ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ, 2024 ਨੂੰ ਜੋ ਵਰਤਾਰਾ ਸਿੰਘ ਸਾਹਿਬਾਨ
ਦੇ ਫ਼ੈਸਲੇ ਵੇਲੇ ਵਰਤਦਾ ਦਿਖਾਈ ਦਿੱਤਾ, ਉਹ ਸੱਚਮੁੱਚ ਹੀ ਇਕ ਅਲੋਕਾਰ ਦ੍ਰਿਸ਼ ਸੀ।
ਇਹ ਫ਼ੈਸਲਾ ਕਿਸੇ ਨੂੰ ਪਸੰਦ ਹੋਵੇ ਜਾਂ ਨਾ ਪਸੰਦ ਇਹ ਇਕ ਵੱਖਰੀ ਗੱਲ ਹੈ, ਪਰ ਇਸ
ਫ਼ੈਸਲੇ ਨੇ ਅਤੇ ਇਸ ਫ਼ੈਸਲੇ ਵੇਲੇ ਬਣੇ ਮਾਹੌਲ ਨੇ ਦੁਨੀਆ ਨੂੰ ਇਕ ਅਲੱਗ, ਵਿਲੱਖਣ
ਤੇ ਹਾਂ-ਪੱਖੀ ਸੰਦੇਸ਼ ਜ਼ਰੂਰ ਦਿੱਤਾ ਹੈ। ਇਸ ਵਰਤਾਰੇ ਨੇ ਸਿੱਖ ਕੌਮ ਦੀ ਇਕ ਕੌਮ
ਵਜੋਂ ਵੱਖਰੀ ਪਛਾਣ ਨੂੰ ਦੁਨੀਆ ਭਰ ਵਿਚ ਹੋਰ ਮਜ਼ਬੂਤੀ ਨਾਲ ਸਥਾਪਿਤ ਹੀ ਨਹੀਂ
ਕੀਤਾ, ਸਗੋਂ ਦੁਨੀਆ ਨੂੰ ਅਮਨ-ਸ਼ਾਂਤੀ ਤੇ ਜਵਾਬਦੇਹੀ ਦਾ ਇਕ ਰਾਹ ਵੀ ਦਿਖਾਇਆ ਹੈ
ਕਿ ਕਿਵੇਂ ਵੱਡੇ ਤੋਂ ਵੱਡੇ ਬੰਦੇ ਨੂੰ ਗੁਰੂ ਤੇ ਸੰਗਤ (ਲੋਕ ਕਚਹਿਰੀ) ਦੇ ਸਨਮੁੱਖ
ਆਪਣੀਆਂ ਗਲਤੀਆਂ ਜਾਂ ਗੁਨਾਹਾਂ ਦਾ ਇਕਬਾਲ ਕਰਵਾ ਕੇ ਉਸ ਵਿਅਕਤੀ ਦੀ ਮਾਨਸਿਕਤਾ ਤੱਕ
ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਹ ਆਸ ਕੀਤੀ ਜਾ ਸਕਦੀ ਹੈ ਕਿ ਸ੍ਰੀ
ਅਕਾਲ ਤਖ਼ਤੋਂ ਸਾਹਿਬ ਦੇ ਫ਼ੈਸਲੇ ਮੁਤਾਬਿਕ ਸਜ਼ਾ ਭੁਗਤਣ ਤੋਂ ਬਾਅਦ ਸੁਖਬੀਰ ਸਿੰਘ
ਬਾਦਲ ਅਤੇ ਬਾਕੀ ਸਾਰੇ ਤਨਖਾਹ ਭੁਗਤ ਰਹੇ ਸਿੱਖ ਇਕ ਨਵੇਂ ਨਿਰਮਲ ਮਨੁੱਖ ਵਜੋਂ
ਸਾਹਮਣੇ ਆਉਣਗੇ।
ਪਰ ਇਸ ਫ਼ੈਸਲੇ ਦਾ ਅਸਰ ਸਿਰਫ਼ ਸਿੱਖ ਕੌਮ 'ਤੇ ਹੀ ਨਹੀਂ
ਪਵੇਗਾ, ਸਗੋਂ ਇਸ ਵਰਤਾਰੇ ਨੇ ਦੁਨੀਆ ਨੂੰ ਇਕ ਨਵੀਂ ਸੋਚ ਤੇ ਨਵੀਂ ਪਹੁੰਚ ਦਾ
