ਲੋਕ
ਸਭਾ ਦੀਆਂ ਚੋਣਾਂ ਦੇ ਕਸ਼ਮਕਸ਼ ਭਰੇ ਮਹੌਲ ਦੌਰਾਨ ਅਤੇ ਪੰਜਾਬੀ 'ਲੋਕ ਮਾਧਿਅਮ'
'ਤੇ ਦਲਜੀਤ ਦੁਸਾਂਝ ਦੀ ਚੜ੍ਹਾਈ ਅਤੇ 'ਚਮਕੀਲੇ' ਦੀ ਲਚਰ ਗਾਇਕੀ ਬਾਰੇ ਵੀ ਧੂਮ ਧਾਮ
ਵਾਲੇ ਚਰਚੇ ਜਾਰੀ ਹਨ। ਏਸੇ ਦੇ ਚੱਲਦਿਆਂ ਸੋਹਜਵਾਦੀ ਸ਼ਾਇਰ ਤੇ ਗਾਇਕ ਡਾ. ਸਤਿੰਦਰ
ਸਿਰਤਾਜ ਦੀ ਨਵੀਂ ਆਈ ਫਿਲਮ ਸ਼ਾਇਰ ਜਿੱਥੇ ਸੰਜੀਦੇ ਪੰਜਾਬੀਆਂ ਦਾ ਧਿਆਨ ਖਿੱਚਣ 'ਚ
ਕਾਮਯਾਬ ਹੋਈ ਹੈ ਉੱਥੇ ਇਸਨੇ ਹਲਕਾ ਫੁਲਕਾ ਹੀ ਭੰਬਲ਼ਭੂਸੇ ਵਾਲ਼ਾ ਘਟੀਆ ਪੱਧਰ ਦਾ
ਹਾਸਰਸ ਮਨੋਰੰਜਨ ਕਰਨ ਵਾਲ਼ੀ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ,
ਕਰਮਜੀਤ ਅਨਮੋਲ ਚੌਕੜੀ ਨੂੰ ਵੀ ਜਰੂਰ ਹਲੂਣ ਕੇ ਰੱਖ ਦਿੱਤਾ ਹੋਵੇਗਾ। ਹੋ ਸਕਦੈ
ਕਰਮਜੀਤ ਅਨਮੋਲ ਫਰੀਦਕੋਟ ਤੋਂ 'ਆਪ' ਦੀ ਮਿਲੀ ਟਿਕਟ ਕਾਰਨ ਪੂਰੀ ਚੜ੍ਹਤ ਦੇ ਭੋਰਾ
ਕੁ ਸਰੂਰ ਵਿੱਚ ਹੋਵੇ। ਇਸ ਸਾਰੇ ਦੇ ਚੱਲਦਿਆਂ ਨਿਮਰਤ ਕੌਰ - ਜੋ ਪੰਜਾਬੀ
ਪੱਤਰਕਾਰੀ ਵਿੱਚ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ - ਨੇ ਭਾਰਤੀ ਸਮਾਜ ਦੀ ਇੱਕ ਸੋਜ
ਭਰੀ ਦੁਖਦੀ ਰਗ 'ਤੇ ਹੱਥ ਧਰਿਆ ਹੈ। ਉਹਨਾਂ ਧਿਆਨ ਦਿਵਾਇਆ ਹੈ ਕਿ ਅਜ ਕੱਲ੍ਹ ਭਾਰਤੀ
'ਸਰਬ ਉੱਚ ਅਦਾਲਤ' ਨੂੰ ਜਿੱਥੇ ਵਿਰੋਧੀਆਂ ਪਾਰਟੀਆਂ ਵਲੋਂ ਬਿਜਲਈ ਵੋਟ ਮਸ਼ੀਨਾਂ
(ਬਿਵੋਮ) ਦੀ ਵਰਤੋਂ ਰੱਦ ਕਰਨ ਲਈ ਪਾਈਆਂ ਦਰਖਾਸਤਾਂ ਨੂੰ ਖਾਰਜ ਕਰਨ ਦਾ ਕਰੜਾ
