ਬੇਸ਼ੱਕ 'ਸਾਲਾਨਾ' ਵਿਸ਼ਵ ਕਬੱਡੀ ਕੱਪ ਹੋਣ ਨਾਲ ਕਬੱਡੀ ਦਾ ਨਾਂ ਦੁਨੀਆਂ ਦੇ
ਕੋਨੇ ਕੋਨੇ 'ਚ ਪਹੁੰਚਿਆ ਹੈ। ਵਿਦੇਸ਼ਾਂ 'ਚ ਵਸੇ ਕਬੱਡੀ ਪ੍ਰੇਮੀਆਂ ਨੇ ਸਖ਼ਤ
ਮਿਹਨਤ ਨਾਲ ਵੱਖ ਵੱਖ ਮੁਲਕਾਂ ਦੇ ਬਾਸ਼ਿੰਦਿਆਂ ਨੂੰ ਕਬੱਡੀ ਦੇ ਦਾਅ ਪੇਚ ਸਿਖਾ
ਕੇ ਵਿਸ਼ਵ ਕੱਪ ਵਿੱਚ ਖੇਡਣ ਲਈ ਉਤਾਰਿਆ। ਜਿੱਥੇ ਅਜਿਹੇ ਉੱਦਮਾਂ ਦੀ ਦਾਦ ਦੇਣੀ
ਬਣਦੀ ਹੈ ਉੱਥੇ ਚਿੰਤਾ ਵੀ ਕਰਨੀ ਬਣਦੀ ਹੈ ਕਿ ਵਿਦੇਸ਼ੀ ਖਿਡਾਰੀ ਵਿਸ਼ਵ ਕਬੱਡੀ
ਕੱਪ ਦੇ ਪ੍ਰਬੰਧਾਂ ਤੋਂ ਅਸੰਤੁਸ਼ਟ ਨਜ਼ਰ ਆਏ। ਸਵਾਲ ਇਹ ਉੱਠਦਾ ਹੈ ਕਿ ਜੇ ਚਾਰ
ਸਾਲਾਂ ਦੇ ਇਸ ਸਫ਼ਰ ਦੌਰਾਨ ਵੀ ਕੋਈ ਸਬਕ ਨਹੀਂ ਸਿੱਖਿਆ ਗਿਆ ਤਾਂ ਕਬੱਡੀ ਦੇ
ਸੁਨਿਹਰੇ ਭਵਿੱਖ ਦੀਆਂ ਗੱਲਾਂ ਨੂੰ 'ਥੁੱਕੀਂ ਵੜੇ ਪਕਾਉਣ' ਵਾਂਗ ਹੀ ਲਿਆ ਜਾ
ਸਕਦਾ ਹੈ।
ਵਿਸ਼ਵ ਕਬੱਡੀ ਕੱਪ ਖੇਡ ਕੇ ਪੰਜਾਬ ਕਬੱਡੀ ਫੈਡਰੇਸ਼ਨ ਦੇ ਫੈਸਲਿਆਂ ਪ੍ਰਤੀ
ਨਿਰਾਸ਼ ਪਰਤੀ ਕੁੜੀਆਂ ਦੀ ਇੰਗਲੈਂਡ ਕਬੱਡੀ ਟੀਮ ਦੇ ਕੋਚ ਅਸ਼ੋਕ ਦਾਸ ਨੇ ਇਸ
ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਬੱਡੀ ਫੈਡਰੇਸ਼ਨ
ਦੇ ਉੱਦਮ ਦੀ ਸ਼ਲਾਘਾ ਤਾਂ ਕਰਨੀ ਬਣਦੀ ਹੀ ਹੈ ਪਰ ਇੱਕ ਜਿੰਮੇਵਾਰ ਕੋਚ ਹੋਣ ਦੇ
ਨਾਤੇ ਫਰਜ਼ ਵੀ ਬਣਦਾ ਹੈ ਕਿ ਵਿਸ਼ਵ ਕਬੱਡੀ ਕੱਪ ਵਿੱਚ ਹਰ ਵਾਰ ਦੀ ਤਰ੍ਹਾਂ ਇਸ
ਵਾਰ ਵੀ ਰੜਕੀਆਂ ਘਾਟਾਂ ਦਾ ਸ਼ੀਸ਼ਾ ਦਿਖਾਇਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੇ
ਹਮੇਸ਼ਾ ਆਪਣੀ ਗੱਲ ਮੀਡੀਆ ਰਾਹੀਂ ਕਹਿਣ ਨੂੰ ਇਸ ਲਈ ਪਹਿਲ ਦਿੱਤੀ ਹੈ ਕਿਉਂਕਿ
