ਫ਼ਿੰਨਲੈਂਡ 14 ਮਈ (ਵਿੱਕੀ ਮੋਗਾ) ਹਾਕੀ ਇੰਡੀਆਂ ਨੇ ਹਾਲੈਂਡ ਦੇ ਸ਼ਹਿਰ ਡੇਨ
ਹਾਗ ਵਿੱਚ 31ਮਈ ਤੋਂ 15 ਜੂਨ ਤੱਕ ਹੋਣ ਵਾਲੇ ਪੁਰਸ਼ ਵਿਸ਼ਵ ਹਾਕੀ ਕੱਪ ਲਈ ਭਾਰਤੀ
ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ 180
ਅੰਤਰਰਾਸ਼ਟਰੀ ਮੈਚ ਖੇਡੇ ਅਨੁਭਵੀ ਖਿਡਾਰੀ ਸਟਾਰ ਮਿੱਡਫ਼ੀਲਡਰ ਸਰਦਾਰ ਸਿੰਘ ਕਰੇਗਾ
ਜਦਕਿ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੂੰ ਟੀਮ ਦਾ ਉੱਪ-ਕਪਤਾਨ ਬਣਾਇਆ ਗਿਆ
ਹੈ।
ਗੁਰਬਾਜ਼ ਸਿੰਘ ਦੀ ਟੀਮ ਵਿੱਚ ਵਾਪਸੀ ਹੋਈ ਹੈ ਜਦਕਿ ਮਿੱਡਫ਼ੀਲਡਰ ਜਸਜੀਤ ਸਿੰਘ
ਨੂੰ ਪਹਿਲੀ ਵਾਰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਟੀਮ ਦਾ ਐਲਾਨ ਅੱਜ ਨਵੀਂ
ਦਿੱਲੀ ਵਿੱਖੇ ਹੋਟਲ ਹੌਲੀਡੇਅ ਇਨ ਵਿੱਚ ਕੀਤੇ ਗਏ ਮੇਗਾ ਈਵੇਂਟ ਦੇ ਦੌਰਾਨ ਕੀਤਾ
ਗਿਆ। ਇਸ ਮੌਕੇ 'ਤੇ ਬੋਲਦੇ ਹੋਏ ਹਾਕੀ ਇੰਡੀਆ ਦੇ ਸਕੱਤਰ ਜਨਰਲ ਡਾ. ਨਰਿੰਦਰ
ਬਤਰਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕੀ ਅਸੀਂ ਇੱਕ ਮਜ਼ਬੂਤ ਟੀਮ ਦਾ ਐਲਾਨ
ਕੀਤਾ ਹੈ ਜੋਕਿ ਵਿਸ਼ਵ ਕੱਪ ਦੌਰਾਨ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਵੇਗੀ ਅਤੇ ਮੈਨੂੰ
ਉਮੀਦ ਹੈ ਕਿ ਟੀਮ ਵਧੀਆ ਨਤੀਜੇ ਦੇਵੇਗੀ, ਮੇਰੀਆਂ ਸ਼ੁਭ ਇਛਾਵਾਂ ਟੀਮ ਦੇ ਨਾਲ ਹਨ।
ਟੀਮ ਦੇ ਮੁੱਖ ਕੋਚ ਟੈਰੀ ਵਾਲਸ਼ ਨੇ ਕਿਹਾ ਕਿ ਵਿਸ਼ਵ ਕੱਪ ਸਾਡੇ ਲਈ ਇੱਕ
ਵੱਡੀ ਚਨੌਤੀ ਹੈ ਅਤੇ ਟੀਮ ਨੇ ਇਸ ਦੇ ਅਨੁਸਾਰ ਹੀ ਤਿਆਰੀ ਕੀਤੀ ਹੈ। ਕਪਤਾਨ