ਫੈਸਲਾ ਲੈਣਾ ਪਿਆ ਉੱਥੇ ਉਹ ਮੌਜੂਦਾ ਦੌਰ ਵਿੱਚ ਧੜਾਧੜ ਟੁੱਟ ਰਹੇ ਵਿਆਹ-ਬੰਧਨਾਂ
ਕਰਕੇ ਵੀ ਚਿੰਤਤ ਹੈ। ਉਹਨਾਂ ਨੇ ਇਸ ਵਿਸ਼ੇ 'ਤੇ ਗੰਭੀਰ ਹੁੰਦਿਆਂ ਲਿਖਿਆ ਹੈ
ਕਿ 'ਸਰਬ ਉੱਚ ਅਦਾਲਤ' ਵਲੋਂ ਅੱਜ ਦੇ ਨਵ-ਵਿਅਹੁਤਾ ਜੋੜਿਆਂ ਵਲੋਂ ਅਦਾਲਤ ਵਿਚ
ਦਿੱਤੇ ਬਿਆਨਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਤਲਾਕ ਦੇ ਕੇਸਾਂ ਨੂੰ
ਅਦਾਲਤਾਂ ਵਿਚ ਤੇਜ਼ ਰਫ਼ਤਾਰ ਨਾਲ ਆਉਂਦਿਆਂ ਵੇਖ ਕੇ ਅਦਾਲਤ ਨੇ ਟਿਪਣੀ ਕੀਤੀ ਹੈ ਕਿ
2021 ਵਿਚ ਵਿਆਹ ਕਰਦੇ ਹਨ ਤੇ 2022 ਵਿਚ ਇਕ ਦੂਜੇ ’ਤੇ ਇਲਜ਼ਾਮ ਅਤੇ ਮੁਕੱਦਮੇ ਦਾਇਰ
ਕਰ ਰਹੇ ਹੁੰਦੇ ਹਨ। ਅਦਾਲਤ ’ਤੇ ਪੈ ਰਹੇ ਵਾਧੂ ਭਾਰ ਬਾਰੇ ਅਦਾਲਤ ਚਿੰਤਾ ਨਹੀਂ
ਕਰਦੀ ਪਰ ਵਿਆਹ ਦੀ ਸੰਸਥਾ ਬਾਰੇ ਚਿੰਤਿਤ ਜ਼ਰੂਰ ਹੈ ਕਿਉਂਕਿ ਇਹ ਰਿਸ਼ਤਾ ਦਬਾਅ ਹੇਠ
ਹੈ। ਨਿਆਂਕਾਰ ਕਾਂਤ ਇਕ ਪਾਸੇ ਇਕ 'ਪ੍ਰੇਮ ਵਿਆਹ' ਦੇ ਮਾਮਲੇ ਨੂੰ, ਬਲਾਤਕਾਰ ਦੇ
ਮਾਮਲੇ ਵਜੋਂ ਸੁਣ ਰਹੇ ਸਨ ਤੇ ਦੂਜੇ ਪਾਸੇ ਉਹ ਵਿਆਹ ਦਾ ਇਕ ਅਜਿਹਾ ਮਾਮਲਾ ਯਾਦ ਕਰ
ਰਹੇ ਸਨ ਜਿਥੇ ਵਿਆਹ ਤੋਂ ਬਾਅਦ ਹੀ ਮੁੰਡਾ-ਕੁੜੀ ਅਦਾਲਤ ਵਿਚ ਵਿਆਹ ਰੱਦ ਕਰਵਾ ਰਹੇ
ਸਨ ਕਿਉਂਕਿ ਉਹ ਇਕ ਦੂਜੇ ਨਾਲ ਸਰੀਰਕ ਰਿਸ਼ਤਾ ਨਹੀਂ ਰਖਣਾ ਚਾਹੁੰਦੇ ਸਨ। ਉਹ ਅੱਗੇ ਲਿਖਦੇ ਹਨ ਕਿ ਅੱਜ ਦੇ ਦਿਨ ਨਿਆਇ-ਅਧਾਸ਼ ਦੀ ਗੱਲ
