ਜਬ
ਤਾਜ ਕੀ ਅਦਲਾ ਬਦਲੀ ਹੋ ਤੋ ਨਿਯਮ ਪੁਰਾਨੇ ਭੀ ਬਦਲੇਂ ਕੁਛ ਫ਼ਰਕ ਤੋ ਖ਼ੁਦ ਪਰ
ਪੜਤਾ ਹੈ ਕੁਛ ਅਸਰ ਜ਼ਮਾਨਾ ਸਹਿਤਾ ਹੈ।
(ਲਾਲ ਫਿਰੋਜ਼ਪੁਰੀ)
ਇਹ ਠੀਕ ਹੈ ਕਿ
ਅਮਰੀਕੀ ਚੋਣਾਂ ਵਿਚ 'ਡੈਮੋਕ੍ਰੇਟਿਕ ਪਾਰਟੀ' ਦੀ ਉਮੀਦਵਾਰ 'ਕਮਲਾ ਹੈਰਿਸ' ਦੀ ਹਾਰ
ਅਤੇ 'ਰਿਪਬਲਿਕਨ ਪਾਰਟੀ' ਦੇ ਉਮੀਦਵਾਰ ਸਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੁਬਾਰਾ
ਹੋਈ ਜਿੱਤ ਇਕ ਲਿਹਾਜ਼ ਨਾਲ ਅਮਰੀਕਾ ਦਾ ਅੰਦਰੂਨੀ ਮਾਮਲਾ ਹੈ ਪਰ ਵਿਸ਼ਵ ਰਾਜਨੀਤੀ ਵਿਚ
ਤੇ ਵਿਸ਼ਵ ਪੱਧਰ 'ਤੇ ਜੋ ਸਥਾਨ ਅਮਰੀਕਾ ਕੋਲ ਹੈ, ਉਸ ਕਾਰਨ ਇਸ ਹਕੂਮਤੀ ਤਬਦੀਲੀ ਦਾ
ਅਸਰ ਪੂਰੇ ਵਿਸ਼ਵ 'ਤੇ ਪਵੇਗਾ। ਸਾਡਾ ਫ਼ਿਕਰ ਸਿਰਫ਼ ਏਨਾ ਹੈ ਕਿ ਇਸ ਤਬਦੀਲੀ ਦਾ ਭਾਰਤ
'ਤੇ ਕੀ ਅਸਰ ਪਵੇਗਾ ਜਾਂ ਉੱਥੇ ਵਸਦੇ ਪੰਜਾਬੀ ਤੇ ਸਿੱਖ ਭਾਈਚਾਰੇ 'ਤੇ ਪੈਣ ਵਾਲਾ
ਅਸਰ ਵੀ ਸਾਡੇ ਲਈ ਖ਼ਾਸ ਮਹੱਤਵ ਰੱਖਦਾ ਹੈ।
ਪਰ ਇੱਥੇ ਇਹ ਸਪੱਸ਼ਟ ਕਰਨਾ
ਜ਼ਰੂਰੀ ਹੈ ਕਿ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ
ਵਿਅਕਤੀ ਮੰਨਿਆ ਜਾਂਦਾ ਹੈ ਪਰ ਅਮਰੀਕਾ ਦਾ ਰਾਜਨੀਤਕ ਤੰਤਰ ਏਨਾ ਮਜ਼ਬੂਤ ਤੇ
ਗੁੰਝਲਦਾਰ ਹੈ, ਕਿ ਰਾਸ਼ਟਰਪਤੀ ਦੀ ਮਰਜ਼ੀ ਵੀ ਹਰ ਜਗ੍ਹਾ ਨਹੀਂ ਚੱਲ ਸਕਦੀ। ਫਿਰ
ਅਮਰੀਕਾ ਵਿਚ ਇਕ 'ਡੀਪ ਸਟੇਟ' ਵਰਗੀ ਅਦਿੱਖ ਤਾਕਤ ਦੀ ਵੀ ਦੇਸ਼ ਦੀਆਂ ਨੀਤੀਆਂ ਬਣਾਉਣ
