ਕਲਿੰਗਾ ਲਾਂਸਰਜ਼ ਨੇ ਜਿੱਤਿਆ ਪੰਜਵੀਂ ਕੋਲ ਹਾਕੀ ਇੰਡੀਆ ਲੀਗ
ਦਾ ਖ਼ਿਤਾਬ
ਫ਼ਿੰਨਲੈਂਡ 26 ਫ਼ਰਵਰੀ (ਵਿੱਕੀ ਮੋਗਾ) ਚੰਡੀਗ੍ਹੜ ਦੇ 42 ਸੈਕਟਰ ਹਾਕੀ ਸਟੇਡੀਅਮ
ਵਿੱਚ ਖੇਡੇ ਗਏ ਫ਼ਾਈਨਲ ਮੁਕਾਬਲੇ ਵਿੱਚ ਕਲਿੰਗਾ ਲਾਂਸਰਜ਼ ਨੇ ਮੁੰਬਈ ਦਬੰਗ ਨੂੰ
4-1 ਨਾਲ ਹਰਾਕੇ 5ਵੀਂ ਕੋਲ ਹਾਕੀ ਇੰਡੀਆ ਲੀਗ ਤੇ ਕਬਜ਼ਾ ਕਰ ਲਿਆ। ਅੱਜ ਦੇ ਮੈਚ
ਵਿੱਚ ਕਲਿੰਗਾ ਵਲੋਂ ਗਲਿਨ ਟਰਨਰ ਨੇ 18ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ
2-0ਦੀ ਬੜ੍ਹਤ ਦੀਵਾ ਦਿੱਤੀ ਅਤੇ ਕਪਤਾਨ ਫਰੁਸਤੇ ਨੇ 30ਵੇਂ ਮਿੰਟ ਵਿੱਚ ਪੈਨਲਟੀ
ਕਾਰਨਰ ਰਾਹੀਂ ਗੋਲ ਦਾਗਕੇ ਬੜ੍ਹਤ ਨੂੰ 3-0 ਕਰ ਦਿੱਤਾ। ਦੂਸਰੇ ਪਾਸੇ ਮੁੰਬਈ
ਵਲੋਂ ਅਫ਼ਾਨ ਯੂਸਫ਼ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਬੜ੍ਹਤ ਨੂੰ 3-1 ਨਾਲ
ਘੱਟ ਕੀਤਾ ਪਰ ਮੈਚ ਦੇ ਅੰਤਿਮ ਪਲਾਂ ਵਿੱਚ ਕਪਤਾਨ ਫਰੁਸਤੇ ਨੇ ਪੀਸੀ ਰਾਹੀਂ ਇੱਕ
ਹੋਰ ਕਰਕੇ ਟੀਮ ਨੂੰ 4-1 ਨਾਲ ਚੈਪੀਂਅਨ ਬਣਾ ਦਿੱਤਾ। ਇਸਤੋਂ ਪਹਿਲਾਂ ਤੀਸਰੇ
ਸਥਾਨ ਲਈ ਖੇਡੇ ਗਏ ਮੈਚ ਵਿੱਚ ਉੱਤਰ ਪ੍ਰਦੇਸ਼ ਵਿਜਰਡਸ ਨੇ ਦਿੱਲੀ ਵੇਵਰਾਈਡਰਸ ਨੂੰ
ਰੋਮਾਂਚਿਕ ਮੁਕਾਬਲੇ ਦੌਰਾਨ 5-4 ਨਾਲ ਹਰਾਕੇ ਕਾਂਸੀ ਦਾ ਤਮਗਾ ਜਿੱਤਿਆ। ਕਲਿੰਗਾ
ਦੇ ਮਾਰਟੀਜ਼ ਫਰੁਸਤੇ ਨੂੰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਜਦਕਿ ਤੀਸਰੇ ਸਥਾਨ
ਲਈ ਖੇਡੇ ਮੈਚ ਵਿੱਚ ਦਿੱਲੀ ਦੇ ਰੁਪਿੰਦਰਪਾਲ ਸਿੰਘ ਨੂੰ ਮੈਚ ਦਾ ਵਧੀਆ ਖਿਡਾਰੀ
ਐਲਾਨਿਆ। ਲੀਗ ਦੀ ਫੇਅਰਪਲੇ ਦੀ ਟ੍ਰਾਫ਼ੀ ਵੀ ਕਲਿੰਗਾ ਦੇ ਹਿੱਸੇ ਹੀ ਆਈ। ਲੀਗ
ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਇਨਾਮ ਇਸ ਵਾਰ ਦੋ ਖਿਡਾਰੀਆਂ ਗਲਿਨ ਟਰਨਰ ਅਤੇ
ਮਾਰਟੀਜ਼ ਫਰੁਸਤੇ ਦੇ ਹਿੱਸੇ ਆਇਆ ਜਿਨ੍ਹਾਂ ਨੇ ਇਸ ਲੀਗ ਵਿੱਚ 12-12 ਗੋਲ ਕੀਤੇ।
ਮੁੰਬਈ ਦੇ ਫਲੋਰੀਅਨ ਫੁੰਕਸ ਨੂੰ ਟੂਰਨਾਮੈਂਟ ਦਾ ਸਭ ਤੋਂ ਕੀਮਤੀ ਖਿਡਾਰੀ ਐਲਾਨਿਆ
ਗਿਆ ਜਦਕਿ ਮੁੰਬਈ ਦੇ ਹੀ ਹਰਮਨਪ੍ਰੀਤ ਸਿੰਘ ਨੂੰ ਲੀਗ ਦੇ ਉੱਭਰਦੇ ਨੌਜਵਾਨ
ਖਿਡਾਰੀ ਦਾ ਇਨਾਮ ਦਿੱਤਾ ਗਿਆ। (27/02/17)
ਰਾਂਚੀ ਤੋਂ ਹਾਰਣ ਦੇ ਬਾਵਜੂਦ ਵੀ ਦਿੱਲੀ ਨੇ ਸੈਮੀਂਫਾਈਨਲ
ਵਿੱਚ ਪ੍ਰਵੇਸ਼ ਕੀਤਾ
ਫ਼ਿੰਨਲੈਂਡ 21 ਫ਼ਰਵਰੀ (ਵਿੱਕੀ ਮੋਗਾ) ਦਿੱਲੀ ਦੇ ਸ਼ਿਵਾਜੀ ਹਾਕੀ ਸਟੇਡੀਅਮ ਵਿੱਚ
ਖੇਡੇ ਗਏ ਇੱਕ ਰੋਮਾਂਚਿਤ ਮੁਕਾਬਲੇ ਦੌਰਾਨ ਰਾਂਚੀ ਰੇਅਸ ਨੇ ਮੇਜ਼ਬਾਨ ਟੀਮ ਦਿੱਲੀ
ਵੇਵਰਾਈਡਰਸ ਨੂੰ 6-2 ਨਾਲ ਹਰਾਉਣ ਦੇ ਬਾਵਜੂਦ ਵੀ ਗੋਲ ਔਸਤ ਘੱਟ ਹੋਣ ਕਰਕੇ
ਸੈਮੀਂਫਾਈਨਲ ਵਿੱਚ ਨਹੀਂ ਪਹੁੰਚ ਸਕੀ। ਪਰ ਦੂਸਰੇ ਪਾਸੇ ਦਿੱਲੀ ਨੇ ਅੱਜ ਹਾਰਣ ਦੇ
ਬਾਵਜੂਦ ਵੀ ਬੇਹਤਰ ਗੋਲ ਔਸਤ ਕਰਕੇ ਸੈਮੀਂਫਾਈਨਲ ਵਿੱਚ ਦਾਖਲਾ ਪੱਕਾ ਕਰ ਲਿਆ ਹੈ।
ਰਾਂਚੀ ਦੀ ਟੀਮ ਨੂੰ ਸੈਮੀਂਫਾਈਨਲ ਵਿੱਚ ਪਹੁੰਚਣ ਲਾਇ ਦਿੱਲੀ ਦੀ ਟੀਮ ਨੂੰ ਘੱਟੋ
ਘੱਟ 8 ਗੋਲਾਂ ਦੇ ਫ਼ਰਕ ਨਾਲ ਹਰਾਉਣਾ ਪੈਣਾ ਸੀ ਜੋਕਿ ਇੱਕ ਵਕਤ ਲੱਗਭਗ ਲੱਗ ਵੀ
ਰਿਹਾ ਸੀ ਕਿ ਰਾਂਚੀ ਇਹ ਮੁਕਾਮ ਹਾਸਿਲ ਕਰ ਲਵੇਗੀ ਜਦ ਉਸਨੇ ਤੀਸਰੇ ਕਵਾਰਟਰ ਵਿੱਚ
6 ਗੋਲਾਂ ਦੀ ਬੜ੍ਹਤ ਹਾਸਿਲ ਵੀ ਕਰ ਲਈ ਸੀ। ਪਾਰ ਰਾਂਚੀ ਦੇ ਸੈਮੀਂਫਾਈਨਲ ਵਿੱਚ
ਪਹੁੰਚਣ ਦੇ ਸੁਪਨੇ ਨੂੰ ਉਸ ਵੇਲੇ ਧੱਕਾ ਲੱਗਾ ਜਦ ਦਿੱਲ ਨੇ ਤੀਸਰਾ ਕਵਾਰਟਰ ਖ਼ਤਮ
ਹੋਣ ਤੋਂ ਕੁੱਝ ਸਕਿੰਟ ਪਹਿਲਾਂ ਇੱਕ ਮੈਦਾਨੀ ਗੋਲ ਦਾਗ ਦਿੱਤਾ ਅਤੇ ਬੜ੍ਹਤ ਨੂੰ
6-2 ਨਾਲ ਘਟਾ ਦਿੱਤਾ। ਮੈਚ ਦੇ ਆਖ਼ਰੀ ਕਵਾਰਟਰ ਵਿੱਚ ਰਾਂਚੀ ਕੋਈ ਵੀ ਗੋਲ ਨਹੀਂ
ਕਰ ਸਕੀ ਅਤੇ ਦਿੱਲੀ ਬੇਹਤਰ ਗੋਲ ਔਸਤ ਦੇ ਅਧਾਰ ਤੇ ਸੈਮੀਂਫਾਈਨਲ ਵਿੱਚ ਪਹੁੰਚ
ਗਈ। ਮੁੰਬਈ ਦਬੰਗ ਅਤੇ ਕਲਿੰਗਾ ਲਾਂਸਰਜ਼ ਪਹਿਲਾਂ ਹੀ ਸੈਮੀਂਫਾਈਨਲ ਵਿੱਚ ਆਪਣਾ
ਸਥਾਨ ਪੱਕਾ ਕਰ ਚੁੱਕੀਆਂ ਸਨ। ਭਲਕੇ ਹੋਣ ਵਾਲਾ ਮੁਕਾਬਲਾ ਦਬੰਗ ਮੁੰਬਈ ਅਤੇ ਉੱਤਰ
ਪ੍ਰਦੇਸ਼ ਵਿਜ਼ਰਡਸ ਦਰਮਿਆਨ ਖੇਡਿਆ ਜਾਵੇਗਾ। ਉੱਤਰ ਪ੍ਰਦੇਸ਼ ਵਿਜ਼ਰਡਸ ਦੇ ਵੀ ਹਾਲੇ
23 ਅੰਕ ਹਨ ਜੇਕਰ ਕੱਲ ਦੇ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਵਿਜ਼ਰਡਸ 9 ਤੋਂ ਵੱਧ
ਗੋਲਾਂ ਦੇ ਅੰਤਰ ਨਾਲ ਹਾਰਦੀ ਹੈ ਤਾਂ ਫੇਰ ਬੇਹਤਰ ਗੋਲ ਔਸਤ ਦੇ ਅਧਾਰ ਤੇ ਰਾਂਚੀ
