ਸਿੱਖ
ਕੌਮ ਦੀ ਹਾਲਤ ਪ੍ਰਸਿੱਧ ਸ਼ਾਇਰ 'ਬਸ਼ੀਰ ਬਦਰ' ਦੇ ਇਸ ਸ਼ਿਅਰ ਵਰਗੀ ਜਾਪ ਰਹੀ ਹੈ:
ਜ਼ਿੰਦਗੀ ਤੂਨੇ ਮੁਝੇ ਕਬਰ ਸੇ ਕਮ ਦੀ ਹੈ ਜ਼ਮੀਂ, ਪਾਂਵ ਫੈਲਾਊਂ
ਤੋ ਦੀਵਾਰ ਸੇ ਸਰ ਲਗਤਾ ਹੈ।
ਸੰਸਾਰ ਵਿੱਚ ਮਨੌਤ ਪੱਖੋਂ ਜੋ 7 ਵੱਡੇ
ਅਤੇ ਮੁੱਖ ਧਰਮ ਮੰਨੇ ਗਏ ਹਨ, ਉਹ ਹਨ ਇਸਾਈ, ਇਸਲਾਮ, ਹਿੰਦੂ, ਬੁੱਧ,
ਸ਼ਿੰਟੋ, ਸਿੱਖ, ਅਤੇ ਯਹੂਦੀ।
ਇਹਨਾਂ ਸਾਰਿਆਂ ਵਿੱਚੋਂ ਸਿੱਖ ਧਰਮ ਸਭ ਤੋਂ
ਨਵੀਨਤਮ ਧਰਮ ਹੈ, ਪਰ ਇਸ ਦੇ ਬਾਵਜੂਦ ਇਸ ਦੇ ਇਤਿਹਾਸ ਵਿੱਚ ਮਿਲਾਵਟ ਤੇ ਰਲਾਵਟ ਦੀ
ਕੋਈ ਹੱਦ ਨਹੀਂ। ਸ਼ੁਕਰ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਤੇ ਬਾਅਦ ਵਿਚ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ
ਤਰ੍ਹਾਂ ਸੰਪਾਦਿਤ ਕੀਤਾ ਹੈ ਕਿ ਉਸ ਵਿਚ ਕੋਈ ਅਦਲਾ-ਬਦਲੀ ਨਹੀਂ ਹੋ ਸਕਦੀ। ਉਸ ਵਿਚ
ਕੋਈ ਵਿਅਕਤੀ ਜਾਂ ਸੰਸਥਾ ਜਾਂ ਵਿਰੋਧੀ ਕੋਈ ਰਲਾ ਨਹੀਂ ਪਾ ਸਕਦੇ। ਪਰ ਅਫ਼ਸੋਸ ਇਹ ਹੈ
ਕਿ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ
ਪ੍ਰਵਾਨ ਜੋ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਈ ਸੀ, ਉਹ ਸਮੁੱਚੀ ਕੌਮ ਵਿਚ ਅਜੇ ਤੱਕ
ਵੀ ਸਰਬ ਪ੍ਰਵਾਨਿਤ ਨਹੀਂ ਹੋ ਸਕੀ।
ਸਿੱਖ ਅਜੇ ਵੀ ਕਈ ਮਾਮਲਿਆਂ 'ਤੇ ਵੰਡੇ
ਹੋਏ ਹਨ। ਸਭ ਤੋਂ ਵੱਡੀ ਬਹਿਸ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਲੈ ਕੇ ਚਲਦੀ
ਰਹਿੰਦੀ ਹੈ ਅਤੇ ਸਿੱਖ ਇਸ ਮਾਮਲੇ ਵਿਚ ਬੁਰੀ ਤਰ੍ਹਾਂ ਦੋ ਧਿਰਾਂ ਵਿਚ ਵੰਡੇ ਹੋਏ
ਹਨ। ਪਰ ਹੁਣ ਇਕ ਨਵੇਂ ਗ੍ਰੰਥ ਨੂੰ ਸੁਚੇਤ ਰੂਪ ਵਿਚ ਦਸਮ ਗ੍ਰੰਥ ਵਾਂਗ ਹੀ ਉਭਾਰਨ