ਵਿਚ ਅਹਿਮ ਭੂਮਿਕਾ ਸਦਾ ਚਰਚਾ ਵਿਚ ਰਹੀ ਹੈ। ਕਿਸੇ ਵੀ ਦੇਸ਼ ਦੀਆਂ ਨੀਤੀਆਂ ਵਿਚ
ਤਬਦੀਲੀ ਦੇਸ਼ ਦੇ ਹਿਤਾਂ ਅਨੁਸਾਰ ਹੀ ਕੀਤੀ ਜਾ ਸਕਦੀ ਹੈ। ਸਾਡੇ ਸਾਹਮਣੇ ਹੈ ਕਿ
ਯੂ.ਕੇ. ਵਿਚ ਜੁਲਾਈ ਵਿਚ ਲੇਬਰ ਪਾਰਟੀ, ਕੰਜ਼ਰਵੇਟਿਵ ਪਾਰਟੀ ਨੂੰ ਹਰਾ ਕੇ ਸੱਤਾ ਵਿਚ
ਆਈ ਪਰ ਯੂ.ਕੇ. ਦੀ ਵਿਦੇਸ਼ ਨੀਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ।
ਉਂਜ
ਵੀ ਇਹ ਸਮਝਿਆ ਜਾ ਰਿਹਾ ਹੈ ਕਿ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹੀ ਡੋਨਾਲਡ
ਟਰੰਪ ਨਹੀਂ ਹੋਣਗੇ, ਜੋ ਪਿਛਲੀ ਹਕੂਮਤ ਵੇਲੇ ਸਨ। ਹੁਣ ਉਨ੍ਹਾਂ ਕੋਲ ਜਿਥੇ 4 ਸਾਲ
ਹਕੂਮਤ ਚਲਾਉਣ ਦਾ ਤਜਰਬਾ ਹੈ ਤਾਂ ਉਥੇ 4 ਸਾਲ ਵਿਰੋਧੀ ਨੇਤਾ ਵਜੋਂ ਵਿਚਰਨ ਦਾ
ਤਜਰਬਾ ਵੀ ਹੈ। ਸੋ, ਅਸੀਂ ਅਮਰੀਕਾ ਦੀ ਵਿਦੇਸ਼ ਨੀਤੀ ਵਿਚ ਕਿਸੇ ਬਹੁਤ ਵੱਡੀ ਤਬਦੀਲੀ
ਦੀ ਆਸ ਨਹੀਂ ਕਰ ਸਕਦੇ। ਫਿਰ ਵੀ ਟਰੰਪ ਦੀ 'ਅਮਰੀਕਾ ਪਹਿਲਾਂ' ਨੀਤੀ ਦੇ ਚਲਦਿਆਂ ਇਹ
ਆਸ ਕੀਤੀ ਜਾ ਸਕਦੀ ਹੈ ਕਿ ਉਹ ਰੂਸ ਨਾਲ ਟਕਰਾਅ ਖ਼ਤਮ ਕਰਨ ਲਈ ਤੇ ਅਮਰੀਕਾ ਵਲੋਂ
ਵਿਸ਼ਵ ਰਾਜਨੀਤੀ ਵਿਚ ਕੀਤੇ ਜਾ ਰਹੇ ਖਰਚੇ ਨੂੰ ਘਟਾਉਣ ਵੱਲ ਧਿਆਨ ਦੇਣਗੇ। ਇਸ
'ਅਮਰੀਕਾ ਪਹਿਲਾਂ' ਸੋਚ ਨਾਲ ਭਾਰਤ 'ਤੇ ਵੀ ਕੁਝ ਮਹੱਤਵਪੂਰਨ ਅਸਰ ਪੈਣ ਦੀ ਸੰਭਾਵਨਾ