ਨਾਲ ਸਾਰੇ ਸਹਿਮਤੀ ਵੀ ਰਖਦੇ ਹੋਣਗੇ ਕਿਉਂਕਿ ਅੱਜ ਦੀ ਪੀੜ੍ਹੀ ਦੇ ਰਿਸ਼ਤਿਆਂ ਪ੍ਰਤੀ
ਸੋਚ ਬੜੀ ਅਜੀਬੋ ਗ਼ਰੀਬ ਹੈ। ਕਦੇ ਅਸੀ ਸੁਣਦੇ ਹਾਂ ਕਿ ਬੱਚੇ ਵਿਆਹ ਨਹੀਂ ਕਰਵਾਉਣਾ
ਚਾਹੁੰਦੇ ਤੇ ਇਕ 33-35 ਸਾਲ ਦੇ ਮੁੰਡੇ ਨਾਲ ਇਸ ਬਾਰੇ ਗੱਲ ਹੋਈ ਤਾਂ ਉਸ ਦਾ ਕਹਿਣਾ
ਸੀ ਕਿ ਜੇ ਮੈਂ ਵਿਆਹ ਕਰਵਾ ਲਿਆ ਤਾਂ ਅਪਣੀ ਅਲਮਾਰੀ ਵਿਚ ਕੁੜੀ ਨੂੰ ਵੀ ਥਾਂ ਦੇਣੀ
ਪਵੇਗੀ। ਉਹ ਇਕ ਵੱਡੇ ਘਰ ਵਿਚ ਰਹਿਣ ਵਾਲਾ ਸੀ ਜਿਸ ਕੋਲ ਥਾਂ ਦੀ ਘਾਟ ਤਾਂ ਨਹੀਂ ਸੀ
ਪਰ ਦਿਲ ਵਿਚ ਥਾਂ ਨਹੀਂ ਸੀ। ਛੋਟੇ ਬੰਦਿਆਂ ਜਿਨ੍ਹਾਂ ਨੂੰ ਅਸੀ ਮਾਸੂਮ ਤੇ ਕੋਮਲ
ਉਮਰ ਦਾ ਮੰਨਦੇ ਹਾਂ, ਉਹ ਅਠਵੀਂ ਨੌਵੀਂ ਵਿਚ ਹੀ ਪਿਆਰ ਦੀਆਂ ਖੇਡਾਂ ਵਿਚ ਪੈਰ ਪਾ
ਚੁੱਕੇ ਹੁੰਦੇ ਹਨ ਤੇ ਫਿਰ ਦਸਵੀਂ ਤਕ ਮਾਹਰ ਬਣ ਗਏ ਹੁੰਦੇ ਹਨ। ਰਿਸ਼ਤੇ ਬਦਲਣ ਦੀ
ਆਦਤ ਐਸੀ ਹੈ ਜਿਵੇਂ ਅਪਣੇ ਕਪੜੇ ਬਦਲੀਦੇ ਹਨ। ਇਕ ਦੂਜੇ ਨੂੰ ਜਦ ਕੱਚੀ
ਉਮਰ ਵਿਚ ਪਿਆਰ ਕਰਦੇ ਤੇ ਛਡਦੇ ਹਨ ਤੇ ਜਦ ਤਕ ਅਸਲ ਰਿਸ਼ਤੇ ਲਈ ਦਿਲ-ਦਿਮਾਗ਼ ਤੋਂ
ਤਿਆਰ ਹੁੰਦੇ ਹਨ, ਉਦੋਂ ਤਕ ਉਹ ਏਨੀਆਂ ਚੋਟਾਂ ਖਾ ਚੁੱਕੇ ਹੁੰਦੇ ਹਨ ਕਿ ਉਹ ਅਪਣੇ
ਦਿਲ ਦੀਆਂ ਦੀਵਾਰਾਂ ਉੱਚੀਆਂ ਕਰ ਲੈਂਦੇ ਹਨ ਜਿਸ ਵਿਚ ਕਿਸੇ ਅਪਣੇ ਵਾਸਤੇ ਵੀ ਥਾਂ
ਨਹੀਂ ਰਹਿਣ ਦਿਤੀ ਜਾਂਦੀ। ਕਸੂਰ ਲੋਕ ਮਾਧਿਅਮ ਦਾ ਕੱਢਿਆ ਜਾਵੇਗਾ ਜਾਂ ਇਨ੍ਹਾਂ
ਫ਼ੋਨਾਂ ਦੀਆਂ ਜੁਗਤੀਆਂ ’ਤੇ ਜਿਨ੍ਹਾਂ ਰਾਹੀਂ ਲੋਕ ਪਲਾਂ ਵਿਚ ਕਿਸੇ ਨਾਲ ਜੁੜ ਜਾਂਦੇ