ਦੀ ਕੋਸ਼ਿਸ਼ ਕੀਤੀ ਜਾ ਰਹੀ ਲਗਦੀ ਹੈ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਦਸਮ
ਗ੍ਰੰਥ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਜੋਂ ਉਭਾਰਨ ਦੀ
ਅਸਿੱਧੀ ਕੋਸ਼ਿਸ਼ ਵੀ ਉਹ ਲੋਕ ਹੀ ਕਰ ਰਹੇ ਹਨ, ਜੋ ਲਗਾਤਾਰ ਦਸਮ ਗ੍ਰੰਥ ਦੀ ਵਿਰੋਧਤਾ
ਕਰਦੇ ਆ ਰਹੇ ਹਨ। ਅਸੀਂ ਸਮਝਦੇ ਹਾਂ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ, ਹੋਰ ਸਿੱਖ ਸੰਸਥਾਵਾਂ, ਸਿੱਖ ਵਿਦਵਾਨਾਂ ਅਤੇ ਸਿੱਖ ਤਖ਼ਤਾਂ ਦੇ ਜਥੇਦਾਰਾਂ
ਨੇ ਸਮੂਹਿਕ ਰੂਪ ਵਿਚ ਇਸ ਬਾਰੇ ਹੁਣੇ ਹੀ ਕੋਈ ਫ਼ੈਸਲਾ ਨਾ ਲਿਆ ਤਾਂ ਬਾਅਦ ਵਿੱਚ ਇਹ
ਅਸਿੱਧੀ ਕੋਸ਼ਿਸ਼ ਸਿੱਖ ਕੌਮ ਵਿੱਚ ਫੁੱਟ ਪਾਉਣ ਦਾ ਵੱਡਾ ਕਾਰਨ ਹੀ ਨਹੀਂ ਬਣੇਗੀ,
ਸਗੋਂ ਸਿੱਖੀ ਦੇ ਗੁਰਬਾਣੀ ਵਿਚਲੇ ਸਿਧਾਂਤਾਂ ਲਈ ਵੀ ਇਕ ਚੁਣੌਤੀ ਬਣੇਗੀ।
ਸਾਡਾ ਮੱਥਾ ਉਸ ਵੇਲੇ ਠਣਕਿਆ ਜਦੋਂ ਪਿਛਲੇ ਦਿਨਾਂ ਵਿਚ 'ਮੰਗਲਾਚਰਣ ਪੁਰਾਣ' ਜਾਂ
'ਸਰਬਲੋਹ ਗ੍ਰੰਥ' ਵਿਚਲੀਆਂ ਤੁਕਾਂ ਨੂੰ ਇੱਕ ਅਜਿਹਾ ਲੇਖਕ ਵਾਰ-ਵਾਰ ਪ੍ਰਚਾਰਦਾ ਨਜ਼ਰ
ਆਇਆ, ਜਿਹੜਾ ਦਸਮ ਗ੍ਰੰਥ ਵਿਰੋਧੀ ਧਿਰ ਦੀ ਲਗਾਤਾਰ ਅਗਵਾਈ ਕਰਦਾ ਆ ਰਿਹਾ ਹੈ। ਉਸ
ਨੇ ਇਸ 'ਮੰਗਲਾਚਰਣ ਪੁਰਾਣ' ਜਾਂ 'ਸਰਬਲੋਹ ਗ੍ਰੰਥ' ਵਿਚਲੀਆਂ ਤੁਕਾਂ,
'ਯਾ ਮੇ ਰੰਚ ਨਾ ਮਿਥਿਆ ਭਾਖੀ॥ ਪਾਰਬ੍ਰਹਮ ਗੁਰ ਨਾਨਕ ਸਾਖੀ॥'
ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪ ਲਿਖੀ ਹੋਈ ਰਚਨਾ ਕਿਹਾ ਹੈ।
ਹਾਲਾਂਕਿ ਸਿੱਖ ਵਿਦਵਾਨ ਇਸ ਗ੍ਰੰਥ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਣ ਤੋਂ ਸੰਕੋਚ