ਸੈਮੀਂਫਾਈਨਲ ਵਿੱਚ ਪ੍ਰਵੇਸ਼ ਕਰ ਜਾਵੇਗੀ ਜੋਕਿ ਅਸੰਭਵ ਜਿਹਾ ਲੱਗ ਰਿਹਾ ਹੈ। ਅੱਜ
ਦੇ ਮੈਚ ਵਿੱਚ ਰਾਂਚੀ ਦੇ ਮਨਪ੍ਰੀਤ ਸਿੰਘ ਨੇ 2 ਸ਼ਾਨਦਾਰ ਮੈਦਾਨੀ ਗੋਲ ਕੀਤੇ।
(21/02/17)
ਪੰਜਾਬ ਵਾਰੀਅਰਜ਼ ਨੂੰ ਰੌਂਦਕੇ ਕਲਿੰਗਾ ਲਾਂਸਰਜ਼ ਨੇ
ਸੈਮੀਂਫ਼ਾਈਨਲ ਵਿੱਚ ਸਥਾਨ ਪੱਕਾ ਕੀਤਾ
ਫ਼ਿੰਨਲੈਂਡ 18 ਫ਼ਰਵਰੀ (ਵਿੱਕੀ ਮੋਗਾ) ਦੋਨਾਂ ਟੀਮਾਂ ਲਈ ਕਰੋ ਜਾ ਮਰੋ ਵਾਲੇ
ਮੁਕਾਬਲੇ ਦਰਮਿਆਨ ਅੱਜ ਮਹਿਮਾਨ ਟੀਮ ਕਲਿੰਗਾ ਲਾਂਸਰਜ਼ ਨੇ ਮੇਜ਼ਬਾਨ ਟੀਮ ਜੇਪੀ
ਪੰਜਾਬ ਵਾਰੀਅਰਜ਼ ਨੂੰ 7-0 ਦੇ ਵੱਡੇ ਫ਼ਰਕ ਨਾਲ ਹਰਾਕੇ ਕੋਲ ਹਾਕੀ ਇੰਡੀਆ ਦੇ 5ਵੇਂ
ਸੀਜ਼ਨ ਦੇ ਸੈਮੀਂਫ਼ਾਈਨਲ ਵਿੱਚ ਸਥਾਨ ਪੱਕਾ ਕਰ ਲਿਆ। ਅੱਜ ਖੇਡੇ ਗਏ ਇੱਕਪਾਸੜ
ਮੁਕਾਬਲੇ ਵਿੱਚ ਕਲਿੰਗਾ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਜਦਕਿ ਦੂਸਰੇ ਪਾਸੇ
ਮੇਜ਼ਬਾਨ ਟੀਮ ਨੇ ਆਪਣੇ ਸਮਰਥਕਾਂ ਨੂੰ ਲਗਾਤਾਰ ਨਿਰਾਸ਼ ਕੀਤਾ। ਆਪਣੇ ਪਿੱਛਲੇ
ਮੈਚਾਂ ਵਿੱਚ ਮਿਲੀ ਲਗਾਤਾਰ ਹਾਰ ਤੋਂ ਪੰਜਾਬ ਦੀ ਟੀਮ ਇਸ ਵਾਰ ਉੱਭਰ ਹੀ ਨਹੀਂ
ਸਕੀ ਅਤੇ ਲੱਗਭਗ ਸੈਮੀਂਫਾਈਨਲ ਵਿਚੋਂ ਬਾਹਰ ਹੋ ਗਈ ਹੈ। ਅੱਜ ਦੇ ਮੈਚ ਵਿੱਚ
ਕਲਿੰਗਾ ਲਾਂਸਰਜ਼ ਵਲੋਂ ਐਡਮ ਡਿਕਸਨ ਨੇ 9ਵੇਂ ਮਿੰਟ ਵਿੱਚ ਕਪਤਾਨ ਮਾਰਟੀਜ਼ ਫਰੁਸਟੇ
ਨੇ 24ਵੇਂ ਮਿੰਟ ਵਿੱਚ ਲਲਿਤ ਉਪਾਧਿਏ ਨੇ 34ਵੇਂ ਅਤੇ ਧਰਮਵੀਰ ਸਿੰਘ ਨੇ 39ਵੇਂ
ਮਿੰਟ ਵਿੱਚ ਗੋਲ ਕੀਤੇ। ਧਰਮਵੀਰ ਸਿੰਘ ਨੇ ਅੱਜ ਆਪਣਾ ਘਰੇਲੂ ਮੈਦਾਨ ਹੋਣ ਕਰਕੇ
ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਮੈਚ ਦੇ ਵਧੀਆ ਖਿਡਾਰੀ
ਹੋਣ ਦਾ ਸਨਮਾਨ ਮਿਲਿਆ। ਕਲਿੰਗਾ ਲਾਂਸਰਜ਼ ਦੇ ਸੈਮੀਂਫਾਈਨਲ ਪਹੁੰਚਣ ਤੋਂ ਪਹਿਲਾਂ
ਹੀ ਮੁੰਬਈ ਦਬੰਗ ਦੀ ਟੀਮ ਸੈਮੀਂਫਾਈਨਲ ਵਿੱਚ ਪਹਿਲੀ ਵਾਰ ਆਪਣਾ ਸਥਾਨ ਪੱਕਾ ਕਰ
ਚੁੱਕੀ ਹੈ। ਦਿੱਲੀ ਦੇ ਸ਼ਿਵਾਜੀ ਸਟੇਡੀਅਮ ਵਿੱਚ ਭਲਕੇ ਹੋਣ ਵਾਲੇ ਮੁਕਾਬਲੇ ਵਿੱਚ
ਦਿੱਲੀ ਵੇਵਰਾਈਡਰਜ਼ ਅਤੇ ਯੂਪੀ ਵਿਜ਼ਰਡਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
(19/02/17)
ਆਖ਼ਰੀ ਪਲਾਂ ਵਿੱਚ ਗੋਲ ਕਰਕੇ ਮੁੰਬਈ ਨੇ ਦਿੱਲੀ ਨੂੰ 3-2 ਨਾਲ
ਹਰਾਇਆ
ਫ਼ਿੰਨਲੈਂਡ 15 ਫ਼ਰਵਰੀ (ਵਿੱਕੀ ਮੋਗਾ) ਦਿੱਲੀ ਦੇ ਸ਼ਿਵਾਜੀ ਹਾਕੀ ਸਟੇਡੀਅਮ ਵਿੱਚ
ਕੋਲ ਹਾਕੀ ਇੰਡੀਆ ਦੇ 23ਵੇਂ ਮੈਚ ਵਿੱਚ ਮੇਜ਼ਬਾਨ ਟੀਮ ਨੂੰ ਅਖ਼ੀਰਲੇ ਮਿੰਟ ਵਿੱਚ
ਖਾਧੇ ਗੋਲ ਕਰਕੇ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਗੋਲ ਤੋਂ
ਪਹਿਲਾਂ ਦਿੱਲੀ ਵੇਵਰਾਈਡਰਜ਼ ਦੀ ਟੀਮ 2-1 ਨਾਲ ਜਿੱਤ ਰਹੀ ਸੀ। ਕਪਤਾਨ ਫਲੋਰੀਅਨ
ਫੁੰਕਸ ਦੇ ਅਖ਼ੀਰਲੇ ਮਿੰਟ ਵਿੱਚ ਕੀਤੇ ਮੈਦਾਨੀ ਗੋਲ ਕਰਕੇ ਦਬੰਗ ਮੁੰਬਈ ਨੇ ਅੱਜ
ਦਿੱਲੀ ਵੇਵਰਾਈਡਰਜ਼ ਨੂੰ 3-2 ਨਾਲ ਹਰਾ ਦਿੱਤਾ। ਇਸ ਸੀਜ਼ਨ ਵਿੱਚ ਮੁੰਬਈ ਦੀ ਦਿੱਲੀ
ਤੇ ਇਹ ਦੂਸਰੀ ਜਿੱਤ ਸੀ। ਆਪਣੇ ਘਰੇਲੂ ਮੈਦਾਨ ਵਿੱਚ ਵੀ ਮੁੰਬਈ ਨੇ ਦਿੱਲੀ ਨੂੰ
3-2 ਨਾਲ ਹਰਾਇਆ ਸੀ। ਅੱਜ ਖੇਡੇ ਗਏ ਮੈਚ ਵਿੱਚ ਮੁੰਬਈ ਨੇ 24ਵੇਂ ਮਿੰਟ ਵਿੱਚ
ਬੜ੍ਹਤ ਲੈ ਲਈ ਜਦੋਂ ਕੀਏਰਨ ਗੋਵਰਸ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।
ਮੇਜ਼ਬਾਨ ਟੀਮ ਵਲੋਂ ਮਨਦੀਪ ਸਿੰਘ ਨੇ 44ਵੇਂ ਮਿੰਟ ਵਿੱਚ ਇੱਕ ਸ਼ਾਨਦਾਰ ਮੈਦਾਨੀ
ਗੋਲ ਕਰਕੇ ਟੀਮ ਨੂੰ 2-1 ਨਾਲ ਬੜ੍ਹਤ ਦਿਵਾ ਦਿੱਤੀ ਪਰ ਦਿੱਲੀ ਦੀ ਟੀਮ ਅਖ਼ੀਰਲੇ
ਪਲਾਂ ਵਿੱਚ ਬਾਲ ਤੇ ਕੰਟਰੋਲ ਨਾ ਰੱਖ ਸਕੀ ਤੇ ਲੱਗਭੱਗ ਮੈਚ ਖ਼ਤਮ ਹੋਣ ਤੋਂ 30
ਸਕਿੰਟ ਪਹਿਲਾਂ ਫਲੋਰੀਅਨ ਫੁੰਕਸ ਨੇ ਮੈਦਾਨੀ ਗੋਲ ਕਰਕੇ ਦਿੱਲੀ ਦੀ ਜਿੱਤ ਤੇ
ਪਾਣੀ ਫ਼ੇਰ ਦਿੱਤਾ। ਦਿੱਲੀ ਲਈ ਅੱਜ ਦੀ ਜਿੱਤ ਬਹੁਤ ਮਹੱਤਵਪੂਰਣ ਸੀ ਜੇਕਰ ਅੱਜ
ਦਿੱਲੀ ਜਿੱਤ ਜਾਂਦੀ ਤਾਂ ਤੀਸਰੇ ਸਥਾਨ ਤੇ ਪਹੁੰਚ ਜਾਣਾ ਸੀ ਜਦਕਿ ਹੁਣ ਪੰਜਵੇਂ
ਸਥਾਨ ਤੇ ਹੈ। ਦੂਸਰੇ ਪਾਸੇ ਮੁੰਬਈ ਦਬੰਗ ਦਾ ਇਹ ਪੰਜਵਾਂ ਮੈਚ ਹੈ ਜਿਸ ਵਿੱਚ ਟੀਮ
ਨੇ ਅਖ਼ੀਰਲੇ ਮਿੰਟ ਵਿੱਚ ਗੋਲ ਕਰਕੇ ਮੈਚ ਦਾ ਪਾਸਾ ਬਦਲਿਆ ਹੈ। ਭਲਕੇ ਹੋਣ ਵਾਲੇ
ਮੈਚ ਵਿੱਚ ਮੇਜ਼ਬਾਨ ਟੀਮ ਯੂਪੀ ਵਿਜ਼ਰਡਸ ਅਤੇ ਮਹਿਮਾਨ ਟੀਮ ਰਾਂਚੀ ਰੇਅਸ
ਆਹਮੋ-ਸਾਹਮਣੇ ਹੋਣਗੀਆਂ। (15/02/17)