ਹਨ। ਜੇ ਅਸਲੀਅਤ ਵਿੱਚ ਇਕ ਇਨਸਾਨ ਨਾਲ ਆਹਮੋ ਸਾਹਮਣੇ ਰਿਸ਼ਤਾ ਬਣਾਉਣਾ ਪਵੇ ਤਾਂ ਬੜਾ
ਹੀ ਔਖਾ ਹੁੰਦਾ ਹੈ ਪਰ ਫ਼ੋਨ ’ਤੇ ਪਿਆਰ ਦੀਆਂ ਹੱਦਾਂ ਪਾਰ ਕਰਨ ਵਿਚ ਪਲ ਨਹੀਂ
ਲਗਾਉਂਦੇ। ਅਜਿਹੇ ਰਿਸ਼ਤੇ ਟੁਟਦੇ ਵੀ ਇਸੇ ਰਫ਼ਤਾਰ ਨਾਲ ਹਨ। ਸਾਫ ਜਾਹਰ ਹੈ
ਕਿ ਇਸ ਕਮਜ਼ੋਰ ਬੁਨਿਆਦ ਉਤੇ ਰਚੇ ਵਿਆਹ, ਅਦਾਲਤੀ ਕਾਰਵਾਈ ’ਚ ਫੱਸ ਜਾਂਦੇ ਹਨ
ਕਿਉਂਕਿ ਜਦੋਂ ਵਿਆਹ ਟੁੱਟਦਾ ਹੈ ਤਾਂ ਇਹ ਪਰਿਵਾਰ ਦੀ ਆਨ ਸ਼ਾਨ, ਪੈਸੇ ਦੇ ਲੈਣ ਦੇਣ,
ਸੱਭ ’ਤੇ ਹਾਵੀ ਹੋ ਜਾਂਦਾ ਹੈ। ਇਥੇ ਸਾਡੇ ਸਮਾਜ ਦੀ ਕਮਜ਼ੋਰੀ ਵੀ ਹੈ ਕਿ ਉਨ੍ਹਾਂ ਨੇ
ਵਿਆਹ ਨੂੰ ਬੰਨ੍ਹ ਕੇ ਰੱਖੀ ਰੱਖਣ ਵਾਸਤੇ ਕਾਨੂੰਨ ਨੂੰ ਤਲਾਕ ਦਾ ਦੁਸ਼ਮਣ ਬਣਾਇਆ ਹੈ
ਤੇ ਫਿਰ ਟੁਟਦੇ ਰਿਸ਼ਤੇ ਇਕ ਦੂਜੇ ਵਿਰੁਧ ਮਾਮਲੇ ਦਰਜ ਕਰਨ ਲਈ ਮਜਬੂਰ ਹੋ ਜਾਂਦੇ
ਹਨ। ਪਰ ਕੀ ਸਾਰੀ 135 ਕਰੋੜ ਦੀ ਆਬਾਦੀ ਇਸ ਰਾਹ ’ਤੇ ਚਲ ਰਹੀ ਹੈ? ਕੀ ਪਿਆਰ ਸਾਰੇ
ਰਿਸ਼ਤਿਆਂ ’ਚੋਂ ਖ਼ਤਮ ਹੋ ਚੁੱਕਾ ਹੈ? ਇਹ ਵੀ ਮੰਨਣਾ ਸਹੀ ਨਹੀਂ ਹੋਵੇਗਾ ਪਰ
ਕਮਜ਼ੋਰੀਆਂ ਹੁਣ ਜ਼ਿਆਦਾ ਦਿਸ ਜਾਂਦੀਆਂ ਹਨ। ਕਈਆਂ ਕੋਲ ਅਸਲ ਕਾਰਨ ਹੁੰਦਾ ਹੈ ਵਿਆਹ
ਤੋੜਨ ਦਾ ਤੇ ਉਨ੍ਹਾਂ ਵਿਚ ਇਹ ਅੱਲ੍ਹੜ ਮਿਲ ਕੇ ਵਿਆਹ ਬਾਰੇ ਗ਼ਲਤੀਆਂ ਫੈਲਾ ਲੈਂਦੇ
ਹਨ। ਪਰ ਦੇਖਿਆ ਜਾਵੇ ਤਾਂ ਲੇਖਿਕਾ ਦਾ ਇਹ ਵੀ ਮੰਨਣਾ ਹੈ ਕਿ ਜਿੱਥੇ
