ਸਚ
ਕਹਿ ਦੂੰ ਮਗਰ ਇਸ ਦੌਰ ਕੇ ਇਨਸਾਨੋ ਕੋ, ਬਾਤ ਜੋ ਦਿਲ ਸੇ ਨਿਕਲਤੀ ਹੈ ਬੁਰੀ
ਲਗਤੀ ਹੈ।
(ਸਲੀਮ ਅਹਿਮਦ)
ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਤੋਂ ਸਿੱਖ ਮਨ ਬਹੁਤ ਉਦਾਸ ਤੇ ਨਿਰਾਸ਼ ਹਨ।
ਤਿੰਨ ਸਰਕਾਰਾਂ ਦੇ ਦੌਰ ਵਿਚ ਵੀ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ
ਮਿਲ ਸਕੀ ਪਰ ਇਸ ਕਾਂਡ ਤੋਂ ਬਾਅਦ ਬੇਅਦਬੀ ਦੇ ਮਾਮਲਿਆਂ ਵਿਚ ਹੋਇਆ ਵਾਧਾ ਸ਼ਾਇਦ
ਸਾਡੇ ਵਰਤਾਰੇ ਤੇ ਸਮਝ ਵਿਚ ਆਏ ਫ਼ਰਕ ਕਾਰਨ ਹੋਰ ਵੀ ਜ਼ਿਆਦਾ ਲਗਦਾ ਹੈ।
ਅਸੀਂ
ਸ਼ਾਇਦ ਇਸ ਮਾਮਲੇ ਵਿਚ ਕੁਝ ਜ਼ਿਆਦਾ ਹੀ ਸੰਵੇਦਨਸ਼ੀਲ ਹੋ ਗਏ ਹਾਂ ਤੇ ਸਾਨੂੰ ਕਈ ਵਾਰ
ਆਮ ਵਰਤਾਰੇ ਵੀ ਬੇਅਦਬੀ ਹੀ ਲੱਗਣ ਲੱਗ ਪੈਂਦੇ ਹਨ। ਸਾਡੇ ਵਿਚੋਂ ਕੁਝ ਲੋਕ
ਬੇਅਦਬੀਆਂ ਤੇ ਸਤਿਕਾਰ ਦੇ ਨਾਂਅ ਹੇਠ ਮਨਮਾਨੀਆਂ ਵੀ ਕਰਨ ਲੱਗ ਪਏ ਹਨ। ਪਹਿਲੀ ਗੱਲ
ਤਾਂ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਟਕੇ, ਪੋਥੀਆਂ ਤੇ
ਧਾਰਮਿਕ ਕਿਤਾਬਾਂ ਹੋ ਹੀ ਨਹੀਂ ਸਕਦੀਆਂ ਅਤੇ ਇਨ੍ਹਾਂ ਨੂੰ ਰੱਖਣ, ਸਾਂਭਣ ਤੇ ਵੇਚਣ
ਦੀ ਆਗਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਨਹੀਂ ਹੋ ਸਕਦੀ। ਇਥੇ ਇਹ ਗੱਲ
ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਸਿੱਖ ਰਹਿਤ ਮਰਿਆਦਾ, ਸਿੱਖ ਸਿਧਾਂਤਾਂ ਦੀ ਵਿਆਖਿਆ
ਕਰਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਹੈ। ਇਸ 'ਤੇ ਕਿਸੇ ਨੂੰ ਨਾ ਕੋਈ ਸ਼ੱਕ ਹੈ ਤੇ ਨਾ
ਹੀ ਕੋਈ ਇਤਰਾਜ਼ ਕਰਨ ਦਾ ਹੱਕ ਹੈ। ਸਭ ਭਲੀ ਭਾਂਤ ਜਾਣਦੇ ਹਨ ਕਿ
ਸ਼੍ਰੋ.ਗੁ.ਪ੍ਰ.ਕ ਨੂੰ ਸਿੱਖ ਪੰਥ ਦੀ ਸਿਰਮੌਰ ਜਥੇਬੰਦ ਹੋਣ ਦਾ ਮਾਣ
ਪ੍ਰਾਪਤ ਹੈ। ਸਾਡੀ ਸਰਬ ਉੱਚ ਸੰਸਥਾ ਹੈ ਜਾਂ ਫਿਰ ਕਿਤੇ ਕੋਈ ਸ਼ਿਕਾਇਤ ਜਾਂ ਦੁਬਿਧਾ
