ਇੱਕ ਰੋਜ਼ਾ ਆਈ ਸੀ ਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 31 ਜਨਵਰੀ ਤੋਂ 17 ਫਰਵਰੀ
2013 ਤੱਕ ਭਾਰਤ ਦੀ ਮੇਜ਼ਬਾਨੀ ਅਧੀਨ 10 ਵੇਂ ਮੁਕਾਬਲੇ ਵਜੋਂ ਖੇਡਿਆ ਜਾ ਰਿਹਾ ਏ
। ਦੋ ਪੂਲਾਂ ਵਿੱਚ ਵੰਡੀਆਂ 8 ਟੀਮਾਂ ਨੇ ਕੁੱਲ 25 ਮੈਚ ਅਤੇ ਇਹਨਾਂ ਤੋਂ ਇਲਾਵਾ
8 ਗੈਰ ਰਸਮੀ ਵਾਰਮ-ਅੱਪ ਮੈਚ ਵੀ ਖੇਡਣੇ ਹਨ। ਪੂਲ ਏ ’ਚ ਇੰਗਲੈਂਡ,
ਭਾਰਤ, ਸ਼੍ਰੀਲੰਕਾ, ਵੈਸਟ ਇੰਡੀਜ਼;
ਪੂਲ ਬੀ ਵਿੱਚ ਪਾਕਿਸਤਾਨ, ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ
ਅਫ਼ਰੀਕਾ ਸ਼ਾਮਲ ਹਨ। ਇਹਨਾਂ ਗਰੁੱਪਾਂ ਦੀਆਂ ਵੱਧ ਅੰਕਾਂ ਵਾਲੀਆਂ 3-3 ਟੀਮਾਂ ਨੇ
ਸੁਪਰ ਸਿਕਸ ਵਿੱਚ ਰਾਊਂਡ ਰਾਬਿਨ ਅਧਾਰ ‘ਤੇ 9 ਤੋਂ 13 ਫਰਵਰੀ ਤੱਕ ਖੇਡਣਾ ਏ।
ਇਸ ਉਪਰੰਤ ਪਲੇਅ ਆਫ਼ ਗੇੜ ਵਿੱਚ 15 ਫਰਵਰੀ ਨੂੰ ਤੀਜੀ ਤੋਂ 8 ਵੀਂ ਪੁਜ਼ੀਸ਼ਨ
ਤੱਕ ਦੇ ਮੈਚ ਹੋਣੇ ਹਨ ਅਤੇ ਫਾਈਨਲ 17 ਫਰਵਰੀ ਨੂੰ ਮੁੰਬਈ ਵਿਖੇ ਦਿਨ-ਰਾਤ ਦੇ
ਸਮੇ ਅਨੁਸਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਦਿਨ ਦੇ ਸਾਰੇ ਮੈਚ 9.00 ਵਜੇ
ਅਤੇ ਦਿਨ/ਰਾਤ ਦੇ 14.30 ਵਜੇ ਸ਼ੁਰੂ ਹੋਇਆ ਕਰਨਗੇ। ਸਾਰੇ ਮੈਚਾਂ ਦਾ ਪ੍ਰਸਾਰਣ
ਸਟਾਰ ਕ੍ਰਿਕਟ ਨੇ ਦਿਖਾਉਂਣਾ ਹੈ। ਅਰਾਮ ਦੇ ਦਿਨ 7 ਅਤੇ 8 ਫਰਵਰੀ ਹਨ, ਜਦੋਂ ਕਿ
10,12,14 ਅਤੇ 16 ਫਰਵਰੀ ਰਿਜ਼ਰਵ ਦਿਨ ਮਿਥੇ ਗਏ ਹਨ।
1973 ਤੋਂ ਸ਼ੁਰੂ ਹੋਏ ਵਿਸ਼ਵ ਕੱਪ ਦੇ 9 ਮੁਕਾਬਲਿਆਂ ਵਿੱਚੋਂ ਆਸਟਰੇਲੀਆ ਨੇ
ਸੱਭ ਤੋਂ ਵੱਧ 5 (1978, 1982, 1988, 1997, 2005) ਖ਼ਿਤਾਬ ਜਿੱਤੇ ਹਨ,
(1973, 2000) ਉਪ-ਜੇਤੂ, (1993) ਵਿੱਚ ਤੀਜਾ ਸਥਾਨ ਲਿਆ ਏ। ਮੌਜੂਦਾ ਚੈਂਪੀਅਨ
ਇੰਗਲੈਂਡ ਨੇ 3 ਜਿੱਤਾਂ (1973, 1993, 2009) ਤਿੰਨ ਵਾਰ ਦੂਜਾ ਸਥਾਨ (1978,