ਰਿਸ਼ਤੇ ਕਮਜ਼ੋਰ ਹਨ ਉਥੇ ਪੱਕੇ ਰਿਸ਼ਤੇ ਵੀ ਹਨ। ਪਰ ਸਾਡੇ ਕਾਨੂੰਨ ਅਤੇ ਸਮਾਜ ਦੇ ਹਰ
ਤਰ੍ਹਾਂ ਦੇ ਰਿਸ਼ਤੇ ਨੂੰ ਅਪਣਾ ਰਾਹ ਬਣਾਉਣ ਲਈ ਸਬਰ ਕਰਨਾ ਪਵੇਗਾ। ਵਿਆਹ ਨੂੰ ਬਚਾਉਣ
ਦੇ ਡਰ ਨਾਲ ਵਿਆਹਾਂ ਵਿਚ ਪਿਆਰ ਨਹੀਂ ਵਧਣ ਲੱਗਾ। ਬਦਲਦੇ ਸਮੇਂ ਨਾਲ ਜੇ ਸਾਡਾ
ਸਮਾਜੀ ਤਾਣਾ-ਬਾਣਾ ਅਪਣੇ ਆਪ ਨੂੰ ਤਬਦੀਲ ਕਰ ਲਵੇ ਤਾਂ ਅਸਲ ਰਿਸ਼ਤੇ ਵੀ ਬਣੇ ਰਹਿਣਗੇ
ਤੇ ਕਮਜ਼ੋਰ ਟੁੱਟੇ ਹੋਏ ਰਿਸ਼ਤੇ ਅਸਾਨੀ ਨਾਲ ਵੱਖ ਹੋ ਕੇ ਕਾਨੂੰਨੀ ਤਕਰਾਰਾਂ ਵਿਚ
ਸਮਾਜ ਦਾ ਮਾਹੌਲ ਖਰਾਬ ਨਹੀਂ ਕਰਨਗੇ। ਇਹ ਵੀ ਲਗਦਾ ਹੈ, ਸ਼ਾਇਦ ਅਸਲ
ਕਹਾਣੀ ਇਸ ਅਧਾਰ 'ਤੇ ਵੀ ਟਿਕੀ ਹੋਈ ਹੈ ਕਿ ਮੌਜੂਦਾ ਯੁੱਗ ਵਿੱਚ, ਜੇ ਸਾਰਾ ਨਹੀਂ
ਵੀ ਤਾਂ, ਬਹੁਤ ਕੁੱਝ ਮਸਨੂਈ ਹੋ ਗਿਆ ਹੈ। ਸ਼ਾਇਦ ਇਸ ਦਾ ਕਾਰਨ ਇਹ ਵੀ ਕਿ ਲੋਕਾਂ,
ਬਹੁ-ਗਣਤੀ ਵਿੱਚ ਭਾਰਤੀ ਸਮਾਜ, ਦਾ ਨਕਲੀ ਚੀਜਾਂ ਖਾ ਖਾ ਕੇ ਹਾਜਮਾ ਵਿਗੜ ਗਿਆ ਹੈ।
ਨਾ ਪਹਿਲਾਂ ਜਿਹੀਆਂ ਖੁਰਾਕਾਂ, ਨਾ ਪਹਿਲਾਂ ਵਰਗੇ ਜੁੱਸੇ ਤੇ ਨਾ ਹੀ ਸਿਹਤਾਂ ਅਤੇ
ਖੁੱਲ੍ਹੇ ਡੁੱਲ੍ਹੇ ਸੁਭਾਅ ਹੀ ਰਹੇ ਹਨ। ਸਮਾਜ 'ਚੋਂ ਸਾਦਗੀ ਅਤੇ ਪਿਆਰ ਉੱਡ ਗਏ ਹਨ।
ਦੀਨ ਧਰਮ ਇਮਾਨ, ਅਮਨ ਅਮਾਨ ਸਭ ਗਾਇਬ ਹੈ। ਇੱਕ ਪੰਜਾਬੀ ਗੀਤ ਬੜਾ ਹੀ ਮਸ਼ਹੂਰ ਹੋਇਆ
ਸੀ: "ਕੋਈ ਨਾ ਕਿਸੇ ਦਾ ਬੇਲੀ ਦੁਨੀਆਂ ਮਤਲਬ ਦੀ।" ਓਧਰ 'ਇਜਰਾਇਲ' ਤੇ
'ਫਲਸਤੀਨੀਆਂ' ਦੀ - 'ਰੂਸੀਆਂ' ਤੇ 'ਯੂਕ੍ਰੇਨੀਆਂ' ਦੀਆਂ ਰੰਜਸ਼ਾਂ ਨੇ ਜਿੰਦਗੀ ਨਾਮ