ਸਰਦਾਰ ਸਿੰਘ ਨੇ ਕਿਹਾ ਕਿ ਮੈਨੂੰ ਫ਼ਖਰ ਹੈ ਹੈ ਕਿ ਮੈਂ ਦੇਸ਼ ਲਈ ਦੂਸਰਾ ਵਿਸ਼ਵ ਕੱਪ
ਖੇਡ ਰਿਹਾ ਹਾਂ। ਸਾਡੇ ਕੋਲ ਇਸ ਬਾਰ ਦੁਨੀਆਂ ਦੇ ਬੇਹਤਰੀਨ ਕੋਚ ਅਤੇ ਸਟਾਫ਼ ਹੈ
ਜਿਸ ਨਾਲ ਸਾਡੀ ਦਿਮਾਗੀ ਅਤੇ ਸਰੀਰਕ ਸਮਰਥਾ ਵਿੱਚ ਕਾਫੀ ਵਾਧਾ ਹੋਇਆ ਹੈ। ਕੋਚ ਨੇ
33 ਖਿਡਾਰੀਆਂ 'ਚੋਂ 18 ਚੋਟੀ ਦੇ ਖਿਡਾਰੀਆਂ ਦੀ ਚੋਣ ਕੀਤੀ ਹੈ। ਅੱਜ 1975 ਵਿਸ਼ਵ
ਕੱਪ ਜੇਤੂ ਟੀਮ ਦੇ ਮੈਂਬਰਾਂ ਦੇ ਸਾਹਮਣੇ ਟੀਮ ਦਾ ਐਲਾਨ ਹੋਣ ਤੇ ਇੱਕ ਅਲੱਗ ਕਿਸਮ
ਦੀ ਊਰਜਾ ਦਾ ਅਹਿਸਾਸ ਹੋਇਆ ਹੈ।
ਟੀਮ ਦੀ ਚੋਣ ਧਿਆਨਚਦ ਹਾਕੀ ਸਟੇਡੀਅਮ 'ਚ 5 ਅਤੇ 6 ਮਈ ਨੂੰ ਹੋਏ ਟ੍ਰਾਇਲਾਂ
ਦੇ ਅਧਾਰ ਤੇ ਕੀਤੀ ਗਈ ਹੈ। ਟੀਮ 21 ਮਈ ਨੂੰ ਹੇਗ ਵਾਸਤੇ ਰਵਾਨਾ ਹੋ ਜਾਵੇਗੀ
ਜਿਥੇ ਆਪਣਾ ਪਹਿਲਾ ਮੈਚ 31 ਮਈ ਨੂੰ ਬੈਲਜੀਅਮ ਖ਼ਿਲਾਫ਼ ਖੇਡੇਗੀ। ਚੁਣੇ ਜਾਣ ਵਾਲੇ
ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ: (ਗੋਲਕੀਪਰ) ਪੀ.ਆਰ. ਸ੍ਰੀਜੇਸ਼, ਹਰਜੋਤ
ਸਿੰਘ (ਡੀਫੇਂਡਰ) ਗੁਰਬਾਜ਼ ਸਿੰਘ, ਰੁਪਿੰਦਰਪਾਲ ਸਿੰਘ (ਉੱਪ-ਕਪਤਾਨ),
ਵੀ.ਆਰ.ਰਘੁਨਾਥ, ਵਰਿੰਦਰ ਲਾਕੜਾ, ਕੋਠਾਜੀਤ ਸਿੰਘ, ਮਨਪ੍ਰੀਤ ਸਿੰਘ (ਮਿੱਡਫ਼ੀਲਡਰ)
ਸਰਦਾਰ ਸਿੰਘ (ਕਪਤਾਨ), ਧਰਮਵੀਰ ਸਿੰਘ, ਐਸ.ਕੇ. ਉਥੱਪਾ, ਜਸਜੀਤ ਸਿੰਘ,
ਚਿੰਗਲਿਨਸਾਨਾ ਸਿੰਘ (ਫ਼ਾਰਵਰਡ) ਐਸ.ਵੀ. ਸੁਨੀਲ, ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ,
ਮਨਦੀਪ ਸਿੰਘ, ਨਿਕਿਨ ਥਿਮਈਆ।
ਵਿੱਕੀ ਮੋਗਾ (ਫ਼ਿੰਨਲੈਂਡ)
Bikramjit Singh (vicky moga)
vickymoga@hotmail.com
+358 503065677
Finland. |