ਦਿੱਲੀ ਵੇਵਰਾਈਡਰਜ਼ ਨੇ ਕਲਿੰਗਾ ਲਾਂਸਰਜ਼ ਨੂੰ 6-4 ਨਾਲ ਹਰਾਇਆ
ਫ਼ਿੰਨਲੈਂਡ 12 ਫ਼ਰਵਰੀ (ਵਿੱਕੀ ਮੋਗਾ) ਦਿੱਲੀ ਦੇ ਸ਼ਿਵਾਜੀ ਹਾਕੀ ਸਟੇਡੀਅਮ ਵਿੱਚ
ਖੇਡੇ ਗਏ ਕੋਲ ਹਾਕੀ ਇੰਡੀਆ ਲੀਗ ਦੇ 21ਵੇਂ ਮੈਚ ਨੂੰ ਮੇਜ਼ਬਾਨ ਟੀਮ ਦਿੱਲੀ ਨੇ
ਮਹਿਮਾਨ ਟੀਮ ਕਲਿੰਗਾ ਨੂੰ 6-4 ਨਾਲ ਹਰਾਕੇ ਆਪਣੀ ਹਾਰ ਦਾ ਬਦਲਾ ਲੈ ਲਿਆ। ਅੱਜ
ਦੇ ਮੈਚ ਵਿੱਚ ਮੇਜ਼ਬਾਨ ਟੀਮ ਵਲੋਂ ਤਲਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ 2-0 ਦੀ
ਬੜ੍ਹਤ ਦਿਵਾ ਦਿੱਤੀ ਜਦਕਿ 29ਵੇਂ ਮਿੰਟ ਵਿੱਚ ਜਸਟਿਨ ਰੀਡ ਰੋਸ ਨੇ ਪੈਨਲਟੀ
ਕਾਰਨਰ ਰਾਹੀਂ ਗੋਲ ਕਰਕੇ ਦਿੱਲੀ ਨੂੰ 3-0 ਨਾਲ ਅੱਗੇ ਕਰ ਦਿੱਤਾ। ਮੈਚ ਦੇ 40ਵੇਂ
ਮਿੰਟ ਵਿੱਚ ਧਰਮਵੀਰ ਸਿੰਘ ਦੇ ਸ਼ਾਨਦਾਰ ਮੈਦਾਨੀ ਗੋਲ ਰਾਹੀਂ ਕਲਿੰਗਾ ਲਾਂਸਰਜ਼ ਨੇ
ਮੈਚ ਵਿੱਚ ਵਾਪਸੀ ਹੀ ਨਹੀਂ ਕੀਤੀ ਬਲਕਿ 54ਵੇਂ ਮਿੰਟ ਵਿੱਚ ਕਪਤਾਨ ਮੋਰਿਟੀਜ਼
ਫਰੁਸਤੇ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ 4-3 ਨਾਲ ਬੜ੍ਹਤ ਦਿਵਾ ਦਿੱਤੀ। ਦੂਸਰੇ
ਪਾਸੇ ਦਿੱਲੀ ਵੇਵਰਾਈਡਰਜ਼ ਦੇ ਕਪਤਾਨ ਰੁਪਿੰਦਰਪਾਲ ਸਿੰਘ ਪੈਨਲਟੀ ਕਾਰਨਰ ਜ਼ਰੀਏ
ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ। ਦਿੱਲੀ ਵਲੋਂ ਸਾਈਮਨ ਚਾਇਲਡ ਨੇ
ਅਖ਼ੀਰਲੇ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਮੇਜ਼ਬਾਨ ਟੀਮ ਨੂੰ 6-4 ਨਾਲ ਜਿੱਤ
ਦਿਵਾਕੇ ਟੀਮ ਨੂੰ ਸੈਮੀਫਾਈਨਲ ਦੀ ਦੌੜ ਵਿੱਚ ਬਰਕਰਾਰ ਰੱਖਿਆ। ਗੌਰਤਲਬ ਹੈ ਕਿ ਇਸ
ਸਾਲ ਕੋਲ ਹਾਕੀ ਇੰਡੀਆ ਲੀਗ ਦੇ ਮੈਚਾਂ ਵਿੱਚ ਅਖ਼ੀਰਲੇ ਸਕਿੰਟ ਬਹੁਤ ਮਹੱਤਵਪੂਰਣ
ਰਹੇ ਹਨ। ਅਖ਼ੀਰਲੇ ਸਕਿੰਟਾਂ ਵਿੱਚ ਬਹੁਤ ਮੈਚਾਂ ਦੇ ਪਾਸੇ ਪਲਟੇ ਹਨ। ਅੱਜ ਦੇ ਮੈਚ
ਵਿੱਚ ਰੁਪਿੰਦਰਪਾਲ ਸਿੰਘ ਨੂੰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਜਦਕਿ ਕਲਿੰਗਾ
ਦੇ ਧਰਮਵੀਰ ਸਿੰਘ ਨੂੰ ਵਧੀਆ ਗੋਲ ਕਾਰਨ ਦਾ ਇਨਾਮ ਦਿੱਤਾ ਗਿਆ। ਭਲਕੇ ਹੋਣ ਵਾਲੇ
ਮੈਚ ਵਿੱਚ ਪੰਜਾਬ ਅਤੇ ਯੂਪੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। (13/02/17)
ਦਿੱਲੀ ਨੇ ਯੂਪੀ ਨੂੰ 8-1 ਨਾਲ ਹਰਾਕੇ ਕੀਤੀ ਪਹਿਲੀ ਜਿੱਤ ਦਰਜ਼
ਫ਼ਿੰਨਲੈਂਡ 8 ਫ਼ਰਵਰੀ (ਵਿੱਕੀ ਮੋਗਾ) ਕੋਲ ਹਾਕੀ ਇੰਡੀਆ ਦੇ ਇਸ ਸੀਜ਼ਨ ਵਿੱਚ ਦਿੱਲੀ
ਵੇਵਰਾਈਡਰਜ਼ ਨੇ ਯੂਪੀ ਵਿਜ਼ਰਡਜ਼ ਨੂੰ 8-1 ਨਾਲ ਹਰਾਕੇ ਆਖ਼ਿਰ ਪਹਿਲੀ ਜਿੱਤ ਆਪਣੇ
ਨਾਮ ਕਰ ਲਈ ਹੈ। ਦਿੱਲੀ ਨੂੰ ਇਹ ਜਿੱਤ 5ਵੇਂ ਮੈਚ ਵਿੱਚ ਮਿਲੀ ਹੈ। ਪਹਿਲੇ 4
ਮੈਚਾਂ ਵਿਚੋਂ ਦਿੱਲੀ ਨੇ 3 ਵਿੱਚ ਹਾਰ ਦਾ ਸਾਹਮਣਾ ਕੀਤਾ ਅਤੇ 1 ਮੈਚ ਬਰਾਬਰੀ ਤੇ
ਰਿਹਾ ਸੀ। ਪਿਛਲੇ ਮੈਚ ਵਿੱਚ ਦਿੱਲੀ ਦੀ ਟੀਮ ਨੇ ਪੰਜਾਬ ਤੋਂ 2-3 ਨਾਲ ਹਾਰਣ ਤੋਂ
ਬਾਅਦ ਆਪਣੇ ਦੂਸਰੇ ਘਰੇਲੂ ਮੈਚ ਵਿੱਚ ਅੱਜ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ। ਮੈਚ
ਦੇ 4ਥੇ ਮਿੰਟ ਵਿੱਚ ਹੀ ਮਨਦੀਪ ਸਿੰਘ ਨੇ ਤਲਵਿੰਦਰ ਦੇ ਸ਼ਾਨਦਾਰ ਪਾਸ ਨੂੰ ਗੋਲ
ਵਿੱਚ ਬਦਲਕੇ ਟੀਮ ਨੂੰ 2-0 ਦੀ ਬੜ੍ਹਤ ਦੀਵਾ ਦਿੱਤੀ। ਯੂਪੀ ਵਲੋਂ ਰਘੂਨਾਥ ਨੇ
30ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ `ਚ ਬਦਲਕੇ ਸਕੋਰ 2-1 ਕੀਤਾ। ਅੱਧ
ਸਮਾਂ ਹੋਣ ਤੋਂ ਮਹਿਜ਼ ਕੁੱਝ ਸਕਿੰਟ ਪਹਿਲਾਂ ਮਨਦੀਪ ਸਿੰਘ ਨੇ ਦਿੱਲੀ ਲਈ ਇੱਕ ਹੋਰ
ਮੈਦਾਨੀ ਗੋਲ ਕਰਕੇ ਟੀਮ ਨੂੰ 4-1 ਨਾਲ ਬੜ੍ਹਤ ਦੀਵਾ ਦਿੱਤੀ। ਅੱਧ ਸਮੇਂ ਤੋਂ
ਬਾਅਦ ਦਿੱਲੀ ਪੂਰੇ ਵਿਸ਼ਵਾਸ ਅਤੇ ਜੋਸ਼ ਨਾਲ ਮੈਦਾਨ ਤੇ ਉਤਰੀ ਅਤੇ 57ਵੇਂ ਅਤੇ
58ਵੇਂ ਮਿੰਟ ਵਿੱਚ ਲਗਾਤਾਰ 2 ਹੋਰ ਮੈਦਾਨੀ ਗੋਲ ਕਰਕੇ ਮੈਚ ਨੂੰ 8-1 ਨਾਲ ਜਿੱਤ
ਲਿਆ। ਮਨਦੀਪ ਸਿੰਘ ਨੂੰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ। ਇਸ ਜਿੱਤ ਤੋਂ
ਬਾਅਦ ਦਿੱਲੀ ਵੇਵਰਾਈਡਰਜ਼ 5ਵੇਂ ਸਥਾਨ ਤੇ ਪਹੁੰਚ ਗਈ ਹੈ। ਭਲਕੇ ਹੋਣ ਵਾਲੇ
ਮੁਕਾਬਲੇ ਵਿੱਚ ਜੇਪੀ ਪੰਜਾਬ ਵਾਰੀਅਰਸ ਅਤੇ ਰਾਂਚੀ ਰੇਅਸ ਦੀਆਂ ਟੀਮਾਂ ਚੰਡੀਗ੍ਹੜ
ਦੇ ਹਾਕੀ ਸਟੇਡੀਅਮ ਵਿੱਚ ਆਹਮੋ-ਸ੍ਹਾਮਣੇ ਹੋਣਗੀਆਂ।
(08/02/17)