ਦੀ ਦਾਤ ਤਹਿਸ-ਨਹਿਸ ਕਰ ਮਾਰੀ ਹੈ। ਸਮਾਜ 'ਚੋਂ ਦੀਨ ਧਰਮ ਖਤਮ ਹੋਣ ਵਰਗੇ ਮਹੌਲ ਤੋਂ
ਪ੍ਰਭਾਵਿਤ ਚਿੰਤਤ ਚਿੰਤਕ ਵਰਗ ਦੀ ਗੁਰੂ ਨਾਨਕ ਜੀ ਅਗਵਾਈ ਕਰਦੇ ਲਗਦੇ ਹਨ। ਪਰਾਈ
ਭਾਸ਼ਾ ਵਰਤਣ 'ਤੇ ਵੀ ਉਹਨਾਂ ਸੁਚੇਤ ਕੀਤਾ ਸੀ। ਅੱਜ ਮੌਜੂਦਾ ਭਾਰਤੀ ਸਮਾਜ ਦੇ
ਵਰਤਾਰੇ ਨੂੰ ਉਹਨਾਂ ਨੇ ਸਦੀਆਂ ਪਹਿਲਾਂ ਭਾਂਪ ਕੇ ਹੀ ਤਾਂ ਇਹ ਕਿਹਾ ਸੀ:
ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ
ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ ਕਮਜੋਰ
ਪੈਂਦੇ ਜਾਂਦੇ ਸਮਾਜਕ ਰਿਸ਼ਤਿਆਂ 'ਚ ਆਏ ਸਾੜ੍ਹਸਤੀ ਵਰਗੇ ਡਰਾਉਣੇ ਦੌਰ ਵਿੱਚ,
ਬਠਿੰਡੇ ਜਿਲ੍ਹੇ 'ਚ ਪੈਂਦੇ ਪਿੰਡ ਫੁੱਲੋ ਮਿੱਠੀ ਦੇ ਗੁਰਦੀਪ ਦਾਨੀ ਦੀ ਕਲਮ ਦਾ
ਲਿਖਿਆ ਇਹ ਗੀਤ ਕਈਆਂ ਨੂੰ ਹਾੜ੍ਹ 'ਚ ਠੰਢੇ ਬੁੱਲੇ ਵਰਗਾ ਅਹਿਸਾਸ ਕਰਾਉਂਦਾ ਮਹਿਸੂਸ
ਹੋਵੇਗਾ:
ਛੱਲੇ, ਮੁੰਦੀਆਂ ਦੇ ਨਾਲ ਨੀ ਰੁਮਾਲ ਸਾਂਭੀ ਬੈਠੇ ਹਾਂ। ਚੂੜੀ ਤੇ
ਤਬੀਤੀ ਦਾ ਖਿਆਲ ਸਾਂਭੀ ਬੈਠੇ ਹਾਂ। ਬਦਲ ਗਈ ਤੇਰੀ
ਪਰ ਚਾਲ ਨੀ ਪੰਜਾਬਣੇ- ਔਖੇ-ਸੌਖੇ ਬਾਕੀ ਸਾਰੇ ਸਾਂਭ ਲਵਾਂਗੇ, ਚੁੰਨੀ ਅਤੇ
ਗੁੱਤ ਨੂੰ ਸੰਭਾਲ਼ ਨੀ ਪੰਜਾਬਣੇ। ਮੇਲੇ 'ਚੋਂ
ਲਿਆਂਦੀ ਜਿਹੜੀ ਗਾਨੀ ਸਾਂਭੀ ਬੈਠੇ ਆਂ। ਤੇਰੀ ਓਹੋ ਕੀਮਤੀ ਨਿਸ਼ਾਨੀ ਸਾਂਭੀ
ਬੈਠੇ ਆਂ। ਸਾਂਭੀ ਹੈ ਜੰਜੀਰੀ ਓਹਦੇ ਨਾਲ਼ ਨੀ ਪੰਜਾਬਣੇ...