ਜ਼ਰੂਰ ਹੈ। ਖ਼ਾਸਕਰ ਭਾਰਤ ਜੋ ਅਮਰੀਕਾ ਨੂੰ 77.52 ਬਿਲੀਅਨ ਡਾਲਰ ਦਾ ਸਮਾਨ ਭੇਜਦਾ ਹੈ
ਤੇ 42.2 ਬਿਲੀਅਨ ਡਾਲਰ ਦਾ ਸਾਮਾਨ ਮੰਗਵਾਉਂਦਾ ਹੈ, ਬਾਰੇ ਹਾਲ ਵਿਚ ਹੀ ਟਰੰਪ ਵਲੋਂ
ਕਹੀ ਗੱਲ ਕਿ ਇਹ ਲੋਕ (ਭਾਰਤ) ਪਿਛੜੇ ਹੋਏ ਨਹੀਂ ਸਗੋਂ ਚਲਾਕ ਹਨ।
ਭਾਰਤ
ਬਰਾਮਦ ਦੇ ਮਾਮਲੇ ਵਿਚ ਸਿਖ਼ਰ 'ਤੇ ਹੈ ਅਤੇ ਇਸ ਦਾ ਇਸਤੇਮਾਲ ਉਹ ਸਾਡੇ ਖ਼ਿਲਾਫ਼ ਕਰਦਾ
ਹੈ, ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਦੋਸਤੀ ਦੇ
ਬਾਵਜੂਦ ਭਾਰਤੀ ਬਰਾਮਦ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਹਨ। ਖ਼ਾਸ ਕਰ ਜੇਕਰ ਟਰੰਪ
ਜਿਵੇਂ ਉਹ ਚੋਣਾਂ ਦੌਰਾਨ ਵਾਅਦਾ ਕਰਦੇ ਰਹੇ, ਰੂਸ ਨਾਲ ਸੰਬੰਧ ਸੁਧਾਰ ਨਾ ਸਕੇ ਤਾਂ
ਉਹ ਭਾਰਤ ਤੇ ਰੂਸ ਨਾਲ ਸੰਬੰਧਾਂ ਅਤੇ ਬ੍ਰਿਕਸ ਵਿਚ ਭਾਰਤ ਦੀ ਅਮਰੀਕਾ
ਵਿਰੋਧੀ ਨੀਤੀ ਕਾਰਨ ਭਾਰਤੀ ਵਸਤੂਆਂ 'ਤੇ ਦਰਾਮਦ ਕਰ (ਕਸਟਮ ਡਿਊਟੀ) ਵੀ ਵਧਾ ਸਕਦੇ
ਹਨ ਅਤੇ ਰਾਜਨੀਤਕ ਦਬਾਅ ਵੀ ਵਧਾਇਆ ਜਾ ਸਕਦੇ ਹਨ, ਹਾਂ ਉਸ ਦੀ ਚੀਨ ਵਿਰੋਧੀ ਆਰਥਿਕ
ਨੀਤੀ ਭਾਰਤ ਨੂੰ ਇਕ ਮੌਕਾ ਵੀ ਪ੍ਰਦਾਨ ਕਰ ਸਕਦੀ ਹੈ।
ਇਸ ਦਰਮਿਆਨ
ਭਾਰਤੀਆਂ ਨੂੰ ਅਮਰੀਕਾ ਵਿਚ ਵੀਜ਼ੇ ਘੱਟ ਮਿਲਣ ਅਤੇ ਨੌਕਰੀਆਂ ਤੋਂ ਹੱਥ ਧੋਣ ਦੀ
ਸਥਿਤੀ ਦਾ ਡਰ ਵੀ ਜ਼ਰੂਰ ਰਹੇਗਾ। ਟਰੰਪ ਵਲੋਂ ਉਥੇ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ
ਭਾਰਤੀਆਂ ਨੂੰ ਡਿਪੋਰਟ ਕਰਨ ਦੀ ਮੁਹਿੰਮ ਵੀ ਤੇਜ਼ ਕੀਤੀ ਜਾ ਸਕਦੀ ਹੈ।
ਗ਼ੌਰਤਲਬ ਹੈ ਕਿ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਦਾਖ਼ਲ ਹੋਏ 90415 ਲੋਕ ਤਾਂ
ਪਿਛਲੇ ਸਿਰਫ ਇਕ ਸਾਲ ਵਿਚ ਹੀ ਫੜੇ ਗਏ ਹਨ। ਪਾਠਕਾਂ ਲਈ ਸ਼ਾਇਦ ਇਹ ਹੈਰਾਨੀ ਭਰੀ ਗੱਲ
ਹੋਵੇ ਕਿ ਇਨ੍ਹਾਂ ਵਿਚੋਂ ਅੱਧੇ ਤੋਂ ਵਧੇਰੇ ਸਿਰਫ਼ ਗੁਜਰਾਤੀ ਸਨ, ਪੰਜਾਬੀ ਨਹੀਂ।
ਇੱਥੇ ਵਿਦੇਸ਼ਾਂ ਵਿਚ ਵਸੇ ਤੇ ਚੰਗੀ ਤਰ੍ਹਾਂ ਸੈਟਲ ਹੋਏ ਪੰਜਾਬੀਆਂ ਲਈ ਇਕ
ਨਿਹੋਰਾ ਵੀ ਹੈ ਕਿ ਚੀਨੀ, ਫਿਲਪਾਈਨੀ, ਮੈਕਸੀਕਨ, ਗੁਜਰਾਤੀ ਤੇ ਹੋਰ ਕਈ ਦੇਸ਼ਾਂ ਤੇ
ਰਾਜਾਂ ਦੇ ਲੋਕ ਅਮਰੀਕਾ ਜਾਂ ਕੈਨੇਡਾ ਵਿਚ ਆਏ ਆਪਣੇ ਭਾਈਚਾਰੇ ਦੇ ਕਾਨੂੰਨੀ ਜਾਂ
ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੱਕੇ ਹੋਣ ਲਈ ਹਰ ਸੰਭਵ ਮਦਦ ਕਰਦੇ ਹਨ ਪਰ ਪੰਜਾਬੀ
ਭਾਵੇਂ ਸਾਰੇ ਨਹੀਂ, ਪਰ ਕਈ ਪੰਜਾਬੀ ਉੱਥੇ ਆਏ ਪੰਜਾਬੀਆਂ ਦੀ ਮਦਦ ਤਾਂ ਕੀ ਸਗੋਂ
ਉਨ੍ਹਾਂ ਦਾ ਸੋਸ਼ਣ ਵੀ ਕਰਦੇ ਹਨ ਪਰ ਗੱਲਾਂ ਪੰਜਾਬੀਅਤ ਦੀਆਂ ਕਰਦੇ ਹਨ। ਇਕ ਹੋਰ ਗੱਲ
ਕਿ ਟਰੰਪ ਨੇ ਜਿਵੇਂ ਬੰਗਲਾਦੇਸ਼ ਦੇ ਤਖਤਾ ਪਲਟ ਵੇਲੇ ਉੱਥੇ ਹਿੰਦੂ ਘੱਟ-ਗਿਣਤੀ
ਲੋਕਾਂ 'ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ, ਉਸ ਤੋਂ ਆਸ ਕੀਤੀ ਜਾ ਸਕਦੀ ਹੈ
