ਲਿਓਨਲ ਮੈਸੀ ਫ਼ੁੱਟਬਾਲ ਜਗਤ ਦਾ ਇੱਕ ਅਜਿਹਾ ਸਿਤਾਰਾ ਹੈ ਜੋ ਕਿਸੇ ਜਾਣ-
ਪਹਿਚਾਣ ਦਾ ਮੋਹਤਾਜ਼ ਨਹੀਂ ਹੈ। ਉਸਦਾ ਨਾਮ ਹੀ ਆਪਣੇ ਆਪ ਸਾਰਾ ਕੁਝ ਦੱਸ ਦਿੰਦਾ
ਹੈ। ਲਿਓਨਲ ਮੈਸੀ ਦਾ ਪੂਰਾ ਨਾਂ ਲਿਓਨ ਐਂਡਰਿਸ ਮੈਸੀ ਹੈ। ਉਸ ਦਾ ਜਨਮ 24 ਜੂਨ
1987 ’ਚ ਅਰਜਨਟੀਨਾ ਦੇ ਖ਼ੂਬਸੂਰਤ ਸ਼ਹਿਰ ਰੋਸਾਰੀਓ ਵਿਖੇ ਹੋਇਆ। ਲਿਓਨਲ ਮੈਸੀ
ਖੱਬੇ ਪੈਰ ਨਾਲ ਖੇਡਣ ਵਾਲਾ ਫੁੱਟਬਾਲ ਦਾ ਜਾਦੂਗਰ ਦੁਨੀਆਂ ਦਾ ਸਭ ਤੋਂ
ਤੇਜ਼-ਤਰਾਰ ਖਿਡਾਰੀ ਹੈ। 5 ਫੁੱਟ 7 ਇੰਚ ਕੱਦ ਅਤੇ 67 ਕਿਲੋ ਭਾਰ ਵਾਲੇ ਇਸ
ਫੁੱਟਬਾਲਰ ਨੂੰ ਬਚਪਨ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਸੀ ਦਾ
ਪਿਤਾ ਜਾਰਜ ਮੈਸੀ ਅਰਜਨਟੀਨਾ ਦੀ ਫੈਕਟਰੀ ’ਚ ਇੱਕ ਮਜ਼ਦੂਰ ਦੇ ਤੌਰ ’ਤੇ ਕੰਮ
ਕਰਦਾ ਸੀ। ਜਦ ਮੈਸੀ 9 ਸਾਲ ਦੀ ਉਮਰ ਵਿੱਚ ਫੁੱਟਬਾਲ ਖੇਡਦਾ ਸੀ ਤਾਂ ਲੋਕ ਹੈਰਾਨ
ਰਹਿ ਜਾਂਦੇ ਸਨ।
ਮਹਿਜ਼ 11 ਸਾਲ ਦੀ ਉਮਰ ਵਿੱਚ ਮੈਸੀ ਨੂੰ `ਗਰੋਥ ਹਾਰਮੋਨਜ਼` ਨਾਮ ਦੀ ਬਿਮਾਰੀ
ਲੱਗ ਗਈ। ਡਾਕਟਰਾਂ ਦੇ ਮੁਤਾਬਿਕ ਜੇਕਰ ਉਸਦਾ ਇਲਾਜ਼ ਜਲਦੀ ਨਾ ਕਰਵਾਇਆ ਗਿਆ ਤਾਂ
ਉਸਦੇ ਸਰੀਰ ਦਾ ਵਿਕਾਸ ਰੁੱਕ ਜਾਵੇਗਾ। ਇਸਦਾ ਇਲਾਜ਼ ਵੀ ਬਹੁਤ ਦੁੱਖਦਾਇਕ ਸੀ,
ਉਸਨੂੰ ਰੋਜ਼ ਆਪਣੇ ਪੱਟਾਂ ਤੇ ਟੀਕੇ ਲਗਵਾਉਣੇ ਪੈਂਦੇ ਸਨ। ਇਲਾਜ਼ ਦੇ ਬਾਵਜੂਦ ਵੀ
ਮੈਸੀ ਦਾ ਕੱਦ ਆਪਣੇ ਦੂਸਰੇ ਸਾਥੀਆਂ ਤੋਂ ਛੋਟਾ ਰਹੀ ਗਿਆ। ਇਸ ਇਲਾਜ਼ ਦਾ ਖ਼ਰਚਾ ਵੀ
ਬਹੁਤ ਮਹਿੰਗਾ ਸੀ। ਪਰ ਮੈਸੀ ਦੇ ਪਿਤਾ ਜ਼ਾਰਜ ਨੂੰ ਪਤਾ ਚੱਲਿਆ ਕੀ ਸਪੇਨ ਦਾ ਕੋਈ