ਸੰਦੇਸ਼ ਵੀ ਦਿੱਤਾ ਹੈ ਕਿ ਦੁਨੀਆ ਦੇ ਵੱਡੇ-ਵੱਡੇ ਮਾਮਲੇ ਦਵੇਸ਼, ਈਰਖਾ ਜਾਂ ਨਫ਼ਰਤ
ਨਾਲ ਹੱਲ ਨਹੀਂ ਹੋਣੇ, ਸਗੋਂ ਉਨ੍ਹਾਂ ਲਈ ਵੀ ਲੋਕ ਕਚਹਿਰੀ ਵਿਚ ਮਨੁੱਖਤਾ ਦੇ
ਦੋਸ਼ੀਆਂ ਨੂੰ ਖੜ੍ਹਾ ਕਰਨ ਦੀ ਲੋੜ ਹੈ ਅਤੇ ਇਕ ਨਵੀਂ ਵਿਵਸਥਾ ਹੀ ਦੁਨੀਆ ਵਿਚ ਚਲ
ਰਹੀਆਂ ਜੰਗਾਂ ਅਤੇ ਤੀਸਰੇ ਵਿਸ਼ਵ ਯੁੱਧ ਦੇ ਖ਼ਤਰੇ ਨੂੰ ਟਾਲ ਸਕਦੀ ਹੈ। ਅਸੀਂ
ਸਮਝਦੇ ਹਾਂ ਕਿ ਵਿਸ਼ਵ ਨੇਤਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਰਤੇ ਵਰਤਾਰੇ
ਤੋਂ ਸੇਧ ਲੈਂਦਿਆਂ 'ਸੰਯੁਕਤ ਰਾਸ਼ਟਰ ਸੰਘ' (ਸੰਰਾਸੰ) ਨੂੰ ਵਧੇਰੇ ਤਾਕਤਾਂ ਦੇਣ ਦਾ
ਫ਼ੈਸਲਾ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਵੀ ਲੋਕ ਕਚਹਿਰੀ ਵਿਚ ਬਦਲਣ ਬਾਰੇ ਸੋਚਣਾ
ਚਾਹੀਦਾ ਹੈ। ਹਾਂ, ਇਹ ਫ਼ੈਸਲਾ ਸਿੱਖ ਕੌਮ ਦੀ ਨਿੱਘਰਦੀ ਜਾ ਰਹੀ ਸਿਆਸੀ ਤਾਕਤ ਨੂੰ
ਇਕੱਠਿਆਂ ਕਰਨ ਵਿਚ ਤਾਂ ਸਹਾਈ ਹੋਵੇਗਾ ਹੀ, ਇਹ ਸਿੱਖ ਕੌਮ ਦੀ ਧਾਰਮਿਕ, ਸਮਾਜਿਕ
ਹਾਲਤ ਨੂੰ ਅਤੇ ਭਵਿੱਖ਼ ਨੂੰ ਸੁਧਾਰਨ ਵੱਲ ਵੀ ਇਕ ਵੱਡਾ ਕਦਮ ਸਾਬਤ ਹੋਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਰਤਿਆ ਵਰਤਾਰਾ ਇਕ ਅਨੋਖਾ ਦ੍ਰਿਸ਼ ਸੀ ਤੇ ਇਹ
ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਦਾ ਜ਼ਿਕਰ ਰਾਸ਼ਟਰੀ ਸਮਾਚਾਰ
ਮਾਧਿਅਮ ਤੋਂ ਅੰਤਰਰਾਸ਼ਟਰੀ ਮਾਧਿਅਮ ਵੱਲ ਵਧ ਰਿਹਾ ਸੀ, ਪਰ ਅਫ਼ਸੋਸ ਹੈ ਕਿ ਇਸ