1982, 1988) ਲਿਆ ਹੈ। ਨਿਊਜ਼ੀਲੈਂਡ ਇੱਕ ਵਾਰੀ 2000 ਵਿੱਚ ਹੀ ਖ਼ਿਤਾਬਧਾਰੀ
ਬਣਿਆਂ ਏ। ਇਸ ਨੇ 1993, 1997, 2009 ਵਿੱਚ ਦੂਜੀ ਅਤੇ 1973, 1978, 1982,
1988 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ। ਭਾਰਤ ਕਦੇ ਵੀ ਖ਼ਿਤਾਬਧਾਰੀ ਤਾਂ ਨਹੀਂ ਬਣਿਆਂ,
ਪਰ 2005 ਵਿੱਚ ਇੱਕ ਵਾਰੀ ਫਾਈਨਲ ਖੇਡਕੇ ਦੂਜਾ ਸਥਾਨ ਲੈਣਾ, ਅੱਜ ਤੱਕ ਦਾ
ਸਰਵੋਤਮ ਪ੍ਰਦਰਸ਼ਨ ਰਿਹਾ ਏ। ਇਸ ਨੇ 2009 ਵਿੱਚ ਆਸਟਰੇਲੀਆ ਨੂੰ ਮਾਤ ਦੇ ਕੇ ਤੀਜੀ
ਪੁਜ਼ੀਸ਼ਨ ਵੀ ਲਈ ਹੈ। ਇੰਗਲੈਂਡ ਨੇ ਪਲੇਠੇ ਮਹਿਲਾ ਕ੍ਰਿਕਟਵਿਸ਼ਵ ਕੱਪ ਦੀ ਮੇਜ਼ਬਾਨੀ
1973 ਵਿੱਚ ਕੀਤੀ ਅਤੇ ਦੁਬਾਰਾ 1993 ਨੂੰ ਹੋਸਟ ਬਣਿਆਂ। ਭਾਰਤ 1978, 1997;
ਨਿਊਜ਼ੀਲੈਂਡ 1982, 2000; ਆਸਟਰੇਲੀਆ 1988, 2009 ਅਤੇ ਦੱਖਣੀ ਅਫਰੀਕਾ 2005
ਵਿੱਚ ਮੇਜ਼ਬਾਨੀ ਨਿਭਾਅ ਚੁੱਕਿਆ ਹੈ। ਅਜੇ ਤੱਕ ਸਿਰਫ਼ 4 ਦੇਸ਼: ਆਸਟਰੇਲੀਆ,
ਇੰਗਲੈਂਡ, ਨਿਊਜ਼ੀਲੈਂਡ, ਭਾਰਤ ਹੀ ਫਾਈਨਲ ਖੇਡੇ ਹਨ।
ਸੱਭ ਤੋਂ ਵੱਧ ਰਨ ਨਿਊਜ਼ੀਲੈਂਡ ਦੀ ਡੈਬੀ ਹੌਕਲੇ ਨੇ 1501 (1982-2000),
ਵਿਅਕਤੀਗਤ ਉੱਚ ਸਕੋਰ ਆਸਟਰੇਲੀਆ ਦੀ ਬਲਿੰਡਾ ਕਲਾਰਕ ਨੇ ਨਾਟ ਆਊਟ ਰਹਿੰਦਿਆਂ 229
ਦੌੜਾਂ (1997), ਇੱਕ ਵਿਸ਼ਵ ਕੱਪ ਵਿੱਚ ਸੱਭ ਤੋਂ ਵੱਧ ਦੌੜਾਂ ਨਿਊਜ਼ੀਲੈਂਡ ਦੀ
ਡੈਬੀ ਹੌਕਲੇ ਨੇ 456 (1997), ਸੱਭ ਤੋਂ ਵੱਧ 40 ਵਿਕਟਾਂ (1982-1988)
ਆਸਟਰੇਲੀਆ ਦੀ ਲੇਨ ਫੁਲਸਟੋਨ ਨੇ, ਵਿਕਟ ਕੀਪਰ ਵਜੋਂ 40 ਸਟੰਪਸ/ਕੈਚ
(1993-2005) ਇੰਗਲੈਂਡ ਦੀ ਜਾਨੇ ਸਮਿੱਤ ਨੇ ਅਤੇ ਫੀਲਡਰ ਵਜੋਂ 19 ਕੈਚ
(1982-1997) ਇੰਗਲੈਂਡ ਦੀ ਜਿਨੇਟੇ ਬਰਿਟਿਨ ਨੇ ਲੈ ਕੇ ਰਿਕਾਰਡ ਬਣਾਏ ਹਨ। ਟੀਮ
ਉੱਚ ਸਕੋਰ ਆਸਟਰੇਲੀਆ ਦਾ ਡੈਨਮਾਰਕ ਵਿਰੁੱਧ 412/3 (1997) ਅਤੇ ਨਿਊਨਤਮ ਸਕੋਰ