ਕਲੱਬ ਫ਼ੁੱਟਬਾਲ ਖੇਡਣ ਵਾਲੇ ਗਰੀਬ ਖਿਡਾਰੀਆਂ ਦਾ ਇਲਾਜ਼ ਕਰਉਂਦਾ ਹੈ ਤਾਂ ਜਾਰਜ਼
ਮੈਸੀ ਨੂੰ ਲੈਕੇ ਸਪੇਨ ਆ ਗਏ ਜਿਥੇ ਬਾਰਸੀਲੋਨਾ ਕਲੱਬ ਨੇ ਸੱਭ ਤੋਂ ਪਹਿਲਾਂ ਮੈਸੀ
ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸਦਾ ਇਲਾਜ ਵੀ ਕਰਵਾਇਆ। ਜਿਥੇ 2004 ਵਿੱਚ ਮੈਸੀ
ਨੇ ਆਪਣਾ ਪਹਿਲਾ ਕਲੱਬ ਮੈਚ ਲਾ ਲਿਗਾ ਸਪੈਨਿਸ਼ ਲੀਗ ’ਚ ਇਸਪਯੋਲ ਦੇ
ਵਿਰੁੱਧ ਖੇਡਿਆ। ਸਪੈਨਿਸ਼ ਲੀਗ ’ਚ ਖੇਡਣ ਵਾਲਾ ਉਹ ਦੁਨੀਆਂ ਦਾ ਸਭ ਤੋਂ ਛੋਟੀ
ਉਮਰ ਦਾ ਖਿਡਾਰੀ ਬਣਿਆ। ਮੈਸੀ ਨੇ ਬਾਰਸੀਲੋਨਾ ਵਲੋਂ ਪੱਕੇ ਤੌਰ ਤੇ ਖੇਡਣ ਦਾ
ਕਰਾਰ ਕਰਕੇ ਕਲੱਬ ਵਲੋਂ ਕੀਤੇ ਹੋਏ ਅਹਿਸਾਨ ਦਾ ਕਰਜ਼ ਉਤਾਰਨ ਦਾ ਫ਼ੈਸਲਾ ਲਿਆ।
ਕਲੱਬ ਨਾਲ ਮੈਸੀ ਦਾ ਪਹਿਲਾ ਕਰਾਰਨਾਮਾ ਨੇਪਕਿਨ ਪੇਪਰ ਤੇ ਹੋਇਆ ਸੀ।
ਮੈਸੀ ਦਾ 2005 ਵਿੱਚ ਹਾਲੈਂਡ ਵਿਖੇ ਖੇਡੀ ਗਈ ਵਰਲਡ ਯੂਥ ਚੈਂਪੀਅਨਸ਼ਿਪ ’ਚ
ਅਰਜਨਟੀਨਾ ਨੂੰ ਚੈਂਪੀਅਨ ਬਣਾਉਣ ਵਿੱਚ ਭਰਪੂਰ ਯੋਗਦਾਨ ਰਿਹਾ। ਉਸ ਨੇ ਟੂਰਨਾਮੈਂਟ
’ਚ ਸਭ ਤੋਂ ਵੱਧ ਛੇ ਗੋਲ ਕਰਕੇ ਗੋਲਡਨ ਬੂਟ ਦਾ ਖਿਤਾਬ ਹਾਸਲ ਕੀਤਾ। ਇਸ ਤੋਂ
ਬਾਅਦ ਮੈਸੀ ਅਰਜਨਟੀਨਾ ਦੀ ਸੀਨੀਅਰ ਟੀਮ ਵੱਲੋਂ ਲਗਾਤਾਰ ਖੇਡਦਾ ਆ ਰਿਹਾ ਹੈ।
2007 ਦੇ ਕੋਪਾ ਕੱਪ ਵਿੱਚ ਮੈਸੀ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ
ਚੁਣਿਆ ਗਿਆ। ਮੈਸੀ ਮੈਦਾਨ ਵਿੱਚ ਅਨੁਸਾਸ਼ਨ ਦਾ ਬਹੁਤ ਪੱਕਾ ਸੀ। ਉਹ ਸਭ ਤੋਂ
ਪਹਿਲਾਂ ਮੈਦਾਨ ਵਿੱਚ ਪੁੱਜਦਾ ਅਤੇ ਸਭ ਤੋਂ ਬਾਅਦ ਮੈਦਾਨ ਵਿਚੋਂ ਜਾਂਦਾ। ਕੱਦ