ਦਰਮਿਆਨ ਜੋ ਕਾਰਾ ਕੱਲ੍ਹ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਵਾਪਰਿਆ, ਉਸ ਨੇ ਸ੍ਰੀ
ਅਕਾਲ ਤਖ਼ਤ ਸਾਹਿਬ ਤੇ ਸਿੱਖ ਕੌਮ ਦੀ ਇਸ ਵਿਲੱਖਣ ਸਮਰੱਥਾ ਤੇ ਚੜ੍ਹਤ ਦੀ ਚਰਚਾ ਨੂੰ
ਇਕ ਵਾਰ ਕੁਝ ਪਿੱਛੇ ਪਾ ਦਿੱਤਾ ਹੈ ਅਤੇ ਭਰਾ ਮਾਰੂ ਜੰਗ ਦੀ ਚਰਚਾ ਨੂੰ ਅੱਗੇ ਵਧਾ
ਦਿੱਤਾ ਹੈ।
ਭਾਵੇਂ ਇਹ ਪੱਕਾ ਹੈ ਕਿ ਇਸ ਗੋਲੀ ਦੀ ਚਰਚਾ ਜਲਦੀ ਖ਼ਤਮ ਹੋ
ਜਾਏਗੀ ਤੇ ਸ੍ਰੀ ਅਕਾਲ ਤਖ਼ਤ ਤੋਂ ਗਏ ਸੰਦੇਸ਼ ਦਾ ਦੁਨੀਆ ਭਰ ਵਿਚ ਪਸਾਰ ਹੋਣੋ ਨਹੀਂ
ਰੁਕ ਸਕੇਗਾ। ਇੱਥੇ ਯਾਦ ਰੱਖਣਯੋਗ ਏ ਤਾਂ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਹੱਦ ਵਿਚ
ਵਾਪਰੀਆਂ ਅਜਿਹੀਆਂ ਘਟਨਾਵਾਂ ਸਰਕਾਰ ਤੇ ਸਰਕਾਰੀ ਏਜੰਸੀਆਂ ਨੂੰ ਖੁੱਲ੍ਹ ਖੇਡਣ ਦਾ
ਮੌਕਾ ਪ੍ਰਦਾਨ ਕਰਦੀਆਂ ਹਨ। ਜ਼ਿਕਰਯੋਗ ਹੈ ਕਿ 25 ਅਪ੍ਰੈਲ, 1983 ਨੂੰ ਸ੍ਰੀ ਦਰਬਾਰ
ਸਾਹਿਬ ਵਿਚੋਂ ਬਾਹਰ ਆ ਰਹੇ ਡੀ.ਆਈ.ਜੀ. ਏ.ਐਸ. ਅਟਵਾਲ
ਦਾ ਕਤਲ ਬਲਿਊ ਸਟਾਰ ਵੱਲ ਵਧਣ ਦਾ ਇਕ ਵੱਡਾ ਕਾਰਨ ਬਣਿਆ ਸੀ। ਜਦੋਂ
ਕਿ 8 ਮਈ, 1988 ਨੂੰ ਡੀ.ਆਈ. ਜੀ. ਸਰਬਦੀਪ ਸਿੰਘ ਵਿਰਕ 'ਤੇ ਦਰਬਾਰ ਦੀ
ਹਦੂਦ ਵਿਚ ਹੋਇਆ ਹਮਲਾ ਆਪ੍ਰੇਸ਼ਨ 'ਬਲੈਕ ਥੰਡਰ' ਦਾ ਬਹਾਨਾ ਬਣਿਆ मी।
ਪਾਠਕਾਂ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਮੁਸਲਮਾਨਾਂ ਦੇ ਧਰਮ ਅਸਥਾਨਾਂ
ਮੱਕਾ ਮਦੀਨਾ ਦੇ ਆਸ-ਪਾਸ ਕਈ ਕਿਲੋਮੀਟਰ ਦੇ ਇਲਾਕੇ ਨੂੰ 'ਹਰਮੈਨ' ਜਾਂ
