|
ਧਰਮਵੀਰ ਸਿੰਘ |
ਬੇਸ਼ੱਕ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਹੋਣ ਦਾ ਮਾਣ ਪ੍ਰਾਪਤ ਹੈ ਪਰ ਇਹ
ਮਾਣ ਅਸਲ ਵਿੱਚ ਕਾਗਜ਼ਾਂ ਦੀ ਹਿੱਕ ’ਤੇ ਖੁਣਿਆ ਹੀ ਰਹਿ ਗਿਆ ਹੈ। ਜਿਹੜਾ ਮਾਣ ਇੱਕ
ਰਾਸ਼ਟਰੀ ਖੇਡ ਨੂੰ ਮਿਲਣਾ ਚਾਹੀਦਾ ਸੀ, ਉਹ ਮਾਣ ਪੈਸੇ ਦੀ ਹਨੇਰੀ ਨੇ ਕ੍ਰਿਕਟ
ਵਰਗੀ ਖੇਡ ਦੀ ਝੋਲੀ ਪਾ ਦਿੱਤਾ ਹੈ। ਜੀ ਹਾਂ, ਹਾਕੀ ਦੀ ਤ੍ਰਾਸਦੀ ਹੀ ਇਹ ਰਹੀ ਹੈ
ਕਿ ਨਾ ਤਾਂ ਸਰਕਾਰਾਂ ਨੇ ਹੀ ਹਾਕੀ ਦੇ ਮਾਣ ਸਨਮਾਨ ਬਣਾਈ ਰੱਖਣ ਲਈ ਕੋਈ ਠੋਸ
ਉਪਰਾਲਾ ਕੀਤਾ ਅਤੇ ਨਾ ਹੀ ਮੀਡੀਆ ਨੇ ਆਪਣਾ ਫ਼ਰਜ਼ ਦਿਲੋਂ ਨਿਭਾਇਆ। ਮਾਇਆ ਦੀ ਖੇਡ
ਹੀ ਕਹਿ ਲਓ ਕਿ ਇਲੈਕਟ੍ਰਾਨਿਕ ਮੀਡੀਆ ਨੇ ਲੋਕਾਂ ਨੂੰ ਧੱਕੇ ਨਾਲ ਸਰਮਾਏਦਾਰ ਵਰਗ
ਦੇ ਉਤਪਾਦਾਂ ਦੀਆਂ ਮਸ਼ਹੂਰੀਆਂ ਦਿਖਾ ਕੇ ਖੁਦ ਵੀ ਮਾਲਾਮਾਲ ਹੋਣਾ ਹੁੰਦਾ ਹੈ।
ਮੀਡੀਆ ਦੀ ਮਜ਼ਬੂਰੀ ਇਹ ਹੈ ਕਿ ਉਸਨੇ ਵੀ ਆਪਣੀ ਮਾਇਆ ਦੇ ਗੱਫਿਆਂ ’ਚ ਨਿਰੰਤਰ
ਵਾਧਾ ਕਰਦੇ ਰਹਿਣ ਦੀ ਇੱਛਾ ਨਾਲ ਉਸ ਖੇਡ ਦੇ ਹੀ ਸੋਹਲੇ ਗਾਉਣੇ ਹੁੰਦੇ ਹਨ ਜਿਹੜੀ
ਦਰਸ਼ਕਾਂ ਨੂੰ ਜਿਆਦਾ ਲੰਮੀ ਦੇਰ ਤੱਕ ਲੋਕਾਂ ਨੂੰ ਆਪਣੇ ਨਾਲ ਬੰਨ੍ਹ ਕੇ ਰੱਖ ਸਕੇ।
ਜੁਆਕ ਦਾ ਪੱਜ ਤੇ ਮਾਂ ਦਾ ਰੱਜ ਵਾਲੀ ਕਹਾਵਤ ਵਾਂਗ ਮੀਡੀਆ ਨੂੰ ਸਿਰਫ ਤੇ ਸਿਰਫ
ਕ੍ਰਿਕਟ ਖੇਡ ਹੀ ਮਾਫਕ ਆਈ ਜਿਸ ਦੇ ਬਹਾਨੇ ਲੋਕਾਂ ਨੂੰ ਇੱਕ ਰੋਜਾ ਮੈਚ ਜਾਂ ਟੈਸਟ