ਵਿੱਚ ਛੋਟਾ ਹੋਣ ਕਾਰਣ ਮੈਸੀ ਹੈਡਰ ਲਾਉਣ 'ਚ ਸਾਥੀ ਖਿਡਾਰੀਆਂ ਤੋਂ ਪਿਛੇ ਰਹੀ
ਜਾਂਦਾ ਪਰ ਉਸਦੀ ਰਫ਼ਤਾਰ ਅਤੇ ਉਸਦਾ ਫੁਰਤੀਲਾਪਣ ਉਸਦੀ ਅਸਲੀ ਤਾਕਤ ਬਣ ਗਈ। ਇੱਕ
ਵਾਰ ਮੈਚ ਦੌਰਾਨ ਮੈਸੀ ਬਾਥਰੂਮ ਵਿੱਚ ਬੰਦ ਹੋ ਗਏ। ਅੱਧ ਸਮੇਂ ਤੱਕ ਓਹਨਾਂ ਦੀ
ਟੀਮ 1-0 ਨਾਲ ਪਿਛੇ ਚੱਲ ਰਹੀ ਸੀ ਪਰ ਉਹ ਸ਼ੀਸ਼ਾ ਤੋੜਕੇ ਬਾਰੀ ਰਾਹੀਂ ਮੈਦਾਨ ਵਿੱਚ
ਪੁੱਜੇ ਤਾਂ ਤਿੰਨ ਗੋਲ ਕਰਕੇ ਟੀਮ ਨੂੰ 3-1 ਨਾਲ ਜਿਤਾਇਆ ਸੀ। ਜੇ ਮੈਸੀ ਦੇ ਕਲੱਬ
ਕਰੀਅਰ ’ਤੇ ਝਾਤ ਮਾਰੀਏ ਤਾਂ ਦੁਨੀਆਂ ਦਾ ਕੋਈ ਵੀ ਖਿਡਾਰੀ ਉਸ ਦਾ ਮੁਕਾਬਲਾ ਕਰਦਾ
ਦਿਖਾਈ ਨਹੀਂ ਦਿੰਦਾ।
2006 ਦੀ ਚੈਂਪੀਅਨ ਲੀਗ ’ਚ ਮੈਸੀ ਨੇ ਆਪਣੇ ਕਲੱਬ ਬਾਰਸੀਲੋਨਾ ਲਈ ਰਿਕਾਰਡ 14
ਗੋਲ ਕਰਕੇ ਚੈਂਪੀਅਨ ਲੀਗ ਦੇ ਇੱਕ ਹੀ ਸੀਜ਼ਨ ’ਚ ਡਿਆਗੋ ਮੈਰਾਡੋਨਾ ਦੇ 14 ਗੋਲਾਂ
ਦੀ ਬਰਾਬਰੀ ਕਰਕੇ ਦੁਨੀਆਂ ਨੂੰ ਦਰਸਾ ਦਿੱਤਾ ਕਿ ਉਹ ਐਵੇਂ ਨੀਂ ਮੈਰਾਡੋਨਾ ਦਾ
ਉਤਰਾਧਿਕਾਰੀ ਅਖਵਾਉਂਦਾ। 18 ਅਪਰੈਲ 2007 ਨੂੰ ਮੈਸੀ ਨੇ ਸੈਮੀ ਫਾਈਨਲ ਮੁਕਾਬਲੇ
ਵਿੱਚ ਗੇਟੇਫ ਦੇ ਖ਼ਿਲਾਫ਼ ਦੋ ਗੋਲ ਕੀਤੇ। ਮੈਸੀ ਦੀ ਸ਼ਾਨਦਾਰ ਖੇਡ ਦੀ ਬਦੌਲਤ
ਬਾਰਸੀਲੋਨਾ ਨੇ ਸਪੈਨਿਸ਼ ਲੀਗ ਨੂੰ 2005, 2006, 2009, 2010 ਅਤੇ 2011 ਵਿੱਚ
ਜਿੱਤਿਆ। ਚੈਂਪੀਅਨ ਲੀਗ ਦੇ ਪਿਛਲੇ ਚਾਰ ਸੀਜ਼ਨਾਂ ’ਚ ਮੈਸੀ ਟੋਪ ਸਕੋਰਰ ਬਣਦਾ ਆ
ਰਿਹਾ ਹੈ। ਚੈਂਪੀਅਨ ਲੀਗ ਦੇ ਇੱਕ ਮੈਚ ਵਿੱਚ ਪੰਜ ਗੋਲ ਕਰਨ ਵਾਲਾ ਮੈਸੀ ਦੁਨੀਆਂ
ਦਾ ਇੱਕੋ-ਇੱਕ ਖਿਡਾਰੀ ਹੈ। 2009, 2010 ਅਤੇ 2011 ਵਿੱਚ ਮੈਸੀ ਵਰਲਡ ਫੀਫਾ