ਹੀ ਕਰਦੇ ਆ ਰਹੇ ਹਨ। ਅਸੀਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਂਦੇ ਪਰ ਸਿਰਫ਼ ਇਸ
'ਮੰਗਲਾਚਰਣ ਪੁਰਾਣ' ਜਾਂ 'ਸਰਬਲੋਹ ਗ੍ਰੰਥ' ਦੀ ਮੁੱਢਲੀ ਉਕਤੀ ਦੀ ਉਦਾਹਰਨ ਪਾਠਕਾਂ,
ਸਿੱਖ ਵਿਦਵਾਨਾਂ ਅਤੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼
ਕਰ ਰਹੇ ਹਾਂ। ਜੋ ਇਸ ਪ੍ਰਕਾਰ ਹੈ:
ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
ਸ੍ਰੀ ਭਵਾਨੀ ਜੀ ਸਹਾਇ। ਸ੍ਰੀ ਮਾਯਾ ਲਛਮੀ ਜੀ ਸਹਾਇ। ਉਸਤਤਿ ਸ੍ਰੀ ਮਾਯਾ
ਲਛਮੀ ਜੀ ਕੀ। ਸ੍ਰੀ ਮੁਖਿਵਾਕਯ ਪਾਤਿਸ਼ਾਹੀ ੧੦ ।
ਹੁਣ ਸਵਾਲ ਪੈਦਾ
ਹੁੰਦਾ ਹੈ ਕਿ, ਕੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਮਾਯਾ ਲਛਮੀ ਜੀ ਦੀ
ਸਹਾਇਤਾ ਮੰਗ ਸਕਦੇ ਹਨ? ਕੀ ਉਹ ਮਾਯਾ ਲਛਮੀ ਜੀ ਕੀ ਉਸਤਤਿ (ਭਾਵ ਭਗਤੀ) ਕਰ ਸਕਦੇ
ਹਨ, ਉਹ ਵੀ ਬਚਿੱਤਰ ਨਾਟਕ ਵਾਂਗ ਕਿਸੇ ਪਿਛਲੇ ਜਨਮ ਵਿੱਚ ਨਹੀਂ, ਸਗੋਂ ਇਸੇ 10ਵੇਂ
ਗੁਰੂ ਵਾਲੇ ਜਾਮੇ ਵਿੱਚ? ਜੇਕਰ ਅਸੀਂ ਮੰਨਦੇ ਹਾਂ ਕਿ ਕਰ ਸਕਦੇ ਹਨ ਤਾਂ ਫਿਰ ਸਾਨੂੰ
'ਕੇਸਾਧਾਰੀ' ਹਿੰਦੂ ਕਹਿਣ ਵਾਲਿਆਂ ਨੂੰ ਅਸੀਂ ਕਿਵੇਂ ਚੁਣੌਤੀ ਦੇ ਸਕਦੇ ਹਾਂ? ਸਭ
ਤੋਂ ਵੱਡੀ ਗੱਲ ਇਹ ਵੀ ਹੈ ਕਿ ਇਹ ਪੂਰਾ ਗ੍ਰੰਥ ਸਰਬਲੋਹ ਅਵਤਾਰ ਦੀ ਉਸਤਤਿ ਹੈ
'ਕਾਲ' ਜਾਂ 'ਮਹਾਂਕਾਲ' ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਦੋਂਕਿ ਸ੍ਰੀ ਗੁਰੂ
ਗ੍ਰੰਥ ਸਾਹਿਬ ਤੇ ਸਿੱਖੀ ਵਿਚਾਰਧਾਰਾ 'ਕਾਲ' ਦੀ ਨਹੀਂ ਅਕਾਲ ਦੀ ਪੂਜਾ 'ਤੇ ਜ਼ੋਰ
ਦਿੰਦੀ ਹੈ। ਇਸ ਲਈ ਸਾਡੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਬਾਕੀ
ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਸਿੱਖ ਵਿਦਵਾਨਾਂ, ਜਿਨ੍ਹਾਂ ਵਿਚ ਭਾਰਤ
ਤੋਂ ਬਾਹਰ ਬੈਠੇ ਸਿੱਖ ਵਿਦਵਾਨ ਵੀ ਸ਼ਾਮਿਲ ਹਨ, ਨੂੰ ਸਤਿਕਾਰ ਸਹਿਤ ਬੇਨਤੀ ਹੈ ਹੁਣ
ਸ਼ੁਰੂਆਤ ਤੋਂ ਹੀ ਇਸ ਗ੍ਰੰਥ ਨੂੰ ਅਸਿੱਧੇ ਰੂਪ ਵਿਚ ਅਚੇਤ ਤੌਰ 'ਤੇ ਸਿੱਖ ਮਨਾਂ ਵਿਚ
ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੀ ਰਚਨਾ ਵਜੋਂ ਸਥਾਪਿਤ ਕਰਨ ਦੇ ਯਤਨਾਂ ਪ੍ਰਤੀ
ਸੁਚੇਤ ਹੋਣ ਅਤੇ ਆਪਸੀ ਸੰਵਾਦ ਰਾਹੀਂ ਇਸ ਬਾਰੇ ਕੁਝ ਸਪੱਸ਼ਟ ਫ਼ੈਸਲਾ ਲੈਣ। ਗੌਰਤਲਬ
ਹੈ ਕਿ ਇਹ ਸਰਬਲੋਹ ਗ੍ਰੰਥ ਪਹਿਲੀ ਵਾਰ ਆਪ੍ਰੇਸ਼ਨ ਦਰਬਾਰ ਸਾਹਿਬ (ਸਾਕਾ
ਨੀਲਾ ਤਾਰਾ) ਵੇਲੇ ਸਰਕਾਰੀ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬਣਾਉਣ
ਵਾਲੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਸੰਤਾ ਸਿੰਘ ਵਲੋਂ ਪ੍ਰਕਾਸ਼ਿਤ
ਕਰਵਾਇਆ ਗਿਆ ਸੀ। ਇਸ ਦੇ ਕੁੱਲ 862 ਪੰਨੇ ਹਨ ਤੇ ਇਸ ਵਿਚ 4361 ਛੰਦ ਹਨ। 'ਮਹਾਨ
ਕੋਸ਼' ਦੇ ਲੇਖਕ 'ਭਾਈ ਕਾਹਨ ਸਿੰਘ ਨਾਭਾ' ਦਾ ਮੱਤ ਸੀ ਕਿ ਇਸ ਗ੍ਰੰਥ ਵਿਚ 'ਰੂਪ ਦੀਪ
ਭਾਸ਼ਾ ਪਿੰਗਲ' ਦਾ ਉਲੇਖ ਹੈ ਜਿਸ ਦੀ ਰਚਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਦਿਹਾਂਤ ਤੋਂ ਬਾਅਦ 1776 ਬਿਕਰਮੀ (1719 ਈਸਵੀ) ਵਿਚ ਹੋਈ ਸੀ। ਪ੍ਰਸਿੱਧ ਸਿੱਖ
ਵਿਦਵਾਨ 'ਡਾ. ਰਤਨ ਸਿੰਘ ਜੱਗੀ' ਨੇ ਇਸ ਬਾਰੇ ਲਿਖਦਿਆਂ ਕਈ ਸਵਾਲ ਉਠਾਏ ਹਨ ਅਤੇ
ਕਿਹਾ ਕਿ ਇਸ ਗ੍ਰੰਥ ਦਾ ਇਤਿਹਾਸ ਸੰਦੇਹ ਪੂਰਨ ਭਾਵ ਕਿ ਸ਼ੱਕੀ ਹੈ। ਜੇਕਰ