ਕਿ ਉਹ ਹਰ ਜਗ੍ਹਾ ਘੱਟ-ਗਿਣਤੀਆਂ ਨਾਲ ਹੋ ਰਹੇ ਮਾੜੇ ਸਲੂਕ ਦੇ ਖ਼ਿਲਾਫ਼ ਖੜਨਗੇ। ਇਸ
ਤੋਂ ਇਲਾਵਾ ਭਾਰਤ ਤੇ ਅਮਰੀਕਾ ਵਿਚ ਰੱਖਿਆ ਸੰਬੰਧੀ ਵਪਾਰਕ ਸਹਿਯੋਗ ਵੀ ਵਧ ਸਕਦਾ ਹੈ
ਪਰ ਇਹ ਭਾਰਤ-ਰੂਸ ਸੰਬੰਧਾਂ ਅਤੇ ਰੂਸ ਨਾਲ ਅਮਰੀਕਾ ਦੀ ਚੱਲ ਰਹੀ ਅਸਿੱਧੀ ਜੰਗ 'ਤੇ
ਮੁਨਹਸਰ ਕਰੇਗਾ। ਇਸ ਦਰਮਿਆਨ ਇਹ ਗੱਲ ਵੀ ਵੇਖਣਯੋਗ ਹੋਵੇਗੀ ਕਿ ਕੈਨੇਡਾ ਵਲੋਂ ਭਾਰਤ
ਨੂੰ ਦੁਸ਼ਮਣ ਦੇਸ਼ਾਂ ਦੀ ਸੂਚੀ ਵਿਚ ਪਾਏ ਜਾਣ ਅਤੇ ਅਮਰੀਕਾ ਵਿਚ ਗੁਰਪਤਵੰਤ ਸਿੰਘ
ਪੰਨੂੰ ਨੂੰ ਭਾਰਤੀ ਏਜੰਸੀਆਂ ਵਲੋਂ ਕਤਲ ਕਰਨ ਦੀ ਕੀਤੀ ਗਈ ਕੋਸ਼ਿਸ਼ ਸੰਬੰਧੀ ਚਲ ਰਹੀ
ਜਾਂਚ ਸੰਬੰਧੀ ਕੀ ਸਟੈਂਡ ਲੈਂਦੇ ਹਨ।
ਹਾਲਾਂਕਿ ਟਰੰਪ ਦੀ ਜਿੱਤ ਅਮਰੀਕੀ
ਸਿੱਖਾਂ ਲਈ ਥੋੜ੍ਹੀ ਫ਼ਿਕਰ ਦੀ ਗੱਲ ਸਮਝੀ ਜਾਂਦੀ ਹੈ, ਕਿਉਂਕਿ ਅਮਰੀਕੀ ਸਿੱਖ
ਲਾਬੀ ਦਾ ਉਥੋਂ ਦੀ ਰਾਜਨੀਤੀ ਵਿਚ ਬਹੁਤਾ ਪ੍ਰਭਾਵ ਨਹੀਂ ਹੈ। ਸਥਾਨਕ ਸਿੱਖ
ਲੀਡਰਸ਼ਿਪ ਨੇ ਟਰੰਪ ਦੀ ਜਿੱਤ 'ਤੇ ਖੁੱਲ੍ਹੇ ਦਿਲ ਨਾਲ ਵਧਾਈ ਦੇ ਕੇ ਅਤੇ
ਜਸ਼ਨ ਮਨਾ ਕੇ ਸਿਆਣਪ ਤੋਂ ਕੰਮ ਲਿਆ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਅਮਰੀਕਾ ਵਿਚ
ਰਹਿੰਦੇ ਭਾਰਤੀਆਂ ਦੀ ਗਿਣਤੀ ਭਾਵੇਂ ਇਕ ਫ਼ੀਸਦੀ ਦੇ ਕਰੀਬ ਹੀ ਹੈ, ਪਰ ਉਹ ਉੱਥੇ 6