ਪਲੇਅਰ ਆਫ ਦਿ ਯੀਅਰ ਚੁਣਿਆ ਗਿਆ। ਉਹ ਲਗਾਤਾਰ ਤਿੰਨ ਵਾਰ ਇਹ ਸਨਮਾਨ ਹਾਸਲ ਕਰਨ
ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ ਬਣਿਆ। ਇੱਕ ਸਾਲ ਦੇ ਕਲੱਬ ਕਰੀਅਰ ’ਚ ਗੋਲ ਕਰਨ
ਦੇ ਮਾਮਲੇ ਵਿੱਚ ਤਾਂ ਮੈਸੀ ਨੇ ਫੁੱਟਬਾਲ ਦੇ ਬਾਦਸ਼ਾਹ ਪੇਲੇ ਅਤੇ ਬਾਇਰਨ ਮਿਊਨਿਖ
ਦੇ ਗਰਡ ਮਿਊਲਰ ਨੂੰ ਵੀ ਮਾਤ ਪਾ ਦਿੱਤੀ। 27 ਅਕਤੂਬਰ 2012 ਨੂੰ ਰਾਓ ਵਾਲੇਕਾਨੋ
ਵਿਰੁੱਧ ਦੋ ਗੋਲ ਕਰਕੇ ਆਪਣੇ ਕਰੀਅਰ ਵਿੱਚ 300 ਗੋਲਾਂ ਦਾ ਅੰਕੜਾ ਛੂਹ ਲਿਆ। ਉਸ
ਨੇ ਹੁਣ ਤਕ ਬਾਰਸੀਲੋਨਾ ਦੀ ਤਰਫ਼ੋਂ 270 ਜਦੋਂਕਿ ਅਰਜਨਟੀਨਾ ਦੀ ਤਰਫ਼ੋਂ ਖੇਡਦੇ
ਹੋਏ 31 ਗੋਲ ਕੀਤੇ ਹਨ। ਆਪਣੀ ਗਰੀਬੀ ਅਤੇ ਬਿਮਾਰੀ ਦੇ ਦੌਰ ਵਿੱਚ ਉਸਦਾ ਇਲਾਜ਼
ਕਰਵਾਉਣ ਵਾਲੇ ਬਾਰਸੀਲੋਨਾ ਕਲੱਬ ਦਾ ਕਰਜ਼ ਅੱਜ ਵੀ ਮੈਸੀ ਕਲੱਬ ਵਲੋਂ ਖੇਡ ਕੇ
ਉਤਾਰ ਰਿਹਾ ਹੈ। ਫੁੱਟਬਾਲ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਲਿਓਨਲ
ਮੈਸੀ ਅਰਜਨਟੀਨਾ ਨੂੰ ਇੱਕ ਵਾਰ ਫਿਰ ਵਿਸ਼ਵ ਚੈਂਪੀਅਨ ਬਣਾਉਣ ਦਾ ਸੁਫ਼ਨਾ ਸੰਜੋਈ
ਬੈਠਾ ਹੈ। ਜੇ ਉਸ ਨੂੰ ਆਪਣੇ ਸਾਥੀ ਖਿਡਾਰੀਆਂ ਦਾ ਵਧੀਆ ਸਹਿਯੋਗ ਮਿਲਿਆ ਤਾਂ ਉਸ
ਦਾ ਇਹ ਸੁਫ਼ਨਾ ਵੀ ਜਲਦ ਹੀ ਪੂਰਾ ਹੋ ਜਾਵੇਗਾ।
ਫ਼ੁੱਟਬਾਲ ਦੇ ਇਸ ਮਹਾਨ ਸਿਤਾਰੇ ਮੈਸੀ ਨੂੰ ਉਸਦੇ ਜਨਮਦਿਨ ਅਤੇ ਬ੍ਰਾਜ਼ੀਲ 'ਚ
ਹੋ ਰਹੇ ਵਿਸ਼ਵ ਕੱਪ ਲਈ ਸ਼ੁਭਕਾਮਨਾਵਾਂ ।
ਵਿੱਕੀ ਮੋਗਾ (ਫ਼ਿੰਨਲੈਂਡ)
Bikramjit Singh (vicky moga)
vickymoga@hotmail.com
+358 503065677
Finland. |