ਫ਼ਿਨਲੈੰਡ 8 ਜੁਲਾਈ 2014 (ਵਿੱਕੀ ਮੋਗਾ) ਜਿਥੇ ਬ੍ਰਾਜ਼ੀਲ ਵਿੱਚ ਫ਼ੀਫ਼ਾ ਵਿਸ਼ਵ
ਕੱਪ ਪੂਰੇ ਜੋਬਨ ਤੇ ਹੈ ਇਸੇ ਤਰਾਂ ਫ਼ਿਨਲੈੰਡ ਦੀ ਰਾਜਧਾਨੀ ਹੇਲਸਿੰਕੀ ਵਿੱਚ
ਅੱਜਕੱਲ ਫੁੱਟਬਾਲ ਦੇ ਰੰਗ ਵਿੱਚ ਰੰਗੀ ਹੋਈ ਹੈ।
ਚਾਰੇ ਪਾਸੇ ਹੇਲਸਿੰਕੀ ਦੀਆਂ ਸੜਕਾਂ, ਬੱਸਾਂ ਅਤੇ ਟ੍ਰੇਨਾਂ ਵਿੱਚ ਰੰਗ ਬਿਰੰਗੀਆਂ
ਵਰਦੀਆਂ ਵਿੱਚ 8 ਸਾਲ ਤੋ 17 ਸਾਲ ਤੱਕ ਦੀ ਉਮਰ ਦੇ ਫ਼ੁੱਟਬਾਲ ਖਿਡਾਰੀ ਹੀ ਨਜ਼ਰ ਆ
ਰਹੇ ਹਨ। ਹੇਲਸਿੰਕੀ ਦੇ ਖੇਡ ਮੈਦਾਨ ਫ਼ੁੱਟਬਾਲ ਦੇ ਜੂਨੀਅਰ ਖਿਡਾਰੀਆਂ ਨਾਲ ਭਰੇ
ਹੋਏ ਨਜ਼ਰ ਆ ਰਹੇ ਹਨ।
ਹੇਲਸਿੰਕੀ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਹੇਲਸਿੰਕੀ ਫੁੱਟਬਾਲ ਕੱਪ 7
ਜੁਲਾਈ ਤੋਂ 12 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਾਲ ਕੱਪ ਵਿੱਚ ਫ਼ਿਨਲੈੰਡ
ਸਮੇਤ 10 ਦੇਸ਼ਾਂ ਦੀਆਂ ਟੀਮਾਂ ਜਿਨ੍ਹਾਂ ਵਿੱਚ ਬ੍ਰਾਜ਼ੀਲ, ਆਸਟਰੀਆ, ਬੇਲਾਰੂਸ,
ਇਸਟੋਨੀਆ,ਫਰਾਂਸ, ਭਾਰਤ, ਇਟਲੀ, ਰੂਸ ਅਤੇ ਸਵੀਡਨ
ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਕੱਪ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ 8
ਸਾਲ ਤੋ ਲੈਕੇ 17 ਸਾਲ ਤੱਕ ਦੇ ਲੜਕੇ ਅਤੇ ਲੜਕੀਆਂ 14 ਅਲੱਗ-ਅਲੱਗ ਉਮਰ ਦੇ
ਵਰਗਾਂ ਵਿੱਚ ਹਿੱਸਾ ਲੈਂਦੇ ਹਨ। ਇਸ ਵਾਰ ਹੇਲਸਿੰਕੀ ਕੱਪ ਵਿੱਚ 10 ਦੇਸ਼ਾਂ ਤੋਂ
ਲੱਗਭਗ 1050 ਕਲੱਬਾਂ ਵਿੱਚ 15000 ਤੋਂ ਜਿਆਦਾ ਲੜਕੀਆਂ ਅਤੇ ਲੜਕੇ ਹਿੱਸਾ ਲੈ
ਰਹੇ ਹਨ। ਇਸ ਕੱਪ ਦਾ ਮੁੱਖ ਉਦੇਸ਼ ਜੂਨੀਅਰ ਪੱਧਰ ਦੇ ਖਿਡਾਰੀਆਂ ਨੂੰ ਫੁੱਟਬਾਲ
ਵੱਲ ਖਿਚਣਾ ਹੈ।
ਇਸ ਕੱਪ ਨੂੰ ਨੇਪਰੇ ਚਾੜਨ ਲਈ ਹੇਲਸਿੰਕੀ ਵਿੱਚ ਲੱਗਭੱਗ 50 ਫੁੱਟਬਾਲ
ਗਰਾਉਂਡਾਂ ਵਿੱਚ ਮੈਚ ਕਰਵਾਏ ਜਾ ਰਹੇ ਹਨ। ਭਾਰਤ ਦੀਆਂ ਦੋ ਫੁੱਟਬਾਲ ਕਲੱਬਾਂ
ਹਿੱਸਾ ਲੈ ਰਹੀਆਂ ਹਨ ਜਿਨਾਂ ਵਿਚੋਂ ਇੱਕ ਟੀਮ ਲੜਕੇ 15 ਸਾਲ ਗਰੁੱਪ ਅਤੇ ਦੂਜੀ
ਟੀਮ 17 ਸਾਲ ਲੜਕੇ ਗਰੁੱਪ ਵਿੱਚ ਹਿੱਸਾ ਲੈ ਰਹੀ ਹੈ। ਗੌਰਤਲਬ ਹੈ ਕਿ ਫ਼ਿਨਲੈੰਡ
ਦੀਆਂ ਫੁੱਟਬਾਲ ਕਲੱਬਾਂ ਵਲੋਂ ਕਈ ਪੰਜਾਬੀ ਮੁੰਡੇ ਅਤੇ ਕੁੜੀਆਂ ਵੀ ਹਿੱਸਾ ਲੈ
ਰਹੀਆਂ ਹਨ। ਫ਼ਿਨਲੈੰਡ ਦੀ ਕਲੱਬ ਪੀ.ਪੀ.ਈਗਲ ਦੀ ਟੀਮ ਵਲੋਂ ਪੰਜਾਬੀ ਮੁੰਡਾ
ਜੋਬਨਵੀਰ ਸਿੰਘ ਖਹਿਰਾ ਅਤੇ ਵਾਨਤਾ ਫ਼ੁੱਟਬਾਲ ਕਲੱਬ ਦੇ ਵੱਖ-ਵੱਖ਼ ਗਰੁੱਪਾਂ ਵਿੱਚ
ਮਨਕਰਨ ਸਿੰਘ ਸਹੋਤਾ, ਮਨਰਾਜ਼ ਸਿੰਘ ਸਹੋਤਾ, ਪਰਮਪ੍ਰੀਤ ਸਿੰਘ ਗਿੱਲ ਅਤੇ ਗੁਰਦਿੱਤ
ਸਿੰਘ ਗਿੱਲ ਹੋਣੀ ਜ਼ੋਰ ਅਜ਼ਮਾ ਰਹੇ ਹਨ।
ਵਿੱਕੀ ਮੋਗਾ (ਫ਼ਿੰਨਲੈਂਡ)
Bikramjit Singh (vicky moga)
vickymoga@hotmail.com
+358 503065677
Finland.
|