ਲੜੀਆਂ ਦੇ ਨਾਂ ’ਤੇ ਕਈ ਕਈ ਦਿਨ ਧੱਕੇ ਨਾਲ ਲੋਕਾਂ ਨੂੰ ਬੰਨ੍ਹ ਕੇ ਬਿਠਾਇਆ ਜਾ
ਸਕਦਾ ਹੈ। ਜਿੰਨਾ ਲੰਮਾ ਸਮਾਂ ਖੇਡ ਚੱਲੇਗੀ, ਓਨੀਆਂ ਹੀ ਉਤਪਾਦਾਂ ਦੀਆਂ
ਮਸ਼ਹੂਰੀਆਂ ਦਿਖਾਈਆਂ ਜਾ ਸਕਣਗੀਆਂ ਅਤੇ ਓਨਾ ਹੀ ਚੈਨਲਾਂ ਦੀ ਕਮਾਈ ਵਾਲਾ ਮੀਟਰ
ਘੁੰਮੇਗਾ।
ਇਸ ਪੈਸੇ ਦੀ ਹਨੇਰੀ ’ਚ ਕਿਸੇ ਨੂੰ ਰਾਸ਼ਟਰੀ ਖੇਡ ਦੇ ਮਾਣ ਸਨਮਾਨ ਨਾਲ ਭਲਾ ਕੀ
ਵਾਸਤਾ? ਮੀਡੀਆ ਨੇ ਧਿਆਨ ਚੰਦ ਵਰਗੇ ਧਨੰਤਰ ਖਿਡਾਰੀਆਂ ਦੀ ਉਸ ਖੇਡ ਤੋਂ ਕੀ ਲੈਣੈ
ਜਿਹੜੀ ਮਹਿਜ ਘੰਟੇ ਡੇਢ ਘੰਟੇ ’ਚ ਹੀ ਜਿੱਤ ਹਾਰ ਨਾਲ ਦੁੱਧ ਦਾ ਦੁੱਧ ਤੇ ਪਾਣੀ
ਦਾ ਪਾਣੀ ਨਿਤਾਰ ਧਰਦੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਭਾਰਤ ਦੀ ਜਿਆਦਾਤਰ ਨਵੀਂ
ਪਨੀਰੀ ਤਾਂ ਕ੍ਰਿਕਟ ਨੂੰ ਹੀ ਰਾਸ਼ਟਰੀ ਖੇਡ ਸਮਝ ਰਹੀ ਹੋਵੇਗੀ। ਅੱਜ ਸਾਡੇ ਸਭ ਲਈ
ਚੁਣੌਤੀ ਹੈ ਕਿ ਭਾਰਤ ਦੀ ਹਾਕੀ ਟੀਮ ਵਿੱਚ ਪੰਜਾਬ ਦੀ ਹਿੱਸੇਦਾਰੀ ਕਦੇ ਵੀ ਘੱਟ
ਨਹੀਂ ਰਹੀ। ਪਰ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਵੀ ਸਰਕਾਰ ਜਾਂ ਮੀਡੀਆ ਵੱਲੋਂ
ਹਾਕੀ ਖੇਡ ਜਾਂ ਖਿਡਾਰੀਆਂ ਦੀ ਬਾਤ ਪਾਉਣੀ ਵੀ ਮੁਨਾਸਿਬ ਨਹੀਂ ਸਮਝੀ। ਇਹਨਾਂ
ਸਤਰਾਂ ਰਾਹੀਂ ਅਸੀਂ ਪ੍ਰਿੰਟ ਮੀਡੀਆ ਵਾਲੇ ਸੱਜਣਾਂ ਦੇ ਸਾਥ ਨਾਲ ਜਿਸ ਹੀਰੇ ਨੂੰ
ਤੁਹਾਡੀ ਕਚਿਹਰੀ ’ਚ ਹਾਜਰ ਕਰਨ ਲੱਗੇ ਹਾਂ ਉਹ ਹੈ ਪਿੰਡ ਖਹਿਰਾਬਾਦ ਤਹਿਸੀਲ ਤੇ