ਰੋਮਾਂਚਿਕ ਮੁਕਾਬਲੇ ਦੌਰਾਨ ਕਲਿੰਗਾ ਲਾਂਸਰਜ਼ ਨੇ ਜੇਪੀ ਪੰਜਾਬ
ਵਾਰੀਅਰਜ਼ ਨੂੰ 6-5 ਨਾਲ ਹਰਾਇਆ
ਫ਼ਿੰਨਲੈਂਡ 3 ਫ਼ਰਵਰੀ (ਵਿੱਕੀ ਮੋਗਾ) ਭੁਬਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿੱਚ
ਕੋਲ ਹਾਕੀ ਇੰਡੀਆ 2017 ਦੇ 13ਵੇਂ ਮੈਚ ਵਿੱਚ ਮੇਜ਼ਬਾਨ ਟੀਮ ਕਲਿੰਗਾ ਲਾਂਸਰਜ਼ ਨੇ
ਇੱਕ ਜੇਪੀ ਪੰਜਾਬ ਵਾਰੀਅਰਜ਼ ਨੂੰ ਫਸਵੇਂ ਮੁਕਾਬਲੇ ਦੌਰਾਨ 6-5 ਨਾਲ ਹਰਾ ਦਿੱਤਾ।
ਅੱਜ ਖੇਡੇ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਨੇ ਜ਼ਬਰਦਸਤ ਹਾਕੀ ਦਾ ਪ੍ਰਦਰਸ਼ਨ ਕਰਦਿਆਂ
ਅੱਧ ਸਮੇਂ ਤੱਕ ਗਲਿਨ ਟਰਨਰ ਦੇ ਮੈਦਾਨੀ ਗੋਲ ਅਤੇ ਫਰੁਸਤੇ ਤੇ ਦੋ ਪੈਨਲਟੀ ਕਾਰਨਰ
ਦੇ ਗੋਲਾਂ ਨਾਲ 4-0 ਦੀ ਬੜ੍ਹਤ ਬਣਾ ਲਈ ਸੀ ਕਿ ਤੀਸਰੇ ਕਵਾਰਟਰ ਵਿੱਚ ਆਉਂਦਿਆਂ
ਹੀ ਐਸ ਕੇ ਉਥੱਪਾ ਨੇ ਇੱਕ ਹੋਰ ਮੈਦਾਨੀ ਗੋਲ ਦਾਗਕੇ ਬੜ੍ਹਤ ਨੂੰ 6-0 ਕਰ ਦਿੱਤਾ।
ਇੱਕ ਸਮੇਂ ਲੱਗ ਰਿਹਾ ਸੀ ਕੇ ਮੁਕਾਬਲਾ ਇੱਕ ਤਰਫ਼ਾ ਹੋ ਗਿਆ ਪਰ ਪੰਜਾਬ ਦੀ ਟੀਮ ਨੇ
ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ 5 ਗੋਲ ਕਰਕੇ ਇੱਕ ਵਾਰ ਸਟੇਡੀਅਮ ਵਿੱਚ ਬੈਠੇ
ਸਮਰਥਕਾਂ ਨੂੰ ਸ਼ਾਂਤ ਕਰਾ ਦਿੱਤਾ। ਜੇਪੀ ਪੰਜਾਬ ਵਾਰੀਅਰਜ਼ ਨੇ ਮੈਚ ਵਿੱਚ ਜ਼ਬਰਦਸਤ
ਵਾਪਸੀ ਤਾਂ ਕੀਤੀ ਪਰ ਘੜੀ ਨੇ ਸਾਥ ਨਹੀਂ ਦਿੱਤਾ ਅੰਤ ਕਲਿੰਗਾ ਨੇ ਇਸ ਮੈਚ ਨੂੰ
6-5 ਨਾਲ ਜਿੱਤ ਲਿਆ। ਕਲਿੰਗਾ ਟੀਮ ਦੇ ਮੋਰਟੀਜ਼ ਫਰੁਸਤੇ ਨੂੰ ਮੈਚ ਦਾ ਵਧੀਆ
ਖਿਡਾਰੀ ਐਲਾਨਿਆ ਗਿਆ। (05/02/17)
ਅੱਜ ਸਾਡੇ ਲਈ ਜਿੱਤਣਾ ਬਹੁਤ ਮਹੱਤਵਪੂਰਣ ਸੀ - ਗੁਰਬਾਜ਼ ਸਿੰਘ
ਫ਼ਿੰਨਲੈਂਡ 26 ਜਨਵਰੀ (ਵਿੱਕੀ ਮੋਗਾ) ਕੋਲ ਹਾਕੀ ਇੰਡੀਆ ਲੀਗ 2017 ਦੇ 5ਵੇਂ
ਸੀਜ਼ਨ ਦੇ ਸਭ ਤੋਂ ਮਹਿੰਗੇ ਖ਼ਿਡਾਰੀ ਤਜ਼ਰਬੇਕਾਰ ਮਿੱਡਫ਼ੀਲਡਰ ਗੁਰਬਾਜ਼ ਸਿੰਘ ਰਾਂਚੀ
ਰੇਅਸ ਦੀ ਟੀਮ ਵਿੱਚ ਖੇਡ ਰਹੇ ਹਨ। ਰਾਂਚੀ ਦੀ ਟੀਮ ਨੇ ਅੱਜ ਆਪਣੇ ਘਰੇਲੂ ਮੈਦਾਨ
ਵਿੱਚ ਕਲਿੰਗਾ ਲਾਂਸਰਜ਼ ਨੂੰ 7-2 ਨਾਲ ਹਰਾਕੇ ਇਸ ਸੀਜ਼ਨ ਦੀ ਪਹਿਲੀ ਜਿੱਤ ਦਰਜ਼
ਕੀਤੀ ਹੈ। ਟੈਲੀਫ਼ੋਨ ਉੱਤੇ ਹੋਈ ਗੱਲਬਾਤ ਦੌਰਾਨ ਉਲੰਪੀਅਨ ਗੁਰਬਾਜ਼ ਸਿੰਘ ਨੇ
ਦੱਸਿਆ ਕਿ ਅੱਜ ਦਾ ਮੈਚ ਸਾਡੇ ਲਈ ਕਾਫ਼ੀ ਮਹੱਤਵਪੂਰਨ ਸੀ ਕਿਉਂਕਿ ਪਹਿਲਾ ਮੈਚ
ਬਰਾਬਰ ਅਤੇ ਦੂਸਰਾ ਮੈਚ ਹਾਰਣ ਤੋਂ ਬਾਅਦ ਸਾਡਾ ਘਰੇਲੂ ਮੈਦਾਨ ਉੱਪਰ ਇਸ ਸੀਜ਼ਨ ਦਾ
ਪਹਿਲਾ ਮੈਚ ਸੀ ਅਤੇ ਇਸ ਮੈਚ ਨੂੰ ਅਸੀਂ ਕਿਸੇ ਵੀ ਹਾਲਤ ਵਿੱਚ ਹਾਰਣਾਂ ਨਹੀਂ
ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਸਾਡੀ ਟੀਮ ਅੱਜ ਬਣਾਈ ਹੋਈ ਤਰਕੀਬ ਅਨੁਸਾਰ ਖੇਡੀ
ਅਤੇ ਅਸੀਂ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਜਿਸ ਨਾਲ ਸਾਨੂੰ ਬਹੁਤ ਉਤਸ਼ਾਹ
ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਟੀਮ ਅੱਗੇ ਵੀ
ਵਧੀਆ ਪ੍ਰਦਰਸ਼ਨ ਕਰੇਗੀ। ਕੋਚ ਹਰਿੰਦਰ ਸਿੰਘ ਬਾਰੇ ਪੁੱਛਣ ਤੇ ਪੰਜਾਬ ਪੁਲੀਸ ਵਿੱਚ
ਡੀਐਸਪੀ ਦੇ ਅਹੁੱਦੇ ਤੇ ਤਾਇਨਾਤ ਗੁਰਬਾਜ਼ ਸਿੰਘ ਨੇ ਕਿਹਾ ਕਿ ਜੇ ਉਨ੍ਹਾਂ ਨੇ
ਮੇਰੇ ਉੱਤੇ ਭਰੋਸਾ ਕੀਤਾ ਹੈ ਤਾਂ ਮੈਂ ਉਸ ਨੂੰ ਯਕੀਨਣ ਬਣਾਉਣ ਦੀ ਪੂਰੀ ਕੋਸ਼ਿਸ
ਕਰਾਂਗਾ ਅਤੇ ਆਪਣਾ ਸੌ ਪ੍ਰਤੀਸ਼ਤ ਦੇਵਾਂਗਾ। (27/01/17)
ਘਰੇਲੂ ਮੈਦਾਨ ਵਿੱਚ ਰਾਂਚੀ ਰੇਅਸ ਨੇ ਕਲਿੰਗਾਂ ਲਾਂਸਰਜ਼ ਨੂੰ 7-2 ਨਾਲ ਹਰਾਕੇ
ਪਹਿਲੀ ਹਾਰ ਦਾ ਬਦਲਾ ਲਿਆ
ਫ਼ਿੰਨਲੈਂਡ 26 ਜਨਵਰੀ (ਵਿੱਕੀ ਮੋਗਾ) ਕੋਲ ਹਾਕੀ ਇੰਡੀਆ ਲੀਗ 2017 ਦੇ 5ਵੇਂ ਮੈਚ
ਵਿੱਚ ਰਾਂਚੀ ਰੇਅਸ ਨੇ ਭੁਬਨੇਸ਼ਵਰ ਵਿੱਚ ਮਿਲੀ ਹਾਰ ਦਾ ਬਦਲਾ ਅੱਜ ਆਪਣੇ ਘਰੇਲੂ
ਮੈਦਾਨ ਵਿੱਚ ਕਲਿੰਗਾ ਲਾਂਸਰਜ਼ ਨੂੰ 7-2 ਨਾਲ ਹਰਾਕੇ ਲੈ ਲਿਆ। ਅੱਜ ਖੇਡੇ ਗਏ ਮੈਚ
ਵਿੱਚ ਰਾਂਚੀ ਦੀ ਟੀਮ ਇੱਕ ਅਲੱਗ ਹੀ ਲੈਅ ਵਿੱਚ ਨਜ਼ਰ ਆਈ, ਜਿਸ ਦਾ ਖ਼ਮਿਆਜ਼ਾ
ਕਲਿੰਗਾਂ ਲਾਂਸਰਜ਼ ਨੂੰ ਇੱਕ ਵੱਡੇ ਫ਼ਰਕ ਦੀ ਹਰ ਨਾਲ ਭੁਗਤਣਾ ਪਿਆ। ਰਾਂਚੀ ਦੇ
ਕਪਤਾਨ ਐਸ਼ਲੀ ਜੈਕਸਨ ਨੇ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ
ਬਦਲਕੇ ਖਾਤਾ ਖੋਲਿਆ ਜਿਸਤੋਂ ਬਾਅਦ 30ਵੇਂ ਮਿੰਟ ਵਿੱਚ ਸੁਮੀਤ ਨੇ ਇੱਕ ਮੈਦਾਨੀ