ਹੈ ਤਾਂ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਰੀ ਸਥਿਤੀ ਸਮਝ ਕੇ ਕੋਈ ਅੰਤਿਮ ਫ਼ੈਸਲਾ
ਲੈ ਸਕਦੇ ਹਨ ਪਰ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਜਦੋਂ ਵੀ ਕੋਈ ਫ਼ੈਸਲਾ
ਲਵੇ ਉਸ ਦੇ ਚੰਗੇ-ਮਾੜੇ ਸਾਰੇ ਪੱਖਾਂ ਨੂੰ ਵਿਚਾਰ ਕੇ ਹੀ ਲਵੇ। ਇਸ ਗੱਲ
'ਤੇ ਵੀ ਰੋਕ ਹੋਣੀ ਚਾਹੀਦੀ ਹੈ ਕਿ 'ਹੰਨੇ ਹੰਨੇ ਮੀਰੀ' ਵਾਂਗ ਕੁਝ ਸਿੱਖ ਇਕੱਠੇ ਹੋ
ਕੇ ਮਨਮਰਜ਼ੀ ਦੀ ਮਰਿਆਦਾ ਲਾਗੂ ਕਰਵਾਉਣ ਦੀ ਕੋਸ਼ਿਸ਼ ਨਾ ਕਰਨ, ਜਿਵੇਂ ਅੱਜਕਲ੍ਹ ਇਹ
ਬਹੁਤ ਸ਼ਿਕਾਇਤ ਹੈ ਕਿ ਸਤਿਕਾਰ ਕਮੇਟੀਆਂ ਦੇ ਨਾਂਅ 'ਤੇ ਪੰਜਾਬ ਹੀ ਨਹੀਂ, ਸਗੋਂ
ਦਿੱਲੀ ਆਦਿ ਵਿਚ ਵੀ ਕੁਝ ਲੋਕ ਪੁਲਿਸ ਨੂੰ ਨਾਲ ਲੈ ਕੇ ਲੋਕਾਂ ਦੇ ਘਰਾਂ ਵਿਚ
ਪ੍ਰਕਾਸ਼ ਕੀਤੇ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧੱਕੇ ਨਾਲ ਚੁਕਵਾ ਲੈਂਦੇ
ਹਨ।
ਕੀ ਅਸੀਂ ਚਾਹੁੰਦੇ ਹਾਂ ਕਿ ਸਿੱਖੀ ਦਾ ਦਾਇਰਾ ਸੀਮਤ ਹੁੰਦਾ ਜਾਵੇ ਤੇ
ਲੋਕ ਸਿੱਖੀ ਅਤੇ ਗੁਰਬਾਣੀ ਤੋਂ ਦੂਰ ਹੁੰਦੇ ਜਾਣ?
ਸਾਡੀ ਕਾਰਗੁਜ਼ਾਰੀ ਨੇ
ਕਈ ਨਾਨਕ ਨਾਮ ਲੇਵਾ ਸੰਪਰਦਾਵਾਂ ਜਿਵੇਂ ਸਹਿਜਧਾਰੀਆਂ, ਸਿੰਧੀਆਂ ਤੇ ਨਿਰਮਲਿਆਂ ਨੂੰ
ਸਾਡੇ ਤੋਂ ਦੂਰ ਕਰਨ ਦੀ ਹੀ ਭੂਮਿਕਾ ਅਦਾ ਕੀਤੀ ਹੈ। ਹਾਲਾਂਕਿ ਸਿੱਖ ਕੌਮ ਦੇ ਸਭ
ਤੋਂ ਵੱਧ ਸਤਿਕਾਰਤ ਵਿਦਵਾਨ ਕਵੀ ਭਾਈ ਗੁਰਦਾਸ ਜੀ - ਜਿਨ੍ਹਾਂ ਦੀਆਂ
ਰਚਨਾਵਾਂ ਦਾ ਗੁਰਬਾਣੀ ਵਾਂਗ ਕੀਰਤਨ ਵੀ ਕੀਤਾ ਜਾਂਦਾ ਹੈ - ਨੇ ਆਪਣੀਆਂ ਵਾਰਾਂ ਵਿਚ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖਦਿਆਂ ਲਿਖਿਆ ਹੈ:
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥
(ਵਾਰ-1, ਪਉੜੀ-27)