ਔਖੇ-ਸੌਖੇ ਬਾਕੀ ਸਭ ਸਾਂਭ ਲਵਾਂਗੇ, ਚੁੰਨੀ ਅਤੇ ਗੁੱਤ ਨੂੰ ਸੰਭਾਲ਼ ਨੀ
ਪੰਜਾਬਣੇ। ਲੌਂਗ ਨਾਲ ਟਿੱਕਾ ਨਾਲੇ ਤੀਲੀ ਸਾਂਭੀ
ਬੈਠੇ ਆਂ। ਕਲਿੱਪ ਨਾਲ ਸੂਈ ਚਮਕੀਲੀ ਸਾਂਭੀ ਬੈਠੇ ਆਂ। ਕੱਲ੍ਹ ਪੁੱਛਦਾ ਸੀ
ਗਜਰਾ ਕੀ ਹਾਲ ਨੀ ਪੰਜਾਬਣੇ... ਔਖੇ-ਸੌਖੇ ਬਾਕੀ ਸਭ ਸਾਂਭ ਲਵਾਂਗੇ, ਚੁੰਨੀ
ਅਤੇ ਗੁੱਤ ਨੂੰ ਸੰਭਾਲ ਨੀ ਪੰਜਾਬਣੇ। ਤੱਗਾ ਤੇ ਹਮੇਲ
ਤੀਜਾ ਇਨਾਮ ਸਾਂਭੀ ਬੈਠੇ ਆਂ। ਸੱਗੀ-ਫੁੱਲ, ਬੁਘੜੀ, ਤਮਾਮ ਸਾਂਭੀ ਬੈਠੇ ਆਂ।
ਨੱਥ ਮਛਲੀ ਐ ਥੋੜੀ ਜਿਹੀ ਨਿਢਾਲ਼ ਨੀ ਪੰਜਾਬਣੇ.... ਔਖੇ-ਸੌਖੇ ਬਾਕੀ ਸਭ ਸਾਂਭ
ਲਵਾਂਗੇ, ਚੁੰਨੀ ਅਤੇ ਗੁੱਤ ਨੂੰ ਸੰਭਾਲ਼ ਨੀ ਪੰਜਾਬਣੇ।
ਬੂਜਲੀਆਂ ਤੇ ਕੋਕਰੂ ਸੰਭਾਲ਼ੇ ਸਭ 'ਦਾਨੀ' ਨੇ। ਲੋਟਣ ਤੇ ਤੁੰਗਲ ਵੀ ਰੱਖੇ
ਨਾਲ਼ੇ 'ਦਾਨੀ' ਨੇ। ਕਰੇ 'ਫੁੱਲੋ ਮਿੱਠੀ' ਜੁਗਨੀ ਕਿਉਂ ਕਾਹਲ਼ ਨੀ
ਪੰਜਾਬਣੇ.... ਔਖੇ-ਸੌਖੇ ਬਾਕੀ ਸਭ ਸਾਂਭ ਲਵਾਂਗੇ, ਚੁੰਨੀ ਅਤੇ ਗੁੱਤ ਨੂੰ
ਸੰਭਾਲ ਨੀ ਪੰਜਾਬਣੇ। ਤੂੰ ਚੁੰਨੀ ਅਤੇ ਗੁੱਤ ਨੂੰ ਸੰਭਾਲ ਨੀ ਪੰਜਾਬਣੇ।
|