ਗੋਲ ਕਰਕੇ ਅੰਤਰ 3-0 ਕਰ ਦਿੱਤਾ। ਦੂਸਰੇ ਅੱਧ ਦੇ ਪਹਿਲੇ ਹੀ ਮਿੰਟ ਵਿੱਚ
ਕ੍ਰਿਸਟੋਫਰ ਰੂਹਰ ਨੇ ਇੱਕ ਹੋਰ ਮੈਦਾਨੀ ਗੋਲ ਕਰਕੇ ਟੀਮ ਨੂੰ 5-0 ਦੀ ਬੜ੍ਹਤ
ਦਿਵਾਈ ਅਤੇ ਨਾਲ ਹੀ ਟੂਰਨਾਂਮੈਂਟ ਦਾ 25ਵਾਂ ਗੋਲ ਕਰਕੇ ਪਹਿਲਾ ਮੀਲ ਪੱਥਰ
ਸਥਾਪਿਤ ਕੀਤਾ। ਮੈਚ ਦੇ 44 ਮਿੰਟ ਵਿੱਚ ਪੰਜਾਬ ਪੁਲੀਸ ਦੇ ਡੀਐਸਪੀ ਅਤੇ ਉਲੰਪੀਅਨ
ਗੁਰਬਾਜ ਸਿੰਘ ਦੁਆਰਾ ਦਿੱਤੇ ਸ਼ਾਨਦਾਰ ਪਾਸ ਨੂੰ ਮਨਪ੍ਰੀਤ ਸਿੰਘ ਨੇ ਮੈਦਾਨੀ ਗੋਲ
ਵਿੱਚ ਬਦਲਕੇ ਗੋਲਾਂ ਵਾਲੀ ਤਖ਼ਤੀ ਨੂੰ 7-0 ਨਾਲ ਆਪਣੇ ਹੱਕ ਵਿੱਚ ਕਰ ਲਿਆ। ਮੈਚ
ਦਾ ਆਖ਼ਰੀ ਗੋਲ ਕਲਿੰਗਾ ਲਾਂਸਰਜ਼ ਦੀ ਟੀਮ ਵਲੋਂ ਲਲਿਤ ਉਪਾਧਿਆਏ ਨੇ 49ਵੇਂ ਮਿੰਟ
ਵਿੱਚ ਕੀਤਾ। ਭਲਕੇ ਹੋਣ ਵਾਲੇ ਮੈਚ ਵਿੱਚ ਮੁੰਬਈ ਦੇ ਮਹਿੰਦਰਾ ਹਾਕੀ ਸਟੇਡੀਅਮ
ਵਿੱਚ ਮੇਜ਼ਬਾਨ ਮੁੰਬਈ ਦਬੰਗ ਅਤੇ ਮੌਜ਼ੂਦਾ ਚੈਪੀਅਨ ਪੰਜਾਬ ਵਾਰੀਅਰਸ ਦੀਆਂ ਟੀਮਾਂ
ਆਹਮੋ-ਸਾਹਮਣੇ ਹੋਣਗੀਆਂ।
ਰਾਂਚੀ ਰੇਅਸ ਨੂੰ ਹਰਾਕੇ ਕਲਿੰਗਾ ਲਾਂਸਰਜ਼ ਨੇ ਲਗਾਤਾਰ ਦੂਸਰੀ
ਜਿੱਤ ਦਰਜ਼ ਕੀਤੀ
ਫ਼ਿੰਨਲੈਂਡ 23 ਜਨਵਰੀ (ਵਿੱਕੀ ਮੋਗਾ) ਕਲਿੰਗਾ ਲਾਂਸਰਜ਼ ਨੇ ਹਾਕੀ ਇੰਡੀਆ ਲੀਗ
ਆਪਣੇ ਦੂਸਰੇ ਘਰੇਲੂ ਮੁਕਾਬਲੇ 'ਚ ਰਾਂਚੀ ਰੇਅਸ ਨੂੰ 4-2 ਨਾਲ ਹਰਾਕੇ ਲਗਾਤਾਰ
ਦੂਸਰੀ ਜਿੱਤ ਦਰਜ਼ ਕੀਤੀ। ਦਰਸ਼ਕਾਂ ਨਾਲ ਖਚਾਖ਼ਚ ਭਰੇ ਸਟੇਡੀਅਮ ਵਿੱਚ ਮੇਜ਼ਬਾਨ
ਕਲਿੰਗਾ ਲਾਂਸਰਜ਼ ਨੇ ਅੱਜ ਦੇ ਮੈਚ ਵਿੱਚ ਪੂਰਾ ਦਬਦਬਾ ਬਣਾਈ ਰੱਖਿਆ। ਮੈਚ ਦੇ
ਪਹਿਲੇ ਦੋ ਕੁਆਰਟਰ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਸ ਰੁਕਾਵਟ ਨੂੰ ਆਖਰ
ਤੀਸਰੇ ਕੁਆਰਟਰ ਵਿੱਚ ਗਲਿਨ ਟਰਨਰ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲਕੇ
ਤੋੜਿਆ। ਇਸਤੋਂ ਬਾਅਦ ਗਲਿਨ ਟਰਨਰ ਨੇ ਇੱਕ ਹੋਰ ਫ਼ੀਲਡ ਗੋਲ ਕਰਕੇ ਟੀਮ ਨੂੰ 4-0
ਦੀ ਬੜ੍ਹਤ ਦੀਵਾ ਦਿੱਤੀ। ਦੂਸਰੇ ਪਾਸੇ ਰਾਂਚੀ ਰੇਅਸ ਨੇ ਵਾਪਸੀ ਕਰਦਿਆਂ 53ਵੇਂ
ਮਿੰਟ ਵਿੱਚ ਸਿਮਰਨਜੀਤ ਸਿੰਘ ਨੇ ਫ਼ੀਲਡ ਗੋਲ ਕਰਕੇ ਬੜ੍ਹਤ ਨੂੰ 4-2 ਤੇ ਕੀਤਾ ਪਾਰ
ਤੱਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਕਲਿੰਗਾ ਲਾਂਸਰਜ਼ ਨੇ ਇਸ ਮੈਚ ਨੂੰ 4-2
ਨਾਲ ਜਿੱਤਕੇ 10 ਅੰਕ ਆਪਣੇ ਖ਼ਾਤੇ ਵਿੱਚ ਜੋੜੇ। ਗਲਿਨ ਟਰਨਰ ਨੂੰ ਅੱਜ ਦੇ ਮੈਚ ਦਾ
ਵਧੀਆ ਖਿਡਾਰੀ ਐਲਾਨਿਆ ਗਿਆ। (23/01/17)
ਆਸਟ੍ਰੇਲੀਆ ਨੂੰ ਰੌਂਦਕੇ ਭਾਰਤ ਜੂਨੀਅਰ ਵਿਸ਼ਵ ਹਾਕੀ ਕੱਪ ਦੇ
ਫਾਈਨਲ `ਚ ਪਹੁੰਚਿਆ
ਫ਼ਿੰਨਲੈਂਡ 16 ਦਸੰਬਰ (ਵਿੱਕੀ ਮੋਗਾ) ਹਾਕੀ ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤ ਨੇ
ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਵਿੱਚ ਸ਼ੂਟਆਊਟ ਰਾਹੀਂ 4-2 ਨਾਲ ਹਰਾਕੇ
ਫ਼ਾਈਨਲ ਵਿੱਚ ਸਥਾਨ ਪੱਕਾ ਕਰ ਲਿਆ ਹੈ। ਭਾਰਤ ਦੇ ਗੋਲਕੀਪਰ ਵਿਕਾਸ ਦਹੀਆ ਇਸ ਮੈਚ
ਦੇ ਹੀਰੋ ਰਹੇ ਜਿਸ ਨੇ ਸ਼ੂਟ ਆਊਟ ਦੌਰਾਨ 3 ਗੋਲ ਬਚਾਕੇ ਭਾਰਤ ਨੂੰ ਫ਼ਾਈਨਲ ਵਿੱਚ
ਪਹੁੰਚਾਇਆ। ਨਿਰਧਾਰਿਤ ਸਮੇਂ ਤੱਕ ਦੋਨੋਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਇਸਤੋਂ
ਬਾਅਦ ਪੈਨਲਟੀ ਸ਼ੂਟ ਆਉਟ ਰਾਹੀਂ ਮੈਚ ਦਾ ਫ਼ੈਸਲਾ ਹੋਇਆ। ਜਿਸ ਵਿੱਚ ਵਿਕਾਸ ਦਹੀਆ
ਨੇ ਆਸਟ੍ਰੇਲੀਆ ਦੇ 3 ਗੋਲ ਰੋਕੇ ਅਤੇ ਦੂਸਰੇ ਪਾਸੇ ਭਾਰਤ ਨੇ ਆਪਣੇ ਚਾਰੇ ਮੌਕਿਆਂ
ਨੂੰ ਗੋਲ ਵਿੱਚ ਬਦਲਿਆ। ਵਿਕਾਸ ਨੂੰ ਉਸਦੀ ਸ਼ਾਨਦਾਰ ਗੋਲਕੀਪਿੰਗ ਦੁਆਰਾ ਉਸ ਨੂੰ
ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ। ਕਾਂਟੇ ਦੀ ਟੱਕਰ ਵਾਲੇ ਅੱਜ ਦੇ ਮੈਚ ਵਿੱਚ
ਭਾਰਤ ਦਾ ਪਹਿਲੇ ਅੱਧ ਵਿੱਚ ਪ੍ਰਦਰਸ਼ਨ ਕੁੱਝ ਢਿੱਲਾ ਜਿਹਾ ਨਜ਼ਰ ਆਇਆ। ਆਸਟ੍ਰੇਲੀਆ
ਦੇ ਟਾਮ ਗ੍ਰੇਗ ਨੇ ਮੈਚ ਦੇ 14 ਮਿੰਟ ਵਿੱਚ ਗੋਲ ਕਰਕੇ ਆਸਟ੍ਰੇਲੀਆ ਨੂੰ ਬੜ੍ਹਤ
ਦੀਵਾ ਦਿੱਤੀ। ਅੱਧ ਸਮੇਂ ਤੱਕ ਭਾਰਤ ਇੱਕ ਗੋਲ ਨਾਲ ਪਿੱਛੜ ਰਿਹਾ ਸੀ। ਮੈਚ ਦੇ
ਦੂਸਰੇ ਅੱਧ ਵਿੱਚ ਭਾਰਤੀ ਟੀਮ ਇਕ ਨਵੇਂ ਜੋਸ਼ ਨਾਲ ਮੈਦਾਨ ਵਿੱਚ ਪਰਤੀ ਅਤੇ 42ਵੇਂ
ਮਿੰਟ ਵਿੱਚ ਗੁਰਜੰਟ ਸਿੰਘ ਨੇ ਸ਼ਾਨਦਾਰ ਫ਼ੀਲਡ ਗੋਲ ਕਰਕੇ ਭਾਰਤ ਨੂੰ ਬਰਾਬਰੀ ਤੇ
ਲਿਆਂਦਾ ਅਤੇ 48ਵੇਂ ਮਿੰਟ ਵਿੱਚ ਮਨਦੀਪ ਸਿੰਘ ਨੇ ਬੈਕ ਸ਼ਾਟ ਰਾਹੀਂ ਫੱਟਾ ਖੜਕਾ