ਗੌਰਤਲਬ ਹੈ ਕਿ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ
ਤੱਕ ਸਾਰੇ ਗੁਰ ਅਸਥਾਨਾਂ ਨੂੰ ਧਰਮਸ਼ਾਲਾ ਹੀ ਕਿਹਾ ਜਾਂਦਾ ਸੀ।
ਹੁਣ ਇਕ
ਤਾਜ਼ਾ ਮਸਲਾ ਸਾਹਮਣੇ ਆਇਆ ਹੈ ਕਿ 'ਐਮਾਜ਼ੋਨ' ਤੇ 'ਫਲਿੱਪਕਾਰਟ' ਵਰਗੀਆਂ 'ਸਲਗ'
ਜਾਲਸਥਲਾਂ ਜਾਂ ਪ੍ਰਯੁਕਤੀਆਂ 'ਤੇ ਗੁਰਬਾਣੀ ਦੇ ਗੁਟਕੇ, ਸੈਂਚੀਆਂ ਆਦਿ
ਵੇਚਣੀਆਂ ਵੀ ਬੇਅਦਬੀ ਹੈ। ਸ਼੍ਰੋ.ਗੁ.ਪ੍ਰ.ਕ ਦੇ ਪ੍ਰਧਾਨ
ਐਡਵੋਕੇਟ
ਹਰਜਿੰਦਰ ਸਿੰਘ ਧਾਮੀ ਨੇ 'ਐਮਾਜ਼ੋਨ' ਨੂੰ ਕਿਹਾ ਹੈ ਕਿ ਉਹ ਇਹ ਗੁਟਕੇ ਵੇਚਣੇ ਬੰਦ
ਕਰਨ।
ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ
ਗੱਲ ਬੇਅਦਬੀਆਂ ਸੰਬੰਧੀ ਸੰਗਤ ਦੀ ਸੰਵੇਦਨਸ਼ੀਲਤਾ ਅਤੇ 'ਲੋਕ ਮਾਧਿਅਮ' 'ਤੇ ਬਣ ਰਹੇ
ਦਬਾਅ ਅਧੀਨ ਕਹੀ ਹੈ। ਪਰ ਇਸ ਦਾ ਦੂਸਰਾ ਪੱਖ ਵੀ ਵਿਚਾਰਨਯੋਗ ਹੈ।
ਇਸ ਤੋਂ
ਪਹਿਲਾਂ ਇਹ ਸਪੱਸ਼ਟ ਕਰ ਦਿਆਂ ਕਿ ਮੇਰਾ 'ਐਮਾਜ਼ੋਨ' ਜਾਂ 'ਫਲਿੱਪਕਾਰਟ' ਨਾਲ ਕੋਈ
ਵਪਾਰਕ ਸੰਬੰਧ ਨਹੀਂ, ਮੈਂ ਤਾਂ ਪ੍ਰਧਾਨ ਸਾਹਿਬ ਨੂੰ ਜੋ ਬੇਨਤੀ ਕਰ ਰਿਹਾ ਹਾਂ, ਉਹ
ਸਿਰਫ਼ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੀ ਕਰ ਰਿਹਾ ਹਾਂ, ਕਿਉਂਕਿ ਇਹ ਸੋਚਣ
ਵਾਲੀ ਗੱਲ ਹੈ ਕਿ 'ਐਮਾਜ਼ੋਨ' 'ਤੇ ਗੁਟਕਿਆਂ ਦੀ ਵਿਕਰੀ 'ਤੇ ਰੋਕ ਸਾਨੂੰ ਕਿਧਰ ਨੂੰ
ਲੈ ਕੇ ਜਾਵੇਗੀ?
ਕੀ ਕੱਲ੍ਹ ਨੂੰ ਅਸੀਂ ਗੁਰਬਾਣੀ 'ਪ੍ਰਯੁਕਤੀ' ਬਣਾਉਣ 'ਤੇ
ਵੀ ਪਾਬੰਦੀ ਲਾਵਾਂਗੇ?
ਇਸ ਵੇਲੇ ਲੱਖਾਂ ਲੋਕ, ਇਥੋਂ ਤੱਕ ਕਿ ਵੱਡੇ-ਵੱਡੇ
ਰਾਗੀ ਵੀ, ਕੀਰਤਨ ਕਰਨ ਵੇਲੇ ਇਹ ਪ੍ਰਯੁਕਤੀ ਖੋਲ੍ਹ ਕੇ ਹੀ ਸ਼ਬਦਾਂ ਦਾ ਸਹੀ
ਉਚਾਰਨ ਕਰਦੇ ਦੇਖੇ ਗਏ ਹਨ। ਕੀ ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ਸਿਰਫ਼ ਸਾਡੇ ਤੱਕ
ਹੀ ਸੀਮਤ ਰਹਿ ਜਾਵੇ?