ਜਿਲ੍ਹਾ ਰੋਪੜ ’ਚ ਪਿਤਾ ਸ੍ਰæ ਸੁਖਦੇਵ ਸਿੰਘ ਅਤੇ ਮਾਤਾ ਸ੍ਰੀਮਤੀ ਲਾਭ ਕੌਰ ਦੇ
ਘਰ ਜਨਮੇ ਧਰਮਵੀਰ ਸਿੰਘ।
2006 ਤੋਂ ਅੰਤਰਰਾਸ਼ਟਰੀ ਹਾਕੀ ਖੇਡਦਿਆਂ ਧਰਮਵੀਰ ਉਲੰਪੀਅਨ ਧਰਮਵੀਰ ਸਿੰਘ ਦੇ
ਨਾਂ ਨਾਲ ਜਾਣਿਆ ਜਾਣ ਲੱਗਾ ਹੈ। 2006 ’ਚ ਅੰਡਰ 18 ਸਾਲਾ ਸਿੰਗਾਪੁਰ, ਜੂਨੀਅਰ
ਨੈਸ਼ਨਲ, ਸੀਨੀਅਰ ਨੈਸ਼ਨਲ, ਅੰਡਰ 18 ਛੇਵਾਂ ਨੈਸਨਲ ਹਾਕੀ ਟੂਰਨਾਮੈਂਟ ਸਿੰਗਾਪੁਰ,
ਅੰਡਰ 21 ਅੱਠਵਾਂ ਨੈਸ਼ਨਲ ਹਾਕੀ ਟੂਰਨਾਮੈਂਟ ਮਲੇਸ਼ੀਆ, ਪੀ ਐੱਚ ਐੱਲ ਚੰਡੀਗੜ੍ਹ
ਡਾਇਨਾਮੌਸ, ਅੰਡਰ 21 ਅਰਜਨਟਾਈਨਾ ਟੈਸਟ ਸੀਰੀਜ, ਯੂਥ ਉਲੰਪਿਕ ਆਸਟਰੇਲੀਆ,
ਜੂਨੀਅਰ ਵਰਲਡ ਕੱਪ ਸਿੰਗਾਪੁਰ, ਕੈਨੇਡਾ ਟੈਸਟ ਸੀਰੀਜ਼, ਸੈਫ ਗੇਮਜ਼ ਢਾਕਾ, ਹਮਬਰਗ
ਹਾਕੀ ਟੂਰਨਾਮੈਂਟ ਜਰਮਨੀ, ਬੈਲਜੀਅਮ ਟੈਸਟ ਸੀਰੀਜ਼, ਫਰਾਂਸ ਟੈਸਟ ਸੀਰੀਜ਼, ਹੌਲੈਂਡ
ਟੈਸਟ ਸੀਰੀਜ਼, ਕਾਮਨਵੈਲਥ ਗੇਮਜ਼ ਦਿੱਲੀ, ਏਸ਼ੀਅਨ ਗੇਮਜ਼ ਚੀਨ, ਦੋਹਾ ਏਸ਼ੀਅਨ
ਚੈਂਪੀਅਨ ਟ੍ਰਾਫ਼ੀ 2012 ਸਿਲਵਰ ਮੈਡਲ , ਚੈਂਪੀਅਨ ਟ੍ਰਾਫ਼ੀ ਆਸਟ੍ਰੇਲੀਆ 2012,
ਚੈਂਪੀਅਨ ਟ੍ਰਾਫ਼ੀ 2013,ਏਸ਼ੀਆ ਕੱਪ 2013 ਸਿਲਵਰ ਮੈਡਲ, ਪਹਿਲੀ ਵਿਸ਼ਵ ਹਾਕੀ ਲੀਗ
ਅਤੇ ਉਲੰਪਿਕ ਗੇਮਜ਼ ਲੰਡਨ ਵਿੱਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਚੁੱਕਾ
ਧਰਮਵੀਰ ਸਿੰਘ ਦੇ ਨਾਂ ਦੀ ਹਾਕੀ ਇੰਡੀਆ ਵੱਲੋਂ ਅਰਜਨ ਐਵਾਰਡ ਲਈ ਸਿਫਾਰਿਸ਼ ਕੀਤੀ
ਹੈ।