ਫ਼ੀਸਦੀ ਟੈਕਸ ਭਰਦੇ ਹਨ, ਜੋ ਉਨ੍ਹਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਅਮਰੀਕਾ ਵਿਚ
ਕਰੀਬ 20 ਲੱਖ ਹਿੰਦੂ ਵਸੋਂ ਹੈ ਤੇ 5 ਤੋਂ 6 ਲੱਖ ਸਿੱਖ ਵਸੋਂ ਹੈ। ਇਸ ਵਾਰ ਅਮਰੀਕਾ
ਦੇ ਹਾਊਸ ਆਫ਼ ਰੀਪਰਜ਼ੈਟੇਟਿਵ ਲਈ ਭਾਰਤੀ ਮੂਲ ਦੇ 6 ਵਿਅਕਤੀ ਚੁਣੇ ਗਏ ਸਨ, ਜਿਨ੍ਹਾਂ
ਵਿਚੋਂ 5 ਹਿੰਦੂ ਹਨ ਤੇ ਇਕ ਇਸਾਈ, ਭਾਵੇਂ ਕਿ ਰਾਸ਼ਟਰਪਤੀ ਚੋਣ ਹਾਰੀ ਕਮਲਾ ਹੈਰਿਸ
ਵੀ ਹਿੰਦੂ ਮੂਲ ਦੀ ਹੀ ਹੈ। ਪਰ ਸਿੱਖ ਇਕ ਵੀ ਨਹੀਂ, ਜੋ ਸਾਫ਼ ਕਰਦਾ ਹੈ ਕਿ ਅਮਰੀਕੀ
ਰਾਜਨੀਤੀ ਵਿਚ ਸਿੱਖ ਲਾਬੀ ਬਹੁਤ ਕਮਜ਼ੋਰ ਹੈ। ਅਮਰੀਕੀ ਸਿੱਖਾਂ ਨੂੰ ਦੁਨੀਆ ਦੇ ਸਭ
ਤੋਂ ਤਾਕਤਵਰ ਦੇਸ਼ ਦੀ ਰਾਜਨੀਤੀ ਵਿਚ ਆਪਣੀ ਭਾਗੀਦਾਰੀ ਮਜ਼ਬੂਤ ਕਰਨ ਬਾਰੇ ਜ਼ਰੂਰ ਕੋਈ
ਵੱਡੇ ਉਪਰਾਲੇ ਕਰਨੇ ਚਾਹੀਦੇ ਹਨ।
ਰਾਤ ਤੋ ਵਕਤ ਕੀ ਪਾਬੰਦ ਹੈ ਢਲ
ਜਾਏਗੀ ਦੇਖਨਾ ਯੇ ਹੈ ਚਰਾਗੋਂ ਕਾ ਸਫ਼ਰ ਕਿਤਨਾ ਹੈ।)
(ਵਸੀਮ ਬਰੇਲਵੀ)
ਕੈਨੇਡਾ
ਦੀ ਨਿੰਦਣਯੋਗ ਘਟਨਾ
ਇਹ ਠੀਕ ਹੈ ਕਿ ਤਾਲੀ ਕਦੇ ਇਕ ਹੱਥ ਨਾਲ
ਨਹੀਂ ਵੱਜਦੀ, ਬਰੈਂਪਟਨ ਵਿਚ ਮੰਦਰ ਵਿਚ ਖਾਲਿਸਤਾਨੀ ਸਮਰਥਕਾਂ ਅਤੇ ਹਿੰਦੂ ਭਾਈਚਾਰੇ
ਦੇ ਕੁਝ ਲੋਕਾਂ ਵਿਚ ਹੋਈ ਧੱਕਾ-ਮੁੱਕੀ ਤੇ ਮਾਰ-ਕੁੱਟ ਦੀ ਘਟਨਾ ਨੂੰ ਹਰ ਸੂਝਵਾਨ
ਮਾੜਾ ਹੀ ਕਹੇਗਾ। ਮੰਦਰ ਦੀ ਪ੍ਰਬੰਧਕ ਕਮੇਟੀ ਹਿੰਦੂ ਸਭਾ ਵਲੋਂ ਮੰਦਰ ਦੇ ਪੁਜਾਰੀ