ਦਿੱਤਾ ਅਤੇ ਭਾਰਤ ਨੂੰ ਇੱਕ ਗੋਲ ਨਾਲ ਅੱਗੇ ਕਰ ਦਿੱਤਾ। ਦੂਸਰੇ ਪਾਸੇ 57ਵੇਂ
ਮਿੰਟ ਵਿੱਚ ਲਾਚਲਾਨ ਸ਼ਾਰਪ ਨੇ ਡੈਫਲਕਸ਼ਨ ਰਾਹੀਂ ਫ਼ੀਲਡ ਗੋਲ ਕਰਕੇ ਟੀਮ ਨੂੰ
ਬਰਾਬਰੀ ਤੇ ਲਿਆਂਦਾ। ਜਿਸ ਨੂੰ ਬਾਅਦ ਵਿੱਚ ਭਾਰਤ ਨੇ ਸ਼ੂਟ ਆਊਟ ਰਾਹੀਂ ਜਿੱਤ
ਲਿਆ। ਇਸਤੋਂ ਪਹਿਲਾਂ ਖੇਡੇ ਗਏ ਸੈਮੀਫ਼ਾਈਨਲ ਮੈਚ ਵਿੱਚ ਬੈਲਜੀਅਮ ਨੇ ਜਰਮਨੀ ਨੂੰ
ਸ਼ੂਟ ਆਉਟ ਰਾਹੀਂ 4-3 ਨਾਲ ਹਰਾਕੇ ਫ਼ਾਈਨਲ ਵਿੱਚ ਸਥਾਨ ਪੱਕਾ ਕੀਤਾ। ਹੁਣ ਫ਼ਾਈਨਲ
ਮੁਕਾਬਲਾ ਭਾਰਤ ਅਤੇ ਬੈਲਜੀਅਮ ਦਰਮਿਆਨ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6
ਵਜੇ ਖੇਡਿਆ ਜਾਵੇਗਾ। (16/12/16)
ਭਾਰਤ ਨੇ ਇੰਗਲੈਂਡ ਨੂੰ 5-3 ਨਾਲ ਹਰਾਕੇ ਜੂਨੀਅਰ ਵਿਸ਼ਵ ਕੱਪ
`ਚ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀ
ਫ਼ਿੰਨਲੈਂਡ 10 ਦਸੰਬਰ (ਵਿੱਕੀ ਮੋਗਾ) ਲਖਨਊ ਦੇ ਮੇਜ਼ਰ ਧਿਆਨਚੰਦ ਹਾਕੀ ਸਟੇਡੀਅਮ
ਵਿੱਚ ਚੱਲ ਰਹੇ ਜੂਨੀਅਰ ਵਿਸ਼ਵ ਹਾਕੀ ਕੱਪ ਦੇ ਦੂਸਰੇ ਦਿਨ ਭਾਰਤੀ ਟੀਮ ਨੇ ਸ਼ਾਨਦਾਰ
ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ 5-3 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕਰ
ਲਈ ਹੈ। ਇਸ ਜਿੱਤ ਤੋਂ ਬਾਅਦ ਭਾਰਤ ਆਪਣੇ ਗਰੁੱਪ ਵਿੱਚ 6 ਅੰਕ ਹਾਸਿਲ ਕਰਕੇ ਛੋਟੀ
ਤੇ ਬਣਿਆ ਹੋਇਆ ਹੈ। ਭਾਰਤ ਵਲੋਂ ਪਰਵਿੰਦਰ ਸਿੰਘ, ਅਰਮਾਨ ਕ਼ੁਰੈਸ਼ੀ, ਹਰਮਨਪ੍ਰੀਤ
ਸਿੰਘ, ਸਿਮਰਨਜੀਤ ਸਿੰਘ ਅਤੇ ਵਰੁਣ ਕੁਮਾਰ ਨੇ ਗੋਲ ਕੀਤੇ ਜਦਕਿ ਇੰਗਲੈਂਡ ਵਲੋਂ
ਜੇਕਲੀ, ਵਿਲ ਕਾਲਨਾਲ ਅਤੇ ਐਡਵਰਡ ਹੋਲਰ ਨੇ ਗੋਲ ਦਾਗੇ। ਭਾਰਤ ਨੇ ਆਪਣੇ ਪਹਿਲੇ
ਮੈਚ ਵਿੱਚ ਕੈਨੇਡਾ ਨੂੰ 4-0 ਨਾਲ ਮਾਤ ਦਿੱਤੀ ਸੀ ਜਦਕਿ ਇੰਗਲੈਂਡ ਨੇ ਦੱਖਣੀ
ਅਫ਼ਰੀਕਾ ਨੂੰ 4-2 ਨਾਲ ਹਰਾਇਆ ਸੀ। ਅੱਜ ਦੇ ਮੈਚ ਵਿੱਚ ਪਹਿਲਾ ਗੋਲ ਇੰਗਲੈਂਡ ਨੇ
ਕੀਤਾ ਪਾਰ ਇਸਤੋਂ ਬਾਅਦ ਉਹ ਭਾਰਤੀ ਟੀਮ ਸਾਹਮਣੇ ਟਿਕ ਨਹੀਂ ਸਕੀ ਹਾਲਾਂਕਿ ਮੈਚ
ਦੇ ਆਖ਼ਰੀ ਮਿੰਟਾਂ ਵਿੱਚ ਇੰਗਲੈਂਡ ਨੇ 2 ਗੋਲ ਕਰਕੇ ਭਾਰਤ ਦੇ ਢਿੱਲੇਪਣ ਦਾ ਫ਼ਾਇਦਾ
ਜ਼ਰੂਰ ਉਠਾਇਆ। ਦੋਨੋਂ ਟੀਮਾਂ ਅੱਧ ਸਮੇਂ ਤੱਕ 1-1 ਦੀ ਬਰਾਬਰੀ ਤੇ ਸਨ। ਅੱਜ ਦੇ
ਮੈਚ ਦਾ ਵਧੀਆ ਖਿਡਾਰੀ ਮਨਦੀਪ ਸਿੰਘ ਨੂੰ ਐਲਾਨਿਆ ਗਿਆ। ਭਾਰਤ ਦਾ ਅਗਲਾ ਮੁਕਾਬਲਾ
ਹੁਣ ਦੱਖਣੀ ਅਫ਼ਰੀਕਾ ਨਾਲ ਸੋਮਵਾਰ 12 ਦਸੰਬਰ ਨੂੰ ਹੋਵੇਗਾ।
(10/12/16)
ਜੂਨੀਅਰ ਵਿਸ਼ਵ ਹਾਕੀ ਕੱਪ `ਚ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ
ਕੈਨੇਡਾ ਨੂੰ 4-0 ਨਾਲ ਹਰਾਇਆ
ਫ਼ਿੰਨਲੈਂਡ 8 ਦਸੰਬਰ (ਵਿੱਕੀ ਮੋਗਾ) ਲਖਨਊ ਦੇ ਮੇਜ਼ਰ ਧਿਆਨਚੰਦ ਹਾਕੀ ਸਟੇਡੀਅਮ
ਵਿੱਚ ਅੱਜ ਸ਼ੁਰੂ ਹੋਏ ਜੂਨੀਅਰ ਵਿਸ਼ਵ ਹਾਕੀ ਕੱਪ ਵਿੱਚ ਭਾਰਤ ਨੇ ਕੈਨੇਡਾ ਨੂੰ 4-0
ਨਾਲ ਹਰਾਕੇ ਪਹਿਲੀ ਜਿੱਤ ਹਾਸਿਲ ਕਰ ਲਈ ਹੈ। ਇਸ ਵਾਰ ਦੇ ਵਿਸ਼ਵ ਕੱਪ ਦੇ
ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਨੇ ਕੈਨੇਡਾ ਦੇ ਵਿਰੁੱਧ ਮੈਚ ਵਿੱਚ ਸ਼ਾਨਦਾਰ
ਖੇਡ ਦਾ ਪ੍ਰਦਰਸ਼ਨ ਕੀਤਾ। ਭਾਰਤ ਵਲੋਂ ਪਹਿਲਾ ਗੋਲ ਮਨਦੀਪ ਸਿੰਘ ਨੇ 35ਵੇਂ ਮਿੰਟ
ਵਿੱਚ ਕੀਤਾ। ਅੱਧ ਸਮੇਂ ਤੱਕ ਭਾਰਤ ਦੀ ਟੀਮ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਦੇ
ਬਾਵਜ਼ੂਦ ਮਹਿਜ਼ ਇੱਕ ਗੋਲ ਦੀ ਬੜ੍ਹਤ ਹੀ ਬਣਾ ਸਕੀ। ਮੈਚ ਦੇ ਦੂਸਰੇ ਅੱਧ ਵਿੱਚ
ਭਾਰਤ ਵਲੋਂ 46ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਰਾਹੀਂ ਗੋਲ
ਕੀਤਾ ਜਦਕਿ 60ਵੇਂ ਮਿੰਟ ਵਿੱਚ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ
ਬਦਲਕੇ ਸਕੋਰ ਭਾਰਤ ਦੇ ਹੱਕ ਵਿੱਚ 3-0 ਕਰ ਦਿੱਤਾ , ਮੈਚ ਦਾ ਆਖ਼ਰੀ ਗੋਲ ਭਾਰਤ
ਵਲੋਂ ਅਜੀਤ ਪਾਂਡੇ ਨੇ 66ਵੇਂ ਮਿੰਟ ਵਿੱਚ ਕਰਕੇ ਭਾਰਤ ਨੂੰ 4-0 ਨਾਲ ਜਿੱਤ ਦੀਵਾ
ਦਿੱਤੀ। ਮਨਦੀਪ ਸਿੰਘ ਨੂੰ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ। ਅੱਜ ਖੇਡੇ ਗਏ
ਹੋਰ ਮੈਚਾਂ ਵਿੱਚ ਨਿਊਜ਼ੀਲੈਂਡ ਨੇ ਜਪਾਨ ਨੂੰ 1-0 ਨਾਲ, ਜਰਮਨੀ ਨੇ ਸਪੇਨ ਨੂੰ
2-1 ਨਾਲ ਅਤੇ ਗ੍ਰੇਟ ਬ੍ਰਿਟੇਨ ਨੇ ਦੱਖਣੀ ਅਫ਼ਰੀਕਾ ਨੂੰ 4-2 ਨਾਲ ਮਾਤ ਦਿੱਤੀ।