'ਹਰਮ-ਏ-ਪਾਕ' ਕਿਹਾ ਜਾਂਦਾ ਹੈ। ਜਦੋਂ ਕੋਈ ਇਸ ਖ਼ੇਤਰ ਵਿਚ ਦਾਖਲ ਹੋ ਜਾਂਦਾ ਹੈ
ਤਾਂ ਕੱਟੜ ਤੋਂ ਕੱਟੜ ਦੁਸ਼ਮਟ ਵੀ ਕਿਸੇ ਸ਼ਰਧਾਲੂ 'ਤੇ ਹਮਲਾ ਨਹੀਂ ਕਰਦਾ, ਉਸ ਦੀ
ਸੁਰੱਖਿਆ ਯਕੀਨੀ ਹੋ ਜਾਂਦੀ ਹੈ। ਇਸ ਖੇਤਰ ਵਿਚ ਆਪਸੀ ਦੁਸ਼ਮਣ ਮੁਸਲਿਮ ਧੜੇ ਆਪਸ
ਵਿਚ ਲੜਾਈ ਨਹੀਂ ਕਰਦੇ, ਇੱਥੋਂ ਤੱਕ ਕਿ ਇਸ ਖ਼ੇਤਰ ਵਿਚ ਦਰੱਖਤ ਤੱਕ ਕੱਟਣੇ ਗੁਨਾਹ
ਮੰਨੇ ਜਾਂਦੇ ਹਨ। ਪਰ ਅਸੀਂ ਤਾਂ ਸ੍ਰੀ ਦਰਬਾਰ ਸਾਹਿਬ ਤੋਂ ਕਈ ਕਿਲੋਮੀਟਰ ਦੂਰ ਦੇ
ਇਲਾਕੇ ਦੀ ਗੱਲ ਤਾਂ ਛੱਡੀਏ, ਉਸ ਦੀ ਹਦੂਦ ਨੂੰ ਵੀ ਸੁਰੱਖਿਅਤ ਖ਼ੇਤਰ ਵਜੋਂ ਸਨਮਾਨ
ਨਹੀਂ ਦਿੰਦੇ।
ਸ਼ਾਇਰ-ਏ-ਮਸ਼ਰਿਕ ਡਾ.ਅਲਾਮਾ ਇਕਬਾਲ ਦੀ ਇਕ ਲੰਮੀ ਨਜ਼ਮ
'ਜਵਾਬ-ਏ-ਸ਼ਿਕਵਾ' ਦੀਆਂ 4 ਲਾਈਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਜਾਪਦਾ ਹੈ।
ਮੰਫਅਤ* ਏਕ ਹੈ ਇਸ ਕੌਮ ਕਾ ਨੁਕਸਾਨ ਭੀ ਏਕ। ਏਕ ਹੀ ਸਭ ਕਾ ਨਬੀ, ਦੀਨ ਭੀ,
ਈਮਾਨ ਭੀ ਏਕ। ਹਰਮ-ਏ-ਪਾਕ ਭੀ, ਅਲਾਹ ਭੀ, ਕੁਰਆਨ ਭੀ ਏਕ। ਕੁਛ ਬੜੀ ਬਾਤ ਥੀ
ਹੋਤੇ ਜੋ ਮੁਸਲਮਾਨ ਭੀ ਏਕ। (*
ਮੰਫਅਤ-ਫਾਇਦਾ)
ਕਾਸ਼! ਜੇ ਸਿੱਖ ਵੀ ਇਕ ਹੋ ਜਾਣ ਤਾਂ ਕਿੱਡੀ ਵੱਡ
ਗੱਲ ਹੋ ਜਾਵੇ।
ਜਥੇਦਾਰ ਸਾਹਿਬਾਨ ਦਾ ਸਟੈਂਡ ਸ਼ਲਾਘਾਯੋਗ
ਖ਼ੈਰ, ਇਸ ਗੱਲ 'ਤੇ ਤਸੱਲੀ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੜੇ ਸਪੱਸ਼ਟ ਲਫ਼ਜ਼ਾਂ ਵਿਚ ਸ੍ਰੀ ਦਰਬਾਰ ਸਾਹਿਬ