ਨੂੰ, ਸ਼ਰਧਾਲੂਆਂ ਨੂੰ ਭੜਕਾਉਣ ਦੇ ਦੋਸ਼ਾਂ ਵਿਚ ਮੁਅੱਤਲ ਵੀ ਕੀਤਾ ਜਾ ਚੁੱਕਾ ਹੈ ਅਤੇ
ਦੂਸਰੇ ਪਾਸੇ ਓਂਟਾਰੀਓ ਸਿੱਖਸ ਅਤੇ ਗੁਰਦੁਆਰਾ ਕੌਂਸਲ ਵੀ ਇਸ ਘਟਨਾ ਦੀ
ਖੁੱਲ੍ਹ ਕੇ ਨਿਖੇਧੀ ਕਰ ਚੁੱਕੀ ਹੈ। ਸੋ, ਇਹ ਸਪੱਸ਼ਟ ਹੋ ਚੁੱਕਾ ਹੈ ਕਿ ਸਿੱਖਾਂ ਤੇ
ਹਿੰਦੂਆਂ ਵਿਚ ਝਗੜਾ ਮੰਦਰ ਦੇ ਪੁਜਾਰੀ ਦੇ ਹਿੰਸਕ ਪ੍ਰਚਾਰ ਨੇ ਖੜ੍ਹਾ ਕਰਵਾਇਆ, ਪਰ
ਖ਼ਾਲਿਸਤਾਨੀ ਸਮਰਥਕਾਂ ਨੂੰ ਵੀ ਤਾਂ ਭਾਰਤੀ ਕੌਂਸਲੇਟ ਦੇ ਖ਼ਿਲਾਫ਼ ਮੁਜ਼ਾਹਰਾ
ਕਰਨ ਵੇਲੇ ਮੰਦਰ ਦੇ ਸਾਹਮਣੇ ਦੀ ਜਗ੍ਹਾ ਚੁਣਨ ਤੋਂ ਬਚਣਾ ਚਾਹੀਦਾ ਸੀ। ਉਹ ਹੋਰ
ਥਾਵਾਂ ਵੀ ਚੁਣ ਸਕਦੇ ਸਨ ਪਰ ਅਫ਼ਸੋਸ ਹੈ ਕਿ ਭਾਰਤੀ ਮਾਧਿਅਮ ਇਸ ਘਟਨਾ ਨੂੰ ਸਿੱਖਾਂ
ਨੂੰ 'ਡਿਫੈਂਸਿਵ' ਕਰਨ ਲਈ ਵਰਤ ਰਿਹਾ ਹੈ। ਉੱਥੇ ਪੁਜਾਰੀ ਦੇ ਭੜਕਾਊ ਬਿਆਨਾਂ ਬਾਰੇ
ਕੋਈ ਗੱਲ ਨਹੀਂ ਕੀਤੀ ਜਾ ਰਹੀ। ਅਸੀਂ ਸਮਝਦੇ ਹਾਂ ਕਿ ਕੈਨੇਡਾ ਦੀ ਮੁੱਖਧਾਰਾ ਦੀ
ਲੀਡਰਸ਼ਿਪ ਨੂੰ ਵੀ ਹੋਰ ਸੁਚੇਤ ਹੋਣ ਦੀ ਲੋੜ ਹੈ।
ਸਭ ਨੇ ਪੜ੍ਹ ਰੱਖਾ
ਥਾ ਸੱਚ ਕੀ ਜੀਤ ਹੋਤੀ ਹੈ ਮਗਰ ਥਾ ਭਰੋਸਾ ਕਿਸ ਕੋ ਸੱਚ ਪਰ, ਸੱਚ ਕੋ ਸੱਚ
ਕਹਿਤਾ ਤੋ ਕੌਣ? -ਇਹਤਰਾਮ ਇਸਲਾਮ
ਝੋਨੇ ਦਾ ਝਾੜ ਘਟੇਗਾ ਇਸ ਵਾਰ ਪੰਜਾਬ ਵਿਚੋਂ 185 ਲੱਖ
ਟਨ ਝੋਨਾ ਖਰੀਦਣ ਦਾ ਟੀਚਾ ਪ੍ਰਾਪਤ ਹੋਣ ਦੀ ਕੋਈ ਉਮੀਦ ਨਹੀਂ ਹੈ, ਜਿਸ ਨਾਲ ਪੰਜਾਬ