ਸਾਡੀਆਂ ਪ੍ਰਵਾਨਿਤ ਸਿੱਖ ਸੰਸਥਾਵਾਂ ਤੇ ਵਿਦਵਾਨ ਸੁਚੇਤ ਨਾ ਹੋਏ ਤਾਂ ਸਮਾਂ ਪਾ ਕੇ
ਸਿੱਖ ਵੀ ਮੁਸਲਮਾਨਾਂ ਦੇ 'ਸ਼ਿਆ' ਤੇ 'ਸੁੰਨੀ' ਧੜਿਆਂ ਵਾਂਗ ਵੰਡੇ ਜਾ ਸਕਦੇ ਹਨ।
ਜਿਵੇਂ ਕਿਸੇ ਵੇਲੇ ਸਿੱਖ ਇਕ ਵਾਰ 'ਤੱਤ ਖ਼ਾਲਸਾ' ਤੇ 'ਬੰਦਈ ਖ਼ਾਲਸਾ' ਵਿਚਕਾਰ ਵੰਡੇ
ਗਏ ਸਨ। ਉਂਝ ਵੀ ਸਿੱਖ ਸੰਸਥਾਵਾਂ ਤੇ ਜਥੇਦਾਰ ਸਾਹਿਬਾਨਾਂ ਨੂੰ ਸਿੱਖ ਕੌਮ ਦੀ ਭਲਾਈ
ਅਤੇ ਇਕਜੁੱਟਤਾ ਲਈ ਸਿੱਖ ਧਰਮ ਦੇ ਵਿਦਵਾਨਾਂ ਨੂੰ ਨਾਲ ਲੈ ਕੇ ਸਿੱਖ ਧਰਮ ਵਿਚ ਫੈਲੇ
ਬਾਕੀ ਭਰਮਾਂ ਭੁਲੇਖਿਆਂ ਤੇ ਵਿਵਾਦਾਂ ਜਿਨ੍ਹਾਂ ਵਿਚ ਬਾਣੀ ਬਾਰੇ, ਰਹਿਤ ਮਰਿਆਦਾ
ਬਾਰੇ ਅਤੇ ਕੈਲੰਡਰ ਵਿਵਾਦ ਵੀ ਸ਼ਾਮਿਲ ਹਨ, ਸੰਬੰਧੀ ਕੋਈ ਆਮ ਸਹਿਮਤੀ
ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸਾਜਿਸ਼, ਕੋਈ ਬਾਹਰੀ ਜਾਂ
ਅੰਦਰੂਨੀ ਦੁਸ਼ਮਣ ਸਿੱਖੀ ਦਾ ਨੁਕਸਾਨ ਨਾ ਕਰ ਸਕੇ ਤੇ ਕਦੇ ਵੀ ਆਪਸੀ ਫੁੱਟ ਨਾ ਪਵੇ।
ਤਰਬ ਸਿੱਦੀਕੀ ਦਾ ਇਹ ਸ਼ੇਅਰ ਕਾਬਲੇ ਗੌਰ ਹੈ:
ਹੈ ਅਬ ਭੀ ਵਕਤ ਸੰਭਲ
ਜਾਓ ਐ 'ਤਰਬ' ਵਰਨਾ ਜ਼ਮਾਨਾ ਤੁਮ ਕੋ ਨਾ ਰੱਖ ਦੇ ਕਹੀਂ ਫਨਾ ਕਰਕੇ।
ਦਲ-ਬਦਲੂਆਂ ਨੂੰ ਸਬਕ ਸਿਖਾਉਣਾ ਜ਼ਰੂਰੀ
ਵਤਨ
ਆਜ਼ਾਦ ਹੈ ਅਵਸਰ ਨਹੀ ਹੈ ਹਾਥ ਮਲਨੇ ਕਾ। ਕਿ ਛੋੜੋ 'ਹਾਥ' ਗ਼ਰ ਮੌਕਾ ਬਨਾ ਹੈ ਫੂਲ
ਖਿਲਨੇ ਕਾ। ਹਾਂ ਝਾੜੂ ਹੀ ਲਗਾ ਲੋ ਗ਼ਰ ਨਹੀ ਤੱਕੜੀ ਤੁਮੇ,
ਮਿਲਤੀ, ਯਹਾਂ ਪਰ ਖੁੱਲ੍ਹ ਗਯਾ ਵਯਾਪਾਰ ਹੈ ਅਬ ਦਲ-ਬਦਲਨੇ ਕਾ।
ਰਾਤੋ-ਰਾਤ ਦਲਬਦਲੀ ਪਹਿਲਾਂ ਕਦੇ ਕਦਾਈਂ ਹੀ ਵਾਪਰਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ
ਇਹ ਵਰਤਾਰਾ ਬਹੁਤ ਤੇਜ਼ ਹੋ ਗਿਆ ਹੈ। ਇਸ ਵਾਰ ਤਾਂ ਹੱਦ ਹੀ ਹੋ ਗਈ ਹੈ ਕਿ ਇੱਕ ਬੰਦਾ