ਦੀ ਹਦੂਦ ਵਿਚ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ 'ਤੇ ਆਪਣੀ ਪਹਿਲੀ ਪ੍ਰਤੀਕਿਰਿਆ
ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਇਹ
ਕਹਿਣਾ ਕਿ ਇਹ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਨਹੀਂ, ਇਹ ਹਮਲਾ ਸ੍ਰੀ ਅਕਾਲ ਤਖ਼ਤ
ਸਾਹਿਬ ਜੀ ਵਲੋਂ ਲੱਗੀ ਸੇਵਾ ਨਿਭਾਅ ਰਹੇ 'ਸੇਵਾਦਾਰ' 'ਤੇ ਹੋਇਆ ਹੈ।
ਇਹ
ਕਹਿਣਾ ਆਪਣੇ-ਆਪ ਵਿਚ ਬੜੇ ਵੱਡੇ ਅਰਥ ਰੱਖਦਾ ਹੈ ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ
ਦੇ ਸਾਬਕ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ
ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਕਿ ਬਹੁਤ ਸਾਰੀਆਂ ਏਜੰਸੀਆਂ ਹਨ, ਜਿਨ੍ਹਾਂ
ਨੂੰ ਫ਼ੈਸਲੇ ਦੇ ਚੰਗੇ-ਮਾੜੇ ਹੋਣ ਨਾਲ ਮਤਲਬ ਨਹੀਂ ਹੈ। ਉਨ੍ਹਾਂ ਨੂੰ ਦਰੜ (ਪੀੜ)
ਸਾਡੇ ਸੰਕਲਪ ਤੋਂ ਹੈ, ਜੋ ਗੁਰੂ ਹਰਿਗੋਬਿੰਦ ਸਾਹਿਬ ਨੇ ਸਾਨੂੰ ਬਖ਼ਸ਼ਿਆ ਹੈ।
ਉਨ੍ਹਾ ਕਿਹਾ ਕਿ ਇਹ ਸੰਕਲਪ ਹਮੇਸ਼ਾ ਕਾਇਮ ਰਹੇਗਾ। ਤਖ਼ਤ 'ਤੇ ਜਿਹੜੇ ਫ਼ੈਸਲੇ
ਗੁਰੂ ਦੇ ਭੈਅ 'ਚ ਹੁੰਦੇ ਹਨ, ਉਹ ਟਿਕ ਜਾਂਦੇ ਹਨ ਤੇ ਜਿਹੜੇ ਫ਼ੈਸਲੇ ਗੁਰੂ ਦੇ ਭੈਅ
ਤੋਂ ਬਿਨਾਂ ਹੁੰਦੇ ਹਨ, ਉਹ ਫ਼ੈਸਲੇ ਕਰਨ ਵਾਲੇ ਤੇ ਫੈਸਲੇ ਵੀ ਡਿਗ ਜਾਂਦੇ ਹਨ। ਇਸ
ਟਿੱਪਣੀ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਾਇਦ ਅਸਿੱਧੇ ਰੂਪ ਵਿਚ ਉਨ੍ਹਾਂ 'ਤੇ