ਪਾਕਿਸਤਾਨ ਦਾ ਆਸਟਰੇਲੀਆ ਖ਼ਿਲਾਫ਼ 1997 ਵਿੱਚ ਸਿਰਫ਼ 27 ਦੌੜਾਂ ਵਾਲਾ ਰਿਹਾ ਹੈ।
ਤੀਜੀ ਵਾਰ ਮੇਜ਼ਬਾਨ ਬਣੇ ਭਾਰਤ ਨੇ ਟੀਮ ਦੀ ਕਪਤਾਨੀ ਮਿਥਾਲੀ ਰਾਜ ਨੂੰ ਸੌਂਪੀ
ਹੈ । ਪਹਿਲਾਂ ਪੂਲ ਏ ਦੇ ਸਾਰੇ ਮੈਚ ਵਾਨਖੇੜੇ ਸਟੇਡੀਅਮ ਮੁੰਬਈ ਵਿੱਚ ਹੋਣੇ ਸਨ।
ਪਰ ਰਣਜੀ ਟਰਾਫ਼ੀ ਦੇ ਫ਼ਾਈਨਲ ਮੁੰਬਈ ਬਨਾਮ ਸੁਰਾਸ਼ਟਰਾ (26 ਤੋਂ 30 ਜਨਵਰੀ) ਸਦਕਾ
ਹੁਣ ਇਸ ਸ਼ਡਿਊਲ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ । ਜਿਸ ਅਨੁਸਾਰ ਇਹ ਮੈਚ ਹੁਣ
ਮਿਗ ਕਲੱਬ, ਬਰਾਬੌਰਨ ਅਤੇ ਬਾਂਦਰਾ ਕੁਰਲਾ ਵਿੱਚ ਖੇਡੇ ਜਾਣੇ ਹਨ । ਜਦੋਂ ਕਿ
ਪਾਕਿਸਤਾਨ ਦੇ ਖੇਡ ਮੈਦਾਨਾਂ ਵਿੱਚ ਸੁਰੱਖਿਆ ਕਾਰਣਾਂ ਕਰਕੇ ਤਬਦੀਲੀ ਕਰਦਿਆਂ ਪੂਲ
ਬੀ ਦੇ ਸਾਰੇ ਮੈਚ ਕੱਟਕ ਵਿੱਚ ਕਰਵਾਉਂਣੇ ਮਿਥੇ ਗਏ ਹਨ।
ਤਾਜ਼ਾ-ਤਾਰੀਮ ਐਲਾਨ ਮੁਤਾਬਕ ਮੈਚਾਂ ਦਾ ਵੇਰਵਾ:
ਗਰੁੱਪ ਏ
31 ਜਨਵਰੀ - ਵੈਸਟ ਇੰਡੀਜ਼ ਬਨਾਮ ਭਾਰਤ (ਦਿਨ/ਰਾਤ) ਮੁੰਬਈ,
2 ਫਰਵਰੀ -ਇੰਗਲੈਂਡ -ਸ਼੍ਰੀਲੰਕਾ (ਦਿਨ) ਮੁੰਬਈ,
4 ਫਰਵਰੀ -ਭਾਰਤ ਬਨਾਮ ਇੰਗਲੈਂਡ (ਦਿਨ) ਮੁੰਬਈ, ਸ਼੍ਰੀਲੰਕਾ-ਵੈਸਟ ਇੰਡੀਜ਼ (ਦਿਨ)
ਮੁੰਬਈ,
6 ਫਰਵਰੀ - ਸ਼੍ਰੀਲੰਕਾ ਬਨਾਮ ਭਾਰਤ (ਦਿਨ) ਮੁੰਬਈ,ਇੰਗਲੈਂਡ-ਵੈਸਟ ਇੰਡੀਜ਼
(ਦਿਨ/ਰਾਤ) ਮੁੰਬਈ।
ਗਰੁੱਪ ਬੀ
31 ਜਨਵਰੀ - ਆਸਟਰੇਲੀਆ ਬਨਾਮ ਪਾਕਿਸਤਾਨ (ਦਿਨ) ਕੱਟਕ,
ਪਹਿਲੀ ਫਰਵਰੀ - ਨਿਊਜ਼ੀਲੈਂਡ-ਦੱਖਣੀ ਅਫਰੀਕਾ (ਦਿਨ/ਰਾਤ) ਕੱਟਕ,
3 ਫਰਵਰੀ - ਨਿਊਜ਼ੀਲੈਂਡ-ਪਾਕਿਸਤਾਨ (ਦਿਨ) ਕੱਟਕ,ਆਸਟਰੇਲੀਆ-ਦੱਖਣੀ
ਅਫਰੀਕਾ (ਦਿਨ) ਕੱਟਕ,
5 ਫਰਵਰੀ - ਪਾਕਿਸਤਾਨ-ਦੱਖਣੀ ਅਫਰੀਕਾ (ਦਿਨ) ਕੱਟਕ, ਆਸਟਰੇਲੀਆ-ਨਿਊਜ਼ੀਲੈਂਡ
(ਦਿਨ/ਰਾਤ) ਕੱਟਕ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232
|