ਇਕ ਪਾਰਟੀ ਬਦਲਦਾ ਹੈ, ਦੂਸਰੀ ਦੀ ਟਿਕਟ ਲੈਂਦਾ ਹੈ, ਜਿੱਤ ਜਾਂਦਾ ਹੈ, ਫਿਰ ਨਵੀਂ
ਪਾਰਟੀ ਉਸ ਨੂੰ ਟਿਕਟ ਵੀ ਦੇ ਦਿੰਦੀ ਹੈ ਪਰ ਉਹ ਟਿਕਟ ਛੱਡ ਕੇ ਇਕ ਹੋਰ ਪਾਰਟੀ ਬਦਲ
ਲੈਂਦਾ ਹੈ ਤੇ ਉਸ ਦਾ ਉਮੀਦਵਾਰ ਬਣ ਜਾਂਦਾ ਹੈ। ਇਹ ਕਿਸ ਚੀਜ਼ ਦੀ ਹੱਦ ਹੈ ਉਹ 'ਲਫ਼ਜ਼'
ਲਿਖ਼ਣ ਦੀ ਮੈਂ ਹਿੰਮਤ ਨਹੀਂ ਕਰ ਸਕਦਾ।
ਖ਼ੈਰ ਦਲਬਦਲੀ, ਲਾਲਚ, ਡਰ ਤੇ
ਜਿੱਤਣ ਦੇ ਅਸਾਰਾਂ ਅਧੀਨ ਹੀ ਹੁੰਦੀ ਹੈ। ਸਭ ਤੋਂ ਵੱਡਾ ਕਾਰਨ ਜਿੱਤ ਹੈ। ਇਸ ਲਈ ਕਿ
ਗੱਲ ਸਮੂਹ ਪਾਠਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਕੁਝ ਆਪਣਾ ਭਲਾ ਚਾਹੁੰਦੇ ਹੋ
ਤਾਂ ਦਲ-ਬਦਲੀ ਨੂੰ ਜਿੱਤ ਦਾ ਆਧਾਰ ਨਾ ਰਹਿਣ ਦਿਓ। ਜੇ ਚਾਹੁੰਦੇ ਹੋ ਕਿ ਰਾਜਨੀਤੀ
ਵਿਚ ਥੋੜ੍ਹੀ-ਬਹੁਤ ਮਰਿਆਦਾ, ਸਵੱਛਤਾ ਤੇ ਇਮਾਨਦਾਰੀ ਬਚੀ ਰਹਿ ਜਾਵੇ ਤਾਂ ਅਜਿਹੇ
ਸਾਰੇ ਉਮੀਦਵਾਰਾਂ ਜਿਨ੍ਹਾਂ ਨੇ ਬਿਨਾਂ ਕਿਸੇ ਵਿਚਾਰਧਾਰਾ ਦੇ ਰਾਤੋ-ਰਾਤ ਦਲਬਦਲੀ
ਕੀਤੀ ਹੈ, ਚਾਹੇ ਕਿਸੇ ਪਾਰਟੀ ਤੋਂ ਕਿਸੇ ਵੀ ਪਾਰਟੀ ਵਿਚ ਗਏ ਹੋਣ, ਉਨ੍ਹਾਂ ਨੂੰ
ਸਮਰਥਨ ਨਾ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਦਾ ਮਜ਼ਾਕ ਹੀ ਨਹੀਂ
ਉਡਾਇਆ, ਸਮਾਜ ਵਿਚ ਸ਼ਰਮ ਤੇ ਹਯਾ ਦੀਆਂ ਤੰਦਾਂ ਵੀ ਤੋੜੀਆਂ ਹਨ। ਅਜਿਹਾ ਕਰਕੇ ਹੀ
ਅਸੀਂ ਪਾਰਟੀਆਂ ਨੂੰ ਦਲ-ਬਦਲੀ ਕਰਵਾਉਣ ਅਤੇ ਉਮੀਦਵਾਰਾਂ ਨੂੰ ਦਲ-ਬਦਲੀ ਕਰਨ ਤੋਂ
ਰੋਕ ਸਕਦੇ ਹਾਂ। ਪੰਜਾਬ ਦੇ ਵੋਟਰਾਂ ਦੇ ਵੀ ਹੁਣ ਜਾਗਣ ਦਾ ਵੇਲਾ ਆ ਗਿਆ ਹੈ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
hslall@ymail.com
|