ਕੁਝ ਧੜਿਆਂ ਵਲੋਂ ਕੇਂਦਰ ਜਾਂ ਭਾਜਪਾ ਦੇ ਸੰਪਰਕ ਵਿਚ ਹੋਣ ਦੇ ਲਾਏ ਜਾ
ਰਹੇ ਇਲਜ਼ਾਮਾਂ ਦਾ ਸਪੱਸ਼ਟ ਜਵਾਬ ਦੇਣ ਵਿਚ ਵੀ ਸਫ਼ਲ ਹੋਏ ਜਾਪਦੇ ਹਨ।
ਇਨ੍ਹਾਂ ਬਿਆਨਾਂ ਅਤੇ ਸਿੰਘ ਸਾਹਿਬਾਨ ਦੇ ਫ਼ੈਸਲੇ ਨੇ ਇਕ ਆਸ ਜ਼ਿੰਦਾ ਰੱਖੀ ਹੈ ਕਿ
ਸਿੱਖ ਕੌਮ ਅਜੇ ਜਿਊਂਦੀ-ਜਾਗਦੀ ਹੈ ਅਤੇ ਗੁਰੂ ਆਸ਼ੇ ਨਾਲ ਲਬਰੇਜ਼ ਵੀ ਹੈ। ਇਸ ਬਿਆਨ
ਤੋਂ ਬਾਅਦ ਇਸ ਗੋਲੀਕਾਂਡ ਦੀ ਜਾਂਚ ਕਿਸੇ ਵੀ ਸਰਕਾਰੀ ਏਜੰਸੀ ਵਲੋਂ ਨਹੀਂ, ਸਗੋਂ
ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਦੇਖ-ਰੇਖ ਵਿਚ ਘੱਟੋ-ਘੱਟ
ਆਈ.ਜੀ. ਪੱਧਰ ਦੇ 3 ਅਧਿਕਾਰੀਆਂ ਦੀ ਸਿੱਟ ਵਲੋਂ ਕੀਤੀ ਜਾਣੀ
ਚਾਹੀਦੀ ਹੈ। ਜਿਸ ਵਿਚ ਇੱਕ ਅਧਿਕਾਰੀ ਕੋਈ ਸਾਬਤ ਸੂਰਤ ਸਿੱਖ ਵੀ ਹੋਣਾ ਚਾਹੀਦਾ ਹੈ।
ਅਜਿਹੀ ਜਾਂਚ ਨਾਲ ਹੀ ਸਚਾਈ ਸਾਹਮਣੇ ਆ ਸਕਦੀ ਹੈ। ਇਸ ਮੌਕੇ ਸਿੱਖ ਕੌਮ ਨੂੰ 'ਇਬਰਤ'
ਦਾ ਇਕ ਸ਼ਿਅਰ ਸਮਰਪਿਤ ਕੀਤੇ ਬਿਨਾਂ ਨਹੀਂ ਰਹਿ ਸਕਦਾ।
ਸੁਨਾ ਹੈ ਡੂਬ
ਗਈ ਹੈ ਬੇ-ਹਿਸੀ ਕੇ ਦਰਿਆ ਮੇਂ, ਵੋ ਕੌਮ ਜਿਸ ਕੋ ਯਹਾਂ ਕਾ ਅਮੀਰ ਹੋਨਾ ਥਾ।
ਕਿਸਾਨ ਨੇਤਾਵਾਂ ਲਈ ਸੋਚਣ ਦੀ ਗੱਲ
ਅਸੀਂ ਕਿਸਾਨ
ਨੇਤਾਵਾਂ ਦੀ ਨੀਅਤ 'ਤੇ ਸ਼ੱਕ ਨਹੀ ਕਰ ਰਹੇ ਤੇ ਇਹ ਸਮਝਦੇ ਹਾਂ ਕਿ ਉਹ ਲੰਮੇ ਸਮੇਂ
ਤੋਂ ਜੋ ਸੰਘਰਸ਼ ਕਰ ਰਹੇ ਹਨ, ਉਹ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਹੀ ਕਰ ਰਹੇ
ਹਨ। ਪਰ ਕਈ ਵਾਰ ਸੰਘਰਸ਼ ਦੇ ਕਦਮਾਂ ਦਾ ਸਮਾਂ ਗ਼ਲਤ ਹੋਣਾ ਵੀ ਇਕ ਆਤਮਘਾਤੀ ਕਦਮ