ਹੁਣ ਭਾਰਤ ਆਪਣਾ ਅਗਲਾ ਮੁਕਾਬਲਾ 10 ਦਸੰਬਰ ਨੂੰ ਗ੍ਰੇਟ ਬ੍ਰਿਟੇਨ ਵਿਰੁੱਧ
ਖੇਡੇਗਾ। (09/12/16)
ਗੁਰਬਾਜ ਸਿੰਘ ਦੀ ਹਾਕੀ ਇੰਡੀਆ ਲੀਗ ਵਿੱਚ ਵਾਪਸੀ ਰਾਂਚੀ ਨੇ
99 ਹਜ਼ਾਰ ਡਾਲਰ 'ਚ ਖਰੀਦਿਆ
ਫ਼ਿੰਨਲੈਂਡ 16 ਨਵੰਬਰ (ਵਿੱਕੀ ਮੋਗਾ) ਰਾਂਚੀ ਰੇਜ ਨੇ ਹਾਕੀ ਇੰਡੀਆ ਲੀਗ ਦੀ ਬੰਦ
ਨੀਲਾਮੀ 'ਚ ਭਾਰਤ ਦੇ ਤਜ਼ਰਬੇਕਾਰ ਮਿੱਡਫ਼ੀਲਡਰ ਓਲੰਪੀਅਨ ਗੁਰਬਾਜ ਸਿੰਘ ਨੂੰ 99
ਹਜ਼ਾਰ ਡਾਲਰ (66 ਲੱਖ ਰੁਪਏ) ਦੀ ਵੱਡੀ ਕੀਮਤ 'ਚ ਖਰੀਦਿਆ ਹੈ। ਗੌਰਤਲਬ ਰਹੇ ਕਿ
ਗੁਰਬਾਜ ਸਿੰਘ ਨੂੰ ਦੁਨੀਆ ਦੇ ਚੋਟੀ ਦੇ ਰਾਈਟ ਹਾਫ਼ ਵਿਚੋਂ ਇੱਕ ਮੰਨਿਆ ਜਾਂਦਾ ਹੈ
ਇਸੇ ਲਈ ਗੁਰਬਾਜ਼ 2017 ਸੀਜ਼ਨ ਹਾਕੀ ਇੰਡੀਆ ਲੀਗ ਦੇ ਸੱਭ ਤੋਂ ਮਹਿੰਗੇ ਖਿਡਾਰੀ
ਰਹੇ ਹਨ। ਰਾਂਚੀ ਨੇ ਜਰਮਨੀ ਦੇ ਕ੍ਰਿਸਟੋਫਰ ਰੂਹਰ ਨੂੰ ਵੀ 75 ਹਜ਼ਾਰ ਡਾਲਰ (50
ਲੱਖ ਰੁਪਏ) ਵਿੱਚ ਖਰੀਦਿਆ ਹੈ। ਐੱਚ.ਆਈ.ਐੱਲ. ਦੇ 2017 ਦੇ ਸੈਸ਼ਨ ਦੇ ਲਈ 6
ਫ੍ਰੈਂਚਾਈਜ਼ ਦਬੰਗ ਮੁੰਬਈ, ਦਿੱਲੀ ਵਾਰੀਅਰਜ਼, ਜੇ.ਪੀ. ਪੰਜਾਬ ਵਾਰੀਅਰਜ਼, ਕਲਿੰਗਾ
ਲਾਂਸਰਜ਼, ਰਾਂਚੀ ਰੇਜ ਅਤੇ ਉੱਤਰ ਪ੍ਰਦੇਸ਼ ਵਿਜ਼ਰਡ ਨੇ ਬੁੱਧਵਾਰ ਨੂੰ ਇੱਥੇ ਹੋਈ
ਬੰਦ ਬੋਲੀ 'ਚ ਆਪਣੀਆਂ ਟੀਮਾਂ ਨੂੰ ਪੂਰਾ ਕਰਨ ਦੇ ਲਈ ਖਿਡਾਰੀਆਂ 'ਤੇ ਕੀਮਤ
ਲਗਾਈ। ਨੀਲਾਮੀ ਦੇ ਨਿਯਮਾਂ ਮੁਤਾਬਕ ਸਾਰੀਆਂ ਟੀਮਾਂ ਦੇ ਪਰਸ 'ਚ ਖਿਡਾਰੀਆਂ ਨੂੰ
ਖਰੀਦਣ ਦੇ ਲਈ 7 ਲੱਖ 25 ਹਜ਼ਾਰ ਡਾਲਰ ਦੀ ਰਕਮ ਨਿਰਧਾਰਤ ਕੀਤੀ ਗਈ ਸੀ। ਰਾਂਚੀ
ਰੇਜ ਅਤੇ ਪੰਜਾਬ ਵਾਰੀਅਰਜ਼ ਨੇ ਘੱਟ ਰਕਮ 'ਚ ਆਪਣੇ ਜ਼ਿਆਦਾਤਰ ਦਲ ਨੂੰ ਬਰਕਾਰ
ਰੱਖਿਆ ਹੈ। (17/11/16)
ਡਾ. ਨਰਿੰਦਰ ਬੱਤਰਾ ਹੋਣਗੇ ਐਫ.ਆਈ.ਐਚ ਦੇ ਅਗਲੇ ਪ੍ਰਧਾਨ
ਫ਼ਿੰਨਲੈਂਡ
12 ਨਵੰਬਰ (ਵਿੱਕੀ ਮੋਗਾ) ਡਾ. ਨਰਿੰਦਰ ਬੱਤਰਾ ਨੂੰ ਅੱਜ ਦੁਬਈ ਵਿੱਚ ਹੋਈ
ਮੀਟਿੰਗ ਦੌਰਾਨ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਹੈ।
ਡਾ. ਨਰਿੰਦਰ ਬੱਤਰਾ ਨੇ 68 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਦਕਿ ਉਨਾਂ ਦੇ
ਮੁਕਾਬਲੇ ਵਿੱਚ ਖੜੇ ਉਮੀਦਵਾਰ ਡੇਵਿਡ ਬਲਬੀਰ ਨੇ
ਮਹਿਜ਼ 29 ਵੋਟਾਂ ਅਤੇ ਆਸਟ੍ਰੇਲੀਆ ਦੇ ਕੀਨ ਰੀਡ ਸਿਰਫ 13 ਵੋਟਾਂ ਹੀ ਹਾਸਿਲ ਕਰ
ਸਕੇ। ਡਾ. ਨਰਿੰਦਰ ਬੱਤਰਾ ਪਹਿਲੇ ਭਾਰਤੀ ਹਨ ਜੋ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ
ਪ੍ਰਧਾਨ ਵਜੋਂ ਚੁਣੇ ਗਏ ਹਨ। ਡਾ. ਬੱਤਰਾ ਦੇ ਪ੍ਰਧਾਨ ਚੁਣੇ ਜਾਣ ਤੇ ਫ਼ਿੰਨਲੈਂਡ
ਦੇ ਵਾਰੀਅਰਸ ਹਾਕੀ ਕਲੱਬ ਹੇਲਸਿੰਕੀ ਨੇ ਡਾ. ਨਰਿੰਦਰ ਬੱਤਰਾ ਬਹੁਤ- ਬਹੁਤ ਵਧਾਈ
ਭੇਜੀ ਹੈ। (12/11/16)
ਮਲੇਸ਼ੀਆ ਨੂੰ ਹਰਾਕੇ ਭਾਰਤ ਲੀਗ ਵਿੱਚ ਚੋਟੀ ਤੇ ਪਹੁੰਚਿਆ
ਫ਼ਿੰਨਲੈਂਡ 26 ਅਕਤੂਬਰ (ਵਿੱਕੀ ਮੋਗਾ) ਸਟਾਰ ਡਰੈਗ ਫ਼ਲਿਕਰ ਰੁਪਿੰਦਰਪਾਲ ਸਿੰਘ ਦੇ
ਦੋ ਗੋਲਾਂ ਦੀ ਬਦੌਲਤ ਅੱਜ ਕੂਆਂਟਾਨ ਵਿੱਚ ਚੱਲ ਰਹੀ ਚੌਥੀ ਪੁਰਸ਼ ਹਾਕੀ ਏਸ਼ੀਆਈ
ਚੈਂਪੀਅਨਸ ਟਰਾਫੀ ਭਾਰਤ ਨੇ ਆਪਣੇ ਆਖਰੀ ਰਾਊਂਡ ਰੋਬਿਨ ਮੈਚ 'ਚ ਇੱਕ ਫਸਵੇਂ
ਮੁਕਾਬਲੇ ਦੌਰਾਨ ਮੇਜ਼ਬਾਨ ਟੀਮ ਨੂੰ 2-1 ਨਾਲ ਹਰਾਕੇ 13 ਅੰਕਾਂ ਨਾਲ ਰਾਉਂਡ
ਰੋਬਿਨ ਲੀਗ ਵਿੱਚ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਅੱਜ ਦੇ ਮੈਚ ਦੀ ਸ਼ੁਰੂਆਤ
ਉਮੀਦ ਅਨੁਸਾਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਹੋਈ। ਭਾਰਤ ਵਲੋਂ 12ਵੇਂ ਮਿੰਟ ਵਿੱਚ
ਸਟਾਰ ਡਰੈਗ ਫ਼ਲਿਕਰ ਰੁਪਿੰਦਰਪਾਲ ਸਿੰਘ ਨੇ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ ਇੱਕ
ਗੋਲ ਦੀ ਬੜ੍ਹਤ ਦਿਵਾ ਦਿੱਤੀ। ਦੂਸਰੇ ਪਾਸੇ ਮਲੇਸ਼ੀਆ ਵਲੋਂ ਰਹੀਮ ਰਾਜ਼ੀ ਨੇ ਵੀ
18ਵੇਂ ਮਿੰਟ ਵਿੱਚ ਪੇਨਲਟੀ ਕਾਰਨਰ ਦੁਆਰਾ ਬਰਾਬਰੀ ਦਾ ਗੋਲ ਕੀਤਾ। ਅੱਧ ਸਮੇਂ
ਤੱਕ ਦੋਨੋਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਭਾਰਤ ਵਲੋਂ ਮੈਚ ਦਾ ਦੂਸਰਾ ਅਤੇ
ਜੇਤੂ ਗੋਲ ਮੈਚ ਖ਼ਤਮ ਹੋਣ ਤੋਂ ਮਹਿਜ਼ 2 ਮਿੰਟ ਪਹਿਲਾ ਇੱਕ ਵਾਰ ਫੇਰ ਰੁਪਿੰਦਰਪਾਲ
ਸਿੰਘ ਨੇ ਪੇਨਲਟੀ ਕਾਰਨਰ ਰਾਹੀਂ ਕਰਕੇ ਮੈਚ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ।
