨ ਕੋਈ ਤਣਾਅ
ਜਾਂ ਟਕਰਾਅ ਵਾਲੀ ਸਥਿਤੀ ਬਣ ਰਹੀ ਹੈ?
ਅਜਿਹੇ ਸਵਾਲ ਉਠਾਉਣ ਦਾ ਆਧਾਰ
ਪ੍ਰਧਾਨ ਮੰਤਰੀ ਵਲੋਂ ਅਮਿਤ ਸ਼ਾਹ ਦੇ ਵਿਰੋਧੀ ਮੰਨੇ ਜਾਂਦੇ ਭਾਜਪਾ ਨੇਤਾਵਾਂ ਨੂੰ
ਹੁਣ ਦਿੱਤੀ ਜਾ ਰਹੀ ਤਵੱਜੋਂ ਨੂੰ ਬਣਾਇਆ ਜਾ ਰਿਹਾ ਹੈ। ਜਿਵੇਂ ਅਮਿਤ ਸ਼ਾਹ ਤੇ
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵਿਚ 36 ਦਾ ਅੰਕੜਾ ਸਭ ਦੇ
ਸਾਹਮਣੇ ਹੈ। ਪਰ ਅੱਜਕਲ੍ਹ ਯੋਗੀ ਵੀ ਪ੍ਰਧਾਨ ਮੰਤਰੀ ਦੇ ਨੇੜੇ ਹੁੰਦੇ ਜਾ ਰਹੇ ਹਨ
ਤੇ ਉਨ੍ਹਾਂ ਨੂੰ ਯੂ.ਪੀ. ਦਾ ਡੀ.ਜੀ.ਪੀ. ਆਪਣੀ ਮਨਮਰਜ਼ੀ ਦਾ
ਲਾਉਣ ਦੇ ਰਸਤੇ ਵੀ ਦਿੱਤੇ ਜਾ ਰਹੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਦਾ ਲਟਕਦਾ ਮਾਮਲਾ
ਜੋ ਭਾਜਪਾ ਤੇ ਰਾ:ਸ:ਸ: ਵਿਚਾਲੇ ਮਤਭੇਦਾਂ ਦਾ ਨਤੀਜਾ ਸਮਝਿਆ ਜਾ ਰਿਹਾ ਸੀ, ਹੁਣ ਉਸ
ਮਾਮਲੇ ਨੂੰ ਵੀ ਮੋਦੀ-ਸ਼ਾਹ ਵਿਚ ਸਹਿਮਤੀ ਨਾ ਹੋਣ ਨਾਲ ਜੋੜਿਆ ਜਾਣ ਲੱਗਾ ਹੈ।
ਇਸੇ ਤਰ੍ਹਾਂ ਹੁਣ ਭਾਜਪਾ ਨੇਤਾ 'ਵਸੁੰਧਰਾ ਰਾਜੇ ਸਿੰਧੀਆ' ਵੀ ਪ੍ਰਧਾਨ ਮੰਤਰੀ
ਦੇ ਗੁਣਗਾਨ ਕਰਨ ਲੱਗ ਪਏ ਹਨ, ਜਦੋਂਕਿ ਉਨ੍ਹਾਂ ਦੀ ਅਮਿਤ ਸ਼ਾਹ ਨਾਲ ਕਿੰਨੀ ਕੁ
ਨੇੜਤਾ ਹੈ, ਇਹ ਸਭ ਨੂੰ ਹੀ ਪਤਾ ਹੈ। ਫਿਰ 'ਸ਼ਿਵਰਾਜ ਸਿੰਘ ਚੌਹਾਨ' ਨੂੰ ਸਾਰੇ
ਕੇਂਦਰੀ ਮੰਤਰਾਲਿਆਂ ਦੇ ਕੰਮ ਕਾਜ ਦੀ ਸਮੀਖਿਆ ਕਰਨ ਲਈ ਬਣਾਈ ਕਮੇਟੀ ਦਾ ਮੁਖੀ
ਬਣਾਉਣਾ ਅਤੇ ਨਿਤਿਨ ਗਡਕਰੀ ਨੂੰ ਵੱਧ ਮਹਤਤਾ ਦੇਣਾ ਵੀ ਇਸ ਸੰਬੰਧੀ ਚਰਚਾ ਦੇ
ਕਾਰਨਾਂ ਵਿਚ ਸ਼ਾਮਿਲ ਹੈ।
ਪਰ ਸਾਡੀ ਜਾਣਕਾਰੀ ਅਨੁਸਾਰ ਇਹ ਸਾਰੇ ਕਾਰਨ
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਵਿਚਕਾਰ ਕਿਸੇ ਖਟਾਸ ਦੇ ਕਾਰਨ ਨਹੀਂ ਹਨ, ਸਗੋਂ
ਇਨ੍ਹਾਂ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਵਲੋਂ ਵੱਧ ਮਹੱਤਤਾ ਦੇਣਾ ਉਨ੍ਹਾਂ ਦੀ
ਮਜਬੂਰੀ ਹੈ, ਕਿਉਂਕਿ ਇਸ ਬਾਰੇ ਰਾ:ਸ:ਸ: ਦਾ ਦਬਾਅ ਹੈ, ਜਿਸ ਨੂੰ ਹੁਣ
ਪ੍ਰਧਾਨ ਮੰਤਰੀ ਅੱਖੋਂ-ਪਰੋਖੇ ਨਹੀਂ ਕਰ ਸਕਦੇ। ਕਿਉਂਕਿ ਲੋਕ ਸਭਾ ਚੋਣਾਂ ਵਿਚ
ਰਾ:ਸ:ਸ: ਦੇ ਥੋੜਾ ਪਿਛੇ ਹਟਣ ਦਾ ਨਤੀਜਾ ਉਹ ਦੇਖ ਚੁੱਕੇ ਹਨ ਤੇ ਹੁਣ ਹਰਿਆਣਾ ਤੇ
ਮਹਾਂਰਾਸ਼ਟਰ ਵਿਚ ਰਾ:ਸ:ਸ: ਦੀ ਸਰਗਰਮ ਹਮਾਇਤ ਦਾ ਅਸਰ ਵੀ ਸਭ ਦੇ ਸਾਹਮਣੇ
ਹੈ।
ਝੁਕਾਨਾ ਸੀਖਨਾ ਪੜ੍ਹਤਾ ਹੈ ਸਰ ਲੋਗੋਂ ਕੇ ਕਦਮੋਂ ਮੇ ? ਯੂੰ
ਹੀ ਜਮਹੂਰੀਅਤ ਮੇਂ ਹਾਥ ਸਰਦਾਰੀ ਨਹੀਂ ਆਤੀ।
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 hslall@ymail.com
|