ਇਹ ਯੁੱਗ 'ਕ੍ਰਿਤਮ ਬੁੱਧਿ' ਦਾ ਯੁੱਗ ਹੈ, ਜਿਥੇ ਹਰ
ਧਰਮ ਹਰ ਚੀਜ਼ ਦਾ ਗਿਆਨ ਪਿਆ ਹੈ ਤੇ ਕਿਸੇ ਧਰਮ ਨੂੰ ਮੰਨਣਾ ਜਾਂ ਇਥੋਂ ਤੱਕ ਕਿ
ਨਾਸਤਿਕ ਬੰਦਾ ਵੀ ਕਿਸੇ ਵੀ ਧਰਮ ਤੇ ਕਿਸੇ ਵੀ ਚੀਜ਼ ਬਾਰੇ ਗਿਆਨ ਹਾਸਿਲ ਕਰਨ ਦੇ
ਸਮਰੱਥ ਹੋ ਰਿਹਾ ਹੈ। ਕੀ ਅਸੀਂ ਕੱਲ੍ਹ ਨੂੰ 'ਕ੍ਰਿਤਮ ਬੁੱਧਿ' ਵਿਚ ਵੀ ਗੁਰਬਾਣੀ ਦਾ
ਮੂਲ ਪਾਠ ਪਾਉਣ 'ਤੇ ਰੋਕ ਲਗਾ ਦੇਵਾਂਗੇ?
'ਐਮਾਜ਼ੋਨ' ਇਸ ਵੇਲੇ 13 ਦੇਸ਼ਾਂ
ਵਿਚ ਸਿੱਧੇ ਰੂਪ ਵਿਚ ਮੌਜੂਦ ਹੈ ਅਤੇ ਕਰੀਬ 100 ਮੁਲਕਾਂ ਵਿਚ ਉਹ ਚੀਜ਼ਾਂ ਭੇਜਣ ਦਾ
ਕੰਮ ਕਰ ਰਹੀ ਹੈ। ਕੀ ਅਸੀਂ ਖ਼ੁਦ ਇਨ੍ਹਾਂ 100 ਮੁਲਕਾਂ ਵਿਚ ਗੁਰਬਾਣੀ ਪਹੁੰਚਾਉਣ ਦੇ
ਸਮਰੱਥ ਹਾਂ?
ਬੇਸ਼ੱਕ ਆਖਰੀ ਫ਼ੈਸਲਾ ਸ਼੍ਰੋਮਣੀ ਕਮੇਟੀ ਨੇ ਹੀ ਕਰਨਾ ਹੈ ਪਰ
ਸਾਡੀ ਸਮਝ ਅਨੁਸਾਰ ਚਾਹੀਦਾ ਤਾਂ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਦੁਨੀਆ ਦੀ ਹਰ
ਭਾਸ਼ਾ ਵਿਚ ਅਨੁਵਾਦ ਕਰਵਾ ਕੇ ਪੀ.ਡੀ.ਐੱਫ. ਤੇ ਹੋਰ ਪ੍ਰਾਰੂਪਾਂ ਵਿਚ
ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਾਈਏ ਤਾਂ ਜੋ ਦੁਨੀਆ ਇਸ ਰੂਹਾਨੀ ਗਿਆਨ ਤੋਂ ਜਾਣੂ
ਹੋ ਸਕੇ ਤੇ ਸਿੱਖੀ ਦਾ ਚਾਨਣ ਦੁਨੀਆ ਭਰ ਵਿਚ ਫੈਲ ਸਕੇ।
ਇਸ ਲਈ ਸੋਚਣ
ਵਾਲੀ ਗੱਲ ਇਹ ਹੈ ਕਿ ਜੇਕਰ ਅਸੀਂ ਇਸ ਤਰ੍ਹਾਂ ਦੁਨੀਆ ਭਰ ਵਿਚ ਗੁਰਬਾਣੀ ਦੇ ਗੁਟਕੇ
ਪਹੁੰਚਾ ਸਕਣ ਦੇ ਸਮਰੱਥ 'ਜਾਲਸਥਲ' ਨੂੰ ਗੁਟਕਾ ਵੇਚਣ ਤੋਂ ਰੋਕ ਰਹੇ ਹਾਂ ਤਾਂ ਕੀ
ਅਸੀਂ ਗੁਰਬਾਣੀ ਨੂੰ ਮਨੁੱਖਤਾ ਤੱਕ ਪਹੁੰਚਾਉਣ 'ਤੇ ਵੀ ਰੋਕ ਤਾਂ ਨਹੀਂ ਲਾ ਰਹੇ? ਕੀ
ਦੁਕਾਨਾਂ 'ਤੇ ਵਿਕਦੇ ਗੁਟਕਿਆਂ ਨੂੰ ਹੋਰ ਕਿਤਾਬਾਂ ਨਾਲ ਹੀ ਨਹੀਂ ਰੱਖਿਆ ਜਾ ਰਿਹਾ,
ਕੀ ਅਸੀਂ ਦੁਕਾਨਾਂ 'ਤੇ ਵੀ ਗੁਟਕੇ, ਸੈਂਚੀਆਂ ਵਿਕਣੀਆਂ ਬੰਦ ਕਰ ਦਿਆਂਗੇ?