ਰੁਪਿੰਦਰਪਾਲ ਸਿੰਘ ਨੇ ਹੁਣ ਤੱਕ ਇਸ ਟੂਰਨਾਮੈਂਟ ਵਿੱਚ 10 ਗੋਲ ਕਰਕੇ ਚੋਟੀ ਤੇ
ਹੈ। ਭਾਰਤ ਆਪਣਾ ਸੈਮੀਫਾਈਨਲ ਮੈਚ 29 ਅਕਤੂਬਰ ਨੂੰ ਖੇਡੇਗਾ।
(26/10/16)
ਭਾਰਤ ਅਤੇ ਕੋਰੀਆ ਦਰਮਿਆਨ ਮੁਕਾਬਲਾ 1-1 ਦੀ ਬਰਾਬਰੀ ਤੇ ਰਿਹਾ
ਫ਼ਿੰਨਲੈਂਡ 22 ਅਕਤੂਬਰ (ਵਿੱਕੀ ਮੋਗਾ) ਚੌਥੀ ਪੁਰਸ਼ ਹਾਕੀ ਏਸ਼ੀਆਈ ਚੈਂਪੀਅਨਸ
ਟਰਾਫੀ ਦੇ ਤੀਸਰੇ ਦਿਨ ਰਾਊਂਡ ਰੋਬਿਨ ਮੈਚ 'ਚ ਦੱਖਣੀ ਕੋਰੀਆ ਨੇ ਭਾਰਤ ਨੂੰ 1-1
ਦੀ ਬਰਾਬਰੀ ਤੇ ਰੋਕ ਦਿੱਤਾ। ਵਿਸ਼ਵ ਰੈਂਕਿੰਗ ਵਿੱਚ ਛੇਵੇਂ ਸਥਾਨ ਤੇ ਕਾਬਜ਼ ਭਾਰਤੀ
ਟੀਮ ਨੂੰ ਕੋਰੀਆ ਦੇ ਖਿਡਾਰੀਆਂ ਨੇ ਇੱਕ ਵਾਰ ਫ਼ੇਰ ਕੜ੍ਹੀ ਟੱਕਰ ਦਿੱਤੀ। ਮੈਚ ਦੇ
ਪਹਿਲੇ ਹੀ ਕੁਆਰਟਰ ਵਿੱਚ ਪਿਛੜਣ ਤੋਂ ਬਾਅਦ ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼
ਨੇ ਟੀਮ ਲਈ ਕਈ ਗੋਲ ਬਚਾਏ। ਭਾਰਤੀ ਖਿਡਾਰੀ ਵੱਲੋਂ ਗਲਤ ਪਾਸ ਦਿੱਤੇ ਜਾਣ ਦਾ
ਫਾਇਦਾ ਚੁੱਕਦੇ ਹੋਏ ਜੁਆਂਗ ਜੁਨ-ਵੂ ਨੇ ਮੈਚ ਦੇ 11ਵੇਂ ਮਿੰਟ 'ਚ ਆਪਣੀ ਟੀਮ ਨੂੰ
ਬੜ੍ਹਤ ਦਿਵਾ ਦਿੱਤੀ। ਭਾਰਤੀ ਟੀਮ ਵਲੋਂ 35ਵੇਂ ਮਿੰਟ 'ਚ ਲਲਿਤ ਉਪਾਧਏ ਨੇ ਗੋਲ
ਕਰਕੇ ਸਕੋਰ ਬਰਾਬਰ ਕੀਤਾ। ਦੂਸਰੇ ਪਾਸੇ ਕੋਰੀਆ ਦਾ ਗੋਲਕੀਪਰ ਅੱਜ ਭਾਰਤੀ ਹਮਲਾਵਰ
ਖਿਡਾਰੀਆਂ ਲਈ ਚੀਨ ਦੀ ਕੰਧ ਸਾਬਿਤ ਹੋਇਆ ਮੈਚ ਦੌਰਾਨ ਕੋਰੀਆਈ ਗੋਲਕੀਪਰ ਨੇ ਭਾਰਤ
ਦੇ ਦਰਜ਼ਨ ਦੇ ਕਰੀਬ ਹਮਲੇ ਬੇਕਾਰ ਕੀਤੇ। ਇਸ ਵਾਰ ਖਿਤਾਬ ਦੀ ਦਾਅਵੇਦਾਰ ਭਾਰਤੀ
ਟੀਮ ਕੋਲ ਹੁਣ ਦੋ ਮੈਚਾਂ ਵਿੱਚ ਚਾਰ ਅੰਕ ਹਨ ਅਤੇ ਅਗਲੇ ਮੈਚ ਵਿੱਚ ਉਸਦਾ
ਮੁਕਾਬਲਾ ਰਵਾਇਤੀ ਵਿਰੋਧੀ ਅਤੇ ਸਾਬਕਾ ਵਿਜੇਤਾ ਪਾਕਿਸਤਾਨ ਨਾਲ ਹੋਵੇਗਾ। ਦੱਖਣੀ
ਕੋਰੀਆ ਦੇ ਦੋ ਮੈਚਾਂ 'ਚ ਇਕ ਅੰਕ ਹੈ ਜਦਕਿ ਮੇਜ਼ਬਾਨ ਟੀਮ ਮਲੇਸ਼ੀਆ ਛੇ ਅੰਕਾਂ ਨਾਲ
ਚੋਟੀ ਤੇ ਬਣੀ ਹੋਈ ਹੈ। (22/10/2016)
ਏਸ਼ੀਅਨ ਚੈਂਪੀਅਨ ਟਰਾਫੀ ਲਈ ਭਾਰਤੀ ਹਾਕੀ ਟੀਮ ਦਾ ਐਲਾਨ
ਫ਼ਿੰਨਲੈਂਡ 6 ਅਕਤੂਬਰ (ਵਿੱਕੀ ਮੋਗਾ) ਮਲੇਸ਼ੀਆ ਦੇ ਕੁਆਂਟਨ ਸ਼ਹਿਰ ਵਿੱਚ 20 ਤੋਂ
30 ਅਕਤੂਬਰ ਤੱਕ ਹੋਣ ਵਾਲੀ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨ ਟਰਾਫੀ 'ਚ ਭਾਰਤ ਦੀ 18
ਮੈਂਬਰੀ ਪੁਰਸ਼ ਹਾਕੀ ਟੀਮ ਦਾ ਕਪਤਾਨ ਪੀ.ਆਰ. ਸ਼੍ਰੀਜੇਸ਼ ਨੂੰ ਬਣਾਇਆ ਗਿਆ ਹੈ ਅਤੇ
ਮਨਪ੍ਰੀਤ ਸਿੰਘ ਨੂੰ ਉੱਪ-ਕਪਤਾਨ ਬਣਾਇਆ ਹੈ। ਜਸਜੀਤ ਸਿੰਘ ਕੁਲਾਰ ਦੀ ਟੀਮ 'ਚ
ਵਾਪਸੀ ਹੋਈ ਹੈ ਜਦਕਿ ਰਘੂਨਾਥ ਨੂੰ ਇਸ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ।
ਟੀਮ ਵਿੱਚ ਬਰਿੰਦਰ ਲਾਕੜਾ ਨੇ ਵਾਪਸੀ ਕੀਤੀ ਹੈ ਜੋ ਗੋਡੇ ਦੀ ਸੱਟ ਕਾਰਨ ਰੀਓ
ਓਲੰਪਿਕ ਤੋਂ ਬਾਹਰ ਸਨ। ਉਨ੍ਹਾਂ ਦੇ ਨਾਲ ਡਿਫੈਂਸ ਵਿੱਚ ਰੁਪਿੰਦਰਪਾਲ ਸਿੰਘ,
ਕੋਠਾਜੀਤ ਸਿੰਘ, ਸੁਰਿੰਦਰ ਕੁਮਾਰ ਅਤੇ ਪ੍ਰਦੀਪ ਮੋਰ ਹੋਣਗੇ। ਮਿੱਡਫੀਲਡ ਵਿੱਚ
ਚਿੰਗਲੇਨਸਾਨਾ ਸਿੰਘ, ਮਨਪ੍ਰੀਤ, ਸਰਦਾਰ ਸਿੰਘ, ਐੱਸ. ਕੇ ਉੱਥਪਾ ਅਤੇ ਦਵਿੰਦਰ
ਵਾਲਮਿਕੀ ਨੂੰ ਚੁਣਿਆ ਗਿਆ ਹੈ। ਚੋਟ ਕਾਰਣ ਧਰਮਵੀਰ ਸਿੰਘ ਨੂੰ ਵੀ ਹਾਲੇ ਅਰਾਮ
ਦਿੱਤਾ ਗਿਆ ਹੈ ਜਦਕਿ ਫਾਰਵਰਡ ਲਾਈਨ 'ਚ ਆਕਾਸ਼ਦੀਪ ਸਿੰਘ ਅਤੇ ਰਮਨਦੀਪ ਦੀ ਜਗ੍ਹਾ
ਤਲਵਿੰਦਰ ਸਿੰਘ ਅਤੇ ਲਲਿਤ ਉਪਾਧਿਆਏ ਨੇ ਲਈ ਹੈ। ਟੀਮ ਵਿੱਚ ਸ਼੍ਰੀਜੇਸ਼ ਅਤੇ ਆਕਾਸ਼
ਚਿਤਕੇ ਗੋਲਕੀਪਰ ਹੋਣਗੇ ਜਦਕਿ ਹਰਜੋਤ ਸਿੰਘ ਨੂੰ ਇਸ ਵਾਰ ਕੈਂਪ ਵਿੱਚ ਨਹੀਂ
ਬੁਲਾਇਆ ਗਿਆ ਸੀ। ਏਸ਼ੀਆਈ ਚੈਂਪੀਅਨਜ਼ ਟਰਾਫੀ 'ਚ ਭਾਰਤ ਤੋਂ ਇਲਾਵਾ ਕੋਰੀਆ,
ਜਾਪਾਨ, ਚੀਨ, ਮਲੇਸ਼ੀਆ ਅਤੇ ਪਿਛਲਾ ਚੈਂਪੀਅਨ ਪਾਕਿਸਤਾਨ ਖੇਡ ਰਹੇ ਹਨ।
ਏਸ਼ੀਅਨ ਚੈਂਪੀਅਨ ਟਰਾਫੀ ਲਈ ਚੁਣੀ ਹੋਈ ਭਾਰਤੀ ਹਾਕੀ ਟੀਮ ਇਸ ਤਰ੍ਹਾਂ ਹੈ :
ਗੋਲਕੀਪਰ-ਪੀ.ਆਰ. ਸ਼੍ਰੀਜੇਸ਼ (ਕਪਤਾਨ), ਆਕਾਸ਼ ਚਿਤਕੇ ਡਿਫੈਂਡਰ-ਰੁਪਿੰਦਰ ਪਾਲ
ਸਿੰਘ, ਪ੍ਰਦੀਪ ਮੋਰ, ਜਸਜੀਤ ਸਿੰਘ ਕੁਲਾਰ, ਬਰਿੰਦਰ ਲਾਕੜਾ, ਕੋਠਾਜੀਤ ਸਿਘ,
ਸੁਰਿੰਦਰ ਕੁਮਾਰ। ਮਿਡਫੀਲਡਰ- ਚਿੰਗਲੇਨਸਾਨਾ ਸਿੰਘ, ਮਨਪ੍ਰੀਤ ਸਿੰਘ (ਉਪ
ਕਪਤਾਨ), ਸਰਦਾਰ ਸਿੰਘ, ਐੱਸ. ਕੇ. ਉੱਥਪਾ ਅਤੇ ਦਵਿੰਦਰ ਵਾਲਮੀਕਿ।
ਫਾਰਵਰਡ-ਤਲਵਿੰਦਰ ਸਿੰਘ, ਐੱਸ. ਵੀ. ਸੁਨੀਲ, ਲਲਿਤ ਉਪਾਧਿਆਏ, ਨਿੱਕੀਨ ਤਿਮੱਈਆ,
ਅਫ਼ਾਨ ਯੂਸਫ਼ ਹਨ। (06/10/16) |