ਉਹਨਾਂ ਨੂੰ ਅਹਿਸਾਸ ਹੋਇਆ ਹੈ ਕਿ ਫੈਡਰੇਸ਼ਨ ਜਾਂ ਪੰਜਾਬ ਸਰਕਾਰ ਅੱਗੇ ਸਿੱਧੀ
ਫਰਿਆਦ ਕੰਮ ਨਹੀਂ ਕਰਦੀ। ਇਹ ਰਸਤਾ ਅਖਤਿਆਰ ਕਰਨ ਦਾ ਇੱਕ ਮਕਸਦ ਇਹ ਵੀ ਹੈ ਤਾਂ
ਕਿ ਆਮ ਲੋਕ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਸਾਡੀਆਂ ਫਰਿਆਦਾਂ ਬਾਰੇ ਜਾਣ ਸਕਣ
ਜੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਬੱਡੀ ਨਾਲ ਜੁੜੇ ਹੋਏ ਹਨ। ਅਸ਼ੋਕ ਦਾਸ ਨੇ
ਕਿਹਾ ਕਿ ਇਹਨਾਂ ਚਾਰਾਂ ਸਾਲਾਂ ਵਿੱਚ ਪ੍ਰਬੰਧਕੀ ਟੀਮ ਵਿਸ਼ਵ ਪੱਧਰ ਦੇ ਕਬੱਡੀ
ਰੈਫਰੀ, ਕੁਮੈਂਟੇਟਰਾਂ ਦਾ ਪ੍ਰਬੰਧ ਕਰਨ 'ਚ ਸਫ਼ਲ ਨਹੀਂ ਰਹੀ ਜਿਹੜੇ ਪੰਜਾਬੀ ਤੋਂ
ਬਿਨਾਂ ਅੰਗਰੇਜੀ ਭਾਸ਼ਾ ਵੀ ਬੋਲਦੇ ਹੋਣ। ਉਹਨਾਂ ਸਵਾਲ ਕੀਤਾ ਕਿ ਕੀ ਵਿਸ਼ਵ ਭਰ
'ਚੋਂ ਆਏ ਗੈਰ ਪੰਜਾਬੀ ਖਿਡਾਰੀਆਂ ਨੂੰ ਪਹਿਲਾਂ ਕੋਚ ਪੰਜਾਬੀ ਬੋਲਣੀ ਤੇ ਸਮਝਣੀ
ਵੀ ਸਿਖਾਉਣ? ਉਹਨਾਂ ਕਿਹਾ ਕਿ ਚਾਰ ਸਾਲਾਂ ਤੋਂ ਨਿਰੰਤਰ ਆਪਣੀਆਂ ਬਰਤਾਨਵੀ
ਗੋਰੀਆਂ ਖਿਡਾਰਨਾਂ ਤੋਂ ਤਾਹਨੇ ਸੁਣਦੇ ਆ ਰਹੇ ਹਨ ਕਿ ਅਜਿਹੇ ਮੈਚ ਦਾ ਕੀ ਫਾਇਦਾ
ਜਿਸ ਬਾਰੇ ਉਹਨਾਂ ਨੂੰ ਸਿਰਫ ਖੇਡਣ ਤੋਂ ਬਿਨਾਂ ਕਿਸੇ ਹੋਰ ਗੱਲ ਦਾ ਪਤਾ ਹੀ ਨਹੀਂ
ਚਲਦਾ? ਖਿਡਾਰਨਾਂ ਦਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਗਿਲਾ ਜਾਇਜ ਸੀ ਕਿ ਜੇ
ਕਿਸੇ ਅੰਕ ਸੰਬੰਧੀ ਅੰਗਰੇਜੀ 'ਚ ਰੈਫਰੀ ਨਾਲ ਇਤਰਾਜ ਕੀਤਾ ਜਾਂਦਾ ਹੈ ਤਾਂ ਉਹ
ਅੰਗਰੇਜੀ ਬੋਲਣ ਸਮਝਣ ਤੋਂ ਅਸਮਰੱਥ ਹੋਣ ਕਾਰਨ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਸ
ਤੋਂ ਇਲਾਵਾ ਅਸ਼ੋਕ ਦਾਸ ਨੇ ਇੰਗਲੈਂਡ ਪਾਕਿਸਤਾਨ ਮੈਚ ਦੌਰਾਨ ਪਏ ਰੌਲੇ ਦੌਰਾਨ
"ਰਾਖਵੇਂ ਰੱਖੇ ਅੰਕ" ਬਾਰੇ ਵਿਅੰਗ ਕਰਦਿਆਂ ਕਿਹਾ ਕਿ ਉਹਨਾਂ ਦੀ ਟੀਮ ਇੰਗਲੈਂਡ
ਪਹੁੰਚ ਕੇ ਵੀ ਉਸ ਅੰਕ ਦੇ ਫੈਸਲੇ ਬਾਰੇ ਉਡੀਕ ਕਰ ਰਹੇ ਹਨ ਜਿਹੜਾ ਪ੍ਰਬੰਧਕੀ
ਕਮੇਟੀ ਵੱਲੋਂ ਇਹ ਕਹਿ ਕੇ ਰਾਖਵਾਂ ਰੱਖਿਆ ਗਿਆ ਸੀ ਕਿ ਮੈਚ ਖਤਮ ਹੋਣ ਤੋਂ ਬਾਦ
ਫੈਸਲਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼ਾਇਦ ਇਸ ਵਾਰ ਦੇ ਕੱਪ ਦੌਰਾਨ ਲਏ
ਫੈਸਲੇ ਦੁਨੀਆ ਭਰ ਦੇ ਖੇਡ ਮੇਲਿਆਂ 'ਚੋਂ ਵਿਲੱਖਣ ਹੋਣਗੇ ਜਿਹੜੇ ਵਿਸ਼ਵ ਕੱਪ ਦੇ
ਨਾਂ 'ਤੇ ਹਾਸੋਹੀਣੇ ਜਾਪਦੇ ਹਨ।
ਜਿਕਰਯੋਗ ਹੈ ਕਿ ਸ੍ਰੀ ਅਸ਼ੋਕ ਦਾਸ ਅਤੇ ਉਹਨਾਂ ਦੀ ਟੀਮ ਨੇ ਵਿਸ਼ਵ ਕੱਪ
ਦੌਰਾਨ ਹੀ ਪਾਕਿਸਤਾਨ ਟੀਮ ਵਿੱਚ 2 ਖੁਸਰੇ ਖਿਡਾਰੀਆਂ ਦੇ ਖੇਡਦੇ ਹੋਣ ਦਾ ਦਾਅਵਾ
ਕੀਤਾ ਸੀ ਪਰ ਉਹਨਾਂ ਦੀ ਇਸ ਇਤਰਾਜ਼ ਨੂੰ ਵੀ ਖੂਹ-ਖਾਤੇ ਹੀ ਪਾ ਦਿੱਤਾ ਗਿਆ।
ਜਦੋਂਕਿ ਕਿ ਖੇਡਾਂ ਸੰਬੰਧੀ ਨਿਯਮ ਬੋਲਦੇ ਹਨ ਕਿ ਕੁੜੀਆਂ ਹੀ ਕੁੜੀਆਂ ਨਾਲ ਅਤੇ
ਮੁੰਡੇ ਹੀ ਮੁੰਡਿਆਂ ਨਾਲ ਖੇਡ ਸਕਦੇ ਹਨ। ਸ੍ਰੀ ਦਾਸ ਨੇ ਅਰਜੋਈ ਕਰਦਿਆਂ ਕਿਹਾ ਕਿ
ਸਾਡਾ ਘਾਟਾਂ ਨੂੰ ਅੱਗੇ ਲਿਆਉਣ ਦਾ ਮਕਸਦ ਹੀ ਉਲੰਪਿਕ ਦੇ ਰਾਹ ਦਾ ਸਫਰ ਘੱਟ ਕਰਨਾ
ਹੈ। ਕਿਉਂਕਿ ਉਲੰਪਿਕ ਅਤੇ ਕਾਮਨਵੈਲਥ ਦੀ ਨਜ਼ਰ ਵੀ ਕਬੱਡੀ ਖੇਡ ਉੱਪਰ ਟਿਕੀ ਹੋਈ
ਹੈ ਪਰ ਜਿੰਨੀਆਂ ਘਾਟਾਂ ਤਰੁੱਟੀਆਂ ਜਿਆਦਾ ਹੋਣਗੀਆਂ ਓਨੀ ਹੀ ਕਬੱਡੀ ਉਲੰਪਿਕ ਤੋਂ
ਦੂਰ ਹੁੰਦੀ ਜਾਵੇਗੀ।
ਵਿਸ਼ਵ ਕੱਪ ਦੌਰਾਨ ਵਿਦੇਸ਼ੀ ਖਿਡਾਰੀਆਂ ਨੂੰ ਦਿੱਤੀਆਂ ਸਹੂਲਤਾਂ ਦਾ ਜਿ਼ਕਰ