ਬੇਸ਼ੱਕ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਸਮਰੱਥਾ ਕਿਸੇ ਮਨੁੱਖ ਵਿਚ ਨਹੀਂ,
ਅਸੀਂ ਨਹੀਂ ਕਹਿ ਸਕਦੇ ਜੋ ਉਨ੍ਹਾਂ ਨੇ ਕੀਤਾ, ਅਸੀਂ ਵੀ ਕਰ ਸਕਦੇ ਹਾਂ ਪਰ ਭਾਈ
ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 32ਵੀਂ ਪਾਉੜੀ ਵਿਚ ਲਿਖਦੇ ਹਨ, ਜਿਸ ਦਾ ਅਰਥ ਹੈ
ਕਿ ਗੁਰੂ ਸਾਹਿਬ ਜਦੋਂ ਮੱਕੇ ਗਏ ਉਨ੍ਹਾਂ ਕੋਲ ਜੋ ਚੀਜ਼ਾਂ ਸਨ, ਉਨ੍ਹਾਂ ਵਿਚੋਂ
ਕਿਤਾਬ ਭਾਵ ਗੁਰਬਾਣੀ ਵਾਕ ਪੋਥੀ ਉਨ੍ਹਾਂ ਦੀ ਕਛਿ ਵਿਚ ਸੀ।
ਆਸਾ
ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾਧਾਰੀ॥ ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ
ਹਜਿ ਗੁਜਾਰੀ॥
ਸਾਡੇ ਸਾਹਮਣੇ ਹੈ ਕਿ ਪੰਜਾਬ ਵਿਚ ਵੀ ਕਿਵੇਂ
ਸਿੱਖ, ਇਸਾਈ ਬਣ ਰਹੇ ਹਨ। ਇਸਾਈ ਆਪਣਾ ਧਾਰਮਿਕ ਸਾਹਿਤ ਕਿਵੇਂ ਮੁਫ਼ਤ ਵੰਡਦੇ ਹਨ।
ਖ਼ੈਰ ਸਾਡੀ, ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਕਿ ਇਸ ਦਾ ਇਕ ਸਹੀ ਇਲਾਜ ਇਹ
ਹੈ ਕਿ ਸ਼੍ਰੋਮਣੀ ਕਮੇਟੀ, ਬੇਅਦਬੀ ਕੀ ਹੈ ਤੇ ਕੀ ਬੇਅਦਬੀ ਨਹੀਂ ਹੈ, ਦੀ ਇਕ
ਪਰਿਭਾਸ਼ਾ ਨਿਸਚਿਤ ਕਰੇ, ਤਾਂ ਜੋ ਹਰ ਨਿੱਕੀ-ਵੱਡੀ ਘਟਨਾ ਜਾਂ ਗੱਲ ਨੂੰ ਬੇਅਦਬੀ ਤੇ
ਸਤਿਕਾਰ ਨਾਲ ਜੋੜ ਕੇ ਸਿੱਖੀ ਦੇ ਚਾਨਣ ਨੂੰ ਫੈਲਣ ਤੋਂ ਰੋਕਿਆ ਨਾ ਜਾ ਸਕੇ।
ਇਤਨਾ ਸਚ ਬੋਲ ਕੇ ਹੋਠੋਂ ਕਾ ਤਬਸੁਮ* ਨਾ ਬੁਝੇ' ਰੌਸ਼ਨੀ ਖ਼ਤਮ ਨਾ ਕਰ
ਆਗੇ ਅੰਧੇਰਾ ਹੋਗਾ। (ਨਿਦਾ ਫ਼ਾਜ਼ਲੀ)
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ,
ਖੰਨਾ ਮੋਬਾਈਲ : 92168-60000 E. mail :
hslall@ymail.com
|