ਨੂੰ ਕਰੋੜਾਂ ਰੁਪਏ ਦਾ ਘਾਟਾ ਪਵੇਗਾ। ਇਸ ਦਾ ਕਾਰਨ ਇਕ ਪਾਸੇ ਨਰਮਾ ਪੱਟੀ ਵਿਚ ਝੋਨੇ
ਦਾ ਝਾੜ ਘਟਣਾ ਹੈ ਤੇ ਦੂਜੇ ਪਾਸੇ ਇਸ ਵਾਰ ਪਿਛਲੇ ਮਹੀਨੇ ਮੀਂਹ ਨਾ ਪੈਣ ਅਤੇ ਉਪਰੋਂ
ਮੰਡੀਆਂ ਵਿਚ ਝੋਨੇ ਦੀ ਖਰੀਦ ਵਿਚ ਦੇਰੀ ਨਾਲ ਨਮੀ ਦੀ ਘਾਟ ਦੱਸੀ ਜਾ ਰਹੀ ਹੈ।
ਪਿਛਲੀ ਵਾਰ ਆਮ ਤੌਰ 'ਤੇ 17 ਫ਼ੀਸਦੀ ਨਮੀ ਦੀ ਇਜ਼ਾਜਤ ਦੇ ਬਾਵਜੂਦ 19-20 ਫ਼ੀਸਦੀ ਨਮੀ
ਵਾਲਾ ਝੋਨਾ ਤੁਲਿਆ ਸੀ ਪਰ ਇਸ ਵਾਰ ਕਈ ਥਾਵਾਂ 'ਤੇ 16 ਫ਼ੀਸਦੀ ਨਮੀ ਵੀ ਵੇਖੀ ਗਈ ਹੈ
ਪਰ ਜਿਥੇ ਨਮੀ ਵਾਲਾ ਝੋਨਾ ਖਰੀਦ ਕੇ ਉਸ ਝੋਨੇ ਦੀ ਚੁਕਾਈ 8-10 ਦਿਨ ਦੇਰੀ ਨਾਲ ਹੋਈ
ਹੈ, ਉਥੇ ਬੋਰੀਆਂ ਵਿਚ ਪਾਏ ਝੋਨੇ ਦਾ ਭਾਰ ਵੀ ਘਟ ਰਿਹਾ ਹੈ, ਜਿਸ ਨੂੰ ਸ਼ੈਲਰ ਮਾਲਕ
ਚੁੱਕਣ ਲਈ ਤਿਆਰ ਨਹੀਂ ਹਨ। ਉਹ ਆੜ੍ਹਤੀ ਨੂੰ ਪੂਰਾ ਕਰਨ ਲਈ ਕਹਿੰਦੇ ਹਨ ਤੇ ਆੜ੍ਹਤੀ
ਇਸ ਦਾ ਕੱਟ ਕਿਸਾਨ ਨੂੰ ਆਪਣੀ ਜੇਬ ਵਿਚੋਂ ਦੇਣ ਲਈ ਕਹਿੰਦਾ ਹੈ, ਜਿਸ ਨਾਲ
ਆੜ੍ਹਤੀ-ਕਿਸਾਨ ਰਿਸ਼ਤੇ ਵਿਚ ਤਰੇੜ ਵਧ ਰਹੀ ਹੈ ਪਰ ਕਈ ਥਾਈਂ ਆੜ੍ਹਤੀ, ਸ਼ੈਲਰ ਮਾਲਕ
ਤੇ ਏਜੰਸੀਆਂ ਦੀ ਮਿਲੀਭੁਗਤ ਨਾਲ ਇਹ ਕੱਟ ਕਿਸਾਨਾਂ ਤੋਂ ਵਸੂਲ ਕਰਕੇ ਉਨ੍ਹਾਂ ਨਾਲ
ਧੱਕਾ ਵੀ ਕੀਤਾ ਜਾ ਰਿਹਾ ਹੈ।
1044, ਗੁਰੂ
ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਮੋਬਾਈਲ : 92168-60000 E. mail :
hslall@ymail.com
|