ਕਰਦਿਆਂ ਕਿਹਾ ਕਿ ਜੇਕਰ ਅਸੀਂ ਕਿਸੇ ਵਿਦੇਸ਼ੀ ਟੀਮ ਨੂੰ ਆਪਣੇ ਵਤਨ 'ਚ ਖੇਡਣ ਦਾ
ਸੱਦਾ ਦਿੰਦੇ ਹਾਂ ਤਾਂ ਜਰੂਰੀ ਹੈ ਕਿ ਉਹਨਾਂ ਨੂੰ ਵਿਦੇਸ਼ਾਂ ਦੇ ਪੱਧਰ ਦੀਆਂ
ਸਹੂਲਤਾਂ ਵੀ ਮੁਹੱਈਆ ਕਰਵਾਉਣ। ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਹੋਟਲਾਂ ਤੋਂ
ਕਬੱਡੀ ਮੈਦਾਨਾਂ ਵੱਲ ਨੂੰ ਜਾਂਦਿਆਂ ਵਿਦੇਸ਼ੀ ਖਿਡਾਰਨਾਂ ਦੀਆਂ ਗੱਡੀਆਂ ਦੇ
ਕਾਫਲੇ ਨਾਲ ਜੰਗਲ-ਪਾਣੀ ਜਾਣ ਬਾਰੇ ਵੀ ਕੋਈ ਸਹੂਲਤ ਨਹੀਂ ਸੀ। ਉਹ ਨਿੱਜੀ ਜ਼ੋਖਮ
ਉਠਾ ਕੇ ਉਹਨਾਂ ਨੂੰ ਕਦੇ ਕਿਸੇ ਪੁਲਿਸ ਥਾਣੇ ਜਾਂ ਕਿਸੇ ਦੇ ਘਰ ਲਿਜਾਂਦੇ ਰਹੇ
ਹਨ। ਅਜਿਹੀਆਂ ਘਾਟਾਂ ਹੀ ਸਾਡੀ ਮਹਿਮਾਨ-ਨਿਵਾਜੀ 'ਚ ਰਹੀਆਂ ਘਾਟਾਂ ਦਾ ਮਜ਼ਾਕ
ਉੱਡਣ ਦਾ ਕਾਰਨ ਬਣਦੀਆਂ ਹਨ। ਅਸ਼ੋਕ ਦਾਸ ਨੇ ਕਿਹਾ ਕਿ ਬੇਸ਼ੱਕ ਉਪ ਮੁੱਖ ਮੰਤਰੀ
ਸੁਖਬੀਰ ਬਾਦਲ ਦੀਆਂ ਕਬੱਡੀ ਪ੍ਰਤੀ ਸੋਚਾਂ ਉਚੇਰੀਆਂ ਹਨ ਪਰ ਜਿਆਦਾਤਰ ਸਿ਼ਕਾਇਤਾਂ
ਹੇਠਲੇ ਪੱਧਰ 'ਤੇ ਹੀ ਨੱਪ ਲਈਆਂ ਜਾਂਦੀਆਂ ਹਨ। ਜੇਕਰ ਇਸ ਮਾਮਲੇ 'ਚ ਪੰਜਾਬ
ਸਰਕਾਰ ਜਾਂ ਫੈਡਰੇਸ਼ਨ ਉਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੇ ਤਾਂ ਉਹ ਆਪਣੇ ਆਪ
ਨੂੰ ਖੁਸ਼ਕਿਸਮਤ ਸਮਝਣਗੇ। ਜੇਕਰ ਇਹੀ ਤਰੁੱਟੀਆਂ ਆਉਣ ਵਾਲੇ ਵਿਸ਼ਵ ਕੱਪ 'ਚ
ਦੁਹਰਾਈਆਂ ਜਾਂਦੀਆਂ ਹਨ ਤਾਂ ਸੁਖਬੀਰ ਬਾਦਲ ਵੀ ਇਹ ਨਾ ਸਮਝਣ ਕਿ ਕਬੱਡੀ ਦੀ
ਉਲੰਪਿਕ ਵਾਲੀ ਦਿੱਲੀ ਨੇੜੇ ਹੀ ਹੈ। ਸਗੋਂ ਇਹ ਸੋਚ ਲੈਣ ਕਿ ਉਹ ਦਿੱਲੀ ਤਾਂ ਅਜੇ
ਵਸੀ ਹੀ ਨਹੀਂ ਹੈ।
ਵਿਸ਼ਵ ਕਬੱਡੀ ਕੱਪ ਵੀਡੀਓ:
http://www.kabaddi.co/
|