ਸਾਬਤ ਹੋ ਜਾਂਦਾ ਹੈ। ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ। ਇਹ ਠੀਕ ਹੈ ਕਿ
ਇਸ ਵੇਲੇ ਝੋਨੇ ਦੀ ਫ਼ਸਲ ਸਾਂਭਣ ਤੋਂ ਬਾਅਦ ਕਿਸਾਨਾਂ ਲਈ ਮੋਰਚਾ ਤਿੱਖਾ ਕਰਨ ਦੇ
ਲਿਹਾਜ਼ ਨਾਲ ਸਹੀ ਸਮਾਂ ਹੈ, ਉਹ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਵਿਚ ਸਫਲ ਹੋ
ਸਕਣਗੇ, ਪਰ ਸੋਚਣ ਵਾਲੀ ਗੱਲ ਹੈ ਕਿ ਇਸ ਸਮੇਂ ਦਿੱਲੀ ਕੂਚ ਤੇ ਦਿੱਲੀ ਵਿਚ ਡੇਰੇ
ਲਾਉਣੇ ਦਾ ਕਦਮ ਉਸ ਸਰਕਾਰ ਤੇ ਪਾਰਟੀ ਦੇ ਹਿਤ ਵਿਚ ਤਾਂ ਨਹੀਂ ਜਾਵੇਗਾ, ਜਿਸ ਨਾਲ
ਕਿਸਾਨਾਂ ਦੀ ਲੜਾਈ ਹੈ।
ਗੌਰਤਲਬ ਹੈ ਕਿ ਭਾਜਪਾ ਨੇ ਸਪੱਸ਼ਟ ਰੂਪ
ਵਿਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਜਾਟ (ਭਾਵ ਕਿਸਾਨੀ) ਬਨਾਮ ਹੋਰ ਵਰਗਾਂ ਦੀ
ਮੁਹਿੰਮ ਚਲਾ ਕੇ ਜਿੱਤੀਆਂ ਹਨ। ਹੁਣ ਜਦੋਂ ਫਰਵਰੀ 2025 ਵਿਚ ਦਿੱਲੀ ਵਿਧਾਨ ਸਭਾ
ਦੀਆਂ ਚੋਣਾਂ ਹੋਣੀਆਂ ਹਨ ਤੇ ਦਿੱਲੀ ਵਿਚ ਕਿਸਾਨ ਵੋਟਾਂ ਸ਼ਾਇਦ 5 ਫ਼ੀਸਦੀ ਵੀ ਨਹੀਂ
ਹਨ ਤਾਂ ਐਨ ਉਸ ਤੋਂ ਪਹਿਲਾਂ ਕਿਸਾਨਾਂ ਦਿੱਲੀ ਵਿਚ ਡੇਰੇ ਲਾਉਣਾ ਭਾਜਪਾ ਨੂੰ ਦਿੱਲੀ
ਵਿਚ ਵੀ ਹਰਿਆਣਾ ਦੁਹਰਾਉਣ ਦਾ ਮੌਕਾ ਦੇਣ ਦਾ ਕਾਰਨ ਤਾਂ ਨਹੀਂ ਬਣੇਗਾ?
ਸਿਰਫ਼ ਏਕ ਕਦਮ ਉਠਾ ਥਾ ਗ਼ਲਤ ਰਾਹ-ਏ-ਸ਼ੌਕ ਮੇਂ, ਮੰਜ਼ਿਲ ਤਮਾਮ ਉਮਰ ਮੁਝੇ
ਢੂੰਡਤੀ ਰਹੀ।
(ਅਬਦੁਲ ਹਮੀਦ ਅਦਮ)
1044, ਗੁਰੂ
ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
|