ਅੱਜਕੱਲ੍ਹ ਧਰਮਵੀਰ ਨੀਦਰਲੈਂਡ ’ਚ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਲਈ ਦਿੱਲੀ
ਵਿੱਚ ਚੱਲ ਰਹੇ ਅਭਿਆਸ ਕੈਂਪ ਵਿੱਚ ਆਪਣਾ ਪਸੀਨਾ ਵਹਾ ਰਿਹਾ ਹੈ। ਇਸ ਵੱਕਾਰੀ
ਪੁਰਸਕਾਰ ਦਾ ਮਿਲਣਾ ਇੱਕ ਖਿਡਾਰੀ ਲਈ ਸੁਪਨਾ ਹੁੰਦਾ ਹੈ। ਧਰਮਵੀਰ ਦੀ ਹਾਕੀ
ਪ੍ਰਤੀ ਲਗਨ ਅਤੇ ਤਨਦੇਹੀ ਨੂੰ ਦੇਖਦਿਆਂ ਸਾਡਾ ਸਭ ਦਾ ਫਰਜ਼ ਵੀ ਬਣਦਾ ਹੈ ਕਿ ਅਸੀਂ
ਵੀ ਆਪੋ ਆਪਣੇ ਪੱਧਰ ’ਤੇ ਅਜਿਹੇ ਅਣਥੱਕ ਖਿਡਾਰੀ ਨੂੰ ਅਰਜਨ ਐਵਾਰਡ ਦਿਵਾਉਣ ਲਈ
ਆਵਾਜ਼ ਬੁਲੰਦ ਕਰੀਏ ਤਾਂ ਜੋ ਕੋਈ ਵੀ ਮਿਹਨਤੀ ਖਿਡਾਰੀ ਨੂੰ ਮਾਯੂਸੀ ਦਾ ਸਾਹਮਣਾ
ਨਾ ਕਰਨਾ ਪਵੇ। ਬੇਸ਼ੱਕ ਹਾਕੀ ਅਤੇ ਹਾਕੀ ਖਿਡਾਰੀਆਂ ਨੂੰ ਸਮੇਂ ਸਮੇਂ ’ਤੇ ਬਹੁਤ
ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਸੁਹਿਰਦ ਲੋਕ ਹਾਕੀ
ਦੇ ਹੱਕ ਵਿੱਚ ਡਟ ਜਾਣ ਤਾਂ ਕਲਮਾਂ ਦਾ ਕਾਫਲਾ ਹਾਕੀ ਅਤੇ ਖਿਡਾਰੀਆਂ ਨੂੰ ਮੁੜ
ਲੋਕਾਂ ਦਾ ਚਹੇਤਾ ਬਣਾ ਸਕਦਾ ਹੈ। ਆਓ, ਸਾਰੇ ਰਲ ਕੇ ਬਗੈਰ ਕਿਸੇ ਹੋਰ ਵੱਲ
ਦੇਖਿਆਂ ਆਪੋ ਆਪਣੇ ਪੱਧਰ ’ਤੇ ਧਰਮਵੀਰ ਵਰਗੇ ਸਿਰੜੀ ਖਿਡਾਰੀ ਨੂੰ ਅਰਜਨ ਐਵਾਰਡ
ਦੇਣ ਦੀ ਮੰਗ ਨੂੰ ਉਭਾਰੀਏ ਤਾਂ ਜੋ ਸਾਡੀ ਸਭ ਦੀ ਆਵਾਜ਼ ਚੋਣ ਕਮੇਟੀ ਕੋਲ ਪਹੁੰਚ
ਸਕੇ।
ਵਿੱਕੀ ਮੋਗਾ (ਫ਼ਿੰਨਲੈਂਡ)
Bikramjit Singh (vicky moga)
vickymoga@hotmail.com
+358 503065677
Finland. |